ਓਲੰਪਿਕ 2024: ਹਾਕੀ ਵਿੱਚ ਰੈੱਡ ਕਾਰਡ ਕਦੋਂ ਦਿੱਤਾ ਜਾਂਦਾ ਹੈ, ਜਿਸ ਕਰਕੇ ਅਮਿਤ ਰੋਹੀਦਾਸ ਨੂੰ ਮੈਚ ਤੋਂ ਬਾਹਰ ਹੋਣਾ ਪਿਆ

ਤਸਵੀਰ ਸਰੋਤ, Getty Images
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
ਪੈਰਿਸ ਓਲੰਪਿਕ 2024 ਵਿੱਚ ਪੁਰਸ਼ ਹਾਕੀ ਦੇ ਕੁਆਰਟਰ ਫਾਈਨਲ ਵਿੱਚ ਭਾਰਤ ਨੇ ਨਿਰਧਾਰਤ ਸਮੇਂ ਵਿੱਚ 1-1 ਨਾਲ ਡਰਾਅ ਦੇ ਬਾਅਦ ਸ਼ੂਟਆਊਟ (4-2) ਵਿੱਚ ਗ੍ਰੇਟ ਬ੍ਰਿਟੇਨ ’ਤੇ ਜਿੱਤ ਹਾਸਲ ਕੀਤੀ ਹੈ।
ਹਾਲਾਂਕਿ, ਅਮਿਤ ਰੋਹੀਦਾਸ ਨੂੰ ਰੈੱਡ ਕਾਰਡ ਮਿਲਣ ਕਾਰਨ ਭਾਰਤ ਨੂੰ ਮੈਚ ਦੇ ਲਗਭਗ ਤਿੰਨ ਚੌਥਾਈ ਸਮੇਂ ਤੱਕ ਸਿਰਫ਼ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ।
ਰੋਹੀਦਾਸ ਨੂੰ ਉਸ ਸਮੇਂ ਇਹ ਸਜ਼ਾ ਦਿੱਤੀ ਗਈ ਜਦੋਂ ਮਿਡਫੀਲਡ ਡਰਿਬਲ ਦੌਰਾਨ ਉਨ੍ਹਾਂ ਦੀ ਹਾਕੀ ਸਟਿਕ ਵਿਰੋਧੀ ਟੀਮ ਦੇ ਖਿਡਾਰੀ ਦੇ ਚਿਹਰੇ ’ਤੇ ਵੱਜ ਗਈ ਸੀ।
ਇਸ ਘਟਨਾ ਨੇ ਹਾਕੀ ਵਿੱਚ ਵੱਖ-ਵੱਖ ਪੈਨਲਟੀ ਕਾਰਡਾਂ ਦੇ ਪਿੱਛੇ ਕਾਰਨਾਂ ਬਾਰੇ ਵਿਵਾਦ ਅਤੇ ਉਤਸੁਕਤਾ ਦੋਵਾਂ ਨੂੰ ਜਨਮ ਦਿੱਤਾ ਹੈ।
ਇਸ ਮਾਮਲੇ 'ਤੇ ਰੌਸ਼ਨੀ ਪਾਉਣ ਲਈ ਅਸੀਂ ਭਾਰਤ ਦੇ ਪਹਿਲੇ ਗੋਲਡਨ ਵਿਸਲ ਅੰਪਾਇਰ ਤੇ 2004 ਓਲੰਪਿਕਸ ਅਤੇ 2008 ਬੀਜਿੰਗ ਓਲੰਪਿਕਸ ਵਿੱਚ ਅੰਪਾਇਰਿੰਗ ਕਰ ਚੁੱਕੇ ਅੰਪਾਇਰ, ਸਤਿੰਦਰ ਸ਼ਰਮਾ ਨਾਲ ਗੱਲ ਕੀਤੀ।

ਤਸਵੀਰ ਸਰੋਤ, Getty Images
ਸਤਿੰਦਰ ਸ਼ਰਮਾ ਨੇ ਕਈ ਪ੍ਰਮੁੱਖ ਕੌਮਾਂਤਰੀ ਹਾਕੀ ਮੁਕਾਬਲਿਆਂ ਵਿੱਚ ਅੰਪਾਇਰਿੰਗ ਕੀਤੀ ਹੈ।
ਗੋਲਡਨ ਵਿਸਲ ਪੁਰਸਕਾਰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੁਆਰਾ ਉਸ ਅੰਪਾਇਰ ਨੂੰ ਦਿੱਤਾ ਜਾਂਦਾ ਹੈ ਜਿਸ ਨੇ 100 ਕੌਮਾਂਤਰੀ ਮੈਚਾਂ ਵਿੱਚ ਅੰਪਾਇਰਿੰਗ ਕੀਤੀ ਹੋਵੇ।
ਸਤਿੰਦਰ ਸ਼ਰਮਾ ਨੇ ਦੱਸਿਆ, “ਅੰਪਾਇਰ ਦੀ ਭੂਮਿਕਾ ਟ੍ਰੈਫਿਕ ਪੁਲਿਸ ਮੁਲਾਜ਼ਮ ਵਰਗੀ ਹੀ ਹੁੰਦੀ ਹੈ।”
“ਸਾਨੂੰ ਮੈਚ ਨੂੰ ਘੱਟੋ ਤੋਂ ਘੱਟ ਵਿਘਨ ਨਾਲ ਕੰਟਰੋਲ ਕਰਨਾ ਹੁੰਦਾ ਹੈ ਅਤੇ ਨਿਰਪੱਖ ਖੇਡ ਅਤੇ ਦਰਸ਼ਕਾਂ ਦੇ ਅਨੁਕੂਲ ਅਨੁਭਵ ਨੂੰ ਯਕੀਨੀ ਬਣਾਉਣਾ ਹੁੰਦਾ ਹੈ।”
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੰਪਾਇਰ ਦਾ ਕੰਮ ਖਿਡਾਰੀ ਦੀਆਂ ਕਾਰਵਾਈਆਂ ਦੇ ਪਿੱਛੇ ਉਨ੍ਹਾਂ ਦੇ ਇਰਾਦੇ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੇ ਫ਼ੈਸਲੇ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ।

ਹਾਕੀ ਵਿੱਚ ਗਰੀਨ ਕਾਰਡ ਕਦੋਂ ਮਿਲਦਾ ਹੈ
ਸਤਿੰਦਰ ਸ਼ਰਮਾ ਨੇ ਕਿਹਾ, “ਗਰੀਨ ਕਾਰਡ ਦੀ ਵਰਤੋਂ ਮਾਮੂਲੀ ਉਲੰਘਣਾਵਾਂ ਜਿਵੇਂ ਕਿ ਹਾਰਡ ਟੈਕਲ, ਜਾਣ-ਬੁੱਝ ਕੇ ਹਮਲਾ ਕਰਨਾ, ਵਿਰੋਧ ਕਰਨਾ ਜਾਂ ਅੰਪਾਇਰ ਦੇ ਫ਼ੈਸਲੇ ਨੂੰ ਬੇਲੋੜੀ ਚੁਣੌਤੀ ਦੇਣ ਲਈ ਕੀਤੀ ਜਾਂਦੀ ਹੈ।”
“ਇਸ ਦੇ ਨਤੀਜੇ ਵਜੋਂ ਖਿਡਾਰੀ ਮੈਚ ਵਿੱਚੋਂ ਦੋ ਮਿੰਟ ਲਈ ਮੁਅੱਤਲ ਹੁੰਦਾ ਹੈ ਜਿਸ ਦੌਰਾਨ ਖਿਡਾਰੀ ਨੂੰ ਤਕਨੀਕੀ ਟੇਬਲ ਦੇ ਕੋਲ ਬੈਠਣਾ ਪੈਂਦਾ ਹੈ।
“ਖਿਡਾਰੀ ਦੇ ਆਪਣੀ ਸੀਟ ’ਤੇ ਬੈਠਣ ਦੇ ਬਾਅਦ ਪੈਨਲਟੀ ਦਾ ਸਮਾਂ ਸ਼ੁਰੂ ਹੁੰਦਾ ਹੈ। ਜੇਕਰ ਖਿਡਾਰੀ ਉਲੰਘਣਾ ਨੂੰ ਦੁਹਰਾਉਂਦਾ ਹੈ, ਤਾਂ ਉਸ ਨੂੰ ਗੰਭੀਰਤਾ ਦੇ ਆਧਾਰ ’ਤੇ ‘ਯੈਲੋ ਕਾਰਡ’ ਜਾਂ ‘ਰੈੱਡ ਕਾਰਡ’ ਵੀ ਮਿਲ ਸਕਦਾ ਹੈ।”

ਤਸਵੀਰ ਸਰੋਤ, Getty Images
ਯੈਲੋ ਕਾਰਡ ਲਈ ਕੀ ਨਿਯਮ ਹੈ
ਸਤਿੰਦਰ ਨੇ ਦੱਸਿਆ, “ਮੈਦਾਨ ’ਤੇ ਜ਼ਿਆਦਾ ਗੰਭੀਰ ਗ਼ਲਤੀ ਜਾਂ ਅਣਉਚਿਤ ਵਿਵਹਾਰ ਲਈ ਯੈਲੋ ਕਾਰਡ ਜਾਰੀ ਕੀਤੇ ਜਾਂਦੇ ਹਨ।”
“ਪੈਨਲਟੀ ਦਾ ਸਮਾਂ ਪੰਜ ਮਿੰਟ ਹੈ, ਜਿਸ ਨੂੰ ਗ਼ਲਤੀ ਦੀ ਗੰਭੀਰਤਾ ਅਤੇ ਖਿਡਾਰੀ ਦੇ ਇਰਾਦੇ ਦੇ ਆਧਾਰ ’ਤੇ ਦਸ ਮਿੰਟ ਤੱਕ ਵਧਾਇਆ ਜਾ ਸਕਦਾ ਹੈ।
“ਇਸ ਸਮੇਂ ਦੌਰਾਨ ਟੀਮ ਇੱਕ ਘੱਟ ਖਿਡਾਰੀ ਨਾਲ ਖੇਡਦੀ ਹੈ। ਜੇਕਰ ਉਹੀ ਖਿਡਾਰੀ ਕੋਈ ਹੋਰ ਗੰਭੀਰ ਗ਼ਲਤੀ ਕਰਦਾ ਹੈ, ਤਾਂ ਉਸ ਨੂੰ ਰੈੱਡ ਕਾਰਡ ਮਿਲ ਸਕਦਾ ਹੈ।”

ਤਸਵੀਰ ਸਰੋਤ, Getty Images
ਰੈੱਡ ਕਾਰਡ ਕਦੋਂ ਦਿੱਤਾ ਜਾਂਦਾ ਹੈ
ਸਤਿੰਦਰ ਸ਼ਰਮਾ ਨੇ ਦੱਸਿਆ, “ਰੈੱਡ ਕਾਰਡ ਸਭ ਤੋਂ ਵੱਧ ਗੰਭੀਰ ਅਪਰਾਧਾਂ ਲਈ ਰਾਖਵੇਂ ਹਨ।”
“ਇਨ੍ਹਾਂ ਵਿੱਚ ਵਿਰੋਧੀ ਨੂੰ ਸੱਟ ਮਾਰਨ ਦੇ ਇਰਾਦੇ ਨਾਲ ਕੀਤੀਆਂ ਗਈਆਂ ਗਤੀਵਿਧੀਆਂ, ਸਟਿਕ ਨਾਲ ਖ਼ਤਰਨਾਕ ਖੇਡ ਖੇਡਣੀ ਜਾਂ ਅਜਿਹੀ ਗ਼ਲਤੀ ਜਿਸ ਦੇ ਨਤੀਜੇ ਵਜੋਂ ਵਿਰੋਧੀ ਖਿਡਾਰੀ ਜ਼ਖ਼ਮੀ ਹੋ ਜਾਵੇ।”
“ਰੈੱਡ ਕਾਰਡ ਮਿਲਣ ’ਤੇ ਖਿਡਾਰੀ ਨੂੰ ਮੈਚ ਦੇ ਬਾਕੀ ਬਚੇ ਸਮੇਂ ਵਿੱਚ ਖੇਡਣ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਟੀਮ ਨੂੰ ਇੱਕ ਘੱਟ ਖਿਡਾਰੀ ਨਾਲ ਹੀ ਖੇਡਣਾ ਪੈਂਦਾ ਹੈ।”
“ਰੈੱਡ ਕਾਰਡ ਮਿਲਣ ਤੋਂ ਬਾਅਦ ਖਿਡਾਰੀ ਦੇ ਮਾਮਲੇ ਦੀ ਸਮੀਖਿਆ ਟੂਰਨਾਮੈਂਟ ਡਾਇਰੈਕਟਰ ਦੁਆਰਾ ਕੀਤੀ ਜਾਂਦੀ ਹੈ, ਜਿਸ ਨਾਲ ਸੰਭਾਵਤ ਤੌਰ 'ਤੇ ਖਿਡਾਰੀ ’ਤੇ ਇੱਕ ਤੋਂ ਤਿੰਨ ਮੈਚਾਂ ਤੱਕ ਦੀ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਉਸ ਨੂੰ ਟੂਰਨਾਮੈਂਟ ਤੋਂ ਅਯੋਗ ਵੀ ਐਲਾਨਿਆ ਜਾ ਸਕਦਾ ਹੈ।”

ਤਸਵੀਰ ਸਰੋਤ, Getty Images
ਅਮਿਤ ਰੋਹੀਦਾਸ ਦੇ ਰੈੱਡ ਕਾਰਡ ਮਗਰੋਂ ਭਾਰਤ ਲਈ ਕੀ ਚੁਣੌਤੀ
ਅਮਿਤ ਰੋਹੀਦਾਸ ਨੂੰ ਇੰਗਲੈਂਡ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਦੌਰਾਨ ਮਿਲੇ ਰੈੱਡ ਕਾਰਡ ਕਾਰਨ ਇੱਕ ਮੈਚ ਦੀ ਮੁਅੱਤਲੀ ਦੀ ਸਜ਼ਾ ਦਿੱਤੀ ਗਈ ਹੈ।
ਨਤੀਜੇ ਵਜੋਂ ਉਹ ਸੈਮੀਫਾਈਨਲ ਮੈਚ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਹਾਲਾਂਕਿ ਭਾਰਤ ਕੋਲ ਸੈਮੀਫਾਈਨਲ ਲਈ 11 ਖਿਡਾਰੀ ਉਪਲੱਬਧ ਹੋਣਗੇ, ਪਰ ਰੋਹੀਦਾਸ ਟੀਮ ਦਾ ਹਿੱਸਾ ਨਹੀਂ ਹੋਣਗੇ ਅਤੇ ਨਾ ਹੀ ਉਨ੍ਹਾਂ ਨੂੰ ਰਿਜ਼ਰਵ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਸੈਮੀਫਾਈਨਲ ਮੈਚ ਦੌਰਾਨ ਉਨ੍ਹਾਂ ਨੂੰ ਖਿਡਾਰੀਆਂ ਦੇ ਬੈਂਚ ’ਤੇ ਵੀ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਰੋਹੀਦਾਸ ਸੈਮੀਫਾਈਨਲ ਤੋਂ ਬਾਅਦ ਟੀਮ ਵਿੱਚ ਮੁੜ ਤੋਂ ਸ਼ਾਮਲ ਹੋ ਸਕਣਗੇ।
ਸਤਿੰਦਰ ਸ਼ਰਮਾ ਨੇ ਅੱਗੇ ਦੱਸਿਆ, “ਅਮਿਤ ਰੋਹੀਦਾਸ ਦੇ ਮਾਮਲੇ ਵਿੱਚ ਰੈੱਡ ਕਾਰਡ ਦਾ ਮਤਲਬ ਸੀ ਕਿ ਭਾਰਤ ਨੂੰ ਕੁਆਰਟਰ ਫਾਈਨਲ ਦਾ ਜ਼ਿਆਦਾਤਰ ਹਿੱਸਾ ਸਿਰਫ਼ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ।”
“ਇਸ ਦੇ ਬਾਅਦ ਰੋਹੀਦਾਸ ’ਤੇ ਇੱਕ ਮੈਚ ਦੀ ਪਾਬੰਦੀ ਲਗਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੈਮੀਫਾਈਨਲ ਵਿੱਚ ਹਿੱਸਾ ਲੈਣ ਜਾਂ ਟੀਮ ਨਾਲ ‘ਡਗਆਊਟ’ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

ਤਸਵੀਰ ਸਰੋਤ, Getty Images
ਉਨ੍ਹਾਂ ਨੇ ਅੱਗੇ ਕਿਹਾ, “ਹਾਲਾਂਕਿ, ਭਾਰਤ ਸੈਮੀਫਾਈਨਲ ਲਈ ਰੋਹੀਦਾਸ ਨੂੰ ਛੱਡ ਕੇ ਗਿਆਰਾਂ ਖਿਡਾਰੀਆਂ ਦੀ ਪੂਰੀ ਟੀਮ ਨਾਲ ਮੈਦਾਨ ਵਿੱਚ ਖੇਡਣ ਵਿੱਚ ਸਮਰੱਥ ਹੋਵੇਗਾ।”
ਸਤਿੰਦਰ ਸ਼ਰਮਾ ਹਾਕੀ ਇੰਡੀਆ ਦੇ ਅੰਪਾਇਰ ਪੈਨਲ ਨਾਲ ਵੀ ਜੁੜੇ ਹੋਏ ਹਨ। ਉਹ ਹਾਕੀ ਇੰਡੀਆ ਦੇ ਟੂਰਨਾਮੈਂਟਾਂ ਵਿੱਚ ਅੰਪਾਇਰ ਮੈਨੇਜਰ ਦਾ ਕੰਮ ਸੰਭਾਲਦੇ ਹਨ।
ਆਪਣੇ ਤਜ਼ਰਬਿਆਂ ਦੇ ਆਧਾਰ ’ਤੇ 59 ਸਾਲਾ ਸਤਿੰਦਰ ਸ਼ਰਮਾ ਨੇ ਕਿਹਾ, “ਘਰੇਲੂ ਟੂਰਨਾਮੈਂਟਾਂ ਵਿੱਚ ਅੰਪਾਇਰਿੰਗ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੁੰਦੀ ਹੈ, ਪਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਇਸ ਨਾਲੋਂ ਵੀ ਜ਼ਿਆਦਾ ਸਖ਼ਤੀ ਕਰਨ ਦੀ ਲੋੜ ਹੁੰਦੀ ਹੈ।”
“ਅੰਪਾਇਰ ਖੇਡ ਦੀ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਨਿਰਪੱਖ ਖੇਡ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਿਰਫ਼ ਲੋੜ ਪੈਣ ’ਤੇ ਹੀ ਦਖ਼ਲ ਦਿੰਦੇ ਹਨ।”












