ਇਲੈਕਟ੍ਰਿਕ ਗੱਡੀਆਂ ਦੇ ਲਾਹੇਵੰਦ ਹੋਣ ਦੇ ਨਾਲ ਭਾਰਤ 'ਚ ਇਹ ਸਮੱਸਿਆਵਾਂ ਵੀ ਹਨ

ਤਸਵੀਰ ਸਰੋਤ, Getty Images
- ਲੇਖਕ, ਨਵੀਨ ਨੇਗੀ
- ਰੋਲ, ਬੀਬੀਸੀ ਪੱਤਰਕਾਰ
ਇਨ੍ਹੀਂ ਦਿਨੀਂ ਜੇ ਕੋਈ ਨਵੀਂ ਗੱਡੀ ਖ਼ਰੀਦਣ ਦਾ ਵਿਚਾਰ ਰੱਖਦਾ ਹੈ ਤਾਂ ਉਹ ਇਲੈਕਟ੍ਰਿਕ ਵਾਹਨਾਂ ਬਾਰੇ ਇੱਕ ਵਾਰ ਜ਼ਰੂਰ ਸੋਚਦਾ ਹੈ।
ਕੁਝ ਲੋਕ ਸਲਾਹ ਦਿੰਦੇ ਹਨ ਕਿ ਆਉਣ ਵਾਲਾ ਸਮਾਂ ਇਲੈਕਟ੍ਰਿਕ ਗੱਡੀਆਂ ਦਾ ਹੀ ਹੈ ਤਾਂ ਉਸੇ ’ਤੇ ਹੀ ਪੈਸਾ ਖ਼ਰਚ ਕਰਨਾ ਚਾਹੀਦਾ ਹੈ।
ਇਹ ਉਸ ਵੇਲੇ ਦੁਵਿਧਾ ਬਣ ਜਾਂਦੀ ਹੈ ਜਦੋਂ ਕੋਈ ਕਹਿੰਦਾ ਹੈ ਕਿ ਇਲੈਕਟ੍ਰਿਕ ਵਾਹਨਾਂ ਲਈ ਦੇਸ਼ ਹਾਲੇ ਤਿਆਰ ਨਹੀਂ ਹੈ ਅਤੇ ਇਸ ਨੂੰ ਖ਼ਰੀਦਣ ’ਤੇ ਹਾਲੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਲੈਕਟ੍ਰਿਕ ਵਾਹਨਾਂ ਬਾਰੇ ਅੰਕੜੇ ਕੀ ਦੱਸਦੇ ਹਨ

ਤਸਵੀਰ ਸਰੋਤ, Getty Images
ਸਰਕਾਰ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਇਸ ਵੇਲੇ 13 ਲੱਖ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨ ਵਰਤੋਂ ਵਿੱਚ ਹਨ।
ਭਾਰੀ ਉਦਯੋਗ ਦੇ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਰਾਜ-ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਸੀ ਕਿ 3 ਅਗਸਤ 2022 ਤੱਕ ਭਾਰਤ ਵਿੱਚ ਸਭ ਤੋਂ ਜ਼ਿਆਦਾ ਇਲੈਕਟ੍ਰਿਕ ਵਹੀਕਲ ਵਜੋਂ ਤਿੰਨ-ਪਹੀਆ ਯਾਨੀ ਈ-ਰਿਕਸ਼ਾ ਮੌਜੂਦ ਹਨ, ਜਿਨ੍ਹਾਂ ਦੀ ਗਿਣਤੀ ਕਰੀਬ ਅੱਠ ਲੱਖ ਹੈ।
ਉਸ ਤੋਂ ਬਾਅਦ ਦੋ-ਪਹੀਆ ਵਾਹਨਾਂ ਦਾ ਨੰਬਰ ਆਉਂਦਾ ਹੈ ਜੋ ਪੰਜ ਲੱਖ ਤੋਂ ਵੱਧ ਹਨ ਅਤੇ ਫਿਰ ਚਾਰ-ਪਹੀਆ ਯਾਨੀ ਗੱਡੀਆਂ ਆਉਂਦੀਆਂ ਹਨ। ਭਾਰਤ ਵਿੱਚ ਵਰਤੋਂ ਅਧੀਨ ਗੱਡੀਆਂ ਦੀ ਗਿਣਤੀ 50 ਹਜ਼ਾਰ ਤੋਂ ਕੁਝ ਵੱਧ ਹੈ।

ਤਸਵੀਰ ਸਰੋਤ, Getty Images

ਇੱਕ ਨਜ਼ਰ ਹਾਈਬ੍ਰਿਡ ਤੇ ਇਲੈਕਟ੍ਰਿਕ ਵਾਹਨ ਬਾਰੇ
- ਹਾਈਬ੍ਰਿਡ ਵਾਹਨ ਨੂੰ ਇਲੈਕਟ੍ਰਿਕ ਦੀ ਤਰ੍ਹਾਂ ਘੰਟਿਆਂ ਬੱਧੀ ਚਾਰਜ ਕਰਨ ਦੀ ਲੋੜ ਨਾ ਹੋਣਾ।
- ਹਾਈਬ੍ਰਿਡ ਵਾਹਨ ਦੀ ਬੈਟਰੀ ਅੰਦਰੂਨੀ ਇੰਜਣ ਨਾਲ ਹੀ ਚਾਰਜ ਹੋ ਜਾਂਦੀ ਹੈ। ਜਦਕਿ ਇਲੈਕਟ੍ਰਿਕ ਵਾਹਨ ਨੂੰ 5-6 ਘੰਟੇ ਚਾਰਜ ਕਰਨਾ ਪੈਂਦਾ ਹੈ।
- ਹਾਈਬ੍ਰਿਡ ਵਾਹਨ ਦੀ ਸਮਰੱਥਾ ਸਹੀ ਟ੍ਰੈਫਿਕ ਨਿਯਮਾਂ, ਸੜਕ ਦੇ ਡਿਜ਼ਾਈਨ ਅਤੇ ਕਿਸੇ ਹੱਦ ਤੱਕ ਕੌਮੀ ਡਰਾਈਵਿੰਗ ਤਰੀਕਿਆਂ 'ਤੇ ਨਿਰਭਰ ਕਰਦੀ ਹੈ।
- ਹਾਈਬ੍ਰਿਡ ਬਾਰੇ ਹਾਲ ਹੀ ਵਿੱਚ ਹੋਈ ਖੋਜ ਦੱਸਦੀ ਹੈ ਕਿ ਪਲੱਗ-ਇਨ ਹਾਈਬ੍ਰਿਡ ਕਾਰਾਂ ਤੋਂ ਕਾਰਬਨ ਡਾਈਆਕਸਾਈਡ ਦਾ ਨਿਕਾਸ ਅਧਿਕਾਰਤ ਟੈਸਟਾਂ ’ਚ ਦੱਸੇ ਮੁਕਾਬਲੇ ਢਾਈ ਗੁਣਾ ਵੱਧ ਹੈ।


ਤਸਵੀਰ ਸਰੋਤ, Getty Images
ਵਿੱਤੀ ਵਰ੍ਹੇ 2021-22 ਵਿੱਚ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਤਿੰਨ ਗੁਣਾ ਵਧੀ।
ਸਰਕਾਰ ਨੇ ਇਲੈਕਟ੍ਰਿਕ ਵਾਹਨ ’ਤੇ ਲੱਗਣ ਵਾਲੇ ਜੀਐੱਸਟੀ ਨੂੰ ਵੀ 12 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕਰ ਦਿੱਤਾ ਹੈ।
ਇਹ ਤਾਂ ਗੱਲ ਹੋਈ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਨਾਲ ਜੁੜੇ ਅੰਕੜਿਆਂ ਦੀ।
ਹੁਣ ਗੱਲ ਕਰਦੇ ਹਾਂ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਉਨ੍ਹਾਂ ਮੁਸ਼ਕਲਾਂ ਅਤੇ ਚੁਣੌਤੀਆਂ ਦੀ ਜੋ ਭਾਰਤ ਸਾਹਮਣੇ ਖੜ੍ਹੀਆਂ ਹਨ।


ਇਲੈਕਟ੍ਰਿਕ ਵਾਹਨ ਦੀ ਕੀਮਤ
ਇਲੈਕਟ੍ਰਿਕ ਗੱਡੀਆਂ ਦੀ ਕੀਮਤ ਪੈਟਰੋਲ ਜਾਂ ਡੀਜ਼ਲ ਗੱਡੀਆਂ ਦੇ ਮੁਕਾਬਲੇ ਜ਼ਿਆਦਾ ਹੈ।
ਭਾਵੇਂ ਸਰਕਾਰ ਇਨ੍ਹਾਂ ’ਤੇ ਰਿਆਇਤਾਂ ਦੇ ਰਹੀ ਹੈ, ਪਰ ਫਿਰ ਵੀ ਪੈਟਰੋਲ-ਡੀਜ਼ਲ ਦੀਆਂ ਗੱਡੀਆਂ ਦੇ ਮੁਕਾਬਲੇ ਇਹ ਵਾਹਨ ਮਹਿੰਗੇ ਹੀ ਹਨ।
ਉਦਾਹਰਨ ਵਜੋਂ ਟਾਟਾ ਦੀ ਨੈਕਸਾਨ ਗੱਡੀ ਦੇ ਪੈਟਰੋਲ ਅਤੇ ਡੀਜ਼ਲ ਵੇਰੀਐਟ ਦੀ ਦਿੱਲੀ ਵਿੱਚ ਕੀਮਤ ਜਿੱਥੇ ਸਾਢੇ ਸੱਤ ਲੱਖ ਤੋਂ ਪੰਦਰਾਂ ਲੱਖ ਦਰਮਿਆਨ ਹੈ।
ਉੱਥੇ ਹੀ ਨੈਕਸਾਨ ਦੀ ਇਲੈਕਟ੍ਰਿਕ ਗੱਡੀ ਦੀ ਕੀਮਤ ਦਿੱਲੀ ਵਿੱਚ ਸਾਢੇ ਪੰਦਰਾਂ ਲੱਖ ਤੋਂ ਸ਼ੁਰੂ ਹੋ ਕੇ ਅਠਾਰਾਂ ਲੱਖ ਤੱਕ ਪਹੁੰਚਦੀ ਹੈ।

ਤਸਵੀਰ ਸਰੋਤ, Getty Images
ਬੈਟਰੀ ਦੀ ਉਮਰ
ਇਲੈਕਟ੍ਰਿਕ ਗੱਡੀਆਂ ਵਿੱਚ ਲੀਥੀਅਮ ਆਇਨ ਬੈਟਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਬੈਟਰੀਆਂ 6-7 ਸਾਲ ਤੱਕ ਹੀ ਚੱਲਦੀਆਂ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਬਦਲਣਾ ਪੈਂਦਾ ਹੈ।
ਬੈਟਰੀਆਂ ਦੀ ਘੱਟ ਲਾਈਫ਼ ਇਸ ਨੂੰ ਖ਼ਰੀਦਣ ਵਾਲਿਆਂ ਦੇ ਮਨ ਵਿੱਚ ਖ਼ਦਸ਼ੇ ਪੈਦਾ ਕਰਦੀ ਹੈ।
ਦਰਅਸਲ ਇੱਕ ਬੈਟਰੀ ਦੀ ਕੀਮਤ ਕਿਸੇ ਇਲੈਕਟ੍ਰਿਕ ਗੱਡੀ ਦੀ ਤਿੰਨ-ਚੌਥਾਈ ਰਕਮ ਦੇ ਬਰਾਬਰ ਹੁੰਦੀ ਹੈ।
ਹਾਲਾਂਕਿ ਸਰਕਾਰ ਨੇ ਪਿਛਲੇ ਸਾਲ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਯਾਨੀ ਪੀਐੱਲਆਈ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਯੋਜਨਾ ਦੇਸ਼ ਵਿੱਚ ਐਡਵਾਂਸ ਕੈਮਿਸਟਰੀ ਸੈੱਲ ਦੇ ਨਿਰਮਾਣ ਲਈ ਲਿਆਂਦੀ ਗਈ, ਜਿਸ ਨਾਲ ਬੈਟਰੀ ਦੀਆਂ ਕੀਮਤਾਂ ਨੂੰ ਘਟਾਇਆ ਜਾ ਸਕੇ।

ਤਸਵੀਰ ਸਰੋਤ, Getty Images
ਚਾਰਜਿੰਗ ਸਟੇਸ਼ਨਾਂ ਦੀ ਘਾਟ
ਭਾਰਤ ਵਿੱਚ ਇਲੈਕਟ੍ਰਿਕ ਗੱਡੀਆਂ ਲਈ ਚਾਰਜਿੰਗ ਸਟੇਸ਼ਨਾਂ ਦੀ ਵੀ ਭਾਰੀ ਕਮੀ ਦੇਖਣ ਨੂੰ ਮਿਲਦੀ ਹੈ।
ਜਿਸ ਤਰ੍ਹਾਂ ਸਾਨੂੰ ਹਰ ਹਾਈਵੇਅ ਜਾਂ ਸੜਕ ਉੱਤੇ ਪੈਟਰੋਲ ਪੰਪ ਨਜ਼ਰ ਆ ਜਾਂਦੇ ਹਨ, ਉਸ ਦੇ ਮੁਕਾਬਲੇ ਚਾਰਜਿੰਗ ਸਟੇਸ਼ਨ ਬਹੁਤ ਹੀ ਘੱਟ ਥਾਂਵਾਂ ਉੱਤੇ ਦਿੱਸਦੇ ਹਨ।
ਭਾਰਤ ਸਰਕਾਰ ਮੁਤਾਬਕ ਦੇਸ਼ ਭਰ ਵਿੱਚ ਇਸ ਵੇਲੇ 1740 ਜਨਤਕ ਚਾਰਜਿੰਗ ਸਟੇਸ਼ਨ ਚੱਲ ਰਹੇ ਹਨ।
ਕਈ ਵਾਰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਪੈਟਰੋਲ ਪੰਪ ’ਤੇ ਹੀ ਇਲੈਕਟ੍ਰਿਕ ਗੱਡੀਆਂ ਨੂੰ ਚਾਰਜ ਕਰਨ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।
ਪਰ ਇਸ ਵਿੱਚ ਇੱਕ ਵੱਡੀ ਚੁਣੌਤੀ ਇਹ ਹੈ ਕਿ ਇਲੈਕਟ੍ਰਿਕ ਗੱਡੀਆਂ ਨੂੰ ਚਾਰਜ ਕਰਨ ਵਿੱਚ 1-5 ਘੰਟੇ ਦਾ ਸਮਾਂ ਲੱਗਦਾ ਹੈ।
ਅਜਿਹੇ ਵਿੱਚ ਵਾਹਨ ਨੂੰ ਚਾਰਜ ਕਰਨਾ ਕਿਸੇ ਗੱਡੀ ਵਿੱਚ ਪੈਟਰੋਲ, ਡੀਜ਼ਲ ਜਾਂ ਸੀਐੱਨਜੀ ਪਵਾਉਣ ਜਿੰਨੀ ਤੇਜ਼ੀ ਨਾਲ ਨਹੀਂ ਹੋ ਸਕਦਾ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਘਰ ਅੰਦਰ ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਨ ਦੀਆਂ ਵੀ ਵੱਖਰੀਆਂ ਚੁਣੌਤੀਆਂ ਹਨ।
ਆਮਤੌਰ ’ਤੇ ਦੋ-ਪਹੀਆਂ ਗੱਡੀਆਂ ਜਾਂ ਈ-ਰਿਕਸ਼ਾ ਦੀ ਬੈਟਰੀ ਨੂੰ ਲੋਕ ਘਰ ਅੰਦਰ ਹੀ ਚਾਰਜ ਕਰਦੇ ਹਨ।
ਪਰ ਇਸ ਵਿੱਚ ਲੰਬਾ ਸਮਾਂ ਲੱਗਦਾ ਹੈ, ਜਿਵੇਂ ਸਵੇਰੇ ਗੱਡੀ ਤਿਆਰ ਰੱਖਣ ਲਈ ਉਸ ਨੂੰ ਰਾਤ ਵੇਲੇ ਚਾਰਜ ’ਤੇ ਲੱਗਾ ਦਿੱਤਾ ਜਾਂਦਾ ਹੈ।
ਇਲੈਕਟ੍ਰਿਕ ਗੱਡੀਆਂ ਦੀ ਰੇਂਜ ਨਾਲ ਜੁੜੀ ਸਮੱਸਿਆ

ਤਸਵੀਰ ਸਰੋਤ, Getty Images
ਚਾਰਜਿੰਗ ਸਟੇਸ਼ਨਾਂ ਦੀ ਕਮੀ ਦੇ ਨਾਲ ਹੀ ਗੱਡੀਆਂ ਦੀ ਰੇਂਜ ਨੂੰ ਲੈ ਕੇ ਵੀ ਡਰਾਈਵਰਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ ਹੈ।
ਅਕਸਰ ਲੰਬੀ ਦੂਰੀ ਤੱਕ ਗੱਡੀ ਚਲਾਉਣ ਵਾਲੇ ਡਰਾਈਵਰ ਇਲੈਕਟ੍ਰਿਕ ਗੱਡੀਆਂ ਦੀ ਘੱਟ ਰੇਂਜ ਕਾਰਨ ਪਰੇਸ਼ਾਨ ਹੁੰਦੇ ਹਨ।
ਬਿਓਰੋ ਆਫ਼ ਐਨਰਜੀ ਐਫੀਸ਼ੈਂਸੀ ਦੇ ਮੁਤਾਬਕ, ਦੋ-ਪਹੀਆ ਇਲੈਕਟ੍ਰਿਕ ਵਾਹਨਾਂ ਦੀ ਰੇਂਜ 84 ਕਿੱਲੋਮੀਟਰ ਪ੍ਰਤੀ ਚਾਰਜ ਦੱਸੀ ਗਈ ਹੈ।
ਉੱਧਰ ਚਾਰ ਪਹੀਆ ਇਲੈਕਟ੍ਰਿਕ ਗੱਡੀਆਂ ਦੀ ਔਸਤ ਰੇਂਜ 150-200 ਕਿੱਲੋਮੀਟਰ ਪ੍ਰਤੀ ਚਾਰਜ ਦੱਸੀ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਬਿਹਤਰ ਬੈਟਰੀ ਅਤੇ ਜ਼ਿਆਦਾ ਚਾਰਜਿੰਗ ਸਟੇਸ਼ਨ ਲਗਵਾਉਣ ਤੋਂ ਬਾਅਦ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਰਿਹਾ ਹੈ।
ਵੱਖੋ-ਵੱਖਰੇ ਚਾਰਜਿੰਗ ਪੋਰਟਾਂ ਦੀ ਚੁਣੌਤੀ

ਤਸਵੀਰ ਸਰੋਤ, Getty Images
ਇਲੈਕਟ੍ਰਿਕ ਗੱਡੀਆਂ ਵਿੱਚ ਹਰ ਕੰਪਨੀ ਆਪਣੇ ਵੱਖ-ਵੱਖ ਚਾਰਜਿੰਗ ਪੋਰਟ ਦਿੰਦੀ ਹੈ। ਇਸ ਨਾਲ ਇਲੈਕਟ੍ਰਿਕ ਗੱਡੀਆਂ ਲਈ ਯੂਨੀਵਰਸਲ ਚਾਰਜਿੰਗ ਸਿਸਟਮ ਬਣਾਉਣ ਵਿੱਚ ਮੁਸ਼ਕਿਲ ਆਉਂਦੀ ਹੈ।
ਭਾਰਤ ਦੀ ਇਲੈਕਟ੍ਰਿਕ ਵਾਹਨ ਮਾਰਕਿਟ ਵਿੱਚ ਹਾਲੇ ਵੀ ਚਾਰਜਿੰਗ ਪੋਰਟ ਲਈ ਕੋਈ ਇੱਕ ਮਾਪਦੰਡ ਤੈਅ ਨਹੀਂ ਕੀਤਾ ਗਿਆ ਹੈ।
ਇਹ ਦਿੱਕਤ ਸਭ ਤੋਂ ਜ਼ਿਆਦਾ ਦੋ-ਪਹੀਆ ਇਲੈਕਟ੍ਰਿਕ ਗੱਡੀਆਂ ਵਿੱਚ ਦਿਸਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਬੈਟਰੀਆਂ ਅਤੇ ਉਨ੍ਹਾਂ ਦੇ ਵੱਖੋ-ਵੱਖਰੇ ਚਾਰਜਿੰਗ ਪੋਰਟ ਬਜ਼ਾਰ ਵਿੱਚ ਮਿਲਦੇ ਹਨ।
ਭਾਰਤ ਵਿੱਚ ਤਾਪਮਾਨ
ਗੱਡੀਆਂ ਦੀ ਪਰਫਾਰਮੈਂਸ ਵਿੱਚ ਮੌਸਮ ਅਤੇ ਤਾਪਮਾਨ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ।
ਗੱਲ ਜੇਕਰ ਇਲੈਕਟ੍ਰਿਕ ਵਾਹਨਾਂ ਦੀ ਕਰੀਏ ਤਾਂ ਇੱਥੇ ਤਾਪਮਾਨ ਹੋਰ ਵੱਡਾ ਕਾਰਕ ਬਣ ਜਾਂਦਾ ਹੈ।
ਆਮ ਤੌਰ ’ਤੇ ਕਿਸੇ ਇਲੈਕਟ੍ਰਿਕ ਗੱਡੀ ਦੀ ਚੰਗੀ ਪਰਫਾਰਮੈਂਸ ਲਈ ਔਸਤ ਤਾਪਮਾਨ ਦੀ ਰੇਂਜ 15-40 ਡਿਗਰੀ ਸੈਲਸੀਅਸ ਮੰਨੀ ਜਾਂਦੀ ਹੈ।
ਪਰ ਭਾਰਤ ਵਿੱਚ ਜਿੱਥੇ ਪਹਾੜੀ ਇਲਾਕਿਆਂ ਵਿੱਚ ਤਾਪਮਾਨ ਬਹੁਤ ਥੱਲੇ ਡਿਗ ਜਾਂਦਾ ਹੈ ਤਾਂ ਉੱਥੇ ਹੀ ਪੱਛਮੀ ਇਲਾਕੇ ਵਿੱਚ ਤਾਪਮਾਨ ਬਹੁਤ ਉੱਪਰ ਰਹਿੰਦਾ ਹੈ।
ਅਜਿਹੇ ਵਿੱਚ ਪੂਰੇ ਦੇਸ਼ ਲਈ ਇੱਕ ਤਰ੍ਹਾਂ ਦੀਆਂ ਇਲੈਕਟ੍ਰਿਕ ਗੱਡੀਆਂ ਨਾਲ ਕੰਮ ਨਹੀਂ ਚੱਲ ਸਕਦਾ।
ਕੀ ਹੈ ਹੱਲ ?
ਵਧਦੇ ਪ੍ਰਦੂਸ਼ਣ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਇਹ ਤਾਂ ਤੈਅ ਹੋਇਆ ਕਿ ਆਉਣ ਵਾਲਾ ਸਮਾਂ ਇਲੈਕਟ੍ਰਿਕ ਗੱਡੀਆਂ ਦਾ ਹੀ ਹੈ।
ਸਰਕਾਰ ਇਲੈਕਟ੍ਰਿਕ ਗੱਡੀਆਂ ’ਤੇ ਸਬਸਿਡੀ ਵੀ ਦੇ ਰਹੀ ਹੈ।
ਇਸ ਤੋਂ ਇਲਾਵਾ ਇਲੈਕਟ੍ਰਿਕ ਗੱਡੀਆਂ ਲਈ ਚਾਰਜਿੰਗ ਸਟੇਸ਼ਨ ਦੀ ਗਿਣਤੀ ਹੋਰ ਵਧਾਈ ਜਾਵੇ। ਚਾਰਜਿੰਗ ਸਟੇਸ਼ਨਾਂ ’ਤੇ ਗੱਡੀ ਨੂੰ ਕੁਝ ਘੰਟਿਆਂ ਲਈ ਛੱਡਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।
ਇਸ ਨਾਲ਼ੋਂ ਇੱਕ ਬਿਹਤਰ ਬਦਲ ਬੈਟਰੀ ਸਵੈਪ ਕਰਨ ਦੀ ਸਹੂਲਤ ਵੀ ਹੋ ਸਕਦੀ ਹੈ। ਜਿਸ ਵਿੱਚ ਖਾਲੀ ਬੈਟਰੀ ਨੂੰ ਓਨੀ ਵਾਰੰਟੀ ਵਾਲੀ ਫੁੱਲ ਬੈਟਰੀ ਨਾਲ ਤੁਰੰਤ ਬਦਲ ਦਿੱਤਾ ਜਾਵੇ।













