ਕੀ ਤੁਹਾਡਾ ਨੱਕ ਦੱਸ ਸਕਦਾ ਹੈ ਕਿ ਤੁਹਾਡੇ ਜੀਵਨ ਵਿੱਚ ਕਿੰਨਾ ਤਣਾਅ ਹੈ? ਇੱਕ ਟੈਸਟ ਵਿੱਚ ਦਿਲਚਸਪ ਨਤੀਜੇ ਸਾਹਮਣੇ ਆਏ

    • ਲੇਖਕ, ਵਿਕਟੋਰੀਆ ਗਿਲ
    • ਰੋਲ, ਵਿਗਿਆਨ ਪੱਤਰਕਾਰ, ਬੀਬੀਸੀ ਨਿਊਜ਼

ਜਦੋਂ ਮੈਨੂੰ ਅਚਾਨਕ ਤਿੰਨ ਅਣਜਾਣ ਲੋਕਾਂ ਦੇ ਸਾਹਮਣੇ ਪੰਜ ਮਿੰਟ ਦਾ ਭਾਸ਼ਣ ਦੇਣ ਅਤੇ ਫਿਰ 17-17 ਦੇ ਅੰਤਰਾਲ 'ਚ 2023 ਤੋਂ ਸ਼ੁਰੂ ਕਰ ਉਲਟੀ ਗਿਣਤੀ ਕਰਨ ਲਈ ਕਿਹਾ ਗਿਆ, ਤਾਂ ਮੇਰੇ ਚਿਹਰੇ 'ਤੇ ਤਣਾਅ ਸਾਫ਼ ਦਿਖਾਈ ਦੇ ਰਿਹਾ ਸੀ।

ਦਰਅਸਲ, ਸਸੇਕਸ ਯੂਨੀਵਰਸਿਟੀ ਦੇ ਮਨੋਵਿਗਿਆਨੀ ਇੱਕ ਖੋਜ ਪ੍ਰੋਜੈਕਟ ਲਈ ਇਸ ਥੋੜ੍ਹੇ ਡਰਾਉਣੇ ਅਨੁਭਵ ਨੂੰ ਰਿਕਾਰਡ ਕਰ ਰਹੇ ਸਨ। ਇਸ ਵਿੱਚ ਉਹ ਥਰਮਲ ਕੈਮਰਿਆਂ ਦੀ ਵਰਤੋਂ ਕਰਕੇ ਤਣਾਅ ਦਾ ਅਧਿਐਨ ਕਰ ਰਹੇ ਸਨ।

ਤਣਾਅ ਚਿਹਰੇ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਮਨੋਵਿਗਿਆਨੀਆਂ ਨੇ ਪਾਇਆ ਹੈ ਕਿ ਨੱਕ ਦੇ ਤਾਪਮਾਨ ਵਿੱਚ ਗਿਰਾਵਟ ਤਣਾਅ ਦੇ ਪੱਧਰਾਂ ਨੂੰ ਦਰਸਾ ਸਕਦੀ ਹੈ।

ਇਸ ਨਾਲ ਇਹ ਵੀ ਮਾਪਿਆ ਸਕਦਾ ਹੈ ਕਿ ਤਣਾਅ ਤੋਂ ਬਾਅਦ ਇੱਕ ਵਿਅਕਤੀ ਕਿੰਨੀ ਜਲਦੀ ਮੁੜ ਸਹਿਜ ਹੋ ਜਾਂਦਾ ਹੈ। ਅਧਿਐਨ ਵਿੱਚ ਸ਼ਾਮਲ ਮਨੋਵਿਗਿਆਨੀ ਕਹਿੰਦੇ ਹਨ ਕਿ ਥਰਮਲ ਇਮੇਜਿੰਗ, ਤਣਾਅ ਸਬੰਧੀ ਖੋਜ ਵਿੱਚ ਇੱਕ "ਗੇਮ ਚੇਂਜਰ" ਸਾਬਤ ਹੋ ਸਕਦੀ ਹੈ।

ਮੈਂ ਜਿਸ ਪ੍ਰਯੋਗ ਵਾਲੇ ਤਣਾਅ ਟੈਸਟ ਤੋਂ ਲੰਘੀ, ਉਹ ਸੋਚ ਸਮਝ ਕੇ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਲੋਕ ਇਸ ਨਾਲ ਪਰੇਸ਼ਾਨ ਹੋਣ। ਮੈਨੂੰ ਯੂਨੀਵਰਸਿਟੀ ਪਹੁੰਚਣ ਤੱਕ ਇਹ ਅੰਦਾਜ਼ਾ ਨਹੀਂ ਸੀ ਕਿ ਮੈਂ ਕਿਹੜੀ ਪ੍ਰਕਿਰਿਆ ਵਿੱਚੋਂ ਲੰਘਣ ਵਾਲੀ ਹਾਂ।

ਪਹਿਲਾਂ, ਮੈਨੂੰ ਕੁਰਸੀ 'ਤੇ ਬੈਠ ਕੇ ਤੇ ਹੈੱਡਫੋਨ 'ਤੇ ਵ੍ਹਾਈਟ ਨਾਈਜ਼ ਸੁਣਨ ਲਈ ਕਿਹਾ ਗਿਆ। ਵ੍ਹਾਈਟ ਨਾਈਜ਼ ਇੱਕ ਅਜਿਹੀ ਆਵਾਜ਼ ਹੁੰਦੀ ਹੈ ਜਿਸ ਵਿੱਚ ਵੱਖ-ਵੱਖ ਫ੍ਰੀਕੁਐਂਸੀ ਦੀਆਂ ਆਵਾਜ਼ਾਂ ਹੁੰਦੀਆਂ ਹਨ।

ਜਦੋਂ ਵੱਖ-ਵੱਖ ਫ੍ਰੀਕੁਐਂਸੀ ਦੀਆਂ ਆਵਾਜ਼ਾਂ ਨੂੰ ਮਿਲਾਇਆ ਜਾਂਦਾ ਹੈ, ਤਾਂ ਨਤੀਜੇ ਵਜੋਂ ਨਿਕਲਣ ਵਾਲੇ ਸ਼ੋਰ ਨੂੰ 'ਵ੍ਹਾਈਟ ਨਾਈਜ਼' ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨੀਂਦ ਲਿਆਉਣ, ਇਕਾਗਰਤਾ ਨੂੰ ਬਿਹਤਰ ਬਣਾਉਣ, ਜਾਂ ਬਾਹਰੀ ਸ਼ੋਰ ਤੋਂ ਧਿਆਨ ਭਟਕਾਉਣ ਤੋਂ ਬਚਣ ਲਈ ਕੀਤੀ ਜਾਂਦੀ ਹੈ।

ਤਣਾਅ ਦਾ ਪਤਾ ਕਿਵੇਂ ਚੱਲਦਾ ਹੈ?

ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ, ਪੂਰੀ ਤਰ੍ਹਾਂ ਸ਼ਾਂਤੀਪੂਰਨ।

ਫਿਰ ਟੈਸਟ ਕਰਨ ਵਾਲੇ ਖੋਜਕਰਤਾ ਨੇ ਤਿੰਨ ਅਣਜਾਣ ਲੋਕਾਂ ਨੂੰ ਕਮਰੇ ਵਿੱਚ ਬੁਲਾਇਆ।

ਉਹ ਸਾਰੇ ਚੁੱਪਚਾਪ ਮੈਨੂੰ ਘੂਰਣ ਲੱਗੇ। ਇਸ ਮਗਰੋਂ ਖੋਜਕਰਤਾ ਨੇ ਮੈਨੂੰ ਦੱਸਿਆ ਕਿ ਮੇਰੇ ਕੋਲ ਸਿਰਫ ਤਿੰਨ ਮਿੰਟ ਹਨ ਅਤੇ ਮੈਂ ਪੰਜ ਮਿੰਟ ਤੱਕ ਆਪਣੀ 'ਡ੍ਰੀਮ ਜੌਬ' ਬਾਰੇ ਗੱਲ ਕਰਨੀ ਹੈ।

ਇਹ ਸੁਣਨ ਤੋਂ ਬਾਅਦ ਮੈਂ ਆਪਣੇ ਗਲੇ ਨੇੜੇ ਗਰਮੀ ਮਹਿਸੂਸ ਕੀਤੀ ਅਤੇ ਮਨੋਵਿਗਿਆਨੀਆਂ ਨੇ ਥਰਮਲ ਕੈਮਰੇ ਨਾਲ ਮੇਰੇ ਚਿਹਰੇ ਦੇ ਬਦਲਦੇ ਰੰਗ ਨੂੰ ਰਿਕਾਰਡ ਕੀਤਾ। ਮੇਰੇ ਨੱਕ ਦਾ ਤਾਪਮਾਨ ਤੇਜ਼ੀ ਨਾਲ ਘਟ ਗਿਆ। ਇਹ ਥਰਮਲ ਇਮੇਜ ਵਿੱਚ ਨੀਲਾ ਹੋ ਗਿਆ।

ਇਹ ਸਭ ਉਦੋਂ ਹੋਇਆ ਜਦੋਂ ਮੈਂ ਸੋਚ ਰਹੀ ਸੀ ਕਿ ਬਿਨਾਂ ਕਿਸੇ ਤਿਆਰੀ ਦੇ ਮੈਂ ਪੰਜ ਮਿੰਟਾਂ ਵਿੱਚ ਇਸ ਬਾਰੇ ਕਿਵੇਂ ਦੱਸਾਂ। ਫਿਰ ਮੈਂ ਇਹ ਬੋਲਣਾ ਸ਼ੁਰੂ ਕੀਤਾ ਕਿ ਮੈਂ ਪੁਲਾੜ ਯਾਤਰੀ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹਾਂ।

ਸਸੇਕਸ ਦੇ ਖੋਜਕਰਤਾਵਾਂ ਨੇ ਇਹ ਤਣਾਅ ਪਤਾ ਲਗਾਉਣ ਵਾਲਾ ਟੈਸਟ 29 ਵਲੰਟੀਅਰਾਂ 'ਤੇ ਕੀਤਾ। ਹਰੇਕ ਦੇ ਨੱਕ ਦਾ ਤਾਪਮਾਨ 3 ਤੋਂ 6 ਡਿਗਰੀ ਘਟ ਗਿਆ।

ਮੇਰੇ ਨੱਕ ਦਾ ਤਾਪਮਾਨ 2 ਡਿਗਰੀ ਘਟ ਗਿਆ ਕਿਉਂਕਿ ਮੇਰੀ ਦਿਮਾਗੀ ਪ੍ਰਣਾਲੀ ਨੇ ਨੱਕ ਤੋਂ ਖੂਨ ਦਾ ਪ੍ਰਵਾਹ ਘਟਾ ਕੇ ਮੇਰੀਆਂ ਅੱਖਾਂ ਅਤੇ ਕੰਨਾਂ ਵੱਲ ਭੇਜ ਦਿੱਤਾ ਸੀ। ਸਰੀਰ ਦੀ ਇਹ ਪ੍ਰਤੀਕਿਰਿਆ ਇਸ ਲਈ ਸੀ ਤਾਂ ਜੋ ਮੈਂ ਖ਼ਤਰੇ ਨੂੰ ਦੇਖ ਅਤੇ ਸੁਣ ਸਕਾਂ।

ਇਸ ਅਧਿਐਨ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਮੇਰੇ ਵਾਂਗ ਹੀ ਜਲਦੀ ਸਹਿਜ ਹੋ ਗਏ। ਉਨ੍ਹਾਂ ਦੇ ਨੱਕ ਕੁਝ ਮਿੰਟਾਂ ਵਿੱਚ ਦੁਬਾਰਾ ਗਰਮ ਹੋ ਗਏ।

ਮੁੱਖ ਖੋਜਕਰਤਾ ਪ੍ਰੋਫੈਸਰ ਗਿਲੀਅਨ ਫੋਰੈਸਟਰ ਨੇ ਦੱਸਿਆ ਕਿ ਇੱਕ ਰਿਪੋਰਟਰ ਅਤੇ ਬ੍ਰਾਡਕਾਸਟਰ ਹੋਣ ਦੇ ਨਾਤੇ ਮੈਂ ਸ਼ਾਇਦ "ਤਣਾਅਪੂਰਨ ਸਥਿਤੀਆਂ ਦੀ ਆਦੀ" ਹਾਂ।

ਉਨ੍ਹਾਂ ਮੈਨੂੰ ਦੱਸਿਆ, "ਤੁਸੀਂ ਹਮੇਸ਼ਾ ਕੈਮਰੇ ਦੇ ਸਾਹਮਣੇ ਰਹਿੰਦੇ ਹੋ ਅਤੇ ਅਜਨਬੀਆਂ ਨਾਲ ਗੱਲ ਕਰ ਰਹਿੰਦੇ ਹੋ, ਇਸ ਲਈ ਤੁਹਾਡੇ ਕੋਲ ਸ਼ਾਇਦ ਅਜਿਹੀਆਂ ਸਥਿਤੀਆਂ ਵਿੱਚ ਤਣਾਅ ਪ੍ਰਤੀ ਸਹਿਣਸ਼ੀਲਤਾ ਜ਼ਿਆਦਾ ਹੈ।"

"ਪਰ ਤੁਹਾਡੇ ਵਰਗੇ ਵਿਅਕਤੀ ਵਿੱਚ ਵੀ ਖੂਨ ਦੇ ਪ੍ਰਵਾਹ ਵਿੱਚ ਤਬਦੀਲੀਆਂ ਹੋਣਾ ਇਹ ਦਰਸਾਉਂਦਾ ਹੈ ਕਿ 'ਨੱਕ ਦਾ ਠੰਡਾ ਪੈਣਾ' ਤਣਾਅ ਵਿੱਚ ਤਬਦੀਲੀਆਂ ਦਾ ਇੱਕ ਭਰੋਸੇਯੋਗ ਸੰਕੇਤ ਹੈ।"

'ਨੱਕ ਦਾ ਠੰਡਾ ਹੋਣਾ'

ਉਂਝ ਤਾਂ ਤਣਾਅ ਜ਼ਿੰਦਗੀ ਦਾ ਇੱਕ ਹਿੱਸਾ ਹੈ, ਪਰ ਵਿਗਿਆਨੀ ਕਹਿੰਦੇ ਹਨ ਕਿ ਇਹ ਖੋਜ ਤਣਾਅ ਨੂੰ ਖ਼ਤਰਨਾਕ ਪੱਧਰ ਤੱਕ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰ ਸਕਦੀ ਹੈ।

ਪ੍ਰੋਫੈਸਰ ਫੋਰੈਸਟਰ ਕਹਿੰਦੇ ਹਨ, "ਕਿਸੇ ਦੇ ਨੱਕ ਦੇ ਤਾਪਮਾਨ ਨੂੰ ਆਮ ਹੋਣ ਵਿੱਚ ਲੱਗਣ ਵਾਲਾ ਸਮਾਂ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਹ ਤਣਾਅ ਨੂੰ ਕਿੰਨੀ ਚੰਗੀ ਤਰ੍ਹਾਂ ਸੰਭਾਲ ਸਕਦਾ ਹੈ।"

"ਜੇਕਰ ਇਸ ਤੋਂ ਉੱਭਰਨਾ ਅਸਧਾਰਨ ਤੌਰ 'ਤੇ ਹੌਲੀ ਹੈ, ਤਾਂ ਕੀ ਇਹ ਚਿੰਤਾ ਜਾਂ ਤਣਾਅ ਦੀ ਨਿਸ਼ਾਨੀ ਹੋ ਸਕਦੀ ਹੈ? ਅਤੇ ਕੀ ਅਸੀਂ ਇਸ ਬਾਰੇ ਕੁਝ ਕਰ ਸਕਦੇ ਹਾਂ?"

ਦਰਅਸਲ, ਇਹ ਤਕਨੀਕ ਬਿਨਾਂ ਕਿਸੇ ਦਖਲ ਦੇ ਸਿਰਫ ਸਰੀਰਕ ਪ੍ਰਤੀਕਿਰਿਆ ਨੂੰ ਮਾਪਦੀ ਹੈ, ਇਸ ਲਈ ਇਹ ਬੱਚਿਆਂ ਜਾਂ ਉਨ੍ਹਾਂ ਲੋਕਾਂ ਵਿੱਚ ਤਣਾਅ ਦੀ ਨਿਗਰਾਨੀ ਲਈ ਵੀ ਲਾਭਦਾਇਕ ਹੋ ਸਕਦੀ ਹੈ ਜੋ ਗੱਲਬਾਤ ਨਹੀਂ ਕਰਦੇ ਹਨ।

ਮੇਰੇ ਤਣਾਅ ਟੈਸਟ ਦਾ ਦੂਜਾ ਹਿੱਸਾ ਪਹਿਲੇ ਨਾਲੋਂ ਵੀ ਮੁਸ਼ਕਲ ਸੀ। ਮੈਨੂੰ 17 ਦੇ ਅੰਤਰਾਲ ਦੇ ਨਾਲ 2023 ਤੋਂ ਉਲਟੀ ਗਿਣਤੀ ਕਰਨ ਲਈ ਕਿਹਾ ਗਿਆ। ਜਦੋਂ ਵੀ ਮੈਂ ਕੋਈ ਗਲਤੀ ਕਰਦੀ ਸੀ ਤਾਂ ਤਿੰਨ ਅਜਨਬੀਆਂ ਦੇ ਪੈਨਲ ਵਿੱਚੋਂ ਕੋਈ ਨਾ ਕੋਈ ਮੈਨੂੰ ਟੋਕ ਦਿੰਦਾ ਸੀ ਅਤੇ ਮੈਨੂੰ ਦੁਬਾਰਾ ਉਲਟੀ ਗਿਣਤੀ ਸ਼ੁਰੂ ਕਰਨ ਲਈ ਕਹਿੰਦਾ ਸੀ।

ਮੈਂ ਮੰਨਦੀ ਹਾਂ ਕਿ ਮੈਂ ਮਾਨਸਿਕ ਤੌਰ 'ਤੇ ਗਿਣਤੀ ਕਰਨ ਵਿੱਚ ਮਾੜੀ ਹਾਂ।

ਜਿਵੇਂ-ਜਿਵੇਂ ਮੈਂ ਗਿਣਤੀ ਕਰਨ ਦੀ ਕੋਸ਼ਿਸ਼ 'ਚ ਉਲਝਦੀ ਰਹੀ, ਮੈਨੂੰ ਸਿਰਫ਼ ਇਹੀ ਲੱਗ ਰਿਹਾ ਸੀ ਕਿ ਭੀੜ-ਭੜੱਕੇ ਵਾਲੇ ਕਮਰੇ ਤੋਂ ਕਿਸੇ ਤਰ੍ਹਾਂ ਭੱਜ ਜਾਵਾਂ।

ਇਸ ਖੋਜ ਵਿੱਚ ਸ਼ਾਮਲ 29 ਵਲੰਟੀਅਰਾਂ ਵਿੱਚੋਂ ਸਿਰਫ ਇੱਕ ਨੇ ਹੀ ਟੈਸਟ ਵਿਚਕਾਰ ਛੱਡ ਕੇ ਕਮਰੇ ਤੋਂ ਬਾਹਰ ਜਾਣ ਲਈ ਕਿਹਾ।

ਬਾਕੀਆਂ ਨੇ ਮੇਰੇ ਵਾਂਗ ਹੀ ਟੈਸਟ ਪੂਰਾ ਕੀਤਾ।

ਭਾਵੇਂ ਟੈਸਟ ਦੌਰਾਨ ਅਪਮਾਨਜਨਕ ਮਹਿਸੂਸ ਹੋਇਆ ਹੋਵੇ ਪਰ ਫਿਰ ਅੰਤ ਵਿੱਚ ਸਾਨੂੰ ਹੈੱਡਫੋਨ 'ਤੇ ਸੁਣਨ ਲਈ ਕੁਝ ਸ਼ਾਂਤ ਦਿੱਤਾ ਗਿਆ।

ਜਦੋਂ ਚਿੰਪਾਂਜ਼ੀਆਂ ਨੂੰ ਵੀਡੀਓ ਦਿਖਾਏ ਗਏ ਤਾਂ ਕੀ ਹੋਇਆ?

ਪ੍ਰੋਫੈਸਰ ਫੋਰੈਸਟਰ 18 ਅਕਤੂਬਰ ਨੂੰ ਲੰਦਨ ਵਿੱਚ ਨਿਊ ਸਾਇੰਟਿਸਟ ਲਾਈਵ ਪ੍ਰੋਗਰਾਮ ਵਿੱਚ ਦਰਸ਼ਕਾਂ ਦੇ ਸਾਹਮਣੇ ਤਣਾਅ-ਮਾਪਣ ਦਾ ਇਹ ਤਰੀਕਾ ਪੇਸ਼ ਕਰਨਗੇ।

ਸ਼ਾਇਦ ਇਸ ਤਰੀਕੇ ਦੀ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਥਰਮਲ ਕੈਮਰੇ ਸਰੀਰ ਦੀ ਉਸ ਕੁਦਰਤੀ ਪ੍ਰਤੀਕਿਰਿਆ ਨੂੰ ਕੈਦ ਕਰ ਲੈਂਦੇ ਹਨ ਜੋ ਤਣਾਅ ਵੇਲੇ ਆਪਣੇ ਆਪ ਹੁੰਦੀ ਹੈ ਅਤੇ ਇਸ ਨਾ ਸਿਰਫ਼ ਮਨੁੱਖਾਂ ਵਿੱਚ ਸਗੋਂ ਚਿੰਪਾਂਜ਼ੀਆਂ ਅਤੇ ਗੋਰਿਲਿਆਂ ਵਰਗੇ ਪ੍ਰਾਈਮੇਟਸ ਵਿੱਚ ਵੀ ਹੁੰਦੀ ਹੈ।

ਇਸ ਲਈ, ਇਹ ਤਕਨਾਲੋਜੀ ਉਨ੍ਹਾਂ 'ਤੇ ਵੀ ਕੰਮ ਕਰ ਸਕਦੀ ਹੈ।

ਖੋਜਕਰਤਾ ਇਸ ਸਮੇਂ ਇਸ ਨੂੰ ਚਿੰਪਾਂਜ਼ੀਆਂ ਅਤੇ ਗੋਰਿਲਾ ਦੇ ਸੰਭਾਲ ਸਥਾਨਾਂ ਵਿੱਚ ਵਰਤੋਂ ਲਈ ਵਿਕਸਤ ਕਰ ਰਹੇ ਹਨ। ਉਨ੍ਹਾਂ ਦਾ ਉਦੇਸ਼ ਇਹ ਸਮਝਣਾ ਹੈ ਕਿ ਇਨ੍ਹਾਂ ਜਾਨਵਰਾਂ ਵਿੱਚ ਤਣਾਅ ਨੂੰ ਕਿਵੇਂ ਘਟਾਇਆ ਜਾਵੇ, ਖਾਸ ਕਰਕੇ ਮੁਸ਼ਕਲ ਸਥਿਤੀਆਂ ਤੋਂ ਬਚਾਏ ਗਏ ਜਾਨਵਰਾਂ ਦੇ ਜੀਵਨ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ।

ਟੀਮ ਨੇ ਪਾਇਆ ਕਿ ਜਦੋਂ ਬਾਲਗ ਚਿੰਪਾਂਜ਼ੀਆਂ ਨੂੰ ਛੋਟੇ (ਬੱਚੇ) ਚਿੰਪਾਂਜ਼ੀਆਂ ਦੇ ਵੀਡੀਓ ਦਿਖਾਏ ਗਏ ਤਾਂ ਉਹ ਜ਼ਿਆਦਾ ਸ਼ਾਂਤ ਹੋ ਗਏ। ਜਦੋਂ ਖੋਜਕਰਤਾਵਾਂ ਨੇ ਉਨ੍ਹਾਂ ਦੇ ਬਾੜੇ ਦੇ ਨੇੜੇ ਇੱਕ ਸਕ੍ਰੀਨ ਰੱਖੀ ਅਤੇ ਇੱਕ ਵੀਡੀਓ ਚਲਾਇਆ ਤਾਂ ਉਨ੍ਹਾਂ ਦੇ ਨੱਕ ਦਾ ਤਾਪਮਾਨ ਵਧ ਗਿਆ, ਜਿਸਦਾ ਅਰਥ ਹੈ ਕਿ ਉਹ ਸ਼ਾਂਤ ਹੋ ਗਏ।

ਇਸ ਦਾ ਮਤਲਬ ਹੈ ਕਿ ਤਣਾਅ ਦੇ ਮਾਮਲੇ ਵਿੱਚ ਛੋਟੇ ਜਾਨਵਰਾਂ ਨੂੰ ਖੇਡਦੇ ਦੇਖਣ ਨਾਲ ਅਚਾਨਕ ਇੰਟਰਵਿਊ ਦੇਣ ਜਾਂ ਹਿਸਾਬ ਲਗਾਉਣ ਦੇ ਬਿਲਕੁਲ ਉਲਟ ਪ੍ਰਭਾਵ ਪੈਂਦਾ ਹੈ।

ਅਜਿਹੀਆਂ ਸੈਂਚੂਰੀਆਂ ਵਿੱਚ ਥਰਮਲ ਕੈਮਰਿਆਂ ਦੀ ਵਰਤੋਂ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਇਹ ਉਨ੍ਹਾਂ ਜਾਨਵਰਾਂ ਨੂੰ ਆਪਣੇ ਨਵੇਂ ਵਾਤਾਵਰਣ ਅਤੇ ਸਮੂਹ ਦੇ ਅਨੁਕੂਲ ਹੋਣ ਵਿੱਚ ਮਦਦ ਕਰ ਸਕਦੇ ਹਨ, ਜਿਨ੍ਹਾਂ ਨੇ ਪਹਿਲਾਂ ਬਹੁਤ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕੀਤਾ ਹੈ।

ਸਸੇਕਸ ਯੂਨੀਵਰਸਿਟੀ ਦੀ ਇੱਕ ਖੋਜਕਰਤਾ, ਮਰੀਅਨ ਪਾਸਲੇ ਦੱਸਦੇ ਹਨ, "ਇਹ ਜਾਨਵਰ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ ਅਤੇ ਕਈ ਵਾਰ ਉਹ ਆਪਣੀਆਂ ਅਸਲ ਭਾਵਨਾਵਾਂ ਨੂੰ ਛੁਪਾਉਣ ਵਿੱਚ ਬਹੁਤ ਮਾਹਰ ਹੁੰਦੇ ਹਨ।"

ਉਹ ਕਹਿੰਦੇ ਹਨ, "ਅਸੀਂ ਮਨੁੱਖਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਾਈਮੇਟਸ ਦਾ ਅਧਿਐਨ ਕੀਤਾ ਹੈ।"

"ਹੁਣ ਜਦੋਂ ਅਸੀਂ ਮਨੁੱਖੀ ਮਾਨਸਿਕ ਸਿਹਤ ਬਾਰੇ ਇੰਨਾ ਕੁਝ ਜਾਣ ਚੁੱਕੇ ਹਾਂ ਤਾਂ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਸ ਸਮਝ ਦਾ ਕੁਝ ਫਾਇਦਾ ਉਨ੍ਹਾਂ ਜਾਨਵਰਾਂ ਨੂੰ ਵੀ ਵਾਪਸ ਕਰੀਏ।''

ਜੇਕਰ ਇਸ ਛੋਟੇ ਜਿਹੇ ਵਿਗਿਆਨਕ ਪ੍ਰਯੋਗ ਵਿੱਚ ਝੱਲੀ ਗਈ ਮੇਰੀ ਤਕਲੀਫ਼, ਸਾਡੇ ਇਨ੍ਹਾਂ ਦੂਰ ਦੇ ਰਿਸ਼ਤੇਦਾਰਾਂ ਦੀ ਤਕਲੀਫ਼ ਘੱਟ ਕਰਨ ਦੇ ਕੁਝ ਕੰਮ ਆ ਜਾਵੇ ਤਾਂ ਇਹ ਚੰਗਾ ਹੈ।

ਐਡੀਸ਼ਨਲ ਰਿਪੋਰਟਿੰਗ: ਕੇਟ ਸਟੀਫਨਜ਼, ਫੋਟੋਗ੍ਰਾਫੀ: ਕੇਵਿਨ ਚਰਚ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)