You’re viewing a text-only version of this website that uses less data. View the main version of the website including all images and videos.
ਦਲਿਤ ਮਹਿਲਾ ਨੂੰ ਕਥਿਤ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜਿਆ, ਹਸਪਤਾਲ 'ਚ ਮੌਤ
- ਲੇਖਕ, ਮੋਹਰ ਸਿੰਘ ਮੀਨਾ
- ਰੋਲ, ਬੀਬੀਸੀ ਹਿੰਦੀ ਲਈ
ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਵਿੱਚ ਇੱਕ ਦਲਿਤ ਮਹਿਲਾ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ।
ਇਸ ਦੌਰਾਨ ਮਹਿਲਾ ਦਾ ਸਰੀਰ ਸੱਠ ਫੀਸਦੀ ਝੁਲਸ ਗਿਆ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ।
ਇਸ ਪੂਰੀ ਘਟਨਾ ਨਾਲ ਰੋਹ ਵਿੱਚ ਆਏ ਮਹਿਲਾ ਦੇ ਪਰਿਵਾਰਕ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਬਾੜਮੇਰ ਦੇ ਬਾਲੋਤਰਾ ਐਸਡੀਐਮ ਦਫ਼ਤਰ ਵਿੱਚ ਧਰਨੇ ’ਤੇ ਬੈਠੇ ਸਨ।
ਸ਼ਨੀਵਾਰ ਤੱਕ ਮਹਿਲਾ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਅਤੇ ਅੰਤਿਮ ਸੰਸਕਾਰ ਤੋਂ ਇਨਕਾਰ ਕਰ ਦਿੱਤਾ ਸੀ ਪਰ ਐਤਵਾਰ ਨੂੰ ਪੁਲਿਸ ਅਤੇ ਪਰਿਵਾਰ ਵਿਚਕਾਰ ਸਹਿਮਤੀ ਬਣ ਗਈ ਅਤੇ ਹੁਣ ਮਹਿਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਸਸਕਾਰ ਦੌਰਾਨ ਵੀ ਪੁਲਿਸ ਦੇ ਕਰਮਚਾਰੀ ਉੱਥੇ ਮੌਜੂਦ ਰਹੇ। ਪ੍ਰਸ਼ਾਸਨ ਵੱਲੋਂ ਪੀੜਿਤ ਪਰਿਵਾਰ ਨੂੰ ਵੱਧ ਤੋਂ ਵੱਧ ਮਦਦ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਸਵੇਰੇ ਲਗਭਗ ਸਾਢੇ ਸੱਤ ਵਜੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕੀਤਾ ਗਿਆ।
ਕੀ ਹੈ ਮਾਮਲਾ
ਜਿਸ ਘਟਨਾ ਨੂੰ ਲੈ ਕੇ ਰਾਜੂ ਆਪਣੇ ਭਾਈਚਾਰੇ ਅਤੇ ਪਰਿਵਾਰਕ ਮੈਂਬਰਾਂ ਸਮੇਤ ਧਰਨੇ ’ਤੇ ਬੈਠੇ ਸਨ, ਉਹ ਲੰਘੀ 6 ਅਪ੍ਰੈਲ ਨੂੰ ਵਾਪਰੀ ਸੀ।
ਬੀਬੀਸੀ ਨਾਲ ਫ਼ੋਨ 'ਤੇ ਹੋਈ ਗੱਲਬਾਤ ਵਿੱਚ ਰਾਜੂ ਕਹਿੰਦੇ ਹਨ, "ਜਦੋਂ ਪਤਨੀ ਨੂੰ ਬਾਲੋਤਰਾ ਲਿਆਂਦਾ ਗਿਆ ਤਾਂ ਮੈਂ ਪਤਨੀ ਤੋਂ ਘਟਨਾ ਬਾਰੇ ਪੁੱਛਿਆ। ਉਸ ਨੇ ਮੈਨੂੰ ਸਭ ਕੁਝ ਦੱਸਿਆ।"
ਰਾਜੂ ਰਾਮ ਨੇ ਬੀਬੀਸੀ ਨੂੰ ਦੱਸਿਆ, "ਮੈਂ ਸਵੇਰੇ ਢਾਣੀ ਤੋਂ 25 ਕਿਲੋਮੀਟਰ ਦੂਰ ਬਾਲੋਤਰਾ ਵਿੱਚ ਆਪਣੇ ਕੰਮ 'ਤੇ ਗਿਆ ਸੀ। ਮੈਂ ਉੱਥੇ ਰੋਜ਼ਾਨਾ ਤਰਖਾਣ ਦਾ ਕੰਮ ਕਰਦਾ ਹਾਂ। ਬੱਚੇ ਸਕੂਲ ਗਏ ਹੋਏ ਸਨ। ਦੁਪਹਿਰੇ ਲਗਭਗ ਤਿੰਨ ਵਜੇ ਰਿਸ਼ਤੇਦਾਰਾਂ ਦਾ ਫ਼ੋਨ ਆਇਆ ਕਿ ਢਾਣੀ ਦਾ ਰਹਿਣ ਵਾਲਾ ਸ਼ਕੂਰ ਖ਼ਾਨ ਜ਼ਬਰਦਸਤੀ ਘਰ ਵਿੱਚ ਵੜ ਆਇਆ।"
ਉਨ੍ਹਾਂ ਇਲਜ਼ਾਮ ਲਗਾਇਆ, "ਸ਼ਕੂਰ ਖਾਨ ਨੇ ਮੇਰੀ ਪਤਨੀ ਨਾਲ ਬਲਾਤਕਾਰ ਕੀਤਾ। ਆਪਣੇ ਨਾਲ ਲਿਆਂਦੇ ਥਿਨਰ ਨੂੰ ਪਤਨੀ 'ਤੇ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਰੌਲਾ ਸੁਣ ਕੇ ਉਹ ਪਰਿਵਾਰਕ ਮੈਂਬਰਾਂ ਨੂੰ ਧੱਕਾ ਦੇ ਕੇ ਭੱਜ ਗਿਆ।"
- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਦਲਿਤ ਮਹਿਲਾ ਨਾਲ ਕਥਿਤ ਤੌਰ 'ਤੇ ਬਲਾਤਕਾਰ
- ਮੁਲਜ਼ਮ ਨੇ ਮਹਿਲਾ 'ਤੇ ਥਿਨਰ ਛਿੜਕ ਕੇ ਉਸ ਨੂੰ ਜ਼ਿੰਦਾ ਸਾੜਿਆ, ਇਲਾਜ ਦੌਰਾਨ ਮਹਿਲਾ ਦੀ ਮੌਤ
- ਪਰਿਵਾਰ ਵੱਲੋਂ ਪਹਿਲਾਂ ਲਾਸ਼ ਲੈਣ ਤੋਂ ਇਨਕਾਰ, ਸਹਿਮਤੀ ਮਗਰੋਂ ਕੀਤਾ ਗਿਆ ਅੰਤਿਮ ਸੰਸਕਾਰ
- ਪੀੜਿਤ ਪਰਿਵਾਰ ਵੱਲੋਂ 1 ਕਰੋੜ ਦੇ ਮੁਆਵਜ਼ੇ ਤੇ ਮ੍ਰਿਤਕਾ ਦੇ ਇੱਕ ਬੱਚੇ ਲਈ ਸਰਕਾਰੀ ਨੌਕਰੀ ਦੀ ਮੰਗ
- ਪੁਲਿਸ ਮੁਤਾਬਕ, ਮ੍ਰਿਤਕਾ ਦੇ ਬਿਆਨਾਂ ਦੇ ਅਧਾਰ 'ਤੇ ਇੱਕ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ
ਪਚਪਦਰਾ ਥਾਣਾ ਪੁਲਿਸ ਨੂੰ ਘਟਨਾ ਦੀ ਸੂਚਨਾ 6 ਅਪ੍ਰੈਲ ਦੀ ਦੁਪਹਿਰ ਨੂੰ ਮਿਲੀ।
7 ਅਪ੍ਰੈਲ ਦੀ ਦੁਪਹਿਰ ਨੂੰ 35 ਸਾਲਾ ਮ੍ਰਿਤਕਾ ਝੰਮਾ ਦੇਵੀ ਦੇ ਪਤੀ ਰਾਜੂ ਰਾਮ ਨੇ ਥਾਣੇ 'ਚ ਐੱਫਆਈਆਰ ਦਰਜ ਕਰਵਾਈ।
ਮੁਰਦਾਘਰ ਬਾਹਰ ਮੌਜੂਦ ਰਾਜੂ ਦੇ ਵੱਡੇ ਭਰਾ ਪਦਮਾਰਾਮ ਨੇ ਬੀਬੀਸੀ ਨੂੰ ਦੱਸਿਆ, "ਮੈਂ ਮੋਚੀ ਦਾ ਕੰਮ ਕਰਦਾ ਹਾਂ। ਮੈਂ ਵੀ ਉਸ ਦਿਨ ਕੰਮ 'ਤੇ ਗਿਆ ਹੋਇਆ ਸੀ। ਘਟਨਾ ਤੋਂ ਬਾਅਦ ਘਰ ਦੀਆਂ ਔਰਤਾਂ ਨੇ ਦੱਸਿਆ ਕਿ ਸ਼ਕੂਰ ਪਿਛਲੇ ਪਾਸਿਓਂ ਘਰ 'ਚ ਦਾਖਲ ਹੋਇਆ ਸੀ।''
"ਝੰਮਾ ਦੇਵੀ ਨਾਲ ਬਲਾਤਕਾਰ ਕਰਨ ਤੋਂ ਬਾਅਦ, ਆਪਣੀ ਜੇਬ ਵਿੱਚੋਂ ਥਿਨਰ ਦੀ ਬੋਤਲ ਕੱਢ ਕੇ ਉਸ 'ਤੇ ਛਿੜਕ ਦਿੱਤੀ। ਮਾਚਿਸ ਨਾਲ ਅੱਗ ਲਗਾ ਦਿੱਤੀ।"
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਬਾਲੋਤਰਾ ਅਤੇ ਫਿਰ ਜੋਧਪੁਰ ਲੈ ਕੇ ਆਏ। ਇੱਥੇ ਉਨ੍ਹਾਂ ਦੀ ਮੌਤ ਹੋ ਗਈ। ਝੰਮਾ ਦੇਵੀ ਦੇ ਚਾਰ ਬੱਚੇ ਹਨ। ਦੋ ਪੁੱਤਰ ਅਤੇ ਦੋ ਧੀਆਂ, ਸਭ ਤੋਂ ਵੱਡੀ ਧੀ ਤੇਰਾਂ ਸਾਲ ਦੀ ਹੈ।
ਸੱਠ ਫੀਸਦੀ ਝੁਲਸਿਆ ਸਰੀਰ
ਅਧਿਕਾਰੀਆਂ ਮੁਤਾਬਕ, ਪਚਪਦਰਾ 'ਚ ਸੋਢੋ ਕੀ ਢਾਣੀ ਤੋਂ 25 ਕਿਲੋਮੀਟਰ ਦੂਰ ਬਾਲੋਤਰਾ ਦੇ ਇਕ ਨਿੱਜੀ ਹਸਪਤਾਲ 'ਚ 6 ਅਪ੍ਰੈਲ ਦੀ ਦੁਪਹਿਰ ਨੂੰ ਇਕ ਔਰਤ ਨੂੰ ਸੜੀ ਹੋਈ ਹਾਲਤ 'ਚ ਲਿਆਦਾ ਗਿਆ ਸੀ।
ਮਹਿਲਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ 7 ਅਪ੍ਰੈਲ ਨੂੰ ਜੋਧਪੁਰ ਰੈਫ਼ਰ ਕਰ ਦਿੱਤਾ ਗਿਆ ਸੀ। 7 ਅਪ੍ਰੈਲ ਨੂੰ ਮਹਿਲਾ ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਮਹਾਤਮਾ ਗਾਂਧੀ ਹਸਪਤਾਲ ਦੀ ਮੈਡੀਕਲ ਸੁਪਰੀਟੈਂਡੇਂਟ ਡਾਕਟਰ ਰਾਜਸ਼੍ਰੀ ਨੇ ਬੀਬੀਸੀ ਨੂੰ ਕਿਹਾ, "ਇੱਕ 35 ਸਾਲਾ ਮਹਿਲਾ ਨੂੰ ਬਰਨ ਵਾਰਡ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹਾਲਤ ਗੰਭੀਰ ਸੀ।"
ਡਾਕਟਰ ਰਾਜਸ਼੍ਰੀ ਨੇ ਦੱਸਿਆ, "ਤੁਰੰਤ ਪਲਾਸਟਿਕ ਸਰਜਨ ਦੀ ਨਿਗਰਾਨੀ ਹੇਠ ਇਲਾਜ ਸ਼ੁਰੂ ਕਰ ਦਿੱਤਾ ਗਿਆ। ਦੇਰ ਰਾਤ ਸਾਢੇ ਬਾਰਾਂ ਵਜੇ ਮਹਿਲਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਉਨ੍ਹਾਂ ਅੱਗੇ ਦੱਸਿਆ, "ਮਹਿਲਾ 60 ਫੀਸਦੀ ਤੱਕ ਸੜ ਚੁੱਕੀ ਸੀ। ਉਨ੍ਹਾਂ ਦਾ ਚਿਹਰਾ, ਛਾਤੀ ਅਤੇ ਸਰੀਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ।"
ਡਾਕਟਰ ਨੇ ਕਿਹਾ, "ਸ਼ੁਰੂਆਤ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਉਹ ਕਿਸੇ ਕੈਮੀਕਲ ਨਾਲ ਸੜ ਗਈ ਹੈ।"
ਇਹ ਪੁੱਛੇ ਜਾਣ 'ਤੇ ਕਿ ਔਰਤ ਨੂੰ ਕਿਸ ਚੀਜ਼ ਨਾਲ ਸਾੜਿਆ ਗਿਆ ਹੈ, ਬਾੜਮੇਰ ਦੇ ਪੁਲਿਸ ਸੁਪਰੀਟੈਂਡੇਂਟ ਦਿਗੰਤ ਆਨੰਦ ਨੇ ਬੀਬੀਸੀ ਨੂੰ ਦੱਸਿਆ, "ਡਾਕਟਰਾਂ ਨੇ ਕਿਹਾ ਹੈ ਕਿ ਸਰੀਰ ਸੜਿਆ ਹੋਇਆ ਹੈ, ਪਰ ਇਹ ਪੋਸਟਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋ ਸਕੇਗਾ।"
ਇੱਕ ਕਰੋੜ ਮੁਆਵਜ਼ੇ ਦੀ ਮੰਗ
ਮਹਿਲਾ ਦੀ ਮੌਤ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਪਹੁੰਚੇ ਸਨ। ਇਨ੍ਹਾਂ ਵਿੱਚ ਕਈ ਜਥੇਬੰਦੀਆਂ ਅਤੇ ਭਾਜਪਾ ਆਗੂ ਸ਼ਾਮਲ ਸਨ।
ਰਾਜੂ ਰਾਮ ਦੇ ਵੱਡੇ ਭਰਾ ਪਦਮਾਰਾਮ ਨੇ ਬੀਬੀਸੀ ਨੂੰ ਆਪਣੀਆਂ ਮੰਗਾਂ ਬਾਰੇ ਕਿਹਾ, "ਅਸੀਂ ਪਚਪਦਰਾ ਦੇ ਡਿਪਟੀ ਐਸਪੀ ਅਤੇ ਬਾਲੋਤਰਾ ਥਾਣਾ ਪ੍ਰਧਾਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਡਿਪਟੀ ਐਸਪੀ ਨੇ ਸਾਨੂੰ ਧਮਕੀਆਂ ਦਿੱਤੀਆਂ ਹਨ ਅਤੇ ਬਾਲੋਤਰਾ ਥਾਣਾ ਪ੍ਰਧਾਨ ਨੇ ਹਸਪਤਾਲ ਵਿੱਚ ਆਏ ਲੋਕਾਂ 'ਤੇ ਲਾਠੀਚਾਰਜ ਕੀਤਾ ਹੈ।''
ਉਨ੍ਹਾਂ ਕਿਹਾ, "ਅਸੀਂ ਇੱਕ ਕਰੋੜ ਰੁਪਏ ਅਤੇ ਮ੍ਰਿਤਕਾ ਝੰਮਾ ਦੇਵੀ ਦੇ ਚਾਰ ਬੱਚਿਆਂ ਵਿੱਚੋਂ ਇੱਕ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਹਾਂ।"
ਪਹਿਲਾਂ ਰਾਜੂ ਰਾਮ ਨੇ ਕਿਹਾ ਸੀ, "ਪ੍ਰਸ਼ਾਸਨ ਇੱਕ ਕਰੋੜ ਦੀ ਰਕਮ ਲਈ ਇਨਕਾਰ ਕਰ ਰਿਹਾ ਹੈ। ਪ੍ਰਸ਼ਾਸਨ ਸਿਰਫ਼ ਚਿਰੰਜੀਵੀ ਸਕੀਮ ਤਹਿਤ ਹੀ ਸਹਾਇਤਾ ਦੇਣ ਦੀ ਗੱਲ ਕਰ ਰਿਹਾ ਹੈ।"
ਸਹਿਮਤੀ ਮਗਰੋਂ ਬਾਲੋਤਰਾ ਦੇ ਐਡੀਸ਼ਨਲ ਜ਼ਿਲ੍ਹਾ ਮਜਿਸਟ੍ਰੇਟ ਨੇ ਬੀਬੀਸੀ ਨੂੰ ਫੋਨ 'ਤੇ ਦੱਸਿਆ, ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੀਆਂ ਮੰਗਾਂ 'ਤੇ ਕਲੈਕਟਰ ਅਤੇ ਐਸਪੀ ਦੀ ਮੌਜੂਦਗੀ 'ਚ ਸਹਿਮਤੀ ਬਣੀ ਹੈ।''
''ਸਰਕਾਰ ਦੀਆਂ ਯੋਜਨਾਵਾਂ ਅਤੇ ਐਟਰੋਸਿਟੀ ਐਕਟ ਤਹਿਤ ਵੱਧ ਤੋਂ ਵੱਧ ਸਹਾਇਤਾ ਅਤੇ ਇੱਕ ਵਿਅਕਤੀ ਨੂੰ ਕੰਟਰੈਕਟ 'ਤੇ ਨੌਕਰੀ ਦੇਣ ਦੀ ਗੱਲ 'ਤੇ ਸਮਝੌਤਾ ਹੋਇਆ ਹੈ।''
ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ
ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਪਚਪਦਰਾ ਦੇ ਡਿਪਟੀ ਐਸਪੀ ਮਦਨ ਮੀਨਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾ ਦੇ ਪਤੀ ਰਾਜੂ ਰਾਮ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਪਤਨੀ ਨਾਲ ਸ਼ਕੂਰ ਖਾਨ ਨੇ ਬਲਾਤਕਾਰ ਕੀਤਾ ਅਤੇ ਥਿਨਰ ਪਾ ਕੇ ਸਾੜ ਦਿੱਤਾ।"
ਬਾੜਮੇਰ ਦੇ ਪੁਲਿਸ ਸੁਪਰੀਟੈਂਡੈਂਟ ਦਿਗੰਤ ਆਨੰਦ ਨੇ ਦੱਸਿਆ, "ਇਹ ਘਟਨਾ 6 ਅਪ੍ਰੈਲ ਦੀ ਹੈ। ਸਾਨੂੰ 7 ਤਾਰੀਖ ਨੂੰ ਐਫਆਈਆਰ ਮਿਲੀ ਹੈ ਅਤੇ ਅਸੀਂ ਇਸ ਮਾਮਲੇ ਵਿੱਚ ਸਿਰਫ਼ ਇੱਕ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"
ਉਨ੍ਹਾਂ ਅੱਗੇ ਕਿਹਾ, "ਅਸੀਂ ਜੋਧਪੁਰ ਦੇ ਹਸਪਤਾਲ ਨੂੰ ਲਾਸ਼ ਦੇ ਪੋਸਟਮਾਰਟਮ ਲਈ ਮੈਡੀਕਲ ਬੋਰਡ ਬਣਾਉਣ ਲਈ ਕਿਹਾ ਹੈ। ਪਚਪਦਰਾ ਪੁਲਿਸ ਥਾਣੇ ਵਿੱਚ ਰਾਜੂ ਰਾਮ ਦੀ ਸ਼ਿਕਾਇਤ 'ਤੇ ਭਾਰਤੀ ਦੰਡਾਵਲੀ ਦੀ ਧਾਰਾ 376 (1), 450, 326 (ਏ) ਅਤੇ ਐਸਸੀ ਐਸਟੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।''
ਔਰਤ ਦੀ ਮੌਤ ਤੋਂ ਬਾਅਦ ਹੁਣ ਇਸ ਵਿੱਚ ਕਤਲ ਦੀ ਧਾਰਾ 302 ਵੀ ਜੋੜ ਦਿੱਤੀ ਜਾਵੇਗੀ।
ਜਾਂਚ ਅਧਿਕਾਰੀ ਡਿਪਟੀ ਐਸਪੀ ਮਦਨ ਮੀਨਾ ਨੇ ਇਲਾਜ ਦੌਰਾਨ ਔਰਤ ਦੇ ਬਿਆਨ ਲਏ ਹਨ। ਉਨ੍ਹਾਂ ਕਿਹਾ, "ਅਸੀਂ ਬਿਆਨਾਂ ਦੇ ਆਧਾਰ 'ਤੇ ਜਾਂਚ ਕਰ ਰਹੇ ਹਾਂ। ਫਿਲਹਾਲ ਜੋਧਪੁਰ ਦੇ ਹਸਪਤਾਲ 'ਚ ਪੋਸਟਮਾਰਟਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਮ੍ਰਿਤਕਾ ਦੇ ਪਤੀ ਨੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਇਸ ਸਵਾਲ 'ਤੇ ਕਿ ਕੀ ਮੈਡੀਕਲ 'ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ, ਡਿਪਟੀ ਐਸਪੀ ਨੇ ਕਿਹਾ, "ਇਹ ਪੋਸਟਮਾਰਟਮ ਤੋਂ ਬਾਅਦ ਹੀ ਸਪਸ਼ਟ ਹੋਵੇਗਾ। ਅਸੀਂ ਮਹਿਲਾ ਦੇ ਪਤੀ ਦੇ ਇਲਜ਼ਾਮਾਂ ਦੇ ਆਧਾਰ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।"
ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ
ਇਸ ਘਟਨਾ ਤੋਂ ਬਾਅਦ ਸੂਬੇ ਭਰ ਵਿੱਚ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਜਾ ਸਕਦਾ ਹੈ।
ਜੋਧਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਘਟਨਾ 'ਤੇ ਟਵੀਟ ਕਰਦਿਆਂ ਕਿਹਾ, "ਇੱਕ ਮੁਸਲਿਮ ਨੌਜਵਾਨ ਵੱਲੋਂ ਇੱਕ ਦਲਿਤ ਮਹਿਲਾ ਨਾਲ ਬਲਾਤਕਾਰ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਤੋਂ ਬਾਅਦ, ਰਾਜਸਥਾਨ ਸਰਕਾਰ ਦਾ ਰਵੱਈਆ ਉਹੀ ਰਿਹਾ ਜੋ ਮੁਲਜ਼ਮ ਚਾਹੁੰਦਾ ਸੀ।"
ਬਾੜਮੇਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਮਿਲਣ ਜੋਧਪੁਰ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਡਾਕਟਰ ਸਤੀਸ਼ ਪੂਨੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ, "ਮੁੱਖ ਮੰਤਰੀ ਨੇ ਅਸੰਵੇਦਨਸ਼ੀਲਤਾ ਦੀ ਹੱਦ ਪਾਰ ਕਰ ਦਿੱਤੀ ਹੈ। ਰਾਜਸਥਾਨ ਕਦੇ ਸ਼ਾਂਤੀ ਲਈ ਜਾਣਿਆ ਜਾਂਦਾ ਸੀ, ਪਰ ਹੁਣ ਇਸ ਨੂੰ ਗ੍ਰਹਿਣ ਲੱਗ ਗਿਆ ਹੈ। ਪਚਪਦਰਾ ਥਾਣਾ ਖੇਤਰ ਵਿੱਚ ਇੱਕ ਮਹਿਲਾ ਨਾਲ ਵਾਪਰੀ ਅਣਮਨੁੱਖੀ ਦੁਸ਼ਕਰਮ ਦੀ ਘਟਨਾ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਬਿਆਨ ਕਰਦੀ ਹੈ।''
ਇਸ ਮਾਮਲੇ 'ਚ ਅਸ਼ੋਕ ਗਹਿਲੋਤ ਸਰਕਾਰ 'ਚ ਮੰਤਰੀ ਰਹੇ ਪ੍ਰਤਾਪ ਸਿੰਘ ਖਚਰੀਆਵਾਸ ਨੇ ਮੀਡੀਆ ਨੂੰ ਕਿਹਾ, 'ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਮਾਨਸਿਕ ਤੌਰ 'ਤੇ ਬਿਮਾਰ ਹਨ।'
ਉਨ੍ਹਾਂ ਕਿਹਾ, "ਅਜਿਹੇ ਲੋਕ ਸਮਾਜ ਲਈ ਖ਼ਤਰਨਾਕ ਹਨ। ਅਜਿਹੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।"