You’re viewing a text-only version of this website that uses less data. View the main version of the website including all images and videos.
ਬੀਐੱਮਡਬਲਯੂ ਹਾਦਸਾ: ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀ ਸਵਾਲ ਚੁੱਕੇ, ਪੁਲਿਸ ਤੇ ਹਸਪਤਾਲ ਨੇ ਕੀ ਕਿਹਾ
ਰਾਜਧਾਨੀ ਦਿੱਲੀ ਵਿੱਚ ਬੀਐੱਮਡਬਲਯੂ ਕਾਰ ਹਾਦਸੇ ਕਾਰਨ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੀ ਮੌਤ ਦੇ ਮਾਮਲੇ ਵਿੱਚ ਤਾਜ਼ਾ ਕਾਰਵਾਈ ਕੀਤੀ ਗਈ ਹੈ।
ਇਸ ਹਾਦਸੇ ਵਿੱਚ ਕਾਰ ਚਲਾ ਰਹੀ ਮੁਲਜ਼ਮ ਔਰਤ ਨੂੰ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਦੇ ਅਨੁਸਾਰ, ਇਹ ਹਾਦਸਾ ਐਤਵਾਰ ਦੁਪਹਿਰ ਨੂੰ ਦਿੱਲੀ ਛਾਉਣੀ ਮੈਟਰੋ ਸਟੇਸ਼ਨ ਦੇ ਨੇੜੇ ਵਾਪਰਿਆ, ਜਦੋਂ ਬੀਐੱਮਡਬਲਯੂ ਕਾਰ ਨੇ ਪਿੱਛਿਓਂ ਇੱਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ।
ਦੋਪਹੀਆ ਵਾਹਨ ਸਵਾਰ, ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ (52) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।
ਪੁਲਿਸ ਨੇ ਕਾਰ ਚਾਲਕ ਵਿਰੁੱਧ ਗ਼ੈਰ-ਇਰਾਦਤਨ ਕਤਲ ਸਣੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਤੇਜ਼ ਕਰ ਦਿੱਤੀ ਹੈ।
ਹਾਦਸਾ ਕਿਵੇਂ ਹੋਇਆ?
ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਇਹ ਸੜਕ ਹਾਦਸਾ ਐਤਵਾਰ (14 ਸਤੰਬਰ) ਦੁਪਹਿਰ ਨੂੰ ਦਿੱਲੀ ਦੇ ਧੌਲਾ ਕੁਆਂ-ਦਿੱਲੀ ਕੈਂਟ ਸੜਕ 'ਤੇ ਮੈਟਰੋ ਪਿੱਲਰ ਨੰਬਰ 67 ਦੇ ਨੇੜੇ ਵਾਪਰਿਆ।
ਚਸ਼ਮਦੀਦਾਂ ਦੇ ਹਵਾਲੇ ਨਾਲ ਪੁਲਿਸ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਬੀਐੱਮਡਬਲਯੂ ਕਾਰ ਨੇ ਪਿੱਛਿਓਂ ਇੱਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਸੜਕ ਦੇ ਇੱਕ ਪਾਸੇ ਪਲਟ ਗਈ ਅਤੇ ਦੋਪਹੀਆ ਵਾਹਨ ਵੀ ਡਿਵਾਈਡਰ ਦੇ ਨੇੜੇ ਡਿੱਗ ਗਿਆ।
ਦੋਪਹੀਆ ਵਾਹਨ ਚਲਾ ਰਹੇ ਨਵਜੋਤ ਸਿੰਘ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸੈਕਟਰੀ ਸਨ ਅਤੇ ਪੱਛਮੀ ਦਿੱਲੀ ਦੇ ਹਰੀ ਨਗਰ ਖੇਤਰ ਵਿੱਚ ਰਹਿੰਦੇ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।
ਰਿਪੋਰਟ ਅਨੁਸਾਰ, ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਰਸਤੇ ਵਿੱਚ, ਉਨ੍ਹਾਂ ਨੇ ਕਰਨਾਟਕ ਭਵਨ ਵਿੱਚ ਖਾਣਾ ਖਾਧਾ ਅਤੇ ਫਿਰ ਹਰੀ ਨਗਰ ਲਈ ਰਵਾਨਾ ਹੋ ਗਏ।
ਇਸ ਦੌਰਾਨ, ਦਿੱਲੀ ਕੈਂਟ ਖੇਤਰ ਵਿੱਚ ਪਿੱਛਿਓਂ ਆ ਰਹੀ ਇੱਕ ਬੀਐੱਮਡਬਲਯੂ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਚਸ਼ਮਦੀਦਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ, ਕਾਰ ਵਿੱਚ ਸਵਾਰ ਜੋੜੇ (ਬੀਐੱਮਡਬਲਯੂ ਵਿੱਚ ਔਰਤ ਡਰਾਈਵਰ ਅਤੇ ਉਸਦੇ ਪਤੀ) ਨੇ ਉੱਥੋਂ ਲੰਘ ਰਹੀ ਟੈਕਸੀ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਚਸ਼ਮਦੀਦਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਕਾਰ ਇੱਕ ਔਰਤ ਚਲਾ ਰਹੀ ਸੀ। ਟੱਕਰ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਜ਼ਖਮੀ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਹਾਦਸੇ ਵਾਲੀ ਥਾਂ ਤੋਂ ਬਹੁਤ ਦੂਰ ਉੱਤਰੀ ਦਿੱਲੀ ਦੇ ਜੀਟੀਬੀ ਨਗਰ ਸਥਿਤ ਨੂਲਾਈਫ ਹਸਪਤਾਲ ਪਹੁੰਚਾਇਆ ਗਿਆ ਹੈ।
ਉੱਥੇ ਪਹੁੰਚਣ 'ਤੇ, ਨਵਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਨ੍ਹਾਂ ਦੀ 50 ਸਾਲਾ ਪਤਨੀ ਨੂੰ ਇਲਾਜ ਲਈ ਦਾਖ਼ਲ ਕੀਤਾ ਗਿਆ।
ਦੂਜੇ ਪਾਸੇ, ਬੀਐੱਮਡਬਲਯੂ ਵਿੱਚ ਸਫ਼ਰ ਕਰ ਰਿਹਾ ਜੋੜਾ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਜੀਟੀਬੀ ਨਗਰ ਦੇ ਉਸੇ ਹਸਪਤਾਲ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਨਵਜੋਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ।
ਹਸਪਤਾਲ ਨੇ ਕੀ ਕਿਹਾ?
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ, ਨੂਲਾਈਫ ਹਸਪਤਾਲ (ਜੀਟੀਬੀ ਨਗਰ) ਦੇ ਡਾਇਰੈਕਟਰ ਡਾ. ਸ਼ਕੁੰਤਲਾ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, "14 ਸਤੰਬਰ ਨੂੰ ਦੁਪਹਿਰ 2 ਵਜੇ ਦੇ ਕਰੀਬ, ਸਾਡੇ ਹਸਪਤਾਲ ਵਿੱਚ ਇੱਕ ਮੈਡੀਕੋ-ਲੀਗਲ ਕੇਸ ਲਿਆਂਦਾ ਗਿਆ। ਇਹ ਮਾਮਲਾ ਸੜਕ ਹਾਦਸੇ ਨਾਲ ਸਬੰਧਤ ਸੀ, ਜਿਸ ਵਿੱਚ ਇੱਕ ਕਾਰ ਅਤੇ ਮੋਟਰ ਸਾਈਕਲ ਸ਼ਾਮਲ ਸਨ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਹਾਦਸੇ ਵਿੱਚ ਲਗਭਗ 50 ਤੋਂ 57 ਸਾਲ ਦੀ ਉਮਰ ਦੇ ਇੱਕ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ।"
"ਉਨ੍ਹਾਂ ਦੀ ਪਤਨੀ, ਜੋ ਜ਼ਖਮੀ ਸੀ ਪਰ ਹੋਸ਼ ਵਿੱਚ ਸੀ ਅਤੇ ਸਥਿਰ ਹਾਲਤ ਵਿੱਚ ਸੀ, ਨੂੰ ਵੀ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੀ ਇੱਛਾ ਅਨੁਸਾਰ ਮੁੱਢਲੀ ਸਹਾਇਤਾ ਅਤੇ ਜ਼ਰੂਰੀ ਸਥਿਰਤਾ ਤੋਂ ਬਾਅਦ, ਉਨ੍ਹਾਂ ਨੂੰ ਅਗਲੇ ਇਲਾਜ ਲਈ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।"
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ, ਹਾਦਸੇ ਨਾਲ ਸਬੰਧਤ ਦੋ ਹੋਰ ਮਰੀਜ਼, ਯਾਨੀ ਪਤੀ-ਪਤਨੀ ਜੋ ਕਾਰ ਵਿੱਚ ਸਨ, ਨੂੰ ਐਮਰਜੈਂਸੀ ਵਿਭਾਗ ਵਿੱਚ ਲਿਆਂਦਾ ਗਿਆ। ਉਨ੍ਹਾਂ ਨੂੰ ਤੁਰੰਤ ਸਹਾਇਤਾ ਦਿੱਤੀ ਗਈ।
ਸ਼ੁਰੂਆਤੀ ਜਾਂਚ ਅਤੇ ਇਲਾਜ ਤੋਂ ਬਾਅਦ ਔਰਤ ਮਰੀਜ਼ ਦੀ ਹਾਲਤ ਸਥਿਰ ਪਾਈ ਗਈ। ਸਾਡੀ ਕ੍ਰਿਟੀਕਲ ਕੇਅਰ ਟੀਮ ਦੀ ਸਲਾਹ ਅਨੁਸਾਰ ਪੁਰਸ਼ ਮਰੀਜ਼ ਨੂੰ ਇੱਕ ਵੱਡੇ ਕੇਂਦਰ ਵਿੱਚ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੇ ਕੀ ਦੱਸਿਆ?
ਦਿੱਲੀ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ਦੱਖਣ-ਪੱਛਮ) ਅਭਿਮਨਿਊ ਪੋਸਵਾਲ ਨੇ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਦੁਪਹਿਰ 2:20 ਵਜੇ ਦੇ ਕਰੀਬ ਹਾਦਸੇ ਬਾਰੇ ਜਾਣਕਾਰੀ ਮਿਲੀ, ਜਦੋਂ ਧੌਲਾ ਕੁਆਂ ਇਲਾਕੇ ਵਿੱਚ ਟ੍ਰੈਫਿਕ ਜਾਮ ਬਾਰੇ ਕਈ ਫੋਨ ਆਏ।
ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਇੱਕ ਬੀਐੱਮਡਬਲਯੂ ਕਾਰ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਹੈ।
ਉਨ੍ਹਾਂ ਕਿਹਾ, "12 ਸੁਤੰਤਰ ਗਵਾਹਾਂ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਨੂੰ ਪਹਿਲਾਂ ਹੀ ਇੱਕ ਟੈਕਸੀ ਵਿੱਚ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ। ਇਸ ਦੌਰਾਨ, ਸਾਡੀ ਟੀਮ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਕ੍ਰਾਈਮ ਟੀਮ ਦੇ ਨਾਲ-ਨਾਲ ਮੋਬਾਈਲ ਟੀਮ ਨੇ ਵੀ ਮੌਕੇ ਦਾ ਨਿਰੀਖਣ ਕੀਤਾ।"
"ਸ਼ਾਮ 4:20 ਵਜੇ ਦੇ ਕਰੀਬ ਜੀਟੀਬੀ ਦੇ ਇੱਕ ਹਸਪਤਾਲ ਤੋਂ ਫੋਨ ਆਇਆ ਕਿ ਦਿੱਲੀ ਕੈਂਟ ਇਲਾਕੇ ਤੋਂ ਇੱਕ ਹਾਦਸੇ ਦਾ ਕੇਸ ਉਨ੍ਹਾਂ ਕੋਲ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਸਾਡੀ ਕਾਰਵਾਈ ਅੱਗੇ ਵਧੀ। ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ।"
ਡੀਸੀਪੀ ਦੇ ਅਨੁਸਾਰ, ਬੀਐੱਮਡਬਲਯੂ ਵਿੱਚ ਬੈਠੇ ਜੋੜੇ ਗੁਰੂਗ੍ਰਾਮ ਦੇ ਕਾਰੋਬਾਰੀ ਹਨ।
ਉਨ੍ਹਾਂ ਕਿਹਾ, "ਜਿੱਥੋਂ ਤੱਕ ਇਹ ਸਵਾਲ ਹੈ ਕਿ ਹਾਦਸਾ ਕਿਉਂ ਹੋਇਆ ਅਤੇ ਕੀ ਡਰਾਈਵਰ ਸ਼ਰਾਬੀ ਸੀ, ਇਹ ਅਜੇ ਵੀ ਜਾਂਚ ਦਾ ਹਿੱਸਾ ਹੈ। ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।"
ਪੁਲਿਸ ਨੇ ਕਿਹਾ ਕਿ ਮਾਮਲੇ ਵਿੱਚ ਗ਼ੈਰ-ਇਰਾਦਤਨ ਕਤਲ ਅਤੇ ਸਬੂਤ ਲੁਕਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੋਸਵਾਲ ਨੇ ਕਿਹਾ, "ਸਬੂਤ ਲੁਕਾਉਣ ਦੀ ਧਾਰਾ ਇਸ ਲਈ ਜੋੜੀ ਗਈ ਸੀ ਕਿਉਂਕਿ ਹਾਦਸਾ ਨੇੜੇ ਹੀ ਹੋਇਆ ਸੀ, ਪਰ ਮੁਲਜ਼ਮ ਨੂੰ ਦੂਰ ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਇਹ ਫ਼ੈਸਲਾ ਸੀਨੀਅਰ ਅਧਿਕਾਰੀਆਂ ਅਤੇ ਇਸਤਗਾਸਾ ਪੱਖ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਸੀ, ਤਾਂ ਜੋ ਇਸ ਨੂੰ ਅੱਗੇ ਦੀ ਜਾਂਚ ਵਿੱਚ ਪੇਸ਼ ਕੀਤਾ ਜਾ ਸਕੇ।"
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੁਲਜ਼ਮ ਨੂੰ ਏਮਜ਼ ਵਰਗੇ ਨੇੜਲੇ ਹਸਪਤਾਲ ਦੀ ਬਜਾਏ ਦੂਰ ਦੇ ਹਸਪਤਾਲ ਲੈ ਕੇ ਜਾਣ ਦੇ ਕਾਰਨ ਦਾ ਅਜੇ ਤੱਕ ਕੋਈ ਠੋਸ ਆਧਾਰ ਸਾਹਮਣੇ ਨਹੀਂ ਆਇਆ ਹੈ। ਇਹ ਵੀ ਜਾਂਚ ਦਾ ਇੱਕ ਹਿੱਸਾ ਹੈ।
ਡੀਸੀਪੀ ਨੇ ਕਿਹਾ, "ਇਹ ਕਹਿਣਾ ਬਹੁਤ ਜਲਦੀ ਹੋਵੇਗਾ ਕਿ ਇਹ ਸਿਰਫ਼ ਇੱਕ ਹਾਦਸਾ ਹੈ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ। ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਸਥਿਤੀ ਸਪੱਸ਼ਟ ਹੋ ਜਾਵੇਗੀ।"
ਪੀੜਤ ਪਰਿਵਾਰ ਕੀ ਕਹਿ ਰਿਹਾ ਹੈ?
ਇਸ ਹਾਦਸੇ ਕਾਰਨ ਨਵਜੋਤ ਸਿੰਘ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਪੀਟੀਆਈ ਨਾਲ ਗੱਲ ਕਰਦਿਆਂ, ਨਵਜੋਤ ਦੇ ਪੁੱਤਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਹਾਦਸੇ ਵਾਲੀ ਥਾਂ ਦੇ ਨੇੜੇ ਸਥਿਤ ਏਮਜ਼ ਵਰਗੇ ਨੇੜਲੇ ਵੱਡੇ ਹਸਪਤਾਲ ਵਿੱਚ ਲੈ ਕੇ ਜਾਣ ਦੀ ਬਜਾਏ, ਉਨ੍ਹਾਂ ਦੇ ਮਾਪਿਆਂ ਨੂੰ ਲਗਭਗ 22 ਕਿਲੋਮੀਟਰ ਦੂਰ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਉਹ ਇਹ ਵੀ ਦਾਅਵਾ ਕਰਦੇ ਹਨ ਕਿ ਉਸ ਹਸਪਤਾਲ ਵਿੱਚ, ਗੰਭੀਰ ਹਾਲਤ ਵਿੱਚ ਹੋਣ ਦੇ ਬਾਵਜੂਦ, ਉਨ੍ਹਾਂ ਦੀ ਮਾਂ ਨੂੰ ਲਾਬੀ ਵਿੱਚ ਬਿਠਾਈ ਰੱਖਿਆ, ਜਦੋਂ ਕਿ ਬੀਐੱਮਡਬਲਯੂ ਕਾਰ ਵਿੱਚ ਥੋੜ੍ਹਾ ਜ਼ਖਮੀ ਵਿਅਕਤੀ ਨੂੰ ਤੁਰੰਤ ਦਾਖ਼ਲ ਕਰ ਲਿਆ ਗਿਆ।
ਨਵਜੋਤ ਦੇ ਪੁੱਤਰ ਦੇ ਅਨੁਸਾਰ, "ਇਸ ਲਾਪਰਵਾਹੀ ਅਤੇ ਦੇਰੀ ਕਾਰਨ, ਮੇਰੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ ਮੇਰੀ ਮਾਂ ਦਰਦ ਨਾਲ ਕੁਰਲਾਉਂਦੀ ਰਹੀ।"
ਪਰਿਵਾਰ ਨੇ ਬਾਅਦ ਵਿੱਚ ਨਵਜੋਤ ਦੀ ਪਤਨੀ ਨੂੰ ਬਿਹਤਰ ਇਲਾਜ ਲਈ ਦੂਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ।
ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ, "ਹਸਪਤਾਲ ਨੇ ਸਮੇਂ ਸਿਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਜ਼ਰੂਰੀ ਕਾਨੂੰਨੀ ਅਤੇ ਡਾਕਟਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ। ਸਾਡੀ ਮੈਡੀਕਲ ਟੀਮ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਹਰੇਕ ਮਰੀਜ਼ ਨੂੰ ਸਮੇਂ ਸਿਰ ਅਤੇ ਢੁਕਵੀਂ ਦੇਖਭਾਲ ਦਿੱਤੀ, ਸਾਰੇ ਨੈਤਿਕ ਮਿਆਰਾਂ ਦੇ ਅਨੁਸਾਰ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ