ਭਲਵਾਨਾਂ ਦੇ ਜਿਣਸੀ ਸ਼ੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਜਾਣੋ ਕੀ-ਕੀ ਲੱਗੇ ਇਲਜ਼ਾਮ

ਭਲਵਾਨਾਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਪੁਲਿਸ ਨੇ ਅਦਾਲਤ ਵਿੱਚ ਪਹਿਲੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।

ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸੁਚਿੱਤਰਾ ਮੋਹੰਤੀ ਮੁਤਾਬਕ, ਮਾਮਲੇ 'ਚ ਸ਼ਾਮਲ ਸੀਨੀਅਰ ਸਰਕਾਰੀ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 354 (ਮਰਿਆਦਾ ਨੂੰ ਠੇਸ ਪਹੁੰਚਾਉਣਾ), 354-ਏ (ਜਿਣਸੀ ਟਿਪਣੀਆਂ ਕਰਨਾ), 354-ਡੀ (ਸਟਾਕਿੰਗ ਸਬੰਧੀ ਅਪਰਾਧ) ਦੇ ਤਹਿਤ ਵੱਖ-ਵੱਖ ਅਪਰਾਧਾਂ ਲਈ ਇਹ ਚਾਰਜਸ਼ੀਟ ਦਾਇਰ ਕੀਤੀ ਹੈ।

ਇਸ ਦੇ ਨਾਲ ਹੀ, ਦਿੱਲੀ ਪੁਲਿਸ ਨੇ ਨਾਬਾਲਗ ਭਲਵਾਨ ਕੁੜੀ ਵਾਲੇ ਮਾਮਲੇ ਵਿੱਚ, ਪੋਕਸੋ ਕੇਸ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਬ੍ਰਿਜ ਭੂਸ਼ਣ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।

ਅਹਿਮ ਬਿੰਦੂ

  • ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪੋਕਸੋ ਕੇਸ ਰੱਦ ਕਰਨ ਦੀ ਸਿਫਾਰਿਸ਼ ਦੇ ਬਾਵਜੂਦ, ਪੁਲਿਸ ਕੋਲ ਅਜੇ ਵੀ ਉਨ੍ਹਾਂ ਨੂੰ ਦੂਜੇ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਸ਼ਕਤੀ ਹੈ।
  • ਚਾਰਜਸ਼ੀਟ ਵਿੱਚ ਉਹ ਸਾਰੀਆਂ ਧਾਰਾਵਾਂ ਹਨ ਜਿਵੇਂ ਕਿ 354, 354ਏ, 354ਡੀ, ਜੋ ਛੇ ਬਾਲਗ ਸ਼ਿਕਾਇਤਕਰਤਾਵਾਂ ਦੀ ਐਫਆਈਆਰ ਵਿੱਚ ਸਨ।
  • ਇਨ੍ਹਾਂ ਦੇ ਨਾਲ ਸਿਰਫ ਇੱਕ ਨਵੀਂ ਧਾਰਾ 506(1) ਜੋੜੀ ਗਈ ਹੈ ਅਤੇ ਇਨ੍ਹਾਂ ਧਾਰਾਵਾਂ ਤਹਿਤ ਵੱਧ ਤੋਂ ਵੱਧ ਸਜ਼ਾ 5 ਸਾਲ ਦੀ ਹੋ ਸਕਦੀ ਹੈ।
  • ਹੁਣ ਅਦਾਲਤ ਪੁਲਿਸ ਦੀ ਰਿਪੋਰਟ 'ਤੇ ਗੌਰ ਕਰੇਗੀ ਅਤੇ ਪੂਰੀ ਤਰ੍ਹਾਂ ਨਾਲ ਜਾਂਚ ਕਰੇਗੀ ਕਿ ਕੀ ਇਹ ਸਹੀ ਹੈ ਜਾਂ ਨਹੀਂ।
  • ਇਸ ਦੇ ਨਾਲ ਹੀ ਪੋਕਸੋ ਕੇਸ ਨੂੰ ਬੰਦ ਕਰਨ ਜਾਂ ਇਸ ਨੂੰ ਜਾਰੀ ਰੱਖਣ ਦੀ ਸਿਫ਼ਾਰਸ਼ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ ਜਾਵੇਗਾ। ਪਟਿਆਲਾ ਹਾਊਸ ਕੋਰਟ ਵਿੱਚ ਪੋਕਸੋ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ 4 ਜੁਲਾਈ ਹੈ।
  • ਪੋਕਸੋ ਕੇਸ ਨਾਲ ਸਬੰਧਿਤ ਚਾਰਜਸ਼ੀਟ ਪਟਿਆਲਾ ਹਾਊਸ ਕੋਰਟ ਵਿੱਚ ਅਤੇ ਬਾਕੀ ਮਾਮਲਿਆਂ ਸਬੰਧੀ ਚਾਰਜਸ਼ੀਟ ਰਾਉਸ ਐਵੇਨਿਊ ਅਦਾਲਤ 'ਚ ਪੇਸ਼ ਕੀਤੀ ਗਈ ਹੈ, ਜੋ ਸੰਸਦ ਮੈਂਬਰਾਂ/ਵਿਧਾਇਕਾਂ ਵਿਰੁੱਧ ਕੇਸਾਂ ਲਈ ਅਦਾਲਤ ਹੈ।
  • ਬਾਕੀ ਮਾਮਲਿਆਂ ਦੀ ਸੁਣਵਾਈ ਦੀ ਅਗਲੀ ਤਰੀਕ 22 ਜੂਨ ਤੈਅ ਹੋਈ ਹੈ।

ਬ੍ਰਿਜ ਭੂਸ਼ਣ ਦੇ ਵਕੀਲ ਨੇ ਕੀ ਕਿਹਾ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਕੀਲ ਏਪੀ ਸਿੰਘ ਨੇ ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਚਿੱਤਰਾ ਮੋਹੰਤੀ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਇਸ ਮਾਮਲੇ ਵਿੱਚ ਬੇਕਸੂਰ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਖ਼ਿਲਾਫ਼ ਰਚੀ ਜਾ ਰਹੀ ਸਿਆਸੀ ਸਾਜ਼ਿਸ਼ ਹੈ।

ਐਡਵੋਕੇਟ ਏਪੀ ਸਿੰਘ ਨੇ ਕਿਹਾ, "ਦਿੱਲੀ ਪੁਲਿਸ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਪੋਕਸੋ ਐਕਟ ਤਹਿਤ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਇਸ ਲਈ ਉਸ ਨੇ ਪੋਕਸੋ ਕੇਸ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਉਹ ਪੂਰੀ ਤਰ੍ਹਾਂ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।"

"ਸਾਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ। ਸੱਚ ਸਾਹਮਣੇ ਆ ਜਾਵੇਗਾ ਅਤੇ ਅਸੀਂ ਇਸ ਮਾਮਲੇ 'ਚ ਬੇਕਸੂਰ ਸਾਬਤ ਹੋਵਾਂਗੇ।"

ਉਨ੍ਹਾਂ ਕਿਹਾ ਕਿ ਜਦੋਂ ਅਦਾਲਤ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਚਾਰਜਸ਼ੀਟ 'ਤੇ ਅਗਲੀ ਸੁਣਵਾਈ ਕਰੇਗੀ ਤਾਂ ਸਭ ਕੁਝ ਸਪਸ਼ਟ ਹੋ ਜਾਵੇਗਾ।

ਐਡਵੋਕੇਟ ਏਪੀ ਸਿੰਘ ਨੇ ਕਿਹਾ, "ਦਿੱਲੀ ਪੁਲਿਸ ਦੀ ਚਾਰਜਸ਼ੀਟ ਬਹੁਤ ਕਮਜ਼ੋਰ ਹੈ। ਪੋਕਸੋ ਨਾ ਪਹਿਲਾਂ ਸੀ ਅਤੇ ਨਾ ਹੀ ਹੁਣ ਹੈ।"

ਕੀ ਹੈ ਪੂਰਾ ਮਾਮਲਾ

18 ਜਨਵਰੀ 2023 ਨੂੰ ਭਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੁਨੀਆ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪਹੁੰਚ ਕੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ।

ਉਸ ਵੇਲੇ ਵਿਨੇਸ਼ ਫੋਗਾਟ ਨੇ ਰੋਂਦੇ ਹੋਏ ਕਿਹਾ ਕਿ ਸੀ ਬ੍ਰਿਜ ਭੂਸ਼ਣ ਸਿੰਘ ਅਤੇ ਕੋਚ ਰਾਸ਼ਟਰੀ ਕੈਂਪ 'ਚ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।

ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ 23 ਜਨਵਰੀ ਨੂੰ ਇਲਜ਼ਾਮਾਂ ਦੀ ਜਾਂਚ ਲਈ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ।

ਅਨੁਭਵੀ ਮੁੱਕੇਬਾਜ਼ ਐਮਸੀ ਮੈਰੀਕਾਮ ਨੂੰ ਇਸ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਸੀ।

ਕਮੇਟੀ ਨੂੰ ਚਾਰ ਹਫ਼ਤਿਆਂ ਵਿੱਚ ਜਾਂਚ ਮੁਕੰਮਲ ਕਰਨ ਲਈ ਕਿਹਾ ਗਿਆ ਸੀ। ਕਮੇਟੀ ਨੇ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਹੈ ਪਰ ਰਿਪੋਰਟ ਜਨਤਕ ਨਹੀਂ ਕੀਤੀ ਗਈ।

ਮਹਿਲਾ ਭਲਵਾਨਾਂ ਦਾ ਕਹਿਣਾ ਹੈ ਕਿ 21 ਅਪ੍ਰੈਲ ਨੂੰ ਉਹ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਸ਼ਿਕਾਇਤ ਕਰਨ ਕਨਾਟ ਪਲੇਸ ਥਾਣੇ ਵਿੱਚ ਗਏ ਸਨ ਪਰ ਪੁਲਿਸ ਨੇ ਐਫਆਈਆਰ ਦਰਜ ਨਹੀਂ ਕੀਤੀ।

23 ਅਪ੍ਰੈਲ ਨੂੰ ਓਲੰਪਿਕ ਤਮਗਾ ਜੇਤੂ ਭਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਦੀ ਅਗਵਾਈ 'ਚ ਦੂਜੀ ਵਾਰ ਭਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।

28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਦੋ ਐਫਆਈਆਰ ਦਰਜ ਕਰ ਲਈਆਂ ਹਨ, ਪਰ ਭਲਵਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।

ਇਸ ਦੌਰਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਲਵਾਨਾਂ ਨਾਲ ਬੈਠਕ ਤੋਂ ਬਾਅਦ ਮੀਡੀਆ ਅੱਗੇ ਕਿਹਾ ਕਿ “ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਪੂਰੀ ਕਰ ਕੇ 15 ਜੂਨ ਤੱਕ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।''

ਇਸ ਮਗਰੋਂ ਭਲਵਾਨਾਂ ਨੇ 15 ਜੂਨ ਤੱਕ ਆਪਣਾ ਪ੍ਰਦਰਸ਼ਨ ਰੋਕਿਆ ਹੋਇਆ ਹੈ।

ਬ੍ਰਿਜਭੂਸ਼ਣ 'ਤੇ ਕੀ-ਕੀ ਇਲਜ਼ਾਮ

ਪੁਲਿਸ ਕੋਲ ਦਰਜ ਦੋ ਐੱਫਆਈਆਰਜ਼ ਵਿੱਚ ਦਿੱਤੇ ਗਏ ਵੇਰਵਿਆਂ ਵਿੱਚ ਕੁਸ਼ਤੀ ਫੈਡਰੇਸ਼ਨ ਦੇ 12 ਸਾਲਾਂ ਤੱਕ ਪ੍ਰਧਾਨ ਹੋਣ ਕਾਰਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਦਬਦਬੇ ਅਤੇ ਤਾਕਤ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ।

ਭਲਵਾਨਾਂ ਮੁਤਾਬਕ ਜਿਣਸੀ ਸਬੰਧ ਬਣਾਉਣ ਦੀ ਪੇਸ਼ਕਸ਼ ਨੂੰ ਠੁਕਰਾਉਣ ਕਰਕੇ ਹੀ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਨਿਯਮਾਂ ਦੀ ਗ਼ਲਤ ਵਰਤੋਂ ਕਰ ਕੇ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਗਿਆ।

ਪਹਿਲਵਾਨਾਂ ਮੁਤਾਬਕ ਸ਼ੋਸ਼ਣ ਦੀ ਤੁਰੰਤ ਸੂਚਨਾ ਨਾ ਕਰਨ ਦਾ ਇਹੀ ਕਾਰਨ ਸੀ।

ਜਿਸ ਵੇਲੇ ਪਹਿਲੀ ਵਾਰ ਭਲਵਾਨ ਧਰਨੇ 'ਤੇ ਬੈਠੇ ਸਨ, ਉਦੋਂ ਵਿਨੇਸ਼ ਨੇ ਕਿਹਾ, "ਉਹ ਸਾਡੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ।''

''ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦੇ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸੁਰੂ ਕਰ ਦਿੱਤਾ।"

ਕਈ ਸ਼ਿਕਾਇਤ ਕਰਨ ਵਾਲਿਆਂ ਮੁਤਾਬਕ, ਉਨ੍ਹਾਂ ਨਾਲ ਇਹ ਘਟਨਾਵਾਂ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਵਾਪਰੀਆਂ ਸਨ, ਜਿਸ ਕਾਰਨ ਉਹ ਬੋਲਣ ਦੀ ਹਿੰਮਤ ਨਹੀਂ ਕਰ ਸਕੀਆਂ।

ਸਾਕਸ਼ੀ ਮਲਿਕ ਦੇ ਮੁਤਾਬਕ ਆਖ਼ਰਕਾਰ ਜਨਵਰੀ 'ਚ ਆਵਾਜ਼ ਚੁੱਕਣ ਦਾ ਕਾਰਨ ਪਿਛਲੇ ਸਾਲ ਵਿਸ਼ਵ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ 'ਚ ਸਾਹਮਣੇ ਆਈ ਜਾਣਕਾਰੀ ਸੀ।

ਸਾਕਸ਼ੀ ਨੇ ਕਿਹਾ, "ਸਾਲ 2022 ਵਿੱਚ, ਇੱਕ ਜਾਂ ਦੋ ਮਹਿਲਾ ਭਲਵਾਨਾਂ ਨੇ ਵਰਲਡ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਵੀ ਜਿਨਸੀ ਸ਼ੋਸ਼ਣ ਬਾਰੇ ਦੱਸਿਆ, ਫਿਰ ਅਸੀਂ ਸਾਰੇ ਇਕੱਠੇ ਬੈਠੇ ਅਤੇ ਮਹਿਸੂਸ ਕੀਤਾ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ।"

ਸ਼ਿਕਾਇਤ ਕਰਨ ਵਾਲਿਆਂ ਵਿੱਚ ਇੱਕ ਨਾਬਾਲਿਗ ਕੁੜੀ ਵੀ ਸ਼ਾਮਲ ਸੀ, ਜਿਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਪੋਕਸੋ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।

ਪਰ 15 ਜੂਨ ਨੂੰ ਚਾਰਜਸ਼ੀਟ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਵੱਲੋਂ ਸ਼ਿਕਾਇਤ ਵਾਪਿਸ ਲੈਣ ਦੀਆਂ ਖਬਰਾਂ ਸਾਹਮਣੇ ਆਈਆਂ।

ਹਾਲਾਂਕਿ, ਸਾਕਸ਼ੀ ਮਲਿਕ ਨੇ ਕਿਹਾ ਕਿ ਉਹ ਨਾਬਾਲਗ ਦੇ ਸੰਪਰਕ 'ਚ ਨਹੀਂ ਹਨ ਅਤੇ ਨਵਾਂ ਬਿਆਨ ਦੇਣ ਦੇ ਫ਼ੈਸਲੇ ਨੂੰ ਦਬਾਅ 'ਚ ਚੁੱਕਿਆ ਗਿਆ ਕਦਮ ਮੰਨਦੇ ਹਨ।

ਹੁਣ ਤੱਕ ਕੀ-ਕੀ ਹੋਇਆ

  • ਇਸ ਸਾਲ 18 ਜਨਵਰੀ ਨੂੰ ਪਹਿਲੀ ਵਾਰ ਮਹਿਲਾ ਭਲਵਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ।
  • ਦੇਸ਼ ਦੇ ਪ੍ਰਮੁੱਖ ਭਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਦਿੱਲੀ ਦੇ ਜੰਤਰ-ਮੰਤਰ ਪਹੁੰਚ ਕੇ ਆਪਣੀ ਆਵਾਜ਼ ਚੁੱਕੀ।
  • ਉਨ੍ਹਾਂ ਨੇ ਰੈਸਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਗੰਭੀਰ ਇਲਜ਼ਾਮ ਲਗਾਏ।
  • ਵਿਨੇਸ਼ ਫੋਗਾਟ ਨੇ ਰੋਂਦਿਆਂ ਹੋਇਆਂ ਕਿਹਾ ਕਿ ਬ੍ਰਿਜ ਭੂਸ਼ਣ ਸਿੰਘ ਅਤੇ ਕੋਚ ਰਾਸ਼ਟਰੀ ਕੈਂਪ 'ਚ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।
  • ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਸੀ ਕਿ 'ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ ਅਤੇ ਜੇਕਰ ਇਹ ਸੱਚ ਸਾਬਿਤ ਹੁੰਦਾ ਹੈ ਤਾਂ ਉਹ ਫਾਂਸੀ 'ਤੇ ਲਟਕਣ ਲਈ ਤਿਆਰ ਹਨ'।
  • ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਦੋਂ ਭਲਵਾਨਾਂ ਨਾਲ ਮੁਲਾਕਾਤ ਕੀਤੀ ਅਤੇ 23 ਜਨਵਰੀ ਨੂੰ ਇਲਜ਼ਾਮਾਂ ਦੀ ਜਾਂਚ ਲਈ ਪੰਜ ਮੈਂਬਰੀ ਨਿਰੀਖਣ ਕਮੇਟੀ ਦਾ ਗਠਨ ਕੀਤਾ।
  • 21 ਅਪ੍ਰੈਲ-ਮਹਿਲਾ ਭਲਵਾਨਾਂ ਨੇ ਦਿੱਲੀ ਦੇ ਕਨਾਟ ਪਲੇਸ ਥਾਣੇ 'ਚ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ, ਪਰ ਪੁਲਿਸ ਨੇ ਐੱਫਆਈਆਰ ਦਰਜ ਨਹੀਂ ਕੀਤੀ।
  • 23 ਅਪ੍ਰੈਲ- ਦੂਜੀ ਵਾਰ ਜੰਤਰ-ਮੰਤਰ ਵਿਖੇ ਧਰਨਾ ਸ਼ੁਰੂ ਹੋਇਆ।
  • 24 ਅਪ੍ਰੈਲ- ਪਾਲਮ 360 ਖਾਪ ਦੇ ਮੁਖੀ ਚੌਧਰੀ ਸੁਰਿੰਦਰ ਸੋਲੰਕੀ ਹਮਾਇਤ ਦੇਣ ਲਈ ਜੰਤਰ-ਮੰਤਰ ਪਹੁੰਚੇ ਅਤੇ ਹੋਰਨਾਂ ਖਾਪਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।
  • 25 ਅਪ੍ਰੈਲ – ਵਿਨੇਸ਼ ਫੋਗਾਟ ਅਤੇ 6 ਹੋਰ ਮਹਿਲਾ ਭਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।
  • ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ,
  • ਬਾਅਦ 'ਚ ਨਾਬਾਲਗ ਭਲਵਾਨ ਦੇ ਪਿਤਾ ਨੇ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ 'ਤੇ ਆਪਣੇ ਬਿਆਨ ਬਦਲ ਲਏ ਸਨ।
  • ਤਿੰਨੇ ਭਲਵਾਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ।
  • ਇਸ ਤੋਂ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਤਿੰਨੋਂ ਭਲਵਾਨਾਂ ਨਾਲ ਮੁਲਾਕਾਤ ਕੀਤੀ।

ਬ੍ਰਿਜ ਭੂਸ਼ਣ ਨੇ ਇਲਜ਼ਾਮਾਂ 'ਤੇ ਕੀ ਕਿਹਾ?

ਬ੍ਰਿਜ ਭੂਸ਼ਣ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਆ ਰਹੇ ਹਨ। ਉਨ੍ਹਾਂ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ 'ਜੇ ਉਨ੍ਹਾਂ ਦਾ ਕਸੂਰ ਹੋਇਆ ਤਾਂ ਉਹ ਫਾਂਸੀ 'ਤੇ ਚੜ੍ਹਨ ਲਈ ਵੀ ਤਿਆਰ ਹਨ।'

ਉਨ੍ਹਾਂ ਇਹ ਵੀ ਕਿਹਾ ਸੀ, ''ਸਿਰਫ ਇੱਕ ਹੀ ਪਰਿਵਾਰ ਅਤੇ ਇੱਕ ਹੀ ਅਖਾੜਾ ਅਜਿਹਾ ਕਿਉਂ ਕਰ ਰਿਹਾ ਹੈ। ਹਰਿਆਣਾ ਦੇ ਹੋਰ ਖਿਡਾਰੀ ਅਜਿਹਾ ਕਿਉਂ ਨਹੀਂ ਕਰ ਰਹੇ। ਹਿਮਾਚਲ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ, ਕਰਨਾਟਕ, ਤਾਮਿਲਨਾਡੂ, ਬੰਗਾਲ, ਅਸਾਮ ਅਤੇ ਹੋਰ ਸੂਬਿਆਂ ਦੇ ਖਿਡਾਰੀ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ?"

ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਸੀ ਕਿ ਖਿਡਾਰੀਆਂ ਦੇ ਪਿੱਛੇ ਉਦਯੋਗਪਤੀ ਅਤੇ ਕਾਂਗਰਸ ਦਾ ਹੱਥ ਹੈ, ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਚਾਰਜਸ਼ੀਟ ਲਈ 15 ਜੂਨ ਦੀ ਤੈਅ ਤਰੀਕ ਤੋਂ ਕੁਝ ਦਿਨ ਪਹਿਲਾਂ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਆਪਣੇ ਲੋਕ ਸਭਾ ਹਲਕੇ ਕੈਸਰਗੰਜ ਦੇ ਗੋਂਡਾ ਜ਼ਿਲ੍ਹੇ ਦੇ ਵਿੱਚ ਰੈਲੀ ਕੱਢੀ ਸੀ।

ਕੇਂਦਰ ਦੀ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਕੀਤੇ ਗਏ ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਗੱਲ ਨਹੀਂ ਕੀਤੀ, ਸਗੋਂ ਆਪਣੇ ਸੰਬੋਧਨ 'ਚ ਕਵਿਤਾ ਰਾਹੀਂ ਆਪਣਾ ਪੱਖ ਰੱਖਿਆ।

ਉਨ੍ਹਾਂ ਨੇ ਕਿਹਾ ਸੀ, "ਯੇ ਮਿਲਾ ਮੁਝਕੋ ਮੁਹੱਬਤ ਕਾ ਸਿਲਾ, ਬੇਵਫ਼ਾ ਕਹਿ ਕੇ ਮੇਰਾ ਨਾਮ ਲੀਆ ਜਾਤਾ ਹੈ, ਇਸ ਕੋ ਰੁਸਵਾਈ ਕਹੇਂ ਕਿ ਸ਼ੁਹਰਤ ਅਪਨੀ, ਦਬੇ ਹੋਠੋਂ ਸੇ ਮੇਰਾ ਨਾਮ ਲੀਆ ਜਾਤਾ ਹੈ।"

ਕੌਣ ਹਨ ਬ੍ਰਿਜ ਭੂਸ਼ਣ ਸ਼ਰਣ ਸਿੰਘ?

ਬ੍ਰਿਜ ਭੂਸ਼ਣ ਸਿੰਘ ਦੀ ਗਿਣਤੀ ਦਬਦਬੇ ਵਾਲੇ ਆਗੂਆਂ ਵਿੱਚ ਕੀਤੀ ਜਾਂਦੀ ਹੈ। ਉਹ ਗੋਂਡਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲੇ ਹਨ ਤੇ ਕੈਸਰਗੰਜ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੈ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਸਿਆਸੀ ਤੌਰ 'ਤੇ ਬਹੁਤ ਸਰਗਰਮ ਸਨ। ਉਹ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਉਨ੍ਹਾਂ ਨੇ ਆਪਣੀ ਜਵਾਨੀ ਅਯੁੱਧਿਆ ਦੇ ਅਖਾੜਿਆਂ ਵਿਚ ਬਿਤਾਈ। ਪਹਿਲਵਾਨ ਵਜੋਂ ਉਹ ਆਪਣੇ ਆਪ ਨੂੰ 'ਤਾਕਤਵਰ' ਕਹਿੰਦੇ ਹਨ।

ਬ੍ਰਿਜ ਭੂਸ਼ਣ ਸਿੰਘ, ਜੋ ਪਹਿਲੀ ਵਾਰ 1991 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ। ਉਹ ਹੁਣ ਤੱਕ ਛੇ ਵਾਰ 1999, 2004, 2009, 2014 ਅਤੇ 2019 ਵਿੱਚ ਵੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।

ਬ੍ਰਿਜ ਭੂਸ਼ਣ ਸ਼ਰਣ ਸਿੰਘ 2011 ਤੋਂ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਹਨ। 2019 ਵਿੱਚ, ਉਹ ਤੀਜੀ ਵਾਰ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ।

ਉਹ 1988 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਫ਼ਿਰ 1991 ਪਹਿਲੀ ਵਾਰ ਸੰਸਦ ਮੈਂਬਰ ਬਣੇ।

ਹਾਲਾਂਕਿ, ਭਾਰਤੀ ਜਨਤਾ ਪਾਰਟੀ ਨਾਲ ਮਤਭੇਦਾਂ ਕਾਰਨ, ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ ਅਤੇ 2009 ਦੀਆਂ ਲੋਕ ਸਭਾ ਚੋਣਾਂ ਕੈਸਰਗੰਜ ਤੋਂ ਸਪਾ ਦੀ ਟਿਕਟ 'ਤੇ ਜਿੱਤੀਆਂ।

ਇਸ ਤੋਂ ਬਾਅਦ ਉਹ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫ਼ਿਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਕੁਝ ਹੀ ਸਾਲਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਦਬਦਬਾ ਗੋਂਡਾ ਦੇ ਨਾਲ-ਨਾਲ ਬਲਰਾਮਪੁਰ, ਅਯੁੱਧਿਆ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਵਧਿਆ ਅਤੇ ਉਹ 1999 ਤੋਂ ਬਾਅਦ ਇੱਕ ਵੀ ਚੋਣ ਨਹੀਂ ਹਾਰੇ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਪ੍ਰਤੀਕ ਭੂਸ਼ਣ ਵੀ ਸਿਆਸਤ ਵਿੱਚ ਹਨ। ਪ੍ਰਤੀਕ ਗੋਂਡਾ ਤੋਂ ਭਾਜਪਾ ਵਿਧਾਇਕ ਹਨ।

ਸਰਕਾਰ ਨੇ ਹੁਣ ਤੱਕ ਕੀ ਕੀਤਾ?

ਜਨਵਰੀ ਵਿੱਚ ਉਨ੍ਹਾਂ ਦੇ ਦਿੱਲੀ ਵਿਚਲੇ ਧਰਨੇ ਤੋਂ ਬਾਅਦ, ਖੇਡ ਮੰਤਰਾਲੇ ਨੇ ਇਲਜ਼ਾਮਾਂ ਦੀ ਜਾਂਚ ਲਈ ਇੱਕ 'ਓਵਰਸਾਈਟ ਕਮੇਟੀ (ਨਿਗਰਾਨੀ ਕਮੇਟੀ)' ਬਣਾਈ, ਜਿਸ ਨੂੰ ਐਸੋਸੀਏਸ਼ਨ ਦੇ ਰੋਜ਼ਾਨਾ ਦੇ ਕੰਮ ਕਰਨ ਦਾ ਜ਼ਿੰਮਾ ਵੀ ਦਿੱਤਾ ਗਿਆ ਹੈ।

‘ਨਿਗਰਾਨ ਕਮੇਟੀ’ ਦੀ ਜਾਂਚ ਖ਼ਤਮ ਹੋਣ ਤੋਂ ਬਾਅਦ ਸਿਫਾਰਿਸ਼ਾਂ ਨੂੰ ਜਨਤਕ ਨਹੀਂ ਕੀਤਾ ਗਿਆ, ਪਰ ਕੁਸ਼ਤੀ ਫੈਡਰੇਸ਼ਨ ਦਾ ਕਾਰਜਭਾਰ ਦੋ ਮੈਂਬਰੀ ‘ਐਡਹਾਕ ਕਮੇਟੀ’ ਨੂੰ ਸੌਂਪ ਦਿੱਤਾ ਗਿਆ।

ਸਾਕਸ਼ੀ ਸਣੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀਆਂ ਸਾਰੀਆਂ ਮਹਿਲਾ ਭਲਵਾਨਾਂ ਨੇ ਨਿਗਰਾਨ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਸ਼ੰਕੇ ਖੜ੍ਹੇ ਕੀਤੇ ਹਨ।

ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਫਿਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਗ੍ਰਹਿ ਮੰਤਰੀ ਅਤੇ ਖੇਡ ਮੰਤਰੀ ਨੇ ਭਲਵਾਨਾਂ ਨਾਲ ਮੁਲਾਕਾਤ ਕੀਤੀ।

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਲਵਾਨਾਂ ਨਾਲ ਬੈਠਕ ਤੋਂ ਬਾਅਦ ਮੀਡੀਆ ਨੂੰ ਦੱਸਿਆ, “ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਪੂਰੀ ਕਰ ਕੇ 15 ਜੂਨ ਤੱਕ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।''

''30 ਜੂਨ ਤੱਕ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੋ ਜਾਣ, ਉਨ੍ਹਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪਰਿਵਾਰ ਦੇ ਮੈਂਬਰ ਨਾ ਸ਼ਾਮਿਲ ਹੋਣ ਅਤੇ ਕੁਸ਼ਤੀ ਮਹਾਸੰਘ ਵਿੱਚ ਜਿਨਸੀ ਸ਼ੋਸ਼ਣ ਰੋਕਥਾਮ ਲਈ ਅੰਦਰੂਨੀ (ਇਨਟਰਨਲ) ਕਮੇਟੀ ਬਣਾਉਣ ਦੀ ਗੱਲ ਹੋਈ ਹੈ।"

ਇਸ ਮੀਟਿੰਗ ਤੋਂ ਬਾਅਦ ਭਲਵਾਨਾਂ ਨੇ 15 ਜੂਨ ਤੱਕ ਆਪਣੇ ਪ੍ਰਦਰਸ਼ਨਾਂ 'ਤੇ ਰੋਕ ਲਗਾਈ ਹੋਈ ਹੈ।

ਹਾਲਾਂਕਿ, ਸਾਕਸ਼ੀ ਮਲਿਕ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅੰਦੋਲਨ ਖ਼ਤਮ ਹੋ ਗਿਆ ਹੈ।

ਉਨ੍ਹਾਂ ਨੂੰ ਗ੍ਰਿਫ਼ਤਾਰੀ ਦੀ ਮੰਗ 'ਤੇ ਸਰਕਾਰ ਵੱਲੋਂ ਕੋਈ ਭਰੋਸਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, "ਸਾਨੂੰ ਖੇਡ ਮੰਤਰੀ ਨੇ ਕਿਹਾ ਹੈ ਕਿ ਚਾਰਜਸ਼ੀਟ 15 ਤਰੀਕ ਤੱਕ ਹੋ ਜਾਵੇਗੀ ਅਤੇ ਇਹ ਜਿੰਨੀ ਮਜ਼ਬੂਤ ਹੋਵੇਗੀ, ਬਾਕੀ ਦੀ ਕਾਰਵਾਈ ਉਸੇ ਮੁਤਾਬਕ ਹੋਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)