ਆਦਿਪੁਰਸ਼: ਵਿਵਾਦ, ਵਿਰੋਧ ਅਤੇ ਬੈਨ ਦੀ ਮੰਗ ਵਿਚਾਲੇ ਦੋ ਦਿਨਾਂ ’ਚ ‘240 ਕਰੋੜ ਰੁਪਏ’ ਦੀ ਕਮਾਈ, ਕੀ ਹਨ ਕਾਰਨ

ਆਦਿਪੁਰਸ਼

ਤਸਵੀਰ ਸਰੋਤ, TSeries

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਆਦਿਪੁਰਸ਼ ਫਿਲਮ ਦੇ ਰਿਲੀਜ਼ ਹੋਣ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਦੁਨੀਆ ਭਰ ’ਚ 240 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਤੀਜੇ ਦਿਨ ਦੇ ਅੰਕੜੇ ਅਜੇ ਆਏ ਨਹੀਂ ਹਨ।

ਪਰ ਜੇਕਰ ਬਾਕਸ ਆਫਿਸ ’ਤੇ ਫਿਲਮ ਦੇ ਪਹਿਲੇ ਦੋ ਦਿਨਾਂ ਦਾ ਟ੍ਰੈਂਡ ਬਰਕਰਾਰ ਰਿਹਾ ਤਾਂ ਫਿਲਮ ਆਸਾਨੀ ਨਾਲ ਤਿੰਨ ਦਿਨਾਂ ’ਚ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ।

ਇਹ ਉਸ ਸਮੇਂ ਹੈ ਜਦੋਂ ਆਲੋਚਕਾਂ ਨੇ ਫਿਲਮ ਨੂੰ ਵਧੀਆ ਰੇਟਿੰਗ ਨਹੀਂ ਦਿੱਤੀ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਟ੍ਰੋਲਿੰਗ ਹੋ ਰਹੀ ਹੈ।

ਜੇਕਰ ਪਹਿਲੇ ਦੋ ਦਿਨਾਂ ਦੀ ਕਮਾਈ ਨੂੰ ਵੇਖਿਆ ਜਾਵੇ ਤਾਂ ਇਹ ਬਾਲੀਵੁੱਡ ਦੇ ਲਈ ਇੱਕ ਨਵਾਂ ਰਿਕਾਰਡ ਹੈ। ਬਾਕਸ ਆਫਿਸ ’ਤੇ ਬਾਲੀਵੁੱਡ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ‘ਪਠਾਨ’ ਨੇ ਆਪਣੇ ਪਹਿਲੇ ਦੋ ਦਿਨਾਂ ’ਚ 127 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

ਜੇਕਰ ਇਹ ਅੰਕੜੇ ਵੇਖੇ ਜਾਣ ਤਾਂ ਆਦਿਪੁਰਸ਼ ਬਹੁਤ ਅੱਗੇ ਨਜ਼ਰ ਆਉਂਦੀ ਹੈ।

ਫਿਲਮ ਆਲੋਚਕਾਂ ਅਤੇ ਦਰਸ਼ਕਾਂ ਦੀ ਆਲੋਚਨਾ ਅਤੇ ਸੰਵਾਦ ਦੀ ਭਾਸ਼ਾ ਨੂੰ ਲੈ ਕੇ ਹੋਏ ਵਿਵਾਦ ਦੇ ਬਾਵਜੂਦ ਵੱਡੀ ਗਿਣਤੀ ’ਚ ਲੋਕ ਸਿਨੇਮਾਘਰਾਂ ’ਚ ਇਸ ਫਿਲਮ ਨੂੰ ਵੇਖਣ ਲਈ ਜਾ ਰਹੇ ਹਨ।

ਵਧਦੇ ਵਿਵਾਦ ਦੇ ਮੱਦੇਨਜ਼ਰ ਫਿਲਮ ਦੇ ਨਿਰਮਾਤਾਵਾਂ ਨੇ ਐਤਵਾਰ ਨੂੰ ਵਿਵਾਦਿਤ ਸੰਵਾਦ ਨੂੰ ਫਿਲਮ ’ਚੋਂ ਹਟਾਉਣ ਅਤੇ ਉਸ ਦੀ ਥਾਂ ’ਤੇ ਨਵੇਂ ਸੰਵਾਦ ਸ਼ਾਮਲ ਕਰਨ ਦਾ ਵਾਅਦਾ ਕੀਤਾ ਹੈ।

ਦੂਜੇ ਪਾਸੇ ਨੇਪਾਲ ਨੇ ਹਿੰਦੀ ਫਿਲਮਾਂ ਕਾਠਮਾਂਡੂ ਤੇ ਪੋਖਰਾ ਸ਼ਹਿਰ ਵਿੱਚੋਂ ਬੈਨ ਕਰ ਦਿੱਤੀਆਂ ਹਨ।

ਵਿਵਾਦਿਤ ਡਾਇਲਾਗ ਦਾ ਬਚਾਅ

ਮਨੋਜ ਮੁੰਤਸ਼ਿਰ

ਤਸਵੀਰ ਸਰੋਤ, Manoj Muntashir

ਲੋਕਾਂ ਵੱਲੋਂ ਸਭ ਤੋਂ ਵਧੇਰੇ ਇਤਰਾਜ਼ ਲੰਕਾ ਸਾੜਨ ਤੋਂ ਪਹਿਲਾਂ ਹਨੂੰਮਾਨ ਦੇ ਕਿਰਦਾਰ ਵੱਲੋਂ ਕਹੇ ਗਏ ਉਸ ਡਾਇਲਾਗ ਤੋਂ ਹੈ, ਜਿਸ ’ਚ ਉਹ ਕਹਿੰਦੇ ਹਨ, “ ਕੱਪੜਾ ਤੇਰੇ ਬਾਪ ਕਾ, ਤੇਲ ਤੇਰੇ ਬਾਪ ਕਾ, ਆਗ ਭੀ ਤੇਰੇ ਬਾਪ ਕੀ ਔਰ ਜਲੇਗੀ ਭੀ ਤੇਰੇ ਬਾਪ ਕੀ।”

ਫਿਲਮ ਦੇ ਕੁਝ ਹੋਰ ਸੰਵਾਦ ਵੀ ਬਹੁਤ ਚਰਚਾ ’ਚ ਹਨ।

ਇੱਕ ਦ੍ਰਿਸ਼ ’ਚ ਰਾਵਣ ਦਾ ਇੱਕ ਰਾਖਸ਼ਸ ਹਨੂੰਮਾਨ ਨੂੰ ਕਹਿੰਦਾ ਹੈ, “ਇਹ ਤੇਰੀ ਭੂਆ ਦਾ ਬਗ਼ੀਚਾ ਹੈ ਜੋ ਤੂੰ ਇੱਥੇ ਹਵਾ ਖਾਣ ਆ ਗਿਆ…।”

ਉੱਥੇ ਹੀ ਜਦੋਂ ਰਾਵਣ ਨੂੰ ਅੰਗਦ ਲਲਕਾਰਦੇ ਹੋਏ ਬੋਲਦੇ ਹਨ, “ਰਘੂਪਤੀ ਰਾਘਵ ਰਾਮ ਬੋਲ ਔਰ ਆਪਣੀ ਆਜ ਜਾਨ ਬਚਾ ਲੇ ਵਰਨਾ ਆਜ ਖੜਾ ਹੈ ਕੱਲ ਲੇਟਾ ਹੁਆ ਮਿਲੇਗਾ…।”

ਫਿਲਮ ’ਚ ਇਸਤੇਮਾਲ ਕੀਤੀ ਗਈ ਇਸ ਤਰ੍ਹਾਂ ਦੀ ਭਾਸ਼ਾ ਨੂੰ ‘ਅਸ਼ਲੀਲ ਅਤੇ ਅਪਮਾਨਜਨਕ’ ਦੱਸਦੇ ਹੋਏ ਦਰਸ਼ਕ ਆਪਣੀ ਸ਼ਿਕਾਇਤ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੇ ਹਨ।

ਇਸ ਦੌਰਾਨ ਡਾਇਲਾਗ ਲੇਖਕ ਮਨੋਜ ਮੁੰਤਸ਼ੀਰ ਨੇ ਫਿਲਮ ਦੇ ਸੰਵਾਦਾਂ ਦਾ ਬਚਾਅ ਕੀਤਾ ਹੈ।

ਰਿਪਬਲਿਕ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ’ਚ ਉਨ੍ਹਾਂ ਕਿਹਾ ਹੈ, “ਸਾਡੇ ਇੱਥੇ ਕਥਾਵਾਚਨ/ਕਹਾਣੀ ਸੁਣਾਉਣ ਦੀ ਪਰੰਪਰਾ ਹੈ। ਰਾਮਾਇਣ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ।”

“ਸਾਡੇ ਖੇਤਰ ’ਚ ਦਾਦੀ-ਨਾਨੀ ਜਦੋਂ ਰਾਮਾਇਣ ਦੀ ਕਹਾਣੀ ਸੁਣਾਉਂਦੀਆਂ ਸਨ ਤਾਂ ਉਹ ਇਸੇ ਤਰਾਂ ਦੀ ਭਾਸ਼ਾ ਦੀ ਵਰਤੋਂ ਕਰਦੀਆਂ ਸਨ। ਦੇਸ਼ ਦੇ ਵੱਡੇ-ਵੱਡੇ ਮਹਾਨ ਸੰਤ ਅਤੇ ਕਥਾਵਾਚਕ ਇਸ ਸੰਵਾਦ ਨੂੰ ਇਸੇ ਤਰ੍ਹਾਂ ਹੀ ਬੋਲਦੇ ਹਨ ਜਿਵੇਂ ਕਿ ਮੈਂ ਇਸ ਨੂੰ ਲਿਖਿਆ ਹੈ।”

ਜਦੋਂ ਉਨ੍ਹਾਂ ਤੋਂ ਹਨੂੰਮਾਨ ਦੇ ਕਿਰਦਾਰ ਲਈ ਲਿਖੇ ਗਏ ਡਾਇਲਾਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ ਇਹ ਗਲਤੀ ਨਹੀਂ ਹੈ, ਅਸੀਂ ਤਾਂ ਇਹ ਜਾਣ-ਬੁੱਝ ਕੇ ਕੀਤਾ ਹੈ। ਬਜਰੰਗ ਬਲੀ ਲਈ ਲਿਖੇ ਗਏ ਡਾਇਲਾਗ ਬਹੁਤ ਹੀ ਸੋਚ ਸਮਝ ਕੇ ਲਿਖੇ ਗਏ ਹਨ। ਇੱਕ ਫਿਲਮ ਦੇ ਸਾਰੇ ਕਿਰਦਾਰ ਇੱਕੋ ਤਰ੍ਹਾਂ ਦੀ ਭਾਸ਼ਾ ਨਹੀਂ ਬੋਲ ਸਕਦੇ ਹਨ।”

ਫਿਲਮ ਦਾ ਬਚਾਅ

ਆਦਿਪੁਰਸ਼

ਤਸਵੀਰ ਸਰੋਤ, TSeries

ਕਈ ਦਰਸ਼ਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਫਿਲਮ ’ਚ ਰਮਾਇਣ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਫਿਲਮ ਨਾਲ ਜੁੜੇ ਲੋਕਾਂ ਨੇ ਇਸ ਦਾ ਬਚਾਅ ਵੀ ਕੀਤਾ ਹੈ।

ਨਿਊਜ਼ ਚੈਨਲ ਆਜ ਤੱਕ ਨੂੰ ਦਿੱਤੇ ਇੱਕ ਇੰਟਰਵਿਊ ’ਚ ਮਨੋਜ ਮੁੰਤਸ਼ਿਰ ਨੇ ਕਿਹਾ, “ ਫਿਲਮ ਦਾ ਨਾਮ ਹੈ-ਆਦਿਪੁਰਸ਼। ਜਦੋਂ ਅਸੀਂ ਆਦਿਪੁਰਸ਼ ਬਣਾ ਰਹੇ ਹਾਂ ਤਾਂ ਅਸੀਂ ਰਾਮਾਇਣ ਨਹੀਂ ਬਣਾਈ ਹੈ, ਅਸੀਂ ਸਿਰਫ ਰਮਾਇਣ ਤੋਂ ਪ੍ਰੇਰਿਤ ਹੋਏ ਹਾਂ। ਮਾਰਕੀਟਿੰਗ ਦੀ ਰਣਨੀਤੀ ਅਨੁਸਾਰ ਸਾਡੇ ਲਈ ਫਿਲਮ ਦਾ ਨਾਮ ਰਾਮਾਇਣ ਰੱਖਣਾ ਬਹੁਤ ਹੀ ਆਸਾਨ ਸੀ।”

ਹਾਲਾਂਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਏਬੀਪੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਮਨੋਜ ਨੇ ਕਿਹਾ ਸੀ ਕਿ ਜੋ ਰਮਾਇਣ ਲੋਕਾਂ ਨੇ ਪੜ੍ਹੀ, ਸੁਣੀ ਅਤੇ ਵੇਖੀ ਹੈ, ਉਹੀ ਇਸ ਫਿਲਮ ’ਚ ਵੀ ਹੈ।

ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਸੀ ਕਿ , “ ਕੀ ਅਸੀਂ ਅਸਲ ਰਮਾਇਣ ਤੋਂ ਹਟੇ ਹਾਂ, ਕੀ ਅਸੀਂ ਇਸ ਨੂੰ ਆਧੁਨਿਕ ਕਰਨ ਦਾ ਯਤਨ ਕੀਤਾ ਹੈ, ਕੀ ਅਸੀਂ ਕੋਈ ਵੱਖਰਾ ਟੇਕ ਲਿਆ ਹੈ, ਇਸ ਦਾ ਸਿੱਧਾ ਜਵਾਬ ਹੈ, ਬਿਲਕੁਲ ਨਹੀਂ। ਜੋ ਲੋਕਾਂ ਨੇ ਪੜ੍ਹੀ ਹੈ, ਵੇਖੀ ਹੈ, ਸੁਣੀ ਹੈ, ਬਿਲਕੁਲ ਉਹੀ ਰਾਮਾਇਣ ਹੈ, ਇਸ ਤੋਂ ਵੱਖਰਾ ਕੁਝ ਵੀ ਨਹੀਂ ਹੈ।”

ਵਿਰੋਧ ਦੇ ਬਾਵਜੂਦ ਰਿਕਾਰਡ ਕਮਾਈ

ਆਦਿਪੁਰਸ਼

ਤਸਵੀਰ ਸਰੋਤ, TSeries

ਫਿਲਮ ਦੇ ਸੰਵਾਦ ਲੇਖਕ ਮਨੋਜ ਮੁੰਤਸ਼ਿਰ ਖਾਸ ਕਰਕੇ ਲੋਕਾਂ ਦੇ ਨਿਸ਼ਾਨੇ ’ਤੇ ਹਨ। ਫਿਲਮ ਨੂੰ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਦਾਲਤ ’ਚ ਫਿਲਮ ਦੇ ਖਿਲਾਫ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

ਫਿਲਮ ਵੇਖ ਕੇ ਸਿਨੇਮਾਘਰਾਂ ’ਚੋਂ ਨਿਕਲ ਰਹੇ ਕਈ ਦਰਸ਼ਕਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਭਾਰਤ ਦੇ ਰਾਸ਼ਟਰੀ ਪ੍ਰਸਾਰਕ ਦੂਰਦਰਸ਼ਨ ’ਤੇ ਪ੍ਰਸਾਰਿਤ ਰਮਾਇਣ ਸੀਰੀਅਲ ਤੋਂ ਘੱਟ ਰੇਟਿੰਗ ਦਿੱਤੀ ਹੈ।

ਫਿਲਮ ਆਦਿਪੁਰਸ਼ ’ਚ ਭਾਰਤ ਦੀ ਸਭ ਤੋਂ ਪ੍ਰਸਿੱਧ ਕਹਾਣੀ-ਰਮਾਇਣ- ਨੂੰ ਕਈ ਨਵੇਂ ਤਰੀਕਿਆਂ ਨਾਲ ਥ੍ਰੀ-ਡੀ ਤਕਨੀਕ ਦੇ ਨਾਲ ਕਈ ਭਾਸ਼ਾਵਾਂ ’ਚ ਪੇਸ਼ ਕੀਤਾ ਗਿਆ ਹੈ।

ਫਿਲਮ ਦੀ ਆਲੋਚਨਾ ਸਿਰਫ ਇਸ ਫਿਲਮ ਦੇ ਸੰਵਾਦਾਂ ਤੱਕ ਹੀ ਸੀਮਿਤ ਨਹੀਂ ਹੈ। ਸਗੋਂ ਕਈ ਲੋਕ ਤਾਂ ਇਸ ਦੇ ਵੀਐਫਐਕਸ ਭਾਵ ਵਰਚੁਅਲ ਇਫੈਕਟਸ ਰਾਹੀਂ ਪੇਸ਼ ਕੀਤੇ ਗਏ ਵਿਸ਼ੇਸ਼ ਪ੍ਰਭਾਵਾਂ ਦੀ ਵੀ ਆਲੋਚਨਾ ਕਰ ਰਹੇ ਹਨ।

ਇਸ ਫਿਲਮ ’ਚ ‘ਬਾਹੂਬਲੀ’ ਫਿਲਮ ਤੋਂ ਚਰਚਾ ’ਚ ਆਏ ਦੱਖਣੀ ਭਾਰਤ ਦੇ ਸਟਾਰ ਅਦਾਕਾਰ ਪ੍ਰਭਾਸ਼ ਰਾਘਵ (ਰਾਮ), ਕੀਰਤੀ ਸੈਨਨ ਕੇਤਕੀ (ਸੀਤਾ) ਅਤੇ ਸੈਫ਼ ਅਲੀ ਖ਼ਾਨ (ਰਾਵਣ) ਦੀ ਭੂਮਿਕਾ ਅਦਾ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਓਮ ਰਾਓਤ ਨੇ ਕੀਤਾ ਹੈ ਅਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਇਸ ਫਿਲਮ ਦੇ ਨਿਰਮਾਤਾ ਹਨ। ਕਿਰਦਾਰਾਂ ਦੀ ਦਿੱਖ ਅਤੇ ਪਹਿਰਾਵੇ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ।

ਜ਼ਬਰਦਸਤ ਟ੍ਰੋਲਿੰਗ , ਸਖ਼ਤ ਆਲੋਚਨਾ ਅਤੇ ਖਰਾਬ ਸਮੀਖਿਆਵਾਂ ਦੇ ਬਾਵਜੂਦ ਫਿਲਮ ਦੇ ਨਿਰਮਾਤਾਵਾਂ ਨੂੰ ਯਕੀਨ ਹੈ ਕਿ ਫਿਲਮ ਦਾ ਬਾਕਸ ਆਫਿਸ ’ਤੇ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ।

ਫਿਲਮ ਨਿਰਮਾਤਾ ਟੀ-ਸੀਰੀਜ਼ ਨੇ ਦੱਸਿਆ ਹੈ ਕਿ ਫਿਲਮ ਨੇ ਪਹਿਲੇ ਦੋ ਦਿਨਾਂ ’ਚ ਦੁਨੀਆ ਭਰ ’ਚ 240 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਉਨ੍ਹਾਂ ਮੁਤਾਬਕ ਫਿਲਮ ਨੇ ਪਹਿਲੇ ਦਿਨ 140 ਕਰੋੜ ਅਤੇ ਦੂਜੇ ਦਿਨ 100 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਨੂੰ ਹਿੰਦੀ ਭਾਸ਼ਾ ਤੋਂ ਇਲਾਵਾ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ’ਚ ਵੀ ਰਿਲੀਜ਼ ਕੀਤਾ ਗਿਆ ਹੈ।

ਲਾਈਨ

ਫਿਲਮ ’ਤੇ ਰਾਜਨੀਤੀ

ਆਦਿਪੁਰਸ਼ ਦਾ ਵਿਰੋਧ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਾਰਾਣਸੀ ਵਿੱਚ ਆਦਿਪੁਰਸ਼ ਦਾ ਵਿਰੋਧ ਕਰ ਰਹੇ ਲੋਕ

ਫਿਲਮ ਨੂੰ ਲੈ ਕੇ ਵਿਵਾਦ ਸਿਰਫ ਲੋਕਾਂ ਦੀ ਰਾਜਨੀਤੀ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਸ ਸਬੰਧੀ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ।

ਆਮ ਆਦਮੀ ਪਾਰਟੀ ਨੇ ਫਿਲਮ ’ਤੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ ਭਾਜਪਾ ਨੇ ਸਸਤੀ ਰਾਜਨੀਤੀ ਲਈ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਹੈ।

ਦੂਜੇ ਪਾਸੇ ਭਾਜਪਾ ਦੇ ਬੁਲਾਰੇ ਸੰਕਰ ਕਪੂਰ ਨੇ ਕਿਹਾ ਹੈ ਕਿ ਜਦੋਂ ਤੱਕ ਫਿਲਮ ਦੇ ਵਿਵਾਦਿਤ ਸੰਵਾਦਾਂ ਅਤੇ ਦ੍ਰਿਸ਼ਾਂ ਦੀ ਮੁੜ ਸਮੀਖਿਆ ਨਹੀਂ ਹੋ ਜਾਂਦੀ ਹੈ ਉਦੋਂ ਤੱਕ ਸੈਂਸਰ ਬੋਰਡ ਨੂੰ ਇਸ ਫਿਲਮ ਦੀ ਸਕ੍ਰੀਨਿੰਗ ’ਤੇ ਰੋਕ ਲਗਾ ਦੇਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮਹਿੰਦਰਗੜ੍ਹ-ਚਿਰਮਿਰੀ-ਭਰਤਪੁਰ ਜ਼ਿਲ੍ਹੇ ’ਚ ਫਿਲਮ ਖਿਲਾਫ ਪ੍ਰਦਰਸ਼ਨ ਹੋਇਆ ਹੈ ਅਤੇ ਫਿਲਮ ’ਤੇ ਰਾਸ਼ਟਰੀ ਪੱਧਰ ’ਤੇ ਪਾਬੰਦੀ ਲਗਾਉਣ ਦੀ ਅਪੀਲ ਵੀ ਕੀਤੀ ਗਈ ਹੈ।

ਹਿੰਦੂ ਸੈਨਾ ਨਾਮ ਦੇ ਇੱਕ ਸੰਗਠਨ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਗਾਇਰ ਕਰਕੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਫਿਲਮ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਫਿਲਮ ‘ਸਨਾਤਨ ਧਰਮ’ ਦੇ ਖਿਲਾਫ ਇੱਕ ਸਾਜ਼ਿਸ਼ ਹੈ।

ਇੰਨੀ ਕਮਾਈ ਕਿਵੇਂ ਕਰ ਰਹੀ ਹੈ ਫਿਲਮ?

ਆਦਿਪੁਰਸ਼

ਤਸਵੀਰ ਸਰੋਤ, TSeries

ਆਦਿਪੁਰਸ਼ ਤੋਂ ਪਹਿਲਾਂ ਪਠਾਨ ਫਿਲਮ ਨੂੰ ਲੈ ਕੇ ਵੀ ਇਸ ਪੱਧਰ ’ਤੇ ਵਿਵਾਦ ਹੋਇਆ ਸੀ ਅਤੇ ਫਿਲਮ ਵਿਰੁੱਧ ਪ੍ਰਦਰਸ਼ਨ ਵੀ ਹੋਏ ਸਨ। ਪਰ ਪਠਾਨ ਨੇ ਬਾਕਸ ਆਫਿਸ ’ਤੇ ਕਾਰੋਬਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਦੁਨੀਆ ਭਰ ’ਚ 1050 ਕਰੋੜ ਰੁਪਏ ਦੀ ਕਮਾਈ ਕਰਕੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ।

ਆਦਿਪੁਰਸ਼ ਵੀ ਵਿਵਾਦਾਂ ਦੇ ਬਾਵਜੂਦ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਫਿਲਮ ਨੂੰ ਲੋਕਾਂ ਦੀ ਉਤਸੁਕਤਾ ਦਾ ਲਾਭ ਮਿਲ ਰਿਹਾ ਹੈ।

ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰੀਆ ਸੋਗਲੇ ਨਾਲ ਗੱਲਬਾਤ ਕਰਦਿਆਂ ਫਿਲਮ ਨਿਰਮਾਤਾ ਅਤੇ ਬਾਲੀਵੁੱਡ ਕਾਰੋਬਾਰ ਦੇ ਵਿਸ਼ਲੇਸ਼ਕ ਗਿਰੀਸ਼ ਜੌਹਰ ਨੇ ਕਿਹਾ, “ ਫਿਲਮ ਨੂੰ ਜੋ ਨਕਾਰਾਤਮਕ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ, ਉਹ ਵਧੇਰੇਤਰ ਸੋਸ਼ਲ ਮੀਡੀਆ ਤੋਂ ਆ ਰਹੀਆਂ ਹਨ।”

“ਬਹੁਤ ਸਾਰੇ ਲੋਕ ਫਿਲਮ ਵੇਖਣ ਤੋਂ ਬਾਅਦ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ। ਲੋਕਾਂ ਦੀ ਪ੍ਰਤੀਕਿਰਿਆਵਾਂ ਦਾ ਪ੍ਰਭਾਵ ਸ਼ੁਰੂਆਤੀ ਦਿਨਾਂ ’ਚ ਨਹੀਂ ਵਿਖਾਈ ਦਿੰਦਾ ਹੈ।''

''ਵਰਡ ਆਫ਼ ਮਾਊਥ ਜਾਂ ਲੋਕਾਂ ਦੀ ਪ੍ਰਤੀਕਿਰਿਆ ਦਾ ਅਸਰ ਪਹਿਲੇ ਹਫ਼ਤੇ ਤੋਂ ਬਾਅਦ ਹੀ ਫਿਲਮ ਦੀ ਕਮਾਈ ’ਤੇ ਪੈਂਦਾ ਹੈ। ਜੇਕਰ ਸਥਿਤੀ ਇਸੇ ਤਰ੍ਹਾਂ ਬਣੀ ਰਹੀ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਫਿਲਮ ਦੀ ਕਮਾਈ ’ਤੇ ਵੀ ਅਸਰ ਪਵੇ।”

ਲਾਈਨ

ਆਦਿਪੁਰਸ਼ ਨਾਲ ਜੁੜੇ ਵਿਵਾਦ

ਸੀਤਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਇਸ ’ਤੇ ਨੇਪਾਲ ਨੇ ਇਤਰਾਜ਼ ਦਰਜ ਕਰਵਾਇਆ ਹੈ। ਨੇਪਾਲ ਨੇ ਸਾਰੀਆਂ ਭਾਰਤੀ ਫਿਲਮਾਂ ਨੂੰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਤੇ ਪੋਖਰਾ ਸ਼ਹਿਰ ਵਿੱਚ ਬੈਨ ਕਰ ਦਿੱਤਾ ਹੈ।

ਹਨੂੰਮਾਨ ਵਲੋਂ ਵਰਤੀ ਗਈ ਭਾਸ਼ਾ ਦਾ ਵੀ ਅਲੋਚਣਾ ਹੋ ਰਹੀ ਹੈ, ਅਲੋਚਕ ਇਸ ਨੂੰ ਭੱਦੇ ਲਫ਼ਜ਼ਾਂ ਦੀ ਵਰਤੋਂ ਦੱਸਦੇ ਹਨ।

ਦਰਸ਼ਕ ਫ਼ਿਲਮ ਦੀ ਤੁਲਣਾ 80 ਦੇ ਦਹਾਕੇ ਵਿੱਚ ਪ੍ਰਸਾਰਿਤ ਹੋਏ ਲੜ੍ਹੀਵਾਰ ਰਮਾਇਣ ਨਾਲ ਕਰ ਰਹੇ ਹਨ।

ਫ਼ਿਲਮ ਵਿੱਚ ਐਨੀਮੇਸ਼ਨ ਵੀ ਵਰਤੋਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ, ਨਿਰਮਾਤਾਵਾਂ ਨੇ ਫ਼ਿਲਮ ਵਿੱਚ ਸੰਵਾਦ ਬਦਲਣ ਦੀ ਗੱਲ ਵੀ ਕਹੀ ਹੈ।

ਲਾਈਨ

ਸਟਾਰ ਪਾਵਰ

ਆਦਿਪੁਰਸ਼

ਤਸਵੀਰ ਸਰੋਤ, TSeries

ਬਾਕਸ ਆਫਿਸ ’ਤੇ ਫਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਕਾਰਨ ਦੱਸਦੇ ਹੋਏ ਗਿਰੀਸ਼ ਕਹਿੰਦੇ ਹਨ, “ ਪ੍ਰਭਾਸ ਇੱਕ ਵੱਡੇ ਸਟਾਰ ਹਨ, ਖਾਸ ਕਰਕੇ ਦੱਖਣੀ ਭਾਰਤ ’ਚ। ਉਨ੍ਹਾਂ ਦੀ ਸਟਾਰ ਪਾਵਰ ਨੇ ਵੀ ਦਰਸ਼ਕਾਂ ਨੂੰ ਫਿਲਮ ਵੱਲ ਖਿੱਚਿਆ ਹੈ। ਇਸ ਤੋਂ ਇਲਾਵਾ ਫਿਲਮ ਸਬੰਧੀ ਲੋਕਾਂ ’ਚ ਉਤਸੁਕਤਾ ਵੀ ਪੈਦਾ ਕੀਤੀ ਗਈ ਹੈ।”

ਗਿਰੀਸ਼ ਜੌਹਰ ਅੱਗੇ ਕਹਿੰਦੇ ਹਨ, “ਫਿਲਮ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਹ ਰਾਮਾਇਣ ਦਾ ਆਪਣਾ ਵਰਜ਼ਨ ਵਿਖਾ ਰਹੇ ਹਨ। ਇਸ ਫਿਲਮ ਨੂੰ ਬਹੁਤ ਵੱਡੇ ਪੈਮਾਨੇ ’ਤੇ ਵੱਡੇ ਖਰਚ ਨਾਲ ਤਿਆਰ ਕੀਤਾ ਗਿਆ ਹੈ। ਲੋਕ ਇਹ ਵੀ ਵੇਖਣਾ ਚਾਹੁੰਦੇ ਹਨ ਕਿ ਨਵੇਂ ਜ਼ਮਾਨੇ ਦੀ ਤਕਨੀਕ ਨਾਲ ਫਿਲਮ ’ਚ ਰਮਾਇਣ ਨੂੰ ਕਿਵੇਂ ਵਿਖਾਇਆ ਗਿਆ ਹੈ।”

ਭਗਵਾਨ ਰਾਮ ਪ੍ਰਤੀ ਲੋਕਾਂ ਦੀ ਆਸਥਾ, ਵਿਸ਼ਵਾਸ ਨੂੰ ਵੀ ਫਿਲਮ ਦੀ ਕਮਾਈ ਦਾ ਕਾਰਨ ਮੰਨਿਆ ਜਾ ਰਿਹਾ ਹੈ। ਗਿਰੀਸ਼ ਕਹਿੰਦੇ ਹਨ, “ ਭਾਰਤ ’ਚ ਘਰ-ਘਰ ’ਚ ਲੋਕਾਂ ਨੇ ਰਮਾਇਣ ਵੇਖੀ ਹੈ। ਰਮਾਇਣ ਕਾਫੀ ਸਮੇਂ ਬਾਅਦ ਫਿਰ ਤੋਂ ਆਈ ਹੈ। ਇਸੇ ਕਰਕੇ ਲੋਕਾਂ ’ਚ ਇਸ ਕਹਾਣੀ ਨੂੰ ਨਵੇਂ ਰੂਪ ’ਚ ਵੇਖਣ ਦੀ ਉਤਸੁਕਤਾ ਹੈ।”

ਫਿਲਮ ਦਾ ਸੰਗੀਤ ਹਿੱਟ

ਆਦਿਪੁਰਸ਼

ਤਸਵੀਰ ਸਰੋਤ, COMMUNIQUE PR

ਭਾਰਤ ’ਚ ਇਸ ਸਮੇਂ ਛੁੱਟੀਆਂ ਦਾ ਸਮਾਂ ਹੈ ਅਤੇ ਲੋਕਾਂ ਕੋਲ ਫਿਲਮ ਵੇਖਣ ਦਾ ਸਮਾਂ ਵੀ ਹੈ। ਗਿਰੀਸ਼ ਕਹਿੰਦੇ ਹਨ ਕਿ ਲੋਕ ਛੁੱਟੀਆਂ ’ਚ ਪਰਿਵਾਰ ਦੇ ਨਾਲ ਫਿਲਮ ਵੇਖਣਾ ਪਸੰਦ ਕਰ ਰਹੇ ਹਨ।

ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਲੋਕ ਇਸ ਫਿਲਮ ਰਾਹੀਂ ਆਪਣੇ ਬੱਚਿਆਂ ਨੂੰ ਹਿੰਦੂ ਧਰਮ ਨਾਲ ਜੋੜਨਾ ਚਾਹੁੰਦੇ ਹਨ ਅਤੇ ਇਸ ਲਈ ਵੀ ਬੱਚਿਆਂ ਦੇ ਨਾਲ ਲੋਕ ਫਿਲਮ ਵੇਖਣ ਲਈ ਜਾ ਰਹੇ ਹਨ।

ਗਿਰੀਸ਼ ਅੱਗੇ ਕਹਿੰਦੇ ਹਨ, “ ਪਹਿਲਾਂ ਅਸੀਂ ਦਾਦੀ-ਨਾਨੀ ਤੋਂ ਕਹਾਣੀ ਸੁਣਿਆ ਕਰਦੇ ਸੀ। ਪਰ ਹੁਣ ਇੱਕਲੇ/ਨਿਊਕਲੀਅਰ ਪਰਿਵਾਰ ਹਨ। ਸਾਰੇ ਮਾਪੇ ਚਾਹੁੰਦੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਬੱਚਿਆਂ ਨੂੰ ਇਹ ਕਹਾਣੀ ਸੁਣਾਉਣ, ਸੰਸਕਾਰ ਦੇਣ। ਇਸ ਲਈ ਪਰਿਵਾਰ ਸਮੇਤ ਲੋਕ ਇਸ ਫਿਲਮ ਨੂੰ ਵੇਖਣ ਲਈ ਜਾ ਰਹੇ ਹਨ।”

ਫਿਲਮ ਦੇ ਸੰਗੀਤ ਨੂੰ ਵੀ ਬਾਕਸ ਆਫਿਸ ’ਤੇ ਕਮਾਈ ਦਾ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਗਿਰੀਸ਼ ਦਾ ਕਹਿਣਾ ਹੈ, “ਫਿਲਮ ਦਾ ਸੰਗੀਤ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ। 'ਜੈ ਸ਼੍ਰੀ ਰਾਮ' ਗਾਣੇ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੈ। ਇਸ ਗਾਣੇ ਕਰਕੇ ਵੀ ਲੋਕ ਫਿਲਮ ਨਾਲ ਜੁੜ ਰਹੇ ਹਨ।”

ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਨਕਾਰਾਤਮਕ ਸਮੀਖਿਆਵਾਂ ਅਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਅਸਰ ਫਿਲਮ ਦੀ ਕਮਾਈ ’ਤੇ ਪੈ ਸਕਦਾ ਹੈ ਅਤੇ “ਆਉਣ ਵਾਲੇ ਦਿਨਾਂ ’ਚ ਫਿਲਮ ਦੀ ਕੁਲੈਕਸ਼ਨ ’ਚ ਗਿਰਾਵਟ ਵੀ ਆ ਸਕਦੀ ਹੈ।''

''ਪਰ ਜੇਕਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਹ 200-300 ਦੀ ਟਿਕਟ ਖਰੀਦ ਸਕਦੇ ਹਨ ਤਾਂ ਉਹ ਜ਼ਰੂਰ ਸਿਨੇਮਾ ਘਰਾਂ ਤੱਕ ਆਉਣਗੇ, ਪਰ ਜੇਕਰ ਲੋਕਾਂ ਨੂੰ ਲੱਗਿਆ ਕਿ ਫਿਲਮ ਦੀ ਟਿਕਟ ਪੈਸੇ ਦੀ ਬਰਬਾਦੀ ਹੈ ਤਾਂ ਫਿਰ ਕਮਾਈ ਘੱਟ ਹੋਣ ਲੱਗ ਜਾਵੇਗੀ।”

ਗਿਰੀਸ਼ ਦਾ ਕਹਿਣਾ ਹੈ, “ ਸ਼ਨੀਵਾਰ ਨੂੰ ਕੁਲੈਕਸ਼ਨ ਘੱਟ ਹੋਇਆ ਹੈ, ਪਰ ਜੇਕਰ ਐਤਵਾਰ ਨੂੰ ਵੀ ਫਿਲਮ ਦੀ ਕੁਲੈਕਸ਼ਨ ’ਚ ਕਮੀ ਆਉਂਦੀ ਹੈ ਤਾਂ ਇਸ ਦਾ ਸਿੱਧਾ ਮਤਲਬ ਇਹ ਹੋਵੇਗਾ ਕਿ ਫਿਲਮ ਦੀ ਕਮਾਈ ਹੁਣ ਘੱਟ ਹੋਵੇਗੀ।”

‘ਵਿਰੋਧ ਦੇ ਕਾਰਨ ਚਰਚਾ ’ਚ’

ਆਦਿਪੁਰਸ਼

ਤਸਵੀਰ ਸਰੋਤ, COMMUNIQUE PR

ਵਧੇਰੇਤਰ ਆਲੋਚਕਾਂ ਨੇ ਇਸ ਫਿਲਮ ਦੀ ਆਲੋਚਨਾ ਹੀ ਕੀਤੀ ਹੈ। ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਈ ਵਾਰ ਦਰਸ਼ਕਾਂ ਦਾ ਨਜ਼ਰੀਆ ਆਲੋਚਕਾਂ ਦੇ ਨਜ਼ਰੀਏ ਤੋਂ ਵੱਖਰਾ ਹੁੰਦਾ ਹੈ।

ਗਿਰੀਸ਼ ਕਹਿੰਦੇ ਹਨ, “ ਕਈ ਵਾਰ ਅਜਿਹਾ ਹੁੰਦਾ ਹੈ ਕਿ ਆਲੋਚਕਾਂ ਨੂੰ ਫਿਲਮ ਪਸੰਦ ਆਉਂਦੀ ਹੈ ਪਰ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਹੈ। ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਆਲੋਚਕਾਂ ਵੱਲੋਂ ਨਾਪਸੰਦ ਕੀਤੀ ਗਈ ਫਿਲਮ ਲੋਕਾਂ ਦੇ ਮਨਾਂ ’ਚ ਉਤਰ ਜਾਂਦੀ ਹੈ।”

ਇਸ ਫਿਲਮ ਨੂੰ ਖ਼ਬਰਾਂ ਅਤੇ ਵਿਰੋਧ ਕਾਰਨ ਜ਼ਬਰਦਸਤ ਪਬਲੀਸਿਟੀ ਵੀ ਮਿਲ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਬਲੀਸਿਟੀ ਦਾ ਅਸਰ ਫਿਲਮ ਦੀ ਕਮਾਈ ’ਤੇ ਵੀ ਪੈਂਦਾ ਹੈ।

ਗਿਰੀਸ਼ ਅੱਗੇ ਕਹਿੰਦੇ ਹਨ, “ ਪਬਲੀਸਿਟੀ ਭਾਵੇਂ ਨਕਾਰਾਤਮਕ ਹੋਵੇ ਜਾਂ ਫਿਰ ਸਕਾਰਾਤਮਕ, ਇਸ ਦਾ ਪ੍ਰਭਾਵ ਪੈਂਦਾ ਹੀ ਹੈ। ਲੋਕ ਜਦੋਂ ਕਿਸੇ ਵੀ ਫਿਲਮ ਬਾਰੇ ਬਹੁਤ ਵੇਖਦੇ ਜਾਂ ਸੁਣਦੇ ਹਨ ਤਾਂ ਉਹ ਪਰਦੇ ’ਤੇ ਜਾ ਕੇ ਉਸ ਨੂੰ ਵੇਖਣਾ ਵੀ ਚਾਹੁੰਦੇ ਹਨ।”

ਹਾਲਾਂਕਿ ਬਾਲੀਵੁੱਡ ਫਿਲਮ ਉਦਯੋਗ ਨਾਲ ਜੁੜੇ ਇੱਕ ਇੰਡਸਟਰੀ ਇਨਸਾਈਡਰ ਨੇ ਫਿਲਮ ਦੀ ਕਮਾਈ ’ਤੇ ਸਵਾਲ ਖੜ੍ਹੇ ਕੀਤੇ ਹਨ।

ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਫਿਲਮ ਦੀ ਸ਼ੁਰੂਆਤੀ ਦਿਨਾਂ ’ਚ ਕਮਾਈ ਵਧੇਰੇ ਵਿਖਾਉਣ ਲਈ ਫਿਲਮ ਨਿਰਮਾਤਾਵਾਂ ਅਤੇ ਵਿਤਰਕਾਂ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ, “ ਇਸ ਫਿਲਮ ਨੂੰ ਸਕੂਲੀ ਬੱਚੇ ਵੀ ਵੱਡੀ ਗਿਣਤੀ ’ਚ ਵੇਖ ਰਹੇ ਹਨ।”

ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰੀਆ ਸੋਗਲੇ ਜਦੋਂ ਸਿਨੇਮਾ ਘਰ ’ਚ ਫਿਲਮ ਵੇਖਣ ਲਈ ਗਏ ਤਾਂ ਉੱਥੇ ਵੱਡੀ ਗਿਣਤੀ ’ਚ ਸਕੂਲੀ ਬੱਚੇ ਵੀ ਮੌਜੂਦ ਸਨ, ਜੋ ਕਿ ਸਮੂਹ ’ਚ ਆਏ ਸਨ।

ਕੀ ਵਿਵਾਦ ਨਾਲ ਹੋ ਸਕਦਾ ਹੈ ਨੁਕਸਾਨ?

ਹਾਲਾਂਕਿ ਇੰਡਸਟਰੀ ਨਾਲ ਜੁੜੇ ਲੋਕ ਇਹ ਖਦਸ਼ਾ ਜ਼ਾਹਰ ਕਰ ਰਹੇ ਹਨ ਕਿ ਫਿਲਮ ਨਾਲ ਜੁੜੇ ਵਿਵਾਦ ਫਿਲਮ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਹ ਇੰਡਸਟਰੀ ਇਨਸਾਈਡਰ ਕਹਿੰਦੇ ਹਨ, “ਦੋ ਤਰ੍ਹਾਂ ਦੇ ਵਿਵਾਦ ਹੁੰਦੇ ਹਨ। ਇੱਕ ਜਿਸ ’ਚ ਅਭਿਨੇਤਾ ਅਤੇ ਨਿਰਮਾਤਾ ਸਹੀ ਹੁੰਦੇ ਹਨ, ਜਿਵੇਂ ਕਿ ਪਠਾਨ ਫਿਲਮ ’ਚ ਹੋਇਆ ਸੀ। ਫਿਲਮ ਨੂੰ ਵਿਵਾਦ ਤੋਂ ਲਾਭ ਪਹੁੰਚਿਆ।”

“ਦੂਜੇ ਵਿਵਾਦ ਫਿਲਮ ਸਬੰਧੀ ਹੁੰਦੇ ਹਨ। ਇਸ ਤਰ੍ਹਾਂ ਦੇ ਵਿਵਾਦ ਤੋਂ ਬਾਅਦ ਦਰਸ਼ਕ ਫਿਲਮ ਤੋਂ ਦੂਰੀ ਬਣਾ ਲੈਂਦਾ ਹੈ। ਪੁਰਾਣੀ ਪੀੜ੍ਹੀ ਜਿਸ ਨੇ ਕਿ ਰਮਾਇਣ ਵੇਖੀ ਹੈ, ਜੇਕਰ ਉਨ੍ਹਾਂ ਤੱਕ ਇਹ ਸੁਨੇਹਾ ਜਾਵੇਗਾ ਕਿ ਫਿਲਮ ’ਚ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਇਆ ਗਿਆ ਹੈ ਤਾਂ ਉਹ ਸ਼ਾਇਦ ਸਿਨੇਮਾ ਘਰ ਵੱਲ ਮੂੰਹ ਨਾ ਕਰਨ।”

ਦੂਜੇ ਪਾਸੇ ਫਿਲਮ ਆਲੋਚਕ ਅਤੇ ਕਾਰੋਬਾਰ ਦੇ ਵਿਸ਼ਲੇਸ਼ਕ ਤਰਣ ਆਦਰਸ਼ ਨੇ ਇਸ ਫਿਲਮ ਦੀ ਨਕਾਰਾਤਮਕ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਫਿਲਮ ਨੂੰ ਸਿਰਫ ਡੇਢ ਸਟਾਰ ਹੀ ਦਿੱਤਾ ਹੈ।ਪਰ ਉਨ੍ਹਾਂ ਦਾ ਵੀ ਮੰਨਣਾ ਹੈ ਕਿ ਫਿਲਮ ਦੀ ਕਮਾਈ ਸ਼ਾਨਦਾਰ ਹੋ ਰਹੀ ਹੈ।

ਫਿਲਮ ਦੀ ਪਹਿਲੇ ਦਿਨ ਦੀ ਕੁਲੈਕਸ਼ਨ ਤੋਂ ਬਾਅਦ ਤਰਣ ਨੇ ਟਵੀਟ ਕਰਦਿਆਂ ਕਿਹਾ ਸੀ ਕਿ “ ਫਿਲਮ ਨੂੰ ਵੱਡੀ ਸ਼ੁਰੂਆਤ ਮਿਲਣੀ ਹੀ ਸੀ, ਕਿਉਂਕਿ ਫਿਲਮ ਦਾ ਬਹੁਤ ਪ੍ਰਚਾਰ ਹੋਇਆ ਹੈ ਅਤੇ ਇਸ ਦੀ ਐਡਵਾਂਸ ਬੁਕਿੰਗ ਵੀ ਸੀ।”

“ਜਿਵੇਂ ਕੀ ਉਮੀਦ ਕੀਤੀ ਜਾ ਰਹੀ ਸੀ, ਆਦਿਪੁਰਸ਼ ਨੇ ਪਹਿਲੇ ਹੀ ਦਿਨ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਫਿਲਮ ਦੇ ਹਿੰਦੀ ਵਰਜ਼ਨ ਨੇ ਭਾਰਤ ’ਚ 37.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ।”

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)