You’re viewing a text-only version of this website that uses less data. View the main version of the website including all images and videos.
ਪੰਜਾਬੀਆਂ ਲਈ ਹੀਰ ਪੜ੍ਹਨੀ ਕਿਉਂ ਜ਼ਰੂਰੀ? ਸੁਣੀ-ਸੁਣਾਈ ਹੀਰ ਨਾਲੋਂ ਪੜ੍ਹੀ ਦਾ ਕੀ ਫ਼ਰਕ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਕਈ ਵਰ੍ਹੇ ਪਹਿਲਾਂ ਇੱਕ ਬਜ਼ੁਰਗ ਨੇ ਪੁੱਛਿਆ ਕਿ ਮੁੰਡਿਆ ਤੂੰ ਆਪਣੇ ਆਪ ਨੂੰ ਪੰਜਾਬੀ ਕਹਿੰਨਾ ਹੈਂ ਤੇ ਹੀਰ ਵਾਰਿਸ਼ ਸ਼ਾਹ ਤਾਂ ਪੜ੍ਹੀ ਹੋਣੀ ਹੈ।
ਮੈਂ ਕਿਹਾ ਜੀ ਪੜ੍ਹੀ ਤਾਂ ਘੱਟ ਵਧ ਹੀ ਹੈ, ਪਰ ਸੁਣੀ ਵਾਹਵਾ (ਬਹੁਤ ਵਾਰ) ਹੈ।
ਕਦੇ ਕਿਸੇ ਮੇਲੇ ’ਤੇ ਅਤੇ ਕਦੇ ਆਪਣੇ ਹੀ ਵਿਹੜੇ ’ਚ ਕਿਸੇ ਪ੍ਰਾਹੁਣੇ ਨੇ ਰਾਤ ਨੂੰ ਹੀਰ ਗਾਉਣੀ ਸ਼ੁਰੂ ਕਰ ਦਿੱਤੀ।
ਬਜ਼ੁਰਗਾਂ ਨੇ ਕਿਹਾ ਕਿ ਜੰਮਪਲ ਤੂੰ ਪੰਜਾਬ ਦੀ ਹੈ ਅਤੇ ਹੀਰ ਬਸ ਸੁਣੀ-ਸੁਣਾਈ ’ਤੇ ਚੱਲ ਰਿਹਾ ਹੈ।
ਫਿਰ ਉਨ੍ਹਾਂ ਨੇ ਬੜੇ ਹੀ ਪਿਆਰ ਨਾਲ ਹੀਰ ਵਾਰਿਸ਼ ਸ਼ਾਹ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਸਾਨੂੰ ਚਾਨਣ ਹੋਇਆ ਕਿ ਜਿਹੜੀ ਹੀਰ ਅਸੀਂ ਸੁਣਦੇ ਆਏ ਹਾਂ ਅਤੇ ਜਿਹੜੀ ਹੀਰ ਵਾਰਿਸ਼ ਸ਼ਾਹ ਲਿਖ ਗਏ ਹਨ, ਉਸ ’ਚ ਬੜਾ ਹੀ ਫਰਕ ਹੈ।
ਬਾਅਦ 'ਚ ਗਾਉਣ ਵਾਲਿਆਂ ਨੇ ਤਾਂ ਹੀਰ ਨੂੰ ਪੁੱਠਾ ਹੀ ਟੰਗ ਦਿੱਤਾ ਹੈ ਤੇ ਕਈਆਂ ਨੇ ਤਾਂ ਆਪਣੀ ਹੀ ਮਰਜ਼ੀ ਦੀ ਹੀਰ ਬਣਾ ਲਈ ਹੈ।
ਜੇ ਤੁਸੀਂ ਵੀ ਸੁਣੀ ਸੁਣਾਈ ਹੀਰ ’ਤੇ ਗੁਜ਼ਾਰਾ ਕਰਦੇ ਆਏ ਹੋ ਤਾਂ ਤੁਸੀਂ ਉਹ ਵਾਲੀ ਹੀਰ ਜ਼ਰੂਰ ਸੁਣੀ ਹੋਵੇਗੀ, ਜਿਸ ਦੇ ’ਚ ਕਿਹਾ ਗਿਆ ਹੈ ਕਿ –
ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ
ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ
ਮੇਰਾ ਆਖਿਆ ਦੀ ਨਾ ਮੋੜਦਾ ਸੈਂ
ਉਹ ਦਿਨ ਬਾਬਲਾ ਕਿਤੇ ਗੈ ਚੱਲੇ…।
ਇਹ ਹੀਰ ਲਤਾ ਮੰਗੇਸ਼ਕਰ ਤੋਂ ਲੈ ਕੇ ਆਬਿਦਾ ਪ੍ਰਵੀਨ ਤੱਕ ਵੱਡਿਆਂ-ਵੱਡਿਆਂ ਗੁਲੂਕਾਰਾਂ ਨੇ ਗਾਈ ਹੈ ਤੇ ਬਹੁਤ ਮਸ਼ਹੂਰ ਵੀ ਹੋਈ ਹੈ।
ਕਿਤਾਬ ਖੋਲ੍ਹ ਕੇ ਵਾਰਿਸ਼ ਸ਼ਾਹ ਦੀ ਹੀਰ ਪੜ੍ਹੀ ਤਾਂ ਪਤਾ ਲੱਗਿਆ ਕਿ ਹੀਰ ਨਾ ਰੋਈ ਤੇ ਨਾ ਹੀ ਕੁਰਲਾਈ ਤੇ ਨਾ ਉਸ ਨੇ ਕੋਈ ਚੀਕਾਂ ਮਾਰੀਆਂ ਬਲਕਿ ਮੂੰਹ ’ਤੇ ਹੱਥ ਫੇਰ ਕੇ ਨਿਕਾਹ ਪੜ੍ਹਾਉਣ ਵਾਲੇ ਮੌਲਵੀ ਨੂੰ ਤੇ ਪਿਓ, ਚਾਚਿਆਂ ਨੂੰ ਜਿਹੜੇ ਕਿ ਉਸ ਨੂੰ ਰਾਂਝੇ ਤੋਂ ਖੋਹ ਕੇ ਜ਼ਬਰਦਸਤੀ ਡੋਲੀ ’ਚ ਪਾ ਰਹੇ ਸਨ, ਉਨ੍ਹਾਂ ਸਾਰਿਆਂ ਨੂੰ ਤਾਹਨੇ-ਮਿਹਣੇ ਮਾਰਦੀ ਗਈ।
ਮੌਲਵੀ ਸਾਹਿਬ ਨਾਲ ਤਾਂ ਉਸ ਨੇ ਬਹਿਸ ਵੀ ਪਾ ਦਿੱਤੀ ਕਿ ਮੈਂ ਤਾਂ ਅਜ਼ਲਾਂ ਤੋਂ ਰਾਂਝੇ ਨਾਲ ਵਿਆਹੀ ਹਾਂ ਤੇ ਤੂੰ ਨਿਕਾਹ ’ਤੇ ਨਿਕਾਹ ਪੜ੍ਹਾ ਕੇ ਕਿਹੜਾ ਕੁਫ਼ਰ ਕਮਾਉਣ ਲੱਗਾ ਹੈ। ਜਾਂਦੇ-ਜਾਂਦੇ ਮੌਲਵੀ ਸਾਹਿਬ ਦੇ ਬਾਰੇ ’ਚ ਇਹ ਵੀ ਕਹਿ ਗਈ ਕਿ-
ਖਾਣ ਵੱਢੀਆਂ ਨਿੱਤ ਇਮਾਨ ਵੇਚਣ
ਇਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ…।
ਪਿੰਡਾਂ ’ਚੋਂ ਜਿਹੜੀ ਜਿਣਸ ਵੀ ਸ਼ਹਿਰ ਆਉਂਦੀ ਹੈ, ਉਸ ਦੇ ’ਚ ਸ਼ਹਿਰ ਦੇ ਵਪਾਰੀ ਚਾਰ ਪੈਸੇ, ਬਹੁਤਾ ਮੁਨਾਫ਼ਾ ਕਮਾਉਣ ਦੇ ਲਈ ਛੋਟੀ-ਮੋਟੀ ਮਿਲਾਵਟ ਕਰਦੇ ਹੀ ਰਹਿੰਦੇ ਹਨ।
ਦੁੱਧ ’ਚ ਕਮੇਟੀ ਦੇ ਨਲਕੇ ਦਾ ਪਾਣੀ, ਆਟੇ ’ਚ ਰੌੜੀ-ਵੱਟੇ ਅਤੇ ਮਿਰਚਾਂ ’ਚ ਲਾਲ ਇੱਟਾਂ ਪੀਸ ਕੇ ਪਾ ਛੱਡਦੇ ਹਨ।
ਵਾਰਿਸ਼ ਸ਼ਾਹ ਦੀ ਹੀਰ ਦੇ ਨਾਲ ਵੀ ਅਸੀਂ ਇੰਝ ਹੀ ਕੁਝ ਕੀਤਾ ਹੈ।
ਵਾਰਿਸ਼ ਸ਼ਾਹ ਦੀ ਲਿਖਤ ਹੀਰ
ਵਾਰਿਸ਼ ਸ਼ਾਹ ਨੇ ਹੀਰ ਹੱਥ ਨਾਲ ਲਿਖੀ ਸੀ।
ਕਈ ਲੋਕਾਂ ਨੇ ਸਾਰੀ ਹੀਰ ਜ਼ੁਬਾਨੀ ਯਾਦ ਕਰ ਲਈ। ਹੁਣ ਵੀ ਤੁਹਾਨੂੰ ਪਿੰਡਾਂ ’ਚ ਕਈ ਹੀਰ ਦੇ ਹਾਫ਼ਿਜ਼ ਮਿਲ ਹੀ ਜਾਂਦੇ ਹਨ।
ਕਈ ਸਿਆਣਿਆਂ ਨੇ ਕਲਮੀ ਨੁਸਖ਼ੇ ਲਿਖੇ ਅਤੇ ਆਪਣੀ-ਆਪਣੀ ਤਬੀਅਤ ਦੇ ਮੁਤਾਬਕ ਕੁਝ ਬੋਲ ਕੱਢਦੇ ਗਏ ਅਤੇ ਕੁਝ ਨਵੇਂ ਪਾਉਂਦੇ ਗਏ।
ਜਦੋਂ ਪੰਜਾਬ ’ਚ ਛਾਪੇਖਾਨੇ ਆਏ ਤਾਂ ਹੀਰ ਛਾਪਣ ਦਾ ਧੰਦਾ ਟੁਰ ਪਿਆ।
ਅਸੀਂ ਰੋਣਾ ਹਮੇਸ਼ਾਂ ਇਹੀ ਰੋਈਦਾ ਹੈ ਕਿ ਲੋਕ ਪੰਜਾਬੀ ਪੜ੍ਹਦੇ ਨਹੀਂ, ਪਰ ਉਦੋਂ ਪੰਜਾਬੀ ਪੜ੍ਹਣ ਵਾਲੇ ਇੰਨੇ ਕੁ ਹੈ ਸਨ ਕਿ ਛਾਪੇਖਾਨੇ ਆਲਿਆਂ ’ਚ ਹੀਰ ਛਾਪਣ ਦਾ ਮੁਕਾਬਲਾ ਸ਼ੁਰੂ ਹੋ ਗਿਆ।
ਇੱਕ ਤੋਂ ਇੱਕ ਅਸਲੀ ਅਤੇ ਵੱਡੀ ਹੀਰ ਬਾਜ਼ਾਰ ’ਚ ਮਿਲਣ ਲੱਗ ਪਈ। ਜਿੰਨੀ ਵੱਡੀ ਅਤੇ ਅਸਲੀ ਹੀਰ , ਓਨੀਂ ਉਸ ’ਚ ਜ਼ਿਆਦਾ ਮਿਲਾਵਟ।
ਹੀਰ ਸੂਫ਼ੀ ਕਲਾਮ ਜਾਂ ਇਸ਼ਕ ਕਹਾਣੀ
ਵੱਡੇ-ਵੱਡੇ ਆਲਮਾ ਨੇ ਸਾਰੀ ਜ਼ਿੰਦਗੀ ਰਿਸਰਚ ਕਰਕੇ ਹੀਰ ਦਾ ਨਿਤਾਰਾ ਕੀਤਾ ਹੈ ਅਤੇ ਵਾਰਿਸ਼ ਸ਼ਾਹ ਦੇ ਬੋਲਾਂ ਨੂੰ ਸਿਆਣਿਆ ਹੈ, ਪਰ ਲੋਕਾਂ ਦੀ ਜ਼ੁਬਾਨ ’ਤੇ ਜਿਹੜੇ ਬੋਲ ਇੱਕ ਵਾਰੀ ਚੜ੍ਹ ਜਾਣ ਉਹ ਫਿਰ ਭੁੱਲਦੇ ਨਹੀਂ।
ਕਈ ਲੋਕ ਹੀਰ ਨੂੰ ਸੂਫ਼ੀ ਕਲਾਮ ਸਮਝ ਕੇ ਪੜ੍ਹਦੇ ਹਨ, ਕੋਈ ਇਸ਼ਕ ਕਹਾਣੀ ਸਮਝ ਕੇ ਅਤੇ ਕਈ ਪੰਜਾਬ ਦੀ ਰਹਿਤਲ ਦਾ ਇਨਸਾਈਕਲੋਪੀਡੀਆ ਵੀ ਸਮਝਦੇ ਹਨ।
ਬਾਕੀ ਬਜ਼ੁਰਗ ਸ਼ਾਇਰਾਂ ਨਾਲ ਵੀ ਇਹੀ ਹੋਇਆ ਹੈ। ਕਈ ਲੋਕਾਂ ਨੇ ਸੈਫਲ ਮਲੂਕ ਆਪਣੀ ਹੀ ਬਣਾਈ ਹੈ।
ਜਿਹੜਾ ਬੁੱਲ੍ਹਾ ਗਾਇਆ ਜਾਂਦਾ ਹੈ, ਉਸ ’ਚ ਜ਼ਿਆਦਾਤਰ ਬੁਲ੍ਹਾ ਹੈ ਹੀ ਨਹੀਂ। ਵੈਸੇ ਤਾਂ ਇਹ ਇਸ਼ਕ ਦੇ ਕੰਮ ਹਨ।
ਕਈ ਸ਼ਾਇਰ ਬਜ਼ੁਰਗਾਂ ਦੇ ਰੰਗ ’ਚ ਰੰਗੇ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਗ ’ਚ ਹੀ ਕਲਾਮ ਕਹਿੰਦੇ ਹਨ।
ਹੀਰ ਵਾਰਿਸ਼ ਸ਼ਾਹ ਵੀ ਕੋਈ ਅਸਮਾਨੀ ਕਿਤਾਬ ਨਹੀਂ ਹੈ। ਵਾਰਿਸ਼ ਸ਼ਾਹ ਨੇ ਜੰਡਿਆਲੇ ਦੀ ਮਸੀਤ ਦੇ ਹੁਜਰੇ ’ਚ ਬੈਠ ਕੇ ਲਿਖੀ ਸੀ।
ਅਸੀਂ ਵਾਰਿਸ਼ ਸ਼ਾਹ ਨਾਲ ਵੀ ਉਹੀ ਵਾਰਦਾਤ ਪਾਈ ਹੈ, ਜਿਹੜੀ ਕਈ ਵਲੀਆਂ, ਪੈਗੰਬਰਾਂ ਅਤੇ ਉਨ੍ਹਾਂ ਦੇ ਕਲਾਮ ਨਾਲ ਕਰਦੇ ਆਏ ਹਾਂ।
ਜੇ ਉਹ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਸਨ ਤਾਂ ਅਸੀਂ ਉਨ੍ਹਾਂ ਦਾ ਨਾਮ ਲੈ ਕੇ ਕਾਫ਼ਰ-ਕਾਫ਼ਰ ਦੇ ਨਾਅਰੇ ਮਾਰ ਛੱਡੀ ਦੇ ਹਨ।
ਜੇ ਉਹ ਫ਼ਰਮਾ ਗਏ ਸਨ ਕਿ ਜ਼ਮੀਨ ’ਤੇ ਧੌਣ ਨੀਵੀਂ ਕਰਕੇ ਟੁਰੋ ਤਾਂ ਸਾਨੂੰ ਜੇਕਰ ਕਿਸੇ ਬੰਦੇ ਦੀ ਗੱਲ ਪਸੰਦ ਨਾ ਆਵੇ ਤਾਂ ਅਸੀਂ ‘ਸਿਰ ਤਨ ਸੇ ਯੁਦਾ’ ਦਾ ਨਾਅਰਾ ਮਾਰ ਛੱਡੀ ਦਾ ਹੈ ਅਤੇ ਜੇਕਰ ਫਿਰ ਵੀ ਤਸੱਲੀ ਨਾ ਹੋਵੇ ਬੰਦਾ ਸਾੜ ਕੇ ਭੰਗੜੇ ਪਾਉਂਦੇ ਹਾਂ ਅਤੇ ਕਹਿੰਦੇ ਹਾਂ ਕਿ ਅਸੀਂ ਪੈਗੰਬਰੀ ਕੰਮ ਕਰ ਛੱਡਿਆ ਹੈ।
ਜਿਹੜਾ ਵੀ ਦਿਲ ਕਰੋ ਉਹ ਹੀਰ ਸੁਣੋ, ਪਰ ਅਗਲੀ ਦਫਾ ਕੋਈ ਗਾਵੇ ਕਿ-
ਡੋਲੀ ਚੜ੍ਹਦੇ ਮਾਰੀਆਂ ਹੀਰ ਚੀਕਾਂ…। ਤਾਂ ਯਾਦ ਰੱਖੋ ਕਿ ਵਾਰਿਸ਼ ਸ਼ਾਹ ਦੀ ਹੀਰ ਤਾਂ ਆਪਣੇ ਵਕਤ ਦੇ ਜ਼ਾਲਮਾਂ ਦੀਆਂ ਚੀਕਾਂ ਕੱਢਵਾ ਕੇ ਗਈ ਸੀ। ਤੇ ਬਾਕੀ ਆਸ਼ਿਕ ਲੋਕਾਂ ਲਈ ਵਾਰਿਸ਼ ਸ਼ਾਹ ਆਪ ਫ਼ੁਰਮਾ ਗਏ ਹਨ-
ਮਾਨ-ਮੱਤੀਏ ਰੂਪ ਗੁਮਾਨ ਭਰੀਏ,
ਅਠਖੇਲੀਏ ਰੰਗ ਰੰਗੀਲੀਏ ਨੀ।
ਆਸ਼ਕ ਭੌ,ਰ ਫ਼ਕੀਰ ਤੇ ਨਾਗ ਕਾਲੇ,
ਬਾਝ ਮੰਤਰੋਂ ਮੂਲ ਨਾ ਕੀਲੀਏ ਨੀ।