You’re viewing a text-only version of this website that uses less data. View the main version of the website including all images and videos.
ਇੱਕ ਮਹਿਲਾ ਦੀ 'ਲਾਸ਼ ਸੜੀ ਹਾਲਤ 'ਚ ਮਿਲੀ', ਫਿਰ ਉਸ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਹੋ ਗਿਆ, ਜਾਣੋ ਪੂਰਾ ਮਾਮਲਾ
- ਲੇਖਕ, ਮਸਤਾਨ ਮਿਰਜ਼ਾ
- ਰੋਲ, ਬੀਬੀਸੀ ਮਰਾਠੀ ਲਈ
ਇੱਕ ਵਿਆਹੁਤਾ ਮਹਿਲਾ ਦੀ ਲਾਸ਼ ਉਸਦੇ ਘਰ ਕੋਲ ਸੜੀ ਹੋਈ ਹਾਲਤ 'ਚ ਮਿਲਣ ਮਗਰੋਂ, ਮਹਾਰਾਸ਼ਟਰ ਦੇ ਮੰਗਲਵੇਧਾ ਤਾਲੁਕਾ ਦੇ ਪਟਕਲ ਪਿੰਡ 'ਚ ਸਨਸਨੀ ਫੈਲ ਗਈ ਸੀ। ਪਰ ਜਦੋਂ ਪੁਲਿਸ ਜਾਂਚ ਸ਼ੁਰੂ ਹੋਈ ਤਾਂ ਜੋ ਸਾਹਮਣੇ ਆਇਆ, ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਵਿਆਹੁਤਾ ਮਹਿਲਾ ਅਤੇ ਉਸਦੇ ਪ੍ਰੇਮੀ ਨੇ ਮਿਲ ਕੇ ਇਹ ਸਾਰਾ ਡਰਾਮਾ ਰਚਿਆ ਸੀ ਅਤੇ ਦੋਵੇਂ ਫਰਾਰ ਹੋਣ ਦੀ ਤਿਆਰੀ 'ਚ ਸਨ।
ਇਹ ਘਟਨਾ 14 ਜੁਲਾਈ ਨੂੰ ਵਾਪਰੀ ਸੀ। ਇਸ ਮਾਮਲੇ ਵਿੱਚ ਮੁਲਜ਼ਮ, ਇੱਕ ਵਿਆਹੁਤਾ ਮਹਿਲਾ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬੀਬੀਸੀ ਮਰਾਠੀ ਨੇ ਵਿਆਹੁਤਾ ਮਹਿਲਾ ਅਤੇ ਉਸਦੇ ਪ੍ਰੇਮੀ ਦੇ ਪਰਿਵਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕੀ ਸੀ ਮਾਮਲਾ ਤੇ ਲਾਸ਼ ਕਿਸ ਦੀ ਸੀ?
ਪੁਲਿਸ ਮੁਤਾਬਕ ਮਹਾਰਾਸ਼ਟਰ ਦੇ ਮੰਗਲਵੇਧਾ ਤਾਲੁਕਾ ਦੇ ਪਟਕਲ ਪਿੰਡ 'ਚ ਰਹਿਣ ਵਾਲੀ 23 ਸਾਲਾ ਵਿਆਹੁਤਾ ਮਹਿਲਾ ਕਿਰਨ ਸਾਵੰਤ ਦਾ ਉਸੇ ਪਿੰਡ ਦੇ 20 ਸਾਲਾ ਨੌਜਵਾਨ ਨਿਸ਼ਾਂਤ ਸਾਵੰਤ ਨਾਲ ਪ੍ਰੇਮ ਸਬੰਧ ਸੀ।
ਭਾਵੇਂ ਕਿਰਨ ਪਹਿਲਾਂ ਤੋਂ ਵਿਆਹੁਤਾ ਸੀ ਅਤੇ ਉਸ ਦੀ ਦੋ ਸਾਲ ਦੀ ਧੀ ਸੀ, ਪਰ ਦੋਵੇਂ ਪ੍ਰੇਮੀ ਹਮੇਸ਼ਾ ਲਈ ਉੱਥੋਂ ਭੱਜਣ ਦੀ ਸਾਜ਼ਿਸ਼ ਰਚ ਰਹੇ ਸਨ। ਅਜਿਹਾ ਕਰਨ ਲਈ, ਉਨ੍ਹਾਂ ਨੇ ਇੱਕ ਭਿਆਨਕ ਯੋਜਨਾ ਬਣਾਈ।
ਪੁਲਿਸ ਅਨੁਸਾਰ, ਕਿਰਨ ਖੁਦਕੁਸ਼ੀ ਦਾ ਨਾਟਕ ਰਚ ਕੇ ਉੱਥੋਂ ਭੱਜ ਜਾਣਾ ਚਾਹੁੰਦੀ ਸੀ ਅਤੇ ਇਸ ਲਈ ਦੋਵਾਂ ਨੇ ਮਿਲ ਕੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਕਿਸੇ ਹੋਰ ਦੀ ਲਾਸ਼ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ।
ਖੁਦਕੁਸ਼ੀ ਦੀ ਕੋਸ਼ਿਸ਼ ਅਤੇ ਕਤਲ
ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ, ਕਿਰਨ ਅਤੇ ਨਿਸ਼ਾਂਤ ਨੇ ਇੱਕ ਬੇਘਰ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਮਹਿਲਾ ਦੀ ਭਾਲ ਸ਼ੁਰੂ ਕੀਤੀ। ਅੱਠ ਦਿਨਾਂ ਦੀ ਤਲਾਸ਼ ਤੋਂ ਬਾਅਦ, ਉਨ੍ਹਾਂ ਨੂੰ ਗੋਪਾਲਪੁਰ, ਪੰਢਰਪੁਰ ਦੇ ਨੇੜੇ ਇੱਕ ਮਹਿਲਾ ਬਾਰੇ ਪਤਾ ਲੱਗਿਆ।
ਨਿਸ਼ਾਂਤ ਉਸਨੂੰ ਝੂਠ ਬੋਲ ਕੇ ਅਤੇ ਉਸਦੇ ਪੁੱਤਰ ਨੂੰ ਲੱਭਣ ਦਾ ਵਾਅਦਾ ਕਰਦੇ ਹੋਏ, ਪਟਕਲ ਪਿੰਡ ਲੈ ਆਇਆ। ਪੁਲਿਸ ਮੁਤਾਬਕ, ਦੋ ਦਿਨਾਂ ਬਾਅਦ ਉਸਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।
14 ਜੁਲਾਈ ਨੂੰ, ਪਹੁ ਫੁੱਟਣ ਦੇ ਨੇੜੇ ਉਸ ਮਹਿਲਾ ਦੀ ਲਾਸ਼ ਕਿਰਨ ਦੇ ਖੇਤ ਵਿੱਚ ਪਰਾਲ਼ੀ ਦੇ ਢੇਰ ਵਿੱਚ ਰੱਖ ਦਿੱਤੀ ਗਈ ਅਤੇ ਪਰਾਲ਼ੀ ਨੂੰ ਅੱਗ ਲਗਾ ਦਿੱਤੀ ਗਈ।
ਖੁਦਕੁਸ਼ੀ ਨੂੰ ਅਸਲੀ ਦਿਖਾਉਣ ਲਈ, ਕਿਰਨ ਨੇ ਮ੍ਰਿਤਕ ਮਹਿਲਾ ਦੀ ਲਾਸ਼ 'ਤੇ ਆਪਣਾ ਮੋਬਾਈਲ ਫ਼ੋਨ ਰੱਖ ਦਿੱਤਾ।
ਘਾਹ ਨੂੰ ਅੱਗ ਲਗਾਉਣ ਤੋਂ ਪਹਿਲਾਂ, ਕਿਰਨ ਵੀ ਆਪਣੇ ਘਰੋਂ ਨਿਕਲ ਗਈ ਅਤੇ ਅਨਾਰ ਦੇ ਬਾਗ ਵਿੱਚ ਲੁਕ ਗਈ। ਅੱਗ ਲੱਗਣ ਤੋਂ ਬਾਅਦ, ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਘਾਹ ਵਿੱਚ ਸੜੀ ਹੋਈ ਲਾਸ਼ ਦੇ ਨਾਲ ਕਿਰਨ ਦਾ ਮੋਬਾਈਲ ਦੇਖ ਕੇ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਕਿਰਨ ਨੇ ਖੁਦਕੁਸ਼ੀ ਕਰ ਲਈ ਹੈ।
ਇਸ ਵੇਲੇ ਕਿਰਨ ਦੇ ਪਤੀ ਨਾਗੇਸ਼ ਸਾਵੰਤ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਉੱਥੇ ਪਹੁੰਚ ਗਏ ਸਨ।
ਪੁਲਿਸ ਨੇ ਅਪਰਾਧ ਦਾ ਇੰਝ ਕੀਤਾ ਪਰਦਾਫਾਸ਼ ਕੀਤਾ
ਕਿਰਨ ਦੇ ਪਿਤਾ ਨੂੰ ਆਪਣੀ ਧੀ ਦੀ ਇਸ ਤਰ੍ਹਾਂ ਮੌਤ 'ਤੇ ਸ਼ੱਕ ਹੋਇਆ। ਇਸ ਲਈ ਉਨ੍ਹਾਂ ਨੇ ਪੁਲਿਸ ਨੂੰ ਪੂਰੀ ਜਾਂਚ ਕਰਨ ਦੀ ਬੇਨਤੀ ਕੀਤੀ।
ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਤਾਂ ਸੜੀ ਹੋਈ ਲਾਸ਼ ਕੋਲ ਇੱਕ ਮੋਬਾਈਲ ਫੋਨ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ।
ਪੁਲਿਸ ਨੇ ਫੋਨ ਦੇ ਸੀਡੀਆਰ ਦੇ ਆਧਾਰ 'ਤੇ ਨਿਸ਼ਾਂਤ ਸਾਵੰਤ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ੁਰੂ ਵਿੱਚ, ਨਿਸ਼ਾਂਤ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਸਨੇ ਸੱਚਾਈ ਕਬੂਲ ਕਰ ਲਈ।
ਨਿਸ਼ਾਂਤ ਨੇ ਪੁਲਿਸ ਨੂੰ ਦੱਸਿਆ ਕਿ "ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਮਹਿਲਾ ਮਰੀ ਨਹੀਂ ਹੈ, ਸਗੋਂ ਉਹ ਜ਼ਿੰਦਾ ਹੈ।"
ਫਿਰ ਨਿਸ਼ਾਂਤ ਦੀ ਮਦਦ ਨਾਲ, ਪੁਲਿਸ ਨੇ ਕਿਰਨ ਨੂੰ ਵੀਡੀਓ ਕਾਲ ਕੀਤੀ ਅਤੇ ਦੂਜੇ ਪਾਸੇ ਕਿਰਨ ਵੀ ਜ਼ਿੰਦਾ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਕਿਰਨ ਮਹਾਰਾਸ਼ਟਰ ਦੇ ਹੀ ਸ਼ਹਿਰ ਕਰਾੜ ਵਿੱਚ ਰਹਿ ਰਹੀ ਸੀ। ਜਿਵੇਂ ਹੀ ਪੁਲਿਸ ਨੂੰ ਸਾਰੀ ਖੇਡ ਸਮਝ ਆਈ, ਪੁਲਿਸ ਨੇ ਤੁਰੰਤ ਨਿਸ਼ਾਂਤ ਅਤੇ ਕਿਰਨ ਨੂੰ ਹਿਰਾਸਤ ਵਿੱਚ ਲੈ ਲਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੰਗਲਵੇਧਾ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ ਦੱਤਾਤ੍ਰੇਯ ਬੋਰੀਗੱਡੇ ਨੇ ਕਿਹਾ, "14 ਜੁਲਾਈ ਨੂੰ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਮੌਜੇ ਪਟਕਲ ਪਿੰਡ ਵਿੱਚ ਪਰਾਲ਼ੀ ਵਿੱਚ ਅੱਗ ਲੱਗਣ ਕਾਰਨ ਇੱਕ ਵਿਆਹੁਤਾ ਮਹਿਲਾ ਦੀ ਸੜ ਕੇ ਮੌਤ ਹੋ ਗਈ ਹੈ। ਉਸ ਜਾਣਕਾਰੀ ਦੇ ਆਧਾਰ 'ਤੇ ਅਸੀਂ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਮੁਆਇਨਾ ਕੀਤਾ।"
"ਘਟਨਾ ਵਾਲੀ ਥਾਂ ਤੋਂ ਪਤਾ ਲੱਗਾ ਕਿ ਮ੍ਰਿਤਕ ਮਹਿਲਾ ਕਿਰਨ ਸਾਵੰਤ ਸੀ ਅਤੇ ਉਸਦੀ ਮੌਤ ਸੜਨ ਨਾਲ ਹੋਈ ਸੀ। ਕਿਰਨ ਸਾਵੰਤ ਦੇ ਪਿਤਾ ਦੀ ਸ਼ਿਕਾਇਤ 'ਤੇ ਦੁਰਘਟਨਾ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਮਹਿਲਾ ਕਿਰਨ ਸਾਵੰਤ ਨਹੀਂ ਸਗੋਂ ਇੱਕ ਹੋਰ ਅਣਪਛਾਤੀ ਮਹਿਲਾ ਸੀ ਅਤੇ ਕਿਰਨ ਸਾਵੰਤ ਜ਼ਿੰਦਾ ਹੈ।"
ਉਨ੍ਹਾਂ ਦੱਸਿਆ ਕਿ ਹੋਰ ਜਾਂਚ ਕਰਨ 'ਤੇ, ਇਹ ਖੁਲਾਸਾ ਹੋਇਆ ਕਿ ਕਿਰਨ ਸਾਵੰਤ ਅਤੇ ਉਸਦੇ ਪ੍ਰੇਮੀ ਨਿਸ਼ਾਂਤ ਸਾਵੰਤ ਨੇ ਭੱਜ ਕੇ ਇਕੱਠੇ ਰਹਿਣ ਦੀ ਸਾਜ਼ਿਸ਼ ਰਚੀ ਸੀ ਅਤੇ ਆਪਣੇ ਰਿਸ਼ਤੇਦਾਰਾਂ ਸਾਹਮਣੇ ਇੰਝ ਸਾਰਾ ਕੁਝ ਪੇਸ਼ ਕੀਤਾ ਸੀ ਕਿ ਕਿਰਨ ਦੀ ਮੌਤ ਹੋ ਗਈ ਹੈ।
ਪੁਲਿਸ ਮੁਤਾਬਕ, ਇਸ ਦੇ ਲਈ ਉਨ੍ਹਾਂ ਨੇ ਇੱਕ ਅਣਪਛਾਤੀ ਮਹਿਲਾ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਘਟਨਾ ਸਥਾਨ 'ਤੇ ਪਰਾਲ਼ੀ ਦੇ ਢੇਰ ਲਾਗੇ ਰੱਖ ਦਿੱਤਾ। ਉਨ੍ਹਾਂ ਨੇ ਕਿਰਨ ਦੇ ਫੋਨ ਨੂੰ ਵੀ ਲਾਸ਼ ਦੇ ਨਾਲ ਹੀ ਰੱਖ ਦਿੱਤਾ ਤਾਂ ਜੋ ਉਹ ਵੀ ਸੜ ਜਾਵੇ ਅਤੇ ਕੋਈ ਸਬੂਤ ਨਾ ਬਚੇ।
ਬੋਰੀਗੱਡੇ ਨੇ ਕਿਹਾ, "ਫਿਲਹਾਲ, ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਣਪਛਾਤੀ ਮ੍ਰਿਤਕ ਮਹਿਲਾ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।''
ਮਹਿਲਾ ਦੇ ਪਤੀ ਨੇ ਕਿਹਾ - ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
ਇਸ ਮਾਮਲੇ ਬਾਰੇ ਗੱਲ ਕਰਦੇ ਹੋਏ, ਕਿਰਨ ਸਾਵੰਤ ਦੇ ਪਤੀ ਨਾਗੇਸ਼ ਸਾਵੰਤ ਨੇ ਕਿਹਾ, "ਸਵੇਰੇ ਸਾਡੀ ਪਰਾਲ਼ੀ ਵਾਲੀ ਥਾਂ ਅੱਗ ਲੱਗ ਗਈ ਸੀ। ਜਦੋਂ ਸਾਨੂੰ ਪਤਾ ਲੱਗਾ ਕਿ ਅੱਗ ਲੱਗੀ ਹੋਈ ਹੈ, ਤਾਂ ਅਸੀਂ ਭੱਜ ਕੇ ਉੱਥੇ ਪਹੁੰਚੇ।''
''ਇਸੇ ਦੌਰਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਸਾਨੂੰ ਉਸ ਵਿੱਚ ਇੱਕ ਲਾਸ਼ ਮਿਲੀ।"
"ਮੈਨੂੰ ਲੱਗਿਆ ਕਿ ਲਾਸ਼ ਮੇਰੀ ਪਤਨੀ ਦੀ ਹੈ। ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਇਹ ਲਾਸ਼ ਕਿਰਨ ਦੀ ਨਹੀਂ ਹੈ। ਸਾਡਾ ਪਰਿਵਾਰ ਸਦਮੇ ਵਿੱਚ ਹੈ।''
''ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀ ਅਤੇ ਉਸਦੇ ਸਾਥੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।''
ਇੱਕ ਮਾਸੂਮ ਮਹਿਲਾ ਦੀ ਪਛਾਣ ਕਰਨ ਦੀ ਚੁਣੌਤੀ
ਪੁਲਿਸ ਨੇ ਇਸ ਮਾਮਲੇ ਵਿੱਚ ਕਿਰਨ ਸਾਵੰਤ ਅਤੇ ਨਿਸ਼ਾਂਤ ਸਾਵੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਲਾਂਕਿ, ਸੜੀ ਹੋਈ ਮਾਸੂਮ ਮਹਿਲਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲਿਸ ਉਸਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ