ਸ਼੍ਰਧਾ ਕਤਲ ਕੇਸ: ਮੁਲਜ਼ਮ ਆਫ਼ਤਾਬ ਨੂੰ ਦੋਸ਼ੀ ਸਾਬਿਤ ਕਰਨ ’ਚ ਕੀ ਮੁਸ਼ਕਲਾਂ ਹਨ

ਤਸਵੀਰ ਸਰੋਤ, ani
ਸ਼੍ਰਧਾ ਵਾਲਕਰ ਕਤਲਕਾਂਡ ਸੁਰਖ਼ੀਆਂ ਵਿੱਚ ਹੈ। ਕਤਲ ਨਾਲ ਜੁੜੇ ਕਈ ਪੱਖ ਰੋਜ਼ ਸਾਹਮਣੇ ਆ ਰਹੇ ਹਨ। ਹੁਣ ਤੱਕ ਜੋ ਕੁਝ ਮੀਡੀਆ ਵਿੱਚ ਸਾਹਮਣੇ ਆਇਆ, ਉਹ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਦਿਖਾਇਆ ਸੁਣਾਇਆ ਜਾ ਰਿਹਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਸ਼੍ਰਧਾ ਦੇ ਨਾਲ ਲਿਵ-ਇੰਨ ਰਿਲੇਸ਼ਨ ਵਿੱਚ ਰਹਿ ਰਹੇ ਆਫ਼ਤਾਬ ਪੂਨਾਵਾਲਾ ਹੀ ਕਤਲ ਦੇ ਦੋਸ਼ੀ ਹਨ ਤੇ ਉਨ੍ਹਾਂ ਨੇ ਕਰੀਬ ਛੇ ਮਹੀਨੇ ਪਹਿਲਾਂ 18 ਮਈ ਨੂੰ ਸ਼੍ਰਧਾ ਦਾ ਕਤਲ ਕਰ ਦਿੱਤਾ ਸੀ।
ਸ਼੍ਰਧਾ ਤੇ ਆਫ਼ਤਾਬ ਮੁੰਬਈ ਤੋਂ ਦਿੱਲੀ ਆ ਕੇ ਲਿਵ-ਇਨ ਰਿਲੇਸ਼ਨ ਰਹਿ ਰਹੇ ਸਨ। ਪੁਲਿਸ ਦਾ ਦਾਅਵਾ ਹੈ ਕਿ ਆਫ਼ਤਾਬ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਸ ਨੇ ਸ਼੍ਰਧਾ ਦੇ ਸ਼ਰੀਰ ਨੂੰ ਕਈ ਹਿੱਸਿਆਂ ਵਿੱਚ ਕੱਟਿਆ ਤੇ ਫ਼ਿਰ ਟੁਕੜਿਆਂ ਨੂੰ ਦਿੱਲੀ ਦੇ ਮਹਿਰੌਲੀ ਇਲਾਕੇ ਨਾਲ ਲੱਗਦੇ ਜੰਗਲਾਂ ਵਿੱਚ ਸੁੱਟ ਦਿੱਤਾ।
ਹੁਣ ਪੁਲਿਸ ਆਫ਼ਤਾਬ ਨੂੰ ਇਨ੍ਹਾਂ ਜੰਗਲਾਂ ਵਿੱਚ ਲੈ ਕੇ ਜਾ ਰਹੀ ਹੈ ਤੇ ਲਾਸ਼ ਦੇ ਟੁਕੜਿਆਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਇਸ ਮਾਮਲੇ ਦੀਆਂ ਕਈ ਪਰਤਾਂ ਹਨ ਇਸ ਰਿਪੋਰਟ ਵਿੱਚ ਅਸੀਂ ਹੁਣ ਤੱਕ ਜੋ ਹੋਇਆ ਜਾਣਨ ਦੀ ਕੋਸ਼ਿਸ਼ ਕਰਾਂਗੇ।

ਕੀ ਹੈ ਪੂਰਾ ਮਾਮਲਾ:
- ਸ਼੍ਰਧਾ ਅਤੇ ਆਫ਼ਤਾਬ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਮੁੰਬਈ ਤੋਂ ਆ ਕੇ ਦਿੱਲੀ ਵਿੱਚ ਰਹਿ ਰਹੇ
- ਦਿੱਲੀ ਪੁਲਿਸ ਮੁਤਾਬਕ 18 ਮਈ ਨੂੰ ਸ਼੍ਰਧਾ ਦਾ ਕਤਲ ਕਰਨ ਤੋਂ ਬਾਅਦ ਆਫ਼ਤਾਬ ਨੇ ਉਸ ਦੀ ਲਾਸ਼ ਦੇ ਕਈ ਟੋਟੇ ਕਰ ਦਿੱਤੇ ਸਨ
- ਆਫ਼ਤਾਬ ਨੇ ਲਾਸ਼ ਦੇ ਟੁਕੜੇ ਜੰਗਲ ਵਿਚ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ ਤੇ ਕੁਝ ਹਿੱਸੇ ਘਰ ਵਿੱਚ ਹੀ ਫਰਿੱਜ ’ਚ ਰੱਖ ਦਿੱਤੇ
- ਪੁਲਿਸ ਨੂੰ ਹਾਲੇ ਤੱਕ ਫ਼ੋਨ ਬਰਾਮਦ ਨਹੀਂ ਹੋਇਆ
- ਕਤਲ ਤੋਂ ਬਾਅਦ ਆਫ਼ਤਾਬ ਜੂਨ ਤੱਕ ਸ਼੍ਰਧਾ ਦੇ ਇੰਸਟਾਗ੍ਰਾਮ ਅਕਾਊਂਟ ਦੀ ਵਰਤੋਂ ਕਰਦਾ ਰਿਹਾ
- ਪੁਲਿਸ ਅਜੇ ਤੱਕ ਜੁਰਮ ਲਈ ਵਰਤੇ ਗਏ ਹਥਿਆਰ ਦਾ ਪਤਾ ਨਹੀਂ ਲਗਾ ਸਕੀ ਹੈ

ਛੇ ਮਹੀਨੇ ਬਾਅਦ ਸ਼੍ਰਧਾ ਦੀ ਮੌਤ ਤੋਂ ਪਰਦਾ ਕਿਵੇਂ ਉੱਠਿਆ
ਸ਼੍ਰਧਾ ਦੇ ਦੌਸਤ ਲਕਸ਼ਮਨ ਨਡਾਰ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਾਲੀ ਪਹਿਲੀ ਕੜੀ ਹਨ।
ਨਡਾਰ ਇਸ ਮਾਮਲੇ ਵਿੱਚ ਗਵਾਹ ਵੀ ਹਨ। ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਮ ਤੌਰ ’ਤੇ ਸ਼੍ਰਧਾ ਦੇ ਸੰਪਰਕ ਵਿੱਚ ਰਹਿੰਦੇ ਸਨ ਪਰ ਅਗਸਤ ਤੋਂ ਲਗਾਤਾਰ ਸ਼੍ਰਧਾ ਦਾ ਫ਼ੋਨ ਬੰਦ ਚੱਲ ਰਿਹਾ ਸੀ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਸ਼੍ਰਧਾ ਨਾਲ ਸੰਪਰਕ ਕਰਨ ਦੀਆਂ ਅਣਗਿਣਤ ਕੋਸ਼ਿਸ਼ਾਂ ਕੀਤੀਆਂ ਪਰ ਅਗਸਤ ਮਹੀਨੇ ਵਿੱਚ ਸ਼੍ਰਧਾ ਨੂੰ ਕੀਤੇ ਗਏ ਕਿਸੇ ਵੀ ਮੈਸੇਜ ਜਾਂ ਫ਼ੋਨ ਦਾ ਜਵਾਬ ਨਾ ਆਇਆ।
ਉਨ੍ਹਾਂ ਕਿਹਾ, ‘’ਮੈਂ ਇਸ ਗੱਲ ਤੋਂ ਚਿੰਤਤ ਹੋਇਆ ਤੇ ਆਪਣੇ ਸਾਂਝੇ ਦੋਸਤਾਂ ਨਾਲ ਸੰਪਰਕ ਕੀਤਾ ਉਨ੍ਹਾਂ ਨੂੰ ਪੁੱਛਿਆ ਪਰ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਸੀ।‘’
ਉਹ ਦੱਸਦੇ ਹਨ ਕਿ ਕਿਸੇ ਪਾਸਿਓਂ ਸ਼੍ਰਧਾ ਨਾਲ ਸੰਪਰਕ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੇ ਮੁੰਬਈ ਰਹਿੰਦੇ ਸ਼੍ਰਧਾ ਦੇ ਭਰਾ ਨਾਲ ਸੰਪਰਕ ਕੀਤਾ ਤੇ ਜਾਣਕਾਰੀ ਦਿੱਤੀ ਕਿ ਉਹ ਸ਼੍ਰਧਾ ਨਾਲ ਸੰਪਰਕ ਨਹੀਂ ਕਰ ਪਾ ਰਹੇ।
ਉਹ ਕਹਿੰਦੇ ਹਨ, “ਮੇਰੀ ਸ਼੍ਰਧਾ ਨਾਲ ਆਖ਼ਰੀ ਵਾਰ ਜੁਲਾਈ ਮਹੀਨੇ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਹੋ ਸਕਿਆ।”
ਨਡਾਰ ਨੇ ਸ਼੍ਰਧਾ ਦੇ ਭਰਾ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਵੀ ਪ੍ਰੇਰਿਆ।
ਸ਼੍ਰਧਾ ਤੇ ਆਫ਼ਤਾਬ ਦੇ ਝਗੜੇ

ਤਸਵੀਰ ਸਰੋਤ, ani
ਨਡਾਰ ਦੱਸਦੇ ਹਨ ਕਿ ਸ਼੍ਰਧਾ ਤੇ ਆਫ਼ਤਾਬ ਵਿੱਚ ਬਹੁਤ ਝਗੜੇ ਹੁੰਦੇ ਸਨ। ਉਹ ਇੱਕ ਅਜਿਹੇ ਝਗੜੇ ਦਾ ਜ਼ਿਕਰ ਵੀ ਕਰਦੇ ਹਨ ਜਦੋਂ ਇੱਕ ਰਾਤ ਸ਼੍ਰਧਾ ਨੇ ਨਡਾਰ ਨੂੰ ਵਟਸਐੱਪ ਮੈਸੇਜ ਜ਼ਰੀਏ ਕਿਹਾ ਕਿ ਉਹ ਉਸ ਨੂੰ ਘਰ ਤੋਂ ਲੈ ਜਾਵੇ ਕਿਉਂਕਿ ਉਸ ਨੂੰ ਆਫ਼ਤਾਬ ਤੋਂ ਜਾਨ ਦਾ ਖ਼ਤਰਾ ਹੈ।
ਨਡਾਰ ਕਹਿੰਦੇ ਹਨ,“ਅਸੀਂ ਦੋਸਤਾਂ ਨੇ ਮਿਲ ਕੇ ਉਸ ਦਿਨ ਆਫ਼ਤਾਬ ਨੂੰ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਤੇ ਸ਼੍ਰਧਾ ਨੂੰ ਆਪਣੇ ਨਾਲ ਲੈ ਆਏ ਸੀ।”
“ਪਰ ਅਸੀਂ ਸ਼੍ਰਧਾ ਦੇ ਸਬੰਧ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਕਿਉਂਕਿ ਸ਼੍ਰਧਾ ਨੇ ਮਨਾ ਕੀਤਾ ਸੀ।
ਸ਼੍ਰਧਾ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਬੀਬੀਸੀ ਮਰਾਠੀ ਪੱਤਰਕਾਰ ਦੀਪਾਲੀ ਜਗਤਾਪ ਮੁਤਾਬਕ ਮਾਮਲੇ ਦੀ ਜਾਂਚ ਮੁੰਬਈ ਨੇੜਲੇ ਸ਼ਹਿਰ ਵਸਈ ਦੇ ਮਾਣਿਕਪੁਰ ਥਾਣੇ ਤੋਂ ਹੋਈ ਸੀ।
ਕੁਝ ਦਿਨ ਪਹਿਲਾਂ ਸ਼੍ਰਧਾ ਦੇ ਪਿਤਾ ਨੇ ਇਸ ਥਾਣੇ ਵਿੱਚ ਸ਼੍ਰਧਾ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਸੰਪਰਕ ਨਾ ਹੋ ਸਕਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਮਾਣਿਕਪੁਰ ਪੁਲਿਸ ਨੇ ਜਾਂਚ ਦੌਰਾਨ ਆਫ਼ਤਾਬ ਪੂਨਾਵਾਲਾ ਨੂੰ ਵੀ ਤਫ਼ਤੀਸ਼ ਲਈ ਦੋ ਵਾਰ ਥਾਣੇ ਸੱਦਿਆ ਸੀ।
ਪੱਤਰਕਾਰ ਦੀਪਾਲੀ ਮੁਤਾਬਕ ਆਫ਼ਤਾਬ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਜਾਂਚ ਜਾਰੀ ਰੱਖੀ ਤੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ।
ਆਫ਼ਤਾਬ ਤੋਂ ਪਹਿਲਾਂ ਵੀ ਹੋਈ ਸੀ ਪੁੱਛਗਿੱਛ
ਸ਼੍ਰਧਾ ਦੇ ਦੋਸਤ ਵੱਲੋਂ ਦਿੱਤੀ ਗਈ ਜਾਣਾਕਾਰੀ ਤੋਂ ਬਾਅਦ ਮਾਣਿਕਪੁਰ ਪੁਲਿਸ ਨੇ ਸ਼੍ਰਧਾ ਦੀ ਭਾਲ ਸ਼ੁਰੂ ਕੀਤੀ। ਇਸੇ ਜਾਂਚ ਦੌਰਾਨ ਸ਼੍ਰਧਾ ਦੇ ਸਾਥੀ ਆਫ਼ਤਾਬ ਪੂਨਾਵਾਲਾ ਨੂੰ 26 ਅਕਤੂਬਰ ਤੇ 3 ਨਵੰਬਰ ਨੂੰ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ।
ਆਫ਼ਤਾਬ ਨੇ ਇਸ ਪੁੱਛਗਿੱਛ ਦੌਰਾਨ ਮਾਣਿਕਪੁਰ ਪੁਲਿਸ ਨੂੰ ਦੱਸਿਆ ਕਿ ਕਿਵੇਂ ਸ਼੍ਰਧਾ ਤੇ ਉਨ੍ਹਾਂ ਦੇ ਝਗੜੇ ਹੁੰਦੇ ਸਨ।
ਆਫ਼ਤਾਬ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਦੀ ਗੱਲ ਨਹੀਂ ਸੀ ਮੰਨਦੀ ਤੇ ਝਗੜੇ ਹੁੰਦੇ ਸਨ ਤੇ ਇਸ ਵਾਰ ਵੀ ਉਹ ਲੜਾਈ ਤੋਂ ਬਾਅਦ ਘਰ ਛੱਡ ਕੇ ਚਲੀ ਗਈ ਹੈ।
ਆਫ਼ਤਾਬ ਨੇ ਕਿਹਾ ਕਿ ਘਰ ਤੋਂ ਉਹ ਕਿੱਥੇ ਗਈ ਹੈ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੈ।
ਪੁਲਿਸ ਦਾ ਆਫ਼ਤਾਬ ’ਤੇ ਸ਼ੱਕ

ਤਸਵੀਰ ਸਰੋਤ, ani
ਮਾਣਿਕਪੁਰ ਪੁਲਿਸ ਮੁਤਾਬਕ ਆਫ਼ਤਾਬ ’ਤੇ ਸ਼ੱਕ ਕਰਨ ਦੇ ਦੋ ਕਾਰਨ ਸਨ।
ਪਹਿਲਾਂ ਕਾਰਨ ਇਹ ਸੀ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿਛਲੇ ਸਮੇਂ ਵਿੱਚ ਵੀ ਸ਼੍ਰਧਾ ਤੇ ਆਫ਼ਤਾਬ ਦੀਆਂ ਗੰਭੀਰ ਲੜਾਈਆਂ ਹੁੰਦੀਆਂ ਰਹੀਆਂ ਸਨ।
ਸ਼੍ਰਧਾ ਨੇ ਝਗੜਿਆਂ ਦੌਰਾਨ ਕੁੱਟ-ਮਾਰ ਦਾ ਜ਼ਿਕਰ ਵੀ ਆਪਣੇ ਦੋਸਤ ਕੋਲ ਕੀਤਾ ਸੀ। ਜੁਲਾਈ 2021 ਵਿੱਚ ਸ਼੍ਰਧਾ ਨੇ ਆਪਣੇ ਦੋਸਤ ਨੂੰ ਘਰ ਬੁਲਾਇਆ ਸੀ ਕਿਉਂਕਿ ਉਨ੍ਹਾਂ ਨਾਲ ਕੁੱਟਮਾਰ ਹੋ ਰਹੀ ਸੀ।
ਦੂਸਰਾ ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਉਹ ਸੀ ਸ਼੍ਰਧਾ ਦਾ ਵਾਪਸ ਨਾ ਆਉਣਾ।
ਪੁਲਿਸ ਮੁਤਾਬਕ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਹਰ ਵਾਰ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਸ਼੍ਰਧਾ ਵਾਪਸ ਆਫ਼ਤਾਬ ਕੋਲ ਆ ਜਾਂਦੀ ਸੀ ਪਰ ਇਸ ਵਾਰ ਤਿੰਨ ਮਹੀਨੇ ਹੋ ਗਏ ਸਨ ਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਪੁਲਿਸ ਦਾ ਕਹਿਣਾ ਸੀ ਕਿ ਆਫ਼ਤਾਬ ਨੇ ਭਾਵੇਂ ਇਹ ਕਿਹਾ ਕਿ ਉਹ ਘਰ ਛੱਡ ਕੇ ਜਾ ਚੁੱਕੀ ਸੀ ਪਰ ਸ਼੍ਰਧਾ ਦੀ ਕਾਲ ਡਿਟੇਲ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਬਚਪਨ ਦੇ ਦੋਸਤ ਲਕਸ਼ਮਣ ਨਾਲ ਹਮੇਸ਼ਾ ਸੰਪਰਕ ਵਿੱਚ ਰਹਿੰਦੀ ਸੀ ਪਰ ਮਈ ਮਹੀਨੇ ਤੋਂ ਉਨਾਂ ਦਰਮਿਆਨ ਕੋਈ ਸੰਪਰਕ ਨਹੀਂ ਸੀ ਹੋਇਆ।
ਆਫ਼ਤਾਬ ਦੀ ਗ੍ਰਿਫ਼ਤਾਰੀ

ਤਸਵੀਰ ਸਰੋਤ, ANI
8 ਨਵੰਬਰ ਨੂੰ ਮਾਣਿਕਪੁਰ ਪੁਲਿਸ ਦਿੱਲੀ ਪਹੁੰਚੀ ਤੇ ਦਿੱਲੀ ਪੁਲਿਸ ਨਾਲ ਮਿਲਕੇ ਆਫ਼ਤਾਬ ਵਲੋਂ ਦਿੱਤੇ ਗਏ ਪਤੇ ’ਤੇ ਪਹੁੰਚੀ।
ਆਫ਼ਤਾਬ ਵੱਲੋਂ ਉਹ ਪਤਾ ਪੁਲਿਸ ਨੂੰ ਦਿੱਤਾ ਗਿਆ ਸੀ ਜਿੱਥੇ ਉਹ ਸ਼੍ਰਧਾ ਨਾਲ ਰਹਿ ਰਹੇ ਸਨ।
ਪੁਲਿਸ ਦੇ ਉਥੇ ਪਹੁੰਚਣ ’ਤੇ ਆਫ਼ਤਾਬ ਘਰ ਹੀ ਮੌਜੂਦ ਸੀ ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
ਆਫ਼ਤਾਬ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਕੋਲ ਕਬੂਲ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਖ਼ੁਦ ਹੀ ਆਪਣੀ ਸਾਥੀ ਸ਼੍ਰਧਾ ਦਾ ਕਤਲ ਕੀਤਾ ਤੇ ਸ਼ਰੀਰ ਦੇ ਟੁਕੜੇ ਕੀਤੇ।
ਕੁਝ ਟੁਕੜੇ ਜੰਗਲ ਵਿੱਚ ਸੁੱਟੇ ਗਏ ਤੇ ਕੁਝ ਘਰ ਦੀ ਫ਼ਰਿੱਜ ਵਿੱਚ ਹੀ ਰੱਖੇ ਗਏ ਸੀ।

ਇਹ ਵੀ ਪੜ੍ਹੋ-

ਆਫ਼ਤਾਬ ਦਾ ਕਬੂਲਨਾਮਾ

ਤਸਵੀਰ ਸਰੋਤ, ani
ਇਸ ਕਤਲਕਾਂਡ ’ਚ ਹਾਲੇ ਤੱਕ ਸਾਹਮਣੇ ਆਈਆਂ ਸਾਰੀਆਂ ਗੱਲਾਂ ਆਫ਼ਤਾਬ ਪੂਨਾਵਾਲਾ ਦੇ ਕਥਿਤ ਕਬੂਲਨਾਮੇ ਉੱਤੇ ਅਧਾਰਿਤ ਹਨ। ਦਿੱਲੀ ਪੁਲਿਸ ਦੇ ਰਿਟਾਇਰਡ ਕਮਿਸ਼ਨਰ ਅਤੇ ਬੁਲਾਰੇ ਐੱਲਐੱਨ ਰਾਵ ਨੇ ਬੀਬੀਸੀ ਨੂੰ ਦੱਸਿਆ, ‘‘ਇਹ ਸਹੀ ਹੈ ਕਿ ਕਾਨੂੰਨ ਦੇ ਹਿਸਾਬ ਨਾਲ ਪੁਲਿਸ ਦੇ ਸਾਹਮਣੇ ਦਿੱਤਾ ਗਿਆ ਬਿਆਨ ਅਦਾਲਤ ਵਿੱਚ ਮੰਨਿਆ ਨਹੀਂ ਜਾਂਦਾ ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਇਸ ਕਬੂਲਨਾਮੇ ਦੀ ਕੋਈ ਅਹਿਮੀਅਤ ਨਹੀਂ ਹੈ।‘’
‘’ਜੇ ਅਪਰਾਧੀ ਕੁਝ ਕਬੂਲ ਕਰਦਾ ਹੈ ਅਤੇ ਉਸ ਦੀ ਨਿਸ਼ਾਨਦੇਹੀ ਉੱਤੇ ਉਹ ਗੱਲ ਪ੍ਰਮਾਣਿਤ ਹੋ ਜਾਂਦੀ ਹੈ ਤਾਂ ਅਦਾਲਤ ਵੀ ਇਸ ਨੂੰ ਸਵੀਕਾਰ ਕਰਦੀ ਹੈ।‘’
ਰਾਵ ਮੰਨਦੇ ਹਨ ਕਿ ਇਸ ਮਾਮਲੇ ਵਿੱਚ ਕਿਉਂਕਿ ਕੋਈ ਚਸ਼ਮਦੀਦ ਗਵਾਹ ਨਹੀਂ ਹੈ ਅਤੇ ਨਾ ਹੀ ਲਾਸ਼ ਬਰਾਮਦ ਹੋਈ ਹੈ, ਅਜਿਹੇ ਵਿੱਚ ਪੁਲਿਸ ਦੇ ਸਾਹਮਣੇ ਕਾਤਲ ਨੂੰ ਸਜ਼ਾ ਦਿਵਾਉਣਾ ਸੌਖਾ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ, ‘‘ਜਿੱਥੋਂ ਤੱਕ ਇਸ ਮਾਮਲੇ ਦੀ ਗੱਲ ਹੈ ਤਾਂ ਪੁਲਿਸ ਕੋਲ ਹਾਲਾਤ ਮੁਤਾਬਕ ਸਬੂਤ ਹਨ। ਅਜਿਹੇ ਮਾਮਲਿਆਂ ਵਿੱਚ ਆਖਰੀ ਸੀਨ ਥਿਊਰੀ ਨੂੰ ਵੀ ਪ੍ਰਮੁਖਤਾ ਨਾਲ ਅਦਾਲਤ ਦੇ ਸਾਹਮਣੇ ਰੱਖਿਆ ਜਾਂਦਾ ਹੈ। ਪੁਲਿਸ ਨੂੰ ਫੋਰੈਂਸਿਕ ਐਕਸਪਰਟ ਦੀ ਮਦਦ ਨਾਲ (ਖੂਨ ਤੇ ਹੱਡੀਆਂ ਦੀ ਜਾਂਚ ਨਾਲ) ਸਾਬਤ ਕਰਨਾ ਹੋਵੇਗਾ ਕਿ ਸ਼੍ਰਧਾ ਦਾ ਕਤਲ ਹੋਇਆ ਹੈ।’’
ਇਸ ਮਾਮਲੇ ਵਿੱਚ ਡੀਐੱਨਏ ਪੁਸ਼ਟੀ ਅਤੇ ਆਫ਼ਤਾਬ ਨਾਲ ਸ਼੍ਰਧਾ ਨੂੰ ਆਖ਼ਰੀ ਵਾਰ ਦੇਖਿਆ ਜਾਣਾ ਪੁਲਿਸ ਲਈ ਮਜ਼ਬੂਤ ਕੇਸ ਖੜ੍ਹਾ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਰਾਵ ਕਹਿੰਦੇ ਹਨ, ‘‘ਹਾਲੇ ਤੱਕ ਦੀ ਜਾਂਚ ਨੂੰ ਹੀ ਲੈ ਲਓ, ਜਿਸ ਤਰ੍ਹਾਂ ਆਫ਼ਤਾਬ ਦੇ ਬਿਆਨ ਦੇ ਅਧਾਰ ਉੱਤੇ ਪੁਲਿਸ ਨੇ ਦੇਖਿਆ ਹੈ ਕਿ 18 ਮਈ ਨੂੰ ਸ਼੍ਰਧਾ ਦੀ ਗਲਾ ਦਬਾ ਕੇ ਕਤਲ ਕਰਨ ਤੋਂ ਬਾਅਦ ਉਸ ਨੇ 300 ਲੀਟਰ ਦਾ ਫਰਿੱਜ ਖਰੀਦਿਆ, ਜਦਕਿ ਉਸ ਦੇ ਘਰ ਨੂੰ ਦੇਖਦੇ ਹੋਏ ਐਨਾ ਵੱਡਾ ਫਰਿੱਜ ਖਰੀਦਣ ਨੂੰ ਵਾਜਬ ਵਜ੍ਹਾ ਨਜ਼ਰ ਨਹੀਂ ਆਉਂਦੀ। ਪੁਲਿਸ ਨੇ ਇਸ ਗੱਲ ਦਾ ਸਬੂਤ ਵੀ ਜੁਟਾ ਲਿਆ ਹੈ ਕਿ ਇਹ ਫਰਿੱਜ 19 ਮਈ ਨੂੰ ਖਰੀਦਿਆ ਗਿਆ।’’
ਸ਼੍ਰਧਾ ਦਾ ਫੋਨ ਬਰਾਮਦ ਨਹੀਂ
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਕਤਲ ਤੋਂ ਬਾਅਦ ਆਫ਼ਤਾਬ ਨੇ ਸ਼੍ਰਧਾ ਦਾ ਫੋਨ ਸੁੱਟ ਦਿੱਤਾ ਸੀ, ਹੁਣ ਪੁਲਿਸ ਉਸ ਫ਼ੋਨ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸ਼੍ਰਧਾ ਦੇ ਕਤਲ ਤੋਂ ਬਾਅਦ ਵੀ ਆਫ਼ਤਾਬ ਜੂਨ ਤੱਕ ਉਸ ਦਾ ਇੰਸਟਾਗ੍ਰਾਮ ਅਕਾਊਂਟ ਇਸਤੇਮਾਲ ਕਰਦਾ ਰਿਹਾ ਤਾਂ ਜੋ ਲੋਕਾਂ ਨੂੰ ਲੱਗੇ ਕਿ ਸ਼੍ਰਧਾ ਜ਼ਿੰਦਾ ਹੈ।
ਇਹੀ ਨਹੀਂ ਸ਼੍ਰਧਾ ਦੇ ਫੋਨ ਤੋਂ ਹੀ ਬੈਂਕਿੰਗ ਐਪ ਰਾਹੀਂ ਆਫ਼ਤਾਬ ਨੇ 18 ਮਈ ਨੂੰ 50 ਹਜ਼ਾਰ ਰੁਪਏ ਟ੍ਰਾਂਸਫ਼ਰ ਕੀਤੇ। ਮੁੰਬਈ ਪੁਲਿਸ ਨੇ ਦੱਸਿਆ ਕਿ ਆਫ਼ਤਾਬ ਦਾ ਕਹਿਣਾ ਹੈ ਕਿ ਇਸ ਤੋਂ ਕੁਝ ਦਿਨਾਂ ਬਾਅਦ ਉਸ ਨੇ ਸ਼੍ਰਧਾ ਦਾ ਫੋਨ ਮਹਾਰਾਸ਼ਟਰ ਵਿੱਚ ਕਿਤੇ ਸੁੱਟ ਦਿੱਤਾ ਸੀ।
ਫੋਰੈਂਸਿਕ ਸਬੂਤਾਂ ਨੂੰ ਇਕੱਠਾ ਕਰਨਾ ਕਿੰਨਾ ਔਖਾ?
ਲੰਘੇ ਕੁਝ ਦਿਨਾਂ ਤੋਂ ਪੁਲਿਸ ਮਹਿਰੌਲੀ ਦੇ ਆਲੇ-ਦੁਆਲੇ ਉਨ੍ਹਾਂ ਜੰਗਲਾਂ ਦੀ ਖ਼ਾਕ ਛਾਨ ਰਹੀ ਹੈ ਜਿੱਥੇ ਕਥਿਤ ਤੌਰ ਉੱਤੇ ਆਫ਼ਤਾਬ ਨੇ ਸ਼੍ਰਧਾ ਦੇ ਸ਼ਰੀਰ ਦੇ ਟੁੱਕੜਿਆਂ ਨੂੰ ਸੁੱਟਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ 10 ਟੁਕੜੇ ਮਿਲੇ ਹਨ ਜੋ ਹੱਡੀਆਂ ਦੇ ਰੂਪ ਵਿੱਚ ਹਨ ਅਤੇ ਸ਼੍ਰਧਾ ਦੀ ਲਾਸ਼ ਦੇ ਹੋ ਸਕਦੇ ਹਨ।
ਹਾਲਾਂਕਿ ਅਧਿਕਾਰੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋਵੇਗੀ ਕਿ ਬਰਾਮਦ ਹੱਡੀਆਂ ਸ਼੍ਰਧਾ ਦੀਆਂ ਹੀ ਹਨ।
ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਫੋਰੈਂਸਿਕ ਮਾਹਰ ਵੀ ਮੰਨਦੇ ਹਨ ਕਿ ਇਹ ਸੌਖਾ ਕੰਮ ਤਾਂ ਬਿਲਕੁਲ ਨਹੀਂ ਹੈ ਅਤੇ ਹਰ ਕਦਮ ਉੱਤੇ ਮਾਹਰਾਂ ਦੀ ਦਰਕਾਰ ਹੋਵੇਗੀ।
ਫੋਰੈਂਸਿਕ ਮਾਹਰ ਇੰਦਰਜੀਤ ਰਾਏ ਨੇ ਬੀਬੀਸੀ ਨੂੰ ਦੱਸਿਆ, ‘‘ਹੁਣ ਤੱਕ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਮੁਤਾਬਕ ਇਸ ਕਤਲਕਾਂਡ ਦਾ ਨਾ ਤਾਂ ਕੋਈ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ ਅਤੇ ਨਾ ਹੀ ਲਾਸ਼ (ਜਾਂ ਸ਼ਰੀਰ ਦੇ ਹਿੱਸਿਆਂ) ਨੂੰ ਠਿਕਾਣੇ ਲਗਾਉਂਦੇ ਸਮੇਂ ਕਿਸੇ ਨੇ ਦੇਖਿਆ ਹੈ। ਅਜਿਹੇ ਵਿੱਚ ਸਾਰਾ ਮਾਮਲਾ ਫੋਰੈਂਸਿਕ ਸਬੂਤਾਂ ਉੱਤੇ ਆਕੇ ਟਿਕ ਜਾਂਦਾ ਹੈ।’’
ਸ਼੍ਰਧਾ ਦਾ ਕਤਲ ਮਈ ਮਹੀਨੇ ਦਾ ਦੱਸਿਆ ਜਾ ਰਿਹਾ ਹੈ, ਅਜਿਹੇ ਵਿੱਚ ਛੇ ਮਹੀਨੇ ਲੰਘ ਜਾਣ ਤੋਂ ਬਾਅਦ ਕੀ ਫੋਰੈਂਸਿਕ ਟੀਮ ਦੇ ਹੱਥ ਕੁਝ ਲੱਗੇਗਾ?
ਦਿੱਲੀ ਨਾਲ ਲਗਦੇ ਨੋਇਡਾ ਦੇ ਨਿਠਾਰੀ ਕਤਲਕਾਂਡ ਦੀ ਮਿਸਾਲ ਦਿੰਦੇ ਹੋਏ ਇੰਦਰਜੀਤ ਨੇ ਦੱਸਿਆ ਕਿ ਉਸ ਮਾਮਲੇ ਵਿੱਚ ਵੀ ਚਸ਼ਮਦੀਦ ਗਵਾਹ ਨਹੀਂ ਸਨ ਅਤੇ ਅਦਾਲਤ ਵਿੱਚ ਫੋਰੈਂਸਿਕ ਸਬੂਤਾਂ ਨਾਲ ਤੈਅ ਹੋਇਆ ਸੀ ਕਿ ਕਤਲ ਹੋਏ ਹਨ ਅਤੇ ਗੁਨਾਹਗਾਰਾਂ ਨੂੰ ਸਜ਼ਾ ਵੀ।
ਉਨ੍ਹਾਂ ਨੇ ਕਿਹਾ, ‘‘ਖ਼ੂਨ ਕਿਉਂਕਿ ਨਿਊਕਲਿਯਸ ਫੋਰਮ ਵਿੱਚ ਹੁੰਦਾ ਹੈ ਇਸ ਲਈ ਇਸ ਮਾਮਲੇ ਵਿੱਚ ਵੀ ਜੇ ਬਹੁਤ ਗੰਭੀਰਤਾ ਨਾਲ ਫੋਰੈਂਸਿਕ ਜਾਂਚ ਹੋਵੇ ਤਾਂ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।”
“ਇਸ ਤੋਂ ਇਲਾਵਾ ਹੱਡੀਆਂ ਹੌਲੀ-ਹੌਲੀ ਖੁਰਦੀਆਂ ਹਨ। ਜੇ ਹਥਿਆਰ ਬਰਾਮਦ ਹੋ ਜਾਵੇਗਾ ਤਾਂ ਇਸ ਦੇ ਅਤੇ ਹੱਡੀਆਂ ਦੇ ਪੈਟਰਨ ਤੋਂ ਪਤਾ ਸਾਬਤ ਹੋ ਸਕਦਾ ਹੈ ਕਿ ਇਸੇ ਹਥਿਆਰ ਨਾਲ ਕਤਲ ਹੋਇਆ ਹੈ।’’
ਇੰਦਰਜੀਤ ਨੇ ਕਿਹਾ, ‘‘ਰਹੀ ਗੱਲ ਡੀਐੱਨਏ ਪੁਸ਼ਟੀ ਦੀ ਤਾਂ ਸ਼੍ਰਧਾ ਦੇ ਪਿਤਾ ਜਾਂ ਭਰਾ ਦੇ ਖ਼ੂਨ ਦੇ ਸੈਂਪਲ ਤੋਂ ਪੁਸ਼ਟੀ ਹੋ ਸਕਦੀ ਹੈ ਕਿ ਪੁਲਿਸ ਨੂੰ ਮਿਲੇ ਲਾਸ਼ ਦੇ ਹਿੱਸੇ (ਹੱਡੀਆਂ) ਸ਼੍ਰਧਾ ਦੇ ਹੀ ਹਨ।’’
ਨਾਰਕੋ ਟੈਸਟ ਦੀ ਮਨਜ਼ੂਰੀ

ਤਸਵੀਰ ਸਰੋਤ, ani
ਇਸੇ ਵਿਚਾਲੇ ਪੁਲਿਸ ਨੂੰ ਆਫ਼ਤਾਬ ਦਾ ਨਾਰਕੋ ਟੈਸਟ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਹੈ। ਪੁਲਿਸ ਦਾ ਕਹਿਣਾ ਸੀ ਕਿ ਕਿਉਂਕਿ ਆਫ਼ਤਾਬ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ ਇਸ ਲਈ ਸਹੀ ਜਾਂਚ ਲਈ ਜ਼ਰੂਰੀ ਹੈ ਕਿ ਆਫ਼ਤਾਬ ਦਾ ਨਾਰਕੋ ਟੈਸਟ ਕੀਤਾ ਜਾਵੇ।
ਦਰਅਸਲ ਨਾਰਕੋ ਟੈਸਟ ਝੂਠ ਫੜਨ ਵਾਲੀ ਤਕਨੀਕ ਹੈ, ਜਿਸ ਵਿੱਚ ਸਬੰਧਿਤ ਵਿਅਕਤੀ ਨੂੰ ਕੁਝ ਦਵਾਈਆਂ ਅਤੇ ਇੰਜੈਕਸ਼ਨ ਦਿੱਤੇ ਜਾਂਦੇ ਹਨ।
ਆਮ ਤੌਰ ਉੱਤੇ ਇਸ ਦੇ ਲਈ ਸੋਡੀਅਮ ਪੇਂਟੋਥੋਲ ਦਾ ਇੰਜੈਕਸ਼ਨ ਲਗਾਇਆ ਜਾਂਦਾ ਹੈ, ਜਿਸ ਨਾਲ ਉਹ ਵਿਅਕਤੀ ਅੱਧੀ-ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਸਥਿਤੀ ਵਿੱਚ ਉਹ ਸਵਾਲਾਂ ਦਾ ਸਹੀ-ਸਹੀ ਜਵਾਬ ਦਿੰਦਾ ਹੈ ਕਿਉਂਕਿ ਅੱਧੀ-ਬੇਹੋਸ਼ੀ ਦੀ ਵਜ੍ਹਾ ਕਰਕੇ ਉਹ ਵਿਅਕਤੀ ਦਿਮਾਗ ਦੀ ਜ਼ਿਆਦਾ ਵਰਤੋਂ ਨਹੀਂ ਕਰ ਪਾਉਂਦਾ ਅਤੇ ਜਾਨ-ਬੁੱਝ ਕੇ ਝੂਠ ਘੜਨ ਦੀ ਹਾਲਤ ਵਿੱਚ ਨਹੀਂ ਹੁੰਦਾ। ਇਹ ਤਕਨੀਕ ਭਾਵੇਂ ਵਿਗਿਆਨੀ ਪ੍ਰਯੋਗਾਂ ਉੱਤੇ ਅਧਾਰਿਤ ਹੈ ਪਰ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਸੌ ਫੀਸਦੀ ਸਹੀ ਨਹੀਂ ਹੁੰਦੇ।
ਨਾਰਕੋ ਦਾ ਕਾਨੂੰਨੀ ਪਹਿਲੂ
ਜਿੱਥੋਂ ਤੱਕ ਨਾਰਕੋ ਟੈਸਟ ਦੇ ਕਾਨੂੰਨੀ ਪਹਿਲੂ ਦਾ ਸਵਾਲ ਹੈ, ਤਾਂ ਇਹ ਵਿਵੇਚਨਾ ਦਾ ਹਿੱਸਾ ਤਾਂ ਹੋ ਸਕਦਾ ਹੈ, ਪਰ ਅਦਾਲਤ ਵਿੱਚ ਇਸ ਨੂੰ ਸਬੂਤ ਦੇ ਤੌਰ ਉੱਤੇ ਪੇਸ਼ ਨਹੀਂ ਕੀਤਾ ਜਾ ਸਕਦਾ।
ਇਸ ਬਾਰੇ 22 ਮਈ, 2010 ਨੂੰ ਸੁਪਰੀਮ ਕੋਰਟ ਨੇ ਇੱਕ ਫ਼ੈਸਲੇ ਵਿੱਚ ਸਪਸ਼ਟ ਤੌਰ ਉੱਤੇ ਕਿਹਾ ਸੀ ਕਿ ‘‘ਮੁਲਜ਼ਮ ਜਾਂ ਫ਼ਿਰ ਸਬੰਧਿਤ ਵਿਅਕਤੀ ਦੀ ਸਹਿਮਤੀ ਨਾਲ ਹੀ ਉਸ ਦਾ ਨਾਰਕੋ ਐਨਾਲਸਿਸ ਟੈਸਟ ਹੋ ਸਕਦਾ ਹੈ। ਕਿਸੇ ਦੀ ਇੱਛਾ ਖ਼ਿਲਾਫ਼ ਨਾ ਤਾਂ ਨਾਰਕੋ ਟੈਸਟ, ਨਾ ਹੀ ਬ੍ਰੇਨ ਮੈਪਿੰਗ ਅਤੇ ਨਾ ਹੀ ਪੌਲੀਗ੍ਰਾਫ਼ ਟੈਸਟ ਕੀਤਾ ਸਕਦਾ ਹੈ।’’
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਪ੍ਰਕਿਰਿਆ ਤੋਂ ਗੁਜ਼ਾਰਨਾ ਸੰਵਿਧਾਨ ਦੇ ਆਰਟੀਕਲ 21 ਤਹਿਤ ਵਿਅਕਤਗੀਤ ਸੁਤੰਤਰਤਾ ਵਿੱਚ ਦਖ਼ਲਅੰਦਾਜ਼ੀ ਹੋਵੇਗੀ।
ਸੁਪਰੀਮ ਕੋਰਟ ਦਾ ਇਹ ਵੀ ਕਹਿਣਾ ਸੀ ਕਿ ਪੌਲੀਗ੍ਰਾਫ਼ ਜਾਂ ਨਾਰਕੋ ਜਾਂਚ ਦੌਰਾਨ ਜਾਂਚ ਏਜੰਸੀਆਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ।
ਸ਼੍ਰਧਾ ਵਾਲਕਰ ਤੇ ਉਨ੍ਹਾਂ ਦਾ ਪਰਿਵਾਰ
ਸ਼੍ਰਧਾ ਵਾਲਕਰ 2019 ਤੱਕ ਆਪਣੀ ਮਾਂ ਨਾਲ ਮੁੰਬਈ ਵਿੱਚ ਰਹਿ ਰਹੇ ਸੀ। ਉਸ ਸਮੇਂ ਸ਼੍ਰਧਾ ਮੁੰਬਈ ਦੇ ਮਵਾੜ ਇਲਾਕੇ ਵਿੱਚ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੇ ਸੀ।
ਇਸੇ ਦੌਰਾਨ ਇੱਕ ਡੇਟਿੰਗ ਐਪ ਜ਼ਰੀਏ ਸ਼੍ਰਧਾ ਦੀ ਮੁਲਾਕਾਤ ਆਫ਼ਤਾਬ ਨਾਲ ਹੋਈ।
ਸੱਤ-ਅੱਠ ਮਹੀਨੇ ਬਾਅਦ ਸ਼੍ਰਧਾ ਆਫ਼ਤਾਬ ਨੂੰ ਆਪਣੇ ਘਰ ਮਾਂ ਨੂੰ ਮਿਲਵਾਉਣ ਲਈ ਲਿਆਏ ਪਰ ਘਰ ਵਾਲਿਆਂ ਨੇ ਇਸ ਰਿਸ਼ਤੇ ਨੂੰ ਨਾ-ਮਨਜ਼ੂਰ ਕੀਤਾ।
ਪਰਿਵਾਰਿਕ ਵਿਰੋਧ ਦੇ ਚਲਦਿਆਂ ਸ਼੍ਰਧਾ ਨੇ 2019 ਵਿੱਚ ਆਪਣਾ ਘਰ ਛੱਡ ਦਿੱਤਾ। 2020 ਵਿੱਚ ਸ਼੍ਰਧਾ ਦੀ ਮਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਤੋਂ ਸ਼੍ਰਧਾ ਮੁੰਬਈ ਰਹਿੰਦੇ ਆਪਣੇ ਦੋਸਤਾਂ ਦੇ ਸੰਪਰਕ ਵਿੱਚ ਹੀ ਸੀ।
ਉਨ੍ਹਾਂ ਦੇ ਇੱਕ ਦੋਸਤ ਲਕਸ਼ਮਣ ਨੇ ਹੀ ਇਹ ਜਾਣਕਾਰੀ ਦਿੱਤੀ ਕਿ ਇਸ ਸਾਲ ਦੇ ਜੁਲਾਈ-ਅਗਸਤ ਮਹੀਨੇ ਤੋਂ ਸ਼੍ਰਧਾ ਨਾਲ ਸੰਪਰਕ ਨਹੀਂ ਹੋ ਪਾ ਰਿਹਾ।














