ਆਦਿਪੁਰਸ਼: ਭਾਰਤ ਤੋਂ ਲੈ ਕੇ ਨੇਪਾਲ ਤੱਕ ਵਿਵਾਦ, ਸੀਤਾ ਨਾਲ ਜੁੜੇ ਡਾਇਲੌਗਜ਼ ਤੇ ਰਾਵਣ ਦੀ ਦਿਖ 'ਤੇ ਕਈ ਸਵਾਲ

ਤਸਵੀਰ ਸਰੋਤ, COMMUNIQUE PR
ਓਮ ਰਾਓਤ ਦੀ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਆਦਿਪੁਰਸ਼ ਰਿਲੀਜ਼ ਹੋਣ ਦੇ ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਸੀ ਹੀ ਪਰ ਵਿਵਾਦਾਂ ਨੇ ਫ਼ਿਲਮ ਦਾ ਪਿੱਛਾ ਬਾਕਸ ਆਫ਼ਿਸ ’ਤੇ ਪਹੁੰਚਣ ਤੋਂ ਬਾਅਦ ਵੀ ਨਹੀਂ ਛੱਡਿਆ।
ਨੇਪਾਲ ਵਿੱਚ ਸੀਤਾ ਦੇ ਕਿਰਦਾਰ ਨਾਲ ਜੁੜੇ ਸੰਵਾਦ ’ਤੇ ਇਤਰਾਜ਼ ਹੈ ਤਾਂ ਭਾਰਤ ਵਿੱਚ ਫ਼ਿਲਮ ਦੇ ਕਿਰਦਾਰਾਂ ਤੋਂ ਲੈ ਕੇ ਇਸ ਦੇ ਫ਼ਿਲਮਾਂਕਣ ਤੱਕ ’ਤੇ ਲੋਕਾਂ ਨੇ ਸਵਾਲ ਚੁੱਕੇ ਹਨ।
ਕਈ ਆਮ ਦਰਸ਼ਕ ਰਾਵਣ ਦੇ ਕਿਰਦਾਰ ਬਾਰੇ ਨਾਖੁਸ਼ੀ ਜ਼ਾਹਿਰ ਕਰ ਰਹੇ ਹਨ ਤੇ ਕਈਆਂ ਨੇ ਫ਼ਿਲਮ ਨੂੰ ਕਿਸੇ ਕਾਰਟੂਨ ਮੂਵੀ ਵਰਗਾ ਦੱਸਿਆ।
ਇਸ ਵਿੱਚ ਸੈਫ਼ ਅਲੀ ਖਾਨ ਰਾਵਣ ਦੇ ਰੋਲ 'ਚ ਹਨ, ਪ੍ਰਭਾਸ ਰਾਮ ਅਤੇ ਕ੍ਰਿਤੀ ਸੈਨਨ ਸੀਤਾ ਦੀ ਭੂਮਿਕਾ 'ਚ ਹਨ।
ਫ਼ਿਲਮ 'ਚ ਦੇਵਦੱਤ ਨਾਗ ਨੇ 'ਭਗਵਾਨ ਹਨੂੰਮਾਨ' ਦੀ ਭੂਮਿਕਾ ਨਿਭਾਈ ਹੈ, ਜਦਕਿ ਵਤਸਲ ਸੇਠ ਇੰਦਰਜੀਤ ਦੀ ਭੂਮਿਕਾ 'ਚ ਹਨ।
ਫ਼ਿਲਮ ਦੇ ਡਾਈਲਾਗ ਲੇਖਕ ਮਨੋਜ ਮੁੰਤਸ਼ੀਰ ਨੇ ਲਿਖੇ ਹਨ।
ਰਿਲੀਜ਼ ਤੋਂ ਬਾਅਦ ਹੀ ਫ਼ਿਲਮ ਟਵਿੱਟਰ ਉੱਤੇ ਟਰੈਂਡ ਕਰਨ ਲੱਗੀ ਸੀ।

ਤਸਵੀਰ ਸਰੋਤ, COMMUNIQUE PR
ਰਾਮਾਨੰਦ ਸਾਗਰ ਦੇ ਬੇਟੇ ਦਾ ਇਤਰਾਜ਼
ਨਿਰਦੇਸ਼ਕ ਰਾਮਾਨੰਦ ਸਾਗਰ ਨੂੰ ਉਨ੍ਹਾਂ ਦੇ ਮਸ਼ਹੂਰ ਟੈਲੀਵੀਜ਼ਨ ਲੜੀਵਾਰ ‘ਰਮਾਇਣ’ ਕਰਕੇ ਜਾਣਿਆਂ ਜਾਂਦਾ ਹੈ। ਰਾਮਾਨੰਦ ਸਾਗਰ ਵਲੋਂ ਨਿਰਦੇਸ਼ਿਤ ਇਹ ਲੜੀਵਾਰ ਹੁਣ ਤੱਕ ਦਾ ਭਾਰਤ ਵਿੱਚ ਸਭ ਤੋਂ ਵੱਧ ਦੇਖਿਆ ਲੜੀਵਾਰ ਹੈ।
ਉਨ੍ਹਾਂ ਦੇ ਬੇਟੇ ਪ੍ਰੇਮ ਸਾਗਰ ਨੇ ਇੱਨਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੇ ਫ਼ਿਲਮ ਦਾ ਟੀਜ਼ਰ ਅਤੇ ਟ੍ਰੇਲਰ ਦੇਖਿਆ ਹੈ। ਉਨ੍ਹਾਂ ਨੇ ਫ਼ਿਲਮ ਵਿੱਚ ਵਰਤੀ ਗਈ ਭਾਸ਼ਾ ’ਤੇ ਇਤਰਾਜ਼ ਜਤਾਇਆ ਹੈ।
ਉਨ੍ਹਾਂ ਕਿਹਾ ਕਿ ਉਹ ਆਦਿਪੁਰਸ਼ ਜ਼ਰੀਏ ਮਾਰਵਲ ਵਰਗਾ ਡਰਾਮਾ ਬਣਾਉਣਾ ਚਾਹੁੰਦੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ, “ਰਾਮਾਨੰਦ ਸਾਗਰ ਨੇ ਵੀ ਰਮਾਇਣ ਲੜੀਵਾਰ ਬਣਾਉਣ ਲੱਗਿਆਂ ਕਲਾਤਾਮਕ ਆਜ਼ਾਦੀ ਲਈ ਸੀ ਪਰ ਉਹ ਭਗਵਾਨ ਰਾਮ ਨੂੰ ਸਮਝਦੇ ਸਨ।”
ਉਹ ਰਾਵਣ ਦੇ ਕਿਰਦਾਰ ਬਾਰੇ ਆਪਣਾ ਪੱਖ ਰੱਖਦਿਆਂ ਕਹਿੰਦੇ ਹਨ ਕਿ ਇੱਕ ਗਿਆਨਵਾਨ ਵਿਅਕਤੀ ਸੀ ਅਤੇ ਉਸ ਨੂੰ ਕੋਈ ਖਲਨਾਇਕ ਨਹੀਂ ਦਿਖਾ ਸਕਦਾ।
ਸੀਤਾ ਦੇ ਸੰਵਾਦ ਨੂੰ ਲੈ ਕੇ ਨੇਪਾਲ ਵਿੱਚ ਵਿਵਾਦ

ਤਸਵੀਰ ਸਰੋਤ, COMMUNIQUE PR
ਹਾਲਾਂਕਿ, ਰਾਮ ਕਥਾ 'ਤੇ ਆਧਾਰਿਤ ਇਸ ਫ਼ਿਲਮ ਨੂੰ ਰਾਵਣ ਤੋਂ ਲੈ ਕੇ ਸੀਤਾ ਸਮੇਤ ਹੋਰ ਕਿਰਦਾਰਾਂ ਦੇ ਫ਼ਿਲਮਾਏ ਜਾਣ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਇਹ ਫ਼ਿਲਮ ਨੇਪਾਲ ਵਿੱਚ ਇੱਕ ਵੱਖਰੇ ਤਰ੍ਹਾਂ ਦੇ ਵਿਵਾਦ ਦਾ ਸਾਹਮਣਾ ਕਰ ਰਹੀ ਹੈ। ਇਸ ਫ਼ਿਲਮ 'ਚ ਸੀਤਾ ਨੂੰ ਭਾਰਤ ਦੀ ਬੇਟੀ ਦੱਸਿਆ ਗਿਆ ਹੈ।
ਜਦੋਂ ਕਿ ਨੇਪਾਲ ਇਹ ਦਾਅਵਾ ਕਰਦਾ ਰਿਹਾ ਹੈ ਕਿ ਸੀਤਾ ਦਾ ਜਨਮ ਨੇਪਾਲ ਦੇ ਜਨਕਪੁਰ ਵਿੱਚ ਹੋਇਆ ਸੀ। ਇਸ ਕਾਰਨ ਨੇਪਾਲ 'ਚ ਫ਼ਿਲਮ ਦੇ ਇਸ ਡਾਇਲਾਗ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ 'ਬਲੇਨ' ਨੇ ਕਿਹਾ ਹੈ ਕਿ 'ਕਾਠਮੰਡੂ ਮਹਾਨਗਰ 'ਚ ਉਦੋਂ ਤੱਕ ਕੋਈ ਵੀ ਹਿੰਦੀ ਫ਼ਿਲਮ ਨਹੀਂ ਚੱਲਣ ਦਿੱਤੀ ਜਾਵੇਗੀ, ਜਦੋਂ ਤੱਕ ਸੀਤਾ ਨੂੰ ਆਦਿਪੁਰਸ਼ ਤੋਂ ਭਾਰਤ ਦੀ ਧੀ ਦੱਸਣ ਵਾਲਾ ਡਾਇਲਾਗ ਨਹੀਂ ਹਟਾਇਆ ਜਾਂਦਾ।
ਬਲੇਂਦਰ ਸ਼ਾਹ ਨੇ ਕਿਹਾ ਹੈ ਕਿ ਇਸ ਗ਼ਲਤੀ ਨੂੰ ਸੁਧਾਰਨ ਲਈ 'ਤਿੰਨ ਦਿਨ' ਦਾ ਸਮਾਂ ਦਿੱਤਾ ਗਿਆ ਹੈ।

ਤਸਵੀਰ ਸਰੋਤ, COMMUNIQUE PR
ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਕੀ ਕਿਹਾ
ਲੜੀਵਾਰ ਰਮਾਇਣ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਫਿਲਮ ਦੀ ਰਿਲੀਜ਼ ਤੋਂ ਕਈ ਮਹੀਨੇ ਪਹਿਲਾਂ ਹੀ ਆਦਿਪੁਰਸ਼ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ, “ਸਾਨੂੰ ਆਪਣੀਆਂ ਸਾਰੀਆਂ ਸਭਿਆਚਾਰਕ ਤੇ ਧਾਰਮਿਕ ਰਵਾਇਤਾਂ ਨੂੰ ਉਸੇ ਤਰ੍ਹਾਂ ਬਣਾਈ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਦੀਆਂ ਉਹ ਹਨ।”
“ਬਦਲਾਅ ਦੀ ਨਾ ਸਾਨੂੰ ਲੋੜ ਹੈ, ਨਾ ਕਰਨਾ ਚਾਹੀਦਾ ਹੈ ਤੇ ਨਾ ਹੀ ਕਿਸੇ ਨੂੰ ਕਰਨ ਦੇਣਾ ਚਾਹੀਦਾ ਹੈ। ਭਲਾਂ ਕੋਈ ਆਪਣੀਆਂ ਜੜ੍ਹਾਂ ਬਦਲਦਾ ਹੈ। ਸਾਨੂੰ ਇਸ ਸਭ ਨੂੰ ਕੋਈ ਵੀ ਨਵਾਂਪਣ ਦੇਣ ਦੀ ਲੋੜ ਨਹੀਂ ਹੈ।”
ਉਨ੍ਹਾਂ ਕਿਹਾ,“ׅਕੁਝ ਫ਼ਿਲਮ ਬਣਾਉਣ ਵਾਲੇ, ਕੁਝ ਲੇਖਕ, ਕੁਝ ਪੇਂਟਰ, ਕੁਝ ਅਦਾਕਾਰ, ਕੁਝ ਵਿਗਿਆਪਨ ਵਾਲਿਆਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਲਾਤਮਕ ਆਜ਼ਾਦੀ ਦੇ ਨਾਮ ’ਤੇ ਧਰਮ ਦਾ ਮਜ਼ਾਕ ਨਾ ਉਡਾਉਣ ਅਤੇ ਨਾ ਹੀ ਕੀਤੇ ਦੀ ਮਾਨਤਾ ਦਾ ਤੋੜ ਮਰੋੜ ਕੇ ਇਸਤੇਮਾਲ ਕਰਨ।”

ਤਸਵੀਰ ਸਰੋਤ, Getty Images
ਫ਼ਿਲਮਾਂ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ
ਦਿੱਲੀ ਦੀ ਇੱਕ ਅਦਾਲਤ ਵਿੱਚ ਐਡਵੋਕੇਟ ਰਾਜ ਗੌਰਵ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਪਟੀਸਨ ਵਿੱਚ ਨਿਰਮਾਤਾ ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਓਮ ਰਾਉਤ ਖ਼ਿਲਾਫ਼ ਹੈ। ਇਲਜ਼ਾਮ ਸਨ ਕਿ ਉਨ੍ਹਾਂ ਨੇ ਮਹਾਂਕਾਵਿ ਰਮਾਇਣ ਦੀਆਂ ਮੂਲ ਗੱਲਾਂ ਨਾਲ ਛੇੜਛਾੜ ਕੀਤੀ ਹੈ।
ਗੌਰਵ ਨੇ ਮਾਮਲੇ ਦੀ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਪਟੀਸ਼ਨ ਫ਼ਿਲਮ ਵਿੱਚ ਹਿੰਦੂ ਦੇਵੀ-ਦੇਵਤਿਆਂ ਦੇ ਚਿੱਤਰਣ ਕਾਰਨ ਦਾਇਰ ਕੀਤੀ ਗਈ ਸੀ।
ਪਟੀਸ਼ਨਕਰਤਾ ’ਤੇ ਪਬਲੀਸਿਟੀ ਲਈ ਅਜਿਹੇ ਕਰਨ ਦੇ ਇਲਜ਼ਾਮ ਲੱਗੇ ਹਨ।
ਪਰ ਸੁਣਵਾਈ ਦੌਰਾਨ ਫ਼ਿਲਮ ਦੀ ਰਿਲੀਜ਼ ਰੋਕਣ ਸਬੰਧੀ ਕੋਈ ਹੁਕਮ ਨਹੀਂ ਦਿੱਤਾ ਗਿਆ ਹੈ।

ਆਦਿਪੁਰਸ਼ ਨਾਲ ਜੁੜੇ ਵਿਵਾਦ
- ਸੀਤਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਇਸ ’ਤੇ ਨੇਪਾਲ ਨੇ ਇਤਰਾਜ਼ ਦਰਜ ਕਰਵਾਇਆ ਹੈ
- ਹਨੂੰਮਾਨ ਵਲੋਂ ਵਰਤੀ ਗਈ ਭਾਸ਼ਾ ਦਾ ਵੀ ਅਲੋਚਣਾ ਹੋ ਰਹੀ ਹੈ, ਅਲੋਚਕ ਇਸ ਨੂੰ ਭੱਦਰ ਲਫ਼ਜ਼ਾਂ ਦੀ ਵਰਤੋਂ ਦੱਸਦੇ ਹਨ
- ਦਰਸ਼ਕ ਫ਼ਿਲਮ ਦੀ ਤੁਲਣਾ 80 ਦੇ ਦਹਾਕੇ ਵਿੱਚ ਪ੍ਰਸਾਰਿਤ ਹੋਏ ਲੜ੍ਹੀਵਾਰ ਰਮਾਇਣ ਨਾਲ ਕਰ ਰਹੇ ਹਨ
- ਫ਼ਿਲਮ ਵਿੱਚ ਐਨੀਮੇਸ਼ਨ ਵੀ ਵਰਤੋਂ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ

ਸੋਸ਼ਲ ਮੀਡੀਆ ’ਤੇ ਕੀ ਪ੍ਰਤੀਕਰਮ ਆਇਆ
ਫ਼ਿਲਮ 'ਚ ਹਨੂੰਮਾਨ ਦੇ ਇੱਕ ਡਾਇਲਾਗ ਨੂੰ ਲੈ ਕੇ ਕਾਫ਼ੀ ਵਿਵਾਦ ਹੋ ਰਿਹਾ ਹੈ।
ਇੱਕ ਸੀਨ ਵਿੱਚ, ਲੰਕਾ ਸਾੜਨ ਤੋਂ ਠੀਕ ਪਹਿਲਾਂ ਹਨੂੰਮਾਨ ਦੇ ਕਿਰਦਾਰ ਵੱਲੋਂ ਵਰਤੇ ਗਏ ਸ਼ਬਦਾਂ ਉੱਤੇ ਵੀ ਲੋਕ ਸੋਸ਼ਲ ਮੀਡੀਆ ਉੱਤੇ ਪ੍ਰਕੀਕਰਮ ਦੇ ਰਹੇ ਹਨ।
ਪ੍ਰੇਮ ਸਾਗਰ ਨੇ ਵੀ ਇਸੇ ਸੰਵਾਦ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ‘ਫਿਲਮ ਵਿੱਚ ਟਪੋਰੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ।’
ਇਸ ਡਾਇਲਾਗ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਹਨੂੰਮਾਨ ਲਈ ਅਜਿਹੀ ਅਸ਼ਲੀਲ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਰੋਸ਼ਨ ਰਾਏ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਆਦਿਪੁਰਸ਼ ਤੋਂ ਬਾਅਦ ਰਾਮਾਨੰਦ ਗਾਥਾ ਪ੍ਰਤੀ ਉਨ੍ਹਾਂ ਦਾ ਸਨਮਾਨ ਸੌ ਗੁਣਾ ਵਧ ਗਿਆ ਹੈ।
ਉਸ ਨੇ ਲਿਖਿਆ, "26 ਸਾਲ ਪਹਿਲਾਂ ਬਿਨਾਂ ਕਿਸੇ ਤਕਨੀਕ ਅਤੇ ਸੀਮਤ ਸਾਧਨਾਂ ਦੇ ਉਨ੍ਹਾਂ ਨੇ ਜੋ ਜਾਦੂ ਰਚਿਆ ਸੀ, ਉਸ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ ਹੈ।"
ਜਸਟ ਏ ਫ਼ੈਨ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਓਮ ਰਾਉਤ ਨੇ ਫ਼ਿਲਮ ਬਣਾ ਕੇ ਪਾਪ ਕੀਤਾ ਹੈ।

ਤਸਵੀਰ ਸਰੋਤ, Charmi Modi Mehta/Twitter
ਚਾਰਮੀ ਮੋਦੀ ਮਹਿਤਾ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, "ਮੈਂ ਫ਼ਿਲਮ ਆਦਿਪੁਰਸ਼ ਦੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ ਹਨ, ਕਿਉਂਕਿ ਮੈਂ ਆਪਣੀ ਧੀ ਨੂੰ ਗ਼ਲਤ ਰਮਾਇਣ ਨਹੀਂ ਸਿਖਾਉਣਾ ਚਾਹੁੰਦਾ।"
ਪ੍ਰਵੀਨ ਧੂਲ ਨੇ ਲਿਖਿਆ, "ਆਦਿਪੁਰਸ਼ ਇੱਕ ਫ਼ਿਲਮ ਨਹੀਂ ਬਲਕਿ ਇੱਕ ਗੁਨਾਹ ਹੈ। ਪਵਿੱਤਰ ਰਮਾਇਣ ਨਾਲ ਬਹੁਤ ਹੀ ਅਸ਼ਲੀਲ, ਅਸਹਿਣਸ਼ੀਲ ਅਤੇ ਵਹਿਸ਼ੀ ਮਜ਼ਾਕ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਇੱਕ ਵਾਰ ਫਿਰ ਫ਼ਿਲਮੀ ਜਗਤ ਨੇ ਸਨਾਤਨ ਧਰਮ ਦਾ ਮਜ਼ਾਕ ਉਡਾਇਆ ਹੈ। ਆਖਿਰ ਕਦੋਂ ਤੱਕ ਸਾਡੇ ਸੱਭਿਆਚਾਰ ਨਾਲ ਖਿਲਵਾੜ ਹੁੰਦਾ ਰਹੇਗਾ।"

ਤਸਵੀਰ ਸਰੋਤ, Parveen Dhull/Twitter
ਹੰਸ ਰਾਜ ਕਿਸ਼ੋਰ ਨਾਂ ਦੇ ਯੂਜ਼ਰ ਨੇ ਲਿਖਿਆ, "ਇਸ ਫ਼ਿਲਮ ਦਾ ਫ਼ੌਰੀ ਤੌਰ ’ਤੇ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਹ ਸਾਡੇ ਭਗਵਾਨ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦਾ ਅਪਮਾਨ ਹੈ, ਨਾਲ ਹੀ ਇੰਦਰਜੀਤ ਵਰਗੇ ਪਰਮਵੀਰ ਦਾ ਅਤੇ ਲਕਸ਼ਮਣ ਵਰਗੇ ਮਹਾਨ ਯੋਧੇ ਦਾ ਵੀ ਨਿਰਾਦਰ ਹੈ। ਇਹ ਸਾਡੇ ਭਗਵਾਨ ਦਾ ਅਪਮਾਨ ਹੈ।"
ਦਰਸ਼ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਆਦਿਪੁਰਸ਼ ਫ਼ਿਲਮ ਦੇ ਡਾਇਲਾਗ ਦੇਖ ਕੇ ਮਹਾਰਿਸ਼ੀ ਵਾਲਮੀਕਿ ਵੀ ਰਮਾਇਣ ਦੀ ਇੰਨੀ ਮਾੜੀ ਹਾਲਤ ਦੇਖ ਕੇ ਆਪਣਾ ਸਿਰ ਪਾੜ ਲੈਣਗੇ।
ਫ਼ਿਲਮ ਦੀ ਕੋਈ-ਕੋਈ ਤਾਰੀਫ਼ ਵੀ ਕਰ ਰਿਹਾ ਹੈ।
ਫ਼ਿਲਮ ਆਦਿਪੁਰਸ਼ ਦੀ ਤਾਰੀਫ਼ ਕਰਦੇ ਹੋਏ ਕਾਰਤਿਕ ਦਯਾਨੰਦ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਇਸ ਨੇ ਦੇਸ਼ ਭਰ ਦੇ ਬਾਕਸ ਆਫ਼ਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ ਅਤੇ ਇਹ ਪੂਰੇ ਭਾਰਤ ਦੀ ਫ਼ਿਲਮ ਹੈ।












