ਪੇਲੇ ਦਾ ਦੇਹਾਂਤ: ਕਦੇ ਪਾਟੇ-ਪੁਰਾਣੇ ਕੱਪੜਿਆਂ ਦੀ ਫੁੱਟਬਾਲ ਬਣਾ ਕੇ ਖੇਡਣ ਵਾਲਾ ਖਿਡਾਰੀ ਫੁੱਟਬਾਲ ਦੀ ਦੁਨੀਆਂ ਦਾ ਜਾਦੂਗਰ ਕਿਵੇਂ ਬਣ ਗਿਆ
ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਗੁਰਦੇ ਅਤੇ ਪ੍ਰੋਸਟੇਟ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਬ੍ਰਾਜ਼ੀਲ ਦੀ ਟੀਮ ਵਿਸ਼ਵ ਦੀ ਸਭ ਤੋਂ ਕਾਮਯਾਬ ਫੁੱਟਬਾਲ ਟੀਮ ਹੈ।
ਪੰਜ ਵਾਰ ਵਿਸ਼ਵ ਕੱਪ ਜੇਤੂ ਬ੍ਰਾਜ਼ੀਲ ਦੀ ਇਸ ਟੀਮ ਦੀ ਕਾਮਯਾਬੀ ਪਿੱਛੇ ਜਿਸ ਖਿਡਾਰੀ ਦਾ ਸਭ ਤੋਂ ਵੱਡਾ ਯੋਗਦਾਨ ਹੈ, ਦੁਨੀਆ ਉਸ ਨੂੰ ਪੇਲੇ ਦੇ ਨਾਮ ਨਾਲ ਜਾਣਦੀ ਹੈ।
ਪੇਲੇ ਨੇ ਤਿੰਨ ਵਾਰ ਆਪਣੀ ਟੀਮ ਨੂੰ ਵਿਸ਼ਵ ਕੱਪ ਜਤਾਇਆ ਹੈ।
ਉਨ੍ਹਾਂ ਦੀ ਮੌਜਦੂਗੀ ਵਿੱਚ ਬ੍ਰਾਜ਼ੀਲ ਨੇ 1958, 1962 ਅਤੇ 1970 ਵਿੱਚ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਸੀ।
ਜਦੋਂ ਉਹ ਬਿਮਾਰ ਸਨ ਤਾਂ ਦੁਨੀਆ ਭਰ ਦੇ ਖੇਡ ਪ੍ਰੇਮੀ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰ ਰਹੇ ਸਨ।
ਪਰ ਵੀਰਵਾਰ (29 ਦਸੰਬਰ, 2022) ਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਬ੍ਰਾਜ਼ੀਲ ਦੀ ਪਛਾਣ ਬਣੇ ਪੇਲੇ

ਤਸਵੀਰ ਸਰੋਤ, Getty Images
ਪੇਲੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਵਿੱਚ ਗੋਲ ਕਰਨ ਵਾਲੇ ਅਤੇ ਹੈਟਰਿਕ ਬਣਾਉਣ ਵਾਲੇ ਖਿਡਾਰੀ ਸਨ।
ਇਸ ਦੇ ਨਾਲ ਹੀ ਉਨ੍ਹਾਂ ਦਾ ਫ਼ਾਈਨਲ ਮੁਕਾਬਲੇ ਵਿੱਚ ਖੇਡਣ ਦਾ ਰਿਕਾਰਡ 60 ਸਾਲ ਬਾਅਦ ਵੀ ਉਨ੍ਹਾਂ ਦੇ ਹੀ ਨਾਮ ਹੈ।
ਪੇਲੇ ਦੇ ਅਧਿਕਾਰਿਤ ਟਵਿੱਟਰ ਖਾਤੇ ਉੱਪਰ ਲਿਖਿਆ ਗਿਆ, “ਪੇਲੇ ਸਿਰਫ਼ ਸਭ ਤੋਂ ਮਹਾਨ ਖਿਡਾਰੀ ਹੀ ਨਹੀਂ ਸਨ, ਉਹ ਇਸ ਤੋਂ ਵੀ ਕਿਤੇ ਵੱਧ ਸਨ।"
"ਸਾਡਾ ਫੁੱਟਬਾਲ ਦਾ ਬਾਦਸ਼ਾਹ ਬ੍ਰਾਜ਼ੀਲ ਦਾ ਸਭ ਤੋਂ ਵੱਡਾ ਪ੍ਰਤੀਕ ਸੀ। ਉਹ ਕਦੇ ਵੀ ਮੁਸ਼ਕਿਲਾਂ ਤੋਂ ਡਰੇ ਨਹੀਂ।''
''ਉਨ੍ਹਾਂ ਨੇ ਆਪਣੇ ਪਿਤਾ ਨਾਲ ਵਿਸ਼ਵ ਕੱਪ ਜਿੱਤਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਸਾਨੂੰ ਤਿੰਨ ਵਿਸ਼ਵ ਕੱਪ ਦਿੱਤੇ ਸਨ। ਉਨ੍ਹਾਂ ਨੇ ਸਾਨੂੰ ਇੱਕ ਨਵਾਂ ਬ੍ਰਾਜ਼ੀਲ ਦਿੱਤਾ ਅਤੇ ਅਸੀਂ ਉਨ੍ਹਾਂ ਦੀ ਵਿਰਾਸਤ ਦੇ ਧੰਨਵਾਦੀ ਹਾਂ, ਧੰਨਵਾਦ ਪੇਲੇ।"

ਪੇਲੇ ਬਾਰੇ ਕੁਝ ਖ਼ਾਸ ਗੱਲਾਂ
- ਪੇਲੇ ਨੂੰ ਬ੍ਰਾਜ਼ੀਲ ਦੀ ਟੀਮ ਨੂੰ ਵਿਸ਼ਵ ਦੀ ਸਭ ਤੋਂ ਕਾਮਯਾਬ ਫੁੱਟਬਾਲ ਟੀਮ ਬਣਾਉਣ ਦਾ ਸਿਹਰਾ ਜਾਂਦਾ ਹੈ
- ਸਭ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਵਿੱਚ ਗੋਲ ਕਰਨ ਵਾਲੇ ਅਤੇ ਹੈਟਰਿਕ ਬਣਾਉਣ ਵਾਲੇ ਖਿਡਾਰੀ ਸਨ
- ਸਿਰਫ਼ 17 ਸਾਲ ਦੀ ਉਮਰ ਵਿੱਚ ਇੱਕ ਫੁੱਟਬਾਲ ਸਟਾਰ ਬਣ ਗਏ ਸਨ
- ਪੇਲੇ ਦੇ ਆਲੋਚਕ ਕਹਿੰਦੇ ਹਨ ਕਿ ਉਨ੍ਹਾਂ ਦਾ ਯੂਰਪ ਦੇ ਕਿਸੇ ਕਲੱਬ ਲਈ ਨਾ ਖੇਡਣਾ, ਉਨ੍ਹਾਂ ਲਈ ਫ਼ਾਇਦੇਮੰਦ ਸਾਬਿਤ ਹੋਇਆ
- ਪੇਲੇ ਕਿਸੇ ਸਮੇਂ ਪਾਟੇ ਪੁਰਾਣੇ ਕੱਪੜਿਆਂ ਦੀ ਫ਼ੁੱਟਬਾਲ ਬਣਾ ਕੇ ਖੇਡਦੇ ਸਨ
- 50 ਸਾਲ ਦੀ ਉਮਰ ’ਚ ਬਣੇ ਬ੍ਰਾਜ਼ੀਲ ਦੇ ਕਪਤਾਨ
- ਪੇਲੇ ਆਪਣੇ ਨਾਮ ਬਾਰੇ ਲਿਖਦੇ ਹਨ, “ਕੋਈ ਠੀਕ ਠਾਕ ਨਹੀਂ ਦੱਸ ਪਾਇਆ ਕਿ ਪੇਲੇ ਨਾਮ ਕਿੱਥੋਂ ਆਇਆ। ਪਰ ਮੇਰੇ ਮਾਮੇ ਜਾਰਜ ਨੇ ਜੋ ਦੱਸਿਆ ਉਸ ਉੱਪਰ ਵਿਸ਼ਵਾਸ ਕੀਤਾ ਜਾ ਸਕਦਾ ਹੈ।”

ਸਿਰਫ਼ 17 ਸਾਲ ਦੀ ਉਮਰ ’ਚ ਬਣੇ ਸਟਾਰ

ਤਸਵੀਰ ਸਰੋਤ, Getty Images
ਐਡਸਨ ਅਰਾਂਟੇਸ ਡੋ ਨਾਸੀਮੈਂਟੋ ਯਾਨੀ ਪੇਲੇ ਸਿਰਫ਼ 17 ਸਾਲ ਦੀ ਉਮਰ ਵਿੱਚ ਇੱਕ ਫੁੱਟਬਾਲ ਸਟਾਰ ਬਣ ਗਏ ਸਨ। ਉਨ੍ਹਾਂ ਨੇ ਬ੍ਰਾਜ਼ੀਲ ਨੂੰ 1958 ਵਿੱਚ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਨੇ ਹੀ ਕੁਆਰਟਰ ਫਾਈਨਲ ਵਿੱਚ ਵੇਲਜ਼ ਖ਼ਿਲਾਫ਼ ਜਿੱਤ ਦਾ ਇੱਕੋ-ਇੱਕ ਗੋਲ ਕੀਤਾ ਸੀ। ਪੇਲੇ ਨੇ ਸੈਮੀ ਫਾਈਨਲ ਵਿੱਚ ਫ਼ਰਾਂਸ ਖਿਲਾਫ਼ ਹੈਟ੍ਰਿਕ ਮਾਰੀ ਅਤੇ ਫ਼ਾਈਨਲ ਵਿੱਚ ਸਵੀਡਨ ਦੇ ਖਿਲਾਫ਼ ਦੋ ਗੋਲ ਕੀਤੇ।
ਪੇਲੇ ਨੇ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ਵਿੱਚ ਸੈਂਟੋਸ ਕਲੱਬ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਅਗਲੇ 19 ਸਾਲਾਂ ਤੱਕ ਉਸੇ ਕਲੱਬ ਨਾਲ ਖੇਡਦੇ ਰਹੇ।

ਇਹ ਵੀ ਪੜ੍ਹੋ:

ਪੇਲੇ ਦੀ ਜ਼ਿੰਦਗੀ ਨਾਲ ਜੁੜੇ ਕੁਝ ਦਿਲਚਸਪ ਕਿੱਸੇ

ਤਸਵੀਰ ਸਰੋਤ, Getty Images
ਪੇਲੇ ਕਾਰਨ ਜਦੋਂ ਰੈਫ਼ਰੀ ਨੂੰ ਬਾਹਰ ਜਾਣਾ ਪਿਆ - 18 ਜੂਨ, 1968 ਦੀ ਗੱਲ ਹੈ। ਬੋਗੋਟਾ ਵਿੱਚ ਪੇਲੇ ਦੇ ਕਲੱਬ ਅਤੇ ਕੋਲੰਬੀਅਨ ਓਲੰਪਿਕ ਸਵਾਡ ਵਿਚਾਲੇ ਇੱਕ ਦੋਸਤਾਨਾ ਮੈਚ ਚੱਲ ਰਿਹਾ ਸੀ।
ਇਸ ਦੌਰਾਨ ਰੈਫਰੀ ਗੁਲੇਰਮੋ ਵੇਲਾਸਕੁਏਜ਼ ਨੇ ਪੇਲੇ ਨੂੰ ਮੈਦਾਨ ’ਚੋ ਬਾਹਰ ਜਾਣ ਲਈ ਕਿਹਾ। (ਲਾਲ ਕਾਰਡ ਦੀ ਵਰਤੋਂ 1970 ਵਿੱਚ ਸ਼ੁਰੂ ਹੋਈ ਸੀ)। ਉਨ੍ਹਾਂ 'ਤੇ ਫਾਊਲ ਦਾ ਦੋਸ਼ ਸੀ।
ਵੇਲਾਜ਼ਕੁਏਜ਼ ਅਨੁਸਾਰ, ਪੇਲੇ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ। ਪਰ ਰੈਫਰੀ ਦੇ ਇਸ ਫੈਸਲੇ ਨੂੰ ਲੈ ਕੇ ਖਾਸਾ ਵਿਵਾਦ ਹੋ ਗਿਆ। ਸੈਂਟੋਸ ਦੇ ਖਿਡਾਰੀਆਂ ਨੇ ਰੈਫਰੀ ਨੂੰ ਘੇਰ ਲਿਆ।
ਮੈਚ ਦੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਸੀ ਕਿ ਵੇਲਾਜ਼ਕੁਏਜ਼ ਦੀਆਂ ਅੱਖਾਂ ਕਾਲੀਆਂ ਹੋ ਗਈਆਂ ਸਨ। ਉੱਥੇ ਮੌਜੂਦ ਦਰਸ਼ਕਾਂ ਨੇ ਵੀ ਉਨ੍ਹਾਂ ਦਾ ਵਿਰੋਧ ਕੀਤਾ।
ਸਾਲ 2010 ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ।
ਉਨ੍ਹਾਂ ਨੇ ਇੱਕ ਲਾਈਨਮੈਨ ਨੂੰ ਆਪਣੀ ਸੀਟੀ ਦੇ ਦਿੱਤੀ ਅਤੇ ਪੇਲੇ ਨੂੰ ਖੇਡ ਵਿੱਚ ਵਾਪਸ ਬੁਲਾਇਆ ਗਿਆ।
ਕੀ ਪੇਲੇ ਨੇ ਸੱਚੀ ਇੱਕ ਯੁੱਧ ਰੋਕ ਦਿੱਤਾ ਸੀ?

ਤਸਵੀਰ ਸਰੋਤ, Getty Images
ਪੇਲੇ ਦੀ ਟੀਮ 1960 ਦੇ ਦਹਾਕੇ ਵਿੱਚ ਦੁਨੀਆ ਭਰ ਵਿੱਚ ਦੋਸਤਾਨਾ ਮੈਚ ਖੇਡ ਰਹੀ ਸੀ। ਅਜਿਹਾ ਹੀ ਇੱਕ ਮੈਚ ਨਾਈਜੀਰੀਆ ਦੇ ਯੁੱਧ ਵਾਲੇ ਖੇਤਰ ਵਿੱਚ 4 ਫਰਵਰੀ, 1969 ਵਿੱਚ ਖੇਡਿਆ ਗਿਆ।
ਇਸ ਮੈਚ ਵਿੱਚ ਸੈਂਟੋਸ ਕਲੱਬ ਨੇ ਬੈਨਿਨ ਸ਼ਹਿਰ ਦੇ ਸਥਾਨਕ ਕਲੱਬ ਨੂੰ 2-1 ਨਾਲ ਹਰਾ ਦਿੱਤਾ ਸੀ। ਉਸ ਸਮੇਂ ਨਾਈਜੀਰੀਆ ਵਿੱਚ ਇੱਕ ਖੂਨੀ ਗ੍ਰਹਿ ਯੁੱਧ ਚੱਲ ਰਿਹਾ ਸੀ।
ਇਤਿਹਾਸਕਾਰਾਂ ਮੁਤਾਬਕ ਬ੍ਰਾਜ਼ੀਲ ਦੇ ਖਿਡਾਰੀ ਅਤੇ ਸੁਰੱਖਿਆਕਰਮੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਇਸ ਲਈ ਦੋਵਾਂ ਪੱਖਾਂ ਨੇ ਗੋਲੀਬੰਦੀ ਕਰਨ ਦਾ ਫੈਸਲਾ ਕਰ ਲਿਆ।
ਇਸ ਕਹਾਣੀ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ।
ਪੇਲੇ ਨੇ ਆਪਣੀ ਦੂਜੀ ਆਤਮ ਕਥਾ ਵਿੱਚ ਲਿਖਿਆ ਸੀ ਕਿ ਖਿਡਾਰੀਆਂ ਨੂੰ ਦੱਸਿਆ ਗਿਆ ਸੀ ਕਿ, “ਗ੍ਰਹਿ ਯੁੱਧ ਇੱਕ ਐਗਜ਼ੀਬੀਸ਼ਨ ਗੇਮ ਲਈ ਖਤਮ ਹੋ ਸਕਦਾ ਸੀ।”
ਪੇਲੇ ਨੇ ਲਿਖਿਆ, “ਮੈਨੂੰ ਨਹੀਂ ਪਤਾ ਕਿ ਇਹ ਪੂਰੀ ਤਰ੍ਹਾਂ ਸਹੀ ਹੈ ਜਾਂ ਨਹੀਂ ਪਰ ਨਾਈਜੀਰੀਆਂ ਨੇ ਇਹ ਜ਼ਰੂਰ ਤੈਅ ਕੀਤਾ ਸੀ ਕਿ ਜਿਸ ਸਮੇਂ ਅਸੀਂ ਉੱਥੇ ਮੌਜੂਦ ਸੀ, ਉੱਥੇ ਕਿਸੇ ਤਰ੍ਹਾਂ ਦੀ ਘੁਸਪੈਠ ਨਹੀਂ ਹੋਵੇਗੀ।”
ਯੁਰੋਪ ਦੇ ਕਲੱਬ ਲਈ ਕਿਉਂ ਨਹੀਂ ਖੇਡੇ ਪੇਲੇ?

ਤਸਵੀਰ ਸਰੋਤ, Getty Images
ਪੇਲੇ ਦੇ ਆਲੋਚਕ ਕਹਿੰਦੇ ਹਨ ਕਿ ਉਨ੍ਹਾਂ ਦਾ ਯੂਰਪ ਦੇ ਕਿਸੇ ਕਲੱਬ ਲਈ ਨਾ ਖੇਡਣਾ, ਉਨ੍ਹਾਂ ਲਈ ਫ਼ਾਇਦੇਮੰਦ ਸਾਬਿਤ ਹੋਇਆ।
ਸਮੱਸਿਆ ਇਹ ਸੀ ਕਿ ਹੋਰ ਖਿਡਾਰੀਆਂ ਵਾਂਗ ਜਦੋਂ ਉਹ ਆਪਣੇ ਖੇਡ ਕਰੀਅਰ ਦੇ ਸਿਖਰ ’ਤੇ ਸਨ ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਸਰਕਾਰ ਵੱਲੋਂ ਵੀ ਉਨ੍ਹਾਂ ਉੱਤੇ ਬ੍ਰਾਜ਼ੀਲ ਵਿੱਚ ਹੀ ਰਹਿਣ ਦਾ ਦਬਾਅ ਸੀ।
ਸਾਲ 1961 ਵਿੱਚ ਤਤਕਾਲੀ ਰਾਸ਼ਟਰਪਤੀ ਜੈਨਿਓ ਕਰਾਡੋਸ ਨੇ ਐਲਾਨ ਕੀਤਾ ਸੀ ਕਿ ਪੇਲੇ ਇੱਕ “ਰਾਸ਼ਟਰੀ ਜਾਇਦਾਦ ਹਨ” ਅਤੇ ਉਨ੍ਹਾਂ ਨੂੰ “ਐਕਸਪੋਰਟ” ਨਹੀਂ ਕੀਤਾ ਜਾ ਸਕਦਾ।
ਹਾਲਾਂਕਿ ਉਹ 1975 ਵਿੱਚ ਇੱਕ ਵਿਦੇਸ਼ੀ ਕਲੱਬ ਦਾ ਹਿੱਸਾ ਬਣੇ।
ਪਾਟੇ ਪੁਰਾਣੇ ਕੱਪੜਿਆਂ ਦੀ ਫ਼ੁੱਟਬਾਲ ਬਣਾ ਗਲੀਆਂ ’ਚ ਖੇਡਦੇ ਸਨ

ਤਸਵੀਰ ਸਰੋਤ, Getty Images
ਪੇਲੇ ਦੇ ਪਿਤਾ ਵੀ ਫ਼ੁੱਟਬਾਲ ਖੇਡਦੇ ਸਨ। ਪਰ 25 ਸਾਲ ਦੀ ਉਮਰ ਵਿੱਚ ਸੱਟ ਲੱਗਣ ਕਾਰਨ ਉਹ ਫ਼ੁੱਟਬਾਲ ਵਿੱਚ ਆਪਣਾ ਕਰੀਅਰ ਨਹੀਂ ਬਣਾ ਸਕੇ।
ਫ਼ਿਰ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫ਼ੁੱਟਬਾਲਰ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਪਰਿਵਾਰ ਉਸ ਸਮੇਂ ਸਾਓ ਪੌਲੋ ਦੇ ਬੌਰੂ ਸ਼ਹਿਰ ਵਿੱਚ ਰਹਿੰਦਾ ਸੀ।
ਬਚਪਨ ਵਿੱਚ ਮਿਲੀ ਟ੍ਰੇਨਿੰਗ ਕਾਰਨ ਉਨ੍ਹਾਂ ਦੀ ਖਾਸੀਅਤ ਦੀ ਚਰਚਾ ਗਲੀਆਂ ਮੁਹੱਲਿਆਂ ਵਿੱਚ ਹੋਣ ਲੱਗੀ ਸੀ। ਪੇਲੇ ਕਿਸੇ ਸਮੇਂ ਪਾਟੇ ਪੁਰਾਣੇ ਕੱਪੜਿਆਂ ਦੀ ਫ਼ੁੱਟਬਾਲ ਬਣਾ ਕੇ ਖੇਡਦੇ ਸਨ।
ਕਦੇ ਮਾਲ ਗੱਡੀ ਵਿੱਚੋਂ ਸਮਾਨ ਚੋਰੀ ਕਰਕੇ ਉਸ ਨੂੰ ਵੇਚ ਦਿੰਦੇ ਜਿਸ ਨਾਲ ਉਹ ਗੇਂਦ ਲਈ ਪੈਸੇ ਜਮ੍ਹਾਂ ਕਰਦੇ ਸਨ।
50 ਸਾਲ ਦੀ ਉਮਰ ’ਚ ਬਣੇ ਬ੍ਰਾਜ਼ੀਲ ਦੇ ਕਪਤਾਨ

ਤਸਵੀਰ ਸਰੋਤ, Getty Images
ਪੇਲੇ ਸਿਰਫ਼ ਇੱਕ ਵਾਰ ਬ੍ਰਾਜ਼ੀਲ ਦੇ ਕਪਤਾਨ ਬਣੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਪਤਾਨੀ ਦੇ ਆਫ਼ਰ ਠੁਕਰਾ ਦਿੱਤੇ ਸਨ।
ਰਾਸ਼ਟਰੀ ਟੀਮ ਵਿੱਚੋਂ ਸੇਵਾਮੁਕਤ ਹੋਣ ਤੋਂ 19 ਸਾਲ ਬਾਅਦ ਉਨ੍ਹਾਂ ਨੇ 1990 ਵਿੱਚ ਇੱਕ ਦੋਸਤਾਨਾ ਮੈਚ ਵਿੱਚ ਬਤੌਰ ਕਪਤਾਨ ਹਿੱਸਾ ਲਿਆ ਸੀ।
ਬ੍ਰਾਜ਼ੀਲ ਦਾ ਮੁਕਾਬਲਾ “ਰੈਸਟ ਆਫ਼ ਦਾ ਵਰਲਡ” ਦੀ ਟੀਮ ਨਾਲ ਹੋਇਆ ਸੀ। ਇਹ ਮੈਚ ਪੇਲੇ ਦੇ 50ਵੇਂ ਜਨਮ ਦਿਨ ਉੱਤੇ ਖੇਡਿਆ ਗਿਆ ਸੀ। ਪੇਲੇ ਮੈਚ ਦੇ ਪਹਿਲੇ 45 ਮਿੰਟ ਲਈ ਮੈਦਾਨ ਵਿੱਚ ਆਏ ਸਨ।
ਪੇਲੇ ਨਾਮ ਕਿਵੇਂ ਪਿਆ?

ਤਸਵੀਰ ਸਰੋਤ, Getty Images
ਪੇਲੇ ਦਾ ਜਨਮ 23 ਅਕਤੂਬਰ, 1940 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ੁੱਟਬਾਲਰ ਅਤੇ ਮਾਂ ਘਰੇਲੂ ਸੁਆਣੀ ਸੀ।
ਮਾਂ-ਬਾਪ ਨੇ ਪੁੱਤਰ ਦਾ ਨਾਮ ਐਡਸਨ ਰੱਖਿਆ ਸੀ। ਉਨ੍ਹਾਂ ਦਾ ਪੂਰਾ ਨਾਮ ਐਡਸਨ ਅਰੇਟਾਸ ਡੂ ਨਾਸੀਮੈਂਟੋ ਸੀ। ਉਨ੍ਹਾਂ ਦਾ ਪੇਲੇ ਨਾਮ ਸੈਂਟੋਸ ਕਲੱਬ ਨਾਲ ਜੁੜਨ ਤੋਂ ਬਾਅਦ ਪਿਆ।
ਇਹ ਨਾਂ ਪੈਣ ਪਿੱਛੇ ਜੋ ਦਾਅਵਾ ਕੀਤਾ ਜਾਂਦਾ ਹੈ, ਉਸ ਅਨੁਸਾਰ ਗੇਲਿਕ ਭਾਸ਼ਾ ਵਿੱਚ ਪੇਲੇ ਦਾ ਅਰਥ ਫ਼ੁੱਟਬਾਲ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦਾ ਨਾਮ ਪੇਲੇ ਪੈ ਗਿਆ।
ਇਸ ਦਾਅਵੇ ਨੂੰ ਇਸ ਲਈ ਸੱਚ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਗੇਲਿਕ ਆਇਰਲੈਂਡ ਦੇ ਆਲੇ-ਦੁਆਲੇ ਦੀ ਭਾਸ਼ਾ ਹੈ ਅਤੇ ਉਸ ਸਮੇਂ ਇਹ ਸ਼ਬਦ ਬ੍ਰਾਜ਼ੀਲ ਤੱਕ ਪਹੁੰਚਣਾ ਮੁਸ਼ਕਿਲ ਸੀ।
ਪੇਲੇ ਆਪਣੇ ਨਾਮ ਬਾਰੇ ਲਿਖਦੇ ਹਨ, “ਕੋਈ ਠੀਕ ਠਾਕ ਨਹੀਂ ਦੱਸ ਪਾਇਆ ਕਿ ਪੇਲੇ ਨਾਮ ਕਿੱਥੋਂ ਆਇਆ। ਪਰ ਮੇਰੇ ਮਾਮੇ ਜਾਰਜ ਨੇ ਜੋ ਦੱਸਿਆ ਉਸ ਉੱਪਰ ਵਿਸ਼ਵਾਸ ਕੀਤਾ ਜਾ ਸਕਦਾ ਹੈ।”
ਜਾਰਜ ਮੁਤਾਬਕ, ਬਾਉਰੂ ਦੇ ਸਥਾਨਕ ਕਲੱਬ ਦੀ ਟੀਮ ਦੇ ਗੋਲਕੀਪਰ ਦਾ ਨਾਮ ਸੀ ਬਿਲੇ। ਇਹ ਉਹੀ ਕਲੱਬ ਸੀ ਜਿਸ ਲਈ ਉਸ ਦੇ ਪਿਤਾ ਖੇਡਦੇ ਸਨ। ਬਿਲੇ ਗੋਲਕੀਪਰ ਵੱਜੋਂ ਬਹੁਤ ਹਰਮਨ ਪਿਆਰਾ ਸੀ।
ਉਹ ਬਚਪਨ ਵਿੱਚ ਗੋਲਕੀਪਰ ਵੀ ਰਹੇ ਅਤੇ ਜਦੋਂ ਅਜਿਹੀ ਭੂਮਿਕਾ ਨਿਭਾਉਂਦੇ ਤਾਂ ਲੋਕ ਦੂਸਰਾ ਬਿਲੇ ਕਹਿੰਦੇ ਸਨ।
ਜਾਰਜ ਕਹਿੰਦੇ ਹਨ, “ਦੇਖਦੇ- ਦੇਖਦੇ ਇਹ ਬਿਲੇ ਕਦੋਂ ਪੇਲੇ ਵਿੱਚ ਬਦਲ ਗਿਆ, ਇਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਹੋਇਆ।”














