ਜਦੋਂ ਇੰਗਲੈਂਡ ਦੀਆਂ ਤੇਜ਼ ਪਿੱਚਾਂ ਉੱਤੇ ਭਾਰਤ ਦੇ ਫਿਰਕੀ ਗੇਂਦਬਾਜ਼ਾਂ ਨੇ ਆਪਣੇ ਦਮ 'ਤੇ ਭਾਰਤ ਨੂੰ ਪਹਿਲੀ ਜਿੱਤ ਦਿਵਾਈ ਸੀ

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਆਬਿਦ ਅਲੀ ਦੇ ਬੱਲੇ ਤੋਂ ਨਿਕਲੀ ਗੇਂਦ ਬਾਊਂਡਰੀ ਵੱਲ ਵਧ ਰਹੀ ਸੀ ਤੇ ਇਸੀ ਦੌਰਾਨ ਦਰਸ਼ਕਾਂ ਦਾ ਹਜੂਮ ਕੁਰਸੀਆਂ ਤੋਂ ਉੱਠ ਬੈਰੀਅਰ ਪਾਰ ਕਰਕੇ ਮੈਦਾਨ ਵਿੱਚ ਆ ਵੜਿਆ।

ਇਸੇ ਦੌਰਾਨ ਇੰਗਲੈਂਡ ਦੇ ਖਿਡਾਰੀ ਪਵੇਲੀਅਨ ਵੱਲ ਭੱਜੇ ਤੇ ਅੰਪਾਇਰ ਨੇ ਉਦੋਂ ਹੀ ਸਟੰਪ ਪੁੱਟ ਲਈਆਂ ਤਾਂ ਜੋ ਕੋਈ ਖੋਹ ਨਾ ਲਵੇ।

ਉੱਧਰ ਇਸ ਭੀੜ ਨੇ ਭਾਰਤੀ ਬੱਲੇਬਾਜ਼ਾਂ ਨੂੰ ਮੋਢਿਆਂ 'ਤੇ ਚੁੱਕ ਲਿਆ ਤੇ ਗਲਾਂ ਵਿੱਚ ਹਾਰ ਪਾਏ।

ਇਹ ਸਭ ਵਾਪਰਿਆ 24 ਅਗਸਤ 1971 ਦੇ ਦਿਨ, ਉਹ ਦਿਨ ਜਦੋਂ ਭਾਰਤ ਦੀ ਕ੍ਰਿਕਟ ਟੀਮ ਨੇ ਇਤਿਹਾਸ ਰਚਿਆ।

ਭਾਰਤ ਦੇ ਨਾਮ ਇੰਗਲੈਂਡ ਦੀ ਧਰਤੀ ਉਪਰ ਪਹਿਲੀ ਟੈਸਟ ਸੀਰੀਜ਼ ਜਿੱਤਣ ਦਾ ਖ਼ਿਤਾਬ।

ਓਵਲ ਦੇ ਮੈਦਾਨ ਵਿੱਚ ਦਰਜ ਕੀਤੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ।

ਭਾਰਤੀ, ਖਾਸਕਰ ਕ੍ਰਿਕਟ ਪ੍ਰੇਮੀ 1983 ਦੇ ਵਿਸ਼ਵ ਕੱਪ ਜਿੱਤਣ ਨੂੰ ਹੀ ਭਾਰਤ ਕ੍ਰਿਕਟ ਦਾ ਚੰਗਾ ਦੌਰ ਮੰਨਦੇ ਹੋਣਗੇ ਪਰ ਉਸ ਤੋਂ 12 ਸਾਲ ਪਹਿਲਾਂ ਵੀ ਕੁਝ ਅਜਿਹਾ ਵਾਪਰਿਆ ਸੀ, ਜਿਸ ਨੇ ਖੇਡ ਪ੍ਰੇਮੀਆਂ ਵਿੱਚ ਕ੍ਰਿਕਟ ਲਈ ਇੱਕ ਥਾਂ ਬਣਾ ਦਿੱਤੀ ਸੀ।

ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਆਖਿਰ 54 ਸਾਲ ਪਹਿਲਾਂ ਭਾਰਤੀ ਖਿਡਾਰੀਆਂ ਨੇ ਅਜਿਹਾ ਕੀ ਕਮਾਲ ਕੀਤਾ ਕਿ ਇੰਗਲੈਂਡ ਵਿੱਚ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ, ਇਸ ਦੇ ਨਾਲ ਹੀ ਉਸ ਦਿਨ ਮੈਦਾਨ ਵਿੱਚ ਕੀ ਕੁਝ ਵਾਪਰਿਆ ਉਸ ਬਾਰੇ ਵੀ ਜਾਣਾਂਗੇ।

ਲੰਬੇ ਸੰਘਰਸ਼ ਮਗਰੋਂ ਭਾਰਤ ਦੀ ਇੰਗਲੈਂਡ 'ਤੇ ਫ਼ਤਹਿ

ਕ੍ਰਿਕਟ ਦੇ ਆਪਣੇ ਸ਼ੁਰੂਆਤੀ ਦੌਰ ਵਿੱਚ ਬੇਸ਼ੱਕ ਭਾਰਤੀ ਟੀਮ ਨੂੰ ਸੰਘਰਸ਼ ਕਰਨਾ ਪਿਆ। ਇਹ ਸਿਲਸਿਲਾ ਲੰਬਾ ਚੱਲਿਆ ਤੇ ਭਾਰਤੀ ਟੀਮ ਨੂੰ ਇਸ ਖੇਡ ਵਿੱਚ ਨਿਖਰਨ ਲਈ ਸਮਾਂ ਲੱਗਿਆ।

ਪਰ ਸਾਲ ਦਰ ਸਾਲ ਭਾਰਤੀ ਕ੍ਰਿਕਟ ਟੀਮ ਕੌਮਾਂਤਰੀ ਪੱਧਰ 'ਤੇ ਆਪਣੀ ਮੌਜੂਦਗੀ ਦਰਜ ਕਰਵਾਉਂਦੀ ਰਹੀ ਅਤੇ ਮਜ਼ਬੂਤ ਬਣ ਉਭਰਨ ਲੱਗੀ।

ਈਐੱਸਪੀਐੱਨ ਕ੍ਰਿਕਇਨਫੋ ਦੇ ਅਨੁਸਾਰ ਭਾਰਤ ਨੇ ਇੰਗਲੈਂਡ ਦੇ ਖ਼ਿਲਾਫ਼ ਪਹਿਲੀ ਟੈਸਟ ਸੀਰੀਜ਼ ਸਾਲ 1932 ਵਿੱਚ ਖੇਡੀ। ਇਹ ਟੈਸਟ ਸੀਰੀਜ਼ ਇੰਗਲੈਂਡ ਦੀ ਟੀਮ ਨੇ 1-0 ਨਾਲ ਆਪਣੇ ਨਾਮ ਕੀਤੀ।

ਇਸ ਤੋਂ ਬਾਅਦ ਟੈਸਟ ਸੀਰੀਜ਼ ਵਿੱਚ ਭਾਰਤ ਖ਼ਿਲਾਫ਼ ਇੰਗਲੈਂਡ ਦੀ ਜਿੱਤ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਹਾਲਾਂਕਿ 1951-52 ਅਤੇ 1963-64 ਦੌਰਾਨ ਟੈਸਟ ਸੀਰੀਜ਼ ਡਰਾਅ ਰਹੀ।

ਫਿਰ ਸਾਲ ਆਉਂਦਾ 1971 ਜੋ ਭਾਰਤੀ ਕ੍ਰਿਕਟ ਲਈ ਨਵਾਂ ਯੁੱਗ ਮੰਨਿਆ ਗਿਆ। ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਆਪਣੇ ਕੈਰੀਬਿਅਨ ਦੌਰੇ 'ਤੇ ਸੀ, ਜਿੱਥੇ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਆਪਣਾ ਲੋਹਾ ਮੰਨਵਾਇਆ।

ਵੈਸਟ ਇੰਡੀਜ਼ ਨੂੰ ਹਰਾ ਕੇ ਸ਼ਾਨਦਾਰ ਜੇਤੂ ਦੌਰੇ ਦਾ ਅਨੰਦ ਮਾਣਦੀ ਹੋਈ ਭਾਰਤੀ ਟੀਮ ਦਾ ਸਾਹਮਣਾ ਹੁਣ ਇੰਗਲੈਂਡ ਨਾਲ ਹੋਣਾ ਸੀ।

ਇਸ ਤੋਂ ਪਹਿਲਾਂ ਇੰਗਲੈਂਡ ਭਾਰਤ ਨੂੰ ਲਗਾਤਾਰ 19 ਟੈਸਟ ਮੈਚ ਹਰਾ ਚੁੱਕੀ ਸੀ।

ਪਰ ਭਾਰਤ ਦੀ ਟੀਮ ਵੀ ਉਤਸ਼ਾਹ ਨਾਲ ਭਰੀ ਇਸ ਵਾਰ ਆਪਣੇ ਵੱਖਰੇ ਰੰਗ ਵਿੱਚ ਸੀ। ਇੰਗਲੈਂਡ ਨਾਲ ਭਾਰਤ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਮੀਂਹ ਕਾਰਨ ਡਰਾਅ ਰਹੇ।

ਇਸ ਮਗਰੋਂ ਤੀਜਾ ਮੁਕਾਬਲਾ 19 ਅਗਸਤ ਤੋਂ 24 ਅਗਸਤ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਦੇ ਖੇਡਣ ਤੋਂ ਪਹਿਲਾਂ ਦੋਵੇਂ ਦੇਸ਼ਾਂ ਵਿੱਚ ਇਸ ਦੀ ਕੋਈ ਬਹੁਤੀ ਚਰਚਾ ਨਹੀਂ ਸੀ ਪਰ ਤੀਜੇ ਟੈਸਟ ਮੈਚ ਦਾ ਨਤੀਜਾ ਹਰ ਅਖਬਾਰ ਦੀ ਸੁਰਖੀ ਬਣਿਆ।

ਬੀਸੀਸੀਆਈ ਦੇ ਅਨੁਸਾਰ ਇਸ ਮੈਚ ਵਿੱਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 355 ਦੌੜਾਂ ਬਣਾਈਆਂ ਅਤੇ ਭਾਰਤ ਨੇ ਜਵਾਬ ਵਿੱਚ ਦਿਲੀਪ ਸਰਦੇਸਾਈ ਅਤੇ ਫਾਰੁਖ਼ ਇੰਜੀਨੀਅਰ ਦੇ ਅਰਧ ਸੈਂਕੜਿਆਂ ਅਤੇ ਵਾਡੇਕਰ ਤੇ ਏਕਨਾਥ ਸੋਲਕਰ ਦੀਆਂ ਕੀਮਤੀ 40-40 ਦੌੜਾਂ ਦੀ ਬਦੌਲਤ 284 ਸਕੋਰ ਬਣਾਇਆ।

ਦੂਜੀ ਪਾਰੀ ਵਿੱਚ ਭਾਗਵਤ ਚੰਦਰਸ਼ੇਖਰ ਨੇ ਛੇ ਵਿਕਟਾਂ ਲਈਆਂ ਤੇ ਭਾਰਤ ਨੇ ਇੰਗਲੈਂਡ ਨੂੰ 101 ਦੌੜਾਂ 'ਤੇ ਆਊਟ ਕੀਤਾ।

ਇਸ ਤੋਂ ਬਾਅਦ ਭਾਰਤ ਨੇ ਹਾਰ ਦੇ ਚਾਰ ਦਹਾਕਿਆਂ ਦੇ ਸੋਕੇ ਨੂੰ ਤੋੜਦਿਆਂ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਇਹ ਟੈਸਟ ਸੀਰੀਜ਼ ਆਪਣੇ ਨਾਮ ਕੀਤੀ।

ਕਪਤਾਨ ਅਜੀਤ ਵਾਡੇਕਰ ਤੇ ਭਾਰਤੀ ਬੱਲੇਬਾਜ਼

ਸਾਲ 1969-70 ਦੌਰਾਨ ਭਾਰਤੀ ਟੀਮ ਸੰਘਰਸ਼ ਵਿੱਚੋਂ ਲੰਘ ਰਹੀ ਸੀ। ਉਸ ਸਮੇਂ ਭਾਰਤੀ ਟੈਸਟ ਕ੍ਰਿਕਟ ਦੇ ਕਪਤਾਨ ਮਨਸੂਰ ਅਲੀ ਖਾਨ ਪਟੌਤੀ ਉਰਫ ਟਾਈਗਰ ਪਟੌਦੀ ਸਨ।

ਸਾਲ 1971 ਵਿੱਚ ਭਾਰਤੀ ਟੀਮ ਨੇ ਦੋ ਵਿਦੇਸ਼ੀ ਦੌਰਿਆਂ 'ਤੇ ਜਾਣਾ ਸੀ, ਪਹਿਲੀ ਵੈਸਟ ਇੰਡੀਜ਼ ਅਤੇ ਦੂਜੀ ਟੈਸਟ ਸੀਰੀਜ਼ ਇੰਗਲੈਂਡ ਖ਼ਿਲਾਫ।

ਇਸ ਦੌਰਾਨ ਭਾਰਤੀ ਸਲੈਕਟਰਾਂ ਨੇ ਟੀਮ ਵਿੱਚ ਕੁਝ ਬਦਲਾਅ ਕੀਤੇ। ਸਭ ਤੋਂ ਵੱਡਾ ਬਦਲਾਅ ਇਹ ਕਿ ਟੀਮ ਦਾ ਕਪਤਾਨ ਬਦਲਿਆ ਗਿਆ।

ਅਜੀਤ ਵਾਡੇਕਰ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ। ਫਿਰ ਲਿਖੀ ਜਾਂਦੀ ਹੈ ਭਾਰਤੀ ਕ੍ਰਿਕਟ ਦੀ ਨਵੀਂ ਕਹਾਣੀ।

ਅਜੀਤ ਵਾਡੇਕਰ ਦੀ ਅਗਵਾਈ ਵਿੱਚ ਖੇਡਦਿਆਂ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਉਸ ਦੀ ਹੀ ਜ਼ਮੀਨ 'ਤੇ ਹਰਾ ਕੇ ਇਤਿਹਾਸ ਸਿਰਜਣ ਦੀ ਨੀਂਹ ਰੱਖ ਦਿੱਤੀ ਸੀ।

ਭਾਰਤ ਟੈਸਟ ਕ੍ਰਿਕਟ ਦੀ ਇਹ ਟੀਮ ਸ਼ਾਨਦਾਰ ਸਪਿਨਰਾਂ ਤੇ ਇੱਕ ਮਜ਼ਬੂਤ ਬੱਲੇਬਾਜ਼ਾਂ ਨਾਲ ਸਜੀ ਹੋਈ ਸੀ।

ਵੈਸਟ ਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ ਖੇਡਦਿਆਂ ਸੁਨੀਲ ਗਾਵਸਕਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਸ਼ੁਰੂਆਤ ਇੰਨੀ ਜਬਰਦਸਤ ਸੀ ਕਿ ਸੁਨੀਲ ਗਾਵਸਕਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਉਹ ਇੰਗਲੈਂਡ ਖ਼ਿਲਾਫ਼ ਕੁਝ ਖਾਸ ਕਮਾਲ ਨਾ ਕਰ ਸਕੇ।

ਪਰ ਭਾਰਤ ਦੀ ਟੀਮ ਦੀ ਇੱਕ ਮਜ਼ਬੂਤ ਬੱਲੇਬਾਜ਼ੀ ਲਾਈਨ-ਅਪ ਸੀ, ਜਿਸ ਦੇ ਦਮ 'ਤੇ ਟੀਮ ਇੰਗਲੈਂਡ ਦੇ ਗੇਂਦਬਾਜ਼ਾਂ ਅੱਗੇ ਟਿਕੀ ਦਿਖਾਈ ਦਿੱਤੀ।

ਸਾਲ 2002 ਵਿੱਚ ਬੀਬੀਸੀ ਸਪੋਰਟ ਨਾਲ ਅਜੀਤ ਵਾਡੇਕਰ ਨੇ ਇਸ ਸੀਰੀਜ਼ ਬਾਰੇ ਖਾਸ ਗੱਲਬਾਤ ਕੀਤੀ ਸੀ।

ਸੀਰੀਜ਼ ਤੋਂ ਪਹਿਲਾਂ ਅਜੀਤ ਵਾਡੇਕਰ ਦੀ ਕੀ ਮਨੋਦਸ਼ਾ ਸੀ?

ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਜਦੋਂ ਭਾਰਤੀ ਟੀਮ 1971 ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਇੰਗਲੈਂਡ ਦੌਰੇ 'ਤੇ ਪਹੁੰਚੀ ਤਾਂ ਉਨ੍ਹਾਂ ਦੀ ਕੀ ਮਨੋਦਸ਼ਾ ਸੀ?

ਇਸ ਦੇ ਜਵਾਬ ਵਿੱਚ ਅਜੀਤ ਨੇ ਕਿਹਾ, "ਬੇਸ਼ੱਕ ਅਸੀਂ ਉਤਸ਼ਾਹਿਤ ਸੀ ਪਰ ਥੋੜ੍ਹੇ ਸੁਚੇਤ ਵੀ ਸੀ। ਇੰਗਲਿਸ਼ ਟੀਮ ਆਸਟਰੇਲੀਆ ਤੋਂ ਜਿੱਤ ਕੇ ਪਰਤੀ ਹੀ ਸੀ ਅਤੇ ਤੇਜ਼ ਗੇਂਦਬਾਜ਼ ਜੌਨ ਸਨੋ ਸ਼ਾਨਦਾਰ ਫ਼ੋਰਮ ਵਿੱਚ ਸਨ। ਵੈਸਟ ਇੰਡੀਜ਼ ਨੂੰ ਪਹਿਲੀ ਵਾਰ ਹਰਾਉਣ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਅਤੇ ਅਸੀਂ ਇੰਗਲੈਂਡ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਉਤਸੁਕ ਸੀ।''

ਬੀਸੀਸੀਆਈ ਅਨੁਸਾਰ ਇਸ ਮੈਚ ਵਿੱਚ ਭਾਰਤ ਨੂੰ ਜਿੱਤਣ ਲਈ 173 ਦੌੜਾਂ ਦੀ ਜ਼ਰੂਰਤ ਸੀ ਪਰ ਵਾਡੇਕਰ, ਸਰਦੇਸਾਈ, ਗੁੰਡੱਪਾ ਵਿਸ਼ਵਾਨਾਥ ਅਤੇ ਇੰਜਨੀਅਰ ਨੇ ਕ੍ਰਮਵਾਰ 45,40,33 ਅਤੇ 28 ਦੌੜਾਂ ਬਣਾ ਕੇ ਇਤਿਹਾਸਿਕ ਜਿੱਤ ਦਰਜ ਕੀਤੀ।

ਈਐੱਸਪੀਐੱਨ ਕ੍ਰਿਕਇਨਫੋ ਦੇ ਲੇਖ ਅਨੁਸਾਰ ਇਸ ਮੈਚ ਬਾਰੇ ਕਪਤਾਨ ਅਜੀਤ ਵਾਡੇਕਰ ਨੇ ਕਿਹਾ ਸੀ, "ਮੈਨੂੰ ਟਾਰਗੇਟ ਤੱਕ ਪਹੁੰਚਣ ਦਾ ਪੂਰਾ ਭਰੋਸਾ ਸੀ। ਇਲੰਗਵਰਥ ਦੀ ਸੋਚ ਇਹ ਸੀ ਕਿ ਅਸੀਂ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਅੱਗੇ ਜ਼ਿਆਦਾ ਚੰਗੇ ਨਹੀਂ ਹਾਂ ਅਤੇ ਉਥੇ ਹੀ ਉਹ ਡਗਮਗਾ ਗਏ। ਫਿਰ ਆਪਣੇ ਗੇਂਦਬਾਜ਼ ਅੰਡਰਵੁੱਡ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਗਏ। ਮੈਂ ਆਪਣੇ ਬੱਲੇਬਾਜ਼ਾਂ ਨੂੰ ਕਿਹਾ ਕਿ ਉਹ ਇੰਤਜ਼ਾਰ ਕਰਨ ਅਤੇ ਦੇਖਣ ਤੇ ਫਿਰ ਦੌੜਾਂ ਬਣਾਉਣ।"

ਕਪਤਾਨ ਅਜੀਤ ਵਾਡੇਕਰ ਨੇ ਇਸ ਸੀਰੀਜ਼ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 204 ਦੌੜਾਂ ਬਣਾਈਆਂ ਸੀ।

ਬੀਸੀਸੀਆਈ ਅਨੁਸਾਰ ਜਦੋਂ 2021 ਵਿੱਚ ਇਸ ਜਿੱਤ ਦੇ 50 ਸਾਲ ਮਨਾਏ ਗਏ ਤਾਂ ਰਵੀ ਸ਼ਾਸਤਰੀ ਨੇ ਕਿਹਾ ਸੀ, "ਇੰਗਲੈਂਡ ਵਿੱਚ 1971 ਦੀ ਜਿੱਤ ਨੇ ਭਾਰਤੀ ਕ੍ਰਿਕਟ ਦਾ ਮਨੋਬਲ ਬਹੁਤ ਉੱਚਾ ਕੀਤਾ ਸੀ। ਇਸ ਜਿੱਤ ਨੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਵਿਦੇਸ਼ ਜਾ ਕੇ ਵੀ ਜਿੱਤ ਸਕਦੇ ਹਨ। ਅਤੇ ਇੰਗਲੈਂਡ ਵਿੱਚ ਅਜਿਹਾ ਕਰਨਾ ਹਮੇਸ਼ਾ ਇਤਿਹਾਸਕ ਹੁੰਦਾ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਸਲਾਮ।"

ਭਾਗਵਤ ਚੰਦਰਸ਼ੇਖਰ ਦੀ 'ਨਾਟਕੀ' ਗੇਂਦਬਾਜ਼ੀ ਤੇ ਟੀਮ ਦੇ ਚਾਰ ਸਪਿਨਰ

1971 ਵਿਚਲੀ ਇਸ ਭਾਰਤੀ ਟੈਸਟ ਕ੍ਰਿਕਟ ਟੀਮ ਦੀ 'ਜਾਨ' ਕਹੇ ਜਾਣ ਵਾਲੇ, ਉਹ ਸੀ ਚਾਰ ਸਪਿਨਰ ਗੇਂਦਬਾਜ਼ਾਂ ਦੀ ਚੌਕੜੀ। ਭਾਰਤ ਕੋਲ ਬਿਸ਼ਨ ਬੇਦੀ, ਸ਼੍ਰੀਨਿਵਾਸ ਵੇਂਕਟਰਾਘਵਨ, ਇਰਾਪੱਲੀ ਪ੍ਰਸੰਨਾ ਅਤੇ ਭਾਗਵਤ ਚੰਦਰਸ਼ੇਖਰ ਵਰਗੇ ਦਿੱਗਜ ਗੇਂਦਬਾਜ਼ ਸਨ।

ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਪਣੀ ਪਹਿਲੀ ਇਤਿਹਾਸਕ ਜਿੱਤ ਜੇ ਭਾਰਤ ਨੇ ਦਰਜ ਕੀਤੀ ਹੈ ਤਾਂ ਉਸ ਵਿੱਚ ਭਾਗਵਤ ਚੰਦਰਸ਼ੇਖਰ ਦਾ ਨਾਮ ਬਹੁਤ ਅਹਿਮੀਅਤ ਰੱਖਦਾ ਹੈ।

ਜਦੋਂ ਇੰਗਲੈਂਡ ਦੇ ਖਿਡਾਰੀ ਇਸ ਮੈਚ ਦੀ ਦੂਜੀ ਪਾਰੀ ਕਰਨ ਉੱਤਰੇ ਤਾਂ ਉਹ 71 ਦੌੜਾਂ ਨਾਲ ਮਜ਼ਬੂਤ ਸਥਿਤੀ ਵਿੱਚ ਸਨ।

ਈਐੱਸਪੀਐੱਨ ਕ੍ਰਿਕਇਨਫੋ ਅਨੁਸਾਰ ਜਦੋਂ ਚੰਦਰਸ਼ੇਖਰ ਗੇਂਦਬਾਜ਼ੀ ਕਰ ਰਹੇ ਸਨ ਤਾਂ ਮੈਦਾਨ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮਿੱਲ ਰੀਫ ਦੀ ਤਰ੍ਹਾਂ ਤੇਜ਼ ਗੇਂਦਬਾਜ਼ੀ ਕਰਨ। ਮਿੱਲ ਰੀਫ ਉਸ ਸਮੇਂ ਸਭ ਤੋਂ ਜ਼ਿਆਦਾ ਰੇਸਾਂ ਜਿੱਤਣ ਵਾਲਾ ਘੋੜਾ ਸੀ।

ਇਸ ਦੌਰਾਨ ਸਾਹਮਣੇ ਇੰਗਲੈਂਡ ਦਾ ਬੱਲੇਬਾਜ਼ ਜੌਨ ਐਡਰਿਚ ਸੀ।

ਚੰਦਰਸ਼ੇਖਰ ਨੇ ਕਿਹਾ ਸੀ, "ਮੈਂ ਕੁਝ ਹੋਰ ਤਰ੍ਹਾਂ ਦੀ ਗੇਂਦਬਾਜ਼ੀ ਕਰਨ ਬਾਰੇ ਸੋਚ ਰਿਹਾ ਸੀ ਪਰ ਰਨ-ਅੱਪ ਵਿਚਾਲੇ ਜਿਵੇਂ ਉਨ੍ਹਾਂ ਨੇ ਮੈਨੂੰ ਕਿਹਾ ਤਾਂ ਮੈਂ ਤੇਜ਼ ਗੇਂਦਬਾਜ਼ੀ ਕੀਤੀ।"

ਇਸ ਮੈਚ ਵਿੱਚ ਭਾਗਵਤ ਚੰਦਰਸ਼ੇਖਰ ਨੇ ਬੇਮਿਸਾਲ ਗੇਂਦਬਾਜ਼ੀ ਕਰਦਿਆਂ 38 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ।

ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਇੰਗਲੈਂਡ ਦੇ ਬੱਲੇਬਾਜ਼ ਢਹਿ-ਢੇਰੀ ਹੋ ਗਏ ਤੇ ਇਸ ਪਾਰੀ ਵਿੱਚ ਇੰਗਲੈਂਡ ਸਿਰਫ 101 ਦੌੜਾਂ ਹੀ ਬਣਾ ਸਕੀ।

ਬੀਬੀਸੀ ਸਪੋਰਟ ਨੂੰ 2002 ਵਿੱਚ ਦਿੱਤੇ ਇੰਟਰਵਿਊ ਵਿੱਚ ਭਾਰਤੀ ਕਪਤਾਨ ਅਜੀਤ ਵਾਡੇਕਰ ਨੇ ਕਿਹਾ ਸੀ ਕਿ, ''ਮੈਨੂੰ ਲੱਗਦਾ ਹੈ ਕਿ ਉਸ ਦਿਨ ਚੰਦਰਾ ਨੂੰ ਖੇਡਣਾ ਅਸੰਭਵ ਸੀ, ਦੁਨੀਆ ਦਾ ਕੋਈ ਵੀ ਬੱਲੇਬਾਜ਼ ਆਸਾਨੀ ਨਾਲ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਦਾ ਸੀ। ਪਿੱਚ ਵੀ ਉਨ੍ਹਾਂ ਦੇ ਹਿਸਾਬ ਦੀ ਸੀ, ਜਿੱਥੇ ਥੋੜ੍ਹਾ ਉਛਾਲ ਤੇ ਟਰਨ ਸੀ। ਉਨ੍ਹਾਂ ਨੇ ਉਸ ਪਾਰੀ ਵਿੱਚ ਸ਼ਾਇਦ ਹੀ ਕੋਈ ਢਿੱਲੀ ਗੇਂਦ ਸੁੱਟੀ ਹੋਵੇ ਅਤੇ ਬੱਲੇਬਾਜ਼ ਇਸ ਉਲਝਣ ਵਿੱਚ ਸੀ ਕਿ ਉਹ ਨਾ ਤਾਂ ਉਸ ਦਾ ਬਚਾਅ ਕਰ ਸਕਦੇ ਨੇ ਤੇ ਨਾ ਹੀ ਉਨ੍ਹਾਂ ਦੀ ਗੇਂਦ 'ਤੇ ਸ਼ੌਟ ਮਾਰ ਸਕਦੇ ਹਨ।''

ਮੈਦਾਨ ਵਿੱਚ ਜਦੋਂ ਫੈਨਜ਼ ਹਾਥੀ ਲੈ ਆਏ

ਬੱਲੇ ਤੇ ਗੇਂਦ ਦੀ ਇਹ ਦਿਲਚਸਪ ਖੇਡ ਭਾਰਤੀਆਂ ਲਈ ਕਿਸੇ ਸਿਨੇਮਾ ਨਾਲੋਂ ਘੱਟ ਨਹੀਂ ਹੈ।

ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਕਹੀਏ ਕਿ ਕ੍ਰਿਕਟ ਵਿੱਚ ਭਾਰਤ ਦੀ ਜਿੱਤ ਕਿਸੇ ਤਿਉਹਾਰ ਨਾਲੋਂ ਤੇ ਹਾਰ ਕਿਸੇ ਸਦਮੇ ਨਾਲੋਂ ਘੱਟ ਹੈ।

ਅਜਿਹਾ ਹੀ ਕੁਝ ਓਵਲ ਦੇ ਮੈਦਾਨ ਵਿੱਚ ਵੀ ਦੇਖਣ ਨੂੰ ਮਿਲਿਆ।

ਦਰਅਸਲ 24 ਅਗਸਤ 1971 ਵਾਲੇ ਦਿਨ ਜਿੱਥੇ ਭਾਰਤ ਇਤਿਹਾਸ ਬਣਾਉਣ ਵੱਲ ਕਦਮ ਧਰ ਰਿਹਾ ਸੀ, ਉਸੇ ਦਿਨ ਗਣੇਸ਼ ਚਤੁਰਥੀ ਵੀ ਸੀ।

ਹਿੰਦੂ ਧਰਮ ਵਿੱਚ ਇਸ ਤਿਉਹਾਰ ਦੀ ਬਹੁਤ ਮਾਨਤਾ ਹੈ।

ਸਟੇਡੀਅਮ ਵਿੱਚ ਭਾਰਤੀ ਪ੍ਰਸ਼ੰਸਕ ਉਤਸ਼ਾਹ ਨਾਲ ਭਰੇ ਹੋਏ ਸੀ ਤੇ ਭਾਰਤੀ ਟੀਮ ਵੀ ਜਿੱਤ ਵੱਲ ਵਧ ਰਹੀ ਸੀ।

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਉਸ ਸਮੇਂ ਸਟੇਡੀਅਮ ਵਿੱਚ ਮੌਜੂਦ ਭਾਰਤੀ ਪ੍ਰਸ਼ੰਸਕਾਂ ਨੇ ਚੈਸਿੰਗਟਨ ਚਿੜੀਆਘਰ ਤੋਂ ਇੱਕ ਹਾਥੀ ਲਿਆਉਣ ਦੀ ਸੋਚੀ। ਉਸ ਦਾ ਨਾਮ ਬੇਲਾ ਸੀ, ਜੋ ਤਿੰਨ ਸਾਲ ਦਾ ਸੀ।

ਇਸ ਦੌਰਾਨ ਜਦੋਂ ਮੈਦਾਨ ਵਿੱਚ ਇੱਕ ਹਾਥੀ ਦੌੜਦਾ ਦਿਖਾਈ ਦਿੱਤਾ ਤਾਂ ਸਭ ਹੈਰਾਨ ਰਹਿ ਗਏ ਤੇ ਕਈ ਭਾਰਤੀ ਪ੍ਰਸ਼ੰਸਕ ਮੰਤਰਮੁਗਧ ਹੋ ਗਏ।

ਭਾਰਤ ਦੀ ਇਤਿਹਾਸਿਕ ਜਿੱਤ ਦਾ ਦਿਨ ਜਿੱਥੇ ਯਾਦਗਾਰ ਬਣਿਆ, ਉੱਥੇ ਹੀ ਇਹ ਹਾਥੀ ਵੀ ਇਸ ਮੈਚ ਦੀ ਨਾਲ ਹਮੇਸ਼ਾ ਯਾਦਗਾਰ ਬਣ ਗਿਆ।

ਏਕਨਾਥ ਦਾ ਉਹ ਕੈਚ

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਭਾਰਤ ਦੇ ਸਾਬਕਾ ਕ੍ਰਿਕਟਰ ਏਕਨਾਥ ਸੋਲਕਰ ਨੇ ਸਿਰਫ 27 ਮੈਚ ਖੇਡੇ ਪਰ ਇਨ੍ਹਾਂ ਮੈਚਾਂ ਵਿੱਚ ਉਨ੍ਹਾਂ ਨੇ 53 ਕੈਚ ਫੜੇ।

ਸੋਲਕਰ ਆਪਣੀ ਸ਼ਾਨਦਾਰ ਫਿਲਡਿੰਗ ਲਈ ਜਾਣੇ ਜਾਂਦੇ ਸਨ ਪਰ 1971 ਵਿੱਚ ਓਵਲ ਦੇ ਮੈਦਾਨ 'ਚ ਇੰਗਲੈਂਡ ਖਿਲਾਫ ਖੇਡੇ ਮੈਚ ਵਿੱਚ ਫੜਿਆ ਕੈਚ ਕ੍ਰਿਕਟ ਦੇ ਇਤਿਹਾਸ ਵਿੱਚ ਯਾਦਗਾਰ ਬਣ ਗਿਆ।

ਇੰਗਲੈਂਡ ਦੇ ਬੱਲੇਬਾਜ਼ ਐਲਨ ਨੌਟ ਆਫ ਸਪਿਨ ਗੇਂਦਬਾਜ਼ੀ ਖਿਲਾਫ ਮਜ਼ਬੂਤ ਬੱਲੇਬਾਜ਼ ਮੰਨੇ ਜਾਂਦੇ ਸਨ।

ਐਲਨ ਨੌਟ ਦੇ ਸਾਹਮਣੇ ਭਾਰਤੀ ਸਪਿਨਰ ਐੱਸ ਵੈਂਕਟਰਾਘਵਨ ਸਨ।

ਵੈਂਕਟਰਾਘਵਨ ਨੇ ਜਦੋਂ ਗੇਂਦ ਕਰਵਾਈ ਤਾਂ ਨੌਟ ਨੇ ਉਸ ਬਾਲ ਨੂੰ ਕਾਰਨਰ ਤੋਂ ਖੇਡਣ ਦੀ ਕੋਸ਼ਿਸ਼ ਕੀਤੀ ਤੇ ਏਕਨਾਥ ਸੋਲਕਰ ਫੈਰਵਰਡ ਸ਼ੋਰਟ ਲੈੱਗ ਪੁਜ਼ੀਸ਼ਨ 'ਤੇ ਖੜ੍ਹੇ ਸਨ, ਜਿਨ੍ਹਾਂ ਨੇ ਲੰਬੀ ਡਰਾਈਵ ਲਗਾਈ ਤੇ ਜ਼ਮੀਨ 'ਤੇ ਪੂਰਾ ਵਿੱਚ ਕੇ ਇਹ ਕੈਚ ਫੜ ਲਿਆ।

ਇਹੀ ਕੈਚ ਇਸ ਮੈਚ ਦਾ ਟਰਨਿੰਗ ਪੁਆਇੰਟ ਵੀ ਸਾਬਤ ਹੋਇਆ।

ਟੋਨੀ ਗ੍ਰੇਗ ਨੇ ਇੱਕ ਵਾਰ ਕਿਹਾ ਸੀ ਕਿ ਸੋਲਕਰ ਫਾਰਵਰਡ ਸ਼ਾਰਟ-ਲੈੱਗ ਪੋਜੀਸ਼ਨ 'ਤੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਫਿਲਡਰ ਹਨ। ਇਹ ਭਾਰਤੀ ਕੈਚਿੰਗ ਦੇ ਮਾਸਟਰ ਲਈ ਇੱਕ ਸ਼ਾਨਦਾਰ ਮਾਨਤਾ ਸੀ ਕਿਉਂਕਿ ਮਹਾਨ ਸਰ ਗਾਰਫੀਲਡ ਸੋਬਰਸ ਵੀ ਉਸ ਪੋਜੀਸ਼ਨ 'ਤੇ ਇੱਕ ਮਾਸਟਰ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)