You’re viewing a text-only version of this website that uses less data. View the main version of the website including all images and videos.
ਯੂਕਰੇਨ ਤੇ ਰੂਸ ਤਬਾਹ ਹੋ ਚੁੱਕੇ ਛੋਟੇ ਜਿਹੇ ਸ਼ਹਿਰ 'ਚ 20 ਹਜ਼ਾਰ ਫੌਜੀ ਮਰਵਾ ਕੇ ਵੀ ਕਿਉਂ ਪਿੱਛੇ ਨਹੀਂ ਹਟ ਰਹੇ
- ਲੇਖਕ, ਜੇਮਸ ਲੈਂਡਲ
- ਰੋਲ, ਬੀਬੀਸੀ ਨਿਊਜ਼
ਬਖਮੁਤ ਖੰਡਰ ਵਿੱਚ ਤਬਦੀਲ ਹੋ ਗਿਆ ਹੈ। ਰੂਸ ਅਤੇ ਯੂਕਰੇਨ ਦੀ ਜੰਗ ਨੂੰ ਇੱਕ ਸਾਲ ਤੋਂ ਵੱਧ ਹੋ ਗਿਆ ਹੈ।
ਇਹ ਪੂਰਬੀ ਯੂਕਰੇਨ ਵਿੱਚ ਇੱਕ ਛੋਟਾ ਜਿਹਾ ਉਦਯੋਗਿਕ ਸ਼ਹਿਰ ਹੈ। ਪਿਛਲੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਰੂਸੀ ਫੌਜ ਨੇ ਇਸ ਦੀ ਘੇਰਾਬੰਦੀ ਕੀਤੀ ਹੋਈ ਹੈ।
ਸ਼ਹਿਰ ਦੇ ਡਿਪਟੀ ਮੇਅਰ ਓਲੇਕਸੈਂਡਰ ਮਾਰਚੇਂਕੋ ਮੁਤਾਬਕ, ਇੱਥੇ ਹੁਣ ਸਿਰਫ ਕੁਝ ਹਜ਼ਾਰ ਲੋਕ ਹੀ ਬਚੇ ਹਨ।
ਉਹ ਅੰਡਰ ਗਰਾਊਂਡ ਸ਼ੈਲਟਰਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਕੋਲ ਨਾ ਪਾਣੀ ਹੈ, ਨਾ ਗੈਸ ਅਤੇ ਨਾ ਬਿਜਲੀ।
ਉਹ ਕਹਿੰਦੇ ਹਨ, "ਇਹ ਸ਼ਹਿਰ ਲਗਭਗ ਤਬਾਹ ਹੋ ਗਿਆ ਹੈ। ਇੱਥੇ ਕੋਈ ਅਜਿਹੀ ਇਮਾਰਤ ਨਹੀਂ ਹੈ, ਜਿਸ ਨੂੰ ਇਸ ਜੰਗ ਵਿੱਚ ਨੁਕਸਾਨ ਨਾ ਪਹੁੰਚਿਆ ਹੋਵੇ।"
ਹੁਣ ਸਵਾਲ ਇਹ ਹੈ ਕਿ ਮਲਬੇ ਦਾ ਢੇਰ ਬਣ ਚੁੱਕੇ ਇਸ ਸ਼ਹਿਰ ਲਈ ਰੂਸ ਅਤੇ ਯੂਕਰੇਨ ਕਿਉਂ ਲੜ ਰਹੇ ਹਨ?
ਇਸ ਸ਼ਹਿਰ 'ਤੇ ਹਮਲਾ ਕਰਨ ਅਤੇ ਬਚਾਅ ਕਰਨ ਲਈ ਦੋਵੇਂ ਧਿਰਾਂ ਆਪਣੇ ਬਹੁਤ ਸਾਰੇ ਫੌਜੀਆਂ ਦੀ ਜਾਨ ਦਾਅ 'ਤੇ ਕਿਉਂ ਲਗਾ ਰਹੀਆਂ ਹਨ?
ਯੂਕਰੇਨੀ ਜੰਗ ਵਿੱਚ ਬਖਮੁਤ ਮੋਰਚੇ 'ਤੇ ਜਾਰੀ ਸੰਘਰਸ਼ ਕਿਸੇ ਵੀ ਹੋਰ ਮੋਰਚੇ ਨਾਲੋਂ ਵਧੇਰੇ ਲੰਬਾ ਖਿੱਚ ਗਿਆ ਹੈ।
ਫੌਜੀ ਮਾਹਰਾਂ ਦੀ ਮੰਨੀਏ ਤਾਂ, ਬਖਮੁਤ ਦੀ ਰਣਨੀਤਕ ਮਹੱਤਤਾ ਮਾਮੂਲੀ ਜਿਹੀ ਹੈ।
ਇਹ ਕੋਈ ਫੌਜੀ ਛਾਉਣੀ ਵਾਲਾ ਸ਼ਹਿਰ ਨਹੀਂ ਹੈ। ਨਾ ਹੀ ਇਹ ਇੱਕ ਟਰਾਂਸਪੋਰਟ ਹੱਬ ਹੈ। ਆਬਾਦੀ ਦੇ ਲਿਹਾਜ਼ ਨਾਲ ਵੀ ਇਹ ਕੋਈ ਮਹੱਤਵਪੂਰਨ ਕੇਂਦਰ ਨਹੀਂ ਹੈ। ਰੂਸ ਦੇ ਹਮਲੇ ਤੋਂ ਪਹਿਲਾਂ ਇੱਥੇ ਲਗਭਗ 70 ਹਜ਼ਾਰ ਲੋਕ ਰਹਿੰਦੇ ਸਨ।
ਇਸ ਸ਼ਹਿਰ ਦੀ ਪਛਾਣ ਲੂਣ ਅਤੇ ਜਿਪਸਮ ਦੀਆਂ ਖਾਣਾਂ ਲਈ ਰਹੀ ਹੈ। ਇੱਥੋਂ ਦੀ ਵੱਡੀ ਵਾਈਨਰੀ ਵੀ ਮਸ਼ਹੂਰ ਸੀ। ਭੂਗੋਲਿਕ ਤੌਰ 'ਤੇ ਇਸ ਦਾ ਕੋਈ ਖਾਸ ਮਹੱਤਵ ਨਹੀਂ ਹੈ।
ਪੱਛਮੀ ਦੇਸ਼ ਦੇ ਇੱਕ ਅਧਿਕਾਰੀ ਮੁਤਾਬਕ, "ਇਹ 1200 ਕਿਲੋਮੀਟਰ ਲੰਬੀ ਫਰੰਟ ਲਾਈਨ 'ਤੇ ਰਣਨੀਤਕ ਤੌਰ 'ਤੇ ਇੱਕ ਛੋਟੀ ਜਿਹੀ ਜਗ੍ਹਾ ਹੈ।"
ਇਸ ਤੋਂ ਬਾਅਦ ਵੀ ਰੂਸ ਨੇ ਇੱਥੇ ਵੱਡੀ ਗਿਣਤੀ ਵਿੱਚ ਫੌਜੀ ਸੰਸਾਧਨ ਲਗਾਏ ਤਾਂ ਜੋ ਇਸ ਸ਼ਹਿਰ ਨੂੰ ਜਿੱਤਿਆ ਜਾ ਸਕੇ।
ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਬਖਮੁਤ ਦੇ ਆਲੇ-ਦੁਆਲੇ ਰੂਸੀ ਦੇ 20 ਤੋਂ 30 ਹਜ਼ਾਰ ਫੌਜੀਆਂ ਜਾਂ ਤਾਂ ਮਾਰੇ ਗਏ ਜਾਂ ਜ਼ਖਮੀ ਹੋਏ ਹਨ।
ਬਖਮੁਤ ਬਾਰੇ ਮੁੱਖ ਬਿੰਦੂ
- ਬਖਮੁਤ ਪੂਰਬੀ ਯੂਕਰੇਨ ਵਿੱਚ ਇੱਕ ਛੋਟਾ ਜਿਹਾ ਉਦਯੋਗਿਕ ਸ਼ਹਿਰ ਹੈ।
- ਰੂਸ ਦੇ ਹਮਲੇ ਤੋਂ ਪਹਿਲਾਂ ਇੱਥੇ ਲਗਭਗ 70 ਹਜ਼ਾਰ ਲੋਕ ਰਹਿੰਦੇ ਸਨ।
- ਇਸ ਸ਼ਹਿਰ ਦੀ ਪਛਾਣ ਲੂਣ ਅਤੇ ਜਿਪਸਮ ਦੀਆਂ ਖਾਣਾਂ ਲਈ ਰਹੀ ਹੈ
- ਭੂਗੋਲਿਕ ਤੌਰ 'ਤੇ ਇਸ ਦਾ ਕੋਈ ਖਾਸ ਮਹੱਤਵ ਨਹੀਂ ਹੈ।
- ਬਖਮੁਤ ਖੰਡਰ ਵਿੱਚ ਤਬਦੀਲ ਹੋ ਗਿਆ ਹੈ।
- ਪਿਛਲੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਰੂਸੀ ਫੌਜ ਨੇ ਇਸ ਦੀ ਘੇਰਾਬੰਦੀ ਕੀਤੀ ਹੋਈ ਹੈ।
ਰੂਸ ਲਈ ਖਾਸ ਕਿਉਂ ਹੈ ਬਖਮੁਤ?
ਯੂਕਰੇਨ ਜੰਗ ਵਿੱਚ ਰੂਸ ਜਿੱਤ ਦੀ ਬੇਸਬਰੀ ਨਾਲ ਭਾਲ ਹੈ। ਭਾਵੇਂ ਇਹ ਪ੍ਰਤੀਕਾਤਮਕ ਜਿੱਤ ਕਿਉਂ ਨਾ ਹੋਵੇ। ਰੂਸੀ ਫੌਜ ਨੇ ਸੇਵੇਰੋਦੋਨੇਤਸਕ ਅਤੇ ਲਿਸੀਚਾਂਸਕ 'ਤੇ ਕਬਜ਼ਾ ਕੀਤਿਆਂ ਹੋਇਆਂ ਕਾਫੀ ਲੰਬਾ ਸਮਾਂ ਬੀਤ ਗਿਆ ਹੈ। ਉਸ ਤੋਂ ਬਾਅਦ ਤੋਂ ਯੂਕਰੇਨ ਦੀ ਧਰਤੀ 'ਤੇ ਰੂਸ ਦੇ ਵਧਣ ਦੀ ਗਤੀ ਬਹੁਤ ਹੋਲੀ ਰਹੀ ਹੈ।
ਅਜਿਹੇ ਵਿੱਚ ਰੂਸ ਨੂੰ ਜਿੱਤ ਦੀ ਚਾਹੀਦੀ ਹੈ ਤਾਂ ਜੋ ਘਰ ਵਿੱਚ ਜੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲਿਆਂ ਨੂੰ ਮਸਾਲਾ ਮਿਲ ਸਕੇ।
ਯੂਕਰੇਨ ਦੇ ਸਿਕਿਓਰਿਟੀ ਅਤੇ ਕੋਓਪਰੇਸ਼ਨ ਸੈਂਟਰ ਦੇ ਚੇਅਰਮੈਨ, ਸੇਰਹੀ ਕੁਜ਼ਾਨ ਨੇ ਬੀਬੀਸੀ ਨੂੰ ਦੱਸਿਆ, "ਉਹ ਸਿਆਸੀ ਮਿਸ਼ਨ ਲਈ ਲੜ ਰਹੇ ਹਨ, ਨਾ ਕਿ ਪੂਰੀ ਤਰ੍ਹਾਂ ਫੌਜੀ ਮਿਸ਼ਨ ਲਈ।"
"ਰੂਸੀ ਆਪਣੇ ਰਾਜਨੀਤਿਕ ਟੀਚਿਆਂ ਨੂੰ ਹਾਸਿਲ ਕਰਨ ਲਈ ਹਜ਼ਾਰਾਂ ਜਾਨਾਂ ਕੁਰਬਾਨ ਕਰਦੇ ਰਹਿਣਗੇ।"
ਰੂਸੀ ਕਮਾਂਡਰ ਵੀ ਫੌਜੀ ਕਾਰਨਾਂ ਕਰਕੇ ਬਖਮੁਤ ਨੂੰ ਹਾਸਲ ਕਰਨਾ ਚਾਹੁੰਦੇ ਹਨ। ਉਹ ਉਮੀਦ ਲਗਾ ਰਹੇ ਹਨ ਕਿ ਇਹ ਸ਼ਹਿਰ ਅੱਗੇ ਦੇ ਇਲਾਕਿਆਂ ਨੂੰ ਹਾਸਲ ਕਰਨ ਲਈ ਸਪਰਿੰਗ ਬੋਰਡ ਵਜੋਂ ਕੰਮ ਕਰੇਗਾ।
ਦਸੰਬਰ ਵਿੱਚ, ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਸ਼ਹਿਰ 'ਤੇ ਕਬਜ਼ਾ ਕਰਨ ਨਾਲ, ਰੂਸ 'ਕ੍ਰਾਮੇਤੋਰਸਕ ਅਤੇ ਸਲੋਵਿਆਂਸਕ ਵਰਗੇ ਵੱਡੇ ਸ਼ਹਿਰੀ ਖੇਤਰਾਂ' ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਇਸ ਦੌਰਾਨ ਹਮਲੇ ਦੇ ਕੇਂਦਰ ਵਿੱਚ ਮੌਜੂਦ ‘ਵੈਗਨਰ ਗਰੁੱਪ’ (ਇਹ ਕਿਰਾਏ ਲਈ ਲੜ ਰਹੇ ਪ੍ਰਾਈਵੇਟ ਸਿਪਾਹੀਆਂ ਦਾ ਗਰੁੱਪ ਹੈ) ਬਾਰੇ ਵੀ ਸਵਾਲ ਉੱਠ ਰਹੇ ਹਨ।
ਉਨ੍ਹਾਂ ਦੇ ਨੇਤਾ, ਯੇਵਗੇਨੀ ਪ੍ਰਿਗੋਜ਼ਿਨ, ਨੇ ਬਖਮੁਤ ਦੇ ਕਬਜ਼ੇ ਨੂੰ ਲੈ ਕੇ ਖ਼ੁਦ ਵੱਲੋਂ ਆਪਣੀ ਨਿੱਜੀ ਫੌਜ ਦੀ ਸਾਖ ਨੂੰ ਦਾਅ 'ਤੇ ਲਗਾਇਆ ਹੋਇਆ ਹੈ।
ਯੇਵਗੇਨੀ ਦੀ ਇੱਛਾ ਇਹ ਦਰਸਾਉਣਾ ਸੀ ਕਿ ਉਨ੍ਹਾਂ ਦੇ ਲੜਾਕੇ ਰੂਸੀ ਫੌਜ ਨਾਲੋਂ ਵਧੀਆ ਨਤੀਜੇ ਹਾਸਿਲ ਕਰ ਸਕਦੇ ਹਨ।
ਉਨ੍ਹਾਂ ਨੇ ਹਜ਼ਾਰਾਂ ਸਜ਼ਾ ਯਾਫ਼ਤਾ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਅਤੇ ਉਨ੍ਹਾਂ ਵਿਚੋਂ ਕਈਆਂ ਨੂੰ ਯੂਕਰੇਨੀ ਫੌਜ ਨਾਲ ਲੜਨ ਲਈ ਭੇਜ ਰਹੇ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਹੋ ਗਈ।
ਜੇਕਰ ਉਨ੍ਹਾਂ ਨੂੰ ਇੱਥੇ ਸਫ਼ਲਤਾ ਨਹੀਂ ਮਿਲੀ ਤਾਂ ਮਾਸਕੋ ਵਿੱਚ ਉਨ੍ਹਾਂ ਦਾ ਸਿਆਸੀ ਦਬਦਬਾ ਖ਼ਤਮ ਹੋ ਜਾਵੇਗਾ। ਯੇਵਗੇਨੀ ਦੇ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮਤਭੇਦ ਹਨ।
ਉਹ ਉਨ੍ਹਾਂ ਦੀਆਂ ਰਣਨੀਤੀਆਂ ਦੀ ਆਲੋਚਨਾ ਕਰਦੇ ਹਨ। ਹੁਣ ਉਹ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਲੋੜੀਂਦਾ ਅਸਲਾ ਨਹੀਂ ਮਿਲ ਰਿਹਾ।
ਸੇਰਹੀ ਕੁਜ਼ਾਨ ਦਾ ਕਹਿਣਾ ਹੈ ਕਿ ਜੋਵਾਂ ਵਿਚਾਲੇ ਰੂਸ ਵਿਚ ਦਬਦਬਾ ਦਿਖਾਉਣ ਲਈ ਸੰਘਰਸ਼ ਜਾਰੀ ਹੈ ਅਤੇ "ਇਸ ਸੰਘਰਸ਼ ਦਾ ਸਥਾਨ ਬਖਮੁਤ ਅਤੇ ਇਸ ਦੇ ਆਲੇ ਦੁਆਲੇ ਦਾ ਖੇਤਰ ਹੈ।"
ਯੂਕਰੇਨ ਲਈ ਕੀ ਅਹਿਮੀਅਤ ਹੈ?
ਹੁਣ ਸਵਾਲ ਇਹ ਹੈ ਕਿ ਯੂਕਰੇਨ ਬਖਮੁਤ ਨੂੰ ਬਚਾਉਣ ਲਈ ਇੰਨੀ ਕੋਸ਼ਿਸ਼ ਕਿਉਂ ਕਰ ਰਿਹਾ ਹੈ, ਆਖ਼ਰੀ ਇਹ ਕੀ ਕਾਰਨ ਹੈ ਜਿਸ ਕਾਰਨ ਉਸ ਨੇ ਹਜ਼ਾਰਾਂ ਫੌਜੀਆਂ ਦੀਆਂ ਜਾਨਾਂ ਦਾਅ 'ਤੇ ਲਗਾ ਦਿੱਤੀਆਂ ਹਨ?
ਉਨ੍ਹਾਂ ਦਾ ਮੁੱਖ ਰਣਨੀਤਕ ਉਦੇਸ਼ ਇਸ ਜੰਗ ਰਾਹੀਂ ਰੂਸੀ ਫੌਜ ਨੂੰ ਕਮਜ਼ੋਰ ਕਰਨਾ ਹੈ।
ਪੱਛਮੀ ਦੇਸ਼ਾਂ ਦੇ ਇੱਕ ਅਧਿਕਾਰੀ ਨੇ ਸਪੱਸ਼ਟ ਕਿਹਾ, "ਰੂਸ ਦੀ ਰਣਨੀਤੀ ਕਾਰਨ ਬਖਮੁਤ ਯੂਕਰੇਨ ਕੋਲ ਇੱਕ ਖ਼ਾਸ ਮੌਕਾ ਹੈ ਜਿੱਥੇ ਉਹ ਬਹੁਤ ਸਾਰੇ ਰੂਸੀਆਂ ਦੀ ਜਾਨ ਲੈ ਸਕਦੇ ਹਨ।"
ਨੇਟੋ ਦੇ ਸੂਤਰਾਂ ਦਾ ਅੰਦਾਜ਼ਾ ਹੈ ਕਿ ਬਖਮੁਤ ਵਿੱਚ ਯੂਕਰੇਨ ਹਰ ਫੌਜ ਦੇ ਮੁਕਾਬਲੇ ਰੂਸ ਦੇ ਪੰਜ ਫੌਜੀਆਂ ਦੀ ਮੌਤ ਹੋ ਰਹੀ ਹੈ।
ਯੂਕਰੇਨ ਦੇ ਰਾਸ਼ਟਰੀ ਸੁਰੱਖਿਆ ਸਕੱਤਰ ਓਲੇਕਸੀ ਦੇਨਿਲੋਵ ਦਾ ਕਹਿਣਾ ਹੈ ਕਿ ਇਹ ਔਸਤ ਬਹੁਤ ਜ਼ਿਆਦਾ ਹੈ। ਇਹ ਇੱਕ ਦੇ ਮੁਕਾਬਲੇ ਸੱਤ ਹਨ।
ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਨਾ ਅਸੰਭਵ ਹੈ।
ਸੇਰਹੀ ਕੁਜ਼ਾਨ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਤੱਕ ਬਖਮੁਤ ਆਪਣਾ ਮਕਸਦ ਪੂਰਾ ਕਰਦਾ ਹੈ, ਸਾਨੂੰ ਦੁਸ਼ਮਣ ਦੀਆਂ ਫੌਜ ਨੂੰ ਕੁਚਲਣ ਦਾ ਮੌਕਾ ਦਿੰਦਾ ਹੈ, ਸਾਨੂੰ ਹੋਣ ਵਾਲੇ ਨੁਕਸਾਨ ਨਾਲੋਂ ਔਸਤਨ ਉਨ੍ਹਾਂ ਨੂੰ ਜ਼ਿਆਦਾ ਤਬਾਹੀ ਹੁੰਦੀ ਹੈ, ਉਦੋਂ ਤੱਕ ਅਸੀਂ ਬਖਮੁਤ ਤੱਕ ਕਾਇਮ ਰੱਖਾਂਗੇ।"
ਇਸ ਸ਼ਹਿਰ 'ਤੇ ਕੰਟਰੋਲ ਬਰਕਰਾਰ ਰੱਖਦਿਆਂ, ਯੂਕਰੇਨ ਨੇ ਰੂਸੀ ਫੌਜਾਂ ਨੂੰ ਵੀ ਉਲਝਾ ਕੇ ਰੱਖਿਆ ਹੈ, ਜਿਨ੍ਹਾਂ ਨੂੰ ਅਗਾਂਹ ਮੋਰਚੇ 'ਤੇ ਕਿਤੇ ਹੋਰ ਤਾਇਨਾਤ ਕੀਤੇ ਜਾ ਸਕਦਾ ਸੀ।
ਰੂਸ ਵਾਂਗ ਯੂਕਰੇਨ ਵੀ ਬਖਮੁਤ ਨਾਲ ਜੁੜੀ ਕੂਟਨੀਤੀ ਨੂੰ ਅਹਿਮੀਅਤ ਦੇ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਸ਼ਹਿਰ ਨੂੰ ਵਿਰੋਧ ਦਾ ਪ੍ਰਤੀਕ ਬਣਾ ਦਿੱਤਾ ਹੈ।
ਪਿਛਲੇ ਸਾਲ ਆਪਣੀ ਵਾਸ਼ਿੰਗਟਨ ਫੇਰੀ ਦੌਰਾਨ ਉਨ੍ਹਾਂ ਨੇ ਕਿਹਾ ਸੀ, ''ਇਹ ਸਾਡੇ ਮਨੋਬਲ ਦਾ ਕਿਲਾ ਹੈ'' ਅਤੇ ਅਮਰੀਕੀ ਕਾਂਗਰਸ ਨੂੰ ਬਖਤਮੁਤ ਦਾ ਝੰਡਾ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਸੀ, "ਬਖਮੁਤ ਦੀ ਲੜਾਈ ਆਜ਼ਾਦੀ ਲਈ ਸਾਡੀ ਜੰਗ ਦਾ ਰਸਤਾ ਬਦਲ ਦੇਵੇਗੀ।"
ਅੱਗੇ ਕੀ ਹੋ ਸਕਦਾ ਹੈ?
ਹੁਣ ਸਵਾਲ ਇਹ ਹੈ ਕਿ ਜੇਕਰ ਯੂਕਰੇਨ ਬਖਮੁਤ ਵਿੱਚ ਹਾਰ ਜਾਂਦਾ ਹੈ ਤਾਂ ਕੀ ਹੋਵੇਗਾ?
ਰੂਸ ਜਿੱਤ ਦਾ ਦਾਅਵਾ ਕਰੇਗਾ। ਇਹ ਬਾਮੁਸ਼ਕਿਲ ਮਿਲੀ ਚੰਗੀ ਖ਼ਬਰ ਹੋਵੇਗੀ ਜੋ ਉਨ੍ਹਾਂ ਦਾ ਮਨੋਬਲ ਵਧਾ ਸਕਦੀ ਹੈ।
ਯੂਕਰੇਨ ਨੂੰ ਕੂਟਨੀਤਕ ਤੌਰ 'ਤੇ ਝਟਕਾ ਲੱਗੇਗਾ।
ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਦੀ ਰਾਇ ਹੈ ਕਿ ਫੌਜੀ ਪੱਖੋਂ ਇਸ ਦਾ ਵੱਡਾ ਪ੍ਰਭਾਵ ਪਵੇਗਾ।
ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਬਖਮੁਤ 'ਤੇ ਕਬਜ਼ੇ ਮਤਲਬ ਇਹ ਹੋਵੇ ਕਿ ਰੂਸੀ ਫੌਜ ਨੇ ਜੰਗ ਦਾ ਰੁਖ਼ ਬਦਲ ਦਿੱਤਾ ਹੈ।
ਆਸਟ੍ਰੇਲੀਆ ਦੇ ਸਾਬਕਾ ਜਨਰਲ ਅਤੇ ਰਣਨੀਤੀਕਾਰ ਮਾਈਕ ਰਿਆਨ ਦਾ ਕਹਿਣਾ ਹੈ ਕਿ ਇਸ ਨਾਲ ਰੂਸੀ ਫੌਜ ਨੂੰ ਤੇਜ਼ੀ ਨਾਲ ਅੱਗੇ ਵਧਣ 'ਚ ਮਦਦ ਨਹੀਂ ਮਿਲੇਗੀ।
ਉਹ ਕਹਿੰਦੇ ਹਨ, "ਯੂਕਰੇਨ ਦੀਆਂ ਫੌਜੀ ਕ੍ਰਾਮੇਤੋਰਸਕ ਦੇ ਰੱਖਿਆਤਮਕ ਖੇਤਰ ਚਲੇ ਜਾਣਗੇ, ਜਿੱਥੇ ਉਨ੍ਹਾਂ ਨੇ ਅੱਠ ਸਾਲਾਂ ਤੋਂ ਤਿਆਰੀ ਕੀਤੀ ਸੀ।"
"ਇਹ ਸ਼ਹਿਰ ਬਖਮੁਤ ਦੇ ਮੁਕਾਬਲੇ ਉਚਾਈ 'ਤੇ ਹੈ ਅਤੇ ਰੱਖਿਆ ਲਈ ਜ਼ਿਆਦਾ ਢੁਕਵਾਂ ਹੈ। ਰੂਸੀ ਫੌਜ ਨੂੰ ਕ੍ਰਾਮੇਤੋਰਸਕ ਵੱਲ ਵਧਣ 'ਤੇ ਹਰ ਕਦਮ 'ਤੇ ਓਨਾਂ ਹੀ ਖ਼ੂਨ-ਖਰਾਬਾ ਝੱਲਣਾ ਪੈ ਸਕਦਾ ਹੈ, ਜਿਵੇਂ ਕਿ ਬਖਮੁਤ ਦੀ ਮੁਹਿੰਮ ਵਿੱਚ ਹੋਇਆ ਸੀ।"
ਸ਼ਾਇਦ ਇਸੇ ਲਈ ਬਖਮੁਤ ਦੀ ਲੜਾਈ ਦਾ ਸਭ ਤੋਂ ਮਹੱਤਵਪੂਰਨ ਅਰਥ ਇਹ ਹੈ ਕਿ ਕਿਸ ਪੱਖ ਨੂੰ ਇੰਨਾ ਨੁਕਸਾਨ ਹੁੰਦਾ ਹੈ ਅਤੇ ਇਸ ਦਾ ਜੰਗ ਦੇ ਅਗਲੇ ਦੌਰ ਲਈ ਕੀ ਅਰਥ ਹੋਵੇਗਾ।
ਕੀ ਰੂਸ ਦੇ ਇੰਨੇ ਫੌਜੀ ਮਾਰੇ ਜਾਣਗੇ ਕਿ ਅਗਲੇ ਹਮਲੇ ਦੀ ਮੁਹਿੰਮ ਲਈ ਉਨ੍ਹਾਂ ਦੀ ਸਮਰੱਥਾ ਕਮਜ਼ੋਰ ਹੋ ਜਾਵੇਗੀ?
ਜਾਂ ਯੂਕਰੇਨ ਦੀ ਫੌਜ ਨੂੰ ਇੰਨਾ ਨੁਕਸਾਨ ਹੋਵੇਗਾ ਕਿ ਉਹ ਸਾਲ ਦੇ ਅਗਲੇ ਮਹੀਨਿਆਂ ਦੌਰਾਨ ਰੂਸੀ ਹਮਲੇ ਦਾ ਸਾਹਮਣਾ ਨਹੀਂ ਕਰ ਸਕੇਗੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)