ਜਹਾਜ਼ ਹਾਦਸੇ 'ਚ ਲਾਪਤਾ ਹੋਏ 4 ਬੱਚੇ, ਦੁਨੀਆਂ ਲਈ 40 ਦਿਨ ਗੁਆਚੇ ਰਹੇ, ਫਿਰ ਕਿਵੇਂ ਐਮੇਜ਼ਨ ਦੇ ਜੰਗਲਾਂ 'ਚੋਂ ਬਚਾਏ

ਤਸਵੀਰ ਸਰੋਤ, Reuters
- ਲੇਖਕ, ਡੈਨੀਅਲ ਬ੍ਰਾਊਨ
- ਰੋਲ, ਬੀਬੀਸੀ ਪੱਤਰਕਾਰ
ਇਹ ਮਾਮਲਾ ਬਹੁਤਿਆਂ ਲਈ ਇੱਕ ਚਮਤਕਾਰ ਵਰਗਾ ਹੋ ਸਕਦਾ ਹੈ, ਕੁਝ ਲਈ ਇਹ ਇੱਕ ਆਮ ਘਟਨਾ ਹੋ ਸਕਦੀ ਹੈ ਪਰ ਅਸਲ ਵਿੱਚ ਇਹ ਇੰਨਾ ਸਧਾਰਨ ਨਹੀਂ ਹੈ।
4 ਬੱਚੇ, 40 ਦਿਨਾਂ ਤੱਕ ਜੰਗਲ ਵਿੱਚ ਰਹੇ, ਮਾਪਿਆਂ ਨੂੰ ਨਹੀਂ ਸੀ ਪਤਾ ਕੀ ਹੋਵੇਗਾ, ਦੁਨੀਆਂ ਨੂੰ ਲੱਗਦਾ ਸੀ ਗਵਾਚ ਗਏ।
ਕੋਲੰਬੀਆ ਦੇ ਦੱਖਣ-ਪੂਰਬੀ ਹਿੱਸੇ ਤੋਂ ਚਾਰ ਸਥਾਨਕ ਬੱਚਿਆਂ ਨੇ ਦੁਨੀਆਂ ਦੇ ਸਭ ਤੋਂ ਸੰਘਣੇ ਅਤੇ ਜੰਗਲੀ ਖੇਤਰਾਂ ਵਿੱਚੋਂ ਇੱਕ ਵਿੱਚ 40 ਦਿਨ ਬਿਤਾਏ ਹਨ।
ਲੰਘੀ 1 ਮਈ ਨੂੰ, ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਇਆ, ਜਿਸ ਵਿੱਚ 14, 9, 4 ਅਤੇ ਇੱਕ ਸਾਲ ਦੀ ਉਮਰ ਦੇ ਚਾਰ ਬੱਚੇ ਤਾਂ ਬਚ ਗਏ ਪਰ ਉਨ੍ਹਾਂ ਦੀ ਮਾਂ ਅਤੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ, ਲਗਾਤਾਰ ਇਨ੍ਹਾਂ ਬੱਚਿਆਂ ਦੀ ਭਾਲ਼ ਜਾਰੀ ਸੀ।
ਆਖ਼ਰਕਾਰ, ਬੀਤੇ ਸ਼ੁੱਕਰਵਾਰ ਨੂੰ ਫੌਜ ਉਨ੍ਹਾਂ ਨੂੰ ਲੱਭਣ 'ਚ ਕਾਮਯਾਬ ਹੋ ਗਈ। ਸ਼ਨੀਵਾਰ ਨੂੰ ਉਨ੍ਹਾਂ ਬੱਚਿਆਂ ਨੂੰ ਬੋਗੋਟਾ ਭੇਜਿਆ ਗਿਆ ਅਤੇ ਮਿਲਟਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ।
ਕੋਲੰਬੀਆ ਦੇ ਮੀਡੀਆ ਵਿੱਚ ਇਨ੍ਹੀਂ ਦਿਨੀ ਇੱਕ "ਚਮਤਕਾਰ", ਇੱਕ "ਬਚਾਅ ਕਾਰਜ" ਅਤੇ ਫੌਜ ਦੀ "ਬਹਾਦਰੀ" ਦੇ ਚਰਚੇ ਹਨ।
ਪਰ ਐਲੇਕਸ ਰੁਫਿਨੋ, ਜੰਗਲ ਦੀ ਦੇਖਭਾਲ ਕਰਨ ਵਾਲੇ ਟਿਕੁਨਾ ਦੇਸੀ ਮਾਹਰ ਲਈ, ਇਹ ਭਾਸ਼ਾ ਜੰਗਲ ਦੇ ਸੰਸਾਰ ਪ੍ਰਤੀ ਅਗਿਆਨਤਾ ਨੂੰ ਪ੍ਰਗਟ ਕਰਦੀ ਹੈ।
ਉਨ੍ਹਾਂ ਮੁਤਾਬਕ, ਬੱਚੇ ਕਿਤੇ ਗੁਆਚੇ ਨਹੀਂ ਸਨ ਸਗੋਂ ਆਪਣੇ ਵਾਤਾਵਰਣ ਵਿੱਚ, ਜੰਗਲ ਦੀ ਦੇਖਭਾਲ ਅਤੇ ਕੁਦਰਤ ਦੇ ਸੰਪਰਕ ਵਿੱਚ ਸਨ।
ਨੈਸ਼ਨਲ ਯੂਨੀਵਰਸਿਟੀ ਦੇ ਫੋਟੋਗ੍ਰਾਫਰ ਅਤੇ ਪ੍ਰੋਫ਼ੈਸਰ ਐਲੈਕਸ ਮੰਨਦੇ ਹਨ ਕਿ ਇਨ੍ਹਾਂ 40 ਦਿਨਾਂ ਦੌਰਾਨ ਬੱਚੇ ਕਮਜ਼ੋਰ ਹੋਏ ਸਨ। ਭੋਜਨ ਦੀ ਕਮੀ ਵੀ ਸੀ ਅਤੇ ਜਾਨਵਰਾਂ ਨਾਲ ਸਾਹਮਣਾ ਘਾਤਕ ਵੀ ਹੋ ਸਕਦਾ ਸੀ।
ਪਰ ਨਾਲ ਹੀ ਉਹ ਕਹਿੰਦੇ ਹਨ ਕਿ ਉਹ ਬੱਚੇ ਕੁਦਰਤ ਦੇ ਸੰਪਰਕ ਵਿੱਚ ਸਨ ਅਤੇ "ਜੰਗਲ ਨੇ ਸੁਰੱਖਿਅਤ" ਰੱਖੇ ਸਨ।
ਐਮੇਜ਼ਨ ਬਾਰੇ ਬੱਚਿਆਂ ਨੂੰ ਕਲਾਸ ਦੇਣ ਤੋਂ ਤੁਰੰਤ ਬਾਅਦ, ਇਸ ਰੂਫੀਨੋ ਨੇ ਬੀਬੀਸੀ ਮੁੰਡੋ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ।

ਤਸਵੀਰ ਸਰੋਤ, PRIVATE FILE
ਉਨ੍ਹਾਂ ਨੇ ਜੰਗਲ 'ਚ ਸਮਾਂ ਕਿਵੇਂ ਬਿਤਾਇਆ?
ਬੱਚੇ ਸਹਿਜਤਾ ਨਾਲ ਆਪਣੇ ਮਾਪਿਆਂ ਤੋਂ ਬਹੁਤ ਕੁਝ ਸਿੱਖਦੇ ਹਨ, ਜਦੋਂ ਉਹ ਸ਼ਿਕਾਰ ਕਰਨ ਜਾਂਦੇ ਹਨ, ਫਲ ਇਕੱਠੇ ਕਰਨ ਲਈ ਜਾਂਦੇ ਹਨ। ਤੁਹਾਡੇ ਲਈ ਇਹ ਸਮਝਣਾ ਜ਼ਰੂਰੀ ਹੈ। ਉਹ ਸਿੱਖ ਰਹੇ ਹੁੰਦੇ ਹਨ ਕਿ ਉਨ੍ਹਾਂ ਲਈ ਕੀ ਕੰਮ ਕਰ ਸਕਦਾ ਹੈ ਅਤੇ ਕੀ ਨਹੀਂ।
ਕਦੇ-ਕਦੇ ਉਹ ਅਜਿਹੇ ਕੰਮ ਵੀ ਕਰ ਲੈਂਦੇ ਸਨ ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਸੀ, ਪਰ ਇਸ ਸਮੇਂ ਵੱਡੇ ਭਰਾ ਉਨ੍ਹਾਂ ਦੀ ਮਦਦ ਕਰਦੇ ਸਨ ਅਤੇ ਉਨ੍ਹਾਂ ਨੂੰ ਸਮਝਾਉਂਦੇ ਸਨ ਕਿ ਉਨ੍ਹਾਂ ਲਈ ਕੀ ਠੀਕ ਹੈ ਤੇ ਕੀ ਨਹੀਂ।
ਹਰ ਰੁੱਖ, ਹਰ ਪੌਦਾ, ਹਰ ਜਾਨਵਰ ਇਹ ਦਰਸਾਉਂਦਾ ਹੈ ਕਿ ਅਸੀਂ ਕਿੱਥੇ ਹਾਂ, ਕੀ ਉਪਲਬਧ ਹੈ ਅਤੇ ਕੀ ਖਤਰੇ ਹਨ ਅਤੇ ਬੱਚੇ ਜਾਣਦੇ ਹਨ ਕਿ ਇਸ ਸਭ ਤੋਂ ਕੀ ਸਿੱਖਣਾ ਹੈ।
ਆਪਣੇ ਸਿੱਖਣ ਦੇ ਨਾਲ-ਨਾਲ ਉਨ੍ਹਾਂ ਨੇ ਜਾਨਵਰਾਂ ਤੋਂ ਬਚਣਾ ਅਤੇ ਉਨ੍ਹਾਂ ਤੋਂ ਲਾਭ ਲੈਣਾ ਵੀ ਸਿੱਖ ਲਿਆ।
ਮਿਸਾਲ ਵਜੋਂ, ਬਾਂਦਰਾਂ ਤੋਂ, ਜੋ ਕਿ ਸਾਡੇ ਵਾਂਗ ਹੀ ਬਹੁਤ ਸਾਰੇ ਮਿੱਠੇ ਫਲ ਖਾਂਦੇ ਹਨ। ਅਜਿਹੇ ਜਾਨਵਰ ਰੁੱਖਾਂ 'ਤੇ ਰਹਿੰਦੇ ਹਨ ਅਤੇ ਅਕਸਰ ਹੀ ਖਾਣ ਸਮੇਂ ਫਲਾਂ ਆਦਿ ਨੂੰ ਧਰਤੀ 'ਤੇ ਸੁੱਟ ਦਿੰਦੇ ਹਨ।
ਹਾਲਾਂਕਿ ਇਹ ਉਨ੍ਹਾਂ ਦੀ ਨਕਲ ਕਰਨ ਬਾਰੇ ਨਹੀਂ ਹੈ, ਪਰ ਭੋਜਨ ਲੱਭਣ ਲਈ ਉਨ੍ਹਾਂ ਦੇ ਕਦਮਾਂ ਦਾ ਪਾਲਣ ਕਰਨਾ ਅਤੇ ਦੇਖਣਾ ਹੈ।
ਇਸ ਤਰ੍ਹਾਂ ਟਹਿਣੀਆਂ ਆਦਿ ਦਾ ਟੁੱਟੇ ਹੋਣਾ ਸੰਕੇਤ ਦਿੰਦਾ ਹੈ ਕਿ ਇਹ ਰਸਤਾ ਚੱਲਣਯੋਗ ਹੈ ਅਤੇ ਵੱਖ-ਵੱਖ ਆਵਾਜ਼ਾਂ ਦੱਸਦੀਆਂ ਹਨ ਕਿ ਕਿਹੜੇ ਰਸਤੇ 'ਤੇ ਸ਼ੇਰ ਆਦਿ ਖਤਰਨਾਕ ਜਾਨਵਰ ਹੋ ਸਕਦੇ ਹਨ।
ਇਸ ਤਰ੍ਹਾਂ, ਬਾਂਦਰ ਨਾਲ ਇੱਕ ਤਰ੍ਹਾਂ ਦਾ ਰਿਸ਼ਤਾ ਬਣਾਉਂਦੇ ਹੋਏ ਅਸੀਂ ਆਪਣੇ ਆਪ ਨੂੰ ਲੁਕੋ ਸਕਦੇ ਹਾਂ ਅਤੇ ਆਪਣੀ ਸੁਰੱਖਿਆ ਕਰ ਸਕਦੇ ਹਾਂ।
ਫੌਜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਭਣ ਵਿੱਚ ਜ਼ਿਆਦਾ ਮੁਸ਼ਕਿਲ ਇਸ ਲਈ ਆਈ ਕਿਉਂਕਿ ਬੱਚੇ ਇੱਧਰ-ਉੱਧਰ ਘੁੰਮ ਰਹੇ ਸਨ। ਪਰ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ?
ਕਿਉਂਕਿ ਜੰਗਲ ਵਿੱਚ ਕੋਈ ਵੀ ਟਿਕ ਨਹੀਂ ਸਕਦਾ। ਚੱਲਣਾ ਹੀ ਪੈਂਦਾ ਹੈ, ਇਹੀ ਉਸ ਦੁਨੀਆਂ ਦੀ ਸਹਿਜਤਾ ਹੈ।
ਕਿਉਂਕਿ ਜੰਗਲ ਵਿੱਚ ਅਸੀਂ ਬਾਹਰ ਜਾਣ ਦੀ ਉਡੀਕ ਨਹੀਂ ਕਰ ਰਹੇ ਹੁੰਦੇ, ਸਗੋਂ ਭੋਜਨ ਅਤੇ ਚੀਜ਼ਾਂ ਲੱਭਣ ਵਿੱਚ ਲੱਗੇ ਹੁੰਦੇ ਹਾਂ ਤਾਂ ਜੋ ਰਾਤ ਸੁਰੱਖਿਅਤ ਬਿਤਾ ਸਕੀਏ।

ਤਸਵੀਰ ਸਰੋਤ, Reuters
ਤੁਸੀਂ ਉਸ ਜੰਗਲ ਦਾ ਵਰਣਨ ਕਿਵੇਂ ਕਰੋਗੇ ਜਿਸ ਵਿੱਚ ਉਹ ਸਨ?
ਇਹ ਬਹੁਤ ਹੀ ਹਨ੍ਹੇਰਾ, ਬਹੁਤ ਸੰਘਣਾ ਜੰਗਲ ਹੈ, ਇਸ ਖੇਤਰ ਦੇ ਸਭ ਤੋਂ ਵੱਡੇ ਦਰਖਤ ਇਸੇ ਜੰਗਲ ਵਿੱਚ ਹਨ।
ਇਹ ਇੱਕ ਅਜਿਹਾ ਖੇਤਰ ਹੈ ਜਿਸ ਨੂੰ ਅਜੇ ਚੰਗੀ ਤਰ੍ਹਾਂ ਖੋਜਿਆ ਨਹੀਂ ਗਿਆ ਹੈ। ਨੇੜੇ ਛੋਟੇ ਕਸਬੇ ਹਨ ਅਤੇ ਉਹ ਦਰਿਆ ਦੇ ਕੋਲ ਹਨ, ਜੰਗਲ ਵਿੱਚ ਨਹੀਂ।
ਇੱਥੇ ਠੰਢ ਹੈ, ਉਮਸ ਹੈ।
ਇਹ ਖ਼ਤਰਨਾਕ ਹੈ, ਕਿਉਂਕਿ ਇਹ ਜੈਗੁਆਰ, ਐਨਾਕੋਂਡਾ, ਵਾਰਟੀ ਸੱਪ ਜੋ ਕਿ ਅਮਰੀਕਾ ਦੇ ਸਭ ਤੋਂ ਵੱਡੇ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਹਨ, ਦਾ ਗਲਿਆਰਾ ਹੈ।
ਪਰ ਅਸੀਂ ਇਸ ਨੂੰ ਡਰ ਜਾਂ ਖ਼ਤਰੇ ਵਜੋਂ ਨਹੀਂ, ਸਗੋਂ ਸਤਿਕਾਰ ਨਾਲ ਦੇਖਦੇ ਹਾਂ।
ਜੰਗਲ ਦੇ ਹਰ ਇੰਚ ਵਿੱਚ ਇੱਕ ਰੂਹਾਨੀਅਤ ਹੈ ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਹਰ ਚੀਜ਼, ਹਰੇਕ ਰੁੱਖ, ਇੱਕ ਅਜਿਹਾ ਜੀਵ ਹੈ ਜੋ ਤੁਹਾਨੂੰ ਕੁਝ ਸਿਖਾ ਸਕਦਾ ਹੈ, ਇੱਕ ਕੜੀ ਹੈ ਜੋ ਬਦਲੇ ਵਿੱਚ ਦਵਾਈ, ਭੋਜਨ ਅਤੇ ਪਾਣੀ ਦੇ ਸਕਦੀ ਹੈ।
ਉਦਾਹਰਣ ਲਈ, ਜਦੋਂ ਤੁਸੀਂ ਸੌਂਦੇ ਹੋ ਤਾਂ ਰੁੱਖ ਤੁਹਾਡੀ ਰੱਖਿਆ ਕਰਦੇ ਹਨ। ਉਹ ਮਹਾਨ ਪੂਰਵਜ ਹਨ, ਮਹਾਨ ਰੱਖਿਅਕ ਹਨ। ਉਹ ਤੁਹਾਨੂੰ ਆਸਰਾ ਦਿੰਦੇ ਹਨ, ਤੁਹਾਨੂੰ ਗਲ਼ ਨਾਲ ਲਾਉਂਦੇ ਹਨ।

ਤਸਵੀਰ ਸਰੋਤ, Reuters
ਬੱਚਿਆਂ ਨੇ ਜੰਗਲ ਵਿੱਚ ਕਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਹੋਵੇਗੀ?
ਉਨ੍ਹਾਂ ਨੂੰ ਨਿਸ਼ਚਿਤ ਤੌਰ 'ਤੇ ਬਹੁਤ ਸਾਰੇ ਗਿੱਲੇ ਪੱਤੇ ਅਤੇ ਛੋਟੀਆਂ ਧਾਰਾਵਾਂ ਮਿਲੀਆਂ ਹੋਣਗੀਆਂ, ਹੋ ਸਕਦਾ ਹੈ ਜੋ ਪੀਣਯੋਗ ਪਾਣੀ ਨਾ ਮਿਲਿਆ ਹੋਵੇ।
ਪਰ ਉੱਥੇ ਅਜਿਹੇ ਪੱਤੇ ਵੀ ਹਨ ਜੋ ਪਾਣੀ ਨੂੰ ਸ਼ੁੱਧ ਕਰਦੇ ਹਨ, ਪਰ ਕੁਝ ਜ਼ਹਿਰੀਲੇ ਵੀ ਹਨ।
ਤੁਹਾਨੂੰ ਉਨ੍ਹਾਂ ਨੂੰ ਇੱਕ ਖ਼ਾਸ ਤਰੀਕੇ ਨਾਲ ਫੜ੍ਹਨਾ ਪੈਂਦਾ ਹੈ, ਉਨ੍ਹਾਂ ਨੂੰ ਇੱਕ ਖ਼ਾਸ ਤਰੀਕੇ ਨਾਲ ਧੋਣਾ ਪੈਂਦਾ ਹੈ ਅਤੇ ਫਿਰ ਕੁਝ ਦੇਰ ਬਾਅਦ, ਉਨ੍ਹਾਂ ਨੂੰ ਪਾਣੀ ਇਕੱਠਾ ਕਰਨ ਲਈ ਵਰਤਿਆ ਜਾ ਸਕਦਾ ਹੈ।
ਹੋ ਸਕਦਾ ਹੈ ਕਿ ਉਨ੍ਹਾਂ ਨੇ ਪੱਤਿਆਂ ਨਾਲ ਸਰੀਰ ਨੂੰ ਸਾਫ਼ ਕਰਨ ਵਰਗੀਆਂ ਤਕਨੀਕਾਂ ਦਾ ਵੀ ਇਸਤੇਮਾਲ ਕੀਤਾ ਹੋਵੇ ਤਾਂ ਜੋ ਮੱਛਰ ਆਦਿ ਜ਼ਿਆਦਾ ਪ੍ਰੇਸ਼ਾਨ ਨਾ ਕਰਨ।
ਯਕੀਨਨ ਉਨ੍ਹਾਂ ਨੂੰ ਇੱਕ ਛੋਟੀ ਜਿਹੀ ਝਾੜੀ ਮਿਲੀ ਹੋਵੇਗੀ ਜੋ ਉਨ੍ਹਾਂ ਦੀ ਸੱਪਾਂ ਤੋਂ ਜਾਨ ਬਚਾਉਣ ਵਿੱਚ ਮਦਦ ਕਰਦੀ ਹੋਵੇਗੀ। 14 ਸਾਲ ਦੀ ਉਮਰ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਸਮਝ ਆ ਜਾਂਦੀ ਹੈ।
ਉਨ੍ਹਾਂ ਨੂੰ ਸ਼ਾਇਦ ਕਿਸੇ ਤਰ੍ਹਾਂ ਦਾ ਕੀੜਾ ਵੀ ਖਾਣਾ ਪਿਆ ਹੋਵੇ। ਜੰਗਲ ਵਿੱਚ ਕੀੜੀ ਤੋਂ ਲੈ ਕੇ ਪੰਛੀ ਤੱਕ, ਸਭ ਕੁਝ ਭੋਜਨ ਹੈ। ਕਿਸੇ ਜੈਗੂਆਰ ਦੁਆਰਾ ਛੱਡਿਆ ਮਾਸ ਵੀ ਭੋਜਨ ਦਾ ਇੱਕ ਸਾਧਨ ਹੋ ਸਕਦਾ ਹੈ।
ਅਤੇ ਸਭ ਤੋਂ ਵੱਧ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਫ਼ਲ ਖਾਧੇ ਹੋਣਗੇ, ਜਿਵੇਂ ਕਿ ਮੰਜ਼ਨੀਲਾ, ਕੁਝ ਮਿੱਠੇ ਲਾਲ ਬੀਜ ਜੋ ਇਸ ਸਮੇਂ ਭਰਪੂਰ ਮਾਤਰਾ ਵਿੱਚ ਜੰਗਲ ਵਿੱਚ ਮੋਜੂਦ ਹਨ।
ਇਹ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ ਅਤੇ ਊਰਜਾ ਦੇਣ ਵਿੱਚ ਵੀ ਮਦਦ ਕਰਦੇ ਹਨ।
ਇੱਥੇ ਪਾਊਡਰ ਵੀ ਮੌਜੂਦ ਹਨ ਜੋ ਸਰੀਰ ਨੂੰ ਕੈਲੋਰੀ ਦਿੰਦੇ ਹਨ ਅਤੇ ਗਰਮ ਰੱਖਦੇ ਹਨ।
ਜੰਗਲ ਵਿੱਚ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਹੈ ਕਿ ਤੁਹਾਡਾ ਭਾਰ ਘਟ ਰਿਹਾ ਹੈ, ਸਗੋਂ ਤੁਸੀਂ ਹਮੇਸ਼ਾ ਇਹੀ ਸੋਚਦੇ ਹੋ ਕਿ ਤੁਸੀਂ ਠੀਕ ਹੋ।
ਜਦੋਂ ਤੁਸੀਂ ਬਾਹਰਲੇ ਲੋਕਾਂ ਨੂੰ ਮਿਲਦੇ ਹੋ ਤਾਂ ਹੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਕਮਜ਼ੋਰ ਹੋ ਚੁੱਕੇ ਹੋ ਜਾਂ ਸੀ। ਤੁਸੀਂ ਕਦੇ ਨਹੀਂ ਸੋਚਦੇ ਕਿ ਤੁਸੀਂ ਮਰਨ ਵਾਲੇ ਹੋ, ਤੁਸੀਂ ਅੱਗੇ ਵਧਣ 'ਤੇ ਧਿਆਨ ਕੇਂਦਰਿਤ ਕਰਦੇ ਹੋ।

4 ਬੱਚਿਆਂ ਦਾ 40 ਦਿਨਾਂ ਤੱਕ ਜੰਗਲ ਵਿੱਚ ਰਹਿਣਾ
ਲੰਘੀ 1 ਮਈ ਨੂੰ, ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਇਆ, ਜਿਸ ਵਿੱਚ 14, 9, 4 ਅਤੇ ਇੱਕ ਸਾਲ ਦੀ ਉਮਰ ਦੇ ਚਾਰ ਬੱਚੇ ਸਨ
ਚਾਰਾਂ ਭੈਣ-ਭਰਾਵਾਂ ਦੀ ਮਾਂ ਅਤੇ ਦੋ ਹੋਰ ਵਿਅਕਤੀਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ।
ਬੀਤੇ ਸ਼ੁੱਕਰਵਾਰ ਨੂੰ ਫੌਜ ਉਨ੍ਹਾਂ ਨੂੰ ਲੱਭਣ 'ਚ ਕਾਮਯਾਬ ਹੋ ਗਈ। ਸ਼ਨੀਵਾਰ ਨੂੰ ਉਨ੍ਹਾਂ ਬੱਚਿਆਂ ਨੂੰ ਬੋਗੋਟਾ ਭੇਜਿਆ ਗਿਆ ਅਤੇ ਮਿਲਟਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ।
ਮਾਹਰਾਂ ਮੁਤਾਬਕ ਜੰਗਲ ਨੇ ਹੀ ਬੱਚਿਆਂ ਦੀ ਰੱਖਿਆ ਕੀਤੀ
ਉਨ੍ਹਾਂ ਉੱਥੇ ਕੱਚੇ ਫ਼ਲਾਂ ਨਾਲ ਗੁਜ਼ਾਰਾ ਕੀਤਾ


ਤਸਵੀਰ ਸਰੋਤ, PRIVATE FILE
ਅੱਜ ਦੇ ਯੁੱਗ ਦੇ ਲੋਕਾਂ ਦੇ ਸਮੂਹ ਲਈ ਜੰਗਲ ਵਿੱਚ ਇਸ ਸਥਿਤੀ ਵਿੱਚ ਹੋਣਾ ਕਿੰਨਾ ਆਮ ਹੈ?
ਇਹ ਆਮ ਗੱਲ ਹੈ, ਹਾਂ! ਇੱਥੇ ਫਲ ਆਦਿ ਦੀ ਭਾਲ਼ 'ਚ ਆਏ ਲੋਕ ਅਕਸਰ ਹੀ ਕੁਝ ਦਿਨਾਂ ਤੱਕ ਭਟਕ ਜਾਂਦੇ ਹਨ।
ਅਜਿਹਾ ਨਹੀਂ ਹੈ ਕਿ ਉਹ ਗੁਆਚ ਜਾਂਦੇ ਹਨ ਪਰ ਉਹ ਭਟਕ ਜ਼ਰੂਰ ਜਾਂਦੇ ਹਨ।
ਅਜਿਹਾ ਜਾਂ ਤਾਂ ਇਸ ਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਰਸਤਾ ਯਾਦ ਨਹੀਂ ਰਹਿੰਦਾ ਜਾਂ ਫਿਰ ਇਸ ਲਈ ਕਿ ਉਸ ਜਗ੍ਹਾ ਦੇ ਮਾਲਕ, ਜੰਗਲ ਦੀਆਂ ਆਤਮਾਵਾਂ ਇਹ ਫ਼ੈਸਲਾ ਕਰਦੀਆਂ ਹਨ ਕਿ ਅਜੇ ਉਨ੍ਹਾਂ ਦੇ ਵਾਪਸ ਆਉਣ ਦਾ ਸਮਾਂ ਨਹੀਂ ਹੋਇਆ ਹੈ।
ਅਤੇ ਇਹੀ ਸਭ ਤੋਂ ਗੁੰਝਲਦਾਰ ਹੈ, ਕਿਉਂਕਿ ਜੇ ਤੁਸੀਂ ਜੰਗਲ ਤੋਂ ਜ਼ਬਰਦਸਤੀ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਰਸਤੇ 'ਚ ਇਹੀ ਆਤਮਾਵਾਂ ਹੋਰ ਮੁਸੀਬਤਾਂ ਬਣ ਕੇ ਆ ਸਕਦੀਆਂ ਹਨ।
ਪਰ ਜੇ ਇਹ ਬੱਚੇ ਗੁਆਚ ਗਏ ਸਨ ਕਿਉਂਕਿ ਆਤਮਾਵਾਂ ਉਨ੍ਹਾਂ ਨੂੰ ਚਾਹੁੰਦੀਆਂ ਸਨ, ਅਤੇ ਉਹ ਝਾੜਫੂੰਕ ਦੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਦੇ ਅਤੇ ਉਨ੍ਹਾਂ ਨੂੰ ਉਹ ਇਲਾਜ ਨਹੀਂ ਮਿਲਦਾ ਜੋ ਉਨ੍ਹਾਂ ਦੇ ਸੱਭਿਆਚਾਰ ਮੁਤਾਬਕ ਹੋਣਾ ਚਾਹੀਦਾ ਹੈ ਤਾਂ ਉਹ ਅਜੇ ਵੀ ਖਤਰੇ ਵਿੱਚ ਹਨ।

ਤਸਵੀਰ ਸਰੋਤ, Reuters
ਤੁਸੀਂ ਉਸ ਬਿਰਤਾਂਤ ਬਾਰੇ ਕੀ ਸੋਚਦੇ ਹੋ ਜਿਸ ਕਾਰਨ ਇਹ ਚਮਤਕਾਰ ਹੋਇਆ?
ਅਸੀਂ ਚਮਤਕਾਰਾਂ ਦੀ ਗੱਲ ਨਹੀਂ ਕਰਦੇ, ਪਰ ਕੁਦਰਤ ਨਾਲ ਅਧਿਆਤਮਿਕ ਸਬੰਧ ਦੀ ਗੱਲ ਕਰਦੇ ਹਾਂ।
ਵਿਕਦਾ ਹੈ ਇਹ ਸ਼ਬਦ, ਪਰ ਮੈਂ ਉਸ ਮਾਂ ਦੇ ਗਲੇ ਦੀ ਗੱਲ ਹੋਰ ਕਰਾਂਗਾ ਜੋ ਜੰਗਲ ਹੈ, ਮਾਂ ਜੋ ਤੁਹਾਡੀ ਦੇਖਭਾਲ ਕਰਦੀ ਹੈ।
ਅਸੀਂ ਜੰਗਲ ਦੀ ਗੱਲ ਕਰਦੇ ਹਾਂ ਜੋ ਜ਼ਿੰਦਗੀ ਬਕਸ਼ਦਾ ਹੈ।
ਇਸ ਨੂੰ ਸਮਝਣਾ ਮੁਸ਼ਕਲ ਹੈ। ਪਰ ਮੈਨੂੰ ਪਤਾ ਹੈ ਕਿ ਇਹ ਸਮਾਜ, ਮਨੁੱਖ, ਧਰਤੀ ’ਤੇ ਜ਼ਿੰਦਗੀ ਲਈ ਮੌਜੂਦ ਵੱਖ-ਵੱਖ ਦ੍ਰਿਸ਼ਟੀਕੋਣਾਂ ਬਾਰੇ ਸਮਝਣ ਦਾ ਇੱਕ ਚੰਗਾ ਮੌਕਾ ਹੈ।
ਇਸ ਇੱਕ ਚਮਤਕਾਰ ਵਜੋਂ ਜਾਣਨ ਨਾਲੋਂ ਇਹ ਸਮਝਣਾ ਜ਼ਰੂਰੀ ਹੈ ਕਿ ਜੰਗਲ ਵਿੱਚ ਅਜਿਹੇ ਜੀਵ ਹਨ ਜੋ ਮਨੁੱਖਾਂ ਦੀ ਸੁਰੱਖਿਆ ਕਰਦੇ ਹਨ।
ਜੰਗਲ ਸਿਰਫ਼ ਹਰਾ-ਭਰਾ ਹੀ ਨਹੀਂ ਹੈ, ਸਗੋਂ ਇੱਥੇ ਪ੍ਰਾਚੀਨ ਊਰਜਾਵਾਂ ਹਨ ਜਿਨ੍ਹਾਂ ਨਾਲ ਜ਼ਿੰਦਗੀ ਜੁੜੀ ਹੋਈ ਹੈ, ਜੋ ਜਿਉਣਾ ਸਿੱਖਦੀ ਹੈ ਤੇ ਇੱਕ ਦੂਜੇ ਦੀ ਮਦਦ ਕਰਨਾ ਸਿਖਾਉਂਦੀ ਹੈ।
ਬੱਚੇ ਇਨ੍ਹਾਂ 40 ਦਿਨਾਂ ਵਿੱਚ ਜੋ ਸਿੱਖਿਆ ਉਸ ਨੂੰ ਕਦੇ ਨਹੀਂ ਭੁੱਲਣਗੇ।
ਉਹ ਇਸ ਗੱਲ ਦੀ ਪ੍ਰਤੱਖ ਉਦਾਹਰਣ ਹਨ ਜੇ ਬੱਚਾਂ ਜੰਗਲ ਵਿੱਚ ਹੋਵੇ ਤਾਂ ਉਸ ’ਤੇ ਕੀ ਅਸਰ ਪਵੇਗਾ।
ਜੇ ਜਹਾਜ਼ ਕਰੈਸ਼ ਨਾ ਹੁੰਦਾ ਤਾਂ ਕੋਈ ਵੀ ਬੱਚਾ ਜੰਗਲ ਤੋਂ ਸਿੱਖਣ ਨਾ ਜਾਂਦਾ। ਇਹ ਅਨੁਭਵ ਨਾ ਕਰ ਸਕਦਾ ਕਿ ਜੰਗਲ ਵਿੱਚ ਜ਼ਿੰਦਗੀ ਤੇ ਮੌਤ ਕਿਸ ਤਰ੍ਹਾਂ ਹੈ।

ਤਸਵੀਰ ਸਰੋਤ, Reuters
ਤੁਸੀਂ ਬੱਚਿਆਂ ਦੇ ਗੁਆਚਣ ਦੇ ਵਿਚਾਰ ਬਾਰੇ ਕੀ ਸੋਚਦੇ ਹੋ?
ਇਸ ਬਾਰੇ ਮੈਂ ਇਹ ਕਹਾਂਗਾ ਕਿ ਉਹ ਇਸ ਅਰਥ ਵਿੱਚ ਗੁਆਚੇ ਸਨ ਕਿ ਉਨ੍ਹਾਂ ਨੂੰ ਜਿੱਥੇ ਉਹ ਹਮੇਸ਼ਾਂ ਤੋਂ ਰਹੇ ਸਨ ਉਹ ਜਗ੍ਹਾ ਨਹੀਂ ਸੀ ਮਿਲੀ।
ਉਹ ਇੰਨਾ ਹੀ ਗੁਆਚੇ ਸਨ ਕਿ ਉਹ ਕੁਝ ਸਮੇਂ ਲਈ ਇੱਕ ਵੱਖਰੇ ਵਾਤਾਵਰਣ, ਵੱਖਰੇ ਮਾਹੌਲ ਵਿੱਚ ਰਹੇ, ਇਸ ਤੋਂ ਵੱਧ ਕੁਝ ਵੀ ਨਹੀਂ ਹੈ।
ਉਹ ਇੱਕ ਅਜਿਹੀ ਜਗ੍ਹਾ ’ਤੇ ਸਨ ਜਿਸ ਨੂੰ ਮਨੁੱਖ ਤਰਾਸਦੀ ਭਰੀ ਮੰਨਦਾ ਹੈ ਪਰ ਅਸਲ ਵਿੱਚ ਉਹ ਆਪਣੇ ਕੁਦਰਤੀ ਮਾਹੌਲ ਵਿੱਚ ਸਨ।
ਅਸੀਂ ਆਧੁਨਿਕ ਜ਼ਿੰਦਗੀ ਵਿੱਚ ਸੋਚਦੇ ਹਾਂ ਕਿ ਮੀਂਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ ਜੰਗਲ ਵਿੱਚ ਇਹ ਤੁਹਾਨੂੰ ਨਹਾਉਂਦਾ ਹੈ, ਸ਼ੁੱਧ ਬਣਾਉਂਦਾ ਹੈ।
ਮੀਂਹ ਤਾਂ ਜੰਗਲ ਦੀਆਂ ਕੁਦਰਤੀ ਥਾਂਵਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ।
ਕੀ ਤੁਸੀਂ ਸੋਚਦੇ ਹੋ ਕਿ ਇਸ ਪੂਰੇ ਮਾਮਲੇ ਨੂੰ ਪੜ੍ਹ ਕੇ ਇਹ ਲੱਗਦਾ ਹੈ ਕਿ ਸਾਨੂੰ ਜੰਗਲ ਬਾਰੇ ਕੋਈ ਖ਼ਾਸ ਸਮਝ ਨਹੀਂ ਹੈ?
ਫੌਜ ਬਾਰੇ, ਸੰਸਥਾਵਾਂ ਬਾਰੇ, ਉਨ੍ਹਾਂ ਨਾਇਕਾਂ ਬਾਰੇ ਵਧੇਰੇ ਗੱਲ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਬਚਾਇਆ ਸੀ। ਪਰ ਅਸਲ ਵਿੱਚ, ਸਾਡੇ ਲਈ, ਜੰਗਲ ਖ਼ਤਰਾ ਨਹੀਂ ਸੀ: ਇਹ ਜੰਗਲ ਹੀ ਸੀ ਜਿਸਨੇ ਉਨ੍ਹਾਂ ਨੂੰ ਬਚਾਇਆ।
ਅਸੀਂ ਸਿਰਫ਼ ਇਹ ਸੋਚ ਰਹੇ ਸੀ ਕੀ ਜੰਗਲ ਵਿੱਚ ਉਨ੍ਹਾਂ ਲਈ ਖ਼ਤਰਾ ਹੈ ਪਰ ਅਸਲ ਵਿੱਚ ਇਹ ਜੰਗਲ ਹੀ ਸੀ ਜਿਸ ਨੇ ਉਨ੍ਹਾਂ ਨੂੰ ਬਚਾਇਆ।
ਉਮੀਦ ਹੈ ਕਿ ਬੱਚਿਆਂ ਨੂੰ ਉਸ ਮਾਣ ਦੀ ਗਾਰੰਟੀ ਦਿੱਤੀ ਗਈ ਹੈ ਜਿਸ ਦੇ ਉਹ ਹੱਕਦਾਰ ਹਨ, ਉਨ੍ਹਾਂ ਦੇ ਖੇਤਰ ਅਤੇ ਉਨ੍ਹਾਂ ਦੇ ਸੱਭਿਆਚਾਰ ਲਈ ਸਤਿਕਾਰ. ਇਹ ਇੱਕ ਅਜਿਹਾ ਇਲਾਕਾ ਹੈ ਜੋ ਹਥਿਆਰਬੰਦ ਸਮੂਹਾਂ, ਮਾਈਨਿੰਗ ਆਦਿ ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਅਤੇ ਇੱਕ ਉਮੀਦ ਕਰਦਾ ਹੈ ਕਿ ਇਹ ਬੱਚੇ ਠੀਕ ਹਨ।
ਇਹ ਜੋ ਇਲਾਕਾ ਸੀ ਇਹ ਹਥਿਆਰਬੰਦ ਗਰੁੱਪਾਂ ਦਾ ਮਾਈਨਿੰਗ ਨਾਲ ਜੁੜੇ ਕਾਮਿਆਂ ਦਾ ਸੀ। ਇਹ ਵੀ ਕਾਰਨ ਸੀ ਕਿ ਬੱਚਿਆਂ ਲਈ ਡਰ ਲੱਗ ਰਿਹਾ ਸੀ।
ਪਰ ਸਾਨੂੰ ਉਨ੍ਹਾਂ 'ਤੇ ਇਹ ਦੱਸਣ ਲਈ ਦਬਾਅ ਨਹੀਂ ਪਾਉਣਾ ਚਾਹੀਦਾ ਕਿ ਉਨ੍ਹਾਂ ਨਾਲ ਕੀ ਕੁਝ ਹੋਇਆ ਹੈ।

ਤਸਵੀਰ ਸਰੋਤ, Reuters
ਕੀ ਤੁਹਾਨੂੰ ਲੱਗਦਾ ਹੈ ਕਿ ਬੱਚੇ ਹਾਲੇ ਵੀ ਖ਼ਤਰੇ ਵਿੱਚ ਹਨ?
ਹਾਂ, ਹਾਂ ਸਪੱਸ਼ਟ ਤੌਰ ’ਤੇ ਮੈਨੂੰ ਲੱਗਦਾ ਹੈ ਕਿ ਹੁਣ ਉਹ ਜੰਗਲ ਨਾਲੋਂ ਵੱਧ ਖ਼ਤਰੇ ਵਿੱਚ ਹਨ।
ਹੁਣ ਉਹ ਬਾਹਰ ਹਨ, ਮੀਡੀਆ ਉਨ੍ਹਾਂ ਦੇ ਪਿੱਛੇ ਹੈ, ਸਮਾਜ ਦੀਆਂ ਨਜ਼ਰਾਂ ਉਨ੍ਹਾਂ ’ਤੇ ਹਨ। ਉਸ ਸਮਾਜ ਦੀਆਂ ਜੋ ਸਵਾਲ ਕਰਦਾ ਹੈ, ਤੁਹਾਡੀ ਜਵਾਬਦੇਹੀ ਦੀ ਗੱਲ ਕਰਦਾ ਹੈ।
ਇਹ ਸਾਰਾ ਵਰਤਾਰਾ ਦਬਾਅ ਪਾਉਣ ਵਾਲਾ ਹੈ।
ਇਹ ਲਾਜ਼ਮੀ ਹੈ ਕਿ ਕੁਦਰਤੀ ਰਾਹ ਜੋ ਜੰਗਲ ਨੇ ਉਨ੍ਹਾਂ ਲਈ ਤਿਆਰ ਕੀਤਾ, ਉਸ ਦਾ ਸਤਿਕਾਰ ਕੀਤਾ ਜਾਵੇ।












