You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਕਤਲ ਮਾਮਲੇ ਬਾਰੇ ਤਨਮਨਜੀਤ ਸਿੰਘ ਢੇਸੀ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਇਹ ਸਵਾਲ
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਨਿਆਂ ਨਾ ਮਿਲਣ ਦੇ ਮੁੱਦੇ ਨੂੰ ਹੁਣ ਬ੍ਰਿਟੇਨ 'ਚ ਭਾਰਤੀ ਮੂਲ ਦੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਚੁੱਕਿਆ ਹੈ।
ਉਨ੍ਹਾਂ ਨੇ ਬ੍ਰਿਟੇਨ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਭਾਰਤੀ ਅਧਿਕਾਰੀਆਂ ਦੀ ਮਦਦ ਕੀਤੀ ਜਾਵੇ ਤਾਂ ਜੋ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਮਿਲ ਸਕੇ।
ਇਸ ਬਾਬਤ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਪੋਸਟ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ।
ਆਪਣੀ ਇਸ ਪੋਸਟ ਵਿੱਚ ਢੇਸੀ ਨੇ ਲਿਖਿਆ, ''ਸਿੱਧੂ ਮੂਸੇਵਾਲਾ ਦੇ ਦੁਖਦਾਈ ਦੇਹਾਂਤ ਤੋਂ 8 ਮਹੀਨਿਆਂ ਬਾਅਦ ਉਨ੍ਹਾਂ ਦਾ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਨਿਆਂ ਦੇ ਹੱਕਦਾਰ ਹਨ।''
‘ਬ੍ਰਿਟੇਨ ਇਸ ਸਾਬਕਾ ਨਿਵਾਸੀ ਦੇ ਕਾਤਲਾਂ ਨੂੰ ਅਜੇ ਵੀ ਸਜ਼ਾ ਨਹੀਂ ਮਿਲੀ। ਇਸ ਲਈ ਬ੍ਰਿਟੇਨ ਦੀ ਸਰਕਾਰ ਨੂੰ ਭਾਰਤੀ ਅਧਿਕਾਰੀਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾ ਸਕੇ।''
ਇਸ ਦੇ ਨਾਲ ਢੇਸੀ ਨੇ ਇੱਕ ਗੱਲਬਾਤ ਦੀ ਤਸਵੀਰ ਵੀ ਸਾਂਝਾ ਕੀਤੀ, ਜਿਸ ਵਿੱਚ ਤਨਮਨਜੀਤ ਸਿੰਘ ਢੇਸੀ ਦੇ ਇਸ ਮਾਮਲੇ 'ਚ ਕੀਤੇ ਸਵਾਲ ਦਾ ਬ੍ਰਿਟੇਨ ਦੀ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਹੈ।
ਇਸ ਤਸਵੀਰ ਮੁਤਾਬਕ, ਤਨਮਨਜੀਤ ਸਿੰਘ ਢੇਸੀ ਨੇ ਲਿਖਤੀ ਰੂਪ ਵਿੱਚ ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੂੰ ਸਵਾਲ ਕੀਤਾ ਹੈ ਕਿ 'ਕੀ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੱਲਬਾਤ ਕੀਤੀ ਤੇ ਕੀ ਇਸ ਮਾਮਲੇ 'ਚ ਨਿਆਂ ਲਈ ਉਚਿਤ ਕਦਮ ਚੁੱਕੇ ਜਾ ਰਹੇ ਹਨ।'
ਢੇਸੀ ਦੇ ਸਵਾਲ ਦੇ ਜਵਾਬ ਵਿੱਚ ਬ੍ਰਿਟੇਨ ਦੀ ਵਿਦੇਸ਼ੀ ਮਾਮਲਿਆਂ ਦੀ ਰਾਜ ਮੰਤਰੀ ਐਨੀ ਮੈਰੀ ਟ੍ਰੇਵੇਲਿਅਨ ਨੇ ਲਿਖਿਆ, 'ਅਸੀਂ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਮਲੇ ਤੋਂ ਜਾਣੂ ਹਾਂ ਅਤੇ ਭਾਰਤ 'ਚ ਸਾਡੇ ਨੈੱਟਵਰਕ ਸਾਰੀ ਸਥਿਤੀ 'ਤੇ ਨਜ਼ਰ ਬਣਾਈ ਹੋਏ ਹਨ।'
'ਹਾਲਾਂਕਿ, ਅਸੀਂ ਇਹ ਸਮਝਦੇ ਹਾਂ ਕਿ ਭਾਰਤ ਅਤੇ ਭਾਰਤੀ ਕਾਨੂੰਨ ਪ੍ਰਣਾਲੀ ਦਾ ਮਾਮਲਾ ਹੈ। ਆਮ ਤੌਰ 'ਤੇ ਜਦੋਂ ਵੀ ਸਾਨੂੰ ਕੋਈ ਮੁੱਦਾ ਲੱਗਦਾ ਹੈ, ਅਸੀਂ ਉਸ ਨੂੰ ਸਿੱਧਾ ਭਾਰਤ ਸਰਕਾਰ ਅਤੇ ਉੱਥੋਂ ਦੇ ਸਬੰਧਿਤ ਮੰਤਰਾਲੇ ਦੀ ਨਜ਼ਰ ਕਰਵਾ ਦਿੰਦੇ ਹਾਂ।'
ਬ੍ਰਿਟੇਨ 'ਚ ਪੀਆਰ ਸਨ ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ ਦੀ ਬਰਤਾਨੀ ਨਾਗਰਿਕਤਾ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਆਪ ਜਾਣਕਾਰੀ ਦਿੱਤੀ ਸੀ।
ਇੱਕ ਸੰਬੋਧਨ ਦੌਰਾਨ ਬਲਕੌਰ ਸਿੰਘ ਨੇ ਕਿਹਾ ਸੀ, ''ਸਿੱਧੂ ਦੀ ਮੌਤ ਨੂੰ ਲੈ ਕੇ ਬ੍ਰਿਟੇਨ ਦੀ ਸਰਕਾਰ 'ਚ ਵੀ ਬਹੁਤ ਵੱਡਾ ਰੋਸ ਹੈ ਕਿਉਂਕਿ ਸਿੱਧੂ ਬ੍ਰਿਟੇਨ ਦਾ ਪਰਮਾਨੈਂਟ ਰੈਜ਼ੀਡੈਂਟ ਸੀ।''
ਉਨ੍ਹਾਂ ਕਿਹਾ ਸੀ ਕਿ ਸਿੱਧੂ ਨੇ ਉਨ੍ਹਾਂ ਤੋਂ ਵੀ ਇਹ ਗੱਲ ਲੁਕਾ ਕੇ ਰੱਖੀ ਸੀ ਨਹੀਂ ਤਾਂ ਉਨ੍ਹਾਂ ਨੇ ਸਿੱਧੂ ਨੂੰ ਬਾਹਰ ਹੀ ਭੇਜ ਦੇਣਾ ਸੀ।
ਸਿੱਧੂ ਮੂਸੇਵਾਲਾ ਕਤਮ ਮਾਮਲੇ ਦਾ ਘਟਨਾਕ੍ਰਮ
- ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ
- 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
- ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗੀਤਾਂ ਦੇ ਵਿਸ਼ਿਆਂ ਤੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ
- ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਵੀ ਬਣਾਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 25 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ
- ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਹੋਏ ਕਤਲ ਨੂੰ ਗੈਂਗਸਟਰਾਂ ਨਾਲ ਜੋੜਿਆ ਗਿਆ
- ਸਿੱਧ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ
- ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਲਗਾਤਾਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ
- ਦਸੰਬਰ 2022 'ਚ ਪੰਜਾਬ ਸਰਕਾਰ ਵੱਲੋਂ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਡਿਟੇਨ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਸੀ, ਹਾਲਾਂਕਿ ਇਸ ਬਾਰੇ ਹੋਰ ਕੋਈ ਅਪਡੇਟ ਨਹੀਂ ਆਇਆ।
ਸਿੱਧੂ ਮੂਸੇਵਾਲਾ ਕਤਲ
29 ਮਈ 2022 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।
ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ।
ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਵੀ ਬਣਾਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 25 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)