You’re viewing a text-only version of this website that uses less data. View the main version of the website including all images and videos.
‘ਮਲਿਆਨਾ ਸੜ ਰਿਹਾ ਸੀ, ਸਾਰੀ ਦੁਨੀਆਂ ਨੇ ਧੂੰਆ ਦੇਖਿਆ, ਪਰ ਅਦਾਲਤ ਨੂੰ ਇਹ ਨਜ਼ਰ ਨਹੀਂ ਆਇਆ?’
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਮੇਰਠ ਦੇ ਬਾਹਰਵਾਰ ਸਥਿਤ ਮਲਿਆਨਾ ਪਿੰਡ 'ਚ 36 ਸਾਲ ਪਹਿਲਾਂ ਹੋਈ ਫ਼ਿਰਕੂ ਹਿੰਸਾ ਦੇ ਮਾਮਲੇ 'ਚ ਹੇਠਲੀ ਅਦਾਲਤ ਨੇ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਮੁਸਲਮਾਨਾਂ ਵਿਰੁੱਧ ਹਿੰਸਾ ਦੇ ਇਸ ਮਾਮਲੇ ਵਿੱਚ ਅਦਾਲਤੀ ਫ਼ੈਸਲੇ ਨਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡੂੰਘੀ ਨਿਰਾਸ਼ਾ ਹੋਈ ਹੈ।
23 ਮਈ 1987 ਨੂੰ ਯੂਪੀ ਦੇ ਮੇਰਠ ਸ਼ਹਿਰ ਦੇ ਬਾਹਰਵਾਰ ਸਥਿਤ ਮਲਿਆਨਾ ਪਿੰਡ ਵਿੱਚ 72 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ।
ਇਲਜ਼ਾਮ ਸੀ ਕਿ ਇਸ ਕਤਲੇਆਮ ਨੂੰ ਅੰਜਾਮ ਸਥਾਨਕ ਹਿੰਦੂਆਂ ਅਤੇ ਸੂਬੇ ਦੇ ਹਥਿਆਰਬੰਦ ਪੁਲਿਸ ਕਰਮਚਾਰੀਆਂ ਨੇ ਮਿਲਕੇ ਦਿੱਤਾ ਸੀ।
ਇਸ ਘਟਨਾ ਨੂੰ 'ਭਾਰਤੀ ਲੋਕਤੰਤਰ 'ਤੇ ਧੱਬਾ' ਕਰਾਰ ਦਿੱਤਾ ਗਿਆ ਸੀ।
ਆਲੋਚਕਾਂ ਨੇ ਹੇਠਲੀ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਬਰੀ ਕੀਤੇ ਜਾਣ ਨੂੰ 'ਨਿਆਂ ਦਾ ਮਜ਼ਾਕ' ਆਖਿਆ ਹੈ।
ਉੱਤਰ ਪ੍ਰਦੇਸ਼ ਦੇ ਡੀਜੀਪੀ ਰਹੇ ਵਿਭੂਤੀ ਨਾਰਾਇਣ ਰਾਏ ਨੇ ਇਸ ਮਾਮਲੇ 'ਤੇ ਗੱਲ ਕਰਦਿਆਂ ਬੀਬੀਸੀ ਨੂੰ ਕਿਹਾ, "ਇਹ ਮਾਮਲਾ ਪੂਰੀ ਤਰ੍ਹਾਂ ਸੂਬੇ ਦੀ ਅਸਫਲਤਾ ਦਾ ਹੈ।”
“ਇਸ ਦੇ ਸਾਰੇ ਹਿੱਸੇਦਾਰ ਯਾਨੀ ਪੁਲਿਸ, ਸਿਆਸੀ ਲੀਡਰਸ਼ਿਪ, ਪੱਖਪਾਤੀ ਮੀਡੀਆ ਅਤੇ ਹੁਣ ਨਿਆਂਪਾਲਿਕਾ ਵੀ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹੀ ਹੈ।”
“ਇਸ ਦੇ ਕੁਝ ਪੀੜਤਾਂ, ਵਿਭੂਤੀ ਨਾਰਾਇਣ ਰਾਏ ਅਤੇ ਸੀਨੀਅਰ ਪੱਤਰਕਾਰ ਕੁਰਬਾਨ ਅਲੀ ਸਮੇਤ, ਜਿਨ੍ਹਾਂ ਨੇ ਦੰਗਿਆਂ ਨੂੰ ਵਿਸਥਾਰ ਨਾਲ ਕਵਰ ਕੀਤਾ ਸੀ, ਨੇ 2021 ਵਿੱਚ ਇਲਾਹਾਬਾਦ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ। ਇਨ੍ਹਾਂ ਲੋਕਾਂ ਦੀ ਸ਼ਿਕਾਇਤ ਸੀ ਕਿ ਮਾਮਲੇ ਦੀ ਸੁਣਵਾਈ ਬਹੁਤ ਹੌਲੀ ਚੱਲ ਰਹੀ ਹੈ।”
ਵਿਭੂਤੀ ਨਾਰਾਇਣ ਰਾਏ ਨੇ ਕਿਹਾ, “ਸ਼ੁਰੂ ਤੋਂ ਹੀ ਜਾਂਚ ਵਿੱਚ ਗੜਬੜੀ ਰਹੀ ਹੈ। ਇਹ ਕੇਸ ਸਾਢੇ ਤਿੰਨ ਦਹਾਕਿਆਂ ਤੋਂ ਲਟਕ ਰਿਹਾ ਸੀ। ਇਸ ਲਈ ਅਸੀਂ ਨਵੀਂ ਜਾਂਚ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਸੀਂ ਦੰਗਿਆਂ ਦੇ ਪੀੜਤਾਂ ਨੂੰ ਉਚਿਤ ਮੁਕੱਦਮੇ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।”
ਮੁਕੱਦਮੇ ਦੌਰਾਨ 23 ਮੁਲਜ਼ਮਾਂ ਦੀ ਮੌਤ ਹੋਈ ਤੇ 31 ਦਾ ਕੋਈ ਸੁਰਾਗ ਨਹੀਂ
ਕੁਰਬਾਨ ਅਲੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਕਤਲੇਆਮ ਵਿੱਚ ਪੁਲਿਸ ਦੀ ਭੂਮਿਕਾ ਦੀ ਮੁੜ ਜਾਂਚ ਦੀ ਮੰਗ ਵੀ ਕੀਤੀ ਸੀ।
ਹਿੰਸਾ ਦੇ ਪੀੜਤਾਂ ਨੇ ਕਿਹਾ ਕਿ ਹਿੰਸਾ ਪ੍ਰੋਵਿੰਸ਼ੀਅਲ ਆਰਮਡ ਕਾਂਸਟੇਬਲਰੀ ਯਾਨੀ ਪੀਏਸੀ ਨੇ ਸ਼ੁਰੂ ਕੀਤੀ ਸੀ। ਇਹ ਪੁਲਿਸ ਫ਼ੋਰਸ ਦਾ ਗਠਨ ਹੌਲਿਆਂ ਅਤੇ ਜਾਤੀ ਅਧਾਰਿਤ ਟਕਰਾਅ ਨਾਲ ਨਜਿੱਠਣ ਲਈ ਕੀਤਾ ਗਿਆ ਸੀ।
ਐਮਨੈਸਟੀ ਇੰਟਰਨੈਸ਼ਨਲ ਸਣੇ ਕਈ ਮਨੁੱਖੀ ਅਧਿਕਾਰ ਸੰਗਠਨਾਂ ਨੇ ਮਲਿਆਨਾ ਦੰਗਿਆਂ ਵਿੱਚ ਪੁਲਿਸ ਦੀ ਸ਼ਮੂਲੀਅਤ ਦੇ ਦਸਤਾਵੇਜ਼ੀ ਸਬੂਤ ਦਿੱਤੇ ਸਨ।
ਕੁਰਬਾਨ ਅਲੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਜੋ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ, ਉਸ ਮੁਤਾਬਕ ਘੱਟੋ-ਘੱਟ 36 ਲੋਕਾਂ ਦੇ ਸਰੀਰਾਂ ਵਿੱਚ ਗੋਲੀਆਂ ਦੇ ਨਿਸ਼ਾਨ ਸਨ।
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਲਿਆਨਾ ਪਿੰਡ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਕੋਲ ਬੰਦੂਕ ਨਹੀਂ ਸੀ।
ਬੀਬੀਸੀ ਨੇ ਮਲਿਆਨਾ ਕਾਂਡ ਵਿੱਚ ਆਪਣੀ ਕਥਿਤ ਭੂਮਿਕਾ ਬਾਰੇ ਚਰਚਾ ਕਰਨ ਲਈ ਸੰਸਥਾ ਨਾਲ ਸੰਪਰਕ ਕੀਤਾ। ਪਰ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਬੀਬੀਸੀ ਨੇ ਪੀਏਸੀ ਦੇ ਮੁਖੀ ਨੂੰ ਇੱਕ ਈ-ਮੇਲ ਵੀ ਕੀਤੀ ਸੀ।
ਇਸ ਕਤਲੇਆਮ ਤੋਂ ਬਾਅਦ ਪੁਲਿਸ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਸਿਰਫ਼ 93 ਸਥਾਨਕ ਹਿੰਦੂਆਂ ਨੂੰ ਹੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਪਰ ਮੁਕੱਦਮੇ ਦੌਰਾਨ 23 ਮੁਲਜ਼ਮਾਂ ਦੀ ਮੌਤ ਹੋ ਗਈ ਅਤੇ 31 ਲੋਕਾਂ ਦਾ ‘ਕੋਈ ਸੁਰਾਗ’ ਨਹੀਂ ਮਿਲ ਸਕਿਆ।
ਮਾਮਲੇ ਦੇ ਬਚਾਅ ਪੱਖ ਦੇ ਵਕੀਲ ਛੋਟੇ ਲਾਲ ਬਾਂਸਲ ਨੇ ਬੀਬੀਸੀ ਨੂੰ ਦੱਸਿਆ ਕਿ ਕੇਸ ਇਸ ਲਈ ਢਿੱਲਾ ਪਿਆ, ਕਿਉਂਕਿ ਹਿੰਸਾ ਮਾਮਲੇ ਦੇ ਮੁੱਖ ਗਵਾਹ ਨੇ ਕਿਹਾ ਕਿ ਉਸਨੇ ਪੁਲਿਸ ਦੇ ਦਬਾਅ ਹੇਠ ਮੁਲਜ਼ਮ ਦਾ ਨਾਮ ਲਿਆ ਸੀ।
ਬਾਂਸਲ ਮੁਤਾਬਕ, “ਪੁਲਿਸ ਨੇ ਚਾਰ ਅਜਿਹੇ ਲੋਕਾਂ ਨੂੰ ਨਾਮਜ਼ਦ ਕੀਤਾ ਸੀ ਜੋ ਇਸ ਕਤਲੇਆਮ ਤੋਂ ਸੱਤ-ਅੱਠ ਸਾਲ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ।”
“ਇੱਕ ਵਿਅਕਤੀ ਤਾਂ ਉਸ ਸਮੇਂ ਬਹੁਤ ਗੰਭੀਰ ਰੂਪ ਵਿੱਚ ਬਿਮਾਰ ਸੀ ਅਤੇ ਹਸਪਤਾਲ ਵਿੱਚ ਭਰਤੀ ਸੀ।”
ਬਾਂਸਲ ਨੇ ਕਿਹਾ, ''ਮਲਿਆਨਾ ਦੇ ਮੁਸਲਮਾਨਾਂ ਨਾਲ ਜੋ ਹੋਇਆ ਉਹ ਬਹੁਤ ਦੁਖ਼ਦਾਈ ਹੈ। ਇਹ ਬਹੁਤ ਨਿੰਦਣਯੋਗ ਹੈ। ਪਰ ਮੇਰੇ ਮੁਵੱਕਲ ਵੀ ਇਸ ਦਾ ਸ਼ਿਕਾਰ ਹੋਏ ਹਨ। 36 ਸਾਲਾਂ ਤੱਕ ਚੱਲੇ ਇਸ ਮੁਕੱਦਮੇ ਦੌਰਾਨ ਮੇਰਾ ਮੁਵੱਕਲ ਵੀ ਧਮਕੀਆਂ ਦੇ ਸਾਏ ਹੇਠ ਹੀ ਜੀਵਿਆ।”
ਉਨ੍ਹਾਂ ਕਿਹਾ, "ਬਚਾਅ ਅਤੇ ਵਿਰੋਧੀ ਪੱਖ ਲਗਾਤਾਰ ਪੁਲਿਸ ਅਤੇ ਪੀਏਸੀ 'ਤੇ ਲੋਕਾਂ ਨੂੰ ਮਾਰਨ ਦਾ ਦੋਸ਼ ਲਗਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦਾ ਨਾਮ ਨਹੀਂ ਲਿਆ ਹੈ।"
ਹਿੰਸਾ ਦੇ ਹੈਰਾਨ ਕਰਨ ਵਾਲੇ ਵੇਰਵੇ
ਮਾਲਿਆਨਾ ਹਿੰਸਾ ਕੇਸ ਵਿੱਚ ਅਦਾਲਤ ਦੇ 26 ਪੰਨਿਆਂ ਦੇ ਫ਼ੈਸਲੇ ਵਿੱਚ ਹਿੰਸਾ ਦੇ ਦਿਲ ਦਹਿਲਾ ਦੇਣ ਵਾਲੇ ਵੇਰਵੇ ਦਰਜ ਕੀਤੇ ਗਏ ਹਨ।
ਇੱਕ ਨੌਜਵਾਨ ਦੀ ਗਲੇ ਵਿੱਚ ਗੋਲੀ ਲੱਗਣ ਨਾਲ ਮੌਤ ਹੋਈ ਸੀ। ਇੱਕ ਪਿਤਾ ਨੂੰ ਤਲਵਾਰ ਨਾਲ ਵੱਢਿਆ ਗਿਆ ਅਤੇ ਪੰਜਾਂ ਸਾਲਾਂ ਦੇ ਇੱਕ ਬੱਚੇ ਨੂੰ ਅੱਗ ਵਿੱਚ ਸੁੱਟ ਦਿੱਤਾ ਗਿਆ ਸੀ।
ਪਰ ਹਿੰਸਾ ਦੀਆਂ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੇ ਬਾਵਜੂਦ ਅਦਾਲਤ ਵੱਲੋਂ ਦੋਸ਼ੀਆਂ ਨੂੰ ਬਰੀ ਕਰਨ ਦੇ ਫ਼ੈਸਲੇ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਐਡਵੋਕੇਟ ਅਹਿਮਦ ਸਿੱਦੀਕੀ ਦੇ ਸਰੀਰ 'ਤੇ ਦੋ ਗੋਲੀਆਂ ਦੇ ਨਿਸ਼ਾਨ ਹਨ। ਉਹ ਕਹਿੰਦੇ ਹਨ, "ਮਲਿਆਨਾ ਵਿੱਚ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਵਿੱਚ ਨਿਰਾਸ਼ਾ ਹੈ।"
ਉਨ੍ਹਾਂ ਕਿਹਾ, "ਮੈਂ ਉਨ੍ਹਾਂ ਸਾਰਿਆਂ ਨੂੰ ਜਾਣਦਾ ਹਾਂ ਜੋ ਮਾਰੇ ਗਏ ਸਨ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੇ ਮਾਰਿਆ ਸੀ।"
ਸਿੱਦੀਕੀ ਦਾ ਕਹਿਣਾ ਹੈ ਕਿ ਜਦੋਂ ਵੀ ਉਹ 23 ਮਈ 1987 ਦੀ ਗੱਲ ਕਰਦੇ ਹਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਮੁਸਲਮਾਨਾਂ ਵਿਰੁੱਧ ਅਫ਼ਵਾਹਾਂ ਫੈਲ ਰਹੀਆਂ ਹਨ। ਇੱਥੇ ਦੋ ਭਾਈਚਾਰਿਆਂ ਵਿੱਚ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹ ਕਹਿੰਦੇ ਹਨ, “ਮੇਰਠ ਵਿੱਚ ਹਾਲਾਤ ਪਿਛਲੇ ਕਈ ਸਾਲਾਂ ਤੋਂ ਤਣਾਅਪੂਰਨ ਰਹੇ ਹਨ ਅਤੇ ਸ਼ਹਿਰ ਵਿੱਚ ਕਈ ਦੰਗੇ ਹੋਏ ਹਨ। ਪਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਪਿੰਡ ਵਿੱਚ ਹਿੰਸਾ ਹੋਵੇਗੀ।”
“ਪਰ ਉਸ ਦਿਨ ਪੀਏਸੀ ਦੇ ਜਵਾਨ ਤਿੰਨ ਗੱਡੀਆਂ ਵਿੱਚ ਆਏ ਅਤੇ ਮੁਸਲਮਾਨਾਂ ਦੇ ਇਲਾਕਿਆਂ ਨੂੰ ਘੇਰ ਲਿਆ। ਸਾਡੇ ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਸਨ।”
“ਕੁਝ ਪੀਏਸੀ ਜਵਾਨ ਹਿੰਦੂਆਂ ਦੇ ਘਰਾਂ ਵਿੱਚ ਵੜ ਗਏ ਅਤੇ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਉੱਤੇ ਪੋਜੀਸ਼ਨ ਲੈ ਲਈ। ਚਾਰੇ ਪਾਸਿਓਂ ਗੋਲੀਆਂ ਚੱਲ ਰਹੀਆਂ ਸਨ।”
ਸਿੱਦੀਕੀ ਉਨ੍ਹਾਂ ਕੁਝ ਚਸ਼ਮਦੀਦਾਂ ਵਿੱਚੋਂ ਸੀ ਜਿਨ੍ਹਾਂ ਨੂੰ ਗਵਾਹੀ ਦੇਣ ਲਈ ਬੁਲਾਇਆ ਗਿਆ ਸੀ।
ਉਹ ਦੱਸਦੇ ਹਨ, “ਮੈਂ ਇੱਕ ਸਾਲ ਤੱਕ ਗਵਾਹੀ ਦਿੱਤੀ। ਮੈਂ ਪੀਏਸੀ ਦੀ ਭੂਮਿਕਾ ਬਾਰੇ ਦੱਸਿਆ, ਲੋਕਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਵੱਲੋਂ ਲਿਆਂਦੇ ਹਥਿਆਰਾਂ ਦੀ ਵੀ ਪਛਾਣ ਕੀਤੀ ਸੀ।”
ਉਹ ਕਹਿੰਦਾ ਹੈ, “ਮੇਰਾ ਮੰਨਣਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕਾਫ਼ੀ ਸਬੂਤ ਸਨ। ਸਾਨੂੰ ਦੇਖਣਾ ਹੋਵੇਗਾ ਕਿ ਅਸੀਂ ਕਿੱਥੇ ਗਲਤ ਹੋਏ ਹਾਂ। ਜਦੋਂ ਮਲਿਆਨਾ ਸੜ ਰਿਹਾ ਸੀ ਤਾਂ ਸਾਰੀ ਦੁਨੀਆ ਨੇ ਧੂੰਆਂ ਦੇਖਿਆ। ਅਦਾਲਤ ਨੇ ਇਹ ਕਿਉਂ ਨਹੀਂ ਦੇਖਿਆ?
ਮਲਿਆਨਾ ਕਤਲੇਆਮ ਕੀ ਕੁਝ ਵਾਪਰਿਆ
- 23 ਮਈ 1987 ਨੂੰ ਯੂਪੀ ਦੇ ਮੇਰਠ ਸ਼ਹਿਰ ਦੇ ਬਾਹਰਵਾਰ ਸਥਿਤ ਮਲਿਆਨਾ ਪਿੰਡ ਵਿੱਚ 72 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ।
- ਕਤਲੇਆਮ ਦਾ ਇਲਜ਼ਾਮ ਸਥਾਨਕ ਹਿੰਦੂਆਂ ਅਤੇ ਸੂਬੇ ਦੇ ਹਥਿਆਰਬੰਦ ਪੁਲਿਸ ਕਰਮਚਾਰੀਆਂ ’ਤੇ ਲੱਗਿਆ
- 2021 ਵਿੱਚ ਇਲਾਹਾਬਾਦ ਵਿੱਚ ਮਾਮਲੇ ਦੀ ਸੁਣਵਾਈ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ
- ਮੁਕੱਦਮੇ ਦੌਰਾਨ 23 ਮੁਲਜ਼ਮਾਂ ਦੀ ਮੌਤ ਹੋਈ ਤੇ 31 ਦਾ ਕੋਈ ਸੁਰਾਗ ਨਹੀਂ
- 36 ਸਾਲ ਬਾਅਦ ਹੇਠਲੀ ਅਦਾਲਤ ਨੇ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ
- ਹੇਠਲੀ ਅਦਾਲਤ ਦੇ ਫ਼ੈਸਲੇ ਨੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਰਾਸ਼ ਕੀਤਾ ਹੈ
- ਪੀੜਤਾਂ ਦੇ ਪਰਿਵਾਰ ਹਾਈ ਕੋਰਟ ਵਿੱਚ ਇਸ ਫ਼ੈਸਲੇ ਨੂੰ ਚੁਣੌਤੀ ਦੇ ਰਹੇ ਹਨ
ਛੋਟੇ ਬੱਚਿਆਂ ਤੋਂ ਲੈ ਕੇ 85 ਸਾਲਾ ਬਜ਼ੁਰਗ ਦਾ ਕਤਲ
ਮੁਹੰਮਦ ਇਸਮਾਈਲ ਨੇ ਮਲਿਆਨਾ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ 11 ਮੈਂਬਰ ਗੁਆ ਦਿੱਤੇ ਸਨ।
ਉਨ੍ਹਾਂ ਦੇ ਦਾਦਾ-ਦਾਦੀ, ਮਾਤਾ-ਪਿਤਾ ਅਤੇ ਸੱਤ ਛੋਟੇ ਭੈਣ-ਭਰਾ ਅਤੇ ਰਿਸ਼ਤੇਦਾਰਾਂ ਵਿੱਚ ਇੱਕ ਭਰਾ ਇਸ ਦਾ ਸ਼ਿਕਾਰ ਹੋ ਗਏ। ਸਭ ਤੋਂ ਬਜ਼ੁਰਗ ਪੀੜਤ ਉਸ ਦੇ ਦਾਦਾ ਜੀ ਸਨ, ਜੋ ਉਦੋਂ 85 ਸਾਲ ਦੇ ਸਨ।
ਸਭ ਤੋਂ ਛੋਟੀ ਉਸ ਦੀ ਭੈਣ ਸੀ, ਜੋ ਉਸ ਸਮੇਂ ਗੋਡਿਆਂ ਭਾਰ ਤੁਰਦੀ ਸੀ। ਕਿਉਂਕਿ ਉਹ ਬਾਹਰ ਸਫ਼ਰ ਕਰ ਰਿਹਾ ਸੀ, ਇਸ ਲਈ ਉਸ ਦਾ ਬਚਾਅ ਹੋ ਗਿਆ।
ਇਸਮਾਈਲ ਤੱਕ ਇਹ ਖ਼ਬਰ ਇੱਕ ਦਿਨ ਬਾਅਦ ਪਹੁੰਚੀ।
ਪਰ ਉਹ ਚਾਰ-ਪੰਜ ਦਿਨਾਂ ਬਾਅਦ ਹੀ ਆਪਣੇ ਪਿੰਡ ਪਹੁੰਚ ਸਕੇ ਕਿਉਂਕਿ ਪੂਰਾ ਮੇਰਠ ਸੀਲ ਸੀ ਅਤੇ ਕਰਫਿਊ ਲੱਗਾ ਹੋਇਆ ਸੀ। ਵਾਪਸੀ 'ਤੇ ਉਨ੍ਹਾਂ ਨੇ ਜੋ ਦ੍ਰਿਸ਼ ਦੇਖਿਆ, ਉਹ ਅੱਜ ਵੀ ਉਨ੍ਹਾਂ ਨੂੰ ਡਰਾ ਦਿੰਦਾ ਹੈ।
ਉਹ ਕਹਿੰਦੇ ਹਨ, “ਸਾਡਾ ਘਰ ਬੁਰੀ ਤਰ੍ਹਾਂ ਸੜ ਗਿਆ ਸੀ। ਕੰਧਾਂ 'ਤੇ ਖੂਨ ਦੇ ਛਿੱਟੇ ਸਨ। ਸਾਡੇ ਮੁਸਲਿਮ ਗੁਆਂਢੀ ਜੋ ਬਚ ਗਏ ਸਨ, ਉਹ ਘਰਾਂ ਨੂੰ ਛੱਡਕੇ ਚਲੇ ਗਏ, ਕਿਸੇ ਨੇੜਲੇ ਮਦਰੱਸੇ ਵਿੱਚ ਸ਼ਰਨ ਲੈਣਗੇ।
ਮੁਹੰਮਦ ਇਸਮਾਈਲ ਦਾ ਕਹਿਣਾ ਹੈ ਕਿ ਜਦੋਂ ਦੰਗਿਆਂ ਦੌਰਾਨ ਮੇਰਠ ਦੇ ਹੋਰ ਇਲਾਕਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ।
ਉਹ ਕਹਿੰਦੇ ਹਨ, "ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਇਸ ਲਈ ਸਾਨੂੰ ਬਹੁਤੀ ਚਿੰਤਾ ਵੀ ਨਹੀਂ ਸੀ।
ਕੁਰਬਾਨ ਅਲੀ ਨੇ ਮੈਨੂੰ ਦੱਸਿਆ ਕਿ ਕਤਲੇਆਮ ਤੋਂ ਦੋ ਦਿਨ ਬਾਅਦ ਜਦੋਂ ਉਹ ਮਲਿਆਨਾ ਪਿੰਡ ਪਹੁੰਚੇ ਤਾਂ ਦੇਖਿਆ ਕਿ ਸਾਰਾ ਪਿੰਡ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਤੁਸੀਂ ਕਿਸੇ ਭੂਤਾਂ ਵਾਲੀ ਥਾਂ 'ਤੇ ਪਹੁੰਚ ਗਏ ਹੋਵੋ।”
ਉਨ੍ਹਾਂ ਨੇ ਕਿਹਾ, “ਪਿੰਡ ਦੇ ਜ਼ਿਆਦਾਤਰ ਮੁਸਲਿਮ ਵਾਸੀ ਜਾਂ ਤਾਂ ਮਾਰੇ ਗਏ ਸਨ ਜਾਂ ਹਸਪਤਾਲ ਵਿੱਚ ਭਰਤੀ ਸਨ। ਉਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਜ਼ਖ਼ਮ ਸਨ।”
ਮਾਲਿਆਨਾ ਵਿੱਚ ਉਸ ਸਾਲ ਗਰਮੀ ਰੁੱਤੇ ਜੋ ਵਾਪਰਿਆ ਉਹ ਹਿੰਸਾ ਦੀ ਇੱਕ ਅਣਹੋਣੀ ਘਟਨਾ ਨਹੀਂ ਸੀ। ਮੇਰਠ ਵਿੱਚ 14 ਅਪ੍ਰੈਲ ਨੂੰ ਇੱਕ ਧਾਰਮਿਕ ਜਲੂਸ ਵਿੱਚ ਦੰਗੇ ਹੋਣ ਤੋਂ ਬਾਅਦ ਫ਼ਿਰਕੂ ਤਣਾਅ ਸ਼ੁਰੂ ਹੋ ਗਿਆ ਸੀ।
ਫ਼ਿਰਕੂ ਹਿੰਸਾ ਵਿੱਚ ਹਿੰਦੂ-ਮੁਸਲਿਮ ਦੋਵਾਂ ਭਾਈਚਾਰਿਆਂ ਦੇ ਦਰਜਨਾਂ ਲੋਕ ਮਾਰੇ ਗਏ ਸਨ। ਕਰਫਿਊ ਲੱਗਿਆ ਹੋਇਆ ਸੀ, ਪਰ ਤਣਾਅ ਬਣਿਆ ਰਿਹਾ, ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਰੁਕ-ਰੁਕ ਕੇ ਦੰਗੇ ਸ਼ੁਰੂ ਹੋ ਗਏ।
ਅਧਿਕਾਰਤ ਅੰਕੜਿਆਂ ਵਿੱਚ ਦੰਗਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 174 ਦੱਸੀ ਗਈ ਸੀ। ਪਰ ਅਣਅਧਿਕਾਰਤ ਰਿਪੋਰਟਾਂ ਵਿੱਚ, ਇਹ ਗਿਣਤੀ 350 ਤੋਂ ਵੱਧ ਸੀ।
ਇਸ ਦੇ ਨਾਲ ਹੀ ਅਰਬਾਂ ਰੁਪਏ ਦੀ ਸੰਪਤੀ ਨੂੰ ਤਬਾਹ ਕਰਨ ਦੀਆਂ ਖਬਰਾਂ ਵੀ ਆਈਆਂ ਹਨ।
ਵਿਭੂਤੀ ਨਾਰਾਇਣ ਰਾਏ ਦਾ ਕਹਿਣਾ ਹੈ, ''ਸ਼ੁਰੂਆਤ 'ਚ ਦੋਹਾਂ ਪਾਸਿਆਂ ਦੇ ਲੋਕ ਮਾਰੇ ਗਏ ਸਨ। ਪਰ ਬਾਅਦ ਵਿੱਚ ਪੁਲਿਸ ਅਤੇ ਪੀਏਸੀ ਦੇ ਲੋਕਾਂ ਨੇ ਮੁਸਲਮਾਨਾਂ ਖ਼ਿਲਾਫ਼ ਸੰਗਠਿਤ ਹਿੰਸਾ ਦਾ ਸਹਾਰਾ ਲਿਆ।
ਹਾਸ਼ਿਮਪੁਰ ਕਤਲੇਆਮ ਤੇ ਪੀਏਸੀ
ਮਾਲਿਆਨਾ ਕਤਲੇਆਮ ਤੋਂ ਇੱਕ ਦਿਨ ਪਹਿਲਾਂ 22 ਮਈ ਨੂੰ ਪੀਏਸੀ ਦੇ ਲੋਕ ਹਾਸ਼ਿਮਪੁਰਾ ਵਿੱਚ ਦਾਖ਼ਲ ਹੋਏ ਸਨ।
ਹਾਸ਼ਿਮਪੁਰਾ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਹੈ ਅਤੇ ਮਾਲਿਆਨਾ ਤੋਂ ਮਹਿਜ਼ ਛੇ ਕਿਲੋਮੀਟਰ ਦੂਰ ਹੈ।
ਪੀਏਸੀ ਦੇ ਜਵਾਨਾਂ ਨੇ ਇੱਥੋਂ 48 ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਵਿੱਚੋਂ 42 ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਰਿਆ ਅਤੇ ਨੇੜਲੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।
ਛੇ ਲੋਕ ਬਚ ਗਏ ਸਨ ਜਿਨ੍ਹਾਂ ਨੇ ਦੱਸਿਆ ਕਿ ਉਸ ਦਿਨ ਕੀ ਹੋਇਆ ਸੀ।
ਫ਼ੋਟੋ ਜਰਨਲਿਸਟ ਪ੍ਰਵੀਨ ਜੈਨ ਜਦੋਂ ਇਸ ਘਟਨਾ ਦੀ ਕਵਰੇਜ ਕਰਨ ਗਏ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਪੁਲਿਸ ਨੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ। ਜੈਨ ਨੇ ਝਾੜੀਆਂ ਵਿੱਚ ਲੁਕ ਕੇ ਤਸਵੀਰਾਂ ਖਿੱਚੀਆ। ਉਨ੍ਹਾਂ ਦੀਆਂ ਤਸਵੀਰਾਂ ਵਿੱਚ ਮੁਸਲਮਾਨਾਂ ਦੀ ਕੁੱਟਮਾਰ ਹੁੰਦੀ ਦੇਖੀ ਜਾ ਸਕਦੀ ਹੈ।
ਉਨ੍ਹਾਂ ਨੂੰ ਸੜਕਾਂ 'ਤੇ ਮਾਰਚ ਕੱਢਦੇ ਦੇਖਿਆ ਜਾ ਸਕਦਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਉਥੋਂ ਲੰਘ ਰਿਹਾ ਸੀ, ਮੈਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਲੋਕਾਂ ਨੂੰ ਕਤਲ ਕਰਨ ਲਈ ਗਲੀਆਂ ਵਿੱਚ ਲਿਜਾਇਆ ਜਾ ਰਿਹਾ ਸੀ।"
2018 ਵਿੱਚ, ਦਿੱਲੀ ਹਾਈ ਕੋਰਟ ਨੇ ਹਾਸ਼ਿਮਪੁਰਾ ਵਿੱਚ ਮੁਸਲਮਾਨਾਂ ਦੀ ਹੱਤਿਆ ਦੇ ਮਾਮਲੇ ਵਿੱਚ 26 ਸਾਬਕਾ ਪੀਏਸੀ ਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਲਖਨਊ ਦੇ ਰਹਿਣ ਵਾਲੇ ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਯਾਦ ਕਰਦੇ ਹਨ ਜਦੋਂ ਪੀਏਸੀ ਨੂੰ ਫ਼ਿਰਕੂ ਅਤੇ ਮੁਸਲਿਮ ਵਿਰੋਧੀ ਕਿਹਾ ਗਿਆ ਸੀ ਅਤੇ ਨਾਲ ਹੀ ਸਖ਼ਤ ਨਿੰਦਾ ਵੀ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ, “ਪੀਏਸੀ ਦੇ ਜ਼ਿਆਦਾਤਰ ਲੋਕ ਹਿੰਦੂ ਪਿਛੋਕੜ ਵਾਲੇ ਸਨ। ਪਰ ਫ਼ੌਜ ਦੇ ਉਲਟ, ਉਨ੍ਹਾਂ ਨੂੰ ਧਰਮ ਨਿਰਪੱਖ ਸਿਖਲਾਈ ਨਹੀਂ ਦਿੱਤੀ ਗਈ ਸੀ।
ਸ਼ਰਤ ਪ੍ਰਧਾਨ ਦਾ ਕਹਿਣਾ ਹੈ ਕਿ “ਇਹ ਸੱਚ ਹੈ ਕਿ ਹਾਸ਼ਿਮਪੁਰਾ ਕਤਲੇਆਮ ਵਿੱਚ ਇਨਸਾਫ਼ ਹੋਇਆ ਸੀ। ਪਰ ਇਹ ਵਿਭੂਤੀ ਨਾਰਾਇਣ ਰਾਏ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਸੀ। ਰਾਏ 1987 ਵਿੱਚ ਗਾਜ਼ੀਆਬਾਦ ਦੇ ਐੱਸਪੀ ਸਨ। ਹਾਸ਼ਿਮਪੁਰਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਅਤੇ ਇੱਕ ਜ਼ਿੰਦਾ ਵਿਅਕਤੀ ਇੱਥੇ ਹੀ ਪਹੁੰਚਿਆ ਸੀ।”
ਕੁਰਬਾਨ ਅਲੀ ਦਾ ਕਹਿਣਾ ਹੈ ਕਿ ਮਾਲਿਆਨਾ ਮਾਮਲੇ ਵਿੱਚ ਕਿਸੇ ਨਾ ਕਿਸੇ ਸਮੇਂ ਇਨਸਾਫ਼ ਜ਼ਰੂਰ ਹੋਵੇਗਾ।
ਕੁਰਬਾਨ ਅਲੀ ਦਾ ਕਹਿਣਾ ਹੈ, “ਅਸੀਂ ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵਾਂਗੇ। ਅਸੀਂ ਹਾਰ ਮੰਨਣ ਵਾਲੇ ਨਹੀਂ ਹਾਂ।
ਇਹ ਅਜਿਹਾ ਮਾਮਲਾ ਹੈ, ਜਿਸ ਵਿੱਚ ਇਨਸਾਫ਼ ਮਿਲਣ ਵਿੱਚ ਦੇਰੀ ਨਹੀਂ ਹੋਈ, ਸਗੋਂ ਲੋਕ ਇਸ ਤੋਂ ਵਾਂਝੇ ਰਹਿ ਗਏ ਹਨ।”