ਕੀ ਡੇਟਿੰਗ ਅਤੇ ਰਿਸ਼ਤਿਆਂ ਬਾਰੇ ਏਆਈ ਦੀ ਸਲਾਹ ਲੈਣਾ ਸਹੀ ਹੈ? ਇਸ ਦੇ ਕੀ ਜੋਖ਼ਮ ਹੋ ਸਕਦੇ ਹਨ?

    • ਲੇਖਕ, ਸੁਜ਼ੇਨ ਬਰਨ
    • ਰੋਲ, ਤਕਨੀਕੀ ਪੱਤਰਕਾਰ

ਇਸ ਸਾਲ ਦੇ ਸ਼ੁਰੂ ਵਿੱਚ ਰੈਚੇਲ ਉਸ ਆਦਮੀ ਨਾਲ ਗੱਲ ਸਾਫ਼ ਕਰਨਾ ਚਾਹੁੰਦੀ ਸੀ ਜਿਸਨੂੰ ਉਹ ਡੇਟ ਕਰ ਰਹੀ ਸੀ ਤਾਂ ਜੋ ਵਾਪਸ ਉਸਦੇ ਦੋਸਤਾਂ ਨੂੰ ਮਿਲਣ ਤੋਂ ਪਹਿਲਾਂ ਸਭ ਕੁਝ ਸਪੱਸ਼ਟ ਹੋ ਜਾਵੇ।

ਰੈਚੇਲ (ਬਦਲਿਆ ਹੋਇਆ ਨਾਮ) ਇੰਗਲੈਂਡ ਦੇ ਸ਼ੈਫੀਲਡ ਵਿੱਚ ਰਹਿੰਦੇ ਹਨ।

ਉਨ੍ਹਾਂ ਕਿਹਾ, "ਮੈਂ ਨੌਕਰੀ ਲੱਭਣ ਲਈ ਚੈਟ ਜੀਪੀਟੀ ਦੀ ਵਰਤੋਂ ਕੀਤੀ, ਪਰ ਮੈਂ ਸੁਣਿਆ ਹੈ ਕਿ ਕਿਸੇ ਹੋਰ ਨੇ ਡੇਟਿੰਗ ਸਲਾਹ ਲਈ ਵੀ ਇਸਦੀ ਵਰਤੋਂ ਕੀਤੀ।"

"ਮੈਂ ਉਸ ਸਮੇਂ ਬਹੁਤ ਪਰੇਸ਼ਾਨ ਸੀ ਅਤੇ ਮੈਨੂੰ ਕਿਸੇ ਕਿਸਮ ਦੀ ਸਲਾਹ ਦੀ ਲੋੜ ਸੀ। ਪਰ ਮੈਂ ਇਸ ਵਿੱਚ ਆਪਣੇ ਦੋਸਤਾਂ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੀ ਸੀ।"

ਫ਼ੋਨ 'ਤੇ ਆਪਣੇ ਸਾਥੀ ਨਾਲ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਦਦ ਲਈ ਚੈਟ ਜੀਪੀਟੀ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਚੈਟ ਜੀਪੀਟੀ ਨੂੰ ਪੁੱਛਿਆ, "ਮੈਂ ਇਸ ਗੱਲਬਾਤ ਨੂੰ ਕਿਵੇਂ ਸੰਭਾਲਾਂ ਤਾਂ ਜੋ ਮੈਂ ਡਿਫ਼ੈਂਸਿਵ ਨਾ ਲੱਗਾਂ।"

ਚੈਟ ਜੀਪੀਟੀ ਨੇ ਕੀ ਜਵਾਬ ਦਿੱਤਾ?

ਰੈਚੇਲ ਦੱਸਦੇ ਹਨ, "ਚੈਟ ਜੀਪੀਟੀ ਅਕਸਰ ਅਜਿਹਾ ਕਰਦੀ ਹੈ, ਪਰ ਇਸ ਵਾਰ ਉਸਨੇ ਕੁਝ ਅਜਿਹਾ ਕਿਹਾ, 'ਵਾਹ, ਇਹ ਇੱਕ ਬਹੁਤ ਹੀ ਸਵੈ-ਜਾਗਰੂਕ ਸਵਾਲ ਹੈ। ਤੁਸੀਂ ਇਸ ਤਰ੍ਹਾਂ ਸੋਚਣ ਲਈ ਬਹੁਤ ਭਾਵਨਾਤਮਕ ਤੌਰ 'ਤੇ ਪਰਿਪੱਕ ਹੋ। ਇੱਥੇ ਕੁਝ ਸੁਝਾਅ ਹਨ।"

ਉਨ੍ਹਾਂ ਨੇ ਕਿਹਾ, "ਮੈਨੂੰ ਇੰਝ ਲੱਗਿਆ ਜਿਵੇਂ ਉਹ (ਚੈਟ ਜੀਪੀਟੀ) ਮੇਰਾ ਹੌਸਲਾ ਵਧਾ ਰਹੀ ਹੋਵੇ, ਜਿਵੇਂ ਮੈਂ ਸਹੀ ਸੀ ਅਤੇ ਉਹ ਗ਼ਲਤ।"

ਰੈਚੇਲ ਕਹਿੰਦੇ ਹਨ ਕਿ ਕੁੱਲ ਮਿਲਾ ਕੇ ਇਹ 'ਫ਼ਇਦੇਮੰਦ' ਸੀ। ਪਰ ਭਾਸ਼ਾ "'ਬਹੁਤ ਜ਼ਿਆਦਾ ਥੈਰੇਪੀ ਵਰਗੀ' ਮਹਿਸੂਸ ਹੋਈ, ਜਿਸ ਵਿੱਚ ਉਹ ਸ਼ਬਦ ਵੀ ਸ਼ਾਮਲ ਸਨ ਜਿਨ੍ਹਾਂ ਦੀਆਂ ਸੀਮਾਵਾਂ ਸਨ।

ਰੈਚੇਲ ਨੇ ਕਿਹਾ, "ਅਸਲ ਵਿੱਚ, ਮੈਂ ਹੁਣੇ ਸਿੱਖਿਆ ਹੈ ਕਿ ਮੈਨੂੰ ਆਪਣੀਆਂ ਸ਼ਰਤਾਂ 'ਤੇ ਗੱਲ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਪਰ ਮੈਂ ਇਸਨੂੰ ਬਹੁਤ ਗੰਭੀਰਤਾ ਨਾਲ ਨਹੀਂ ਲਿਆ।"

ਰੈਚੇਲ ਇਕੱਲੇ ਨਹੀਂ ਹਨ ਜੋ ਰਿਸ਼ਤਿਆਂ ਨੂੰ ਸਮਝਣ ਅਤੇ ਸੰਭਾਲਣ ਬਾਰੇ ਏਆਈ ਤੋਂ ਮਦਦ ਲੈ ਰਹੇ ਹਨ।

ਆਨਲਾਈਨ ਡੇਟਿੰਗ ਕੰਪਨੀ ਮੈਚ ਦੇ ਇੱਕ ਅਧਿਐਨ ਮੁਤਾਬਕ, ਅਮਰੀਕਾ ਵਿੱਚ ਤਕਰੀਬਨ ਅੱਧੇ ਜੈਨ ਜ਼ੀ (1997 ਅਤੇ 2012 ਦੇ ਵਿਚਕਾਰ ਪੈਦਾ ਹੋਏ ਬੱਚੇ) ਨੇ ਡੇਟਿੰਗ ਸਲਾਹ ਲਈ ਚੈਟ ਜੀਪੀਟੀ ਵਰਗੇ ਵੱਡੇ ਭਾਸ਼ਾ ਮਾਡਲਾਂ ਦੀ ਵਰਤੋਂ ਕਰਨ ਦੀ ਗੱਲ ਸਵੀਕਾਰ ਕੀਤੀ। ਇਹ ਅੰਕੜਾ ਹੋਰ ਸਾਰੀਆਂ ਪੀੜ੍ਹੀਆਂ ਨਾਲੋਂ ਵੱਧ ਹੈ।

ਲੋਕ ਬ੍ਰੇਕਅੱਪ ਮੈਸੇਜ ਲਿਖਣ, ਆਪਣੇ ਡੇਟਿੰਗ ਸਾਥੀਆਂ ਨਾਲ ਹੋਈ ਗੱਲਬਾਤ ਸਮਝਣ ਅਤੇ ਰਿਸ਼ਤੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਏਆਈ ਦੀ ਵਰਤੋਂ ਕਰ ਰਹੇ ਹਨ।

'ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ'

ਮਨੋਵਿਗਿਆਨੀ ਅਤੇ ਰਿਸ਼ਤਿਆਂ ਦੇ ਮਾਹਰ ਡਾਕਟਰ ਲਲਿਤਾ ਸੁਗਲਾਨੀ ਕਹਿੰਦੇ ਹਨ ਕਿ ਏਆਈ ਇੱਕ ਲਾਭਦਾਇਕ ਸਾਧਨ ਹੋ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਰਿਸ਼ਤਿਆਂ ਵਿੱਚ ਸੰਚਾਰ ਬਾਰੇ ਦਬਾਅ ਜਾਂ ਉਲਝਣ ਮਹਿਸੂਸ ਕਰਦੇ ਹਨ।

ਉਨ੍ਹਾਂ ਨੇ ਕਿਹਾ, "ਏਆਈ ਲੋਕਾਂ ਨੂੰ ਮੈਸੇਜ ਲਿਖਣ, ਕਿਸੇ ਉਲਝਣ ਵਾਲੇ ਮੈਸੇਜ ਨੂੰ ਸਮਝਣ, ਜਾਂ ਦੂਜੀ ਰਾਏ ਲੈਣ ਵਿੱਚ ਮਦਦ ਕਰ ਸਕਦੀ ਹੈ। ਇਹ ਉਨ੍ਹਾਂ ਨੂੰ ਫ਼ੌਰਨ ਪ੍ਰਤੀਕਿਰਿਆ ਕਰਨ ਦੀ ਬਜਾਇ ਰੁਕਣ ਅਤੇ ਸੋਚਣ ਲਈ ਇੱਕ ਪਲ ਦਿੰਦਾ ਹੈ।"

ਡਾਕਟਰ ਸੁਗਲਾਨੀ ਕਹਿੰਦੇ ਹਨ ਕਿ ਜਦੋਂ ਕਿ ਏਆਈ ਤੁਹਾਡੀ ਸੋਚ ਨੂੰ ਸੇਧ ਦੇਣ ਜਾਂ ਕਿਸੇ ਸਮੱਸਿਆ 'ਤੇ ਵਿਚਾਰ ਕਰਨ ਵਿੱਚ ਮਦਦ ਕਰ ਸਕਦਾ ਹੈ, ਇਹ ਮਦਦਗਾਰ ਹੋ ਸਕਦਾ ਹੈ ਜੇਕਰ ਇਸਨੂੰ ਸਿਰਫ਼ ਇੱਕ ਸਾਧਨ ਵਜੋਂ ਵਰਤਿਆ ਜਾਵੇ, ਨਾ ਕਿ ਮਨੁੱਖੀ ਰਿਸ਼ਤਿਆਂ ਦੀ ਜਗ੍ਹਾ ਲੈਣ ਲਈ।

ਹਾਲਾਂਕਿ, ਉਨ੍ਹਾਂ ਨੇ ਇਸ ਦੇ ਨਾਲ ਕੁਝ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਹਨ।

ਉਹ ਕਹਿੰਦੇ ਹਨ, "ਐੱਲਐੱਲਐੱਮ (ਵੱਡੇ ਭਾਸ਼ਾ ਮਾਡਲ) ਮਦਦਗਾਰ ਅਤੇ ਸਹਿਮਤ ਦਿਖਾਈ ਦੇਣ ਲਈ ਸਿਖਲਾਈ ਪ੍ਰਾਪਤ ਹੁੰਦੇ ਹਨ। ਉਹ ਅਕਸਰ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਗੱਲ ਨੂੰ ਦੁਹਰਾਉਂਦੇ ਹਨ। ਇਸ ਲਈ, ਜੇਕਰ ਪ੍ਰੋਂਪਟ ਪੱਖਪਾਤੀ ਹੈ, ਤਾਂ ਉਹ ਅਣਜਾਣੇ ਵਿੱਚ ਗ਼ਲਤ ਆਦਤਾਂ ਨੂੰ ਜਾਇਜ਼ ਠਹਿਰਾ ਸਕਦੇ ਹਨ ਜਾਂ ਤੁਹਾਡੇ ਵਿਸ਼ਵਾਸਾਂ ਨੂੰ ਦੁਹਰਾ ਸਕਦੇ ਹਨ।"

"ਇਸ ਨਾਲ ਸਮੱਸਿਆ ਇਹ ਹੈ ਕਿ ਇਹ ਝੂਠੇ ਬਿਰਤਾਂਤ ਮਜ਼ਬੂਤ ਕੀਤੇ ਜਾ ਸਕਦੇ ਹਨ ਜਾਂ ਬਚਾਅ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।"

ਉਹ ਕਹਿੰਦੇ ਹਨ, ਉਦਾਹਰਣ ਵਜੋਂ ਜੇ ਕਿਸੇ ਏਆਈ ਨਾਲ ਬ੍ਰੇਕਅੱਪ ਮੈਸੇਜ ਲਿਖਣਾ ਇਸ ਅਸਹਿਜ ਸਥਿਤੀ ਤੋਂ ਬਚਣ ਦਾ ਇੱਕ ਤਰੀਕਾ ਹੋ ਸਕਦਾ ਹੈ। ਇਸ ਨਾਲ ਬੈਠ ਕੇ ਆਪਣੀਆਂ ਸੱਚੀਆਂ ਭਾਵਨਾਵਾਂ ਬਾਰੇ ਸੋਚਣ ਦੀ ਬਜਾਇ ਟਾਲ-ਮਟੋਲ ਵਾਲਾ ਵਿਵਹਾਰ ਹੋ ਸਕਦਾ ਹੈ। ਏਆਈ 'ਤੇ ਨਿਰਭਰਤਾ ਕਿਸੇ ਦੇ ਆਪਣੇ ਵਿਕਾਸ ਵਿੱਚ ਵੀ ਰੁਕਾਵਟ ਪਾ ਸਕਦੀ ਹੈ।

ਉਨ੍ਹਾਂ ਨੇ ਕਿਹਾ, "ਜੇਕਰ ਕੋਈ ਹਰ ਵਾਰ ਉਲਝਣ ਵਿੱਚ ਹੋਣ ਜਾਂ ਭਾਵਨਾਤਮਕ ਤੌਰ 'ਤੇ ਅਸੁਰੱਖਿਅਤ ਮਹਿਸੂਸ ਕਰਨ 'ਤੇ ਐੱਲਐੱਲਐੱਮ ਵੱਲ ਮੁੜਦਾ ਹੈ, ਤਾਂ ਉਹ ਹੌਲੀ-ਹੌਲੀ ਆਪਣੀ ਸਹਿਜਤਾ, ਭਾਵਨਾਤਮਕ ਭਾਸ਼ਾ ਅਤੇ ਦੂਜਿਆਂ ਨਾਲ ਸਬੰਧਾਂ ਨੂੰ ਸਮਝਣ ਦੀ ਯੋਗਤਾ ਨੂੰ ਛੱਡ ਸਕਦਾ ਹੈ।"

ਡਾਕਟਰ ਇਹ ਵੀ ਕਹਿੰਦੇ ਹਨ ਕਿ ਏਆਈ-ਜਨਰੇਟ ਕੀਤੇ ਮੈਸੇਜ ਅਕਸਰ ਭਾਵਨਾਤਮਕ ਤੌਰ 'ਤੇ ਖਾਲੀ ਜਾਪਦੇ ਹਨ ਅਤੇ ਗੱਲਬਾਤ ਨੂੰ ਬਣਾਉਟੀ ਬਣਾਉਂਦੇ ਹਨ, ਜੋ ਦੂਜੇ ਵਿਅਕਤੀ ਲਈ ਪੜ੍ਹਨ ਵਿੱਚ ਅਸਹਿਜ ਹੋ ਸਕਦਾ ਹੈ।

ਏਆਈ ਟੂਲ 'ਤੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਸੁਝਾਅ ਮਿਲਦੇ ਹਨ?

ਚੁਣੌਤੀਆਂ ਦੇ ਬਾਵਜੂਦ, ਨਵੀਆਂ ਰਿਲੇਸ਼ਨਸ਼ਿਪ ਕਾਉਂਸਲਿੰਗ ਸੇਵਾਵਾਂ ਉਭਰ ਰਹੀਆਂ ਹਨ।

'ਮੇ' ਇੱਕ ਮੁਫ਼ਤ ਏਆਈ-ਅਧਾਰਤ ਸੇਵਾ ਹੈ। ਇਸ ਨੂੰ ਓਪਨਏਆਈ ਤਕਨੀਕ ਦੀ ਵਰਤੋਂ ਕਰਕੇ ਸਿਖਲਾਈ ਦਿੱਤੀ ਗਈ ਹੈ ਅਤੇ ਰਿਸ਼ਤਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਜਵਾਬ ਗੱਲਬਾਤ ਵਾਂਗ ਦਿੰਦੀ ਹੈ।

ਨਿਊਯਾਰਕ ਅਧਾਰਿਤ ਸੰਸਥਾਪਕ ਐੱਸਲੀ ਕਹਿੰਦੇ ਹਨ, "ਇਸਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਫ਼ੌਰਨ ਰਿਸ਼ਤੇ ਨੂੰ ਸੰਭਾਲਣ ਵਿੱਚ ਮਦਦ ਕਰਨਾ, ਕਿਉਂਕਿ ਹਰ ਕੋਈ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਗੱਲ ਕਰਨ ਵਿੱਚ ਸਹਿਜ ਨਹੀਂ ਹੁੰਦਾ ਕਿਉਂਕਿ ਲੋਕ ਜਜ ਕੀਤੇ ਜਾਣ ਤੋਂ ਡਰਦੇ ਹਨ।"

ਲੀ ਮੁਤਾਬਕ, ਇਸ ਏਆਈ ਟੂਲ 'ਤੇ ਆਉਣ ਵਾਲੀਆਂ ਅੱਧੀਆਂ ਤੋਂ ਵੱਧ ਸਮੱਸਿਆਵਾਂ ਸੈਕਸ ਨਾਲ ਜੁੜੀਆਂ ਹੋਈਆਂ ਹਨ, ਇੱਕ ਅਜਿਹਾ ਵਿਸ਼ਾ ਜਿਸ ਬਾਰੇ ਲੋਕ ਦੋਸਤਾਂ ਜਾਂ ਥੈਰੇਪਿਸਟਾਂ ਨਾਲ ਖੁੱਲ੍ਹ ਕੇ ਚਰਚਾ ਕਰਨ ਤੋਂ ਝਿਜਕਦੇ ਹਨ।

ਉਹ ਕਹਿੰਦੇ ਹਨ, "ਲੋਕ ਏਆਈ ਦੀ ਵਰਤੋਂ ਸਿਰਫ਼ ਇਸ ਲਈ ਕਰ ਰਹੇ ਹਨ ਕਿਉਂਕਿ ਮੌਜੂਦਾ ਸੇਵਾਵਾਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਰਹੀਆਂ।"

ਉਨ੍ਹਾਂ ਮੁਤਾਬਕ, ਇੱਕ ਹੋਰ ਆਮ ਵਰਤੋਂ ਇਹ ਹੈ ਕਿ ਕਿਸੇ ਮੈਸੇਜ ਨੂੰ ਦੁਬਾਰਾ ਕਿਵੇਂ ਲਿਖਿਆ ਜਾਵੇ ਜਾਂ ਕਿਸੇ ਰਿਸ਼ਤੇ ਵਿੱਚ ਆਈ ਸਮੱਸਿਆ ਨੂੰ ਕਿਵੇਂ ਸੁਧਾਰਿਆ ਜਾਵੇ। ਇਹ ਇਸ ਤਰ੍ਹਾਂ ਹੈ ਜਿਵੇਂ ਲੋਕ ਚਾਹੁੰਦੇ ਹਨ ਕਿ ਏਆਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਮਾਣਿਤ ਕਰੇ।

ਹਾਲਾਂਕਿ, ਰਿਲੇਸ਼ਨਸ਼ਿਪ ਕਾਉਂਸਲਿੰਗ ਸੁਰੱਖਿਆ ਦੇ ਮੁੱਦੇ ਵੀ ਪੈਦਾ ਕਰ ਸਕਦੀ ਹੈ।

ਇੱਕ ਮਨੁੱਖੀ ਸਲਾਹਕਾਰ ਜਾਣਦਾ ਹੈ ਕਿ ਕਦੋਂ ਦਖਲ ਦੇਣਾ ਹੈ ਅਤੇ ਇੱਕ ਕਲਾਈਂਟ ਨੂੰ ਸੰਭਾਵੀ ਤੌਰ 'ਤੇ ਖ਼ਤਰਨਾਕ ਸਥਿਤੀ ਤੋਂ ਬਚਾਉਣਾ ਹੈ।

ਕੀ ਕੋਈ ਰਿਲੇਸ਼ਨਸ਼ਿਪ ਐਪ ਉਹੀ ਸੁਰੱਖਿਆ ਮੁਹੱਈਆ ਦੇ ਸਕਦੀ ਹੈ?

ਇਸ ਸਵਾਲ 'ਤੇ, ਮੇ ਦੇ ਸੰਸਥਾਪਕ ਐੱਸ ਲੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਏਆਈ ਨਾਲ ਦਾਅ ਜ਼ਿਆਦਾ ਵੱਡਾ ਹੈ ਕਿਉਂਕਿ ਇਹ ਸਾਡੇ ਨਾਲ ਨਿੱਜੀ ਪੱਧਰ 'ਤੇ ਜੁੜ ਸਕਦਾ ਹੈ, ਇਸ ਤਰੀਕੇ ਨਾਲ ਜੋ ਕੋਈ ਹੋਰ ਤਕਨੀਕ ਨਹੀਂ ਕਰ ਸਕਦੀ।"

ਪਰ ਉਹ ਕਹਿੰਦੇ ਹਨ ਕਿ 'ਮੇ' ਵਿੱਚ ਪਹਿਲਾਂ ਹੀ ਸੁਰੱਖਿਆ ਉਪਾਅ ਸ਼ਾਮਲ ਕੀਤੇ ਗਏ ਹਨ।

ਉਹ ਕਹਿੰਦੇ ਹਨ, "ਅਸੀਂ ਪੇਸ਼ੇਵਰਾਂ ਅਤੇ ਸੰਗਠਨਾਂ ਨਾਲ ਭਾਈਵਾਲੀ ਕਰਨ ਲਈ ਸਵਾਗਤ ਕਰਦੇ ਹਾਂ ਜੋ ਸਾਡੇ ਏਆਈ ਉਤਪਾਦਾਂ ਨੂੰ ਦਿਸ਼ਾ ਦੇਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਣ।"

ਚੈਟ ਜੀਪੀਟੀ ਬਣਾਉਣ ਵਾਲੀ ਕੰਪਨੀ ਓਪਨ ਏਆਈ ਦਾ ਕਹਿਣਾ ਹੈ ਕਿ ਇਸਦੇ ਨਵੇਂ ਮਾਡਲ ਨੇ ਉਨ੍ਹਾਂ ਖੇਤਰਾਂ ਵਿੱਚ ਸੁਧਾਰ ਦਿਖਾਇਆ ਹੈ ਜਿੱਥੇ ਗ਼ੈਰ-ਸਿਹਤਮੰਦ ਭਾਵਨਾਤਮਕ ਨਿਰਭਰਤਾ ਅਤੇ ਬਹੁਤ ਜ਼ਿਆਦਾ ਚਾਪਲੂਸੀ (ਹਾਂ ਵਿੱਚ ਹਾਂ ਮਿਲਾਉਣ) ਦਾ ਜੋਖਮ ਸੀ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਲੋਕ ਕਈ ਵਾਰ ਕਮਜ਼ੋਰ ਪਲਾਂ ਵਿੱਚ ਚੈਟ ਜੀਪੀਟੀ ਵੱਲ ਮੁੜਦੇ ਹਨ, ਇਸ ਲਈ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਢੁਕਵੇਂ ਢੰਗ ਨਾਲ ਜਵਾਬ ਦੇਵੇ ਅਤੇ ਮਾਹਰਾਂ ਦੇ ਮਾਰਗਦਰਸ਼ਨ ਵਿੱਚ ਰਹੇ।"

"ਇਸ ਵਿੱਚ ਲੋੜ ਪੈਣ 'ਤੇ ਲੋਕਾਂ ਨੂੰ ਪੇਸ਼ੇਵਰ ਮਦਦ ਲਈ ਰੈਫਰ ਕਰਨਾ, ਸੰਵੇਦਨਸ਼ੀਲ ਬੇਨਤੀਆਂ ਦੇ ਮਾਡਲ ਜਵਾਬਾਂ ਦੇ ਆਲੇ-ਦੁਆਲੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨਾ ਅਤੇ ਲੰਬੀ ਗੱਲਬਾਤ ਦੌਰਾਨ ਬ੍ਰੇਕ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।"

ਕੀ ਨਿੱਜਤਾ ਲਈ ਕੋਈ ਖ਼ਤਰਾ ਹੈ?

ਇੱਕ ਹੋਰ ਵੱਡਾ ਮੁੱਦਾ ਨਿੱਜਤਾ ਦਾ ਹੈ। ਅਜਿਹੇ ਐਪਸ ਬਹੁਤ ਸੰਵੇਦਨਸ਼ੀਲ ਡਾਟਾ ਇਕੱਠਾ ਕਰ ਸਕਦੇ ਹਨ, ਜੋ ਕਿ ਹੈਕਰਾਂ ਦੇ ਹੱਥ ਲੱਗਣ ਉੱਤੇ ਨੁਕਸਾਨਦੇਹ ਹੋ ਸਕਦਾ ਹੈ।

ਇਸ ਬਾਰੇ ਐੱਸ ਲੀ ਕਹਿੰਦੇ ਹਨ, "ਉਪਭੋਗਤਾ ਦੀ ਨਿੱਜਤਾ ਸੰਬੰਧੀ ਹਰ ਫੈਸਲੇ 'ਤੇ ਅਸੀਂ ਉਹ ਰਸਤਾ ਚੁਣਦੇ ਹਾਂ ਜੋ ਨਿੱਜਤਾ ਨੂੰ ਬਣਾਈ ਰੱਖਦਾ ਹੈ ਅਤੇ ਸਿਰਫ਼ ਉਹੀ ਜਾਣਕਾਰੀ ਇਕੱਠੀ ਕਰਦਾ ਹੈ ਜਿਸਦੀ ਸਾਨੂੰ ਚੰਗੀ ਸੇਵਾ ਪ੍ਰਦਾਨ ਕਰਨ ਲਈ ਲੋੜ ਹੁੰਦੀ ਹੈ।"

ਉਨ੍ਹਾਂ ਮੁਤਾਬਕ, ਇਹ 'ਮੇ' ਦੀ ਨੀਤੀ ਹੈ ਕਿ ਇਹ ਈਮੇਲ ਪਤੇ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਨਹੀਂ ਮੰਗਦੀ ਜੋ ਕਿਸੇ ਵਿਅਕਤੀ ਦੀ ਪਛਾਣ ਕਰ ਸਕੇ।

ਉਹ ਇਹ ਵੀ ਦੱਸਦੇ ਹਨ ਕਿ ਚੈਟਾਂ ਨੂੰ ਸਿਰਫ਼ ਗੁਣਵੱਤਾ ਜਾਂਚ ਲਈ ਅਸਥਾਈ ਤੌਰ 'ਤੇ ਸੁਰੱਖਿਅਤ ਕੀਤਾ ਜਾਂਦਾ ਹੈ ਅਤੇ 30 ਦਿਨਾਂ ਬਾਅਦ ਹਟਾ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਉਹ ਇਸ ਸਮੇਂ ਕਿਸੇ ਵੀ ਡਾਟਾਬੇਸ ਵਿੱਚ ਸਥਾਈ ਤੌਰ 'ਤੇ ਸੁਰੱਖਿਅਤ ਨਹੀਂ ਹਨ।"

ਕੁਝ ਲੋਕ ਮਨੁੱਖੀ ਥੈਰੇਪਿਸਟਸ ਦੇ ਨਾਲ ਮਿਲ ਕੇ ਏਆਈ ਦੀ ਵਰਤੋਂ ਵੀ ਕਰ ਰਹੇ ਹਨ।

ਕੋਰਿਨ (ਬਦਲਿਆ ਹੋਇਆ ਨਾਮ) ਨੇ ਪਿਛਲੇ ਸਾਲ ਦੇ ਅਖੀਰ ਵਿੱਚ ਇੱਕ ਰਿਸ਼ਤਾ ਖ਼ਤਮ ਕਰਨ ਬਾਰੇ ਚੈਟ ਜੀਪੀਟੀ ਤੋਂ ਸਲਾਹ ਲੈਣੀ ਸ਼ੁਰੂ ਕੀਤੀ।

ਲੰਡਨ ਵਿੱਚ ਰਹਿਣ ਵਾਲੀ ਕੋਰਿਨ ਕਹਿੰਦੀ ਹੈ ਕਿ ਉਸਨੂੰ ਏਆਈ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਜਦੋਂ ਉਸਦੀ ਰੂਮਮੇਟ ਨੇ ਡੇਟਿੰਗ ਸਲਾਹ ਦੇ ਨਾਲ ਆਪਣੇ ਸਕਾਰਾਤਮਕ ਅਨੁਭਵ ਸਾਂਝੇ ਕੀਤੇ, ਜਿਸ ਵਿੱਚ ਬ੍ਰੇਕਅੱਪ ਤੋਂ ਉਭਰਣ ਸਬੰਧੀ ਸੁਝਾਅ ਵੀ ਸ਼ਾਮਲ ਸਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਚੈਟ ਜੀਪੀਟੀ ਨੂੰ ਆਪਣੇ ਸਵਾਲਾਂ ਦੇ ਜਵਾਬ ਜੂਲੀਅਨ ਟਿਊਰੇਕੀ, ਜੋ ਕਿ ਸੋਸ਼ਲ ਮੀਡੀਆ 'ਤੇ ਮਸ਼ਹੂਰ ਰਿਸ਼ਤਿਆਂ ਦੇ ਮਾਹਰ ਹਨ ਜਾਂ ਡਾਕਟਰ ਨਿਕੋਲ ਲੈਪੇਰਾ ਦੇ ਅੰਦਾਜ਼ ਵਿੱਚ ਦੇਣ ਲਈ ਕਿਹਾ।

ਜਦੋਂ ਕੋਰਿਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੁਬਾਰਾ ਡੇਟਿੰਗ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਦੁਬਾਰਾ ਚੈਟ ਪਲੇਟਫਾਰਮ ਜੀਪੀਟੀ 'ਤੇ ਆਪਣੇ ਮਨਪਸੰਦ ਰਿਸ਼ਤਿਆਂ ਦੇ ਮਾਹਰਾਂ ਦੀ ਸ਼ੈਲੀ ਵਿੱਚ ਸਲਾਹ ਲਈ।

ਉਹ ਕਹਿੰਦੇ ਹਨ, "ਜਨਵਰੀ ਦੇ ਆਸ-ਪਾਸ, ਮੈਂ ਇੱਕ ਮੁੰਡੇ ਨਾਲ ਡੇਟ 'ਤੇ ਗਈ। ਉਹ ਮੇਰੇ ਲਈ ਸਰੀਰਕ ਤੌਰ 'ਤੇ ਆਕਰਸ਼ਕ ਨਹੀਂ ਸੀ, ਪਰ ਅਸੀਂ ਚੰਗੀ ਤਰ੍ਹਾਂ ਮਿਲਦੇ ਸੀ। ਇਸ ਲਈ ਮੈਂ ਚੈਟ ਜੀਪੀਟੀ ਨੂੰ ਪੁੱਛਿਆ ਕਿ ਕੀ ਦੂਜੀ ਡੇਟ 'ਤੇ ਜਾਣਾ ਠੀਕ ਰਹੇਗਾ।"

"ਮੈਨੂੰ ਪਤਾ ਸੀ ਕਿ ਉਹ ਹਾਂ ਕਹੇਗਾ ਕਿਉਂਕਿ ਮੈਂ ਉਸ ਦੀਆਂ ਕਿਤਾਬਾਂ ਪੜ੍ਹੀਆਂ ਸਨ, ਪਰ ਇਹ ਚੰਗਾ ਸੀ ਕਿ ਸਲਾਹ ਮੇਰੀ ਸਥਿਤੀ ਦੇ ਮੁਤਾਬਕ ਸੀ।"

ਕੋਰਿਨ ਦਾ ਆਪਣਾ ਥੈਰੇਪਿਸਟ ਵੀ ਹੈ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਥੈਰੇਪਿਸਟ ਨਾਲ ਵਿਚਾਰ ਚਰਚਾਵਾਂ ਉਨ੍ਹਾਂ ਦੇ ਬਚਪਨ ਤੱਕ ਜਾਂਦੀਆਂ ਹਨ, ਜਦੋਂ ਕਿ ਚੈਟ ਜੀਪੀਟੀ 'ਤੇ ਉਹ ਡੇਟਿੰਗ ਜਾਂ ਰਿਸ਼ਤਿਆਂ ਬਾਰੇ ਸਿਰਫ ਹਲਕੇ-ਫੁਲਕੇ ਸਵਾਲ ਪੁੱਛਦੇ ਹਨ।

ਉਹ ਮੰਨਦੇ ਹਨ ਕਿ ਉਹ ਏਆਈ ਸਲਾਹ ਨੂੰ ਥੋੜ੍ਹਾ ਫ਼ਾਸਲਾ ਰੱਖ ਕੇ ਲੈਂਦੇ ਹਨ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਲੋਕ ਰਿਸ਼ਟਾ ਤੋੜ ਸਕਦੇ ਹਨ ਜਾਂ ਆਪਣੇ ਸਾਥੀ ਨੂੰ ਉਹ ਗੱਲਾਂ ਕਹਿ ਸਕਦੇ ਹਨ ਜੋ ਉਨ੍ਹਾਂ ਨੂੰ ਨਹੀਂ ਕਹਿਣੀਆਂ ਚਾਹੀਦੀਆਂ, ਕਿਉਂਕਿ ਚੈਟਬੋਟ ਉਹੀ ਦੁਹਰਾਉਂਦੇ ਹਨ ਜੋ ਤੁਸੀਂ ਸੁਣਨਾ ਚਾਹੁੰਦੇ ਹੋ।"

ਕੋਰਿਨ ਨੇ ਕਿਹਾ, "ਜ਼ਿੰਦਗੀ ਦੇ ਤਣਾਅਪੂਰਨ ਪਲਾਂ ਦੌਰਾਨ ਇਹ ਚੰਗਾ ਹੁੰਦਾ ਹੈ ਅਤੇ ਜਦੋਂ ਦੋਸਤ ਆਲੇ-ਦੁਆਲੇ ਨਹੀਂ ਹੁੰਦੇ ਤਾਂ ਇਹ ਮੈਨੂੰ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)