You’re viewing a text-only version of this website that uses less data. View the main version of the website including all images and videos.
ਕੋਟਕਪੂਰਾ ਫਾਈਰਿੰਗ : ਚਾਰਜਸ਼ੀਟ ’ਚ ਐੱਸਆਈਟੀ ਨੇ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਸਣੇ ਇਨ੍ਹਾਂ ਲੋਕਾਂ ਦੇ ਨਾਂ ਪਾਏ
- ਲੇਖਕ, ਗਗਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਮ ਸ਼ਾਮਿਲ ਹੈ।
ਇਸ ਤੋਂ ਇਲਾਵਾ ਡੀਆਈਜੀ ਅਮਰ ਸਿੰਘ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਫਰੀਦਕੋਟ ਸੁਖਮੰਦਰ ਸਿੰਘ ਮਾਨ ਦਾ ਨਾਮ ਸ਼ਾਮਿਲ ਹੈ।
2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕੋਟਕਪੂਰਾ ਵਿਖੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ।
ਇਸ ਮਾਮਲੇ ਵਿੱਚ ਸਾਲ 2018 ਵਿੱਚ ਧਾਰਾ 307 ਅਧੀਨ ਕੋਟਕਪੂਰਾ ਦੇ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਇਸੇ ਮਾਮਲੇ ਵਿੱਚ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਪ੍ਰੈਲ 2021 ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ।
ਕੋਟਕਪੂਰਾ ਵਿਖੇ ਹੋਏ ਗੋਲੀਕਾਂਡ ਦੀ ਜਾਂਚ ਲਈ ਏਡੀਜੀਪੀ ਵਿਜੀਲੈਂਸ ਐੱਲ ਕੇ ਯਾਦਵ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸਆਈਟੀ ਦਾ ਗਠਨ 7 ਮਈ ਨੂੰ ਕੀਤਾ ਗਿਆ ਹੈ।
ਲੁਧਿਆਣਾ ਰੇਂਜ ਦੇ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਫ਼ਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਵੀ ਇਸ ਐਸਆਈਟੀ ਦਾ ਹਿੱਸਾ ਹਨ।
ਮੰਤਰੀ ਜਾਂ ਸੰਤਰੀ ਕਾਨੂੰਨ ਸਭ ਲਈ ਇੱਕ - ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਟਕਪੂਰੀ ਫਾਈਰਿੰਗ ਮਾਮਲੇ ਵਿੱਚ ਐੱਸਆਈਟੀ ਵੱਲੋਂ ਦਾਖ਼ਲ ਹੋਈ ਚਾਰਜਸ਼ੀਟ ਉੱਤੇ ਆਪਣੀ ਪ੍ਰਤਿਕਿਆ ਦਿੱਤੀ ਹੈ।
ਉਨ੍ਹਾਂ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਟਵੀਟ ਵਿੱਚ ਲਿਖਿਆ, ‘‘ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੇਏ ਬੇਨਕਾਬ..ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਕੂਨ ਮਿਲੇਗਾ..ਅਸੀਂ ਇਨਸਾਫ਼ ਦਿਵਾਉਣ ਦੇ ਵਾਅਦੇ ਤੇ ਕਾਇਮ ਹਾਂ…ਮੰਤਰੀ ਜਾਂ ਸੰਤਰੀ, ਕਾਨੂੰਨ ਸਭ ਲਈ ਇੱਕ ਹੈ..ਸੱਚ ਕਦੇ ਛੁਪਦਾ ਨਹੀਂ...’’
ਸੁਖਬੀਰ ਬਾਦਲ ਪ੍ਰਤੀਕਰਮ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰਜਸ਼ੀਟ ਵਿੱਚ ਨਾਮ ਆਉਣ ਤੋਂ ਬਾਅਦ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ, ‘‘ਪਿਛਲੇ ਸੱਤ ਸਾਲਾਂ ਵਿੱਚ ਇਨ੍ਹਾਂ ਦਾ ਇੱਕੋ ਨਿਸ਼ਾਨਾ ਰਿਹਾ ਕਿ ਬਾਦਲ ਪਰਿਵਾਰ ਦਾ ਚਲਾਨ ਕਰੋ, ਬਾਦਲ ਪਰਿਵਾਰ ਦਾ ਚਲਾਨ ਕਰੋ।’’
‘‘ਇਹ ਸਭ ਸਿਆਸਤ ਖੇਡੀ ਜਾ ਰਹੀ ਹੈ, ਇੱਕ ਮਹੀਨਾ ਪਹਿਲਾਂ ਇਨ੍ਹਾਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗਏ ਸਨ ਅਤੇ ਇਹ ਕਹਿ ਕੇ ਆਏ ਕਿ ਅਸੀਂ ਇਹ ਨਾਮ ਪਾਵਾਂਗੇ।’’
ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਘਟਨਾ ਵੇਲੇ ਉਹ ਪੰਜਾਬ ਵਿੱਚ ਮੌਜੂਦ ਨਹੀਂ ਸਨ।
ਉਨ੍ਹਾਂ ਕਿਹਾ, ‘‘ਇਹ 100 ਫੀਸਦ ਸਿਆਸਤ ਹੈ ਅਤੇ ਨਿਰਾ ਝੂਠ ਹੈ।’’
ਕੀ ਹੈ ਮਾਮਲਾ
2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਵਿਖੇ ਹੋਈ ਫਾਇਰਿੰਗ ਸਮੇਂ ਸੁਖਬੀਰ ਸਿੰਘ ਬਾਦਲ ਸੂਬੇ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਨ।
2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਇਸ ਦੇ ਅੰਗ ਪਿੰਡ ਬਰਗਾੜੀ ਵਿਖੇ ਮਿਲਣ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਧਰਨਾ ਪ੍ਰਦਰਸ਼ਨ ਹੋਏ ਸਨ ਅਤੇ ਗੋਲੀ ਚੱਲੀ ਸੀ।
2015 ਵਿਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਬਗਰਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਧਰਨਾ ਦੇ ਰਹੇ ਲੋਕਾਂ ਉੱਤੇ ਪੁਲਿਸ ਨੇ ਬਹਿਬਲ ਕਲਾਂ ਵਿਚ ਗੋਲੀ ਚਲਾ ਦਿੱਤੀ ਸੀ।
ਇਸ ਗੋਲੀ ਕਾਂਡ ਵਿਚ 2 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ। ਇਸ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਲੰਬੇ ਵਕਤ ਤੋਂ ਲੋਕ ਧਰਨੇ ਉੱਤੇ ਬੈਠੇ ਹਨ।
ਪੰਜਾਬ ’ਚ ਬੇਅਦਬੀ ਦੇ ਕਿਹੜੇ-ਕਿਹੜੇ ਮਾਮਲੇ ਹੋਏ
ਸਾਲ 2015 ਵਿੱਚ ਫ਼ਰੀਦਕੋਟ ਨੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਅਤੇ ਕਈ ਮਹੀਨਿਆਂ ਬਾਅਦ ਅੰਗ ਨਜ਼ਦੀਕੀ ਪਿੰਡ ਬਰਗਾੜੀ ਤੋਂ ਮਿਲੇ ਸਨ।
ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਪਰ ਪੁਲਿਸ ਵੱਲੋਂ ਪਿੰਡ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੋਲੀ ਚਲਾਈ ਗਈ ਸੀ।
ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਦੋ ਪ੍ਰਦਰਸ਼ਨਕਾਰੀਆਂ- ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।
1986 ਵਿੱਚ ਨਕੋਦਰ ਵਿਖੇ 2015 ਦੀਆਂ ਘਟਨਾਵਾਂ ਨਾਲ ਹੀ ਮਿਲਦੀ ਜੁਲਦੀ ਘਟਨਾ ਵਾਪਰੀ ਸੀ।
ਗੁਰਦੁਆਰਾ ਗੁਰੂ ਅਰਜਨ ਦੇਵ ,ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਉੱਪਰ ਪੰਜਾਬ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ, ਜਿਸ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ।
1986 ਅਤੇ 2015 ਦੀਆਂ ਘਟਨਾਵਾਂ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ।
ਪੰਜਾਬ ਸਰਕਾਰ ਵੱਲੋਂ 2015 ਦੀ ਜਾਂਚ ਲਈ ਕਈ ਜਾਂਚ ਟੀਮਾਂ ਦੀ ਸਮੇਂ ਸਮੇਂ 'ਤੇ ਗਠਿਤ ਕੀਤੀਆਂ ਗਈਆਂ ਹਨ।
ਨਵੰਬਰ 2015 ਲੁਧਿਆਣਾ ਵਿੱਚ ਰਾਮਾਇਣ ਅਤੇ ਗੀਤਾ ਦੀ ਬੇਅਦਬੀ ਦੀ ਘਟਨਾ ਹੋਈ ਸੀ।
ਜੂਨ 2016 ਵਿੱਚ ਪੰਜਾਬ ਦੇ ਮਲੇਰਕੋਟਲਾ 'ਚ ਕੁਰਾਨ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ।
ਦਸੰਬਰ 2021 ਵਿੱਚ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਖੇ ਵੀ ਕਥਿਤ ਬੇਅਦਬੀ ਦੀ ਕੋਸ਼ਿਸ਼ ਹੋਈ ਸੀ ਜਿਸ ਤੋਂ ਬਾਅਦ ਆਰੋਪੀ ਦੀ ਹੱਤਿਆ ਕਰ ਦਿੱਤੀ ਸੀ।
2015 ਦੀਆਂ ਇਨ੍ਹਾਂ ਘਟਨਾਵਾਂ ਨੇ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਉਮਰ ਕੈਦ ਦੀ ਸਜ਼ਾ ਤੇ ਆਈਪੀਸੀ ਵਿੱਚ ਬਦਲਾਅ ਲਈ ਸਹਿਮਤੀ ਵੀ ਦਿੱਤੀ ਗਈ ਸੀ