ਗਊਮਾਸ ਤਸਕਰੀ ਦੇ ਨਾਂ ਉੱਤੇ ਮੌਬ ਲਿੰਚਿੰਗ: 'ਮੇਰੇ ਲਾਚਾਰ ਪੁੱਤ ਨੂੰ ਲੋਕਾਂ ਨੇ ਕੋਹ-ਕੋਹ ਕੇ ਮਾਰ ਦਿੱਤਾ'

ਜ਼ਹੀਰੂਦੀਨ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਜ਼ਹੀਰੂਦੀਨ ਦੀ ਮਾਂ ਪੁੱਤ ਦੇ ਕਤਲ ਤੋਂ ਬਾਅਦ ਉਦਾਸ ਹੈ
    • ਲੇਖਕ, ਵਿਸ਼ਨੂ ਨਾਰਾਇਣ
    • ਰੋਲ, ਬੀਬੀਸੀ ਸਹਿਯੋਗੀ

"ਕੋਈ ਆ ਕੇ ਸ਼ੀਸ਼ਾ ਤੋੜ ਦਿੰਦਾ ਹੈ। ਕੋਈ ਛੁਰਾ ਦਿਖਾਉਂਦਾ ਹੈ। ਕਿਸੇ ਨੇ ਆਕੇ ਟਾਇਰ ਦੀ ਹਵਾ ਕੱਢ ਦਿੱਤੀ। ਕਹਿੰਦੇ ਕੱਲ੍ਹ ਨੂੰ ਇਨ੍ਹਾਂ ਦਾ ਪੁਰਬ (ਬਕਰੀਦ) ਹੈ। ਇਨ੍ਹਾਂ ਦਾ ਪੁਰਬ ਅੱਜ ਹੀ ਬਣਾ ਦੇਣਾ ਹੈ। ਉਸ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਵੀ ਇੱਟਾਂ-ਪੱਥਰ ਅਤੇ ਭਗਦੜ ਨੂੰ ਦੇਖ ਕੇ ਭੱਜਣ ਲੱਗੀ ਤਾਂ ਜ਼ਹੀਰੂਦੀਨ ਨੂੰ ਕੌਣ ਬਚਾਉਂਦਾ।”

“ਉਹ (ਜ਼ਹੀਰੂਦੀਨ) ਭੱਜਣ ਤੋਂ ਲਾਚਾਰ ਸੀ। ਅਪਾਹਜ ਸੀ। ਉਨ੍ਹਾਂ ਨਾਲ ਬੜੀ ਬੇਰਹਿਮੀ ਕੀਤੀ ਗਈ, ਕੀ ਨਹੀਂ ਕੀਤਾ ਗਿਆ? ਅਸੀਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।"

ਇਹ ਸ਼ਬਦ 55 ਸਾਲਾ ਕਿਊਮ ਖਾਨ ਦੇ ਹਨ, ਜਿਨ੍ਹਾਂ ਦੇ ਡਰਾਈਵਰ ਜ਼ਹੀਰੂਦੀਨ (55) ਨੂੰ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਉਹ ਆਪਣੇ ਛੋਟੇ ਟਰੱਕ ਵਿੱਚ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਜਲਾਲਪੁਰ ਥਾਣਾ ਖੇਤਰ ਦੇ ਬੰਗਰਾ ਪਿੰਡ (ਨਦੀ 'ਤੇ) ਵਿੱਚੋਂ ਲੰਘ ਰਹੇ ਸਨ।

ਮੌਕੇ 'ਤੇ ਪਹੁੰਚ ਕੇ ਸਾਨੂੰ ਪਤਾ ਲੱਗਿਆ ਕਿ ਟਰੱਕ ਦਾ ਸ਼ੀਸ਼ਾ ਅਜੇ ਵੀ ਖਿੱਲਰਿਆ ਪਿਆ ਹੈ ਤੇ ਕੁਝ ਚੱਪਲਾਂ ਵੀ ਪਈਆਂ ਹਨ। ਨੇੜਲੇ ਥਾਣੇ ਦੀ ਪੁਲਿਸ ਟਰੱਕ ਨੂੰ ਖਿੱਚ ਕੇ ਨੇੜੇ ਦੀ ਨਾਗਰਾ ਮਾਰਕੀਟ ਵਿੱਚ ਲੈ ਗਈ ਹੈ।

ਟਰੱਕ ਨੂੰ ਦੇਖ ਕੇ ਇਹ ਅੰਦਾਜ਼ਾ ਸਹਿਜੇ ਹੀ ਲੱਗਦਾ ਹੈ ਕਿ ਜ਼ਹੀਰੂਦੀਨ ’ਤੇ ਬੁੱਧਵਾਰ ਸ਼ਾਮ ਨੂੰ ਕੀ ਗੁਜ਼ਰੀ ਹੋਵੇਗੀ। ਡਰਾਈਵਰ ਅਤੇ ਨਾਲ ਵਾਲੀ ਸੀਟ 'ਤੇ ਅਜੇ ਵੀ ਪੱਥਰ ਪਏ ਸਨ।

ਕਮਿਊਨ ਖਾਨ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਕਿਊਮ ਖਾਨ ਹਾਦਸੇ ਵੇਲੇ ਸਮੇਂ ਜ਼ਹੀਰੂਦੀਨ ਦੇ ਟਰੱਕ ਵਿੱਚ ਸਵਾਰ ਸਨ

28 ਜੂਨ ਦੀ ਸ਼ਾਮ ਨੂੰ ਕੀ ਹੋਇਆ ਸੀ?

ਉਂਝ ਤਾਂ ਹੁਣ ਤੱਕ ਇਹ ਜੱਗ ਜਾਹਰ ਹੋ ਚੁੱਕਿਆ ਹੈ ਕਿ ਜਦੋਂ ਟਰੱਕ ਡਰਾਈਵਰ (ਜ਼ਹੀਰੂਦੀਨ) ਨੂੰ ਕਿਸੇ ਨੁਕਸ ਕਾਰਨ ਟਰੱਕ ਬਾਂਗਰਾ ਪਿੰਡ ਦੇ ਸਾਹਮਣੇ ਹਨੂੰਮਾਨ ਮੰਦਰ ਦੇ ਕੋਲ ਰੋਕਣਾ ਪਿਆ ਤਾਂ ਉਥੋਂ ਲੰਘ ਰਹੇ ਇੱਕ ਮੁੰਡੇ ਨੇੜੇ ਆ ਕੇ ਪੁੱਛਗਿੱਛ ਕੀਤੀ ਕਿ ਟਰੱਕ 'ਚ ਕੀ ਲੋਡ ਹੈ।

ਜਦੋਂ ਜਵਾਬ ਵਿੱਚ ਡਰਾਈਵਰ ਅਤੇ ਸਟਾਫ਼ ਵਲੋਂ ਮੁਰਦਾ ਜਾਨਵਰਾਂ ਦੀਆਂ ਹੱਡੀਆਂ ਦਾ ਜ਼ਿਕਰ ਕੀਤਾ ਗਿਆ ਤਾਂ ਮੁੰਡਿਆਂ ਦੇ ਫ਼ੋਨਾਂ ਤੋਂ ਇਕੱਠੀ ਹੋਈ ਭੀੜ ਨੇ ਉਨ੍ਹਾਂ ਨੂੰ ਹੱਡੀਆਂ ਦਿਖਾਉਣ ਲਈ ਕਿਹਾ।

ਕਿਊਮ ਖਾਨ ਮੁਤਾਬਕ, ਲੋਕਾਂ ਨੇ ਟਰੱਕ 'ਤੇ ਚੜ੍ਹ ਕੇ ਵੀ ਸਭ ਕੁਝ ਦੇਖਿਆ, ਪਰ ਫਿਰ ਵੀ ਉਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਗੱਡੀ ਵਿੱਚ ਗੋਮਾਸ ਲੋਡ ਨਹੀਂ ਸੀ।

ਲੋਕਾਂ ਨੇ ਉਨ੍ਹਾਂ ਨੂੰ ਫ਼ੈਕਟਰੀ ਦੇ ਮਾਲਕ ਨੂੰ ਫ਼ੋਨ ਕਰਨ ਲਈ ਕਿਹਾ। ਉਨ੍ਹਾਂ ਨੇ ਅਜਿਹਾ ਕੀਤਾ ਵੀ ਪਰ ਫਿਰ ਵੀ ਲੋਕ ਨਾ ਮੰਨੇ ਅਤੇ ਜ਼ਿੱਦ ਕਰਨ ਲੱਗੇ ਕਿ ਹੱਡੀਆਂ ਦੇ ਹੇਠਾਂ ਬੀਫ ਹੈ।

ਸਾਰੀ ਘਟਨਾ ਅਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਅਜਿਹੀਆਂ ਘਟਨਾਵਾਂ ਪਹਿਲਾਂ ਕਦੇ ਨਹੀਂ ਹੁੰਦੀਆਂ ਸਨ, ਇਸੇ ਸੜਕ ਤੋਂ ਕਦੇ ਬੈਲ ਗੱਡੀ 'ਤੇ ਅਤੇ ਖੁੱਲ੍ਹੇਆਮ ਹੱਡੀਆਂ ਆਉਂਦੀਆਂ ਸਨ।”

“ਹੁਣ ਤਾਂ ਕਿਤੇ ਨਿਕਲਣ ਤੋਂ ਵੀ ਡਰ ਲੱਗ ਰਿਹਾ ਹੈ ਕਿ ਕੋਈ ਆ ਕੇ ਮਾਰ ਦੇਵੇਗਾ। ਉਹ ਕਿੰਨੀ ਦੂਰੋਂ-ਦੂਰੋਂ ਕੰਮ ਕਰਕੇ ਚਲੇ ਗਏ ਅਤੇ ਆਪਣੇ ਘਰ ਦੇ ਦਰਵਾਜ਼ੇ 'ਤੇ ਅਜਿਹਾ ਹੋਇਆ।"

ਮੌਕੇ 'ਤੇ ਪਹੁੰਚਣ ਦੀਆਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕੋਈ ਵੀ ਵਿਅਕਤੀ ਸਪੱਸ਼ਟ ਤੌਰ 'ਤੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਆਲੇ-ਦੁਆਲੇ ਦੇ ਲੋਕ ਅਜਿਹੀਆਂ ਗੱਲਾਂ ਜ਼ਰੂਰ ਦੱਬੀ ਜ਼ੁਬਾਨ ਵਿੱਚ ਕਹਿ ਰਹੇ ਹਨ ਕਿ ਅੱਜ ਦੇ ਮੁੰਡੇ ਡਰਦੇ ਤਾਂ ਹੈ ਨਹੀਂ, ਪਤਾ ਨਹੀਂ ਕਿੱਥੋਂ ਰੌਲਾ ਉੱਠੇ ਅਤੇ ਸਭ ਕੁਝ ਤਬਾਹ ਹੋ ਜਾਵੇ।

ਜ਼ਹੀਰੂਦੀਨ ਆਪਣੀ ਮਾਂ ਦੇ ਬੁਢਾਪੇ ਦਾ ਸਹਾਰਾ ਸੀ, ਅਪਾਹਜ ਹੋਣ ਦੇ ਬਾਵਜੂਦ, ਉਹ ਪਰਿਵਾਰ ਖਾਤਰ ਟਰੱਕ ਚਲਾਉਂਦੇ ਸੀ।

ਜ਼ਹੀਰੂਦੀਨ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਜ਼ਹੀਰੂਦੀਨ ਦੀ ਧੀ ਆਪਣੇ ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ

ਇਸ ਘਟਨਾ ਤੋਂ ਬਾਅਦ ਜ਼ਹੀਰੂਦੀਨ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ।

ਉਨ੍ਹਾਂ ਦੀ ਮਾਂ (75 ਸਾਲਾ ਲੈਲਾ ਖਾਤੂਨ) ਦੱਸਦੀ ਹੈ, "ਉਹ ਪੈਰੋਂ ਕਾਮਯਾਬ ਨਹੀਂ ਸੀ। ਇੱਕ ਵਾਰ ਕਲਕੱਤੇ ਵਿੱਚ ਕਾਰ ਹਾਦਸਾ ਹੋਇਆ ਸੀ, ਉਦੋਂ ਤੋਂ ਉਹ ਲੰਗੜਾ ਕੇ ਤੁਰਦਾ ਸੀ। ਸਾਰੇ ਭੱਜ ਗਏ ਪਰ ਉਸ ਤੋਂ ਭੱਜਿਆ ਨਾ ਗਿਆ। ਉਹੀ ਮੈਨੂੰ ਥੋੜ੍ਹੇ ਬਹੁਤ ਪੈਸੇ ਦਿੰਦਾ ਸੀ, ਤਾਂ ਮੈਂ ਆਪਣੀ ਕਮਰ ਦਾ ਇਲਾਜ ਕਰਵਾਉਂਦੀ ਸੀ। ਮੈਂ ਪਿੱਠ ਦੀ ਮਰੀਜ਼ ਹਾਂ। ਇਹ ਉਮੀਦ ਵੀ ਟੁੱਟ ਗਈ। ਬੱਚੇ ਅਜੇ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋਏ।"

ਲੈਲਾ ਖਾਤੂਨ ਅੱਗੇ ਕਹਿੰਦੀ ਹੈ, "ਇਹ ਕਾਰੋਬਾਰ ਸਾਡੇ ਲਈ ਨਵਾਂ ਨਹੀਂ ਹੈ, ਨਾ ਹੀ ਇਸ ਇਲਾਕੇ ਲਈ। ਪਹਿਲਾਂ ਹੱਡੀਆਂ ਬੈਲ ਗੱਡੀਆਂ ਅਤੇ ਰੇਲ ਗੱਡੀਆਂ ਉੱਤੇ ਲੱਦ ਕੇ ਕਾਨਪੁਰ ਅਤੇ ਹੋਰ ਥਾਵਾਂ ’ਤੇ ਜਾਂਦੀਆਂ ਸਨ। ਮੇਰਾ ਸਹੁਰਾ ਵੀ ਇਹ ਕੰਮ ਕਰਦਾ ਸੀ। ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਪਰ ਉਸ ਦਿਨ ਪਤਾ ਨਹੀਂ ਕੀ ਹੋਇਆ ਕਿ ਮੇਰੇ ਲਾਚਾਰ ਪੁੱਤਰ ਨੂੰ ਲੋਕਾਂ ਨੇ ਕੋਹ ਕੋਹ ਕੇ ਮਾਰ ਸੁੱਟਿਆ।”

ਕਿਊਮ ਖਾਨ

ਚੌਵੀ ਸਾਲਾਂ ਦੀ ਧੀ ਸੈਦੁਨਿਸ਼ਾ ਕਹਿੰਦੀ ਹੈ, "ਮੇਰੇ ਪਿਤਾ ਬੇਵੱਸ ਸਨ। ਅਸੀਂ ਉਨ੍ਹਾਂ ਨੂੰ ਕਈ ਵਾਰ ਕੰਮ ਛੱਡਣ ਲਈ ਵੀ ਕਿਹਾ ਕਿਉਂਕਿ ਉਹ ਪੈਰੋਂ ਲਾਚਾਰ ਸਨ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਰਾਤ ਦੀ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ ਕਿ ਜੇ ਉਹ ਥੋੜ੍ਹੇ ਜਿਹੇ ਪੈਸੇ ਕਮਾਉਣਗੇ ਤਾਂ ਘਰ ਵਧੀਆ ਚੱਲੇਗਾ। ਮੇਰੇ ਪਿਤਾ ਜੀ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰ ਰਹੇ ਸਨ। ਅਸੀਂ ਨਿਆਂ ਚਾਹੁੰਦੇ ਹਾਂ।”

ਛਪਰਾ ਜ਼ਿਲ੍ਹੇ ਦੇ ਵੱਖ-ਵੱਖ ਥਾਣਾ ਖੇਤਰਾਂ ਵਿੱਚ ਛੇ ਮਹੀਨਿਆਂ ਦੇ ਅੰਦਰ ਇਹ ਦੂਜੀ ਅਜਿਹੀ ਘਟਨਾ ਹੈ, ਜਦੋਂ ਗਊ ਮਾਸ ਦੀ ਤਸਕਰੀ ਦੇ ਸ਼ੱਕ ਵਿੱਚ ਭੀੜ ਨੇ ਕਿਸੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੋਵੇ।

ਪਹਿਲੀ ਘਟਨਾ ਜ਼ਿਲ੍ਹੇ ਦੇ ਰਸੂਲਪੁਰ ਥਾਣਾ ਖੇਤਰ ਵਿੱਚ ਰਿਪੋਰਟ ਹੋਈ ਸੀ। ਜਦਕਿ ਦੂਜੀ ਜਮਾਲਪੁਰ ਦੇ ਬੰਗਰਾ ਪਿੰਡ ਦੇ ਬਿਲਕੁਲ ਸਾਹਮਣੇ ਹੋਈ ਹੈ।

ਦੋਵੇਂ ਮਾਮਲੇ ਦੇਖਣ ਨੂੰ ਵੱਖ-ਵੱਖ ਹੋ ਸਕਦੇ ਹਨ, ਪਰ ਦੋਵਾਂ ਵਿੱਚ ਹੀ ਲੋਕਾਂ ਨੇ ਬੀਫ਼ ਦਾ ਜ਼ਿਕਰ ਕੀਤਾ ਹੈ ਅਤੇ ਫਿਰ ਫੜੇ ਗਏ ਵਿਅਕਤੀ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।

ਛਪਰਾ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਬਿਆਰ ਦੇ ਛਪਰਾ (ਸਾਰਣ) ਜ਼ਿਲ੍ਹੇ ਵਿੱਚ 28 ਜੂਨ ਨੂੰ 55 ਸਾਲ ਦੇ ਜ਼ਹੀਰੂਦੀਨ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ

ਹੱਡੀਆਂ ਦਾ ਇਸ ਘਟਨਾ ਨਾਲ ਕੀ ਸਬੰਧ ਹੈ?

ਇਸ ਪੂਰੇ ਘਟਨਾਕ੍ਰਮ ਵਿੱਚ ਹੱਡੀਆਂ ਦਾ ਜ਼ਿਕਰ ਸ਼ੁਰੂ ਤੋਂ ਹੀ ਕੀਤਾ ਗਿਆ ਹੈ। ਇਸ ਲਈ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਵੀ ਹੋ ਸਕਦੇ ਹਨ ਕਿ ਜਾਨਵਰਾਂ ਦੀਆਂ ਹੱਡੀਆਂ ਕਿੱਥੇ ਜਾ ਰਹੀਆਂ ਸਨ? ਅਤੇ ਉਹ ਲੋਕ ਕੌਣ ਹਨ ਜੋ ਹੱਡੀਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਹੀ ਅਸੀਂ ਛਪਰਾ ਜ਼ਿਲੇ ਦੇ ਨਾਗਰਾ ਬਲਾਕ ਵਿੱਚ ਸਥਿਤ ਉਸ ਫੈਕਟਰੀ ਵਿੱਚ ਪਹੁੰਚੇ, ਜਿੱਥੇ ਮਰੇ ਹੋਏ ਜਾਨਵਰਾਂ ਦੀਆਂ ਹੱਡੀਆਂ ਦੀ ਪ੍ਰੋਸੈਸਿੰਗ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਹੈ।

ਇਹ ਉਨ੍ਹਾਂ ਦਾ ਇੱਕ ਕਾਨੂੰਨੀ ਕਾਰੋਬਾਰ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਯੋਜਨਾ ਤਹਿਤ ਸਹਾਇਤਾ ਵੀ ਮਿਲੀ ਹੈ।

ਫ਼ੈਕਟਰੀ ਦੇ ਸੰਚਾਲਕ ਮੁਹੰਮਦ ਸਫ਼ਾਕਤ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, "ਸਾਡਾ ਕੰਮ ਕੋਈ ਨਵਾਂ ਨਹੀਂ ਹੈ। ਅਸੀਂ ਕਈ ਪੀੜ੍ਹੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ।”

“ਸਾਡੇ ਦਾਦਾ ਜੀ ਹੱਡੀਆਂ ਨੂੰ ਰੇਲ ਗੱਡੀ ਵਿੱਚ ਲੋਡ ਕਰਕੇ ਕਾਨਪੁਰ ਭੇਜਦੇ ਸਨ ਅਤੇ ਹੁਣ ਗੁਜਰਾਤ ਦੀ ਸਟਰਲਿੰਗ ਬਾਇਓਟੈਕ ਲਿਮਟਿਡ ਕੰਪਨੀ ਵਿੱਚ ਜਾਂਦੀਆਂ ਹਨ। ਅਸੀਂ ਹੱਡੀਆਂ ਦਾ ਚੂਰਾ ਬਣਾ ਕੇ ਗੁਜਰਾਤ ਭੇਜਦੇ ਹਾਂ ਅਤੇ ਇਸ ਨਾਲ ਕਈ ਲੋਕਾਂ ਦਾ ਰੋਜ਼ਗਾਰ ਚੱਲਦਾ ਹੈ।”

ਜਦੋਂ ਅਸੀਂ ਫ਼ੈਕਟਰੀ ਅਤੇ ਥਾਂ-ਥਾਂ ਤੋਂ ਲਿਆਂਦੀਆਂ ਜਾ ਰਹੀਆਂ ਹੱਡੀਆਂ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਨੇ ਪਰਤ ਕੇ ਸਾਨੂੰ ਪੁੱਛਿਆ ਕਿ ਕੀ ਸੂਬੇ ਵਿੱਚ ਕਿਸੇ ਤਰ੍ਹਾਂ ਦਾ ਕਾਰੋਬਾਰ ਕਰਨਾ ਗੁਨਾਹ ਹੈ? ਅਸੀਂ ਕੁਝ ਵੀ ਗੈਰ-ਕਾਨੂੰਨੀ ਨਹੀਂ ਕਰ ਰਹੇ।

"ਮੁਰਦਾ ਜਾਨਵਰਾਂ ਦੀਆਂ ਹੱਡੀਆਂ ਚੁੱਕਣ ਦਾ ਕੰਮ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ। ਇਸ ਦਾ ਪੂਰਾ ਨੈੱਟਵਰਕ ਹੈ। ਪਿੰਡ ਦੇ ਬਾਹਰਵਾਰ ਜਦੋਂ ਮੁਰਦਾ ਜਾਨਵਰ ਸੁੱਟ ਦਿੱਤੇ ਜਾਂਦੇ ਹਨ ਤਾਂ ਡੋਮ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਇਕੱਠਾ ਕਰਦੇ ਹਨ।”

ਉਹ ਕਹਿੰਦੇ ਹਨ, "ਅਸੀਂ ਉਹ ਆਪਣੇ ਨੈੱਟਵਰਕ ਰਾਹੀਂ ਚੁਕਵਾ ਲੈਂਦੇ ਹਾਂ। ਤੋਲਕੇ ਬਦਲੇ ਵਿੱਚ ਪੈਸੇ ਦੇ ਦਿੰਦੇ ਹਾਂ। ਅਸੀਂ ਤਾਂ ਉਸ ਬਦਬੂ ਅਤੇ ਬਿਮਾਰੀ ਦਾ ਹੀ ਨਿਪਟਾਰਾ ਕਰ ਰਹੇ ਹਾਂ ਜੋ ਪਿੰਡ ਅਤੇ ਸਮਾਜ ਵਿੱਚ ਫ਼ੈਲਦੀ ਹੈ, ਫਿਰ ਅਜਿਹਾ ਜ਼ੁਲਮ ਕਿਉਂ?

ਛਪਰਾ ਥਾਣਾ

ਤਸਵੀਰ ਸਰੋਤ, VISHNU NARAYAN/BBC

ਤਸਵੀਰ ਕੈਪਸ਼ਨ, ਛਪਰਾ ਦਾ ਜਲਾਲਪੁਰ ਥਾਣਾ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਕੀ ਕਹਿ ਰਹੀ ਹੈ?

ਅਸੀਂ ਸਾਰੀ ਘਟਨਾ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਛਪਰਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਗੌਰਵ ਮੰਗਲਾ ਨਾਲ ਸੰਪਰਕ ਕੀਤਾ।

ਪੁਲਿਸ ਸੁਪਰਡੈਂਟ ਨੇ ਪ੍ਰੈਸ ਨੋਟ ਦੇ ਹਵਾਲੇ ਨਾਲ ਕਿਹਾ ਹੈ, "28 ਜੂਨ ਨੂੰ, ਮੁਹੰਮਦ ਜ਼ਹੀਰੁਦਦੀਨ ਜਾਨਵਰਾਂ ਦੀਆਂ ਹੱਡੀਆਂ ਨੂੰ ਫ਼ੈਕਟਰੀ ਲਿਜਾ ਰਿਹਾ ਸੀ ਜਦੋਂ ਜਲਾਲਪੁਰ ਥਾਣਾ ਖੇਤਰ ਵਿੱਚ ਉਸ ਦੀ ਗੱਡੀ ਖ਼ਰਾਬ ਹੋ ਗਈ। ਬਦਬੂ ਕਾਰਨ ਉੱਥੇ ਭੀੜ ਇਕੱਠੀ ਹੋ ਗਈ ਅਤੇ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।"

"ਇਸ ਮਾਮਲੇ ਵਿੱਚ ਸੱਤ ਗੈਰ-ਐਫਆਈਆਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਰਹੂਮ ਦੇ ਸੰਬੰਧੀਆਂ ਦੇ ਬਿਆਨ 'ਤੇ 20-25 ਅਣਪਛਾਤੇ ਲੋਕਾਂ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

ਹਾਲਾਂਕਿ ਇਸ ਪੂਰੇ ਮਾਮਲੇ 'ਚ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਅਤੇ ਕਾਰਵਾਈ ਹੁਣ ਤੱਕ ਨਾਕਾਫ਼ੀ ਜਾਪ ਰਹੀ ਹੈ, ਕਿਉਂਕਿ ਇਸ ਘਟਨਾ ਵਿੱਚ 6 ਲੋਕਾਂ ਖਿਲਾਫ ਐੱਫਆਈਆਰ ਦਰਜ ਹੈ ਪਰ ਅਜੇ ਤੱਕ ਇਕ ਵੀ ਨਾਮਜ਼ਦ ਵਿਅਕਤੀ ਫੜਿਆ ਨਹੀਂ ਜਾ ਸਕਿਆ ਹੈ।

ਜ਼ਿਲ੍ਹਾ ਕਪਤਾਨ (ਪੁਲਿਸ ਸੁਪਰਡੈਂਟ) ਨੇ ਵੀ ਸਾਡੇ ਸਾਹਮਣੇ ਮੰਨਿਆ ਹੈ ਕਿ 29 ਜੂਨ (ਗੈਰ-ਐਫਆਈਆਰ ਗ੍ਰਿਫਤਾਰੀਆਂ) ਤੋਂ ਇਲਾਵਾ, ਇਸ ਮਾਮਲੇ ਵਿੱਚ ਅੱਗੇ ਹੋਰ ਕੁਝ ਨਹੀਂ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)