ਅਨਅਕੈਡਮੀ: ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਕਹਿਣ ਵਾਲਾ ਅਧਿਆਪਕ ਬਰਖ਼ਾਸਤ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ

ਐਡਟੈਕ ਕੰਪਨੀ ਅਨਅਕੈਡਮੀ ਨੇ ਇੱਕ ਅਧਿਆਪਕ ਨੂੰ ਇਸ ਲਈ ਬਰਖ਼ਾਸਤ ਕਰ ਦਿੱਤਾ ਕਿਉਂਕਿ ਉਸ ਨੇ ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਕਿਹਾ ਸੀ।

ਕਰਨ ਸਾਂਗਵਾਨ ਨਾਮ ਦੇ ਇਸ ਅਧਿਆਪਕ ਨੂੰ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਬਾਰੇ ਜਾਣਕਾਰੀ ਖ਼ੁਦ ਅਨਅਕੈਡਮੀ ਦੇ ਸਹਿ-ਸੰਸਥਾਪਕ ਰੋਮਨ ਸੈਣੀ ਨੇ ਟਵੀਟ ਕਰਕੇ ਦਿੱਤੀ ਹੈ।

ਉਨ੍ਹਾਂ ਆਪਣੇ ਟਵੀਟ ਵਿੱਚ ਇਸ ਫ਼ੈਸਲੇ ਦਾ ਕਾਰਨ ਦੱਸਦਿਆਂ ਲਿਖਿਆ ਸਾਂਗਵਾਨ ਨੇ ਕੰਪਨੀ ਦਾ ਕੋਡ ਆਫ਼ ਕੰਡਕਟ ਤੋੜਿਆ ਸੀ, ਇਸ ਲਈ ਉਨ੍ਹਾਂ ਨੂੰ ਹਟਾਉਣਾ ਪਿਆ।

ਕਰਨ ਸਾਂਗਵਾਨ ਆਪਣੇ ਵੀਡੀਓ ਵਿੱਚ ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਤੋਂ ਬਾਅਦ 'ਐਕਸ' (ਪਹਿਲਾਂ ਟਵਿੱਟਰ) 'ਤੇ ਟ੍ਰੈਂਡ ਕਰਨ ਲੱਗੇ।

ਸਾਂਗਵਾਨ ਦੇ ਟਵੀਟ ਦੇ ਵਾਇਰਲ ਹੋਣ ਤੋਂ ਬਾਅਦ, 'ਐਕਸ' 'ਤੇ ਯੂਜ਼ਰ ਇਸ ਗੱਲ ’ਤੇ ਦੋ-ਰਾਇ ਹੋ ਗਏ ਕਿ ਕੀ ਪੜ੍ਹੇ-ਲਿਖੇ ਆਗੂਆਂ ਨੂੰ ਵੋਟ ਪਾਉਣ ਦੀ ਅਪੀਲ ਕਰਨਾ ਸਹੀ ਸੀ।

ਸਾਂਗਵਾਨ ਦੇ ਇਸ ਵੀਡੀਓ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਦੇ ਪੱਖ 'ਚ ਟਵੀਟ ਕੀਤੇ ਹਨ।

ਯੂਟਿਊਬਰ ਅਤੇ ਪੱਤਰਕਾਰ ਅਜੀਤ ਅੰਜੁਮ ਨੇ ਇਸ ਬਾਰੇ ਪੁੱਛਿਆ ਹੈ, "ਕਰਨ ਸਾਂਗਵਾਨ ਨੂੰ ਬਾਈਕਾਟ ਗੈਂਗ ਦੇ ਦਬਾਅ ਹੇਠ ਅਨਅਕੈਡਮੀ ਤੋਂ ਕੱਢਿਆ ਗਿਆ? ‘ਪੜ੍ਹੇ ਲਿਖੇ ਆਗੂ ਨੂੰ ਹੀ ਵੋਟ ਪਾਓ' ਇਹ ਕਹਿਣ ਉੱਤੇ ਸਜ਼ਾ ਮਿਲੀ ਕਾਨੂੰਨ ਦੇ ਅਧਿਆਪਕ ਨੂੰ? "

ਕਾਂਗਰਸ ਆਗੂ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ, "ਜੋ ਲੋਕ ਦਬਾਅ ਅੱਗੇ ਝੁਕਦੇ ਹਨ ਅਤੇ ਧੱਕੇਸ਼ਾਹੀ ਕਰਦੇ ਹਨ, ਉਹ ਕਦੇ ਵੀ ਅਜਿਹੇ ਨਾਗਰਿਕ ਬਣਾਉਣ ਵਿੱਚ ਮਦਦ ਨਹੀਂ ਕਰ ਸਕਦੇ ਜੋ ਦੁਨੀਆਂ ਦੀਆਂ ਸਭ ਮੁਸ਼ਿਕਲਾਂ ਸਾਹਮਣੇ ਖੜ੍ਹੇ ਰਹਿੰਦੇ ਹਨ।"

"ਇਹ ਦੇਖਣਾ ਦੁੱਖ ਦੇਣ ਵਾਲਾ ਹੈ ਕਿ ਅਜਿਹੇ ਰੀੜ੍ਹ ਤੋਂ ਬਗ਼ੈਰ ਅਤੇ ਡਰਪੋਕ ਲੋਕ ਸਿੱਖਿਆ ਪਲੇਟਫ਼ਾਮ ਚਲਾ ਰਹੇ ਹਨ।"

ਇਸ ਵੀਡੀਓ 'ਤੇ ਕੁਝ ਲੋਕਾਂ ਨੇ ਸਾਂਗਵਾਨ ਦੀ ਆਲੋਚਨਾ ਵੀ ਕੀਤੀ।

ਪ੍ਰੋਫ਼ੈਸਰ ਦਿਲੀਪ ਮੰਡਲ ਨੇ ਲਿਖਿਆ, "ਕਰਨ ਸਾਂਗਵਾਨ ਕਹਿ ਰਹੇ ਹਨ ਕਿ ਜਿਸ ਕੋਲ ਵੱਧ ਤੋਂ ਵੱਧ ਡਿਗਰੀਆਂ ਹੋਣ, ਉਸ ਨੂੰ ਹੀ ਚੋਣਾਂ ਵਿੱਚ ਚੁਣਿਆ ਜਾਵੇ। ਫ਼ਿਰ ਚੋਣਾਂ ਕਰਵਾਈਆਂ ਹੀ ਕਿਉਂ ਜਾਣ?"

"ਇਹ ਕਾਨੂੰਨ ਦੇ ਅਧਿਆਪਕ ਕਿਵੇਂ ਹਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਭਾਰਤੀ ਸੰਵਿਧਾਨ ਵਿੱਚ ਚੁਣਨ ਅਤੇ ਚੁਣੇ ਜਾਣ ਲਈ ਲਈ ਸਿੱਖਿਆ, ਜ਼ਮੀਨ ਦੀ ਮਾਲਕੀ ਅਤੇ ਜਾਇਦਾਦ ਦੀ ਕੋਈ ਸ਼ਰਤ ਨਹੀਂ ਹੈ? ਅਜਿਹਾ ਆਜ਼ਾਦੀ ਤੋਂ ਪਹਿਲਾਂ ਦੀਆਂ ਚੋਣਾਂ ਵਿੱਚ ਹੁੰਦਾ ਸੀ। ਸੰਵਿਧਾਨ ਨੇ ਇਸ ਗੜਬੜ ਨੂੰ ਠੀਕ ਕੀਤਾ ਸੀ।"

ਮਾਨਿਕਾ ਨਾਂ ਦੇ ਯੂਜ਼ਰ ਨੇ ਲਿਖਿਆ, ''ਉਨ੍ਹਾਂ ਦੇ ਪੜ੍ਹੇ-ਲਿਖੇ ਹੋਣ ਦਾ ਕੀ ਫਾਇਦਾ? ਇੱਕ ਅਧਿਆਪਕ ਹੋਣ ਦੇ ਨਾਤੇ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਆਪਣੇ ਵਿਦਿਆਰਥੀਆਂ ਲਈ ਅਪਡੇਟ ਰਹਿਣ। ਇਹ ਸਾਡੇ ਪ੍ਰਧਾਨ ਮੰਤਰੀ ਦੀ ਬੇਇਜ਼ਤੀ ਹੈ।”

ਵਿਜੇ ਪਟੇਲ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਸਭ ਕੁਝ ਸਕ੍ਰਿਪਟ ਦੇ ਮੁਤਾਬਕ ਚੱਲ ਰਿਹਾ ਹੈ। ਇਸ ਸਕ੍ਰਿਪਟ ਦੀ ਅਗਲੀ ਕੜੀ ਇਹ ਹੋਵੇਗੀ ਕਿ ਇੱਕ ਸਿਆਸੀ ਆਗੂ 2-3 ਦਿਨਾਂ ਵਿੱਚ ਆਪਣੀ ਮੀਡੀਆ ਅਤੇ ਪੀਆਰ ਟੀਮ ਨਾਲ ਕਰਨ ਸਾਂਗਵਾਨ ਨੂੰ ਮਿਲਣਗੇ।”

ਅਰਵਿੰਦ ਕੇਜਰੀਵਾਲ ਨੇ ਵੀ ਰੱਖਿਆ ਆਪਣਾ ਪੱਖ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਵਿਵਾਦ ਬਾਰੇ ਆਪਣੀ ਰਾਇ ਰੱਖੀ ਹੈ।

ਉਨ੍ਹਾਂ ਲਿਖਿਆ, “ਕੀ ਪੜ੍ਹੇ ਲਿਖੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਾ ਗੁਨਾਹ ਹੈ? ਜੇ ਕੋਈ ਅਨਪੜ੍ਹ ਹੈ, ਮੈਂ ਨਿੱਜੀ ਤੌਰ 'ਤੇ ਉਸ ਦਾ ਸਤਿਕਾਰ ਕਰਦਾ ਹਾਂ। ਪਰ ਲੋਕ ਨੁਮਾਇੰਦੇ ਅਨਪੜ੍ਹ ਨਹੀਂ ਹੋ ਸਕਦੇ।"

ਉਨ੍ਹਾਂ ਕਿਹਾ, "ਇਹ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਅਨਪੜ੍ਹ ਲੋਕ ਨੁਮਾਇੰਦੇ ਕਦੇ ਵੀ 21ਵੀਂ ਸਦੀ ਦੇ ਆਧੁਨਿਕ ਭਾਰਤ ਦਾ ਨਿਰਮਾਣ ਨਹੀਂ ਕਰ ਸਕਦੇ।"

ਕੀ ਹੈ ਸਾਰਾ ਮਾਮਲਾ

ਹਾਲ ਹੀ 'ਚ ਅਨਅਕੈਡਮੀ ਪਲੇਟਫ਼ਾਰਮ ਉੱਤੇ ਕਾਨੂੰਨ ਦੀ ਪੜ੍ਹਾਈ ਕਰਵਾਉਣ ਵਾਲੇ ‘ਲੀਗਲ ਪਾਠਸ਼ਾਲਾ’ ਦੇ ਕਰਨ ਸਾਂਗਵਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

'ਐਕਸ' 'ਤੇ ਦਿਖਾਈ ਦੇ ਰਹੇ ਇਸ ਵਾਇਰਲ ਵੀਡੀਓ 'ਚ ਕਰਨ ਮੋਦੀ ਸਰਕਾਰ ਵੱਲੋਂ ਪੁਰਾਣੇ ਆਈਪੀਸੀ, ਸੀਆਰਪੀਸੀ ਅਤੇ ਭਾਰਤੀ ਗਵਾਹੀ ਕਾਨੂੰਨ 'ਚ ਬਦਲਾਅ ਕਰਨ ਲਈ ਹਾਲ ਹੀ 'ਚ ਲਿਆਂਦੇ ਗਏ ਬਿੱਲ ਬਾਰੇ ਗੱਲ ਕਰ ਰਹੇ ਹਨ।

ਇਸ ਵੀਡੀਓ 'ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੇ ਕ੍ਰਿਮੀਨਲ ਲਾਅ ਦੇ ਜੋ ਨੋਟਸ ਬਣਾਏ ਸਨ, ਉਹ ਸਭ ਬੇਕਾਰ ਹੋ ਗਏ ਹਨ।

ਉਹ ਕਹਿ ਰਹੇ ਹਨ, "ਮੈਨੂੰ ਨਹੀਂ ਪਤਾ ਕਿ ਹੱਸਣਾ ਹੈ ਜਾਂ ਰੋਣਾ ਹੈ ਕਿਉਂਕਿ ਮੇਰੇ ਕੋਲ ਕਈ ਨੋਟਸ ਹਨ, ਜੋ ਮੈਂ ਖ਼ੁਦ ਤਿਆਰ ਕੀਤੇ ਹਨ। ਇਹ ਕਿਸੇ ਲਈ ਵੀ ਔਖਾ ਕੰਮ ਹੈ। ਤੁਸੀਂ ਨੌਕਰੀ ਵੀ ਕਰਨੀ ਹੈ।"

ਇਸ ਵੀਡੀਓ 'ਚ ਉਹ ਅੱਗੇ ਕਹਿੰਦੇ ਜੋ ਕਹਿੰਦੇ ਨਜ਼ਰ ਆ ਰਹੇ ਹਨ, ''ਪਰ ਇੱਕ ਵਾਰ ਧਿਆਨ ਰੱਖੋ। ਅਗਲੀ ਵਾਰ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਦਿਓ ਜੋ ਪੜ੍ਹਿਆ-ਲਿਖਿਆ ਹੋਵੇ ਤਾਂ ਜੋ ਤੁਹਾਨੂੰ ਦੁਬਾਰਾ ਇਸ ਤਰ੍ਹਾਂ ਦੀ ਮੁਸੀਬਤ ਵਿੱਚੋਂ ਨਾ ਲੰਘਣਾ ਪਵੇ।"

ਉਹ ਕਹਿ ਰਹੇ ਹਨ, ''ਅਜਿਹਾ ਵਿਅਕਤੀ ਚੁਣੋ ਜੋ ਪੜ੍ਹਿਆ-ਲਿਖਿਆ ਹੋਵੇ, ਜੋ ਗੱਲਾਂ ਨੂੰ ਸਮਝਦਾ ਹੋਵੇ। ਉਸ ਵਿਅਕਤੀ ਨੂੰ ਨਾ ਚੁਣੋ ਜੋ ਸਿਰਫ਼ ਨਾਮ ਬਦਲਣਾ ਜਾਣਦਾ ਹੈ। ਆਪਣਾ ਫ਼ੈਸਲਾ ਸਹੀ ਢੰਗ ਨਾਲ ਲਓ।

ਅਨਅਕੈਡਮੀ ਦਾ ਕਾਰੋਬਾਰ ਕਿੰਨਾ ਵੱਡਾ ਹੈ?

2010 ਵਿੱਚ ਅਕੈਡਮੀ ਸ਼ੁਰੂ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਗੌਰਵ ਮੁੰਜਾਲ ਨੇ ਯੂਟਿਊਬ ਚੈਨਲ ਵਜੋਂ ਕੀਤੀ ਸੀ। ਇਸ ਤੋਂ ਬਾਅਦ ਦਸੰਬਰ 2015 ਵਿੱਚ ਰੋਮਨ ਸੈਣੀ ਅਤੇ ਹਿਮੇਸ਼ ਸਿੰਘ ਇਸ ਵਿੱਚ ਸ਼ਾਮਲ ਹੋਏ।

ਤਿੰਨਾਂ ਨੇ ਮਿਲ ਕੇ ਅਨਅਕੈਡਮੀ ਨਾਂ ਦੀ ਕੰਪਨੀ ਬਣਾਈ। ਇਹ ਅਜਿਹਾ ਪਲੇਟਫਾਰਮ ਹੈ ਜਿਸ 'ਤੇ ਆਨਲਾਈਨ ਪੜ੍ਹਾਉਣ ਵਾਲੇ ਅਧਿਆਪਕ ਜੁੜ ਸਕਦੇ ਹਨ। ਇਹ ਇੱਕ ਐਪ ਰਾਹੀਂ ਕੰਮ ਕਰਦਾ ਹੈ।

ਮੌਜੂਦਾ ਸਮੇਂ ਵਿੱਚ ਇਸ ਦੀ ਆਮਦਨ ਕਰੀਬ 130 ਕਰੋੜ ਰੁਪਏ ਹੋ ਗਈ ਹੈ।

ਅਗਸਤ 2021 ਵਿੱਚ, ਇਸਨੂੰ ਟੇਮਾਸੇਕ, ਜਨਰਲ ਅਟਲਾਂਟਿਕ, ਟਾਈਗਰ ਗਲੋਬਲ ਅਤੇ ਸਾਫਟਬੈਂਕ ਵਿਜ਼ਨ ਫੰਡ ਨੇ 440 ਕਰੋੜ ਡਾਲਰ ਦੀ ਫੰਡਿੰਗ ਕੀਤੀ ਸੀ।

ਹਾਲਾਂਕਿ, 2023 ਅਨਅਕੈਡਮੀ ਲਈ ਬਹੁਤਾ ਚੰਗਾ ਨਹੀਂ ਰਿਹਾ। ਫੰਡਾਂ ਦੀ ਘਾਟ ਕਾਰਨ, ਕੰਪਨੀ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 3,500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)