You’re viewing a text-only version of this website that uses less data. View the main version of the website including all images and videos.
ਅਸ਼ਵੀਰ ਸਿੰਘ ਜੌਹਲ ਕੌਣ ਹਨ ਜੋ ਮੋਰੇਕੈਂਬੇ ਪ੍ਰੋਫੈਸ਼ਨਲ ਕਲੱਬ ਦੇ ਪਹਿਲੇ ਸਿੱਖ ਮੈਨੇਜਰ ਬਣੇ
- ਲੇਖਕ, ਇਆਨ ਵੁੱਡਕੌਕ
- ਰੋਲ, ਬੀਬੀਸੀ ਸਪੋਰਟਸ
ਅਸ਼ਵੀਰ ਸਿੰਘ ਜੌਹਲ ਇੱਕ ਪੇਸ਼ੇਵਰ ਬ੍ਰਿਟਿਸ਼ ਕਲੱਬ ਦੀ ਵਾਗਡੋਰ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਉਹ ਮੋਰੇਕੈਂਬੇ ਕਲੱਬ ਦੇ ਮੈਨੇਜਰ ਵਜੋਂ ਜ਼ਿੰਮੇਵਾਰੀ ਨਿਭਾਉਣਗੇ।
ਇੰਗਲਿਸ਼ ਫੁੱਟਬਾਲ ਟੀਮਾਂ ਲਈ ਮੰਨੇ ਜਾਂਦੇ ਸਿਖਰਲੇ ਪੰਜ ਪੱਧਰਾਂ ਵਿੱਚ 30 ਸਾਲਾ ਅਸ਼ਵੀਰ ਸਭ ਤੋਂ ਘੱਟ ਉਮਰ ਦੇ ਮੈਨੇਜਰ ਵੀ ਬਣੇ ਹਨ।
ਨੈਸ਼ਨਲ ਲੀਗ ਕਲੱਬ ਲਈ ਲੰਬੇ ਸਮੇਂ ਤੋਂ ਚੱਲ ਰਹੀ ਅਨਿਸ਼ਚਿਤਤਾ ਦੇ ਦੌਰ ਦਾ ਅੰਤ ਕਰਦੇ ਹੋਏ, ਐਤਵਾਰ ਨੂੰ ਪੰਜਾਬ ਵਾਰੀਅਰਜ਼ ਕੰਸੋਰਟੀਅਮ ਨੇ ਦਿ ਸ਼ਰਿਮਪਸ ਨੂੰ ਆਪਣੇ ਅਧੀਨ ਲੈ ਲਿਆ।
ਜੌਹਲ ਨੇ ਇਸ ਤੋਂ ਪਹਿਲਾਂ ਕਦੀ ਵੀ ਟੀਮ ਦੀ ਅਗਵਾਈ ਨਹੀਂ ਕੀਤੀ। ਹੁਣ ਉਨ੍ਹਾਂ ਨੇ ਡੇਰੇਕ ਐਡਮਜ਼ ਦੀ ਥਾਂ ਲਈ ਹੈ ਜਿਨ੍ਹਾਂ ਨੂੰ ਸੋਮਵਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਜੌਹਲ ਪਹਿਲਾਂ ਵਿਗਨ ਵਿਖੇ ਕੋਲੋ ਟੂਰ ਦੇ ਅਧੀਨ ਕੰਮ ਕਰਦੇ ਰਹੇ ਹਨ। ਉਹ ਇਤਾਲਵੀ ਟੀਮ ਵਿੱਚ ਸਹਾਇਕ ਵਜੋਂ ਵੀ ਕੰਮ ਕਰ ਚੁੱਕੇ ਹਨ।
ਇਸ ਸਾਲ ਗਰਮੀਆਂ ਦੇ ਸ਼ੁਰੂ ਵਿੱਚ ਜੌਹਲ ਆਪਣੀ ਯੂਈਐੱਫ਼ਏ ਪ੍ਰੋ ਲਾਇਸੈਂਸ ਯੋਗਤਾ ਪੂਰੀ ਕਰਨ ਵਾਲੇ ਇੰਗਲਿਸ਼ ਫੁੱਟਬਾਲ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਕੋਚਾਂ ਵਿੱਚੋਂ ਇੱਕ ਬਣ ਗਏ।
2022 ਵਿੱਚ ਵਿਗਨ ਨਾਲ ਸੀਨੀਅਰ ਫੁੱਟਬਾਲ ਵਿੱਚ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਲੈਸਟਰ ਸਿਟੀ ਦੀ ਅਕੈਡਮੀ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹੋਏ 10 ਸਾਲ ਬਿਤਾਏ।
ਅਸ਼ਵੀਰ ਆਪਣੇ ਕਰੀਅਰ ਨੂੰ ਕਿਵੇਂ ਦੇਖਦੇ ਹਨ
ਜੂਨ ਵਿੱਚ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਜੌਹਲ ਨੇ ਕਿਹਾ ਸੀ, "ਮੈਨੂੰ ਕੁਝ ਸ਼ਾਨਦਾਰ ਲੋਕਾਂ ਨਾਲ ਕੰਮ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਪ੍ਰਾਪਤ ਹੋਇਆ ਹੈ ਅਤੇ ਮੈਂ ਖਾਸ ਤੌਰ 'ਤੇ ਕੋਲੋ ਅਤੇ ਸੈਸਕ ਦਾ ਧੰਨਵਾਦੀ ਹਾਂ।"
"ਮੈਂ ਜਾਣਦਾ ਹਾਂ ਕਿ ਵਿਸ਼ਵ ਪੱਧਰੀ ਮਿਆਰ ਕਿਸ ਤਰ੍ਹਾਂ ਦੇ ਹੁੰਦੇ ਹਨ, ਸਪੱਸ਼ਟਤਾ ਨਾਲ ਅਗਵਾਈ ਕਿਵੇਂ ਕਰਨੀ ਹੈ ਅਤੇ ਇੱਕ ਅਸਲੀ ਪਛਾਣ ਵਾਲੀ ਟੀਮ ਕਿਵੇਂ ਤਿਆਰ ਕਰਨੀ ਹੈ।"
"ਅਸੀਂ ਇੱਕ ਅਜਿਹਾ ਮਾਹੌਲ ਸਿਰਜਾਂਗੇ ਜੋ ਲੋਕਾਂ ਨੂੰ ਬਿਹਤਰੀਨ ਵਾਤਾਵਰਣ ਦੇਵੇ, ਜਿਸਦਾ ਲੋਕ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਜੋ ਲੋਕਾਂ ਨੂੰ ਹਰ ਰੋਜ਼ ਸੁਧਾਰ ਕਰਨ ਲਈ ਪ੍ਰੇਰਿਤ ਕਰਦਾ ਹੈ।"
ਲੀਗ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਨੈਸ਼ਨਲ ਲੀਗ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਮੋਰੇਕੈਂਬੇ ਨੇ ਆਪਣੇ ਸ਼ੁਰੂਆਤੀ ਮੈਚ ਮੁਲਤਵੀ ਕਰ ਦਿੱਤੇ ਸਨ।
ਪੰਜਾਬ ਵਾਰੀਅਰਜ਼ ਨੂੰ ਵਿੱਤੀ ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ
ਜਦੋਂ ਪੰਜਾਬ ਵਾਰੀਅਰਜ਼ ਨੇ ਮੋਰੇਕੈਂਬੇ ਦੇ ਮਾਲਕੀ ਲਈ ਹੈ, ਉਸ ਸਮੇਂ ਇਹ ਬੁਰੀ ਤਰ੍ਹਾਂ ਵਿੱਤੀ ਮਸਲਿਆਂ ਵਿੱਚ ਉਲਝਿਆ ਹੋਇਆ ਹੈ।
ਪੰਜਾਬ ਵਾਰੀਅਰਜ਼ ਸੋਮਵਾਰ ਨੂੰ ਆਪਣੇ ਪਹਿਲੇ ਦਿਨ ਦੇ ਇੰਚਾਰਜ ਵਜੋਂ ਕਲੱਬ ਦੇ ਸਟੇਡੀਅਮ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਸਾਬਕਾ ਮਾਲਕ ਜੇਸਨ ਵਿਟਿੰਘਮ ਦੇ ਸ਼ੇਅਰ ਖਰੀਦੇ।
ਇਸ ਗਰੁੱਪ ਨੇ ਸ਼ੁਰੂ ਵਿੱਚ ਜੂਨ ਵਿੱਚ ਇੱਕ ਟੇਕਓਵਰ ਸੌਦੇ 'ਤੇ ਸਹਿਮਤੀ ਜਤਾਈ ਸੀ।
ਪਰ ਦੋਵਾਂ ਧਿਰਾਂ ਵਿਚਕਾਰ ਲੰਬੇ ਸਮੇਂ ਤੱਕ ਜਨਤਕ ਵਿਵਾਦ ਚੱਲਿਆ ਜਿਸ ਤੋਂ ਜਾਪ ਰਿਹਾ ਸੀ ਸ਼ਾਇਦ ਕਲੱਬ ਨੂੰ ਵੇਚਿਆ ਨਹੀਂ ਜਾਵੇਗਾ ਅਤੇ ਅੰਤ ਵਿੱਚ ਕੰਮਕਾਜ ਬੰਦ ਕਰ ਦਿੱਤਾ ਜਾਵੇਗਾ।
ਭਵਿੱਖ ਕਿਹੋ ਜਿਹਾ ਹੋਵੇਗਾ
ਕਲੱਬ ਦੀ ਨਵੀਂ ਮਾਲਕੀ ਅਧਿਕਾਰਤ ਹੋਣ ਤੋਂ ਬਾਅਦ ਬੀਬੀਸੀ ਸਪੋਰਟਜ਼ ਨੇ ਪੰਜਾਬ ਵਾਰੀਅਰਜ਼, ਕਲੱਬ ਸਟਾਫ ਅਤੇ ਪ੍ਰਸ਼ੰਸਕਾਂ ਤੋਂ ਪਰਦੇ ਪਿੱਛੇ ਕੀ ਹੋ ਰਿਹਾ ਹੈ ਅਤੇ ਉਹ ਭਵਿੱਖ ਵੱਲ ਕਿਵੇਂ ਵਧ ਰਹੇ ਹਨ, ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।
ਮੋਰੇਕੈਂਬੇ ਦੇ ਨਵੇਂ ਮੁੱਖ ਕਾਰਜਕਾਰੀ ਅਤੇ ਪੰਜਾਬ ਵਾਰੀਅਰਜ਼ ਦੇ ਮੈਂਬਰ ਰੁਪਿੰਦਰ ਸਿੰਘ ਨੇ ਬੀਬੀਸੀ ਸਪੋਰਟ ਨੂੰ ਦੱਸਿਆ,"ਅਸੀਂ ਇੱਥੇ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹ ਇੱਕ ਮੁਸ਼ਕਲ ਅਤੇ ਬਹੁਤ ਲੰਮਾ ਸਫ਼ਰ ਰਿਹਾ ਹੈ।"
"ਪਿਛਲੇ ਸੱਤ, ਅੱਠ ਹਫ਼ਤੇ ਇਸ ਵਿੱਚ ਸ਼ਾਮਲ ਹਰ ਕਿਸੇ ਲਈ ਮੁਸ਼ਕਿਲ ਸਨ, ਸਾਡੇ ਲਈ ਵੀ। ਪਰ ਸਾਰਿਆਂ ਨੇ ਬਹੁਤ ਜ਼ਿਆਦਾ ਸਾਂਝ ਅਤੇ ਬਹੁਤ ਸਾਰੀ ਸੱਚੀ ਦ੍ਰਿੜਤਾ ਦਿਖਾਈ ਗਈ ਹੈ।"
"ਪਹਿਲਾਂ ਤਾਂ ਸੌਦਾ ਮੁਕੰਮਲ ਹੋਣਾ ਹੀ ਰਾਹਤ ਭਰਿਆ ਸੀ। ਹੁਣ ਇਹ ਮਾਣ ਦੀ ਭਾਵਨਾ ਅਤੇ ਸ਼ੁਕਰਗੁਜ਼ਾਰੀ ਅਤੇ ਨਿਮਰਤਾ ਦੀ ਭਾਵਨਾ ਵਿੱਚ ਬਦਲ ਗਈ ਹੈ। ਅਸੀਂ ਇਸ ਕਲੱਬ ਦੇ ਰਖਵਾਲੇ ਦੀ ਭੂਮਿਕਾ ਹਾਸਿਲ ਕਰਕੇ ਧੰਨ ਮਹਿਸੂਸ ਕਰਦੇ ਹਾਂ।"
"ਅਸੀਂ ਇਸ ਗੱਲ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੁੰਦੇ ਕਿ ਟੇਕਓਵਰ ਪ੍ਰਕਿਰਿਆ ਨੂੰ ਕਿਵੇਂ ਅੰਤਿਮ ਰੂਪ ਦਿੱਤਾ ਗਿਆ ਸੀ, ਪਰ ਇਹ ਇੱਕ ਡਰਾਉਣਾ ਸੁਪਨਾ ਹੈ ਜੋ ਖ਼ਤਮ ਹੋ ਗਿਆ ਹੈ। ਹੁਣ ਅਸੀਂ ਅੱਗੇ ਵਧਣਾ ਹੈ ਅਤੇ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਦੇ।"
ਮੋਰੇਕੈਂਬੇ ਦੇ ਵਿੱਤੀ ਮੁੱਦਿਆਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ ਪੰਜਾਬ ਵਾਰੀਅਰਜ਼ ਨੂੰ ਹੁਣ ਵੱਖ-ਵੱਖ ਕਰਜ਼ਿਆਂ ਅਤੇ ਲੈਣਦਾਰਾਂ ਦਾ ਭੁਗਤਾਨ ਕਰਨਾ ਪਵੇਗਾ।
ਬੀਬੀਸੀ ਨੂੰ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਜੂਨ ਦੀ ਤਨਖਾਹ ਮਿਲ ਗਈ ਸੀ। ਮੁਲਾਜ਼ਮਾਂ ਨੂੰ 10 ਹਫ਼ਤਿਆਂ ਬਾਅਦ ਤਨਖ਼ਾਹ ਦਿੱਤੀ ਗਈ ਹੈ।
ਰੁਪਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ,"ਸਭ ਤੋਂ ਪਹਿਲਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਾਰੇ ਸਟਾਫ, ਖਿਡਾਰੀਆਂ, ਇਸ ਵਿੱਚ ਸ਼ਾਮਲ ਹਰ ਕਿਸੇ ਨੂੰ ਉਨ੍ਹਾਂ ਦੀ ਤਨਖਾਹ ਦਿੱਤੀ ਜਾਵੇ ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਬਕਾਇਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ