You’re viewing a text-only version of this website that uses less data. View the main version of the website including all images and videos.
ਕੀ ਤੁਸੀਂ ਵੀ ਪੂਰੀ ਨੀਂਦ ਨਹੀਂ ਲੈਂਦੇ, ਜਾਣੋ 'ਉਨੀਂਦਰੇ' ਦੀ ਜਿਸ ਸਮੱਸਿਆ ਨਾਲ ਅਦਾਕਾਰ ਅਜੀਤ ਜੂਝ ਰਹੇ, ਉਸਦੇ ਸਿਹਤ ਲਈ ਖ਼ਤਰੇ, ਲੱਛਣ ਤੇ ਹੱਲ ਕੀ ਹਨ
- ਲੇਖਕ, ਮੋਹਨ
- ਰੋਲ, ਬੀਬੀਸੀ ਪੱਤਰਕਾਰ
ਅਦਾਕਾਰ ਅਜੀਤ ਕੁਮਾਰ ਵੱਲੋਂ ਨੀਂਦ ਬਾਰੇ ਹਾਲ ਹੀ ਵਿੱਚ ਕੀਤੀ ਗਈ ਟਿੱਪਣੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਅਦਾਕਾਰ ਅਜੀਤ ਕੁਮਾਰ ਇਸ ਸਮੇਂ 'ਅਜੀਤ ਕੁਮਾਰ ਰੇਸਿੰਗ' ਨਾਮ ਹੇਠ ਕਾਰ ਰੇਸਿੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ।
ਇੰਡੀਆ ਟੂਡੇ ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਅਜੀਤ ਕੁਮਾਰ ਨੇ ਕਿਹਾ ਕਿ ਉਹ ਲਗਾਤਾਰ ਵੱਧ ਤੋਂ ਵੱਧ 4 ਘੰਟੇ ਹੀ ਸੌਂ ਸਕਦੇ ਹਨ।
ਉਨ੍ਹਾਂ ਨੇ ਇੰਟਰਵਿਊ ਵਿੱਚ ਕਿਹਾ, "ਮੇਰੇ ਕੋਲ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣ ਦਾ ਸਮਾਂ ਨਹੀਂ ਹੈ। ਮੈਂ ਜਹਾਜ਼ ਵਿੱਚ ਸੌਂਦਾ ਹਾਂ। ਮੈਨੂੰ ਨੀਂਦ ਦੀ ਸਮੱਸਿਆ ਹੈ। ਮੈਨੂੰ ਸੌਣ ਵਿੱਚ ਮੁਸ਼ਕਲ ਆਉਂਦੀ ਹੈ। ਮੈਂ ਵੱਧ ਤੋਂ ਵੱਧ 4 ਘੰਟੇ ਹੀ ਸੌਂ ਸਕਦਾ ਹਾਂ।"
ਸਾਨੂੰ ਨੀਂਦ ਕਿਵੇਂ ਆਉਂਦੀ ਹੈ?
ਲੋਕ ਸਿਹਤ ਨਿਰਦੇਸ਼ਕ, ਕੁਲੰਦਈਸਾਮ (ਸੇਵਾਮੁਕਤ) ਨੇ ਕਿਹਾ, "ਇਸਨੂੰ ਉਨੀਂਦਰਾ ਕਿਹਾ ਜਾਂਦਾ ਹੈ। ਇਹ ਬਹੁਤ ਘੱਟ ਹੁੰਦਾ ਹੈ ਅਤੇ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ। ਪਰ ਉਨੀਂਦਰਾ ਜ਼ਿਆਦਾਤਰ ਸਾਡੇ ਕੰਮਕਾਰ ਦੀ ਰੁਟੀਨ ਕਾਰਨ ਹੁੰਦਾ ਹੈ।"
ਕੁਲੰਦਈਸਾਮੀ ਕਹਿੰਦੇ ਹਨ ਕਿ ਨੀਂਦ ਦੀ ਕਮੀ ਜਾਂ ਇਨਸੌਮਨੀਆ ਲੰਬੇ ਸਮੇਂ ਲਈ ਜੀਵਨ ਦੀ ਸੰਭਾਵਨਾ ਨੂੰ ਪ੍ਰਭਾਵਿਤ ਕਰਦਾ ਹੈ।
ਕੌਸ਼ਿਕ ਮੁਥੁਰਾਜਾ, ਇੱਕ ਪਲਮੋਨੋਲੋਜਿਸਟ ਅਤੇ ਨੀਂਦ ਮਾਹਰ। ਉਹ ਕਹਿੰਦੇ ਹਨ ਕਿ ਜੈਵਿਕ ਸਾਈਕਲ (ਸਰਕੇਡੀਅਨ ਰਿਦਮ) ਸਾਡੇ ਸਰੀਰ ਬਾਰੇ ਬਹੁਤ ਸਾਰੀਆਂ ਚੀਜ਼ਾਂ ਨਿਰਧਾਰਤ ਕਰਦੀ ਹੈ।
ਇਸਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ, "ਰੋਸ਼ਨੀ ਸਾਡੀਆਂ ਅੱਖਾਂ ਰਾਹੀਂ ਦਿਮਾਗ ਤੱਕ ਜਾਂਦੀ ਹੈ। ਜੇਕਰ ਰੌਸ਼ਨੀ ਹੈ, ਤਾਂ ਸਾਡਾ ਦਿਮਾਗ ਇਹ ਮਹਿਸੂਸ ਕਰਦਾ ਹੈ ਕਿ ਜਾਗਣ ਦਾ ਸਮਾਂ ਹੈ।"
"ਦੂਜੇ ਪਾਸੇ, ਜੇਕਰ ਹਨੇਰਾ ਹੈ, ਤਾਂ ਇਹ ਮਹਿਸੂਸ ਕਰਦਾ ਹੈ ਕਿ ਇਹ ਸੌਣ ਦਾ ਸਮਾਂ ਹੈ ਅਤੇ ਮੇਲਾਟੋਨਿਨ ਨਾਮ ਦਾ ਇੱਕ ਹਾਰਮੋਨ ਸਾਨੂੰ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ।"
"59 ਫ਼ੀਸਦ ਭਾਰਤੀ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਪੀੜਤ ਹਨ"
2025 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਸੀ ਕਿ 59 ਫ਼ੀਸਦ ਭਾਰਤੀ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹਨ।
ਇਹ ਅਧਿਐਨ ਲੋਕਲਸਰਕਲਜ਼ ਨਾਮ ਦੀ ਇੱਕ ਕੰਪਨੀ ਨੇ ਭਾਰਤ ਭਰ ਦੇ 348 ਜ਼ਿਲ੍ਹਿਆਂ ਵਿੱਚ ਤਕਰੀਬਨ 43,000 ਲੋਕਾਂ ਵਿੱਚ ਕੀਤਾ ਗਿਆ ਸੀ।
ਅਧਿਐਨ ਇਹ ਵੀ ਸੁਝਾਅ ਦਿੰਦਾ ਹੈ ਕਿ ਬਹੁਤ ਸਾਰੇ ਲੋਕ ਨੀਂਦ ਦੀ ਕਮੀ ਦੀ ਭਰਪਾਈ ਲਈ ਪਾਵਰ ਨੈਪਿੰਗ (ਛੋਟੀਆਂ ਝਪਕੀਆਂ), ਵੀਕਐਂਡ 'ਤੇ ਦੇਰ ਤੱਕ ਸੌਣ, ਜਾਂ ਦੁਪਹਿਰ ਨੂੰ ਥੋੜ੍ਹੇ ਸਮੇਂ ਲਈ ਸੌਣ ਦਾ ਸਹਾਰਾ ਲੈਂਦੇ ਹਨ।
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ 38 ਫ਼ੀਸਦ ਭਾਰਤੀ ਜੋ ਨੀਂਦ ਦੀ ਕਮੀ ਤੋਂ ਪੀੜਤ ਹਨ, ਛੁੱਟੀਆਂ ਜਾਂ ਵੀਕਐਂਡ ਦੌਰਾਨ ਇਸਦੀ ਭਰਪਾਈ ਨਹੀਂ ਕਰ ਪਾਉਂਦੇ।
ਕੁਲੰਦਈਸਾਮੀ ਕਹਿੰਦੇ ਹਨ, "ਇੱਕ ਬਾਲਗ ਨੂੰ ਔਸਤਨ 8 ਘੰਟੇ ਸੌਣਾ ਚਾਹੀਦਾ ਹੈ। ਇਸ ਵਿੱਚੋਂ ਘੱਟੋ-ਘੱਟ 6 ਘੰਟੇ ਬਿਨ੍ਹਾਂ ਕਿਸੇ ਰੁਕਾਵਟ ਦੀ ਨੀਂਦ ਹੋਣੀ ਚਾਹੀਦੀ ਹੈ। ਇਹੀ ਸਿਹਤਮੰਦ ਹੈ।"
"ਇੱਕ ਵਿਅਕਤੀ ਨੂੰ ਆਪਣੇ ਸਮੇਂ ਦਾ ਇੱਕ ਤਿਹਾਈ ਹਿੱਸਾ ਸੌਣ ਵਿੱਚ ਬਿਤਾਉਣਾ ਚਾਹੀਦਾ ਹੈ। ਇਹ ਇੱਕ ਦਿਨ ਵਿੱਚ ਹੋਣਾ ਚਾਹੀਦਾ ਹੈ। ਵੀਕਐਂਡ ਜਾਂ ਛੁੱਟੀਆਂ ਵਿੱਚ ਕਿਸ਼ਤਾਂ ਵਿੱਚ ਵਾਧੂ ਸੌਣਾ ਹੱਲ ਨਹੀਂ ਹੈ।"
ਉਨੀਂਦਰੇ ਦੇ ਲੱਛਣ
ਅਮਰੀਕੀ ਸਰਕਾਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨਆਈਐੱਚ) ਨੀਂਦ ਦੀ ਕਮੀ ਨੂੰ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਵੱਧ ਵਜੋਂ ਸ਼੍ਰੇਣੀਬੱਧ ਕਰਦਾ ਹੈ:
- ਭਰਪੂਰ ਨੀਂਦ ਨਾ ਆਉਣਾ
- ਗ਼ਲਤ ਸਮੇਂ 'ਤੇ ਸੌਣਾ
- ਚੰਗੀ ਨੀਂਦ ਨਾ ਆਉਣਾ ਜਾਂ ਸਰੀਰ ਨੂੰ ਲੋੜੀਂਦੀ ਨੀਂਦ ਦੇ ਸਾਰੇ ਪੜਾਅ ਨਾ ਮਿਲਣਾ
- ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਂਣਾ
- ਕਾਫ਼ੀ ਸਮਾਂ ਦਿੱਤੇ ਜਾਣ ਦੇ ਬਾਵਜੂਦ ਵੀ ਡੂੰਘੀ ਨੀਂਦ ਨਾ ਆਉਣਾ
ਨੀਂਦ ਦੀ ਘਾਟ ਦਾ ਪ੍ਰਭਾਵ ਬੱਚਿਆਂ ਅਤੇ ਬਾਲਗਾਂ ਵਿੱਚ ਵੱਖਰਾ ਹੁੰਦਾ ਹੈ। ਐੱਨਆਈਐੱਚ ਦਾ ਕਹਿਣਾ ਹੈ ਕਿ ਨੀਂਦ ਦੀ ਘਾਟ ਕਰਕੇ ਪੀੜਤ ਬੱਚਿਆਂ ਨੂੰ ਧਿਆਨ ਦੇਣ ਵਿੱਚ ਮੁਸ਼ਕਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਲੋਕਲ ਸਰਕਲਜ਼ ਅਧਿਐਨ ਕਹਿੰਦਾ ਹੈ, "ਨੀਂਦ ਚਾਰ ਪੜਾਵਾਂ ਵਿੱਚ ਹੁੰਦੀ ਹੈ। ਲੰਬੇ ਸਮੇਂ ਤੱਕ ਨੀਂਦ ਦੇ ਇਨ੍ਹਾਂ ਪੜਾਵਾਂ ਵਿੱਚੋਂ ਹਰੇਕ ਵਿੱਚੋਂ ਲੰਘਣ ਵਿੱਚ ਅਸਮਰੱਥ ਹੋਣਾ ਦਿਲ ਦੀ ਬਿਮਾਰੀ, ਭਾਰ ਵਧਣ ਅਤੇ ਟਾਈਪ 2 ਸ਼ੂਗਰ ਵਰਗੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ।"
ਨੀਂਦ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ
ਐੱਨਆਈਐੱਚ ਮੁਤਾਬਕ ਨੀਂਦ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕੀ ਹਨ?
- ਉਮਰ
- ਸੌਣ ਦਾ ਪੈਟਰਨ
- ਮੈਟਾਬੋਲਿਜ਼ਮ
- ਰਾਤ ਦੇ ਖਾਣੇ ਦਾ ਸਮਾਂ
- ਸੌਣ ਤੋਂ ਪਹਿਲਾਂ ਸਕਰੀਨ (ਕੰਪਿਊਟਰ, ਸੈੱਲ ਫੋਨ) ਦੀ ਵਰਤੋਂ
- ਸ਼ਰਾਬ ਪੀਣਾ
ਐੱਨਆਈਐੱਚ ਨੇ ਨੀਂਦ ਦੀ ਘਾਟ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਸੂਚੀਬੱਧ ਕੀਤਾ ਹੈ:
- ਦਿਲ ਦੀ ਬਿਮਾਰੀ
- ਗੁਰਦੇ ਦੇ ਰੋਗ
- ਹਾਈ ਬਲੱਡ ਪ੍ਰੈਸ਼ਰ
- ਸ਼ੂਗਰ
- ਸਟਰੋਕ
- ਮੋਟਾਪਾ
- ਤਣਾਅ
ਵਿਸ਼ਵ ਸਿਹਤ ਸੰਗਠਨ ਕੀ ਕਹਿੰਦਾ ਹੈ?
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ 2012 ਵਿੱਚ ਨੀਂਦ ਵਿਕਾਰ ਨੂੰ ਇੱਕ ਵਧਦੀ ਜਨਤਕ ਸਿਹਤ ਸਮੱਸਿਆ ਵਜੋਂ ਪਛਾਣਿਆ।
ਭਾਰਤ ਅਤੇ ਬੰਗਲਾਦੇਸ਼ ਸਣੇ 8 ਦੇਸ਼ਾਂ ਵਿੱਚ ਕੀਤੇ ਗਏ ਇਸ ਅਧਿਐਨ ਵਿੱਚ 50 ਸਾਲ ਤੋਂ ਵੱਧ ਉਮਰ ਦੇ 43,935 ਲੋਕ ਸ਼ਾਮਲ ਸਨ। ਇਨ੍ਹਾਂ ਵਿੱਚੋਂ, 16.6 ਫ਼ੀਸਦ ਨੇ ਰਾਤ ਨੂੰ ਚੰਗੀ ਨੀਂਦ ਨਾ ਆਉਣ ਦੀ ਰਿਪੋਰਟ ਕੀਤੀ।
ਇਨ੍ਹਾਂ ਵਿੱਚੋਂ ਔਰਤਾਂ ਅਤੇ ਬਜ਼ੁਰਗਾਂ ਵਿੱਚ ਉਨੀਂਦਰੇ ਦੀਆਂ ਸਮੱਸਿਆਵਾਂ ਵਧੇਰੇ ਦਰਜ ਕੀਤੀਆਂ ਗਈਆਂ ਹਨ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਬਾਲਗਾਂ ਨੂੰ ਨੀਂਦ ਨਾ ਆਉਣ ਦੀ ਦਰ ਵੱਧ ਹੁੰਦੀ ਹੈ।
ਘੱਟ ਸਰੀਰਕ ਗਤੀਵਿਧੀ, ਤਣਾਅ ਅਤੇ ਚਿੰਤਾ ਦੇ ਉੱਚ ਪੱਧਰ ਨੂੰ ਵੀ ਨੀਂਦ ਨਾ ਆਉਣ ਦੇ ਕਾਰਕਾਂ ਵਜੋਂ ਦਰਸਾਇਆ ਗਿਆ ਹੈ।
ਨੀਂਦ ਨਾ ਆਉਣਾ ਕਿਸਨੂੰ ਅਤੇ ਕਿਵੇਂ ਪ੍ਰਭਾਵਿਤ ਕਰਦਾ ਹੈ?
ਕੁਲੰਦਈਸਾਮੀ ਨੇ ਨੋਟ ਕੀਤਾ ਕਿ ਇਸਦਾ ਸਭ ਤੋਂ ਵੱਧ ਅਸਰ ਡਰਾਈਵਰਾਂ ਜਾਂ ਯਾਤਰਾ ਕਰਨ ਵਾਲਿਆਂ 'ਤੇ ਪੈਂਦਾ ਹੈ।
ਉਹ ਕਹਿੰਦੇ ਹਨ, "ਜੇਕਰ ਤੁਸੀਂ ਨੀਂਦ ਨਹੀਂ ਲੈਂਦੇ ਤਾਂ ਦਿਮਾਗ ਕੁਝ ਸਮੇਂ ਲਈ ਆਪਣੇ ਆਪ ਬੰਦ ਹੋ ਜਾਵੇਗਾ। ਭਾਵੇਂ ਇਹ ਕੁਝ ਸਕਿੰਟਾਂ ਲਈ ਹੀ ਹੋਵੇ, ਇਸਦੇ ਨਤੀਜੇ ਭਿਆਨਕ ਹੋ ਸਕਦੇ ਹਨ।"
"ਨੀਂਦ ਦੀ ਘਾਟ ਵੀ ਛੋਟੀ ਉਮਰ ਵਿੱਚ ਦਿਲ ਦੇ ਦੌਰੇ ਵਰਗੀਆਂ ਦਿਲ ਦੀਆਂ ਬਿਮਾਰੀਆਂ ਦਾ ਇੱਕ ਮੁੱਖ ਕਾਰਕ ਹੈ।"
ਡਾਕਟਰ ਕੌਸ਼ਿਕ ਮੁਥੁਰਾਜਾ ਦੱਸਦੇ ਹਨ ਕਿ ਕਿਵੇਂ ਉਨੀਂਦਰਾ ਵੱਖ-ਵੱਖ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਬੱਚਿਆਂ 'ਤੇ ਅਸਰ?
- ਸਿੱਖਣ ਦੀ ਅਯੋਗਤਾ
- ਭੁੱਲਣ ਦੀ ਬਿਮਾਰੀ
- ਸਿੱਖਿਆ ਵਿੱਚ ਘਟਦੀ ਰੁਚੀ
- ਘੱਟ ਹੋਈ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ)
- ਵਿਕਾਸ ਹਾਰਮੋਨ ਦਾ ਨੁਕਸਾਨ
ਮੱਧ-ਉਮਰ ਦੇ ਲੋਕਾਂ 'ਤੇ ਕੀ ਅਸਰ ਪੈਂਦੇ ਹਨ?
- ਤਣਾਅ
- ਉਦਾਸੀ
- ਬਲੱਡ ਪ੍ਰੈਸ਼ਰ
- ਸੋਚਣ ਦੀ ਸਮਰੱਥਾ ਘਟਣਾ
- ਗੱਡੀ ਚਲਾਉਣਾ ਮੁਸ਼ਕਲ ਬਣ ਜਾਣਾ
ਬਜ਼ੁਰਗਾਂ 'ਤੇ ਅਸਰ?
- ਯਾਦਦਾਸ਼ਤ ਦੀ ਘਟੇਗੀ
- ਰਾਤ ਨੂੰ ਠੋਕਰ ਲੱਗਦੀ ਹੈ
- ਦਿਲ ਅਤੇ ਨਿਊਰੋਲੌਜੀਕਲ ਬਿਮਾਰੀ ਦਾ ਵੱਧ ਖ਼ਤਰਾ
ਨੀਂਦ ਨਾ ਆਉਣ ਦੀ ਸਮੱਸਿਆ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
ਡਾਕਟਰ ਕੁਲੰਦਈਸਾਮੀ ਸਿਗਰਟਨੋਸ਼ੀ ਛੱਡਣ, ਸ਼ਾਮ 5 ਵਜੇ ਤੋਂ ਬਾਅਦ ਚਾਹ ਅਤੇ ਕੌਫੀ ਪੀਣ ਤੋਂ ਪਰਹੇਜ਼ ਕਰਨ ਅਤੇ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਕੰਪਿਊਟਰ/ਸੈਲ ਫ਼ੋਨ ਸਕਰੀਨਾਂ ਵੱਲ ਦੇਖਣ ਤੋਂ ਪਰਹੇਜ਼ ਕਰਨ ਦਾ ਸੁਝਾਅ ਦਿੰਦੇ ਹਨ।
ਕੌਸ਼ਿਕ ਮੁਥੁਰਾਜਾ ਨੀਂਦ ਦੀ ਸਿਹਤ ਬਣਾਈ ਰੱਖਣ ਦੇ ਕੁਝ ਤਰੀਕੇ ਦੱਸਦੇ ਹਨ।
- ਹਰ ਰੋਜ਼ ਇੱਕੋ ਸਮੇਂ ਸੌਣ ਅਤੇ ਉੱਠਣ 'ਤੇ ਧਿਆਨ ਦਿਓ ਅਤੇ ਵੀਕਐਂਡ 'ਤੇ ਵੀ ਇਸ ਰੁਟੀਨ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ।
- ਤੁਹਾਨੂੰ ਸਿਰਫ਼ ਉਦੋਂ ਹੀ ਸੌਣ ਜਾਣਾ ਚਾਹੀਦਾ ਹੈ ਜਦੋਂ ਤੁਹਾਨੂੰ ਨੀਂਦ ਆਉਂਦੀ ਹੋਵੇ।
- ਸੌਣ ਤੋਂ ਪਹਿਲਾਂ 10 ਮਿੰਟ ਦੀ ਸੈਰ ਕਰੋ।
- ਸਵੇਰੇ ਅਤੇ ਦੁਪਹਿਰ ਨੂੰ ਨਾ ਸੌਂਵੋ।
- ਤੁਸੀਂ 20-30 ਮਿੰਟ ਲਈ ਪਾਵਰ ਨੈਪ (ਛੋਟੀ ਨੀਂਦ) ਲੈ ਸਕਦੇ ਹੋ।
- ਕਸਰਤ ਤੁਹਾਨੂੰ ਨੀਂਦ ਲਿਆਉਣ ਵਿੱਚ ਮਦਦ ਕਰ ਸਕਦੀ ਹੈ, ਪਰ ਤੁਹਾਨੂੰ ਸੌਣ ਤੋਂ 2-3 ਘੰਟੇ ਪਹਿਲਾਂ ਕਸਰਤ ਨਹੀਂ ਕਰਨੀ ਚਾਹੀਦੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ