You’re viewing a text-only version of this website that uses less data. View the main version of the website including all images and videos.
ਯੂਕੇ: ਸਿੱਖ ਔਰਤ ਨਾਲ ਬਲਾਤਕਾਰ ਮਾਮਲੇ 'ਚ ਦੋ ਹੋਰ ਲੋਕ ਗ੍ਰਿਫ਼ਤਾਰ, ਸਿੱਖ ਭਾਈਚਾਰੇ ਨੇ ਕੀ ਕਿਹਾ
- ਲੇਖਕ, ਈਲੀਅਟ ਬਾਲ, ਐਲੀਨੋਰ ਲਾਸਨ ਅਤੇ ਪੇਰੀਸ਼ਾ ਕੁਧੈਲ
- ਰੋਲ, ਬੀਬੀਸੀ ਪੱਤਰਕਾਰ
ਵੈਸਟ ਮਿਡਲੈਂਡਜ਼ ਪੁਲਿਸ ਨੇ ਓਲਡਬਰੀ ਵਿੱਚ ਇੱਕ ਸਿੱਖ ਔਰਤ ਨਾਲ ਬਲਾਤਕਾਰ ਦੇ ਮਾਮਲੇ 'ਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਹਮਲਾ ਨਸਲੀ ਤੌਰ 'ਤੇ ਪ੍ਰੇਰਿਤ ਦੱਸਿਆ ਗਿਆ ਸੀ।
ਪਿਛਲੇ ਮਹੀਨੇ 20 ਸਾਲਾਂ ਦੀ ਔਰਤ 'ਤੇ ਹੋਏ ਇਸ ਹਮਲੇ ਤੋਂ ਬਾਅਦ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ 49 ਸਾਲਾ ਆਦਮੀ ਅਤੇ 65 ਸਾਲਾ ਔਰਤ ਪੁੱਛਗਿੱਛ ਲਈ ਹਿਰਾਸਤ ਵਿੱਚ ਹਨ।
ਉਨ੍ਹਾਂ ਨੂੰ ਸ਼ੁਰੂ ਵਿੱਚ ਹੇਲੇਸੋਵੇਨ ਇਲਾਕੇ ਵਿੱਚ ਹੋਈ ਇੱਕ ਵੱਖਰੀ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਨੂੰ ਨਸਲੀ ਤੌਰ 'ਤੇ ਭੜਕਾਇਆ ਨਹੀਂ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਜੋੜੇ ਨੂੰ ਉਸ ਤੋਂ ਬਾਅਦ 9 ਸਤੰਬਰ ਨੂੰ ਓਲਡਬਰੀ ਦੇ ਟੇਮ ਰੋਡ 'ਤੇ ਹੋਏ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੈਸਟ ਮਿਡਲੈਂਡਜ਼ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਸ਼ੱਕੀ ਸੈਂਡਵੈੱਲ ਖੇਤਰ ਦੇ ਰਹਿਣ ਵਾਲੇ ਹਨ।
ਸਿੱਖ ਫੈਡਰੇਸ਼ਨ ਯੂਕੇ ਨੇ ਗ੍ਰਿਫ਼ਤਾਰੀਆਂ ਦਾ ਸਵਾਗਤ ਕੀਤਾ ਹੈ ਪਰ ਕਾਰਵਾਈ ਵਿੱਚ ਹੋਈ ਦੇਰੀ 'ਤੇ ਸਵਾਲ ਵੀ ਚੁੱਕੇ ਹਨ। ਸੰਗਠਨ ਦੇ ਇੰਦਰਜੀਤ ਕੌਰ ਕਹਿੰਦੇ ਹਨ ਕਿ ਉਹ ਉਮੀਦ ਕਰਦੇ ਨੇ ਕਿ ਅਜਿਹੇ "ਘਿਣਾਉਣੇ ਹਮਲੇ" ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਮਜ਼ਬੂਤ ਸਬੂਤ ਹੋਣਗੇ।
ਪਿਛਲੇ ਮਹੀਨੇ ਇੱਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਬਰਮਿੰਘਮ ਐਜਬੈਸਟਨ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਨਫ਼ਰਤ ਨਾਲ ਜੁੜੇ ਅਪਰਾਧਾਂ ਵਿੱਚ ਵਾਧੇ 'ਤੇ ਚਿੰਤਾ ਜਤਾਈ। ਕ੍ਰਾਈਮਸਟੌਪਰਸ ਵੱਲੋਂ ਦੋਸ਼ੀ ਠਹਿਰਾਏ ਜਾਣ ਵਾਲੀ ਜਾਣਕਾਰੀ ਲਈ 20,000 ਪੌਂਡ ਦਾ ਇਨਾਮ ਰੱਖਿਆ ਗਿਆ ਹੈ।
ਪੀੜਤ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਉਸੇ ਵੇਲੇ ਪਟੜੀ 'ਤੇ ਲਿਆ ਸਕਣਗੇ ਜਦੋਂ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਫੜ ਲਿਆ ਜਾਵੇਗਾ।
ਪਹਿਲਾਂ ਹੋ ਚੁੱਕੀ ਗ੍ਰਿਫ਼ਤਾਰੀ
ਇਸ ਮਾਮਲੇ ਵਿੱਚ 15 ਸਤੰਬਰ ਨੂੰ ਵੀ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਪੱਤਰਕਾਰ ਕ੍ਰਿਸ ਗ੍ਰਾਹਮ ਦੀ ਰਿਪੋਰਟ ਮੁਤਾਬਕ, ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਸੀ ਕਿ 30 ਸਾਲਾਂ ਦੇ ਇੱਕ ਵਿਅਕਤੀ ਨੂੰ 14 ਸਤੰਬਰ ਸ਼ਾਮ ਨੂੰ ਬਲਾਤਕਾਰ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਇਹ ਗ੍ਰਿਫ਼ਤਾਰੀ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਇਕੱਠੇ ਹੋਣ ਤੋਂ ਕੁਝ ਘੰਟਿਆਂ ਬਾਅਦ ਹੋਈ ਸੀ।
9 ਸਤੰਬਰ ਨੂੰ ਸਵੇਰੇ ਕਰੀਬ ਸਾਢੇ ਅੱਠ ਵਜੇ (ਬ੍ਰਿਟਿਸ਼ ਸਮੇਂ ਮੁਤਾਬਕ) ਵੈਸਟ ਮਿਡਲੈਂਡਜ਼ ਪੁਲਿਸ ਨੂੰ ਇੱਕ 20 ਸਾਲਾਂ ਦੀ ਔਰਤ ਨੇ ਹਮਲੇ ਦੀ ਰਿਪੋਰਟ ਕੀਤੀ ਸੀ।
ਇਹ ਹਮਲਾ ਓਲਡਬਰੀ ਦੇ ਟੇਮ ਰੋਡ ਦੇ ਨੇੜੇ ਦੋ ਆਦਮੀਆਂ ਵੱਲੋਂ ਕੀਤਾ ਗਿਆ ਸੀ।
ਪੁਲਿਸ ਇਸ ਘਟਨਾ ਨੂੰ 'ਨਸਲੀ ਹਮਲਾ' ਮੰਨ ਕੇ ਜਾਂਚ ਕਰ ਰਹੀ ਹੈ।
'ਅਜਿਹਾ ਕਦੇ ਕਿਸੇ ਨਾਲ ਨਾ ਹੋਵੇ' -ਪੀੜਤਾ
ਆਪਣੇ ਬਿਆਨ ਵਿੱਚ ਪੀੜਤਾ ਨੇ ਕਿਹਾ ਸੀ, "ਅਜਿਹਾ ਕਦੇ ਕਿਸੇ ਨਾਲ ਵੀ ਨਾ ਹੋਵੇ। ਮੈਂ ਤਾਂ ਰੋਜ਼ਾਨਾ ਵਾਂਗ ਆਪਣੇ ਕੰਮ 'ਤੇ ਜਾ ਰਹੀ ਸੀ ਅਤੇ ਜੋ ਹੋਇਆ ਹੈ ਉਸ ਨੇ ਸਾਡੇ 'ਤੇ ਡੂੰਘਾ ਅਸਰ ਪਾਇਆ ਹੈ।"
"ਇਸ ਸਭ ਦੌਰਾਨ, ਮੇਰਾ ਪਰਿਵਾਰ ਮੇਰੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਮੇਰਾ ਭਾਈਚਾਰਾ ਮੇਰੇ ਨਾਲ ਖੜ੍ਹਾ ਹੈ।"
ਆਪਣੇ ਬਿਆਨ ਵਿੱਚ ਪੀੜਤਾ ਨੇ ਕਿਹਾ, "ਪੁਲਿਸ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਫੜੇ ਜਾਣਗੇ ਤਾਂ ਜੋ ਕਿਸੇ ਹੋਰ ਨਾਲ ਅਜਿਹਾ ਨਾ ਵਾਪਰੇ।"
ਇਸ ਦੌਰਾਨ ਉਨ੍ਹਾਂ ਨੇ ਵਾਰ-ਵਾਰ ਲੋਕਾਂ ਦਾ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਮਿਲੇ ਸਮਰਥਨ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ, "ਅਸੀਂ ਬਹੁਤ ਕੁਝ ਝੱਲ ਰਹੇ ਹਾਂ ਪਰ ਭਾਈਚਾਰੇ ਦੇ ਲੋਕਾਂ ਦੁਆਰਾ ਦਿਖਾਈ ਗਈ ਤਾਕਤ ਅਤੇ ਦਿਆਲਤਾ ਬੇਮਿਸਾਲ ਹੈ ਅਤੇ ਮੈਂ ਮੇਰੀ ਆਵਾਜ਼ ਬਣਨ ਲਈ ਉਨ੍ਹਾਂ ਦਾ ਧੰਨਵਾਦ ਕਰਨ ਵਾਸਤੇ ਮੇਰੇ ਕੋਲ ਸ਼ਬਦ ਨਹੀਂ ਹਨ।''
"ਮੈਂ ਨਿੱਜੀ ਤੌਰ 'ਤੇ ਆਪਣੇ ਪਰਿਵਾਰ ਅਤੇ ਸਿੱਖ ਯੂਥ ਯੂਕੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਇੰਨਾ ਸਾਥ ਦੇ ਰਹੇ ਹਨ, ਸਥਾਨਕ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਠਨ ਅਤੇ ਮੇਰੇ ਭਾਈਚਾਰੇ ਦਾ ਅਤੇ ਉਸ ਹਰ ਵਿਅਕਤੀ ਦਾ ਜੋ ਮੇਰੇ ਨਾਲ ਖੜਾ ਹੈ।"
"ਇਸ ਮੁਸ਼ਕਲ ਸਮੇਂ ਵਿੱਚੋਂ ਲੰਘਣ ਵਿੱਚ ਮੇਰੀ ਮਦਦ ਕਰਨ ਲਈ ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ।"
ਹਮਲਾਵਰਾਂ ਦੀ ਸ਼ਨਾਖ਼ਤ ਦੀ ਕੋਸ਼ਿਸ਼
ਸੁਰੱਖਿਆ ਅਧਿਕਾਰੀਆਂ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਹਮਲੇ ਦੌਰਾਨ ਉਨ੍ਹਾਂ ਆਦਮੀਆਂ ਨੇ ਨਸਲੀ ਟਿੱਪਣੀ ਕੀਤੀ ਸੀ ਅਤੇ ਅਧਿਕਾਰੀ ਨੇ ਮੌਕੇ ਉਪਰ ਮੌਜੂਦ ਲੋਕਾਂ ਨੂੰ ਗਵਾਹੀ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਚੀਫ਼ ਸੁਪਰਡੈਂਟ ਕਿਮ ਮੈਡਿਲ ਨੇ ਕਿਹਾ, "ਅਸੀਂ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਕਰ ਰਹੇ ਹਾਂ, ਸੀਸੀਟੀਵੀ, ਫੋਰੈਂਸਿਕ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।"
ਕਿਮ ਮੈਡਿਲ ਨੇ ਕਿਹਾ, "ਅਸੀਂ ਇਸ ਮਾਮਲੇ ਕਾਰਨ ਪੈਦਾ ਹੋਏ ਗੁੱਸੇ ਅਤੇ ਚਿੰਤਾ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਮੈਂ ਅੱਜ ਭਾਈਚਾਰੇ ਦੇ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਭਰੋਸਾ ਦਵਾ ਰਹੀ ਹਾਂ ਕਿ ਅਸੀਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ।"
''ਹਮਲੇ ਵਿੱਚ ਸ਼ਾਮਲ ਇੱਕ ਵਿਅਕਤੀ ਬਾਰੇ ਦੱਸਿਆ ਗਿਆ ਕਿ ਉਹ ਗੋਰੇ ਰੰਗ ਦਾ ਅਤੇ ਕੱਟੇ ਹੋਏ ਵਾਲਾਂ ਵਾਲਾ ਸੀ ਜਿਸ ਦਾ ਸਰੀਰ ਵੀ ਭਾਰੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਉਸਨੇ ਗੂੜ੍ਹੇ ਰੰਗ ਦੀ ਸਵੈਟਸ਼ਰਟ ਪਾਈ ਹੋਈ ਸੀ ਅਤੇ ਦਸਤਾਨੇ ਪਾਏ ਹੋਏ ਸਨ।
ਦੂਜਾ ਆਦਮੀ ਵੀ ਗੋਰਾ ਹੀ ਸੀ ਅਤੇ ਉਸ ਨੇ ਚਾਂਦੀ ਰੰਗੀ ਜ਼ਿਪ ਵਾਲਾ ਸਲੇਟੀ ਰੰਗ ਦਾ ਟੌਪ ਪਹਿਨਿਆ ਹੋਇਆ ਸੀ।''
ਸਿੱਖ ਭਾਈਚਾਰੇ ਦਾ ਪ੍ਰਦਰਸ਼ਨ
ਪੀੜਤਾ ਦੇ ਸਮਰਥਨ 'ਚ ਪ੍ਰਦਰਸ਼ਨ ਦੌਰਾਨ ਗੁਰੂ ਨਾਨਕ ਗੁਰਦੁਆਰਾ, ਸਮੈਥਵਿਕ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਓਲ ਨੇ ਕਿਹਾ ਸੀ, "ਸਾਡੀ ਭੈਣ 'ਤੇ ਇਹ ਹਮਲਾ ਸ਼ਰਮਨਾਕ ਹੈ। ਸਾਡੀਆਂ ਧੀਆਂ, ਭੈਣਾਂ ਅਤੇ ਮਾਵਾਂ ਸੁਰੱਖਿਅਤ ਰਹਿਣ ਦੀਆਂ ਹੱਕਦਾਰ ਹਨ, ਭਾਵੇਂ ਉਹ ਕਿਸੇ ਵੀ ਰੰਗ ਜਾਂ ਕਿਸੇ ਵੀ ਧਰਮ ਨਾਲ ਸਬੰਧਤ ਹੋਣ।''
"ਕੁੜੀਆਂ ਅਤੇ ਔਰਤਾਂ, ਖਾਸ ਕਰਕੇ ਸਾਡੇ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਕਰਨ। ਸਾਡੇ ਸਿਆਸਤਦਾਨ ਸਾਨੂੰ ਅਸਫਲ ਕਰ ਰਹੇ ਹਨ - ਉਹ ਸਾਡੇ ਵਿੱਚ ਪੁਲ ਅਤੇ ਹੱਲ ਬਣਾਉਣ ਦੀ ਬਜਾਏ ਵੰਡ ਪੈਦਾ ਕਰ ਰਹੇ ਹਨ।
ਉਨ੍ਹਾਂ ਕਿਹਾ, "ਸਥਾਨਕ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੇ ਭਾਈਚਾਰਿਆਂ ਦੀ ਰੱਖਿਆ ਅਤੇ ਏਕਤਾ ਲਈ ਹੋਰ ਕਦਮ ਚੁੱਕਣੇ ਚਾਹੀਦੇ ਹਨ।''
ਸਮੈਥਵਿਕ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਕਿਹਾ ਕਿ ਉਨ੍ਹਾਂ ਨੂੰ "ਇੱਕ ਉਮੀਦ ਸੀ ਕਿ (ਸਰਕਾਰ) ਹੋਰ ਬਹੁਤ ਕੁਝ ਕਰੇਗੀ"।
ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਪਹਿਲਾਂ ਹੀ ਸਰਕਾਰ ਦੇ ਸਮਾਨਤਾ ਦਫ਼ਤਰ ਦੇ ਮੰਤਰੀਆਂ ਦੇ ਨਾਲ-ਨਾਲ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨਾਲ ਗੱਲਬਾਤ ਕੀਤੀ ਹੈ।
"ਉਹ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।''
'ਅਸੀਂ ਕੱਟੜਤਾ ਨੂੰ ਬਰਦਾਸ਼ਤ ਨਹੀਂ ਕਰਾਂਗੇ'
ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਸੰਗਤ ਸਿੰਘ ਨੇ ਅੱਗੇ ਕਿਹਾ ਸੀ, "ਇਹ ਨਸਲੀ ਨਫ਼ਰਤ ਅਤੇ ਜਿਨਸੀ ਹਿੰਸਾ ਦਾ ਇੱਕ ਘਿਣਾਉਣਾ ਕੰਮ ਸੀ।''
"ਸਿੱਖ ਇਸ ਦੇਸ਼ ਲਈ ਖੜ੍ਹੇ ਹੋਏ ਹਨ - ਸਾਰਾਗੜ੍ਹੀ ਤੋਂ ਲੈ ਕੇ ਵਿਸ਼ਵ ਯੁੱਧਾਂ ਤੱਕ, ਬਹਾਦਰੀ ਲਈ ਵਿਕਟੋਰੀਆ ਕਰਾਸ ਪ੍ਰਾਪਤ ਕੀਤਾ ਹੈ। ਅਸੀਂ ਮਾਣਮੱਤੇ ਨਾਗਰਿਕ ਹਾਂ ਅਤੇ ਬ੍ਰਿਟਿਸ਼ ਸਮਾਜ ਵਿੱਚ ਯੋਗਦਾਨ ਪਾ ਰਹੇ ਹਾਂ।''
ਉਨ੍ਹਾਂ ਕਿਹਾ, "ਸਾਡਾ ਇਸ ਦੇਸ਼ ਅਤੇ ਇਸਦੇ ਪ੍ਰਤੀਕਾਂ 'ਤੇ ਓਨਾ ਹੀ ਹੱਕ ਹੈ ਜਿੰਨਾ ਕਿਸੇ ਹੋਰ ਦਾ। ਅਸੀਂ ਇਸਦੇ ਨਾਮ 'ਤੇ ਕੱਟੜਤਾ ਨੂੰ ਬਰਦਾਸ਼ਤ ਨਹੀਂ ਕਰਾਂਗੇ।"
ਸਿੱਖ ਫੈਡਰੇਸ਼ਨ (ਯੂਕੇ) ਨੇ ਕਿਹਾ ਕਿ ਕਥਿਤ ਤੌਰ 'ਤੇ ਅਪਰਾਧੀਆਂ ਨੇ ਹਮਲੇ ਦੌਰਾਨ ਔਰਤ ਨੂੰ ਕਿਹਾ ਸੀ, "ਤੂੰ ਇਸ ਦੇਸ਼ ਦੀ ਨਹੀਂ ਹੈ, ਬਾਹਰ ਨਿਕਲ ਜਾ।"
ਸਿੱਖ ਫੈਡਰੇਸ਼ਨ (ਯੂਕੇ) ਦੇ ਸਿਆਸੀ ਸ਼ਮੂਲੀਅਤ ਦੇ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਨੇ ਕਿਹਾ, " ਹਮਲਾ ਦਿਨ-ਦਿਹਾੜੇ ਇੱਕ ਭੀੜ ਭੜੱਕੇ ਵਾਲੀ ਸੜਕ 'ਤੇ ਹੋਇਆ ਅਤੇ ਉਨ੍ਹਾਂ ਕਿਹਾ ਕਿ ਸਿੱਖ ਯੂਥ ਯੂਕੇ ਪੀੜਤਾ ਅਤੇ ਉਸਦੇ ਪਰਿਵਾਰ ਦਾ ਸਮਰਥਨ ਕਰ ਰਿਹਾ ਹੈ।"
ਦਬਿੰਦਰਜੀਤ ਸਿੰਘ ਨੇ ਕਿਹਾ, "ਸਾਰੀਆਂ ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਸਾਰੇ ਹਿੰਸਕ ਨਸਲੀ ਹਮਲਿਆਂ ਲਈ ਜ਼ੀਰੋ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ।"
"ਮੌਜੂਦਾ ਨਸਲਵਾਦੀ ਸਿਆਸੀ ਮਾਹੌਲ ਲੋਕਾਂ ਨੂੰ ਭਰਮਾਉਣ ਦੀ ਸੋਚ ਵੱਲੋਂ ਚਲਾਇਆ ਜਾਂਦਾ ਹੈ ਅਤੇ ਇਹ ਉਨ੍ਹਾਂ ਸਿਆਸਤਦਾਨਾਂ ਵੱਲੋਂ ਬਣਾਇਆ ਗਿਆ ਹੈ ਜੋ ਇਮੀਗ੍ਰੇਸ਼ਨ ਵਿਰੋਧੀ ਕਾਰਡ ਖੇਡ ਰਹੇ ਹਨ, ਜੋ ਸੱਜੇ-ਪੱਖੀ ਅਤੇ ਨਸਲਵਾਦੀ ਵਿਚਾਰਾਂ ਵਾਲੇ ਲੋਕਾਂ ਦਾ ਇਸਤਮਾਲ ਕਰ ਰਹੇ ਹਨ।"
"ਹਮਲੇ ਨੂੰ 48 ਘੰਟੇ ਹੋ ਚੁੱਕੇ ਹਨ ਅਤੇ ਅਸੀਂ ਇਸ ਬੇਰਹਿਮ ਨਸਲਵਾਦੀ ਅਤੇ ਜਿਨਸੀ ਹਮਲੇ ਬਾਰੇ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਵੱਲੋਂ ਜਨਤਕ ਨਿੰਦਾ ਕੀਤੇ ਜਾਣ ਦੀ ਉਡੀਕ ਕਰ ਰਹੇ ਹਾਂ, ਜਿੱਥੇ ਇੱਕ ਨੌਜਵਾਨ ਸਿੱਖ ਔਰਤ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਲਾਤਕਾਰ ਕੀਤਾ ਗਿਆ।"
ਭਾਈਚਾਰੇ ਦਾ ਪੁਲਿਸ 'ਤੇ ਭਰੋਸਾ
ਸਮੈਥਵਿਕ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਐਕਸ 'ਤੇ ਲਿਖਿਆ ਸੀ, "ਇਹ ਸੱਚਮੁੱਚ ਇੱਕ ਭਿਆਨਕ ਹਮਲਾ ਹੈ ਅਤੇ ਮੇਰੀ ਸੰਵੇਦਨਾ ਪੀੜਤਾ ਨਾਲ ਹੈ।"
"ਮੈਂ ਬੋਰੋ ਕਮਾਂਡਰ ਚੀਫ਼ ਸੁਪਰਡੈਂਟ ਕਿਮ ਮੈਡਿਲ ਨਾਲ ਗੱਲ ਕੀਤੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਸੈਂਡਵੈਲ ਪੁਲਿਸ ਮੁਲਜ਼ਮਾਂ ਨੂੰ ਲੱਭਣ ਲਈ ਹਰ ਹੀਲਾ ਕਰ ਰਹੀ ਹੈ।"
"ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨਿਆ ਜਾ ਰਿਹਾ ਹੈ। ਪੁਲਿਸ ਪੀੜਤ ਨਾਲ ਬੇਹੱਦ ਹਮਦਰਦੀ ਭਰੇ ਤਰੀਕੇ ਨਾਲ ਕੰਮ ਕਰ ਰਹੀ ਹੈ, ਕਿਉਂਕਿ ਉਹ ਹਾਲੇ ਸਦਮੇ ਵਿੱਚ ਹੈ।"
"ਅਸੀਂ ਭਾਈਚਾਰੇ ਵੱਲੋਂ ਮੁਹੱਈਆ ਕਰਵਾਈ ਗਈ ਸੀਸੀਟੀਵੀ ਫ਼ੁਟੇਜ਼ ਅਤੇ ਜਾਣਕਾਰੀ ਲਈ ਧੰਨਵਾਦੀ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ