ਲਾਰਡਸ ਟੈਸਟ: ਸ਼ੁਭਮਨ ਦੀ 'ਬੇਬਸੀ', ਜਡੇਜਾ ਦੀ 'ਜੰਗ' ਅਤੇ ਟੀਮ ਇੰਡੀਆ ਦੀ ਹਾਰ ਦੇ ਪੰਜ ਵੱਡੇ ਕਾਰਨ

    • ਲੇਖਕ, ਸੰਜੇ ਕਿਸ਼ੋਰ
    • ਰੋਲ, ਬੀਬੀਸੀ ਸਹਿਯੋਗੀ

ਲਾਰਡਜ਼ ਟੈਸਟ, 14 ਜੁਲਾਈ 2025। ਉਹੀ ਤਾਰੀਖ, ਉਹੀ ਮੈਦਾਨ। ਛੇ ਸਾਲ ਪਹਿਲਾਂ ਅੱਜ ਦੇ ਦਿਨ, ਇਸੇ ਲਾਰਡਜ਼ ਮੈਦਾਨ 'ਤੇ, ਇੰਗਲੈਂਡ ਨੇ ਪਹਿਲੀ ਵਾਰ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।

ਉਸ ਦਿਨ, ਕਪਤਾਨ ਬੇਨ ਸਟੋਕਸ ਨੇ ਬਾਊਂਡਰੀ 'ਤੇ ਓਵਰਥ੍ਰੋ ਤੋਂ ਇੱਕ ਦੌੜ ਬਣਨ ਤੋਂ ਬਾਅਦ ਆਪਣਾ ਹੱਥ ਖੜ੍ਹਾ ਕਰਕੇ ਮੁਆਫੀ ਮੰਗੀ ਸੀ। ਉਨ੍ਹਾਂ ਨੂੰ ਲੱਗਿਆ ਸੀ ਕਿ ਖੇਡ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ।

ਇਸ ਵਾਰ, ਉਸੇ ਲਾਰਡਜ਼ 'ਤੇ, ਬੇਨ ਸਟੋਕਸ ਨੇ ਜਿੱਤ ਦਾ ਜਸ਼ਨ ਮਨਾਉਣ ਲਈ ਹੱਥ ਉੱਪਰ ਚੁੱਕੇ। ਟੈਸਟ ਕ੍ਰਿਕਟ ਵਿੱਚ ਅਜਿਹਾ ਕਲਾਈਮੈਕਸ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਜਦੋਂ ਦੋ ਜ਼ਖਮੀ ਖਿਡਾਰੀ (ਸ਼ੋਇਬ ਬਸ਼ੀਰ ਅਤੇ ਜੋਫ਼ਰਾ ਆਰਚਰ), ਇੱਕ ਥੱਕਿਆ ਹੋਇਆ ਕਪਤਾਨ (ਬੇਨ ਸਟੋਕਸ) ਅਤੇ ਇੱਕ ਦ੍ਰਿੜ ਆਲਰਾਊਂਡਰ (ਰਵਿੰਦਰ ਜਡੇਜਾ) ਮਿਲ ਕੇ ਇਤਿਹਾਸ ਰਚਦੇ ਹਨ।

ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਤੀਜਾ ਟੈਸਟ ਮੈਚ ਆਖਰੀ ਘੰਟੇ ਤੱਕ ਬਹੁਤ ਹੀ ਰੋਮਾਂਚਕ ਰਿਹਾ। ਇੱਕ ਪਾਸੇ, ਬੇਨ ਸਟੋਕਸ ਮੈਦਾਨ 'ਤੇ ਆਪਣੇ ਸਰੀਰ ਨਾਲ ਲੜਦੇ ਹੋਏ ਦਿਖਾਈ ਦਿੱਤੇ, ਤਾਂ ਦੂਜੇ ਪਾਸੇ, ਰਵਿੰਦਰ ਜਡੇਜਾ ਭਾਰਤ ਦੀ ਆਖਰੀ ਉਮੀਦ ਬਣ ਕੇ ਖੜ੍ਹੇ ਸਨ।

ਪਰ ਭਾਰਤ ਮਹਿਜ਼ 22 ਦੌੜਾਂ ਨਾਲ ਹਾਰ ਗਿਆ। ਜਿੱਤ ਬਹੁਤ ਨੇੜੇ ਸੀ। ਪਰ ਕਈ ਛੋਟੇ ਕਾਰਨ ਇਸ ਵੱਡੀ ਹਾਰ ਦਾ ਕਾਰਨ ਬਣੇ।

ਜਡੇਜਾ: ਇੱਕ ਜ਼ਿੱਦ, ਇੱਕ ਜਨੂੰਨ ਪਰ ਫਿਰ ਵੀ ਇੱਕ ਅਧੂਰੀ ਕਹਾਣੀ

ਮੈਚ ਦੇ ਪੰਜਵੇਂ ਦਿਨ ਜਦੋਂ ਭਾਰਤ ਦੀ ਚੌਥੀ ਪਾਰੀ ਵਿੱਚ ਬਾਕੀ ਬੱਲੇਬਾਜ਼ ਨਿਰਾਸ਼ ਵਾਪਸ ਪਰਤ ਰਹੇ ਸਨ, ਤਾਂ ਰਵਿੰਦਰ ਜਡੇਜਾ ਹੀ ਇੱਕਲੇ ਹੀ ਸਨ, ਜੋ ਮਜ਼ਬੂਤੀ ਨਾਲ ਡਟੇ ਰਹੇ ਸਨ। ਉਹ ਵੀ ਆਪਣੇ ਮਨ ਵਿੱਚ ਸਬਰ, ਮੋਢਿਆਂ 'ਤੇ ਜ਼ਿੰਮੇਵਾਰੀ ਅਤੇ ਦਿਲ ਵਿੱਚ ਉਮੀਦ ਦਾ ਆਖਰੀ ਦੀਵਾ ਜਗਾ ਕੇ।

ਉਨ੍ਹਾਂ ਨੇ ਲਗਾਤਾਰ ਚੌਥੀ ਟੈਸਟ ਪਾਰੀ ਵਿੱਚ ਅਰਧ ਸੈਂਕੜਾ ਲਗਾਇਆ। ਪਰ ਇਸ ਵਾਰ ਉਨ੍ਹਾਂ ਨੇ ਨਾ ਤਾਂ 'ਤਲਵਾਰਬਾਜ਼ੀ' ਕੀਤੀ ਅਤੇ ਨਾ ਹੀ ਜਸ਼ਨ ਮਨਾਇਆ। ਉਹ ਜਾਣਦੇ ਸੀ ਕਿ ਜੰਗ ਅਜੇ ਬਾਕੀ ਹੈ। ਜਡੇਜਾ ਨੇ 181 ਗੇਂਦਾਂ ਵਿੱਚ 61 ਦੌੜਾਂ ਬਣਾਈਆਂ ਅਤੇ ਇੱਕ ਪਾਸਾ ਤਾਂ ਪੂਰੀ ਤਰ੍ਹਾਂ ਸੰਭਾਲੀ ਰੱਖਿਆ, ਜਦੋਂ ਕਿ ਦੂਜੇ ਪਾਸੇ 'ਤੇ ਪਹਿਲਾਂ ਜਸਪ੍ਰੀਤ ਬੁਮਰਾਹ ਅਤੇ ਫਿਰ ਮੁਹੰਮਦ ਸਿਰਾਜ ਸਨ।

ਬੁਮਰਾਹ ਨਾਲ 132 ਗੇਂਦਾਂ ਵਿੱਚ ਉਨ੍ਹਾਂ ਦੀ 35 ਦੌੜਾਂ ਦੀ ਸਾਂਝੇਦਾਰੀ ਨੇ ਭਾਰਤ ਨੂੰ ਜੰਗ ਜਾਰੀ ਰੱਖਣ ਵਿੱਚ ਮਦਦ ਕੀਤੀ। ਫਿਰ ਉਨ੍ਹਾਂ ਨੇ ਸਿਰਾਜ ਨਾਲ 23 ਦੌੜਾਂ ਜੋੜੀਆਂ ਅਤੇ ਜਿੱਤ ਦਾ ਫ਼ਰਕ 22 ਦੌੜਾਂ ਤੱਕ ਸਿਮਟ ਗਿਆ।

ਪਰ ਜਦੋਂ ਇਹ ਲੱਗਣ ਲੱਗਿਆ ਕਿ ਕੋਈ ਚਮਤਕਾਰ ਹੋ ਸਕਦਾ ਹੈ, ਸ਼ੋਏਬ ਬਸ਼ੀਰ, ਜਿਨ੍ਹਾਂ ਦੀ ਆਪਣੀ ਉਂਗਲੀ ਵੀ ਟੁੱਟੀ ਹੋਈ ਸੀ, ਨੇ ਇੱਕ ਗੇਂਦ ਸੁੱਟੀ ਜੋ ਸਿਰਾਜ ਦੇ ਬੱਲੇ ਦੇ ਕਿਨਾਰਾ ਨੂੰ ਥੋੜ੍ਹੀ ਜਿਹੀ ਲੱਗ ਗਈ ਅਤੇ ਸਟੰਪਸ ਨਾਲ ਜਾ ਟਕਰਾਈ। ਸਿਰਾਜ ਪਿੱਚ 'ਤੇ ਆਪਣੇ ਗੋਡਿਆਂ ਭਾਰ ਬੈਠ ਗਏ ਜਿਵੇਂ ਕਿਸੇ ਨੇ ਉਨ੍ਹਾਂ ਖੋਹ ਲਿਆ ਹੋਵੇ।

ਜਡੇਜਾ ਅਜੇਤੂ ਵਾਪਸ ਪਰਤੇ। ਉਨ੍ਹਾਂ ਦੇ ਚਿਹਰੇ 'ਤੇ ਕੋਈ ਸ਼ਿਕਵਾ ਨਹੀਂ ਸੀ, ਸਿਰਫ਼ ਇੱਕ ਖਲਾਅ ਸੀ, ਕਿ ਉਨ੍ਹਾਂ ਨੇ ਸਭ ਕੁਝ ਕਰ ਲਿਆ ਸੀ, ਪਰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਕੇ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਲਾਰਡਜ਼ ਵਿੱਚ ਭਾਰਤ ਦੀ ਹਾਰ ਦੇ ਪੰਜ ਕਾਰਨ

ਲਾਰਡਜ਼ ਟੈਸਟ ਦੇ ਪੰਜਵੇਂ ਅਤੇ ਫੈਸਲਾਕੁੰਨ ਦਿਨ, ਭਾਰਤ ਨੇ ਆਪਣੀ ਦੂਜੀ ਪਾਰੀ 58/4 (17.4 ਓਵਰਾਂ ਵਿੱਚ, ਕੇਐੱਲ ਰਾਹੁਲ 33*) 'ਤੇ ਦੁਬਾਰਾ ਸ਼ੁਰੂ ਕੀਤੀ।

ਟੀਮ ਕੋਲ 6 ਵਿਕਟਾਂ ਬਾਕੀ ਸਨ ਅਤੇ ਜਿੱਤਣ ਲਈ 135 ਦੌੜਾਂ ਬਣਾਉਣ ਦੀ ਲੋੜ ਸੀ। ਇਹ ਟੀਚਾ ਦੇਖਣ-ਸੁਣਨ ਨੂੰ ਤਾਂ ਕੁਝ ਸੌਖਾ ਲੱਗ ਰਿਹਾ ਸੀ, ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸਥਿਤੀ ਨੂੰ ਮੁਸ਼ਕਲ ਬਣਾ ਦਿੱਤਾ।

ਆਖਰੀ ਦਿਨ ਦੇ ਪਹਿਲੇ ਘੰਟੇ ਵਿੱਚ, ਭਾਰਤ ਨੇ 3 ਅਹਿਮ ਵਿਕਟਾਂ ਗੁਆ ਦਿੱਤੀਆਂ। ਰਿਸ਼ਭ ਪੰਤ (9), ਕੇਐੱਲ ਰਾਹੁਲ (39) ਅਤੇ ਵਾਸ਼ਿੰਗਟਨ ਸੁੰਦਰ (0) 'ਤੇ ਪੈਵੇਲੀਅਨ ਵਾਪਸ ਪਰਤ ਗਏ।

ਜੋਫ਼ਰਾ ਆਰਚਰ ਦੀ ਗਤੀ ਅਤੇ ਸੀਮ ਮੂਮਮੈਂਟ ਅਤੇ ਕਪਤਾਨ ਬੇਨ ਸਟੋਕਸ ਦੀ ਤੇਜ਼ ਗੇਂਦਬਾਜ਼ੀ ਨੇ ਭਾਰਤੀ ਬੱਲੇਬਾਜ਼ਾਂ ਦੀ ਤਕਨੀਕ ਅਤੇ ਮਨੋਬਲ ਦੋਵਾਂ ਦਾ ਇਮਤਿਹਾਨ ਲਿਆ।

ਪਹਿਲੇ ਸੈਸ਼ਨ ਵਿੱਚ, ਭਾਰਤ ਨੇ ਸਿਰਫ਼ 43 ਦੌੜਾਂ ਜੋੜੀਆਂ ਅਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਸਕੋਰ ਹੁਣ 74/7 ਸੀ।

ਇਤਿਹਾਸਕ ਲਾਰਡਜ਼ ਪਿੱਚ 'ਤੇ ਭਾਰਤ ਦੀ ਪਾਰੀ ਦਾ ਢਹਿ ਜਾਣਾ ਇੱਕ ਅਜਿਹੀ ਕਹਾਣੀ ਦੀ ਸ਼ੁਰੂਆਤ ਸੀ ਜਿਸਨੂੰ ਹੁਣ ਹਾਰ ਵਜੋਂ ਯਾਦ ਰੱਖਿਆ ਜਾਵੇਗਾ।

1. ਟਾਪ ਆਰਡਰ ਦਾ ਢਹਿਣਾ ਅਤੇ ਮਿਡਿਲ ਆਰਡਰ ਦੀ ਬੇਬਸੀ

ਲਾਰਡਜ਼ ਵਿਖੇ ਪੰਜਵੇਂ ਦਿਨ ਦੀ ਸਵੇਰ ਨੂੰ ਅਸਮਾਨ ਤੋਂ ਮੀਂਹ ਨਹੀਂ ਸੀ, ਸਗੋਂ ਮੈਦਾਨ 'ਤੇ ਡਿੱਗਣ ਵਾਲੀਆਂ ਗੇਂਦਾਂ ਤੋਂ ਅੱਗ ਵਰ੍ਹ ਰਹੀ ਸੀ।

ਜਦੋਂ ਭਾਰਤ ਨੇ 58/4 ਤੋਂ ਖੇਡ ਦੁਬਾਰਾ ਸ਼ੁਰੂ ਕੀਤੀ, ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕੇਐੱਲ ਰਾਹੁਲ ਅਤੇ ਮਿਡਲ ਆਰਡਰ ਹੌਲੀ-ਹੌਲੀ ਟੀਚੇ ਵੱਲ ਵਧਣਗੇ।

ਪਰ ਇੰਗਲੈਂਡ ਦੇ ਗੇਂਦਬਾਜ਼ਾਂ ਖ਼ਾਸ ਕਰਕੇ ਬੇਨ ਸਟੋਕਸ ਅਤੇ ਜੋਫ਼ਰਾ ਆਰਚਰ ਨੇ ਇਨ੍ਹਾਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

ਇਸ ਤੋਂ ਬਾਅਦ, ਆਰਚਰ ਦੀ ਰਫ਼ਤਾਰ ਨੇ ਰਿਸ਼ਭ ਪੰਤ (9) ਵਰਗੇ ਹਮਲਾਵਰ ਬੱਲੇਬਾਜ਼ ਨੂੰ ਕਲੀਨ ਬੋਲਡ ਕੀਤਾ ਅਤੇ ਵਾਸ਼ਿੰਗਟਨ ਸੁੰਦਰ (0) ਨੂੰ ਕੈਚ ਐਂਡ ਬੋਲਡ ਕੀਤਾ।

ਉਨ੍ਹਾਂ ਦੀਆਂ 144 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਗੇਂਦਾਂ ਕਿਸੇ ਟੈਸਟ ਤੋਂ ਘੱਟ ਨਹੀਂ ਸਨ ਅਤੇ ਭਾਰਤੀ ਬੱਲੇਬਾਜ਼ ਉਸ ਟੈਸਟ ਵਿੱਚ ਅਸਫ਼ਲ ਰਹੇ।

ਸ਼ੁਭਮਨ ਗਿੱਲ ਨੇ ਮੈਚ ਤੋਂ ਬਾਅਦ ਸਪੱਸ਼ਟ ਤੌਰ 'ਤੇ ਕਿਹਾ, "ਸਾਨੂੰ ਸਿਖਰਲੇ ਕ੍ਰਮ ਤੋਂ ਦੋ ਮਜ਼ਬੂਤ ਸਾਂਝੇਦਾਰੀਆਂ ਦੀ ਲੋੜ ਸੀ, ਪਰ ਅਸੀਂ ਅਜਿਹਾ ਨਹੀਂ ਕਰ ਸਕੇ।"

ਉਨ੍ਹਾਂ ਦੇ ਸ਼ਬਦਾਂ ਵਿੱਚ ਸੱਚਾਈ ਸੀ, ਕਿਉਂਕਿ ਜਦੋਂ ਸਿਖਰਲਾ ਕ੍ਰਮ ਲੜਖੜਾ ਜਾਂਦਾ ਹੈ, ਤਾਂ ਮੱਧ ਕ੍ਰਮ ਨੂੰ ਹੀ ਜ਼ਿੰਮੇਵਾਰੀ ਸੰਭਾਲਣੀ ਪੈਂਦੀ ਹੈ। ਪਰ ਇਸ ਵਾਰ ਮੱਧ ਕ੍ਰਮ ਵੀ ਢਹਿ ਗਿਆ ਸੀ।

ਨਿਤੀਸ਼ ਰੈੱਡੀ ਵਰਗੇ ਨੌਜਵਾਨ ਬੱਲੇਬਾਜ਼, ਜੋ ਪਹਿਲੀ ਵਾਰ ਅਜਿਹੀ ਦਬਾਅ ਵਾਲੀ ਸਥਿਤੀ ਵਿੱਚ ਖੇਡ ਰਹੇ ਸਨ, ਇੰਗਲੈਂਡ ਦੀ ਹਮਲਾਵਰ ਸਲੇਜਿੰਗ, ਬਾਊਂਸਰ ਅਤੇ ਮਾਨਸਿਕ ਖੇਡ ਤੋਂ ਬੇਵੱਸ ਹੋ ਗਏ।

ਸੁੰਦਰ ਅਤੇ ਰੈੱਡੀ ਦੇ ਦੁਪਹਿਰ ਦੇ ਖਾਣੇ ਤੋਂ ਠੀਕ ਪਹਿਲਾਂ ਆਊਟ ਗਏ, ਉਸ ਤੋਂ ਬਾਅਦ ਭਾਰਤ ਦਾ ਸਕੋਰ 58/4 ਤੋਂ 112/8 ਪਹੁੰਚ ਗਿਆ।

ਇਸ ਤਰ੍ਹਾਂ, ਸਵੇਰ ਦਾ ਪਹਿਲਾ ਘੰਟਾ ਨਾ ਸਿਰਫ਼ ਭਾਰਤ ਦੀਆਂ ਕੁਝ ਵਿਕਟਾਂ, ਸਗੋਂ ਟੀਮ ਦੀ ਪੂਰੀ ਰਣਨੀਤੀ ਅਤੇ ਆਤਮ-ਵਿਸ਼ਵਾਸ ਵੀ ਆਉਟ ਕਰ ਗਿਆ ਅਤੇ ਇੰਗਲੈਂਡ ਨੇ ਜਿੱਤ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ।

2. ਪੰਤ ਦਾ ਰਨ ਆਊਟ: ਮੈਚ ਦਾ ਟਰਨਿੰਗ ਪੁਆਇੰਟ

ਪਹਿਲੀ ਪਾਰੀ ਵਿੱਚ ਰਿਸ਼ਭ ਪੰਤ ਦਾ ਰਨ ਆਊਟ ਹੋਣਾ ਇੱਕ ਅਜਿਹਾ ਪਲ ਸੀ ਜਿਸਨੇ ਪੂਰੇ ਮੈਚ ਦੀ ਦਿਸ਼ਾ ਬਦਲ ਦਿੱਤੀ।

ਰਿਸ਼ਭ ਪੰਤ ਦੀ ਉਂਗਲੀ ਪਹਿਲਾਂ ਹੀ ਜ਼ਖਮੀ ਸੀ। ਬੱਲੇਬਾਜ਼ੀ ਦੌਰਾਨ ਉਨ੍ਹਾਂ ਦੀ ਤਕਲੀਫ਼ ਵਾਰ-ਵਾਰ ਜ਼ਾਹਰ ਹੋ ਰਹੀ ਸੀ।

ਸ਼ਾਟ ਅਧੂਰੇ ਲੱਗ ਰਹੇ ਸਨ, ਪਕੜ ਢਿੱਲੀ ਸੀ ਅਤੇ ਕਈ ਵਾਰ ਉਨ੍ਹਾਂ ਨੂੰ ਬੱਲਾ ਛੱਡਦੇ ਹੋਏ ਦੇਖਿਆ ਗਿਆ।

ਜਦੋਂ ਉਨ੍ਹਾਂ ਨੇ ਦੌੜ ਲਈ ਬੁਲਾਇਆ, ਤਾਂ ਉਹ ਪਲ ਮੈਦਾਨ ਵਿੱਚ ਮੌਜੂਦ ਹਰ ਕਿਸੇ ਲਈ ਇੱਕ ਅਜੀਬ ਬੇਚੈਨੀ ਲੈ ਕੇ ਆਇਆ।

ਬੇਨ ਸਟੋਕਸ ਨੇ ਗੇਂਦ ਨੂੰ ਐਕਟ੍ਰਾ ਕਵਰ ਤੋਂ ਸੁੱਟਿਆ। ਬਿਨ੍ਹਾਂ ਰੁਕੇ, ਬਿਨ੍ਹਾਂ ਸੋਚੇ। ਬਾਅਦ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਸਾਫ਼ ਦੇਖ ਸਕਦਾ ਸੀ ਕਿ ਪੰਤ ਦੌੜਨ ਤੋਂ ਝਿਜਕ ਰਿਹਾ ਸੀ ਅਤੇ ਜਿਵੇਂ ਹੀ ਮੈਂ ਗੇਂਦ ਸੁੱਟੀ, ਮੈਨੂੰ ਵਿਸ਼ਵਾਸ ਸੀ ਕਿ ਇਹ ਸਿੱਧੀ ਸਟੰਪ ਨਾਲ ਟਕਰਾ ਜਾਵੇਗੀ।"

ਅਤੇ ਇਹੀ ਹੋਇਆ। ਪੰਤ ਰਨ ਆਊਟ ਹੋ ਗਿਆ।

ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸ਼ੁਭਮਨ ਗਿੱਲ ਨੇ ਸਪੱਸ਼ਟ ਤੌਰ 'ਤੇ ਮੰਨਿਆ, "ਪੰਤ ਦਾ ਰਨ ਆਊਟ ਹੋਣਾ ਮੈਚ ਦਾ ਟਰਨਿੰਗ ਪੁਆਇੰਟ ਸੀ। ਜੇਕਰ ਉਹ ਕੁਝ ਹੋਰ ਓਵਰਾਂ ਲਈ ਰੁਕਦੇ, ਤਾਂ ਅਸੀਂ 30-40 ਹੋਰ ਦੌੜਾਂ ਜੋੜ ਸਕਦੇ ਸੀ ਅਤੇ ਮੈਚ ਦੀ ਤਸਵੀਰ ਬਦਲ ਸਕਦੀ ਸੀ। ਇਹ ਇੱਕ ਜਜਮੈਂਟ ਦੀ ਗ਼ਲਤੀ ਸੀ।"

3. ਸਟੋਕਸ: ਕਪਤਾਨ ਜਿਸਨੇ ਥਕਾਵਟ ਨੂੰ ਮਾਤ ਦਿੱਤੀ

ਬੇਨ ਸਟੋਕਸ ਦੀ ਪਾਰੀ ਬੱਲੇ ਅਤੇ ਗੇਂਦ ਦੋਵਾਂ ਨਾਲ ਕਿਸੇ ਯੋਧੇ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 44 ਅਤੇ ਦੂਜੀ ਵਿੱਚ 33 ਦੌੜਾਂ ਬਣਾਈਆਂ।

ਗੇਂਦਬਾਜ਼ੀ ਵਿੱਚ ਉਨ੍ਹਾਂ ਨੇ ਕੁੱਲ ਪੰਜ ਵਿਕਟਾਂ ਲਈਆਂ, ਜਿਸ ਵਿੱਚ ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਅਹਿਮ ਖਿਡਾਰੀ ਸ਼ਾਮਲ ਸਨ।

ਮੈਦਾਨ 'ਤੇ ਉਨ੍ਹਾਂ ਨੇ ਇੱਕ ਫ਼ੈਸਲਾਕੁੰਨ ਰਨਆਊਟ ਕੀਤਾ ਜਿਸਨੇ ਮੈਚ ਦਾ ਰੁਖ਼ ਬਦਲ ਦਿੱਤਾ। ਬਿਨ੍ਹਾਂ ਥੱਕੇ, ਉਨ੍ਹਾਂ ਨੇ ਲਗਾਤਾਰ 9.2 ਅਤੇ 10 ਓਵਰ ਦੇ ਦੋ ਲੰਬੇ ਸਪੈਲ ਦੀ ਗੇਂਦਬਾਜ਼ੀ ਕੀਤੀ।

ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਜੇ ਦੇਸ਼ (ਇੰਗਲੈਂਡ) ਲਈ ਟੈਸਟ ਮੈਚ ਜਿੱਤਣ ਨਾਲ ਉਤਸ਼ਾਹ ਨਹੀਂ ਆਉਂਦਾ, ਤਾਂ ਫਿਰ ਕੀ ਬਚਦਾ ਹੈ?"

4. ਜੋਫ਼ਰਾ ਆਰਚਰ ਦੀ ਵਾਪਸੀ ਦਾ ਅਸਰ

ਜੋਫ਼ਰਾ ਆਰਚਰ ਨੇ ਲਗਭਗ ਸਾਢੇ ਚਾਰ ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕੀਤੀ। ਲਾਰਡਜ਼ ਤੋਂ ਪਹਿਲਾਂ, ਉਨ੍ਹਾਂ ਨੇ ਫਰਵਰੀ 2021 ਵਿੱਚ ਆਪਣਾ ਆਖਰੀ ਟੈਸਟ ਮੈਚ ਖੇਡਿਆ। ਇਹ ਲਾਰਡਜ਼ ਵਿੱਚ ਖੇਡਿਆ ਗਿਆ ਉਨ੍ਹਾਂ ਦਾ ਦੂਜਾ ਟੈਸਟ ਸੀ।

ਪਰ ਜਿਸ ਤਰ੍ਹਾਂ ਉਨ੍ਹਾਂ ਨੇ ਵਾਪਸੀ ਕੀਤੀ, ਉਹ ਕਿਸੇ ਕਹਾਣੀ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ 144 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰਿਸ਼ਭ ਪੰਤ ਦੀਆਂ ਗਿੱਲੀਆਂ ਹਿਲਾ ਦਿੱਤੀਆਂ ਅਤੇ ਫਿਰ ਸੁੰਦਰ ਦਾ ਸ਼ਾਨਦਾਰ ਕੈਚ ਲਿਆ।

ਉਨ੍ਹਾਂ ਦੀ ਰਫ਼ਤਾਰ, ਲਾਈਨ ਅਤੇ ਸਵਿੰਗ - ਸਭ ਕੁਝ ਪੂਰੀ ਤਰ੍ਹਾਂ ਕਾਬੂ ਵਿੱਚ ਸੀ, ਜੋ ਦਰਸਾਉਂਦਾ ਹੈ ਕਿ ਉਹ ਵੱਡੇ ਮੰਚ ਲਈ ਕਿੰਨੇ ਤਿਆਰ ਸੀ।

ਜੋਫ਼ਰਾ ਆਰਚਰ ਨੇ ਮੈਚ ਤੋਂ ਬਾਅਦ ਕਿਹਾ, "ਵਾਪਸੀ ਤੋਂ ਬਾਅਦ ਪਹਿਲਾ ਮੈਚ ਬਹੁਤ ਥਕਾ ਦੇਣ ਵਾਲਾ ਸੀ। ਜਿਨ੍ਹੇਂ ਓਵਰ ਕਰਨ ਦੀ ਸੋਚੀ, ਉਸ ਨਾਲੋਂ ਵੱਧ ਗੇਂਦਬਾਜ਼ੀ ਕਰਨੀ ਪਈ। ਮੈਂ ਹੁਣ ਤੱਕ ਲਾਰਡਜ਼ ਵਿੱਚ ਸਿਰਫ਼ ਇੱਕ ਟੈਸਟ ਖੇਡਿਆ ਸੀ ਅਤੇ ਪਿਛਲਾ ਮੈਚ ਵੀ ਇਸ ਮੈਚ ਵਾਂਗ ਹੀ ਖਾਸ ਸੀ। ਵਾਪਸੀ ਵਿੱਚ ਸਮਾਂ ਲੱਗਿਆ, ਪਰ ਅਜਿਹੇ ਪਲ ਹਰ ਚੀਜ਼ ਨੂੰ ਸਾਰਥਕ ਬਣਾਉਂਦੇ ਹਨ। ਤੁਹਾਨੂੰ ਕਦੇ ਨਹੀਂ ਪਤਾ ਕਿ ਤੁਸੀਂ ਤਿਆਰ ਹੋ ਜਾਂ ਨਹੀਂ ਜਦੋਂ ਤੱਕ ਤੁਸੀਂ ਮੈਦਾਨ 'ਤੇ ਨਹੀਂ ਉਤਰਦੇ।"

5. ਆਖਰੀ ਘੰਟੇ ਵਿੱਚ ਮਾਨਸਿਕ ਦਬਾਅ

ਜਿਵੇਂ-ਜਿਵੇਂ ਜਿੱਤ ਦਾ ਟੀਚਾ ਨੇੜੇ ਆਉਂਦਾ ਗਿਆ, ਮਾਨਸਿਕ ਦਬਾਅ ਵੀ ਵਧਦਾ ਗਿਆ ਅਤੇ ਇਸਨੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਸਲਿੱਪ ਵਿੱਚ ਖੜ੍ਹੇ ਹੈਰੀ ਬਰੂਕ, ਜਡੇਜਾ ਨੂੰ ਤਾਅਨੇ ਮਾਰ ਰਹੇ ਸੀ, "ਇਹ ਆਈਪੀਐਲ ਨਹੀਂ ਹੈ, ਜੱਡੂ ਨੂੰ ਸਾਰੀਆਂ ਦੌੜਾਂ ਖੁਦ ਬਣਾਉਣੀਆਂ ਪੈਣਗੀਆਂ।"

ਜਡੇਜਾ ਸਿੰਗਲ ਲੈਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਸਿਰਾਜ ਨੂੰ ਇੰਗਲੈਂਡ ਦੇ ਸ਼ਾਰਟ-ਬਾਲ ਪਲੈਨ ਨੇ ਬੁਰੀ ਤਰ੍ਹਾਂ ਜਕੜ ਰੱਖਿਆ ਸੀ।

ਇੱਥੋਂ ਤੱਕ ਕਿ ਬੁਮਰਾਹ ਵੀ, ਜਿਨ੍ਹਾਂ ਨੇ 54 ਗੇਂਦਾਂ ਖੇਡੀਆਂ, ਇੱਕ ਪੁੱਲ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਆਊਟ ਹੋ ਗਏ। ਜਦੋਂ ਆਖਰੀ ਵਿਕਟ ਡਿੱਗੀ, ਤਾਂ ਬਸ਼ੀਰ ਨੇ ਆਪਣਾ ਜ਼ਖਮੀ ਹੱਥ ਹਵਾ ਵਿੱਚ ਲਹਿਰਾਇਆ ਅਤੇ ਪੂਰੀ ਇੰਗਲਿਸ਼ ਟੀਮ ਉਨ੍ਹਾਂ ਨੂੰ ਘੇਰਨ ਲਈ ਦੌੜ ਗਈ।

ਇੰਗਲੈਂਡ ਦੇ ਗੇਂਦਬਾਜ਼ਾਂ ਦਾ ਦਬਾਅ ਕੰਮ ਕਰ ਗਿਆ ਅਤੇ ਭਾਰਤ ਜਿੱਤ ਦੀ ਦਹਿਲੀਜ਼ 'ਤੇ ਪਹੁੰਚਣ ਤੋਂ ਬਾਅਦ ਹਾਰ ਗਿਆ।

ਸਿਰਾਜ ਜ਼ਮੀਨ 'ਤੇ ਝੁਕੇ ਹੋਏ ਸੀ, ਜ਼ਖਮੀ ਮਨ ਲੈ ਕੇ। ਉਨ੍ਹਾਂ ਨੂੰ ਦਿਲਾਸਾ ਦੇਣ ਵਾਲੇ ਸਭ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀ ਹੀ ਸਨ - ਕ੍ਰਾਵਲੀ, ਬਰੂਕ, ਰੂਟ ਅਤੇ ਸਟੋਕਸ।

ਟੈਸਟ ਕ੍ਰਿਕਟ ਦੀ ਇਹ ਹੀ ਖਾਸ ਗੱਲ ਹੈ ਕਿ ਹਾਰ ਵਿੱਚ ਵੀ ਗਰਿਮਾ ਹੁੰਦੀ ਹੈ।

ਭਾਰਤ ਭਾਵੇਂ ਮੈਚ ਹਾਰ ਗਿਆ ਹੋਵੇ ਪਰ ਰਵਿੰਦਰ ਜਡੇਜਾ ਦਾ ਦ੍ਰਿੜ ਇਰਾਦਾ, ਬੁਮਰਾਹ ਦੀ ਲਗਨ ਅਤੇ ਸਿਰਾਜ ਦੀ ਹਿੰਮਤ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿੱਚ ਦਰਜ ਹੋ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)