ਉਹ ਸੜਕ ਜਿੱਥੇ ਚਲਦੀ ਗੱਡੀ ਦੀ ਬੈਟਰੀ ਘਟਦੀ ਨਹੀਂ ਸਗੋਂ ਚਾਰਜ ਹੁੰਦੀ ਹੈ, ਕੀ ਹੈ ਤਕਨੀਕ

ਇਲੈਕਟ੍ਰਿਕ ਵਾਹਨ

ਤਸਵੀਰ ਸਰੋਤ, Electreon

ਤਸਵੀਰ ਕੈਪਸ਼ਨ, ਜਿਵੇਂ ਹੀ ਕੋਈ ਇਲੈਕਟ੍ਰਿਕ ਵਾਹਨ ਇਸ ਸੜਕ ਦੇ ਉੱਤੋਂ ਲੰਘਦਾ ਹੈ ਤਾਂ ਉਹ ਚਾਰਜ ਹੋ ਜਾਂਦਾ ਹੈ
    • ਲੇਖਕ, ਮਾਰਟੀਨ ਪੈਰਿਸ
    • ਰੋਲ, ਬੀਬੀਸੀ ਫਿਊਚਰ

ਡਿਟ੍ਰੋਇਟ ਦੇ ਮਿਸ਼ੀਗਨ ਸ਼ਹਿਰ ਦੀ 14 ਸਟ੍ਰੀਟ ਹੀ ਅਮਰੀਕਾ ਦੀ ਪਹਿਲੀ ਅਜਿਹੀ ਜਨਤਕ ਥਾਂ ਹੈ ਜਿੱਥੇ ਤੁਸੀਂ ਜਦੋਂ ਇੱਕ ਇਲੈਕਟ੍ਰਿਕ ਵਾਹਨ ਚਲਾਉਂਦੇ ਹੋ ਤਾਂ ਇਸ ਨਾਲ ਬੈਟਰੀ ਘੱਟਦੀ ਨਹੀਂ ਸਗੋਂ ਹੋਰ ਚਾਰਜ ਹੁੰਦੀ ਹੈ।

ਇੱਥੋਂ ਦੀ 400 ਮੀਟਰ ਸੜਕ ਅਜਿਹੀ ਹੈ ਜਿਸ ਵਿੱਚ ਵਾਇਰਲੈੱਸ ਚਾਰਜਿੰਗ ਤਕਨੀਕ ਹੈ।

ਜਿਵੇਂ ਹੀ ਕੋਈ ਇਲੈਕਟ੍ਰਿਕ ਵਾਹਨ ਇਸ ਸੜਕ ਦੇ ਉੱਤੋਂ ਲੰਘਦਾ ਹੈ ਤਾਂ ਉਹ ਚਾਰਜ ਹੋ ਜਾਂਦਾ ਹੈ।

ਕੀ ਹੈ ਤਕਨੀਕ?

ਡਿਟ੍ਰੋਇਟ

ਤਸਵੀਰ ਸਰੋਤ, Stephen McGee/Michigan Central

ਤਸਵੀਰ ਕੈਪਸ਼ਨ, ਇਸ ਨਾਲ ਸੜਕ ਦੇ ਬਿਲਕੁਲ ਉੱਤੇ ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਤਿਆਹ ਹੁੰਦਾ ਹੈ

ਇਸ ਸੜਕ ਦੇ ਹੇਠਾਂ ਇਇਲੈਕਟ੍ਰੋਮੈਗਨੈਟਿਕ ਕੋਇਲਜ਼ ਵਿਛਾਈਆਂ ਗਈਆਂ ਹਨ ਜਿਹੜੀਆਂ ਕਿ ਸ਼ਹਿਰ ਦੇ ਪਾਵਰ ਗਰਿੱਡ ਨਾਲ ਜੁੜੀਆਂ ਹੋਇਆਂ ਹਨ।

ਇਸ ਨਾਲ ਸੜਕ ਦੇ ਬਿਲਕੁਲ ਉੱਤੇ ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਤਿਆਰ ਹੁੰਦਾ ਹੈ।

ਇਹ ਵਾਹਨ ਦੀ ਬੈਟਰੀ ਨਾਲ ਜੁੜੇ ਰਿਸੀਵਰ ਨੂੰ ਊਰਜਾ ਦਿੰਦੇ ਹਨ। ਇਸ ਪ੍ਰਕਿਰਿਆ ਨੂੰ ‘ਇੰਡਕਟਿਵ ਚਾਰਜਿੰਗ’ ਕਿਹਾ ਜਾਂਦਾ ਹੇ।

ਇਹ ਉਹੀ ਤਕਨੀਕ ਹੈ ਜਿਹੜੀ ਮੋਬਾਇਲ ਫੋਨ ਨੂੰ ਚਾਰਜ ਕਰਨ ਲਈ ਵਰਤੀ ਜਾਂਦੀ ਹੈ।

ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਲੋਕਾਂ ਦੇ ਇਲੈਕਟ੍ਰਿਕ ਵਾਹਨ ਵਰਤਣ ਸਮੇਂ ਸਾਹਮਣੇ ਆਉਂਦਾ ਇੱਕ ਮੁੱਖ ਅੜਿੱਕਾ ਦੂਰ ਹੋ ਜਾਵੇਗਾ।

ਲੋਕ ਇਸ ਡਰੋਂ ਇਲੈਕਟ੍ਰਿਕ ਵਾਹਨ ਨਹੀਂ ਵਰਤਦੇ ਕਿ ਉਹ ਇਸ ਉੱਤੇ ਜ਼ਿਆਦਾ ਦੂਰ ਤੱਕ ਨਹੀਂ ਜਾ ਸਕਦੇ।

ਹਾਲੇ ਵੀ ਵਾਹਨਾਂ ਨੂੰ ਚਾਰਜ ਕਰਨ ਲਈ ਸੁਵਿਧਾਵਾਂ ਉਪਲਬਧ ਨਹੀਂ ਹਨ।

ਲੰਬੇ ਸਫ਼ਰ ਉੱਤੇ ਜਾਣ ਲਈ ਵਾਹਨਾਂ ਨੂੰ ਚਾਰਜ ਕਰਨ ਲਈ ਸਮਾਂ ਲੱਗਣ ਕਾਰਨ ਲੋਕ ਪੈਟ੍ਰੋਲ-ਡੀਜ਼ਲ ਵਾਲੇ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨ ਵਰਤਣ ਤੋਂ ਡਰਦੇ ਹਨ।

ਪਰ ਅਜਿਹੀ ਸੜਕ ਦਾ ਹੋਣਾ ਜਿਸ ਉੱਤੇ ਚਲਾ ਕੇ ਵਾਹਨ ਚਾਰਜ ਹੋ ਜਾਵੇ ਵਾਹਨ ਮਾਲਕਾਂ ਵਿੱਚ ਵਿਸ਼ਵਾਸ ਭਰੇਗਾ।

ਇਲੈਕਟ੍ਰਿਕ ਵਾਹਨ

ਤਸਵੀਰ ਸਰੋਤ, Electreon

ਤਸਵੀਰ ਕੈਪਸ਼ਨ, ਲੰਬੇ ਸਫ਼ਰ ਉੱਤੇ ਜਾਣ ਲਈ ਵਾਹਨਾਂ ਨੂੰ ਚਾਰਜ ਕਰਨ ਲਈ ਸਮਾਂ ਲੱਗਣ ਕਾਰਨ ਲੋਕ ਪੈਟ੍ਰੋਲ-ਡੀਜ਼ਲ ਵਾਲੇ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨ ਵਰਤਣ ਤੋਂ ਡਰਦੇ ਹਨ

ਮੋਬਾਇਲਾਂ ਵਾਂਗ ਵਾਇਰਲੈੱਸ ਚਾਰਜਿੰਗ

ਇਲੈਕਟਰਿਓਨ ਕੰਪਨੀ ਵਿੱਚ ਬਿਜਨਸ ਡਵੈਲਪਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਸਟੀਫ਼ਨ ਟੋਂਗੁਰ ਦੱਸਦੇ ਹਨ ਕਿ ਜਿਵੇਂ ਕਦੇ ਮੋਬਾਇਲਾਂ ਨੂੰ ਵੀ ਚਾਰਜਿੰਗ ਕੇਬਲ ਦੀ ਲੋੜ ਹੁੰਦੀ ਸੀ ਅਤੇ ਹੁਣ ਨਹੀਂ ਹੈ। ਅਜਿਹਾ ਇਲੈਕਟ੍ਰਿਕ ਵਾਹਨਾਂ ਲਈ ਵੀ ਸੱਚ ਹੋ ਸਕਦਾ ਹੈ।

ਇਸ ਮਹੀਨੇ ਲਾਸ ਵੇਗਸ ਵਿੱਚ ਹੋਏ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ ਵਿੱਚ ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ, “ਅਸੀਂ ਤਾਰ ਤੋਂ ਵਾਇਰਲੈੱਸ ਤੱਕ ਜਾ ਸਕਦੇ ਹਾਂ।”

ਇਲੈਕਟ੍ਰੋਨ ਵਾਇਰਲੈੱਸ ਚਾਰਜਿੰਗ ਤਕਨੀਕ ਦੇ ਪਾਇਲਟ ਪ੍ਰੋਜੈਕਟ ਯੂਰਪ, ਏਸ਼ੀਆ, ਅਮਰੀਕਾ ਦੀਆਂ ਚੁਣਵੀਆਂ ਥਾਵਾਂ ਉੱਤੇ ਸ਼ੁਰੂ ਕਰ ਰਿਹਾ ਹੈ।

ਇਸ ਵੱਲੋਂ ਡਿਟ੍ਰੋਇਟ ਵਿੱਚ ਇਹ ਤਕਨੀਕ ਨਵੰਬਰ ਮਹੀਨੇ ਵਿੱਚ ਸ਼ੁਰੂ ਕੀਤੀ ਗਈ।

ਜਿਨ੍ਹਾਂ ਵਾਹਨਾਂ ਉੱਤੇ ਠੀਕ ਰਿਸੀਵਰ ਲੱਗਿਆਂ ਹੋਵੇਗਾ ਇਸ ਉੱਤੇ ਚਲਦਿਆਂ ਚਾਰਜ ਹੋ ਸਕਦੀਆਂ ਹਨ।

ਮਿਸ਼ੀਗਨ ਦੇ ਡਿਪਾਰਟਮੈਂਟ ਆਫ ਟ੍ਰਾਂਸਿਟ ਨੇ ਇਸ ਲਈ 1.9 ਮਿਲੀਅਨ ਡਾਲਰ ਦੀ ਫੰਡਿੰਗ ਦਿੱਤੀ ਅਤੇ ਬਾਕੀ ਪੈਸੇ ਇਲੈਟ੍ਰਿਓਨ ਵੱਲੋਂ ਪਾਏ ਗਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਇਸ ‘ਸਮਾਰਟ ਰੋਡ’ ਨੂੰ ਵਧਾ ਕੇ ਇੱਕ ਮੀਲ ਕੀਤਾ ਜਾਵੇ।

ਇਸ ਮਗਰੋਂ ਅਗਲੇ ਕੁਝ ਸਾਲਾਂ ਅੰਦਰ ਇਸ ਤਕਨੀਕ ਦਾ ਸ਼ਹਿਰ ਦੇ ਅਸਲ ਹਾਲਾਤ ਵਿੱਚ ਪ੍ਰੀਖਣ ਕੀਤਾ ਜਾਵੇ।

ਮਿਸ਼ਗਿਨ ਦੇ ਚੀਫ਼ ਮੋਬਿਲਿਟੀ ਅਫ਼ਸਰ ਜਸਟੀਨ ਜੋਹਨਸਨ ਨੇ ਦੱਸਿਆ ਕਿ ਇਹ ਮਿਸ਼ੀਗਨ ਦੇ ਗਵਰਨਰ ਗ੍ਰੇਚਨ ਵ੍ਹਿਟਮਰ ਦੇ ਸੂਬੇ ਦੇ ਆਵਾਜਾਈ ਢਾਂਚੇ ਨੂੰ 2030 ਤੱਕ ‘ਕਾਰਬਨ ਨਿਊਟਰਲ’ ਬਣਾਉਣ ਦੇ ਟੀਚੇ ਦਾ ਹਿੱਸਾ ਹੈ।

ਇਸ ਵਿੱਚ ਇੱਥੇ 2030 ਤੱਕ ਇਲੈਕਟ੍ਰਿਕ ਵਾਹਨ ਚਾਰਜ ਕਰਨ ਲਈ ਲੋੜੀਂਦਾ ਢਾਂਚਾ, ਵਾਇਰਲੈੱਸ ਚਾਰਜਿੰਗ ਰੋਡਜ਼ ਉੱਤੇ ਧਿਆਨ ਦੇਣ ਅਤੇ ਇੱਕ ਮਿਲੀਅਨ ਇਲੈਕਟ੍ਰਿਕ ਵਾਹਨਾਂ ਦੇ ਲਈ 100,000 ਚਾਰਜਰ ਮੁਹੱਈਆ ਕਰਵਾਉਣਾ ਵੀ ਸ਼ਾਮਲ ਹੈ।

ਉਹ ਕਹਿੰਦੇ ਹਨ ਕਿ ਡਿਟ੍ਰੋਇਟ ਨੂੰ ‘ਮੋਟਰ ਸਿਟੀ’ ਵਜੋਂ ਜਾਣਿਆਂ ਜਾਂਦਾ ਹੈ ਅਤੇ ਇਹ ਅਜਿਹੀ ਤਕਨੀਕ ਦੀ ਵਰਤੋਂ ਦੇ ਲਈ ਢੁੱਕਵੀ ਥਾਂ ਹੈ।

ਡਿਟ੍ਰੋਇਟ

ਤਸਵੀਰ ਸਰੋਤ, Stephen McGee/Michigan Central

ਤਸਵੀਰ ਕੈਪਸ਼ਨ, ਕਈ ਮਾਹਰ ਇਸ ਬਾਰੇ ਸਵਾਲ ਚੁੱਕ ਰਹੇ ਹਨ ਕਿ ਇਸ ਨੂੰ ਵੱਡੇ ਪੱਧਰ ਲਾਗੂ ਕੀਤਾ ਜਾ ਸਕਦਾ ਹੈ ਜਾਂ ਨਹੀਂ

ਕਿੰਨਾ ਖਰਚਾ?

ਇਸ ਤਕਨੀਕ ਦਾ ਪ੍ਰਤੀ ਮੀਲ ਖਰਚਾ 2 ਮਿਲੀਅਨ ਡਾਲਰ ਦੇ ਕਰੀਬ ਹੈ।

ਕਈ ਮਾਹਰ ਇਸ ਬਾਰੇ ਸਵਾਲ ਚੁੱਕ ਰਹੇ ਹਨ ਕਿ ਇਸ ਨੂੰ ਵੱਡੇ ਪੱਧਰ ਲਾਗੂ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਅਜਿਹੀਆਂ ਸੜਕਾਂ ਪੂਰੇ ਸ਼ਹਿਰ ਉੱਤੇ ਲਾਗੂ ਕਰਨ ਦਾ ਮੌਜੂਦਾ ਕੀਮਤਾਂ ਉੱਤੇ ਕੀ ਮੁੱਲ ਬਣੇਗਾ ਇਹ ਸੋਚਿਆ ਵੀ ਨਹੀਂ ਜਾ ਸਕਦਾ।

ਟੋਂਗੁਰ ਇਹ ਮੰਨਦੇ ਹਨ ਕਿ ਹੌਲੀ-ਹੌਲੀ ਇਸ ਤਕਨੀਕ ਦੀ ਕੀਮਤ ਘਟਣੀ ਸ਼ੁਰੂ ਹੋ ਜਾਵੇਗੀ ਅਤੇ ਉਹ ਇਹ ਅੰਦਾਜ਼ਾ ਲਾਉਂਦੇ ਹਨ ਕਿ ਇਸ ਦਾ ਮੁੱਲ 1.2 ਮਿਲੀਅਨ ਤੱਕ ਪਹੁੰਚ ਜਾਵੇਗਾ ਅਤੇ ਰਿਸੀਵਰ ਦਾ ਮੁੱਲ 1000 ਡਾਲਰ ਤੱਕ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ-

ਕੀ ਹਵਾਈ ਗੱਲਾਂ ਤੇ ਨਹੀਂ?

ਹਾਰਵਰਡ ਲਾਅ ਸਕੂਲ ਵਿੱਚ ਬਿਹੇਵੀਅਰਲ ਇਕੋਨੋਮਿਕਸ ਦਾ ਅਧਿਐਨ ਕਰਨ ਵਾਲੇ ਐਸ਼ਲੇ ਨੁਨਸ ਕਹਿੰਦੇ ਹਨ, “ਵਾਇਰਲੈੱਸ ਚਾਰਚਿੰਗ ਕਾਗਜ਼ਾਂ ਉੱਤੇ ਚੰਗੀ ਲੱਗਦੀ ਹੈ, ਇਸ ਦੀ ਕੀਮਤ ਇਸ ਨੂੰ ਜ਼ਮੀਨ ਉੱਤੇ ਲਾਗੂ ਕਰਨਾ ਮੁਸ਼ਕਲ ਬਣਾਉਂਦੀ ਹੈ।

ਪਰ ਟੋਂਗੁਰ ਮੁਤਾਬਕ ਇਹ ਤਕਨੀਕ ਹਰ ਸੜਕ ਦੇ ਥੱਲੇ ਨਹੀਂ ਹੋ ਸਕਦੀ।

ਉਹ ਦੱਸਦੇ ਹਨ, “ਇਸ ਨੂੰ ਹਰੇਕ ਸੜਕ ਥੱਲੇ ਲਗਾਉਣਾ ਸੰਭਵ ਵੀ ਨਹੀਂ ਹੈ, ਇਸ ਬਾਰੇ ਫ਼ੈਸਲਾ ਰਣਨੀਤਕ ਤੌਰ ਉੱਤੇ ਲਿਆ ਜਾਣਾ ਚਾਹੀਦਾ ਹੈ।”

ਕੰਪਨੀ ਸ਼ੁਰੂਆਤ ਵਿੱਚ ਟ੍ਰਾਂਸਿਟ ਕੋਰੀਡੋਰ ਉੱਤੇ ਧਿਆਨ ਦੇ ਰਹੀ ਹੈ ਜਿੱਥੇ ਵਪਾਰਕ ਵਾਹਨ ਮਿੱਥੇ ਟਾਈਮ ਉੱਤੇ ਆਉਂਦੇ ਹਨ।

ਇਸ ਵਿੱਚ ਬੱਸਾਂ, ਟਰੱਕ ਵੀ ਸ਼ਾਮਲ ਹਨ। ਇਨ੍ਹਾਂ ਵਾਹਨਾਂ ਨੂੰ ਰੋਕਣ ਦੀ ਥਾਂ ਸੜਕ ਉੱਤੇ ਚਲਦਿਆਂ ਹੀ ਚਾਰਜ ਕਰਨ ਦੇ ਫਾਇਦੇ ਹਨ।

ਨੁਨਸ ਇਹ ਮੰਨਦੇ ਹਨ ਕਿ ਵਾਰਿਲੈੱਸ ਚਾਰਜਿੰਗ ਮੱਧਮ ਅਤੇ ਭਾਰੀ ਟਰੱਕਾਂ ਦੇ ਲਈ ਇੱਕ ਸੰਭਾਵੀ ਹੱਲ ਹੋ ਸਕਦਾ ਹੈ। ਇਹ ਪ੍ਰਤੀ ਮੀਲ ਵੱਧ ਕਾਰਬਨ ਵਾਤਾਵਰਣ ਵਿੱਚ ਛੱਡਦੇ ਹਨ।

ਇਲੈਕਟ੍ਰਿਕ ਵਾਹਨ

ਤਸਵੀਰ ਸਰੋਤ, Getty Images

ਉਹ ਦੱਸਦੇ ਹਨ, “ਜੇਕਰ ਇਹ ਵਾਹਨ ਇੱਕ ਮਿੱਥੇ ਰੂਟ ਉੱਤੇ ਚੱਲ ਰਹੇ ਹਨ ਤਾਂ ਸੜਕ ਵਿੱਚ ਇਹ ਤਕਨੀਕ ਲਿਆਉਣ ਲਈ ਬਦਲਾਅ ਕਰਨਾ ਠੀਕ ਫ਼ੈਸਲਾ ਹੋ ਸਕਦਾ ਹੈ।”

ਟੋਂਗੁਰ ਦੱਸਦੇ ਹਨ ਕਿ ਉਹ ਫਾਸਟ ਚਾਰਜਰ ਦੀ ਨਕਲ ਨਹੀਂ ਕਰ ਰਹੇ। ਉਹ ਕਹਿੰਦੇ ਹਨ ਕਿ ਇਲੈਟ੍ਰਿਓਨ ਪ੍ਰਤੀ 35 ਕਿਲੋਵਾਟ ਚਾਰਜਿੰਗ ਹਾਸਲ ਕਰ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਜਿਨ੍ਹਾਂ ਬੱਸਾਂ ਅਤੇ ਟਰੱਕਾਂ ਵਿੱਚ ਤਿੰਨ ਰਿਸੀਵਰ ਹਨ ਉਹ ਸੜਕ ਉੱਤੇ ਚਲਦੇ ਸਮੇਂ ਹੀ 100 ਕਿਲੋਵਾਟ ਊਰਜਾ ਲੈ ਸਕਦੇ ਹਨ।

ਕਈ ਮੀਲਾਂ ਦੇ ਸਫ਼ਰ ਵਿੱਚ ਅਜਿਹੀ ਤਕਨੀਕ ਰੇਂਜ ਵਿੱਚ ਵਾਧਾ ਕਰ ਸਕਦੀ ਹੈ, ਖ਼ਾਸ ਕਰਕੇ ਇਹ ਅਜਿਹੀਆਂ ਥਾਵਾਂ ਉੱਤੇ ਬਹੁਤ ਫਾਇਦੇਮੰਦ ਹੋਵੇਗੀ ਜਿੱਥੇ ਘੱਟ ਚਾਰਜਿੰਗ ਸਟੇਸ਼ਨ ਹਨ।

ਹੋਰ ਕਿਹੜੇ ਦੇਸ਼ ਇਸ ਤਕਨੀਕ ਵਿੱਚ ਪੈਸੇ ਲਗਾ ਰਹੇ

ਤਕਨੀਕ

ਤਸਵੀਰ ਸਰੋਤ, Electreon

ਤਸਵੀਰ ਕੈਪਸ਼ਨ, ਟੋਯੋਟਾ, ਬੀਐਮਡਬਲਯੂ, ਫੋਰਡ ਅਤੇ ਟੈੱਸਲਾ ਜਿਹੀਆਂ ਕੰਪਨੀਆਂ ਵੀ ਅਜਿਹੀ ਤਕਨੀਕ ਉੱਤੇ ਕੰਮ ਕਰ ਰਹੀਆਂ ਹਨ

ਯੂਰਪ ਵਿੱਚ ਫਰਾਂਸ ਦੀ ਸਾਲ 2035 ਤੱਕ 8,850 ਕਿਲੋਮੀਟਰ ਅਜਿਹੇ ਇਲੈਕਟ੍ਰੀਫਾਈਡ ਰੋਡਜ਼ ਬਣਾਉਣ ਦੀ ਯੋਜਨਾ ਹੈ। ਅਜਿਹਾ ਓਵਰਹੈੱਡ ਕੇਬਲਜ਼, ਰੇਲਜ਼ ਅਤੇ ਇੰਡਕਸ਼ਨ ਚਾਰਜਿੰਗ ਦੀ ਤਕਨੀਕ ਦੀ ਵਰਤੋਂ ਨਾਲ ਕੀਤਾ ਜਾਵੇਗਾ।

ਉੱਥੇ ਹੀ ਜਰਮਨੀ 4000 ਕਿਲੋਮੀਟਰ ਸੜਕ ਉੱਤੇ ਅਜਿਹੀ ਤਕਨੀਕ ਨੂੰ ਵਰਤੋਂ ਵਿੱਚ ਲਿਆਉਣ ਜਾ ਰਿਹਾ ਹੈ।

ਸਵੀਡਨ ਦੇ ਅੰਦਾਜ਼ਿਆਂ ਮੁਤਾਬਕ 2000 ਕਿਲੋਮੀਟਰ ਉੱਤੇ ਇਸ ਤਕਨੀਕ ਲਈ 2.9-3.8 ਬਿਲੀਅਨ ਡਾਲਰ ਦਾ ਖਰਚਾ ਹੋਵੇਗਾ।

ਟੋਯੋਟਾ, ਬੀਐਮਡਬਲਯੂ, ਫੋਰਡ ਅਤੇ ਟੈੱਸਲਾ ਜਿਹੀਆਂ ਕੰਪਨੀਆਂ ਵੀ ਅਜਿਹੀ ਤਕਨੀਕ ਉੱਤੇ ਕੰਮ ਕਰ ਰਹੀਆਂ ਹਨ।

ਇਹ ਬਦਲਾਅ ਆ ਰਿਹਾ ਹੈ। ਅਮਰੀਕਾ ਵਿੱਚ ਫੈਡਰਲ ਸਰਕਾਰ ਨੇ ਨੈਸ਼ਨਲ ਇਲੈਕਟ੍ਰਿਕ ਵਹੀਕਲ ਇੰਫਰਾਸਟਰਕਚਰ ਪ੍ਰੋਗਰਾਮ ਤਹਿਤ ਕਈ ਬਿਲੀਅਨ ਡਾਲਰ ਪਾਸੇ ਰੱਖੇ ਹਨ।

ਚਾਰਜਿੰਗ ਐਂਡ ਫਿਊਲਿੰਗ ਇੰਫਰਾਸਟਰਕਚਰ ਪ੍ਰੋਗਰਾਮ ਦੇ ਤਹਿਤ ਮੁੱਖ ਸੜਕਾਂ ਉੱਤੇ ਹਾਈ ਸਪੀਡ ਚਾਰਜਿੰਗ ਲਈ ਤਕਨੀਕ ਵਿਕਸਿਤ ਕੀਤੀ ਜਾਵਗੀ।

ਬਾਈਡਨ ਪ੍ਰਸ਼ਾਸਨ ਦਾ ਇਹ ਟੀਚਾ ਹੈ ਕਿ ਸਾਲ 2030 ਤੱਕ 500,000 ਜਨਤਕ ਤੌਰ ਉੱਤੇ ਉਪਲਬਧ ਚਾਰਜਰ ਮੁਹੱਈਆ ਕਰਵਾਏ ਜਾਣ ਅਤੇ ਸੜਕਾਂ ਉੱਤੇ ਹੀ ਚਾਰਜਿੰਗ ਦੀ ਤਕਨੀਕ ਵਿਕਸਿਤ ਕਰਨਾ ਵੀ ਇਸ ਦਾ ਇੱਕ ਹਿੱਸਾ ਹੋ ਸਕਦਾ ਹੈ।