ਮਹਿਲਾ ਵਿਸ਼ਵ ਕੱਪ ਫਾਈਨਲ: ਭਾਰਤ ਪਹਿਲੀ ਵਾਰ ਬਣਿਆ ਵਿਸ਼ਵ ਚੈਂਪੀਅਨ, ਕਪਤਾਨ ਹਰਮਨਪ੍ਰੀਤ ਕੌਰ ਨੇ ਜਿੱਤ ਤੋਂ ਬਾਅਦ ਕੀ ਕਿਹਾ

ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾ ਦਿੱਤਾ।

ਇਸ ਜਿੱਤ ਨਾਲ ਭਾਰਤ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ। ਭਾਰਤ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 298 ਦੌੜਾਂ ਬਣਾਈਆਂ ਸਨ।

299 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ 45.3 ਓਵਰਾਂ ਵਿੱਚ 246 ਦੌੜਾਂ 'ਤੇ ਆਲ ਆਊਟ ਹੋ ਗਿਆ। ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਨੇ 101 ਦੌੜਾਂ ਬਣਾਈਆਂ।

ਜਿੱਤ ਤੋਂ ਬਾਅਦ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, "ਸਾਨੂੰ ਆਪਣੇ ਆਪ 'ਤੇ ਭਰੋਸਾ ਸੀ। ਅਸੀਂ ਲਗਾਤਾਰ ਤਿੰਨ ਮੈਚ ਹਾਰ ਗਏ, ਪਰ ਅਸੀਂ ਜਾਣਦੇ ਸੀ ਕਿ ਇਸ ਟੀਮ ਵਿੱਚ ਕੁਝ ਖਾਸ ਕਰਨ ਦੀ ਸਮਰੱਥਾ ਹੈ। ਟੀਮ ਦੇ ਹਰ ਇੱਕ ਮੈਂਬਰ ਨੂੰ ਇਸ ਦਾ ਸਿਹਰਾ ਜਾਂਦਾ ਹੈ।"

"ਉਹ ਸਕਾਰਾਤਮਕ ਰਹੀਆਂ, ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਆਉਣ ਵਾਲੇ ਮੈਚਾਂ ਵਿੱਚ ਕੀ ਕਰਨਾ ਹੈ। ਉਹ ਇਸਦੇ ਲਈ ਦਿਨ ਰਾਤ ਲੱਗੀਆਂ ਰਹੀਆਂ। ਇਹ ਟੀਮ ਇਸ ਜਿੱਤ ਨੂੰ ਡਿਜ਼ਰਵ ਕਰਦੀ ਹੈ।"

ਭਾਰਤ ਲਈ ਦੀਪਤੀ ਸ਼ਰਮਾ ਨੇ 9.3 ਓਵਰਾਂ ਵਿੱਚ 39 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਦੋਂ ਕਿ ਸ਼ੈਫਾਲੀ ਵਰਮਾ ਨੇ ਦੋ ਵਿਕਟਾਂ ਲਈਆਂ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 298 ਦੌੜਾਂ ਬਣਾਈਆਂ। ਭਾਰਤ ਲਈ ਸ਼ੈਫਾਲੀ ਵਰਮਾ ਨੇ 87 ਅਤੇ ਦੀਪਤੀ ਸ਼ਰਮਾ ਨੇ 58 ਦੌੜਾਂ ਬਣਾਈਆਂ।

ਸਮ੍ਰਿਤੀ ਮੰਧਾਨਾ ਨੇ 45 ਅਤੇ ਰਿਚਾ ਘੋਸ਼ ਨੇ ਆਖਰੀ ਓਵਰਾਂ ਵਿੱਚ 24 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਭਾਰਤ ਨੂੰ ਇਸ ਸਕੋਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਦੱਖਣੀ ਅਫਰੀਕਾ ਦੀ ਗੇਂਦਬਾਜ਼ ਅਯਾਬੋਂਗਾ ਖਾਕਾ ਨੇ 9 ਓਵਰਾਂ ਵਿੱਚ 58 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ।

ਦੀਪਤੀ ਸ਼ਰਮਾ ਨੇ ਗੇਂਦ ਨਾਲ ਕੀਤਾ ਕਮਾਲ

299 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ ਨੇ ਕਪਤਾਨ ਲੌਰਾ ਵੋਲਪਰਟ ਅਤੇ ਤੇਜਮਿਨ ਬ੍ਰਿਟਸ ਦੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ, ਬ੍ਰਿਟਸ 10ਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਨ ਆਊਟ ਹੋ ਗਈ।

ਬ੍ਰਿਟਸ ਨੇ 23 ਦੌੜਾਂ ਬਣਾਈਆਂ। ਫਿਰ ਦੱਖਣੀ ਅਫਰੀਕਾ ਨੇ ਵਿਕਟਾਂ ਡਿੱਗਣ ਦੀ ਲੜੀ ਸ਼ੁਰੂ ਹੋ ਗਈ। ਸ਼੍ਰੀ ਚਰਨੀ ਨੇ ਅਨੇਕੇ ਬੋਸ਼ ਨੂੰ ਆਪਣਾ ਖਾਤਾ ਵੀ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ

ਸੁਨੇ ਲੂਸ ਨੇ ਕਪਤਾਨ ਲੌਰਾ ਨਾਲ ਮਿਲ ਕੇ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸ਼ੈਫਾਲੀ ਨੇ ਆਪਣੇ ਬੱਲੇ ਤੋਂ ਬਾਅਦ ਗੇਂਦ ਨਾਲ ਵੀ ਕਮਾਲ ਕੀਤਾ ਅਤੇ ਸੁਨੇ ਲੂਸ ਅਤੇ ਮੈਰੀਜ਼ਾਨ ਕੈਪ ਨੂੰ ਵਾਪਸ ਪੈਵੇਲੀਅਨ ਭੇਜ ਦਿੱਤਾ।

ਐਨੇਰੀ ਡਰਕਸਨ ਨੇ ਲਾਰਾ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਪਰ ਦੀਪਤੀ ਸ਼ਰਮਾ ਨੇ ਉਸ ਨੂੰ 35 ਦੌੜਾਂ ਉਪਰ ਬੋਲਡ ਕਰ ਦਿੱਤਾ।

ਇਸ ਦੌਰਾਨ, ਲਾਰਾ ਨੇ ਸੈਮੀਫਾਈਨਲ ਤੋਂ ਬਾਅਦ ਫਾਈਨਲ ਵਿੱਚ ਆਪਣਾ ਸੈਂਕੜਾ ਲਗਾਇਆ। ਹਾਲਾਂਕਿ, ਉਹ ਵੀ ਆਪਣੀ ਪਾਰੀ ਨੂੰ 101 ਤੋਂ ਅੱਗੇ ਵਧਾਉਣ ਵਿੱਚ ਅਸਫਲ ਰਹੀ, ਜਿਸ ਨੂੰ ਦੀਪਤੀ ਸ਼ਰਮਾ ਨੇ ਆਊਟ ਕਰ ਦਿੱਤਾ।

ਲਾਰਾ ਦੇ ਆਊਟ ਹੋਣ ਤੋਂ ਬਾਅਦ, ਦੱਖਣੀ ਅਫਰੀਕਾ ਦੀ ਜਿੱਤ ਦੀਆਂ ਉਮੀਦਾਂ ਘੱਟ ਗਈਆਂ। ਦੱਖਣੀ ਅਫਰੀਕਾ ਨੇ 41.4 ਓਵਰਾਂ ਵਿੱਚ 221 ਦੌੜਾਂ 'ਤੇ ਆਪਣਾ ਅੱਠਵਾਂ ਵਿਕਟ ਗੁਆ ਦਿੱਤਾ।

ਫਿਰ ਦੀਪਤੀ ਸ਼ਰਮਾ ਨੇ ਬਾਕੀ ਦੋ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਕਾਬੂ ਵਿੱਚ ਰੱਖਿਆ। ਉਸਨੇ 9.3 ਓਵਰਾਂ ਵਿੱਚ 39 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ ਦੱਖਣੀ ਅਫ਼ਰੀਕਾ ਨੂੰ 246 ਦੌੜਾਂ ਉਪਰ ਆਲਆਊਟ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਸ਼ੇਫਾਲੀ ਨੇ 87 ਦੌੜਾਂ ਬਣਾਈਆਂ

ਟਾਸ ਹਾਰਨ ਤੋਂ ਬਾਅਦ, ਸ਼ੇਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਦੀ ਜੋੜੀ ਮੈਦਾਨ 'ਤੇ ਆਈ। ਦੋਵਾਂ ਖਿਡਾਰੀਆਂ ਨੇ ਸ਼ੁਰੂਆਤ ਤੋਂ ਹੀ ਤੇਜ਼ੀ ਨਾਲ ਦੌੜਾਂ ਬਣਾਈਆਂ।

ਸਮ੍ਰਿਤੀ ਨੇ 18ਵੇਂ ਓਵਰ ਦੀ ਚੌਥੀ ਗੇਂਦ 'ਤੇ ਆਊਟ ਹੋਣ ਤੋਂ ਪਹਿਲਾਂ ਸ਼ੇਫਾਲੀ ਨਾਲ ਪਹਿਲੀ ਵਿਕਟ ਲਈ 104 ਦੌੜਾਂ ਜੋੜੀਆਂ। ਸਮ੍ਰਿਤੀ ਮੰਧਾਨਾ ਨੇ 58 ਗੇਂਦਾਂ ਵਿੱਚ 45 ਦੌੜਾਂ ਬਣਾਈਆਂ।

ਸਮ੍ਰਿਤੀ ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਵੀ, ਸ਼ੇਫਾਲੀ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਂਦੀ ਰਹੀ। ਹਾਲਾਂਕਿ, ਸ਼ੇਫਾਲੀ ਫਾਈਨਲ ਵਿੱਚ ਸੈਂਕੜਾ ਬਣਾਉਣ ਤੋਂ ਖੁੰਝ ਗਈ। ਉਸਨੇ 78 ਗੇਂਦਾਂ ਵਿੱਚ 87 ਦੌੜਾਂ ਬਣਾਈਆਂ। ਸ਼ੇਫਾਲੀ ਦੀ ਪਾਰੀ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ।

ਟਾਸ ਜਿੱਤਣ ਤੋਂ ਬਾਅਦ, ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਮੀਂਹ ਕਾਰਨ ਮੈਚ ਨਿਰਧਾਰਤ ਸਮੇਂ ਤੋਂ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ।

ਭਾਰਤ: ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਦੀਪਤੀ ਸ਼ਰਮਾ, ਰਿਚਾ ਘੋਸ਼, ਅਮਨਜੋਤ ਕੌਰ, ਰਾਧਾ ਯਾਦਵ, ਕ੍ਰਾਂਤੀ ਗੌਡ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ।

ਦੱਖਣੀ ਅਫ਼ਰੀਕਾ: ਲੌਰਾ ਵੁਲਫ਼ਾਰਟ (ਕਪਤਾਨ), ਟੇਜ਼ਮਿਨ ਬ੍ਰਿਟਸ, ਐਨੇਕੇ ਬੋਸ਼, ਸੁਨੇ ਲੂਸ, ਮਾਰਿਜ਼ਾਨੇ ਕਪ, ਸਿਨਾਲੋਆ ਜਾਫ਼ਟਾ, ਅਨੇਰੀ ਡਰਕਸੇਨ, ਕਲੋਏ ਟਰਾਇਓਨ, ਨਦੀਨ ਡੀ ਕਲਰਕ, ਅਯਾਬੋਂਗ ਖਾਕਾ, ਨਨਕੁਲੁਲੇਕੋ ਮਲਾਬਾ।

ਮਹਿਲਾ ਕ੍ਰਿਕਟ ਨੂੰ ਮਿਲਿਆ ਨਵਾਂ ਚੈਂਪੀਅਨ

ਇਸ ਮੈਚ ਨਾਲ, ਇੱਕ ਨਵੇਂ ਵਿਸ਼ਵ ਚੈਂਪੀਅਨ ਦਾ ਜਨਮ ਹੋਇਆ ਹੈ।

ਭਾਰਤ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਿਆ ਹੈ।

ਭਾਰਤੀ ਟੀਮ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਤੀਜੀ ਵਾਰ (2005 ਅਤੇ 2017 ਤੋਂ ਬਾਅਦ) ਪਹੁੰਚੀ ਸੀ।

ਆਸਟ੍ਰੇਲੀਆ ਨੇ ਹੁਣ ਤੱਕ ਸਭ ਤੋਂ ਵੱਧ ਮਹਿਲਾ ਵਨਡੇ ਵਿਸ਼ਵ ਕੱਪ ਖਿਤਾਬ ਜਿੱਤੇ ਹਨ, ਜਿਸਨੇ ਇਸਨੂੰ ਸੱਤ ਵਾਰ ਜਿੱਤਿਆ ਹੈ।

ਇਸ ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 12 ਵਿਸ਼ਵ ਕੱਪ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਇੰਗਲੈਂਡ ਦੀ ਟੀਮ ਨੇ ਚਾਰ ਵਾਰ ਅਤੇ ਨਿਊਜ਼ੀਲੈਂਡ ਨੇ ਇੱਕ ਵਾਰ ਟਰਾਫੀ ਜਿੱਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)