ਨਸਲਕੁਸ਼ੀ ਦੇ 30 ਸਾਲਾਂ ਬਾਅਦ ਜਦੋਂ ਬੀਬੀਸੀ ਪੱਤਰਕਾਰ ਆਪਣੇ ਘਰ ਗਈ ਤਾਂ ਕਿਸ ਤਰ੍ਹਾਂ ਉਹ ਸਭ ਨੂੰ ਮੁਆਫ਼ ਕਰ ਪਾਈ

ਤਸਵੀਰ ਸਰੋਤ, VICTORIA UWONKUNDA
- ਲੇਖਕ, ਵਿਕਟੋਰੀਆ ਯੂਵੋਨਕੋਡਾ
- ਰੋਲ, ਬੀਬੀਸੀ ਪੱਤਰਕਾਰ
ਮੈਂ 30 ਸਾਲ ਪਹਿਲਾਂ ਰਵਾਂਡਾ ਵਿੱਚ ਆਪਣਾ ਘਰ ਛੱਡ ਦਿੱਤਾ ਸੀ। 1994 ਦੀ ਨਸਲਕੁਸ਼ੀ ਦੌਰਾਨ 12 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਭੱਜ ਗਈ ਸੀ।
ਕੀਨੀਆ ਅਤੇ ਨਾਰਵੇ ਵਿੱਚ ਵੱਡੇ ਹੋਣ ਅਤੇ ਫਿਰ ਲੰਡਨ ਵਿੱਚ ਸੈਟਲ ਹੋਣ ਤੋਂ ਬਾਅਦ, ਮੈਂ ਅਕਸਰ ਸੋਚਦੀ ਹੁੰਦੀ ਸੀ ਕਿ ਵਾਪਸ ਜਾ ਕੇ ਇਹ ਦੇਖਣਾ ਕਿਹੋ-ਜਿਹਾ ਹੋਵੇਗਾ ਕਿ ਕੀ ਦੇਸ਼ ਅਤੇ ਲੋਕ ਠੀਕ ਹੋ ਗਏ ਹਨ ਜਾਂ ਨਹੀਂ।
ਜਦੋਂ ਮੈਨੂੰ ਉਸੇ ਵਿਸ਼ੇ 'ਤੇ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਲਈ ਉੱਥੇ ਜਾਣ ਦਾ ਮੌਕਾ ਮਿਲਿਆ, ਤਾਂ ਮੈਂ ਬਹੁਤ ਉਤਸ਼ਾਹਿਤ ਸੀ ਪਰ ਨਾਲ ਹੀ ਬਹੁਤ ਚਿੰਤਤ ਵੀ ਸੀ ਕਿ ਮੈਨੂੰ ਕੀ ਮਿਲੇਗਾ ਅਤੇ ਮੇਰੀ ਪ੍ਰਤੀਕ੍ਰਿਆ ਕੀ ਹੋਵੇਗੀ।
ਚੇਤਾਵਨੀ: ਕਹਾਣੀ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
ਮੈਂ ਪੋਸਟ-ਟਰੌਮੈਟਿਕ ਤਣਾਅ ਵਿਕਾਰ (ਪੀਟੀਐੱਸਡੀ) ਦੇ ਰੂਪ ਵਿੱਚ ਇਹਨਾਂ ਘਟਨਾਵਾਂ ਦੇ ਭਾਵਨਾਤਮਕ ਜ਼ਖ਼ਮਾਂ ਨਾਲ ਜੀਅ ਰਹੀ ਹਾਂ, ਜੋ ਅਚਾਨਕ ਸ਼ੁਰੂ ਹੋ ਸਕਦਾ ਹੈ।
ਕਈਆਂ ਰਵਾਂਡਾ ਵਾਸੀਆਂ ਵਾਂਗ, ਮੈਂ ਆਪਣੇ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੂੰ ਗੁਆ ਦਿੱਤਾ।

ਸਿਰਫ਼ 100 ਦਿਨਾਂ ਵਿੱਚ, ਨਸਲੀ ਹੁਤੂ ਕੱਟੜਪੰਥੀਆਂ ਵੱਲੋਂ ਘੱਟਗਿਣਤੀ ਤੁਤਸੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 8 ਲੱਖ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ, ਬੇਸ਼ੱਕ ਉਨ੍ਹਾਂ ਦਾ ਜਾਤੀ ਮੂਲ ਕੁਝ ਵੀ ਹੋਵੇ।
ਨਸਲਕੁਸ਼ੀ ਤੋਂ ਬਾਅਦ ਸੱਤਾ 'ਤੇ ਕਾਬਜ਼ ਮੁੱਖ ਤੌਰ 'ਤੇ ਤੁਤਸੀ ਬਲਾਂ 'ਤੇ ਵੀ ਰਵਾਂਡਾ ਵਿੱਚ ਬਦਲੇ ਵਿੱਚ ਹਜ਼ਾਰਾਂ ਹੁਤੂ ਲੋਕਾਂ ਨੂੰ ਮਾਰਨ ਦੇ ਇਲਜ਼ਾਮ ਲੱਗੇ ਸਨ।
ਜਦੋਂ ਮੈਂ ਰਾਜਧਾਨੀ ਕਿਗਾਲੀ ਪਹੁੰਚੀ ਤਾਂ ਮੇਰੇ ਅੰਦਰ ਜਜ਼ਬਾਤ ਉੱਛਲ ਰਹੇ ਸਨ।
ਸਾਡੇ ਆਲੇ ਦੁਆਲੇ ਬੋਲੀ ਜਾ ਰਹੀ ਸਾਡੀ ਭਾਸ਼ਾ, ਕਿਨਯਾਰਵਾਂਡਾ ਨੂੰ ਸੁਣਨ ਦੀ ਖੁਸ਼ੀ ਸੀ। ਪਿਛਲੀ ਵਾਰ ਜਦੋਂ ਮੈਂ ਸ਼ਹਿਰ ਵਿੱਚ ਸੀ, ਉੱਥੇ ਹਫੜਾ-ਦਫ਼ੜੀ ਵਾਲਾ ਮਾਹੌਲ ਸੀ ਅਤੇ ਲੱਖਾਂ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸੀ, ਅਜਿਹੇ ਦ੍ਰਿਸ਼ ਵੀ ਜ਼ਹਿਨ ਵਿੱਚ ਘੁੰਮ ਰਹੇ ਸਨ।

ਤਸਵੀਰ ਸਰੋਤ, VICTORIA UWONKUNDA
ਫੋਨ ਕਾਲ, ਜਿਸ ਨੇ ਜ਼ਿੰਦਗੀ ਉਲਟਾ ਦਿੱਤੀ
ਮੇਰੀ ਛੋਟੀ ਯਾਤਰਾ ਦੌਰਾਨ ਕੁਝ ਥਾਵਾਂ ਜੋ ਮੈਂ ਦੇਖਣਾ ਚਾਹੁੰਦੀ ਸੀ ਉਹ ਸਨ, ਮੇਰਾ ਪ੍ਰਾਇਮਰੀ ਸਕੂਲ ਅਤੇ ਕਿਗਾਲੀ ਵਿੱਚ ਮੇਰਾ ਆਖ਼ਰੀ ਘਰ - ਜਿੱਥੇ ਮੈਂ 6 ਅਪ੍ਰੈਲ 1994 ਦੀ ਉਸ ਭਿਆਨਕ ਰਾਤ ਨੂੰ ਰਿਸ਼ਤੇਦਾਰਾਂ ਨਾਲ ਡਿਨਰ ਟੇਬਲ 'ਤੇ ਬੈਠੀ ਹੋਈ ਸੀ।
ਫਿਰ ਅਸੀਂ ਸੁਣਿਆ ਕਿ ਰਾਸ਼ਟਰਪਤੀ ਦੇ ਜਹਾਜ਼ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਹ ਇੱਕ ਅਜਿਹੀ ਫ਼ੋਨ ਕਾਲ ਜਿਸ ਨੇ ਸਾਡੀ ਪੂਰੀ ਜ਼ਿੰਦਗੀ ਨੂੰ ਉਲਟਾ ਦਿੱਤਾ।
ਪਰ ਮੇਰੀਆਂ ਸਾਰੀਆਂ ਚਿੰਤਾਵਾਂ ਵਿੱਚੋਂ, ਕੋਈ ਵੀ ਮੇਰੇ ਉਸ ਦੁੱਖ ਨੂੰ ਘੱਟ ਨਾ ਕਰ ਸਕਿਆ ਜਿਸ ਨੇ ਮੈਨੂੰ ਮੇਰਾ ਘਰ ਨਾ ਮਿਲਣ 'ਤੇ ਘੇਰ ਲਿਆ। ਚਾਰ ਕੋਸ਼ਿਸ਼ਾਂ ਤੋਂ ਬਾਅਦ, ਮੈਂ ਹਾਰ ਮੰਨ ਲਈ ਅਤੇ ਆਪਣੀ ਮਾਂ ਨੂੰ ਨਾਰਵੇ ਵਿੱਚ ਬੁਲਾਇਆ ਤਾਂ ਜੋ ਉਹ ਮੈਨੂੰ ਦੱਸ ਸਕਣ।
ਆਖ਼ਰਕਾਰ ਬੰਦ ਗੇਟ ਦੇ ਸਾਹਮਣੇ ਖੜ੍ਹ ਕੇ, ਮੈਂ ਉਨ੍ਹਾਂ ਧੁੱਪ ਵਾਲੀਆਂ ਨਿੱਘੀਆਂ ਦੁਪਹਿਰਾਂ ਨੂੰ ਯਾਦ ਕਰ ਕੇ ਹੈਰਾਨ ਹੋ ਗਈ ਜੋ ਅਸੀਂ ਛੱਤ 'ਤੇ ਬੈਠ ਕੇ ਗੱਲਾਂ ਕਰਦੇ ਹੋਏ ਅਤੇ ਬੇਫ਼ੀਕਰੀ ਨਾਲ ਬਿਤਾਈਆਂ ਸਨ।
ਇਸ ਦੇ ਨਾਲ ਹੀ ਚੇਤੇ ਆਇਆ ਉਹ ਵੇਲਾ ਜਦੋਂ ਸ਼ਾਂਤਮਈ ਢੰਗ ਨਾਲ ਸਾਨੂੰ ਕੱਪੜਿਆਂ ਦੇ ਤਿੰਨ ਸੈੱਟ ਪਹਿਨਣ ਲਈ ਕਿਹਾ ਗਿਆ ਅਤੇ ਇੱਕ ਅਣਜਾਣ ਯਾਤਰਾ ਲਈ ਕਾਰ ਵਿੱਚ ਬਿਠਾ ਦਿੱਤਾ।

ਇਹ ਅਜਿਹੀ ਯਾਤਰਾ ਸੀ, ਜਿਸ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।
ਮੈਨੂੰ ਯਾਦ ਨਹੀਂ ਹੈ ਕਿ ਸਾਡੇ ਵਿੱਚੋਂ ਕੋਈ ਵੀ ਬੋਲਿਆ ਹੋਵੇ ਜਾਂ ਸ਼ਿਕਾਇਤ ਕੀਤੀ ਹੋਵੇ, ਭਾਵੇਂ ਅਸੀਂ ਬੱਚੇ ਪਿੱਛੇ ਇੱਕ-ਦੂਜੇ ਨਾਲ ਜੁੜ ਕੇ ਬੈਠੇ ਹੋਏ ਸਨ ਅਤੇ ਹਾਲਾਂਕਿ, ਉਸ ਵੇਲੇ ਵੀ ਨਹੀਂ ਬੋਲੇ ਜਦੋਂ ਅੰਤਾਂ ਦੀ ਭੁੱਖ ਲੱਗੀ ਹੋਈ ਸੀ।
ਛੇਵੇਂ ਦਿਨ, ਸਾਨੂੰ ਅਹਿਸਾਸ ਹੋਇਆ ਕਿ ਕਿਗਾਲੀ ਵਿੱਚ ਕੋਈ ਸੁਰੱਖਿਅਤ ਥਾਂ ਨਹੀਂ ਬਚੀ ਹੈ, ਇਸ ਲਈ ਅਸੀਂ ਹਿਜਰਤ ਵਾਲੇ ਕਾਫ਼ਲੇ ਵਿੱਚ ਸ਼ਾਮਲ ਹੋ ਗਏ।
ਹਥਿਆਬੰਦੀ ਮਿਲਿਸ਼ੀਆ ਵੱਲੋਂ ਲਗਾਈਆਂ ਗਈਆਂ ਰੁਕਾਵਟਾਂ ਨੂੰ ਜਿੰਨ੍ਹਾਂ ਸੰਭਵ ਹੋ ਸਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇੰਝ ਲੱਗ ਰਿਹਾ ਸੀ ਹਜ਼ਾਰਾਂ ਲੋਕ ਪੈਦਲ, ਬਾਈਕ, ਕਾਰਾਂ ਅਤੇ ਟਰੱਕਾਂ ਰਾਹੀਂ ਕਿਗਾਲੀ ਨੂੰ ਪਿੱਛੇ ਛੱਡ ਰਹੀਏ ਹੋਈਏ।
ਅਸੀਂ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਦੀ ਸਰਹੱਦ ਦੇ ਨੇੜੇ ਇੱਕ ਖੇਤਰ ਗਿਸੇਨੀ ਵਿੱਚ ਆਪਣੇ ਪਰਿਵਾਰਕ ਘਰ ਜਾ ਰਹੇ ਸੀ।
ਇਸ ਨੂੰ ਅੱਜਕੱਲ੍ਹ ਰੁਬਾਵੂ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ।
ਇਸ ਵਾਰ ਜਦੋਂ ਮੈਂ ਮੁੜ ਉਸ ਰਸਤੇ 'ਤੇ ਸਫ਼ਰ ਕੀਤਾ ਤਾਂ ਦੇਖਿਆਂ ਕਿ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਸੀ ਅਤੇ ਲੋਕਾਂ ਦੀ ਭੱਜ ਨੱਠ ਤੇ ਕੋਈ ਗੋਲੀਬਾਰੀ ਨਹੀਂ ਸੀ। ਇਸ ਵਾਰ ਇਹ ਇੱਕ ਸ਼ਾਂਤ, ਧੁੱਪ ਵਾਲਾ, ਸੋਹਣਾ ਦਿਨ ਸੀ।
ਮੈਨੂੰ ਸਾਡਾ ਤਿੰਨ ਬੈੱਡਰੂਮ ਵਾਲਾ ਘਰ ਮਿਲ ਗਿਆ, ਉਹ ਅਜੇ ਵੀ ਖੜ੍ਹਾ ਹੈ ਅਤੇ ਜਿਸ ਨੇ ਨਸਲਕੁਸ਼ੀ ਦੇ ਤਿੰਨ ਮਹੀਨਿਆਂ ਲਈ ਲਗਭਗ 40 ਲੋਕਾਂ ਨੂੰ ਪਨਾਹ ਦਿੱਤੀ ਸੀ।
ਇਸ ਤੱਥ ਦੇ ਬਾਵਜੂਦ ਕਿ ਅਸੀਂ ਜੁਲਾਈ 1994 ਵਿੱਚ ਇਸਨੂੰ ਛੱਡਣ ਤੋਂ ਬਾਅਦ ਇਹ ਖਾਲ੍ਹੀ ਹੈ।

ਤਸਵੀਰ ਸਰੋਤ, GILLES PERESS / MAGNUM PHOTOS
ਮੈਂ ਖੁਸ਼ਕਿਸਮਤ ਸੀ ਕਿ ਮੈਂ ਆਪਣੇ ਚਚੇਰੇ ਭਰਾ ਆਗਸਟਿਨ ਸਣੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਵਿੱਚ ਸਫ਼ਲ ਰਹੀ, ਜੋ ਕਿ 10 ਸਾਲ ਦਾ ਸੀ ਜਦੋਂ ਮੈਂ ਉਸ ਨੂੰ ਗਿਸੇਨੀ ਵਿੱਚ ਪਿਛਲੀ ਵਾਰ ਦੇਖਿਆ ਸੀ।
ਉਸਨੂੰ ਜੱਫੀ ਪਾਉਣਾ ਇੱਕ ਸੁਪਨੇ ਵਾਂਗ ਮਹਿਸੂਸ ਹੋਇਆ ਅਤੇ ਮੇਰਾ ਦਿਲ ਭਰ ਆਇਆ। ਆਉਣ ਵਾਲੇ ਖ਼ਤਰੇ ਤੋਂ ਅਣਜਾਣ ਉਸ ਦੀਆਂ ਮੇਰੀਆਂ ਮਨਪਸੰਦ ਯਾਦਾਂ ਸਾਡੀਆਂ ਨਜ਼ਦੀਕੀ ਸਬਜ਼ੀਆਂ ਦੇ ਖੇਤਾਂ ਵਿੱਚ ਦੌੜਨਾ, ਆਨੰਦ ਮਾਣਨਾ ਹੋਏ ਸਾਡੇ ਈਸਟਰ ਦੀਆਂ ਛੁੱਟੀਆਂ ਦੇ ਵਿਸਥਾਰ ਵਾਂਗ ਮਹਿਸੂਸ ਕਰਦੇ ਹਨ।
ਉਹ ਹੁਣ ਚਾਰ ਬੱਚਿਆਂ ਦਾ ਪਿਤਾ ਹੈ ਪਰ ਅਸੀਂ ਡੀਆਰ ਕਾਂਗੋ, ਜਿਸ ਨੂੰ ਜ਼ੇਅਰ ਕਿਹਾ ਜਾਂਦਾ ਹੈ, ਤੋਂ ਭੱਜਣ ਤੋਂ ਬਾਅਦ ਅਸੀਂ ਜਿੱਥੇ ਵੱਖ ਹੋਏ ਉੱਥੇ ਹੀ ਮੁੜ ਮਿਲੇ।
ਉਸ ਨੇ ਦੱਸਿਆ, "ਮੈਂ ਆਪਣੇ ਮਾਤਾ-ਪਿਤਾ ਤੋਂ ਬਿਨਾਂ ਇਕੱਲਾ ਭੱਜ ਗਿਆ ਅਤੇ ਪਿੰਡਾਂ ਵਿੱਚੋਂ ਲੰਘਿਆ, ਜਦਕਿ ਮੇਰੇ ਮਾਤਾ-ਪਿਤਾ ਗਿਸੇਨੀ ਕਸਬੇ ਤੋਂ ਹੋ ਕੇ ਗੋਮਾ (ਡੀਆਰ ਕਾਂਗੋ ਵਿੱਚ ਸਰਹੱਦ ਉੱਤੇ ਸ਼ਹਿਰ) ਗਏ।"
ਮੈਂ ਕਲਪਨਾ ਨਹੀਂ ਕਰ ਸਕਦੀ ਕਿ ਇਹ ਉਸ ਲਈ ਕਿਹੋ ਜਿਹਾ ਰਿਹਾ ਹੋਵੇਗਾ, ਇੱਕ ਨੌਜਵਾਨ ਮੁੰਡਾ ਜੋ ਕਿਬੰਬਾ ਦੇ ਵਿਸ਼ਾਲ ਸ਼ਰਨਾਰਥੀ ਕੈਂਪ ਵਿੱਚ ਆਪਣੇ ਮਾਪਿਆਂ ਤੋਂ ਬਿਨਾਂ ਇਕੱਲਾ ਸੀ। ਜਦੋਂ ਮੈਂ ਭੱਜੀ ਤਾਂ ਘੱਟੋ-ਘੱਟ ਮੇਰੇ ਨਾਲ ਮੇਰਾ ਪਰਿਵਾਰ ਸੀ।
ਖੁਸ਼ਕਿਸਮਤੀ ਨਾਲ ਕੁਝ ਉਨ੍ਹਾਂ ਦੇ ਪਹਿਲਾਂ ਗੁਆਂਢੀ ਰਹਿ ਚੁੱਕੇ ਲੋਕਾਂ ਨੇ ਆਖ਼ਰਕਾਰ ਉਨ੍ਹਾਂ ਦੇ ਮਾਪਿਆਂ ਨੂੰ ਦੱਸ ਦਿੱਤਾ ਅਤੇ ਉਹ ਸਾਰੇ ਦੋ ਸਾਲਾਂ ਲਈ ਕਿਬੰਬਾ ਵਿੱਚ ਰਹੇ।
ਉਨ੍ਹਾਂ ਨੇ ਦੱਸਿਆ, "ਸ਼ੁਰੂਆਤੀ ਦਿਨਾਂ ਵਿੱਚ, ਉੱਥੇ ਦੀ ਜ਼ਿੰਦਗੀ ਬਹੁਤ ਖ਼ਰਾਬ ਸੀ। ਹੈਜ਼ਾ ਫੈਲ ਗਿਆ ਅਤੇ ਲੋਕ ਬਿਮਾਰ ਹੋ ਗਏ, ਮਾੜੀ ਸਾਫ਼-ਸਫਾਈ ਅਤੇ ਸਹੀ ਖੁਰਾਕ ਦੀ ਘਾਟ ਕਾਰਨ ਹਜ਼ਾਰਾਂ ਲੋਕ ਇਸ ਬਿਮਾਰੀ ਨਾਲ ਮਰ ਗਏ।"
ਉਸ ਦੀ ਕਹਾਣੀ ਇੱਕ ਹੱਦ ਤੱਕ ਮੇਰੀ ਕਹਾਣੀ ਨਾਲ ਮਿਲਦੀ-ਜੁਲਦੀ ਹੈ। ਮੈਨੂੰ ਗੋਮਾ ਵਿੱਚ ਇੱਕ ਸ਼ਰਨਾਰਥੀ ਵਜੋਂ ਉਹ ਪਹਿਲੇ ਹਫ਼ਤੇ ਯਾਦ ਹਨ ਜਦੋਂ ਮੇਰੇ ਪਰਿਵਾਰ ਵੱਲੋਂ ਕੀਨੀਆ ਵਿੱਚ ਸਥਾਈ ਸ਼ਰਨ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ 'ਤੇ ਲਾਸ਼ਾਂ ਦੇ ਢੇਰ ਲੱਗ ਰਹੇ ਸਨ।
'ਜਦੋਂ ਮੇਰੇ 'ਤੇ ਵਾਰ ਕਰ ਰਿਹਾ ਸੀ ਤਾਂ ਉਹ ਗਾ ਰਿਹਾ ਸੀ'
ਪਰ ਵਾਪਸ ਰਵਾਂਡਾ ਵਿੱਚ, ਇੱਕ ਹੋਰ ਨੌਜਵਾਨ 13-ਸਾਲਾ ਕਲਾਉਡੇਟ ਮੁਕਾਰੁਮਾਂਜ਼ੀ ਕਈ ਦਿਨਾਂ ਤੋਂ ਕਈ ਹਮਲਿਆਂ ਦੇ ਸੁਪਨੇ ਵਿੱਚ ਜੀ ਰਹੀ ਸੀ।
ਇਹ ਇੱਕ ਚਮਤਕਾਰ ਹੈ ਕਿ ਉਹ ਬਚ ਗਈ। ਉਹ ਹੁਣ 43 ਸਾਲ ਦੀ ਹੈ, ਉਸ ਦੇ ਪੋਤੇ-ਪੋਤੀਆਂ ਹਨ ਅਤੇ ਮੈਨੂੰ ਉਸ ਨੇ ਮੇਰੇ ਨਾਲ ਕੁਝ ਤਜਰਬੇ ਸਾਂਝੇ ਕੀਤੇ। ਇਸ ਦੇ ਨਾਲ ਹੀ ਆਪਣੇ ਜਖ਼ਮਾਂ ਲਈ ਜ਼ਿੰਮੇਵਾਰ ਲੋਕਾਂ ਬਾਰੇ ਦੱਸਣ ਲਈ ਵੀ ਤਿਆਰ ਹੋ ਗਈ।
ਇੱਕ ਹਮਲਾ ਜਿਸ ਬਾਰੇ ਉਸ ਨੇ ਦੱਸਿਆ ਹੈ ਉਹ ਉਸ ਤੋਂ ਕੁਝ ਮੀਟਰ ਦੂਰ ਹੋਇਆ ਸੀ ਜਿੱਥੇ ਅਸੀਂ ਦੱਖਣ-ਪੂਰਬੀ ਰਵਾਂਡਾ ਦੇ ਇੱਕ ਕਸਬੇ ਨਿਆਮਾਤਾ ਵਿੱਚ ਮਿਲੇ ਸੀ।
ਉੱਥੇ ਇੱਕ ਕੈਥੋਲਿਕ ਚਰਚ ਵਿੱਚ ਸੈਂਕੜੇ ਲੋਕ ਸ਼ਰਨ ਲਈ ਗਏ ਸਨ ਪਰ ਉੱਥੇ ਉਨ੍ਹਾਂ ਲੋਕਾਂ ਉੱਤੇ ਚਾਕੂ ਨਾਲ ਵਾਰ ਕੀਤੇ ਗਏ ਅਤੇ ਕਈਆਂ ਨੂੰ ਮਾਰ ਦਿੱਤਾ ਗਿਆ।
"ਜਦੋਂ ਉਸ ਨੇ ਮੈਨੂੰ ਕੱਟਿਆ ਤਾਂ ਉਹ ਚਰਚ ਦੇ ਅੰਦਰ ਖੜ੍ਹਾ ਸੀ। ਜਦੋਂ ਉਹ ਮੈਨੂੰ ਕੱਟ ਰਿਹਾ ਸੀ ਤਾਂ ਉਹ ਗਾ ਰਿਹਾ ਸੀ। ਉਸ ਨੇ ਮੇਰੇ ਚਿਹਰੇ 'ਤੇ ਕੱਟ ਮਾਰਿਆ ਅਤੇ ਮੈਨੂੰ ਮੇਰੇ ਚਿਹਰੇ ਤੋਂ ਖ਼ੂਨ ਵਗਦਾ ਮਹਿਸੂਸ ਹੋਇਆ।"
"ਉਸ ਨੇ ਮੈਨੂੰ ਢਿੱਡ ਭਾਰ ਲੇਟਣ ਦਾ ਹੁਕਮ ਦਿੱਤਾ। ਫਿਰ ਉਸ ਨੇ ਬਰਛੇ ਨਾਲ ਮੇਰੀ ਪਿੱਠ 'ਤੇ ਵਾਰ ਕੀਤਾ। ਉਸ ਦਾ ਦਾਗ਼ ਅੱਜ ਵੀ ਮੇਰੀ ਪਿੱਠ 'ਤੇ ਹੈ।"
ਜਿਵੇਂ ਹੀ ਮੈਂ ਸੁਣਿਆ, ਮੈਂ ਹੈਰਾਨ ਹੋ ਗਈ ਕਿ ਜਦੋਂ ਸਾਡੀ ਦੁਨੀਆਂ ਉੱਜੜੀ ਤਾਂ ਅਸੀਂ ਕਿੰਨੇ ਛੋਟੇ ਸੀ।

ਤਸਵੀਰ ਸਰੋਤ, AFP
ਉਸਨੇ ਅੱਗੇ ਕਿਹਾ, "ਉਸ ਨੇ [ਬਰਛੇ] ਨੂੰ ਜ਼ੋਰ ਨਾਲ ਮਾਰਿਆ ਅਤੇ ਮੈਨੂੰ ਇਹ ਸੋਚ ਕੇ ਛੱਡ ਦਿੱਤਾ ਕਿ ਬਰਛਾ ਮੇਰੇ ਆਰ-ਪਾਰ ਹੋ ਕੇ ਜ਼ਮੀਨ ਤੱਕ ਪਹੁੰਚ ਗਿਆ ਸੀ।"
ਉਹ ਆਪਣੀ ਪਿੱਠ ਵਿੱਚ ਖੁੱਬੇ ਹੋਏ ਬਰਛੇ ਨੂੰ ਕੱਢ ਕੇ ਭੱਜਣ ਵਿੱਚ ਕਾਮਯਾਬ ਰਹੀ। ਇਸ ਦੌਰਾਨ ਆਪਣੇ ਗੁਆਂਢੀ ਦੇ ਘਰ ਵੱਲ ਜਾਂਦੇ ਹੋਏ ਉਸ ਨੇ ਸੋਚਿਆ ਕਿ ਉਹ ਸੁਰੱਖਿਅਤ ਰਹੇਗੀ।
ਪਰ ਫਿਰ ਉਸ ਦਾ ਜੀਨ ਕਲਾਉਡ ਨਟੰਬਰਾ ਨਾਲ ਸਾਹਮਣਾ ਹੋਇਆ, ਜੋ ਉਸ ਵੇਲੇ ਇੱਕ 26 ਸਾਲਾ ਪੁਲਿਸ ਅਧਿਕਾਰੀ ਸੀ।
ਨਟੰਬਰਾ ਨੇ ਮੈਨੂੰ ਦੱਸਿਆ, "ਉਹ ਇੱਕ ਘਰ ਵਿੱਚ ਲੁਕੀ ਹੋਈ ਸੀ ਜਿਸ ਦੇ ਮਾਲਕ ਨੇ ਸਾਨੂੰ ਬੁਲਾਇਆ ਅਤੇ ਕਿਹਾ ਕਿ ਉੱਥੇ 'ਇਨਯੇਨਜ਼ੀ' ਹਨ।"
ਇਸ ਸ਼ਬਦ ਦਾ ਅਰਥ ਹੈ "ਕਾਕਰੋਚ" ਅਤੇ ਹੁਤੂ ਕੱਟੜਪੰਥੀਆਂ ਵੱਲੋਂ ਅਤੇ ਮੀਡੀਆ ਪ੍ਰਸਾਰਣ ਵਿੱਚ ਤੁਤਸੀ ਲੋਕਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਸੀ।
"ਮੈਂ ਉਸ ਨੂੰ ਮੰਜੇ 'ਤੇ ਬੈਠਾ ਦੇਖਿਆ, ਉਹ ਪਹਿਲਾਂ ਹੀ ਗੰਭੀਰ ਜ਼ਖਮੀ ਅਤੇ ਖੂਨ ਨਾਲ ਲਥਪਥ ਸੀ। ਮੈਂ ਉਸ ਨੂੰ ਖ਼ਤਮ ਕਰਨ ਲਈ ਉਸ ਦੇ ਮੋਢੇ 'ਤੇ ਗੋਲੀ ਮਾਰ ਦਿੱਤੀ।
"ਸਾਨੂੰ ਕਿਸੇ ਨੂੰ ਵੀ ਨਾ ਬਖਸ਼ਣ ਦਾ ਹੁਕਮ ਸੀ, ਮੈਂ ਸੋਚਿਆ ਕਿ ਮੈਂ ਉਸ ਨੂੰ ਮਾਰ ਦਿੱਤਾ ਹੈ।"
ਫਿਰ ਵੀ ਕੁਝ ਸਮੇਂ ਬਾਅਦ, ਉਹ ਘਰੋਂ ਭੱਜ ਗਈ ਅਤੇ ਇਕੱਲੀ ਭਟਕਦੀ ਰਹੀ ਜਦੋਂ ਤੱਕ ਉਹ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲੀ ਜਿਸ ਨੂੰ ਉਹ ਜਾਣਦੀ ਸੀ ਜਿਸ ਨੇ ਉਸ ਦੇ ਜ਼ਖਮਾਂ ਦੀ ਮਲ੍ਹਮ ਕੀਤੀ।
ਪੂਰੀ ਤਰ੍ਹਾਂ ਠੀਕ ਹੋਣਾ, ਹਾਲਾਂਕਿ, ਬਹੁਤ ਮੁਸ਼ਕਲ ਰਿਹਾ ਹੈ, ਖ਼ਾਸ ਤੌਰ 'ਤੇ ਪਿਛਲੇ ਕੁਝ ਸਾਲਾਂ ਦੌਰਾਨ ਦਿੱਤੇ ਗਏ ਜਖ਼ਮਾਂ ਤੋਂ, ਉਸ ਨੂੰ ਆਪਣੇ ਹਮਲਾਵਰਾਂ ਨੂੰ ਸੜਕਾਂ 'ਤੇ ਦੇਖਣਾ ਪਿਆ ਹੈ।
ਨਜ਼ਰ ਆਉਣ ਵਾਲੇ ਅਤੇ ਲੁੱਕੇ ਹੋਏ ਇੰਨੇ ਡੂੰਘੇ ਜ਼ਖ਼ਮਾਂ ਦੇ ਨਾਲ ਲੋਕ ਕਿਵੇਂ ਅੱਗੇ ਵਧ ਸਕਦੇ ਹਨ?

ਮੁਕਾਰੁਮਾਂਜ਼ੀ ਅਤੇ ਨਟੰਬਰਾ ਉਨ੍ਹਾਂ ਵਿੱਚੋਂ ਹਨ ਜਿਨ੍ਹਾਂ ਨੇ ਆਖ਼ਰਕਾਰ ਇੱਕ ਰਸਤਾ ਲੱਭ ਲਿਆ ਹੈ।
ਮੈਂ ਉਨ੍ਹਾਂ ਨੂੰ ਇੱਕ ਪੱਤੇਦਾਰ ਦਰੱਖਤ ਦੀ ਛਾਂ ਹੇਠ ਇਕੱਠੇ ਹੱਸਦੇ ਦੇਖ ਕੇ ਹੈਰਾਨ ਰਹਿ ਗਿਆ। ਪਰ ਉਨ੍ਹਾਂ ਦੇ ਹਾਸੇ ਨੇ ਇਹ ਸਾਬਿਤ ਕੀਤਾ ਕਿ ਇਹ ਪ੍ਰਤੀਕਿਰਿਆ ਕਿੰਨੀ ਮੁਸ਼ਕਲ ਹੈ।
ਜਦੋਂ ਮੈਂ ਸਾਬਕਾ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਨਸਲਕੁਸ਼ੀ ਦੌਰਾਨ ਕਿੰਨੇ ਲੋਕਾਂ ਨੂੰ ਮਾਰਿਆ ਸੀ, ਤਾਂ ਉਨ੍ਹਾਂ ਨੇ ਖ਼ਾਮੋਸ਼ੀ ਨਾਲ ਸਿਰ ਹਿਲਾ ਦਿੱਤਾ।
ਇਸ ਨੌਜਵਾਨ ਨੂੰ ਆਖ਼ਰਕਾਰ ਕਤਲੇਆਮ ਵਿੱਚ ਉਸ ਦੀ ਭੂਮਿਕਾ ਲਈ ਚਾਰਜ ਕੀਤਾ ਗਿਆ ਅਤੇ ਉਸ ਨੂੰ 10 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ।
ਜੇਲ੍ਹ ਵਿੱਚ ਸਮਾਂ ਕੱਟਣ ਦੀ ਬਜਾਏ, ਉਸ ਨੇ ਪਛਤਾਵਾ ਅਤੇ ਮਾਫੀ ਮੰਗਣ ਦੀ ਇੱਛਾ ਦਾ ਪ੍ਰਦਰਸ਼ਨ ਕਰਕੇ ਸਮਾਜ ਸੇਵਾ ਕੀਤੀ।
ਉਸ ਨੇ ਮੁਕਾਰੁਮਾਂਜ਼ੀ ਦੀ ਭਾਲ ਕੀਤੀ। ਹਾਲਾਂਕਿ, ਸੱਤਵੀਂ ਵਾਰ ਪੁੱਛਣ 'ਤੇ ਹੀ ਉਹ ਉਸ ਨੂੰ ਮੁਆਫ਼ ਕਰਨ ਲਈ ਰਾਜ਼ੀ ਹੋ ਗਈ।
ਉਨ੍ਹਾਂ ਨੇ ਕਿਹਾ, "ਮੈਨੂੰ ਆਪਣੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ, ਮੈਂ ਜੋ ਭੂਮਿਕਾ ਨਿਭਾਈ ਹੈ ਉਸ ਨੂੰ ਪਛਾਣਨਾ ਪਿਆ ਅਤੇ ਅਜਿਹਾ ਆਦੇਸ਼ਾਂ ਕਾਰਨ ਨਹੀਂ ਸੀ।"

ਅਲੈਗਜ਼ੈਂਡਰੋਸ ਲਾਰਡੋਸ, ਇੱਕ ਕਲੀਨਿਕਲ ਮਨੋਵਿਗਿਆਨੀ, ਜਿਨ੍ਹਾਂ ਨੇ ਰਵਾਂਡਾ ਵਿੱਚ ਫੀਲਡ ਵਰਕ ਕੀਤਾ ਹੈ।
ਉਹ ਆਖਦੇ ਹਨ ਕਿ ਨਿੱਜੀ ਇਲਾਜ ਸ਼ੁਰੂ ਕਰਨ ਲਈ ਸਮੂਹਿਕ ਇਲਾਜ ਦੀ ਲੋੜ ਹੁੰਦੀ ਹੈ।
ਉਹ ਕਹਿੰਦੇ ਹਨ, "ਹਿੰਸਾ ਇੰਨੀ ਗੰਭੀਰ ਸੀ, ਜਿੱਥੇ ਗੁਆਂਢੀਆਂ ਨੇ ਗੁਆਂਢੀਆਂ 'ਤੇ ਹਮਲਾ ਕੀਤਾ ਅਤੇ ਪਰਿਵਾਰ ਦੇ ਮੈਂਬਰਾਂ ਨੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕੀਤਾ। ਇਸ ਲਈ ਇਹ ਪਤਾ ਨਹੀਂ ਲੱਗਦਾ ਹੈ ਕਿ ਕਿਸ 'ਤੇ ਹੋਰ ਭਰੋਸਾ ਕੀਤਾ ਜਾ ਸਕਦਾ ਹੈ ਤੇ ਕਿਸ 'ਤੇ ਨਹੀਂ।"
"ਚੰਗਾ ਕਰਨ ਦਾ ਅੰਤਮ ਪੜਾਅ ਬਚਣ ਵਾਲੇ ਅਤੇ ਅਪਰਾਧੀ ਦੀ ਪਛਾਣ ਨੂੰ ਭੁੱਲਣਾ ਸ਼ੁਰੂ ਕਰਨਾ ਹੈ।"
ਮੁਕਾਰੁਮਾਂਜ਼ੀ ਕਹਿੰਦੇ ਹਨ, "ਮੈਨੂੰ ਮਹਿਸੂਸ ਹੋਇਆ ਕਿ ਜੇ ਮੈਂ ਉਸ ਨੂੰ ਮਾਫ਼ ਕੀਤੇ ਬਿਨਾਂ ਮਰ ਗਈ, ਤਾਂ ਇਹ ਬੋਝ ਮੇਰੇ ਬੱਚਿਆਂ 'ਤੇ ਪੈ ਸਕਦਾ ਹੈ। ਜੇ ਮੈਂ ਮਰ ਗਈ ਅਤੇ ਇਹ ਨਫ਼ਰਤ ਜਾਰੀ ਰਹੇਗੀ, ਤਾਂ ਅਸੀਂ ਉਹ ਰਵਾਂਡਾ ਨਹੀਂ ਬਣਾ ਸਕਾਂਗੇ ਜੋ ਮੈਂ ਆਪਣੇ ਬੱਚਿਆਂ ਲਈ ਚਾਹੁੰਦੀ ਹਾਂ, ਇਹ ਉਹ ਰਵਾਂਡਾ ਹੋਵੇਗਾ ਜਿੱਥੇ ਮੈਂ ਵੱਡੀ ਹੋਈ।"
"ਮੈਂ ਇਹ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੀ।"

ਤਸਵੀਰ ਸਰੋਤ, VICTORIA UWONKUNDA
ਮੇਲ-ਮਿਲਾਪ ਬਾਰੇ ਪ੍ਰੋਜੈਕਟ
ਕਈ ਹੋਰ ਮੇਲ-ਮਿਲਾਪ ਹੋਏ। ਇੱਕ ਈਸਾਈ-ਅਗਵਾਈ ਵਾਲਾ ਪ੍ਰੋਜੈਕਟ ਹੈ ਜੋ ਇੱਕ ਅਪਰਾਧੀ ਅਤੇ ਉਨ੍ਹਾਂ ਦੇ ਪੀੜਤਾਂ ਨੂੰ ਪਸ਼ੂਆਂ ਰਾਹੀਂ ਇਕੱਠਾ ਕਰਦਾ ਹੈ, ਜੋ ਰਵਾਂਡਾ ਦੇ ਸਮਾਜ ਵਿੱਚ ਬਹੁਤ ਮਹੱਤਵਪੂਰਨ ਹਨ।
ਸਾਂਝੇ ਤੌਰ 'ਤੇ ਇੱਕ ਗਾਂ ਦੀ ਦੇਖਭਾਲ ਕਰਕੇ ਅਤੇ ਮੇਲ-ਮਿਲਾਪ ਤੇ ਮੁਆਫ਼ੀ ਬਾਰੇ ਗੱਲਬਾਤ ਵਿੱਚ ਸ਼ਾਮਲ ਹੋ ਕੇ, ਉਹ ਇਕੱਠੇ ਇੱਕ ਬਿਹਤਰ ਭਵਿੱਖ ਬਣਾਉਂਦੇ ਹਨ।
ਰਵਾਂਡਾ ਨੇ ਨਸਲੀ ਲੀਹਾਂ 'ਤੇ ਵੰਡੇ ਜਾਣ ਤੋਂ ਬਾਅਦ ਦੇਸ਼ ਨੂੰ ਇਕਜੁੱਟ ਕਰਨ ਲਈ ਕਦਮ ਚੁੱਕੇ ਹਨ। ਅਸਲ ਵਿਚ ਜਾਤ ਬਾਰੇ ਗੱਲ ਕਰਨਾ ਗ਼ੈਰ-ਕਾਨੂੰਨੀ ਹੈ।
ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਬਹੁਤ ਘੱਟ ਅਸਹਿਮਤੀ ਨੂੰ ਪਚਾਉਂਦੀ ਹੈ। ਅਸੰਤੁਸ਼ਟਾਂ 'ਤੇ ਅਕਸਰ ਨਸਲਕੁਸ਼ੀ ਤੋਂ ਇਨਕਾਰ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਕੁਝ ਸੁਤੰਤਰਤਾਵਾਂ ਦੀ ਘਾਟ ਹੈ, ਜੋ ਲੰਬੇ ਸਮੇਂ ਦੀ ਤਰੱਕੀ ਨੂੰ ਰੋਕ ਸਕਦੀ ਹੈ।
ਅਤੀਤ ਨੂੰ ਭੁੱਲਣ ਲਈ ਕੋਈ ਵੀ ਰਸਤਾ ਹੋ ਸਕਦਾ ਹੈ, ਪਰ ਇਹ ਹੋ ਰਿਹਾ ਹੈ, ਜਿਵੇਂ ਕਿ ਮੈਂ ਆਪਣੀ ਯਾਤਰਾ 'ਤੇ ਦੇਖਿਆ ਸੀ।
ਰਵਾਂਡਾ ਦੇ ਲੋਕਾਂ ਨੂੰ ਸੁਲ੍ਹਾ-ਸਫਾਈ ਦੇ ਇਸ ਮੁਕਾਮ 'ਤੇ ਪਹੁੰਚਣ ਲਈ ਤਿੰਨ ਦਹਾਕੇ ਲੱਗ ਗਏ ਹਨ।
ਮੇਰੇ ਲਈ ਅਖ਼ੀਰ, ਮੁਕਾਰੁਮਾਂਜ਼ੀ ਅਤੇ ਨਟੰਬਰਾ ਮੁੜ ਗੁਆਂਢੀਆਂ ਵਜੋਂ ਇਕੱਠੇ ਰਹਿਣਗੇ।
ਸਾਡੇ ਸਾਰਿਆਂ ਲਈ ਸਾਡੇ ਸਮੂਹਿਕ ਅਤੇ ਵਿਅਕਤੀਗਤ ਸਦਮੇ ਲਈ ਇੱਕ ਜਗ੍ਹਾ ਲੱਭਣੀ ਹੋਵੇਗੀ, ਇੱਕ ਅਜਿਹੀ ਜਗ੍ਹਾ ਜਿਸ ਨੂੰ ਅਸੀਂ ਇਕੱਲੇ ਅਤੇ ਇਕੱਠੇ ਠੀਕ ਕਰ ਸਕਦੇ ਹਾਂ।
ਮੇਰੇ ਲਈ ਹੈਰਾਨ ਕਰਨ ਵਾਲਾ ਅਹਿਸਾਸ ਇਹ ਰਿਹਾ ਹੈ ਕਿ ਰਵਾਂਡਾ, ਹੁਣ ਮੇਰੇ ਘਰ ਵਰਗਾ ਨਹੀਂ ਰਹੇਗਾ, ਹਾਲਾਂਕਿ ਕਿ ਇਹ ਹਮੇਸ਼ਾ ਮੇਰੇ ਦਿਲ ਦੇ ਟੁਕੜੇ ਵਾਂਗ ਰਹੇਗਾ।
ਪਰ ਇਸ ਯਾਤਰਾ ਵਿੱਚ ਮੈਂ ਉਸ ਨਾਲ ਸ਼ਾਂਤੀ ਬਣਾ ਲਈ ਹੈ, ਜਿਸ ਨੇ ਮੇਰੇ ਜ਼ਖ਼ਮਾਂ ਨੂੰ ਭਰਨ ਵਿੱਚ ਵੀ ਮਦਦ ਕੀਤੀ ਹੈ ਅਤੇ ਮੈਨੂੰ, ਜੋ ਗੁਆਇਆ ਹੈ ਉਸਨੂੰ ਸਵੀਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ।
ਵਿਕਟੋਰੀਆ ਯੂਵੋਨਕੋਡਾ ਬੀਬੀਸੀ ਪੱਤਰਕਾਰ ਹਨ ਅਤੇ ਬੀਬੀਸੀ ਵਰਲਡ ਸਰਵਿਸ 'ਤੇ ਨਿਊਜ਼ਡੇਅ ਦੀ ਪੇਸ਼ਕਾਰ ਹੈ।













