ਸੀਰੀਆ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦੀ ਵਜ੍ਹਾ ਕੀ ਹੈ, ਹੁਣ ਅੱਗੇ ਕੀ ਹੋਵੇਗਾ

    • ਲੇਖਕ, ਡੇਵਿਡ ਗ੍ਰਿਟਨ
    • ਰੋਲ, ਬੀਬੀਸੀ ਪੱਤਰਕਾਰ

ਅਸਦ ਪਰਿਵਾਰ ਨੇ 53 ਸਾਲਾਂ ਤੱਕ ਸੀਰੀਆ ʼਤੇ ਮਜ਼ਬੂਤੀ ਨਾਲ ਰਾਜ ਕੀਤਾ। ਪਰ ਹੁਣ ਉਨ੍ਹਾਂ ਦੀ ਸੱਤਾ ਦਾ ਅੰਤ ਹੋ ਗਿਆ ਹੈ।

ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਸਾਲ 2000 ਵਿੱਚ ਸੱਤਾ ਸੰਭਾਲੀ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਇਸ ਤੋਂ ਪਹਿਲਾਂ ਲਗਭਗ ਤਿੰਨ ਦਹਾਕਿਆਂ ਤੱਕ ਰਾਜ ਕੀਤਾ ਸੀ।

ਤੇਰਾਂ ਸਾਲ ਪਹਿਲਾਂ, ਉਨ੍ਹਾਂ ਨੇ ਇੱਕ ਸ਼ਾਂਤਮਈ, ਲੋਕਤੰਤਰ ਪੱਖੀ ਵਿਦਰੋਹ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ, ਜੋ ਵਿਨਾਸ਼ਕਾਰੀ ਘਰੇਲੂ ਯੁੱਧ ਵਿੱਚ ਬਦਲ ਗਿਆ। ਪੰਜ ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ ਕਰੀਬ 1 ਕਰੋੜ 20 ਲੱਖ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ।

ਪਰ ਪਿਛਲੇ ਬੁੱਧਵਾਰ, ਹਯਾਤ ਤਹਿਰੀਰ ਅਲ-ਸ਼ਾਮ (ਐੱਚਟੀਐੱਸ) ਨਾਮ ਦੇ ਇੱਕ ਇਸਲਾਮੀ ਸਰਕਾਰ ਵਿਰੋਧੀ ਸਮੂਹ ਨੇ ਸਹਿਯੋਗੀ ਧੜਿਆਂ ਦੇ ਨਾਲ ਮਿਲ ਕੇ ਉੱਤਰ-ਪੱਛਮ ਵਿੱਚ ਇੱਕ ਵੱਡੇ ਹਮਲੇ ਦੀ ਸਫ਼ਲਤਾ ਨਾਲ ਅਗਵਾਈ ਕੀਤੀ।

ਵਿਦਰੋਹੀਆਂ ਨੇ ਸੀਰੀਆ ਦੇ ਦੂਜੇ ਵੱਡੇ ਸ਼ਹਿਰ ਅਲੈਪੋ ʼਤੇ ਕਬਜ਼ਾ ਕਰ ਲਿਆ ਅਤੇ ਫਿਰ ਦੱਖਣ ਵੱਲ ਰਾਜਮਾਰਗ ਵੱਲ ਵਧੇ ਕਿਉਂਕਿ ਸੀਰੀਆ ਦੀ ਫੌਜ ਦਾ ਪਤਨ ਹੋ ਗਿਆ ਸੀ।

ਬਹੁਤ ਸਾਰੇ ਸੀਰੀਆਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਜ਼ਾਦੀ ਦੀ ਨਵੀਂ ਮਹਿਕ ਮਹਿਸੂਸ ਕੀਤੀ ਹੈ ਪਰ ਕਈ ਲੋਕ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਹੁਣ ਤੱਕ ਸੀਰੀਆ ʼਤੇ ਕਿਸ ਦਾ ਕਬਜ਼ਾ ਸੀ

ਜਦੋਂ ਅਸਦ ਸਰਕਾਰ ਨੇ ਰੂਸ, ਇਰਾਨ ਅਤੇ ਇਰਾਨੀ ਮਿਲੀਸ਼ੀਆ ਦੀ ਮਦਦ ਨਾਲ ਸੀਰੀਆ ਦੇ ਜ਼ਿਆਦਾਤਰ ਸ਼ਹਿਰ ʼਤੇ ਕਬਜ਼ਾ ਕਰ ਲਿਆ ਸੀ ਤਾਂ ਉਸ ਮਗਰੋਂ ਕਈ ਸਾਲਾਂ ਤੱਕ ਅਜਿਹਾ ਲੱਗਾ ਕਿ ਸੀਰੀਆ ਵਿੱਚ ਮੁਕੰਮਲ ਪੈਮਾਨੇ ʼਤੇ ਜੰਗ, ਪ੍ਰਭਾਵੀ ਤੌਰ ʼਤੇ ਖ਼ਤਮ ਹੋ ਗਈ ਹੈ।

ਫਰੰਟ ਲਾਈਨ ਕਾਫੀ ਹੱਦ ਤੱਕ ਜੰਮੀ ਰਹੀ ਪਰ ਦੇਸ਼ ਦੇ ਜ਼ਿਆਦਾਤਰ ਹਿੱਸੇ ਅਜੇ ਵੀ ਸਰਕਾਰ ਦੇ ਕਬਜ਼ੇ ਤੋਂ ਬਾਹਰ ਸਨ।

ਇਨ੍ਹਾਂ ਵਿੱਚ ਉੱਤਰੀ ਅਤੇ ਪੱਛਮੀ ਇਲਾਕੇ ਸ਼ਾਮਲ ਸਨ, ਜਿਨ੍ਹਾਂ ʼਤੇ ਅਮਰੀਕਾ ਵੱਲੋਂ ਸਮਰਥਿਤ ਕੁਰਦਿਸ਼ ਦੀ ਅਗਵਾਈ ਵਾਲੇ ਹਥਿਆਰਬੰਦ ਸਮੂਹਾਂ ਦੇ ਗਠਜੋੜ ਸੀਰੀਅਨ ਡੈਮੋਕ੍ਰੋਟਿਕ ਫੋਰਸਜ਼ (ਐੱਸਡੀਐੱਫ) ਦਾ ਕਬਜ਼ਾ ਸੀ।

ਵਿਦਰੋਹੀਆਂ ਦਾ ਆਖ਼ਰੀ ਗੜ੍ਹ ਅਲੈਪੋ ਅਤੇ ਇਦਲਿਬ ਪ੍ਰਾਂਤ ਸੀ, ਜੋ ਤੁਰਕੀ ਦੀ ਸਰਹੱਦ ਨਾਲ ਲੱਗੇ ਹੋਏ ਹਨ। ਇੱਥੇ 40 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਸਨ, ਉਨ੍ਹਾਂ ਵਿੱਚੋਂ ਕਾਫੀ ਹਿਜਰਤ ਕਰ ਗਏ ਹਨ।

ਇਸ ਇਲਾਕੇ ʼਤੇ ਐੱਚਟੀਐੱਸ ਦਾ ਕਬਜ਼ਾ ਸੀ ਪਰ ਕਈ ਸਹਿਯੋਗੀ ਵਿਦਰੋਹੀ ਸਮੂਹ ਅਤੇ ਜਿਹਾਦੀ ਵੀ ਉੱਥੇ ਮੌਜੂਦ ਸਨ।

ਹਯਾਤ ਤਹਿਰੀਰ ਅਲ-ਸ਼ਾਮ ਕੀ ਹੈ

ਇਸ ਇਸਲਾਮਿਕ ਮਿਲੀਟੈਂਟ ਗਰੁੱਪ ਦੀ ਸਥਾਪਨਾ ਸਾਲ 2012 ਵਿੱਚ ਅਲ-ਨੁਸਰਾ ਫਰੰਟ ਨਾਮ ਦੇ ਤਹਿਤ ਹੋਈ ਸੀ ਅਤੇ ਅਗਲੇ ਸਾਲ ਇਸ ਨੇ ਅਲ-ਕਾਇਦਾ ਪ੍ਰਤੀ ਵਫ਼ਾਦਾਰੀ ਰੱਖਣ ਦਾ ਵਾਅਦਾ ਕੀਤਾ ਸੀ।

ਅਲ-ਨੁਸਰਾ ਫਰੰਟ ਨੂੰ ਰਾਸ਼ਟਰਪਤੀ ਅਸਦ ਦੇ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਅਤੇ ਘਾਤਕ ਸਮੂਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪਰ ਇਸ ਦੀ ਵਿਚਾਰਧਾਰਾ ਕ੍ਰਾਂਤੀਕਾਰੀ ਜੋਸ਼ ਦੀ ਬਜਾਇ ਜਿਹਾਦ ਤੋਂ ਪ੍ਰੇਰਿਤ ਦਿਖਾਈ ਦਿੱਤੀ ਅਤੇ ਇਸ ਨੂੰ ਉਸ ਸਮੇਂ ਫ੍ਰੀ ਸੀਰੀਅਨ ਆਰਮੀ ਵਜੋਂ ਜਾਣੇ ਜਾਂਦੇ ਮੁੱਖ ਵਿਦਰੋਹੀ ਗਠਜੋੜ ਨਾਲ ਮਤਭੇਦ ਵਜੋਂ ਦੇਖਿਆ ਗਿਆ ਸੀ।

ਸਾਲ 2016 ਵਿੱਚ ਅਲ-ਨੁਸਰਾ ਨੇ ਅਲ-ਕਾਇਦਾ ਨਾਲੋਂ ਨਾਤਾ ਤੋੜ ਲਿਆ ਅਤੇ ਇੱਕ ਸਾਲ ਬਾਅਦ ਹੋਰਨਾਂ ਸਮੂਹਾਂ ਦੇ ਰਲੇਵੇਂ ਨਾਲ ਹਯਾਤ ਤਹਿਰੀ ਅਲ-ਸ਼ਾਮ ਦਾ ਨਾਮ ਲੈ ਲਿਆ।

ਹਾਲਾਂਕਿ, ਸੰਯੁਕਤ ਰਾਸ਼ਟਰ ਅਮਰੀਕਾ, ਬ੍ਰਿਟੇਨ ਅਤੇ ਕਈ ਹੋਰ ਦੇਸ਼ ਐੱਚਟੀਐੱਸ ਨੂੰ ਅਲ-ਕਾਇਦਾ ਦਾ ਹੀ ਸਹਿਯੋਗੀ ਮੰਨਦੇ ਹਨ ਅਤੇ ਅਕਸਰ ਇਸ ਨੂੰ ਅਲ-ਨੁਸਰਾ ਫਰੰਟ ਹੀ ਕਹਿੰਦੇ ਹਨ।

ਅਮਰੀਕਾ ਨੇ ਸਮੂਹ ਦੇ ਨੇਤਾ ਅਬੂ ਮੁਹੰਮਦ ਅਲ-ਜਵਲਾਨੀ ਨੂੰ ਵਿਸ਼ੇਸ਼ ਤੌਰ ʼਤੇ ਮਨੋਨੀਤ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਹੈ ਅਤੇ ਉਸ ਨੂੰ ਫੜਨ ਵਾਲੀ ਜਾਣਕਾਰੀ ਲਈ ਇੱਕ ਕਰੋੜ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ।

ਐੱਚਟੀਐੱਸ ਨੇ ਅਲ-ਕਾਇਦਾ ਅਤੇ ਇਸਲਾਮਿਕ ਸਟੇਟ (ਆਈਐੱਸ) ਸਮੂਹ ਸੈੱਲਾਂ ਸਮੇਤ ਆਪਣੇ ਵਿਰੋਧੀਆਂ ਨੂੰ ਕੁਚਲ ਕੇ ਇਦਲਿਬ ਅਤੇ ਅਲੈਪੋ ਪ੍ਰਾਂਤਾਂ ਵਿੱਚ ਆਪਣੀ ਸ਼ਕਤੀ ਨੂੰ ਮਜ਼ਬੂਤ ਕੀਤਾ।

ਇਸ ਨੇ ਇਸਲਾਮਿਕ ਕਾਨੂੰਨ ਦੇ ਅਨੁਸਾਰ ਖੇਤਰ ਦਾ ਪ੍ਰਬੰਧਨ ਕਰਨ ਲਈ ਅਖੌਤੀ ਸੀਰੀਅਨ ਮੁਕਤੀ ਸਰਕਾਰ ਦੀ ਸਥਾਪਨਾ ਕੀਤੀ।

ਜਵਲਾਨੀ ਨੇ ਸੀਐੱਨਐੱਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਕ੍ਰਾਂਤੀ ਦਾ ਟੀਚਾ ਇਸ ਸ਼ਾਸਨ ਦਾ ਤਖ਼ਤਾ ਪਲਟਣਾ ਹੈ" ਅਤੇ ਉਸ ਨੇ ਸੰਸਥਾਵਾਂ ਅਤੇ "ਲੋਕਾਂ ਦੁਆਰਾ ਚੁਣੀ ਗਈ ਕੌਂਸਲ" ਦੇ ਅਧਾਰ ਉੱਤੇ ਇੱਕ ਸਰਕਾਰ ਬਣਾਉਣ ਦੀ ਯੋਜਨਾ ਬਣਾਈ ਹੈ।

ਬਾਗ਼ੀਆਂ ਨੇ ਹਮਲਾ ਕਿਉਂ ਕੀਤਾ?

ਕਈ ਸਾਲਾਂ ਤੱਕ ਇਦਲਿਬ ʼਤੇ ਸੀਰੀਆ ਸਰਕਾਰ ਵੱਲੋਂ ਕਬਜ਼ੇ ਦੀ ਕੋਸ਼ਿਸ਼ ਨੂੰ ਲੈ ਕੇ ਉਹ ਜੰਗ ਦਾ ਮੈਦਾਨ ਬਣਿਆ ਰਿਹਾ।

ਪਰ ਸਾਲ 2020 ਵਿੱਚ ਤੁਰਕੀ ਅਤੇ ਰੂਸ ਨੇ ਇਦਲਿਬ ਨੂੰ ਮੁੜ ਹਾਸਲ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਰੋਕਣ ਲਈ ਜੰਗਬੰਦੀ ਦੀ ਵਿਚੋਲਗੀ ਕੀਤੀ। ਲੜਾਈ-ਝਗੜੇ ਦੇ ਬਾਵਜੂਦ ਜੰਗਬੰਦੀ ਵੱਡੇ ਪੱਧਰ 'ਤੇ ਬਰਕਰਾਰ ਰਹੀ।

ਐੱਚਟੀਐੱਸ ਅਤੇ ਇਸਦੇ ਸਹਿਯੋਗੀਆਂ ਨੇ 27 ਨਵੰਬਰ ਨੂੰ ਕਿਹਾ ਕਿ ਉਨ੍ਹਾਂ ਨੇ "ਹਮਲਾਵਰਤਾ ਨੂੰ ਰੋਕਣ" ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ ਸਰਕਾਰ ਅਤੇ ਸਹਿਯੋਗੀ ਇਰਾਨ-ਸਮਰਥਿਤ ਮਿਲੀਸ਼ੀਆ 'ਤੇ ਉੱਤਰ-ਪੱਛਮ ਵਿੱਚ ਨਾਗਰਿਕਾਂ 'ਤੇ ਹਮਲੇ ਵਧਾਉਣ ਦਾ ਇਲਜ਼ਾਮ ਲਗਾਇਆ ਹੈ।

ਪਰ ਇਹ ਉਸ ਸਮੇਂ ਆਇਆ ਜਦੋਂ ਸਰਕਾਰ ਸਾਲਾਂ ਦੀ ਲੜਾਈ, ਪਾਬੰਦੀਆਂ ਅਤੇ ਭ੍ਰਿਸ਼ਟਾਚਾਰ ਦੁਆਰਾ ਕਮਜ਼ੋਰ ਹੋ ਗਈ ਸੀ ਅਤੇ ਇਸਦੇ ਸਹਿਯੋਗੀ ਹੋਰ ਸੰਘਰਸ਼ਾਂ ਵਿੱਚ ਰੁੱਝੇ ਹੋਏ ਸਨ।

ਯੁੱਧ ਦੇ ਸ਼ੁਰੂਆਤੀ ਸਾਲਾਂ ਵਿੱਚ ਬਾਗ਼ੀਆਂ ਨੂੰ ਪਿੱਛੇ ਧੱਕਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਇਰਾਨ-ਸਮਰਥਿਤ ਲੇਬਨਾਨੀ ਸਮੂਹ ਹਿਜ਼ਬੁੱਲ੍ਹਾ ਨੂੰ ਹਾਲ ਹੀ ਵਿੱਚ ਲੇਬਨਾਨ ਵਿੱਚ ਇਜ਼ਰਾਈਲ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ।

ਇਜ਼ਰਾਈਲੀ ਹਮਲਿਆਂ ਨੇ ਸੀਰੀਆ ਵਿੱਚ ਇਰਾਨੀ ਫੌਜੀ ਕਮਾਂਡਰਾਂ ਨੂੰ ਵੀ ਖ਼ਤਮ ਕਰ ਦਿੱਤਾ ਸੀ ਅਤੇ ਉੱਥੇ ਸਰਕਾਰ ਪੱਖੀ ਮਿਲਿਸ਼ੀਆਂ ਨੂੰ ਸਪਲਾਈ ਲਾਈਨਾਂ ਨੂੰ ਘਟਾ ਦਿੱਤਾ ਸੀ। ਰੂਸ ਵੀ ਯੂਕਰੇਨ ਦੀ ਜੰਗ ਕਾਰਨ ਭਟਕ ਗਿਆ ਸੀ।

ਉਨ੍ਹਾਂ ਤੋਂ ਬਿਨਾਂ ਅਸਦ ਦੀਆਂ ਤਾਕਤਾਂ ਬੇਨਕਾਬ ਹੋ ਗਈਆਂ।

ਘਟਨਾਵਾਂ ਕਿਵੇਂ ਵਾਪਰੀਆਂ

ਐੱਚਟੀਐੱਸ ਦੀ ਅਗਵਾਈ ਵਾਲੇ ਵਿਦਰੋਹੀਆਂ ਨੇ 30 ਨਵੰਬਰ ਨੂੰ ਸੀਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਲੈਪੋ ਦੇ ਜ਼ਿਆਦਾਤਰ ਹਿੱਸੇ 'ਤੇ ਕਬਜ਼ਾ ਕਰ ਲਿਆ ਅਤੇ ਅਜਿਹਾ ਸਿਰਫ਼ ਉਨ੍ਹਾਂ ਵੱਲੋਂ ਕੀਤੇ ਗਏ ਹੈਰਾਨੀ ਭਰੇ ਹਮਲਿਆਂ ਦੇ ਤਿੰਨ ਦਿਨ ਬਾਅਦ ਹੋਇਆ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਤੇਜ਼ੀ ਨਾਲ ਆਪਣੇ ਸੈਨਿਕਾਂ ਅਤੇ ਸੁਰੱਖਿਆ ਬਲਾਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਉਨ੍ਹਾਂ ਨੂੰ ਜ਼ਮੀਨ 'ਤੇ ਬਹੁਤ ਘੱਟ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅਸਦ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਬਾਗ਼ੀਆਂ ਨੂੰ "ਕੁਚਲਣ" ਦੀ ਸਹੁੰ ਖਾਧੀ।

ਰੂਸੀ ਲੜਾਕੂ ਜਹਾਜ਼ਾਂ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰਾਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਇਰਾਨ-ਸਮਰਥਿਤ ਮਿਲੀਸ਼ੀਆ ਨੇ ਹਾਮਾ (ਅਲੈਪੋ ਦਮਿਸ਼ਕ ਹਾਈਵੇਅ 'ਤੇ ਦੱਖਣ ਵੱਲ ਅਗਲਾ ਸ਼ਹਿਰ) ਦੇ ਆਲੇ ਦੁਆਲੇ ਫੌਜ ਦੀਆਂ ਰੱਖਿਆਤਮਕ ਲਾਈਨਾਂ ਨੂੰ ਮਜ਼ਬੂਤ ਕਰਨ ਲਈ ਦ੍ਰਿੜੀਕਰਣ ਕੀਤਾ।

ਹਾਲਾਂਕਿ, ਹਮਾ ਕਈ ਦਿਨਾਂ ਦੀ ਭਿਆਨਕ ਲੜਾਈ ਤੋਂ ਬਾਅਦ ਵੀਰਵਾਰ ਨੂੰ ਬਾਗ਼ੀਆਂ ਦੇ ਹੱਥਾਂ ਵਿੱਚ ਆ ਗਿਆ ਜਿਸ ਦੇ ਸਿੱਟੇ ਵਜੋਂ ਫੌਜ ਨੂੰ ਪਿੱਛੇ ਹਟਣਾ ਪਿਆ।

ਬਾਗ਼ੀਆਂ ਨੇ ਤੁਰੰਤ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਟੀਚਾ ਸੀਰੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੋਮਸ 'ਤੇ ਕਬਜ਼ਾ ਕਰਨਾ ਸੀ ਅਤੇ ਇਹ ਸਿਰਫ਼ ਇੱਕ ਦਿਨ ਦੀ ਲੜਾਈ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਹਾਸਿਲ ਕਰ ਲਿਆ ਗਿਆ।

ਇਸ ਦੇ ਨਾਲ ਹੀ, ਦੇਸ਼ ਦੇ ਦੱਖਣ-ਪੱਛਮ ਵਿੱਚ (ਜੋਰਡਨ ਦੀ ਸਰਹੱਦ ਨਾਲ ਲਗਦਾ ਇਲਾਕਾ) ਸਥਿਤ ਹੋਰ ਬਾਗ਼ੀ ਧੜੇ ਸਿਰਫ਼ 24 ਘੰਟਿਆਂ ਵਿੱਚ ਡੇਰਾ ਅਤੇ ਸੁਵੈਦਾ ਸ਼ਹਿਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦਮਿਸ਼ਕ ਦੇ ਉਪਨਗਰਾਂ ਵਿੱਚ ਪਹੁੰਚ ਗਏ।

ਐਤਵਾਰ ਸਵੇਰੇ ਤੜਕੇ, ਐੱਚਟੀਐੱਸ ਦੀ ਅਗਵਾਈ ਵਾਲੇ ਬਾਗ਼ੀਆਂ ਨੇ ਐਲਾਨ ਕੀਤਾ ਕਿ ਉਹ ਦਮਿਸ਼ਕ ਵਿੱਚ ਦਾਖ਼ਲ ਹੋ ਗਏ ਹਨ ਅਤੇ ਦੇਸ਼ ਦੀ ਸਭ ਤੋਂ ਬਦਨਾਮ ਫੌਜੀ ਜੇਲ੍ਹ, ਸਯਦਾਨਾਯਾ ਵਿੱਚ ਨਜ਼ਰਬੰਦਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਇੱਥੇ ਹਜ਼ਾਰਾਂ ਵਿਰੋਧੀ ਸਮਰਥਕਾਂ ਨੂੰ ਘਰੇਲੂ ਯੁੱਧ ਦੌਰਾਨ ਮਾਰ ਦਿੱਤਾ ਗਿਆ ਸੀ।

ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਨੇ ਐਲਾਨ ਕੀਤਾ, "ਜ਼ਾਲਮ ਬਸ਼ਰ ਅਲ-ਅਸਦ ਭੱਜ ਗਿਆ ਹੈ।"

ਉਨ੍ਹਾਂ ਨੇ ਕਿਹਾ, "ਬਾਥ ਸ਼ਾਸਨ ਦੇ ਅਧੀਨ 50 ਸਾਲਾਂ ਦੇ ਜ਼ੁਲਮ ਅਤੇ 13 ਸਾਲਾਂ ਦੇ ਜੁਰਮਾਂ ਅਤੇ ਜ਼ੁਲਮ ਤੇ (ਜ਼ਬਰਨ) ਹਿਜਰਤ ਤੋਂ ਬਾਅਦ ... ਅਸੀਂ ਅੱਜ ਇਸ ਕਾਲੇ ਦੌਰ ਦੇ ਅੰਤ ਅਤੇ ਸੀਰੀਆ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ।"

ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਬਾਗ਼ੀਆਂ ਦੇ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਰਾਸ਼ਟਰਪਤੀ ਨੇ ਰਾਜਧਾਨੀ ਤੋਂ ਕਿਸੇ ਅਣਜਾਣ ਮੰਜ਼ਿਲ ਲਈ ਉਡਾਣ ਭਰੀ ਸੀ।

ਅਸਦ ਦੇ ਪ੍ਰਧਾਨ ਮੰਤਰੀ, ਮੁਹੰਮਦ ਅਲ-ਜਲਾਲੀ ਨੇ ਫਿਰ ਇੱਕ ਵੀਡੀਓ ਵਿੱਚ ਐਲਾਨ ਕੀਤਾ ਕਿ ਉਹ "ਸੀਰੀਆ ਦੇ ਲੋਕਾਂ ਦੁਆਰਾ ਚੁਣੀ ਗਈ" ਕਿਸੇ ਵੀ ਲੀਡਰਸ਼ਿਪ ਨਾਲ "ਸਹਿਯੋਗ ਕਰਨ ਲਈ ਤਿਆਰ" ਹਨ।

ਜਵਾਲਾਨੀ ਨੇ ਆਪਣੀਆਂ ਫੌਜਾਂ ਨੂੰ ਅਧਿਕਾਰਤ ਸੰਸਥਾਵਾਂ ਤੱਕ ਨਾ ਪਹੁੰਚਣ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਧਿਕਾਰ ਹੇਠ ਰਹਿਣਗੇ ਜਦੋਂ ਤੱਕ ਉਨ੍ਹਾਂ ਨੂੰ "ਅਧਿਕਾਰਤ ਤੌਰ 'ਤੇ" ਸੌਂਪਿਆ ਨਹੀਂ ਜਾਂਦਾ।

ਵਿਸ਼ਵ ਅਤੇ ਖੇਤਰੀ ਸ਼ਕਤੀਆਂ ਦੀ ਪ੍ਰਤੀਕਿਰਿਆ

ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਨ੍ਹਾਂ ਦੀ ਟੀਮ ਸੀਰੀਆ 'ਚ ਅਸਾਧਾਰਨ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਖੇਤਰੀ ਭਾਈਵਾਲਾਂ ਨਾਲ ਲਗਾਤਾਰ ਸੰਪਰਕ 'ਚ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)