ਪੰਜਾਬ ਦੇ ਗੈਂਗਸਟਰਾਂ ਦੇ ਖਾਲਿਸਤਾਨ ਹਮਾਇਤੀਆਂ ਨਾਲ ਸਬੰਧ ਕਿਵੇਂ ਵੱਧ ਰਹੇ

ਗੈਂਗਸਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, RAUL ARBOLEDA/AFP/GETTY IMAGES
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਦਾ ਜਨਮ ਲੁਧਿਆਣਾ ਦੇ ਜਗਰਾਓਂ ਕਸਬੇ ਵਿੱਚ ਹੋਇਆ ਸੀ, ਇਹ ਦੱਸਿਆ ਜਾਂਦਾ ਹੈ ਕਿ ਅੱਜਕੱਲ੍ਹ ਉਹ ਕੈਨੇਡਾ ਵਿੱਚ ਰਹਿੰਦੇ ਹਨ।

ਅਰਸ਼ ਡੱਲਾ ਦੀ ਉਮਰ 48 ਸਾਲ ਦੱਸੀ ਜਾਂਦੀ ਹੈ ਪਰ ਉਹ ਪੰਜਾਬ ਪੁਲਿਸ ਅਤੇ ਰਾਸ਼ਟਰੀ ਏਜੰਸੀਆਂ ਵੱਲੋਂ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਹੈ।

ਭਾਰਤ ਸਰਕਾਰ ਨੇ ਵੀ ਹਾਲ ਹੀ ਵਿੱਚ ਕਥਿਤ ਗੈਂਗਸਟਰ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ(ਕੇਟੀਐੱਫ) ਨਾਲ ਜੁੜਿਆ ਹੋਇਆ ਹੈ।

ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਅਰਸ਼ ਡੱਲਾ ਹਰਦੀਪ ਸਿੰਘ ਨਿੱਝਰ ਦਾ ਬਹੁਤ ਕਰੀਬੀ ਸੀ ਅਤੇ ਉਸ ਦੇ ਵੱਲੋਂ ਅੱਤਵਾਦੀ ਮਡਿਊਲ ਚਲਾਉਂਦਾ ਸੀ।

ਅਰਸ਼ ਡੱਲਾ ਕਤਲ ਤੇ ਫਿਰੌਤੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੈ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨੂੰ ਖਾਲਿਸਤਾਨੀਆਂ ਨਾਲ ਸਬੰਧਾਂ ਦਾ ਹਵਾਲਾ ਦੇ ਕੇ ‘ਅੱਤਵਾਦੀ’ ਐਲਾਨਿਆ ਹੈ।

ਦੱਸਿਆ ਗਿਆ ਕਿ ਉਹ ਯੂਏਪੀਏ ਤਹਿਤ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਸ਼ਹਿ ’ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਿਹਾ ਹੈ।

ਪੰਜਾਬ ਪੁਲਿਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਨਾਲ ਗੈਂਗਸਟਰਾਂ ਦੇ ਇੱਕ ਮੁਕਾਬਲੇ ਦੀ ਤਸਵੀਰ (ਸੰਕੇਤਕ)

ਖਾਲਿਸਤਾਨ ਹਮਾਇਤੀ ਤੇ ਭਾਰਤ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿਖੇ ਪਿਛਲੇ ਸਾਲ ਜੂਨ ਵਿੱਚ ਕਤਲ ਹੋਇਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਨਾਲ ਭਾਰਤ ਦਾ ਨਾਂ ਜੋੜਿਆ ਸੀ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।

ਇਸ ਸਭ ਦੇ ਚਲਦਿਆਂ ਇਹ ਸਵਾਲ ਵੀ ਚਰਚਾ ਵਿੱਚ ਹੈ ਕਿ ਪੰਜਾਬ ਦੇ ਗੈਂਗਸਟਰ ਖਾਲਿਸਤਾਨੀ ਖਾੜਕੂਵਾਦ ਵੱਲ ਕਿਵੇਂ ਵਧ ਰਹੇ ਹਨ ਅਤੇ ਕਿਉਂ?

ਗੈਂਗਸਟਰ ਗੋਲਡੀ ਬਰਾੜ ਦਾ ਨਾਮ ਵੀ ਇਸੇ ਕਰਕੇ ਹੀ ਚਰਚਾ ਵਿੱਚ ਹੈ।

ਗੋਲਡੀ ਬਰਾੜ ਦਾ ਮਾਮਲਾ

ਗੋਲਡੀ ਬਰਾੜ
ਤਸਵੀਰ ਕੈਪਸ਼ਨ, ਗੋਲਡੀ ਬਰਾੜ

30 ਸਾਲਾ ਸਤਵਿੰਦਰ ਸਿੰਘ ਉਰਫ਼ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧ ਰੱਖਦਾ ਹੈ। ਇਹ ਦੱਸਿਆ ਜਾਂਦਾ ਹੈ ਕਿ ਉਹ ਮੌਜੂਦਾ ਸਮੇਂ ਵਿੱਚ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦਾ ਹੈ।

ਉਹ ਕਥਿਤ ਗੈਂਗਸਟਰ ਰਿਹਾ ਹੈ ਅਤੇ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਰਿਹਾ ਹੈ।

ਕੇਂਦਰ ਸਰਕਾਰ ਮੁਤਾਬਕ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਸੇ ਕਰਕੇ ਉਸ ਨੂੰ ‘ਅੱਤਵਾਦੀ’ ਐਲਾਨਿਆ ਗਿਆ ਹੈ।

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਰੈਂਸ ਬਿਸ਼ਨੋਈ ਦੀ 2019 ਦੀ ਇੱਕ ਤਸਵੀਰ

ਬੱਬਰ ਖਾਲਸਾ ਇੰਟਰਨੈਸ਼ਨਲ ਬਾਰੇ ਕੇਂਦਰ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਹੈ।

“ਗੋਲਡੀ ਬਰਾੜ ਨੂੰ ਸਰਹੱਦ ਪਾਰ ਵਾਲੀਆਂ ਏਜੰਸੀਆਂ ਦਾ ਸਮਰਥਨ ਹਾਸਲ ਹੈ ਉਹ ਕਈ ਕਤਲਾਂ ਵਿੱਚ ਸ਼ਾਮਲ ਹੈ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਹੈ।''

"ਉਸ ਨੇ ਰਾਸ਼ਟਰਵਾਦੀ ਆਗੂਆਂ ਨੂੰ ਧਮਕੀ ਵਾਲੀਆਂ ਕਾਲਾਂ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਫਿਰੌਤੀ ਦੀ ਮੰਗ ਕੀਤੀ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹੱਤਿਆਵਾਂ ਦੇ ਦਾਅਵਿਆਂ ਨੂੰ ਪੋਸਟ ਕੀਤਾ।”

ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਉੱਚ ਦਰਜੇ ਦੇ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫ਼ੋਟਕ ਸਮੱਗਰੀ ਦੀ ਤਸਕਰੀ ਕਰਨ ਅਤੇ ਹੱਤਿਆਵਾਂ ਨੂੰ ਅੰਜਾਮ ਦੇਣ ਲਈ ਇਸ ਦੀ ਸਪਲਾਈ ਕਰਨ ਅਤੇ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਹੈ।

“ਗੋਲਡੀ ਬਰਾੜ ਅਤੇ ਉਸਦੇ ਸਾਥੀ ਸਾਜ਼ਿਸ਼ਾਂ ਰਾਹੀਂ ਪੰਜਾਬ ਸੂਬੇ ਦੀ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਹਨ, ਜਿਸ ਵਿੱਚ ਭੰਨਤੋੜ, ਦਹਿਸ਼ਤੀ ਮਡਿਊਲ ਤਿਆਰ ਕਰਨ, ਨਿਸ਼ਾਨਾ ਬਣਾ ਕੇ ਕਤਲ ਕਰਨ ਅਤੇ ਹੋਰ ਰਾਸ਼ਟਰ ਵਿਰੋਧੀ ਗਤੀਵਿਧੀਆਂ ਸ਼ਾਮਲ ਹਨ।”

ਕੇਂਦਰ ਵੱਲੋਂ ਕਥਿਤ ਗੈਂਗਸਟਰਾਂ ਨੂੰ ਅੱਤਵਾਦੀਆਂ ਵਜੋਂ ਨਾਮਜ਼ਦ ਕਰਨਾ ਇੱਕ ਤਾਜ਼ਾ ਘਟਨਾਕ੍ਰਮ ਹੈ ਜਦੋਂ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਉਹ ਲਗਾਤਾਰ ਖਾੜਕੂਵਾਦ ਨਾਲ ਜੁੜ ਰਹੇ ਹਨ ।

ਇਸ ਤੋਂ ਪਹਿਲਾਂ ਕੇਂਦਰ ਦੀ ਸੂਚੀ ਵਿੱਚ ਕਥਿਤ ਅੱਤਵਾਦੀ ਹੀ ਸਨ। ਕੇਂਦਰ ਵੱਲੋਂ ਹੁਣ ਤੱਕ ਕੁੱਲ 56 ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ।

ਪੰਜਾਬ ਨਾਲ ਜੁੜਿਆ ਅਤੇ ਅੱਤਵਾਦੀ ਐਲਾਨਿਆ ਗਿਆ ਪਹਿਲਾ ਵਿਅਕਤੀ ਵਧਾਵਾ ਸਿੰਘ ਬੱਬਰ ਉਰਫ ਚਾਚਾ ਬੱਬਰ ਸੀ।

ਐੱਨਆਈਏ

ਤਸਵੀਰ ਸਰੋਤ, NIA/X

ਤਸਵੀਰ ਕੈਪਸ਼ਨ, ਐੱਨਆਈਏ

70 ਸਾਲਾ ਵਧਾਵਾ ਸਿੰਘ ਬੱਬਰ ਕਪੂਰਥਲਾ ਨਾਲ ਸਬੰਧਤ ਹੈ ਅਤੇ ਗ੍ਰਹਿ ਮੰਤਰਾਲੇ ਦੇ ਅਨੁਸਾਰ, ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁੱਖ ਅਤੇ ਪ੍ਰਮੁੱਖ ਨੇਤਾ ਹੈ।

ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਵਧਾਵਾ ਸਿੰਘ ਬੱਬਰ ਦੀ ਸਰਪ੍ਰਸਤੀ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ, ਅੱਤਵਾਦੀ ਗਤੀਵਿਧੀਆਂ ਲਈ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਚਲਾਉਂਦਾ ਹੈ ਅਤੇ ਉਸ ਦੇ ਪ੍ਰਚਾਰ ਵਿੰਗ ਲੋਕਾਂ ਨੂੰ ਅੱਤਵਾਦ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿਰੁੱਧ ਉਨ੍ਹਾਂ ਦੀਆਂ ਕਾਰਵਾਈਆਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰਨ ਲਈ ਨਿਯਮਿਤ ਤੌਰ 'ਤੇ ਸਮਾਗਮਾਂ ਦਾ ਆਯੋਜਨ ਕਰਦੇ ਹਨ।

ਇਸ ਨੇ ਵਧਾਵਾ ਸਿੰਘ ਬੱਬਰ ਦੀਆਂ ਕਈ ਕਥਿਤ ਕਾਰਵਾਈਆਂ ਨੂੰ ਸੂਚੀਬੱਧ ਕੀਤਾ ਹੈ ਜਿਵੇਂ ਕਿ ਏਅਰ ਇੰਡੀਆ ਕਨਿਸ਼ਕ ਜਹਾਜ਼ ਦੀ ਉਡਾਣ ਨੂੰ ਜੂਨ 1985 ਵਿੱਚ ਹਾਈਜੈਕ ਕਰਨਾ, ਜਿਸ ਦੇ ਨਤੀਜੇ ਵਜੋਂ ਜਹਾਜ਼ ਵਿੱਚ ਧਮਾਕਾ ਹੋਇਆ ਅਤੇ 329 ਯਾਤਰੀਆਂ ਦੀ ਮੌਤ ਹੋ ਗਈ।

ਕੇਂਦਰ ਨੇ ਅੱਗੇ ਕਿਹਾ ਕਿ ਗਤੀਵਿਧੀਆਂ ਵਿੱਚ ਅਗਸਤ1995 ਵਿੱਚ ਚੰਡੀਗੜ੍ਹ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਇੱਕ ਮਨੁੱਖੀ ਬੰਬ ਰਾਹੀਂ ਕਤਲ ਵੀ ਸ਼ਾਮਲ ਹੈ, ਜਿਸ ਵਿੱਚ ਇੱਕ ਦਰਜਨ ਤੋਂ ਵੱਧ ਹੋਰ ਸਟਾਫ਼ ਮੈਂਬਰਾਂ ਦੀ ਮੌਤ ਹੋ ਗਈ ਸੀ।

'ਪਾਕਿਸਤਾਨ ਆਈਐਸਆਈ ਨੇ ਗੈਂਗਸਟਰਾਂ ਨੂੰ ਘੇਰਿਆ'

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਟਾਰਗਟਿੰਗ ਕਿਲਿੰਗ ਦੇ ਕੇਸ ਵਿੱਚ ਅਦਾਲਤ ਵਿੱਚ ਪੇਸ਼ ਕੀਤੇ ਗਏ ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਅਤੇ ਸਮਾਜ ਨੂੰ ਵਿਗਾੜਨ ਦੇ ਉਦੇਸ਼ ਨਾਲ ਕਈ ਅੱਤਵਾਦੀ ਕਾਰਵਾਈਆਂ ਰਾਹੀਂ ਖਾਲਿਸਤਾਨ ਦੀ ਵੱਖਵਾਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਗ੍ਰਿਫ਼ਤਾਰ ਅੱਤਵਾਦੀ ਮਡਿਊਲ ਮੈਂਬਰਾਂ ਨੇ ਅੱਤਵਾਦੀ ਹਮਲਿਆਂ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ।

ਇਹ ਖੁਲਾਸਾ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀ ਸਮੂਹਾਂ ਜਾਂ ਵਿਅਕਤੀਆਂ ਦੁਆਰਾ ਅਤੇ ਖਾਸ ਤੌਰ 'ਤੇ ਪਾਕਿਸਤਾਨ ਵਿਚਲੇ ਖਾਲਿਸਤਾਨ ਪੱਖੀ ਮੈਂਬਰਾਂ ਵੱਲੋਂ ਕੀਤਾ ਗਿਆ ਹੈ।

ਹਾਲ ਹੀ ਦੇ ਸਾਲਾਂ ਵਿੱਚ, ਹੈਂਡ ਗ੍ਰਨੇਡ, ਟਿਫਿਨ ਬੰਬ, ਆਈਈਡੀ, ਆਰਡੀਐਕਸ, ਆਰਪੀਜੀ, ਪਿਸਤੌਲ ਆਦਿ ਸਮੇਤ ਅਤਿ ਆਧੁਨਿਕ ਅੱਤਵਾਦੀ ਹਾਰਡਵੇਅਰ ਦੀ ਸਪਲਾਈ ਵਧਾ ਦਿੱਤੀ ਗਈ ਹੈ।

ਪੰਜਾਬ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਈ 2022 ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਧਮਾਕਾ ਹੋਇਆ ਸੀ

ਦਸਤਾਵੇਜ਼ ਵਿੱਚ ਅੱਗੇ ਕਿਹਾ ਗਿਆ ਹੈ, “ਪਾਕਿਸਤਾਨ ਆਈਐਸਆਈ ਨੇ ਹਰਵਿੰਦਰ ਸਿੰਘ ਉਰਫ਼ ਰਿੰਦਾ (ਹੁਣ ਪਾਕਿਸਤਾਨ ਵਿੱਚ), ਲਖਬੀਰ ਸਿੰਘ ਉਰਫ਼ ਲੰਡਾ (ਕੈਨੇਡਾ ਵਿੱਚ ਸਥਿਤ), ਅਰਸ਼ਦੀਪ ਉਰਫ਼ ਅਰਸ਼ ਡੱਲਾ (ਕੈਨੇਡਾ ਵਿੱਚ ਸਥਿਤ) ਆਦਿ ਵਰਗੇ ਬਦਨਾਮ ਗੈਂਗਸਟਰਾਂ ਨੂੰ ਅੱਤਵਾਦੀ ਬਣਾ ਦਿੱਤਾ ਹੈ।

'' ਇਸ ਨੈੱਟਵਰਕ ਦਾ ਕੰਮ ਦਿੱਲੀ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੱਤਵਾਦੀ ਹਮਲਿਆਂ/ਨਿਸ਼ਾਨਾ ਕਤਲਾਂ ਦੀ ਯੋਜਨਾ ਬਣਾਉਣਾ ਅਤੇ ਅੰਜਾਮ ਦੇਣਾ।"

ਇਸ ਵਿਚ ਕਿਹਾ ਗਿਆ ਹੈ, “ਅੱਤਵਾਦੀ ਬਣੇ ਇਨ੍ਹਾਂ ਗੈਂਗਸਟਰਾਂ ਨੇ ਆਪਣੇ ਅਪਰਾਧਿਕ ਨੈੱਟਵਰਕ ਨੂੰ ਹੋਰ ਅੱਗੇ ਵਧਾ ਲਿਆ ਹੈ ਅਤੇ ਨਾ ਸਿਰਫ਼ ਪੰਜਾਬ ਸਗੋਂ ਗੁਆਂਢੀ ਸੂਬਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਵੀ ਵਰਤੋਂ ਕਰ ਰਹੇ ਹਨ । ਉਹ ਉਨ੍ਹਾਂ ਨੂੰ ਵੱਡੀ ਰਕਮ ਦੀ ਪੇਸ਼ਕਸ਼ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਵਿਦੇਸ਼ ਵਿੱਚ ਵਸਾਉਣ ਦਾ ਵਾਅਦਾ ਕਰ ਰਹੇ ਹਨ.”

ਇਸ ਤਰ੍ਹਾਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਸਨਸਨੀਖੇਜ਼ ਅਤੇ ਹਾਈ-ਪ੍ਰੋਫਾਈਲ ਕਤਲ ਵਰਗੀਆਂ ਭਿਆਨਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਿਆ ਜਾ ਰਿਹਾ ਹੈ।

“ਸਿਰਫ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਘਿਨੌਣਾ ਕਤਲ ਹੀ ਨਹੀਂ, ਸਗੋਂ ਰਾਜਿੰਦਰ, ਰਾਜੂ ਥੇਠ ਵਰਗੇ ਰਾਜਨੀਤਿਕ ਕਾਰਜਕਰਤਾਵਾਂ ਅਤੇ ਸਮਾਜਿਕ-ਪ੍ਰਦੀਪ ਕੁਮਾਰ ਵਰਗੇ ਧਾਰਮਿਕ ਆਗੂ, ਉਹ ਵੀ ਇਸ ਦਾ ਸ਼ਿਕਾਰ ਹੋਏ ਹਨ।”

ਪੰਜਾਬ ਪੁਲਿਸ ਇਸ ‘ਗਠਜੋੜ’ ਬਾਰੇ ਕੀ ਕਰ ਰਹੀ ਹੈ?

ਪੰਜਾਬ ਪੁਲਿਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੰਜਾਬ ਪੁਲਿਸ (ਸੰਕੇਤਕ ਤਸਵੀਰ)

ਪੰਜਾਬ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਤੋਂ ਜਾਣੂ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਗੈਂਗਸਟਰ-ਅੱਤਵਾਦੀ ਗਠਜੋੜ ਨੂੰ ਤੋੜਨ ਲਈ ਮੁਹਿੰਮ ਜਾਰੀ ਹੈ।

ਪੰਜਾਬ ਪੁਲਿਸ ਨੇ ਕਈ ਵਾਰ ਵੱਖ-ਵੱਖ ਗੈਂਗਸਟਰਾਂ ਵਿਰੁੱਧ ਸੂਬਾ ਪੱਧਰੀ ਕਾਰਵਾਈ ਕੀਤੀ ਹੈ ਅਤੇ ਸੂਬੇ ਭਰ ਵਿੱਚ ਉਨ੍ਹਾਂ ਦੇ ਸਾਥੀਆਂ ਦੇ ਸੈਂਕੜੇ ਸ਼ੱਕੀ ਟਿਕਾਣਿਆਂ/ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।

ਅੱਤਵਾਦੀਆਂ ਨਾਲ ਜੁੜੇ ਗੈਂਗਸਟਰ ਦੇ ਇੱਕ ਮਾਮਲੇ ਦਾ ਹਵਾਲਾ ਦਿੰਦੇ ਹੋਏ, ਪੁਲਿਸ ਅਧਿਕਾਰੀ ਨੇ "ਸੋਨੂੰ ਖੱਤਰੀ ਗੈਂਗ" ਬਾਰੇ ਦੱਸਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਗੈਂਗਸਟਰ ਸੋਨੂੰ ਖੱਤਰੀ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਸਾਥੀ ਹੈ। ਪੁਲਿਸ ਨੇ ਉਸ ਦੇ ਕਥਿਤ ਗੈਂਗ ਮੈਂਬਰ ਸਾਜਨ ਗਿੱਲ ਵਾਸੀ ਜਲੰਧਰ ਨੂੰ ਗ੍ਰਿਫਤਾਰ ਕੀਤਾ ਤੇ ਕਈ ਸ਼ੂਟਰ ਵੀ ਗ੍ਰਿਫ਼ਤਾਰ ਕੀਤੇ ਹਨ।

ਪੁਲਿਸ ਅਤੇ ਐਨਆਈਏ ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋੜੀਂਦੇ ਗੈਂਗਸਟਰ ਹਨ ਪਰ ਸੂਚੀ ਦੇ ਸਿਖਰ 'ਤੇ ਹੇਠ ਲਿਖੇ ਸ਼ਾਮਲ ਹਨ:

ਕੈਨੇਡਾ ਅਧਾਰਤ ਗੈਂਗਸਟਰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਗੂ ਲਖਬੀਰ ਸਿੰਘ ਲੰਡਾ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ “ਵਿਅਕਤੀਗਤ ਅੱਤਵਾਦੀ” ਐਲਾਨਿਆ ਗਿਆ ਹੈ। ਉਹ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਮੰਨਿਆ ਜਾਂਦਾ ਹੈ ਕਿ ਲੰਡਾ 2017 ਵਿੱਚ ਕੈਨੇਡਾ ਭੱਜ ਗਿਆ ਸੀ।

ਉਸ 'ਤੇ ਪਾਕਿਸਤਾਨ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਦਾ ਕਰੀਬੀ ਸਹਿਯੋਗੀ ਹੋਣ ਦਾ ਇਲਜ਼ਾਮ ਹੈ।

ਗੈਂਗਸਟਰਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਹਰਵਿੰਦਰ ਸਿੰਘ ਸੰਧੂ

ਹਰਵਿੰਦਰ ਸਿੰਘ ਸੰਧੂ ਰਿੰਦਾ। ਉਹ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਹੈ, ਅਤੇ ਏਜੰਸੀਆਂ ਮੁਤਾਬਿਕ ਕਥਿਤ ਤੌਰ 'ਤੇ ਬੱਬਰ ਖਾਲਸਾ ਇੰਟਰਨੈਸ਼ਨਲ (ਭਖੀ) ਨਾਲ ਜੁੜਿਆ ਹੋਇਆ ਹੈ ਅਤੇ ਵਰਤਮਾਨ ਵਿੱਚ ਸਰਹੱਦ ਪਾਰ ਏਜੰਸੀਆਂ ਦੀ ਸਰਪ੍ਰਸਤੀ ਹੇਠ ਲਾਹੌਰ, ਪਾਕਿਸਤਾਨ ਵਿੱਚ ਸਥਿਤ ਹੈ।

ਅਧਿਕਾਰੀਆਂ ਦਾ ਕਹਿਣਾ ਹੈ, "ਹਰਵਿੰਦਰ ਸਿੰਘ ਸੰਧੂ ਦੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਨਾਲ ਸਿੱਧੇ ਸਬੰਧ ਹਨ ਅਤੇ ਉਹ ਵੱਡੇ ਪੱਧਰ 'ਤੇ ਨਸ਼ਿਆਂ ਤੋਂ ਇਲਾਵਾ ਹਥਿਆਰਾਂ, ਗੋਲਾ ਬਾਰੂਦ, ਅੱਤਵਾਦੀ ਹਾਰਡਵੇਅਰ ਦੀ ਸਰਹੱਦ ਪਾਰ ਤਸਕਰੀ ਵਿੱਚ ਵੀ ਸ਼ਾਮਲ ਹੈ।"

ਅਨਮੋਲ ਬਿਸ਼ਨੋਈ

ਪੰਜਾਬ ਦੇ ਅਬੋਹਰ ਦਾ ਰਹਿਣ ਵਾਲਾ, ਉਹ ਭਗੌੜਾ ਦੱਸਿਆ ਗਿਆ ਹੈ। ਉਹ ਸਿੱਧੂ ਮੂਸੇਵਾਲਾ ਕੇਸ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।

ਗੋਲਡੀ ਬਰਾੜ

ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਅਨੁਸਾਰ ਉਹ ਇਸ ਸਮੇਂ ਕੈਨੇਡਾ ਵਿੱਚ ਰਹਿੰਦਾ ਹੈ। ਉਹ ਕਥਿਤ ਗੈਂਗਸਟਰ ਰਿਹਾ ਹੈ ਅਤੇ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਰਿਹਾ ਹੈ। ਉਹ ਸਿੱਧੂ ਮੂਸੇਵਾਲਾ ਕੇਸ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)