ਕੰਗਨਾ ਰਣੌਤ ਨੂੰ ਟਰੰਪ ਬਾਰੇ ਕੀਤੇ ਟਵੀਟ ਲਈ ਕਿਉਂ ਮਾਫ਼ੀ ਮੰਗਣੀ ਪਈ, ਕਦੋਂ-ਕਦੋਂ ਕੰਗਨਾ ਰਣੌਤ ਵਿਵਾਦਾਂ ਵਿੱਚ ਰਹੇ ਹਨ

ਅਦਾਕਾਰ ਅਤੇ ਲੋਕ ਸਭਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਲੈ ਕੇ ਕੀਤੀ ਗਈ ਆਪਣੀ ਸੋਸ਼ਲ ਮੀਡੀਆ ਪੋਸਟ ਲਈ ਅਫ਼ਸੋਸ ਪ੍ਰਗਟਾਇਆ ਅਤੇ ਆਪਣੀ ਪੋਸਟ ਹਟਾ ਦਿੱਤੀ ਹੈ।

ਕੰਗਨਾ ਰਣੌਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਉਨ੍ਹਾਂ ਨੂੰ ਟਰੰਪ ਵੱਲੋਂ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਉਤਪਾਦਨ ਵਧਾਉਣ ਦੇ ਸੁਝਾਅ ਨਾਲ ਸਬੰਧਿਤ ਪੋਸਟ ਹਟਾਉਣ ਲਈ ਕਿਹਾ ਸੀ।

ਕੰਗਨਾ ਨੇ ਕਿਹਾ, ''ਮੈਨੂੰ ਆਪਣੀ ਨਿੱਜੀ ਰਾਏ ਪ੍ਰਗਟਾਉਣ ਲਈ ਅਫ਼ਸੋਸ ਹੈ। ਨਿਰਦੇਸ਼ਾਂ ਮੁਤਾਬਕ ਮੈਂ ਤੁਰੰਤ ਪੋਸਟ ਹਟਾ ਦਿੱਤੀ।''

ਭਾਜਪਾ ਆਗੂ ਅਤੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਟਿਮ ਕੁੱਕ ਨੂੰ ਟਰੰਪ ਵੱਲੋਂ ਦਿੱਤੇ ਸੁਝਾਅ ਬਾਰੇ ਇੱਕ ਪੋਸਟ ਸਾਂਝੀ ਕੀਤੀ ਸੀ।

ਇਸ ਪੋਸਟ ਵਿੱਚ ਉਨ੍ਹਾਂ ਨੇ ਤਿੰਨ ਨੁਕਤਿਆਂ ਦਾ ਜ਼ਿਕਰ ਕਰਦੇ ਹੋਏ ਟਰੰਪ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਸੀ।

ਕੰਗਨਾ ਨੇ ਦੋਵਾਂ ਦੀ ਤੁਲਨਾ ਕਰਦੇ ਹੋਏ ਕਿਹਾ ਸੀ ਕਿ ਬੇਸ਼ੱਕ ਟਰੰਪ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਆਗੂ ਹਨ, ਪਰ ਨਰਿੰਦਰ ਮੋਦੀ ਦੁਨੀਆਂ ਦੇ ਸਭ ਤੋਂ ਹਰਮਨ ਪਿਆਰੇ ਆਗੂ ਹਨ।

ਇਸ ਨਾਲ ਇਹ ਸਵਾਲ ਵੀ ਉੱਠਿਆ ਕਿ ਕੀ ਟਰੰਪ ਦਾ ਫ਼ੈਸਲਾ ਕੂਟਨੀਤਕ ਅਸੁਰੱਖਿਆ ਦੀ ਭਾਵਨਾ ਤੋਂ ਪ੍ਰਰਿਤ ਸੀ।

ਕਤਰ ਵਿੱਚ ਇੱਕ ਪ੍ਰੋਗਰਾਮ ਵਿੱਚ ਟਰੰਪ ਨੇ ਕਿਹਾ ਸੀ, ''ਭਾਰਤ ਆਪਣੀ ਦੇਖਭਾਲ ਖ਼ੁਦ ਕਰ ਸਕਦਾ ਹੈ। ਉਹ ਬਹੁਤ ਚੰਗਾ ਕੰਮ ਕਰ ਰਹੇ ਹਨ।''

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਐਪਲ ਹੁਣ ਅਮਰੀਕਾ ਵਿੱਚ ਆਪਣਾ ਉਤਪਾਦਨ ਵਧਾ ਰਿਹਾ ਹੈ, ਜੋ ਕੁੱਕ ਨਾਲ ਉਨ੍ਹਾਂ ਦੀ ਚਰਚਾ ਦਾ ਨਤੀਜਾ ਹੈ।

ਐਪਲ ਵਰਤਮਾਨ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਆਈਫੋਨ ਦਾ ਨਿਰਮਾਣ ਨਹੀਂ ਕਰਦਾ ਹੈ। ਹਾਲਾਂਕਿ, ਕੰਪਨੀ ਦਾ ਟੀਚਾ ਅਗਲੇ ਸਾਲ ਦੇ ਅੰਤ ਤੱਕ ਆਪਣੀ ਅਮਰੀਕੀ ਆਈਫੋਨ ਸਪਲਾਈ ਦਾ ਇੱਕ ਵੱਡਾ ਹਿੱਸਾ ਭਾਰਤ ਵਿੱਚ ਤਿਆਰ ਕਰਾਉਣਾ ਹੈ, ਜਿਸ ਨਾਲ ਚੀਨ 'ਤੇ ਉਸ ਦੀ ਨਿਰਭਰਤਾ ਘੱਟ ਹੋ ਜਾਵੇਗੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਰਣੌਤ ਨੇ ਸੰਸਦ ਮੈਂਬਰ ਚੁਣੇ ਜਾਣ ਦੇ ਬਾਅਦ ਆਪਣੇ ਸੋਸ਼ਲ ਮੀਡੀਆ ਵਿਚਾਰਾਂ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ।

ਕੰਗਨਾ ਨੇ ਪਹਿਲਾਂ ਵੀ ਕਈ ਮਾਮਲਿਆਂ 'ਤੇ ਜਤਾਇਆ ਅਫ਼ਸੋਸ

ਕੰਗਨਾ ਨੇ ਸਤੰਬਰ 2024 ਵਿੱਚ ਮੰਗ ਕੀਤੀ ਕਿ ਕੇਂਦਰ ਸਰਕਾਰ 2021 ਵਿੱਚ ਕਿਸਾਨ ਅੰਦੋਲਨ ਦੇ ਬਾਅਦ ਵਾਪਸ ਲਏ ਗਏ ਖੇਤੀ ਕਾਨੂੰਨਾਂ ਨੂੰ ਫਿਰ ਤੋਂ ਲਾਗੂ ਕਰੇ।

ਉਨ੍ਹਾਂ ਨੇ 23 ਸਤੰਬਰ, 2024 ਨੂੰ ਕਿਹਾ ਸੀ, ''ਮੈਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਕਲਿਆਣ ਲਈ ਕਾਨੂੰਨ ਵਾਪਸ ਆਉਣੇ ਚਾਹੀਦੇ ਹਨ। ਮੈਨੂੰ ਪਤਾ ਹੈ ਕਿ ਇਹ ਵਿਵਾਦਮਈ ਹੋ ਸਕਦਾ ਹੈ।''

ਉਨ੍ਹਾਂ ਨੇ ਕਿਹਾ ਸੀ, ''ਕਿਸਾਨਾਂ ਨੂੰ ਖ਼ੁਦ ਹੀ ਇਸ ਦੀ ਮੰਗ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਹੋਰ ਖੇਤਰਾਂ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ, ਉਸੇ ਤਰ੍ਹਾਂ ਵਿਕਾਸ ਵਿੱਚ ਵੀ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।''

ਅਗਲੇ ਦਿਨ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਇਹ ਕੰਗਨਾ ਰਣੌਤ ਦੀ ਨਿੱਜੀ ਰਾਏ ਹੈ।

ਕਥਿਤ ਥੱਪੜ ਮਾਰਨ ਦਾ ਮਾਮਲਾ

ਕੰਗਨਾ ਰਣੌਤ ਅਤੇ ਵਿਵਾਦਾਂ ਦਾ ਗਹਿਰਾ ਰਿਸ਼ਤਾ ਹੈ। ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੀ ਕੰਗਨਾ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਮੰਡੀ ਤੋਂ ਚੋਣ ਲੜੀ ਸੀ।

ਚਾਰ ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਠੀਕ ਦੋ ਦਿਨ ਬਾਅਦ ਕੰਗਨਾ ਨੇ ਇਲਜ਼ਾਮ ਲਗਾਇਆ ਸੀ ਕਿ ਚੰਡੀਗੜ੍ਹ ਹਵਾਈ ਅੱਡੇ 'ਤੇ ਇੱਕ ਮਹਿਲਾ ਸੀਆਈਐੱਸਐੱਫ ਕਾਂਸਟੇਬਲ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।

ਕੰਗਨਾ ਨੇ ਆਪਣੇ ਵੀਡਿਓ ਵਿੱਚ ਕਿਹਾ ਸੀ, ''ਇਹ ਮਹਿਲਾ ਕਾਂਸਟੇਬਲ ਕਿਸਾਨ ਅੰਦੋਲਨ ਦੀ ਸਮਰਥਕ ਸੀ। ਮੈਂ ਕਿਸਾਨ ਅੰਦੋਲਨ ਦਾ ਸਮਰਥਨ ਨਹੀਂ ਕੀਤਾ। ਇਸ ਲਈ ਉਸ ਨੇ ਮੇਰੇ 'ਤੇ ਆਪਣਾ ਗੁੱਸਾ ਕੱਢਿਆ।''

ਜਿਸ ਮਹਿਲਾ ਕਾਂਸਟੇਬਲ 'ਤੇ ਕੰਗਨਾ ਨੂੰ ਥੱਪੜ ਮਾਰਨ ਦਾ ਇਲਜ਼ਾਮ ਲੱਗਿਆ ਸੀ, ਉਸ ਦਾ ਨਾਮ ਕੁਲਵਿੰਦਰ ਕੌਰ ਸੀ।

ਸੰਸਦ ਮੈਂਬਰ ਬਣਨ ਤੋਂ ਪਹਿਲਾਂ ਵੀ ਕੰਗਨਾ ਦੇ ਕਈ ਸਿਆਸੀ ਬਿਆਨ ਵਿਵਾਦ ਵਿੱਚ ਬਦਲੇ।

ਉੱਥੇ ਹੀ ਫਿਲਮ ਇੰਡਸਟਰੀ ਵਿੱਚ ਗੁੱਟਬਾਜ਼ੀ, ਭਾਈ-ਭਤੀਜਾਵਾਦ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁJs ਮਾਮਲੇ ਵਰਗੇ ਵੱਖ-ਵੱਖ ਮੁੱਦਿਆਂ 'ਤੇ ਕੰਗਨਾ ਦੇ ਬਿਆਨਾਂ ਕਾਰਨ ਉਹ ਵਿਵਾਦਾਂ ਵਿੱਚ ਰਹੇ ਹਨ।

ਕਤਰ ਏਅਰਵੇਜ਼ ਦੇ ਸੀਈਓ ਨੂੰ ਮੂਰਖ ਕਿਹਾ

ਕੰਗਨਾ ਰਣੌਤ ਨੇ ਕਤਰ ਏਅਰਵੇਜ਼ ਦੇ ਸੀਈਓ ਅਕਬਰ ਅਲ ਬੇਕਰ ਨੂੰ ਇੰਸਟਾਗ੍ਰਾਮ 'ਤੇ 'ਬੇਵਕੂਫ' ਕਿਹਾ ਅਤੇ ਉਨ੍ਹਾਂ ਦੇ ਵਾਇਰਲ ਪੈਰੋਡੀ ਵੀਡਿਓ ਨੂੰ ਅਸਲੀ ਮੰਨ ਲਿਆ, ਪਰ ਸੱਚਾਈ ਜਾਣਨ ਦੇ ਬਾਅਦ ਕੰਗਨਾ ਨੇ ਇਹ ਸਟੋਰੀ ਡਿਲੀਟ ਕਰ ਦਿੱਤੀ।

ਵਾਸੂਦੇਵ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਕਤਰ ਏਅਰਵੇਜ਼ ਦੇ ਬਾਈਕਾਟ ਦੀ ਮੰਗ ਕਰਦੇ ਹੋਏ ਇੱਕ ਵੀਡਿਓ ਜਾਰੀ ਕੀਤੀ ਸੀ।

ਕਿਸੇ ਅਗਿਆਤ ਵਿਅਕਤੀ ਨੇ ਉਸ ਵੀਡਿਓ ਅਤੇ ਕਤਰ ਏਅਰਵੇਜ਼ ਦੇ ਸੀਈਓ ਅਕਬਰ ਅਲ ਬੇਕਰ ਨਾਲ ਇੱਕ ਪੁਰਾਣੀ ਇੰਟਰਵਿਊ ਦੇ ਇੱਕ ਹਿੱਸੇ ਨੂੰ ਜੋੜ ਕੇ ਇੱਕ ਨਵੀਂ ਵੀਡਿਓ ਬਣਾਈ ਸੀ।

ਇਸ ਵੀਡਿਓ ਨੂੰ ਇਸ ਤਰ੍ਹਾਂ ਨਾਲ ਐਡਿਟ ਕੀਤਾ ਗਿਆ ਸੀ ਕਿ ਦਰਸ਼ਕਾਂ ਨੂੰ ਲੱਗੇ ਕਿ ਅਕਬਰ ਅਲ ਬੇਕਰ, ਵਾਸੂਦੇਵ ਦੇ ਬਾਈਕਾਟ ਦੀ ਮੰਗ ਦਾ ਜਵਾਬ ਦੇ ਰਹੇ ਹਨ।

ਜਾਵੇਦ ਅਖ਼ਤਰ ਨੇ ਦਾਇਰ ਕੀਤਾ ਸੀ ਮਾਨਹਾਨੀ ਦਾ ਕੇਸ

ਗੀਤਕਾਰ ਜਾਵੇਦ ਅਖ਼ਤਰ ਨੇ ਨਵੰਬਰ 2020 ਵਿੱਚ ਕੰਗਨਾ ਰਣੌਤ ਦੇ ਖ਼ਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ।

ਜਾਵੇਦ ਅਖ਼ਤਰ ਨੇ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਸੀ ਕਿ ਕੰਗਨਾ ਨੇ ਜੂਨ 2020 ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਬਾਲੀਵੁੱਡ ਵਿੱਚ ਮੌਜੂਦ ਇੱਕ ਵਿਸ਼ੇਸ਼ 'ਗੈਂਗ' ਦਾ ਹਵਾਲਾ ਦਿੰਦੇ ਹੋਏ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਸੀ।

ਜਦੋਂ ਐਕਸ (ਟਵਿੱਟਰ) ਖਾਤਾ ਮੁਅੱਤਲ ਹੋਇਆ ਸੀ

ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ (ਐਕਸ ਦਾ ਪਹਿਲਾਂ ਦਾ ਨਾਂ) ਮੁਅੱਤਲ ਕਰ ਦਿੱਤਾ ਗਿਆ ਸੀ।

ਟਵਿੱਟਰ ਦੇ ਬੁਲਾਰੇ ਨੇ ਦੱਸਿਆ ਸੀ ਕਿ ਟਵਿੱਟਰ ਦੇ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਦੇ ਕਾਰਨ ਇਹ ਕਾਰਵਾਈ ਕੀਤੀ ਗਈ।

ਟਵਿੱਟਰ ਨੇ ਕਿਹਾ ਸੀ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਕੰਗਨਾ ਨੇ ਨਫ਼ਰਤ ਫੈਲਾਉਣ ਅਤੇ ਅਪਮਾਨਜਨਕ ਵਿਵਹਾਰ ਸਬੰਧੀ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ।

ਆਪਣੇ ਟਵਿੱਟਰ ਅਕਾਉਂਟ 'ਤੇ ਕੀਤੀ ਗਈ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਣੌਤ ਨੇ ਕਿਹਾ, ''ਟਵਿੱਟਰ ਨੇ ਸਾਬਤ ਕਰ ਦਿੱਤਾ ਹੈ ਕਿ ਮੈਂ ਜੋ ਕਿਹਾ, ਕਿ ਉਹ ਅਮਰੀਕੀ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਗੋਰੇ ਲੋਕਾਂ ਦੇ ਰੂਪ ਵਿੱਚ ਉਹ ਸਿਆਹਫਾਮਾਂ ਨਾਲ ਗ਼ੁਲਾਮਾਂ ਵਾਂਗ ਵਿਵਹਾਰ ਕਰ ਸਕਦੇ ਹਨ।''

''ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤੁਹਾਡੇ ਵਿਚਾਰਾਂ ਅਤੇ ਤੁਹਾਡੀਆਂ ਟਿੱਪਣੀਆਂ ਨੂੰ ਕੰਟਰੋਲ ਕਰ ਸਕਦੇ ਹਨ।"

"ਪਰ ਖੁਸ਼ਕਿਸਮਤੀ ਨਾਲ ਮੇਰੇ ਕੋਲ ਹੋਰ ਮੰਚ ਹਨ, ਜਿੱਥੇ ਮੈਂ ਆਪਣੀ ਰਾਇ ਪ੍ਰਗਟ ਕਰ ਸਕਦੀ ਹਾਂ, ਇੱਥੋਂ ਤੱਕ ਕਿ ਆਪਣੀਆਂ ਫਿਲਮਾਂ ਦੇ ਜ਼ਰੀਏ ਵੀ।''

''ਮੈਂ ਇਸ ਦੇਸ਼ ਦੇ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਖੜ੍ਹੀ ਹਾਂ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੱਕ ਗੁਲਾਮ ਬਣਾਇਆ ਗਿਆ, ਦਬਾਇਆ ਗਿਆ ਅਤੇ ਚੁੱਪ ਕਰਾ ਦਿੱਤਾ ਗਿਆ ਅਤੇ ਜਿਨ੍ਹਾਂ 'ਤੇ ਅੱਤਿਆਚਾਰ ਨਿਰੰਤਰ ਜਾਰੀ ਹੈ।''

ਇਲੋਨ ਮਸਕ ਵੱਲੋਂ ਟਵਿੱਟਰ ਦੀ ਮਾਲਕੀ ਲੈਣ ਤੋਂ ਦੋ ਸਾਲ ਬਾਅਦ ਜਨਵਰੀ 2023 ਵਿੱਚ ਉਨ੍ਹਾਂ ਦਾ ਅਕਾਉਂਟ ਮੁੜ ਐਕਟਿਵ ਕੀਤਾ ਗਿਆ।

ਕਿਸਾਨ ਅੰਦੋਲਨ ਦੀ ਆਲੋਚਨਾ

ਕੰਗਨਾ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਵੀ ਆਲੋਚਨਾ ਕੀਤੀ। ਉਦੋਂ ਵੀ ਉਨ੍ਹਾਂ ਨੂੰ ਵਿਵਾਦ ਦਾ ਸਾਹਮਣਾ ਕਰਨਾ ਪਿਆ ਸੀ।

ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਭਰੋਸਾ ਦਿੱਤਾ ਸੀ ਕਿ ਇਨ੍ਹਾਂ ਬਿਲਾਂ ਨਾਲ ਐੱਮਐੱਸਪੀ 'ਤੇ ਕੋਈ ਅਸਰ ਨਹੀਂ ਪਵੇਗਾ।

ਕੰਗਨਾ ਨੇ ਉਸੇ ਟਵੀਟ ਨੂੰ ਰੀਟਵੀਟ ਕੀਤਾ। ਉਨ੍ਹਾਂ ਨੇ ਰੀਟਵੀਟ ਨਾਲ ਜੋ ਲਿਖਿਆ ਸੀ, ਉਸ ਲਈ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਕਿਸਾਨ ਅੰਦੋਲਨ ਦੌਰਾਨ ਅਜਿਹੇ ਕਈ ਮੌਕੇ ਆਏ ਜਦੋਂ ਉਨ੍ਹਾਂ ਦੇ ਰੁਖ ਜਾਂ ਬਿਆਨਾਂ ਕਰਕੇ ਵਿਵਾਦ ਉਪਜਿਆ।

ਮੁੰਬਈ ਦੀ ਤੁਲਨਾ ਪਾਕਿਸਤਾਨ ਸ਼ਾਸਿਤ ਕਸ਼ਮੀਰ ਨਾਲ

ਸ਼ਿਵਸੈਨਾ ਨੇਤਾ ਸੰਜੇ ਰਾਉਤ ਦੀ ਆਲੋਚਨਾ ਕਰਦੇ ਹੋਏ ਕੰਗਨਾ ਰਣੌਤ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਸ਼ਾਸਿਤ ਕਸ਼ਮੀਰ ਨਾਲ ਕੀਤੀ।

ਕੰਗਨਾ ਨੇ ਐਕਸ 'ਤੇ ਲਿਖਿਆ ਸੀ, ''ਸ਼ਿਵਸੈਨਾ ਆਗੂ ਸੰਜੇ ਰਾਉਤ ਨੇ ਮੈਨੂੰ ਖੁੱਲ੍ਹੇਆਮ ਮੁੰਬਈ ਛੱਡਣ ਅਤੇ ਵਾਪਸ ਨਾ ਆਉਣ ਦੀ ਧਮਕੀ ਦਿੱਤੀ ਹੈ। ਮੁੰਬਈ ਵਿੱਚ ਆਜ਼ਾਦੀ ਦੇ ਨਾਅਰੇ ਦੇਖ ਕੇ, ਮੁੰਬਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਰਗਾ ਕਿਉਂ ਲੱਗਦਾ ਹੈ?''

ਇਸ 'ਤੇ ਕਈ ਸਿਆਸੀ ਪ੍ਰਤੀਕਿਰਿਆਵਾਂ ਵੀ ਆਈਆਂ। ਉੱਥੇ ਹੀ ਰਿਤੇਸ਼ ਦੇਸ਼ਮੁਖ ਅਤੇ ਰੇਣੁਕਾ ਸ਼ਾਹਣੇ ਵਰਗੇ ਕਲਾਕਾਰਾਂ ਨੇ ਵੀ ਕੰਗਨਾ ਦੀ ਆਲੋਚਨਾ ਕੀਤੀ।

ਸੁਸ਼ਾਂਤ ਸਿੰਘ ਰਾਜਪੂਤ ਆਤਮਹੱਤਿਆ ਮਾਮਲੇ ਵਿੱਚ ਇਲਜ਼ਾਮ

ਕੰਗਨਾ ਨੇ ਇਲਜ਼ਾਮ ਲਗਾਇਆ ਸੀ ਕਿ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦੇ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮਹੱਤਿਆ ਕੀਤੀ।

ਕੰਗਨਾ ਨੇ ਇਸ ਮਾਮਲੇ ਵਿੱਚ ਦਿੱਗਜ ਫਿਲਮ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਅਭਿਨੇਤਰੀਆਂ 'ਤੇ ਨਿਸ਼ਾਨਾ ਸਾਧਿਆ ਸੀ।

ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ ਦੇ ਬਾਅਦ ਕੰਗਨਾ ਆਪਣੇ ਇੱਕ ਵੀਡਿਓ ਦੇ ਕਾਰਨ ਵਿਵਾਦ ਦਾ ਕੇਂਦਰ ਬਣ ਗਈ।

ਕੰਗਨਾ ਨੇ ਆਪਣੇ ਵੀਡਿਓ ਵਿੱਚ ਕਿਹਾ ਸੀ, ''ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੋ ਲੋਕ ਸਾਜ਼ਿਸ਼ ਕਰਨ ਵਿੱਚ ਮਾਹਰ ਹਨ, ਉਹ ਇਸ ਖ਼ਬਰ ਨੂੰ ਅਲੱਗ-ਅਲੱਗ ਤਰੀਕੇ ਨਾਲ ਫੈਲਾ ਰਹੇ ਹਨ।"

"ਕਿਹਾ ਜਾ ਰਿਹਾ ਹੈ ਕਿ ਮਾਨਸਿਕ ਰੂਪ ਨਾਲ ਕਮਜ਼ੋਰ, ਤਣਾਅਗ੍ਰਸਤ ਲੋਕ ਇਸ ਤਰ੍ਹਾਂ ਨਾਲ ਆਤਮਹੱਤਿਆ ਕਰਦੇ ਹਨ।"

''ਜਿਸ ਲੜਕੇ ਨੂੰ ਸਟੈਨਫੋਰਡ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਮਿਲੀ ਹੋਵੇ। ਜੋ ਰੈਂਕ ਹੋਲਡਰ ਹੋਵੇ। ਉਹ ਮਾਨਸਿਕ ਰੂਪ ਨਾਲ ਕਮਜ਼ੋਰ ਕਿਵੇਂ ਹੋ ਸਕਦਾ ਹੈ?''

ਕਰਨ ਜੌਹਰ ਦੀ ਆਲੋਚਕ

ਕੰਗਨਾ ਲਗਾਤਾਰ ਕਰਨ ਜੌਹਰ ਦੀ ਆਲੋਚਨਾ ਕਰਦੇ ਰਹੇ ਹਨ।

ਇਸ ਦੀ ਸ਼ੁਰੂਆਤ 19 ਫਰਵਰੀ, 2017 ਨੂੰ ਕਰਨ ਜੌਹਰ ਦੇ ਸ਼ੋਅ 'ਕੌਫ਼ੀ ਵਿਦ ਕਰਨ' ਤੋਂ ਹੋਈ ਸੀ। ਉੱਥੇ ਉਨ੍ਹਾਂ ਨੇ ਸਿੱਧਾ ਕਰਨ ਜੌਹਰ ਦੇ ਸ਼ੋਅ ਵਿੱਚ ਜਾ ਕੇ ਉਨ੍ਹਾਂ 'ਤੇ ਕਈ ਤਨਜ਼ ਕਸੇ।

ਸ਼ੋਅ ਵਿੱਚ ਕਰਨ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੰਗਨਾ ਕਹਿੰਦੀ ਹੈ, ''ਜੇਕਰ ਕਦੇ ਮੇਰੀ ਬਾਇਓਪਿਕ ਬਣਦੀ ਹੈ ਤਾਂ ਤੁਸੀਂ (ਕਰਨ ਜੌਹਰ) ਇੱਕ ਰਵਾਇਤੀ ਬਾਲੀਵੁੱਡ ਦੇ 'ਵੱਡੇ ਬੰਦੇ' ਦੀ ਭੂਮਿਕਾ ਨਿਭਾ ਸਕਦੇ ਹੋ ਜੋ ਨਵੇਂ ਲੋਕਾਂ ਨੂੰ ਮੌਕਾ ਨਹੀਂ ਦਿੰਦੇ।"

"ਤੁਸੀਂ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਅਤੇ ਮੂਵੀ ਮਾਫ਼ੀਆ ਦੇ ਝੰਡਾਬਰਦਾਰ ਹੋ।''

ਸ਼ੋਅ ਵਿੱਚ ਇਹ ਗੱਲ ਸੁਣ ਕੇ ਕਰਨ ਜੌਹਰ ਮੁਸਕਰਾਏ ਅਤੇ ਉਨ੍ਹਾਂ ਨੇ ਗੱਲਬਾਤ ਦਾ ਵਿਸ਼ਾ ਬਦਲ ਦਿੱਤਾ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਜਵਾਬ ਦਿੱਤਾ।

ਲੰਡਨ ਵਿੱਚ ਪੱਤਰਕਾਰ ਅਨੁਪਮਾ ਚੋਪੜਾ ਨੂੰ ਦਿੱਤੇ ਇੰਟਰਵਿਊ ਵਿੱਚ ਕਰਨ ਜੌਹਰ ਨੇ ਕਿਹਾ, ''ਮੈਂ ਕੰਗਨਾ ਨੂੰ ਕੰਮ ਨਹੀਂ ਦਿੱਤਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਮੂਵੀ ਮਾਫ਼ੀਆ ਬਣ ਗਿਆ ਹਾਂ।"

"ਤੁਸੀਂ ਹਮੇਸ਼ਾ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇੱਕ ਮਹਿਲਾ ਹੋ, ਤੁਸੀਂ ਪੀੜਤ ਹੋ। ਤੁਸੀਂ ਹਮੇਸ਼ਾ ਇਹ ਨਹੀਂ ਕਹਿ ਸਕਦੇ ਕਿ ਬਾਲੀਵੁੱਡ ਵਿੱਚ ਤੁਹਾਨੂੰ ਹਮੇਸ਼ਾ ਧਮਕਾਇਆ ਜਾਂਦਾ ਹੈ। ਜੇਕਰ ਬਾਲੀਵੁੱਡ ਇੰਨਾ ਬੁਰਾ ਹੈ ਤਾਂ ਇਸ ਇੰਡਸਟਰੀ ਨੂੰ ਛੱਡ ਦਿਓ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)