11 ਕਤਲਾਂ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਕੌਣ ਹੈ, ਪੁਲਿਸ ਨੇ ਹੁਣ ਤੱਕ ਕੀ-ਕੀ ਦੱਸਿਆ

ਤਸਵੀਰ ਸਰੋਤ, bimal siani
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
"ਉਹ ਧੋਖੇਬਾਜ਼ ਸੀ, ਉਸ ਨੇ ਮੇਰੇ ਨਾਲ ਸੈਕਸ ਕਰਨ ਮਗਰੋਂ ਮੈਨੂੰ ਪੈਸੇ ਨਹੀਂ ਦਿੱਤੇ ਤੇ ਮੇਰੀ ਕੁੱਟਮਾਰ ਕੀਤੀ, ਫਿਰ ਮੈਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।"
ਇਹ ਬੋਲ ਉਸ ਸਖ਼ਸ਼ ਦੇ ਨੇ, ਜਿਸ ਨੂੰ ਪੁਲਿਸ ਨੇ 11 ਹੱਤਿਆਵਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਗਲਨੀਤ ਸਿੰਘ ਖੁਰਾਣਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 11 ਹੱਤਿਆਵਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਮਲਿੰਗੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੀ ਪਛਾਣ ਰਾਮ ਸਰੂਪ ਉਰਫ਼ ਸੋਢੀ ਪਿੰਡ ਚੌੜਾ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਕਿਵੇਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ, "ਮੁਲਜ਼ਮ ਰਾਮ ਸਰੂਪ ਸਿੰਘ ਸੋਢੀ ਇੱਕ ਸਮਲਿੰਗੀ ਸੈਕਸੁਅਲ ਵਰਕਰ ਹੈ, ਜੋ ਰਾਹ ਵਿੱਚ ਕਾਰਾਂ ਅਤੇ ਮੋਟਰਸਾਈਕਲ ਚਾਲਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਤੋਂ ਲਿਫਟ ਮੰਗ ਕੇ ਨਾਲ ਬੈਠ ਜਾਂਦਾ ਅਤੇ ਲੋਕਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਇਸ ਦੌਰਾਨ ਜਦੋਂ ਪੈਸਿਆਂ ਨੂੰ ਲੈ ਕੇ ਬਹਿਸ ਹੁੰਦੀ ਤਾਂ ਉਹ ਉਨ੍ਹਾਂ ਦਾ ਕਤਲ ਕਰ ਦਿੰਦਾ।"

ਤਸਵੀਰ ਸਰੋਤ, bimal saini
"ਇਸ ਤੋਂ ਬਾਅਦ ਉਹ ਸਾਮਾਨ ਚੁੱਕ ਕੇ ਫਰਾਰ ਹੋ ਜਾਂਦਾ ਅਤੇ ਜਾਂਦਾ ਹੋਇਆ ਕਈਆਂ ਦੇ ਸਰੀਰ ਉਪਰ ਕੁਝ ਲਿਖ ਕੇ ਸੁਨੇਹਾ ਵੀ ਛੱਡ ਜਾਂਦਾ।"
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਲੋਕਾਂ ਨੂੰ ਗਲਾ ਘੁੱਟ ਕੇ ਜਾਂ ਸੱਟਾਂ ਮਾਰ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ।
ਮੁਲਜ਼ਮ ਤੱਕ ਕਿਵੇਂ ਪੁੱਜੀ ਪੁਲਿਸ
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ, "ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਕੀਰਤਪੁਰ ਸਾਹਿਬ ਦੀ ਲਾਸ਼ ਮਨਾਲੀ ਰੋਡ, ਜੀਓ ਪੈਟਰੋਲ ਪੰਪ ਦੇ ਸਾਹਮਣਿਓਂ ਝਾੜੀਆਂ ਵਿਚੋਂ ਮਿਲੀ ਸੀ। ਪੁਲਿਸ ਨੇ ਜਦੋਂ ਇਸ ਕੇਸ ਨੂੰ ਤਕਨੀਕੀ ਢੰਗ ਨਾਲ ਟਰੇਸ ਕੀਤਾ ਤਾਂ ਇਸ ਦੀਆਂ ਤਾਰਾਂ ਰਾਮ ਸਰੂਪ ਨਾਲ ਜਾ ਮਿਲੀਆਂ। ਇਸ ਮਾਮਲੇ ਦੀ ਪੂਰੀ ਘੋਖ ਕਰਨ ਮਗਰੋਂ ਇਸ ਵਾਰਦਾਤ ਦਾ ਖੁਲਾਸਾ ਹੋਇਆ।
ਇਸ ਮਾਮਲੇ ਵਿੱਚ ਪੁਲਿਸ ਨੇ ਰਾਮ ਸਰੂਪ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁੱਛਗਿਛ ਦੌਰਾਨ ਹੋਰ ਵੀ ਕਤਲ ਕੇਸਾਂ ਦੀ ਗੁੱਥੀ ਸੁਲਝੀ ਹੈ।
"ਹੋਰ ਵਾਰਦਾਤਾਂ ਵੀ ਕਬੂਲ ਕੀਤੀਆਂ"
ਪੁਲਿਸ ਜਿਵੇਂ-ਜਿਵੇਂ ਮਾਮਲੇ ਦੀ ਘੋਖ ਕਰ ਰਹੀ ਸੀ ਤਾਂ ਇਸ ਦੌਰਾਨ ਹੋਰ ਵੀ ਕਈ ਕੇਸਾਂ ਦੀ ਗੁੱਥੀ ਸੁਲਝਦੀ ਗਈ।
ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਇਸ ਵਾਰਦਾਤ ਤੋਂ ਇਲਾਵਾ ਉਸ ਨੇ 10 ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ। ਇਨ੍ਹਾਂ ਵਿੱਚ ਜ਼ਿਲ੍ਹਾ ਰੂਪਨਗਰ ਦੀਆਂ 2 ਕਤਲ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ 24 ਜਨਵਰੀ 2024 ਨੂੰ ਰੂਪਨਗਰ ਦੇ ਨਿਰੰਕਾਰੀ ਭਵਨ ਕੋਲ ਇਕ ਕਾਰ ਵਿਚੋਂ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਰੂਪਨਗਰ ਵਜੋਂ ਹੋਈ ਸੀ।
ਐੱਸਐੱਸਪੀ ਨੇ ਦੱਸਿਆ ਕਿ ਇਸ ਲਾਸ਼ ਦੇ ਕੱਪੜੇ ਵੀ ਉਤਾਰੇ ਹੋਏ ਸਨ।
ਅਧਿਕਾਰੀ ਨੇ ਦੱਸਿਆ ਕਿ 5 ਅਪਰੈਲ 2024 ਨੂੰ ਮੁਕੰਦਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਬੇਗਮਪੁਰਾ (ਘਨੌਲੀ) ਦੀ ਲਾਸ਼ ਪੰਜੇਹਰਾ ਰੋਡ ਬੜਾ ਪਿੰਡ ਵਿਚੋਂ ਮਿਲੀ ਸੀ, ਜਿਸ ਦੇ ਸਰੀਰ ਉਪਰ ਸੱਟਾਂ ਦੇ ਨਿਸ਼ਾਨ ਮਿਲੇ ਸਨ।
ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮ ਨੇ ਮੁਢਲੀ ਪੁੱਛਗਿੱਛ ਦੌਰਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।
ਪੁਲਿਸ ਨੇ ਰਾਮ ਸਰੂਪ ਉਰਫ ਸੋਢੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਸ ਵਿੱਚ ਹੋਰ ਖੁਲਾਸੇ ਹੋਣ ਦੀ ਆਸ ਹੈ।
ਪੁਲਿਸ ਮੁਤਾਬਕ ਪਰਿਵਾਰ ਨੇ ਉਸ ਨੂੰ ਦੋ ਸਾਲਾਂ ਤੋਂ ਬੇਦਖ਼ਲ ਕੀਤਾ ਹੋਇਆ ਹੈ।
“ਮਾਰਨ ਤੋਂ ਬਾਅਦ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਸੀ”

ਤਸਵੀਰ ਸਰੋਤ, Bimal saini
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਮ ਸਰੂਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਜਾਣਬੁੱਝ ਕੇ ਕਿਸੇ ਨੂੰ ਨਹੀਂ ਮਾਰਿਆ।"
ਰੂਪਨਗਰ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ, "ਉਹ ਧੋਖੇਬਾਜ਼ ਸੀ। ਮੈਂ ਉਸ ਨੂੰ ਇਸ਼ਾਰਾ ਕੀਤਾ ਤਾਂ ਉਹ ਮੈਨੂੰ ਗੱਡੀ ਵਿੱਚ ਨਾਲ ਲੈ ਗਿਆ। ਉਸ ਨਾਲ ਮੈਂ 200 ਰੁਪਏ ਬਦਲੇ ਸਰੀਰਕ ਸਬੰਧ ਬਣਾਏ ਪਰ ਬਾਅਦ ਵਿੱਚ ਉਹ ਪੈਸੇ ਦੇਣ ਤੋਂ ਮੁਕਰ ਗਿਆ ਅਤੇ ਮੈਨੂੰ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ। ਉਸ ਨੇ ਮੇਰੇ ਸਿਰ 'ਤੇ ਡੰਡੇ ਨਾਲ ਵਾਰ ਕੀਤਾ ਤੇ ਬਾਅਦ ਵਿੱਚ ਮੈਂ ਮਫਲਰ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ।"
ਰਾਮ ਸਰੂਪ ਨੇ ਅੱਗੇ ਕਿਹਾ, "ਮੈਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਗਾ ਕੇ ਮੁਆਫ਼ੀ ਮੰਗਦਾ ਸੀ। ਮੈਨੂੰ ਇਸ ਸਭ 'ਤੇ ਪਛਤਾਵਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












