ਐੱਮਆਰਆਈ ਮਸ਼ੀਨ ’ਚ ਮੌਤ ਦਾ ਮਾਮਲਾ, ਜਾਣੋ ਮਸ਼ੀਨ ਦੇ ਨੇੜੇ ਜਾਣ ਤੋਂ ਪਹਿਲਾਂ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਐੱਮਆਰਆਈ ਮਸ਼ੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਮਆਰਆਈ ਦੀ ਵਰਤੋਂ ਲਈ ਵਿਸਤ੍ਰਿਤ ਨਿਰਦੇਸ਼ ਹਨ

ਨਿਊਯਾਰਕ ਦੇ ਇੱਕ ਮੈਡੀਕਲ ਸੈਂਟਰ ਵਿੱਚ ਇੱਕ 61 ਸਾਲਾ ਵਿਅਕਤੀ ਦੀ ਐੱਮਆਰਆਈ ਮਸ਼ੀਨ ਵਿੱਚ ਖਿੱਚੇ ਜਾਣ ਕਾਰਨ ਮੌਤ ਹੋ ਗਈ ਹੈ।

ਇਹ ਵਿਅਕਤੀ ਭਾਰੀ ਧਾਤ ਦੀ ਚੇਨ ਪਹਿਨ ਕੇ ਮਸ਼ੀਨ ਦੇ ਨੇੜੇ ਗਿਆ ਸੀ। ਚੁੰਬਕੀ ਸ਼ਕਤੀ ਕਾਰਨ ਮਸ਼ੀਨ ਨੇ ਆਦਮੀ ਨੂੰ ਅੰਦਰ ਖਿੱਚ ਲਿਆ।

ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਨਾਸਾਓ ਓਪਨ ਐਮਆਰਆਈ ਸੈਂਟਰ ਵਿੱਚ ਵਾਪਰੀ।

ਪੁਲਿਸ ਮੁਤਾਬਕ ਉਹ ਵਿਅਕਤੀ ਬਿਨ੍ਹਾਂ ਇਜਾਜ਼ਤ ਦੇ ਕਮਰੇ ਵਿੱਚ ਦਾਖਲ ਹੋ ਗਿਆ ਜਿੱਥੇ ਮਹੀਜ਼ਾਂ ਦੀ ਐੱਮਆਰਆਈ ਕੀਤੀ ਜਾਂਦੀ ਹੈ।

ਉਸ ਆਦਮੀ ਦੀ ਪਤਨੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਆਪਣੀ ਸਕੈਨ ਕਰਵਾਉਣ ਲਈ ਐੱਮਆਰਆਈ ਰੂਮ ਵਿੱਚ ਗਈ ਸੀ।

ਸਕੈਨ ਹੋਣ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਅੰਦਰ ਬੁਲਾਇਆ ਪਰ ਜਿਵੇਂ ਹੀ ਉਹ ਕਮਰੇ ਵਿੱਚ ਦਾਖਲ ਹੋਇਆ, ਉਸਦੇ ਗਲੇ ਵਿੱਚ ਧਾਤ ਦੀ ਚੇਨ ਸੀ ਜੋ ਮਸ਼ੀਨ ਵੱਲ ਖਿੱਚੀ ਗਈ ਅਤੇ ਉਸ ਨਾਲ ਵਿਅਕਤੀ ਵੀ ਜ਼ਬਰਦਸਤੀ ਮਸ਼ੀਨ ਵੱਲ ਖਿੱਚਿਆ ਗਿਆ।

ਐੱਮਆਰਆਈ ਮਸ਼ੀਨਾਂ ਸਰੀਰ ਦੇ ਅੰਦਰਲੇ ਹਿੱਸੇ ਦੀਆਂ ਵਿਸਤ੍ਰਿਤ ਤਸਵੀਰਾਂ ਲੈਣ ਲਈ ਬਹੁਤ ਸ਼ਕਤੀਸ਼ਾਲੀ ਚੁੰਬਕੀ ਖੇਤਰਾਂ ਦੀ ਵਰਤੋਂ ਕਰਦੀਆਂ ਹਨ। ਸਕੈਨ ਤੋਂ ਪਹਿਲਾਂ ਮਰੀਜ਼ਾਂ ਨੂੰ ਆਮ ਤੌਰ 'ਤੇ ਸਾਰੀਆਂ ਧਾਤ ਦੀਆਂ ਵਸਤੂਆਂ ਨੂੰ ਉਤਾਰਣ ਅਤੇ ਆਪਣੇ ਕੱਪੜੇ ਬਦਲਣ ਲਈ ਕਿਹਾ ਜਾਂਦਾ ਹੈ।

ਮਾਮਲੇ ਦੀ ਜਾਂਚ ਕਰਨ ਵਾਲੇ ਨਾਸਾਓ ਕਾਉਂਟੀ ਪੁਲਿਸ ਵਿਭਾਗ ਨੇ ਕਿਹਾ, "ਉਸ ਆਦਮੀ ਨੇ ਆਪਣੇ ਗਲੇ ਵਿੱਚ ਭਾਰੀ ਧਾਤ ਦੀ ਚੇਨ ਪਾਈ ਹੋਈ ਸੀ, ਜਿਸ ਕਾਰਨ ਉਸਨੂੰ ਐੱਮਆਰਆਈ ਮਸ਼ੀਨ ਵੱਲ ਖਿੱਚਿਆ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।"

ਪੁਲਿਸ ਨੇ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਹੈ।

ਪਤਨੀ ਨੇ ਕੀ ਦੱਸਿਆ?

ਐੱਮਆਰਆਈ ਸਕੈਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਮਆਰਆਈ ਸਕੈਨਰ ਦੀ ਵਰਤੋਂ ਸਰੀਰ ਦੇ ਅੰਦਰਲੀਆਂ ਤਸਵੀਰਾਂ ਲੈਣ ਲਈ ਕੀਤੀ ਜਾਂਦੀ ਹੈ

ਪਤਨੀ ਨੇ ਕਿਹਾ ਕਿ ਉਹ ਆਪਣੇ ਗੋਡੇ ਦਾ ਐੱਮਆਰਆਈ ਸਕੈਨ ਕਰਵਾ ਰਹੀ ਸੀ ਅਤੇ ਸਕੈਨ ਤੋਂ ਬਾਅਦ ਉੱਠਣ ਵਿੱਚ ਮਦਦ ਕਰਨ ਲਈ ਉਸਨੇ ਆਪਣੇ ਪਤੀ ਨੂੰ ਅੰਦਰ ਬੁਲਾਇਆ।

ਉਸਨੇ ਕਿਹਾ ਕਿ ਉਸਦੇ ਪਤੀ ਨੇ ਤਕਰੀਬਨ 9 ਕਿਲੋਗ੍ਰਾਮ ਵਜ਼ਨ ਵਾਲੀ ਇੱਕ ਭਾਰੀ ਚੇਨ ਪਾਈ ਹੋਈ ਸੀ।

ਯੂਐੱਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਮੁਤਾਬਕ, ਐੱਮਆਰਆਈ ਮਸ਼ੀਨਾਂ ਵਿੱਚ ਚੁੰਬਕੀ ਖੇਤਰ ਹੁੰਦੇ ਹਨ ਜੋ ਕਿਸੇ ਵੀ ਆਕਾਰ ਦੀਆਂ ਧਾਤ ਦੀਆਂ ਵਸਤੂਆਂ ਨੂੰ ਆਕਰਸ਼ਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਚਾਬੀਆਂ, ਮੋਬਾਈਲ ਫ਼ੋਨ, ਇੱਥੋਂ ਤੱਕ ਕਿ ਆਕਸੀਜਨ ਟੈਂਕ ਵੀ ਸ਼ਾਮਲ ਹਨ।

2001 ਵਿੱਚ ਨਿਊਯਾਰਕ ਸਿਟੀ ਦੇ ਇੱਕ ਮੈਡੀਕਲ ਸੈਂਟਰ ਵਿੱਚ ਇੱਕ ਛੇ ਸਾਲ ਦੇ ਲੜਕੇ ਦੀ ਮੌਤ ਹੋ ਗਈ ਸੀ ਜਦੋਂ ਇੱਕ ਐੱਮਆਰਆਈ ਦੀ ਚੁੰਬਕੀ ਸ਼ਕਤੀ ਕਾਰਨ ਇੱਕ ਆਕਸੀਜਨ ਟੈਂਕ ਹਵਾ ਵਿੱਚ ਉੱਡ ਗਿਆ ਅਤੇ ਉਸ ਦੇ ਸਿਰ ਵਿੱਚ ਵੱਜਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।

ਐੱਮਆਰਆਈ ਸਕੈਨ ਕੀ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਰੇਡੀਓਲੋਜਿਸਟ ਇੱਕ ਐੱਮਆਰਆਈ ਮਸ਼ੀਨ ਨੂੰ ਐਡਜਸਟ ਕਰਦਾ ਹੈ। (ਸੰਕੇਤਕ ਤਸਵੀਰ)

ਪਰ ਇਹ ਐੱਮਆਰਆਈ ਮਸ਼ੀਨ ਕੀ ਹੈ, ਇਸਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਅਤੇ ਕੀ ਇਹ ਸੱਚਮੁੱਚ ਇੰਨੀ ਖ਼ਤਰਨਾਕ ਹੈ ਕਿ ਇਹ ਕਿਸੇ ਦੀ ਜਾਨ ਲੈ ਸਕਦੀ ਹੈ?

ਐੱਮਆਰਆਈ ਦਾ ਅਰਥ ਹੈ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਸਕੈਨ, ਜਿਸ ਵਿੱਚ ਆਮ ਤੌਰ 'ਤੇ 15 ਤੋਂ 90 ਮਿੰਟ ਲੱਗਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਰੀਰ ਦੇ ਕਿਹੜੇ ਹਿੱਸੇ ਨੂੰ ਸਕੈਨ ਕੀਤਾ ਜਾਣਾ ਹੈ ਅਤੇ ਇਹ ਕਿੰਨਾ ਵੱਡਾ ਹੈ ਅਤੇ ਕਿੰਨੀਆਂ ਤਸਵੀਰਾਂ ਖਿੱਚੀਆਂ ਜਾਣੀਆਂ ਹਨ।

ਇਹ ਰੇਡੀਏਸ਼ਨ ਦੀ ਬਜਾਇ ਚੁੰਬਕੀ ਖੇਤਰ 'ਤੇ ਕੰਮ ਕਰਦਾ ਹੈ। ਇਸ ਲਈ ਇਹ ਐਕਸ-ਰੇ ਅਤੇ ਸੀਟੀ ਸਕੈਨ ਤੋਂ ਵੱਖਰਾ ਹੈ।

ਸਕੈਨਿੰਗ

ਰੇਡੀਓਲੋਜਿਸਟ ਡਾਕਟਰ ਸੰਦੀਪ ਨੇ ਬੀਬੀਸੀ ਪੱਤਰਕਾਰ ਸਰੋਜ ਸਿੰਘ ਨੂੰ ਦੱਸਿਆ, "ਸਰੀਰ ਵਿੱਚ ਜਿੱਥੇ ਵੀ ਹਾਈਡ੍ਰੋਜਨ ਹੁੰਦਾ ਹੈ, ਉਸਦਾ ਸਪਿਨ ਇੱਕ ਚਿੱਤਰ ਬਣਾਉਂਦਾ ਹੈ।"

ਸਰੀਰ 70 ਫ਼ੀਸਦ ਪਾਣੀ ਦਾ ਬਣਿਆ ਹੁੰਦਾ ਹੈ, ਇਸ ਲਈ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਪਤਾ ਹਾਈਡ੍ਰੋਜਨ ਸਪਿਨ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਤਸਵੀਰਾਂ ਰਾਹੀਂ ਲਗਾਇਆ ਜਾ ਸਕਦਾ ਹੈ।

ਜੇਕਰ ਸਰੀਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਦਿਮਾਗ, ਗੋਡਾ, ਰੀੜ੍ਹ ਦੀ ਹੱਡੀ ਆਦਿ ਵਿੱਚ ਕਿਸੇ ਵੀ ਨਰਮ ਟਿਸ਼ੂ ਦਾ ਐੱਮਆਰਆਈ ਸਕੈਨ ਕੀਤਾ ਜਾਂਦਾ ਹੈ, ਤਾਂ ਹਾਈਡ੍ਰੋਜਨ ਸਪਿਨ ਦੁਆਰਾ ਚਿੱਤਰ ਬਣਨ ਤੋਂ ਬਾਅਦ, ਇਹ ਪਤਾ ਲਗਾਇਆ ਜਾਂਦਾ ਹੈ ਕਿ ਸਰੀਰ ਦੇ ਉਨ੍ਹਾਂ ਹਿੱਸਿਆਂ ਵਿੱਚ ਕੋਈ ਸਮੱਸਿਆ ਹੈ ਜਾਂ ਨਹੀਂ।

ਐੱਮਆਰਆਈ ਸਕੈਨ ਤੋਂ ਪਹਿਲਾਂ ਕੀ ਕਰਨਾ ਹੈ?

ਸਕੈਨਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਸਕੈਨਿੰਗ ਤੋਂ ਪਹਿਲਾਂ ਮਰੀਜ਼ ਦੇ ਕੱਪੜੇ ਬਦਲਾਉਂਣ ਦੇ ਨਾਲ ਨਾਲ ਉਸ ਨੂੰ ਕਿਸੇ ਵੀ ਕਿਸਮ ਦੀ ਧਾਤ ਦੇ ਗਹਿਣੇ ਜਾਂ ਹੋਰ ਚੀਜ਼ਾਂ ਉਤਾਰਣ ਦੀ ਸਲਾਹ ਦਿੰਦੇ ਹਨ

ਆਮ ਤੌਰ 'ਤੇ ਤੁਸੀਂ ਐੱਮਆਰਆਈ ਸਕੈਨ ਵਾਲੇ ਦਿਨ ਖਾ-ਪੀ ਸਕਦੇ ਹੋ ਅਤੇ ਦਵਾਈਆਂ ਲੈ ਸਕਦੇ ਹੋ। ਕੁਝ ਮਾਮਲਿਆਂ ਵਿੱਚ ਤੁਹਾਨੂੰ ਸਕੈਨ ਤੋਂ ਚਾਰ ਘੰਟੇ ਪਹਿਲਾਂ ਤੱਕ ਹੀ ਖਾਣ ਲਈ ਕਿਹਾ ਜਾ ਸਕਦਾ ਹੈ ਤਾਂ ਜੋ ਤੁਹਾਡੀ ਚਾਰ ਘੰਟੇ ਦੀ ਫ਼ਾਸਟਿੰਗ ਹੋ ਸਕੇ। ਕੁਝ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ ਲਈ ਵੀ ਕਿਹਾ ਜਾ ਸਕਦਾ ਹੈ।

ਹਸਪਤਾਲ ਪਹੁੰਚਣ 'ਤੇ ਜਿਸ ਵਿਅਕਤੀ ਦਾ ਸਕੈਨ ਕੀਤਾ ਜਾਣਾ ਹੈ ਉਸ ਤੋਂ ਉਸਦੀ ਸਿਹਤ ਅਤੇ ਡਾਕਟਰੀ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਜੋ ਮੈਡੀਕਲ ਸਟਾਫ਼ ਜਾਣ ਸਕੇ ਕਿ ਸਕੈਨ ਕਰਨਾ ਸੁਰੱਖਿਅਤ ਹੈ ਜਾਂ ਨਹੀਂ।

ਇਹ ਜਾਣਕਾਰੀ ਦੇਣ ਤੋਂ ਬਾਅਦ ਇਹ ਫ਼ੈਸਲਾ ਕਰਨ ਲਈ ਵੀ ਇਜਾਜ਼ਤ ਮੰਗੀ ਜਾਂਦੀ ਹੈ ਕਿ ਤੁਹਾਡਾ ਸਕੈਨ ਕਰਵਾਉਣਾ ਹੈ ਜਾਂ ਨਹੀਂ। ਕਿਉਂਕਿ ਐੱਮਆਰਆਈ ਸਕੈਨਰ ਇੱਕ ਮਜ਼ਬੂਤ ਚੁੰਬਕੀ ਖੇਤਰ ਪੈਦਾ ਕਰਦਾ ਹੈ, ਇਸ ਲਈ ਇਸਦੇ ਅੰਦਰ ਜਾਣ ਵੇਲੇ ਸਰੀਰ 'ਤੇ ਕੋਈ ਧਾਤ ਦੀਆਂ ਵਸਤੂਆਂ ਨਹੀਂ ਹੋਣੀਆਂ ਚਾਹੀਦੀਆਂ।

ਇਨ੍ਹਾਂ ਚੀਜ਼ਾਂ ਵਿੱਚ ਸ਼ਾਮਲ ਹਨ:

  • ਘੜੀ
  • ਗਹਿਣੇ ਜਿਵੇਂ ਕਿ ਹਾਰ ਜਾਂ ਕੰਨਾਂ ਦੀਆਂ ਵਾਲੀਆਂ
  • ਪੀਅਰਸਿੰਗ
  • ਨਕਲੀ ਦੰਦ ਜਿਨ੍ਹਾਂ ਵਿੱਚ ਧਾਤ ਦੀ ਵਰਤੋਂ ਹੋਈ ਹੋਵੇ
  • ਸੁਣਨ ਵਾਲੀ ਮਸ਼ੀਨ
  • ਵਿੱਗ, ਜਿਵੇਂ ਕਿ ਕੁਝ ਵਿੱਚ ਧਾਤ ਦੇ ਟੁਕੜੇ ਹੁੰਦੇ ਹਨ

ਮਸ਼ੀਨਾਂ ਕਿੰਨੀਆਂ ਕਿਸਮਾਂ ਦੀਆਂ ਹੁੰਦੀਆਂ ਹਨ?

ਐੱਮਆਰਆਈ ਮਸ਼ੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਮਆਰਆਈ ਮਸ਼ੀਨ ਇੱਕ ਸ਼ਕਤੀਸ਼ਾਲੀ ਚੁੰਬਕੀ ਮਸ਼ੀਨ ਹੈ

ਤਿੰਨ ਤਰ੍ਹਾਂ ਦੀਆਂ ਐੱਮਆਰਆਈ ਮਸ਼ੀਨਾਂ ਹਨ। ਜਿਨ੍ਹਾਂ ਵਿੱਚ 1 ਟੇਸਲਾ, 1.5 ਟੇਸਲਾ ਅਤੇ 3 ਟੇਸਲਾ। ਟੇਸਲਾ ਉਹ ਇਕਾਈ ਹੈ ਜਿਸ ਵਿੱਚ ਮਸ਼ੀਨ ਦੀ ਸਮਰੱਥਾ ਮਾਪੀ ਜਾਂਦੀ ਹੈ।

3 ਟੇਸਲਾ ਯੂਨਿਟਾਂ ਦੀ ਸਮਰੱਥਾ ਵਾਲੀ ਇੱਕ ਐੱਮਆਰਆਈ ਮਸ਼ੀਨ ਇੱਕ ਪੂਰੇ ਲੋਹੇ ਦੇ ਅਲਮਾਰੀ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦੀ ਹੈ।

ਇਸਦਾ ਮਤਲਬ ਹੈ ਕਿ ਮਸ਼ੀਨ ਵਿੱਚ ਜਿੰਨਾ ਜ਼ਿਆਦਾ ਟੇਸਲਾ ਹੋਵੇਗਾ, ਉਸਦਾ ਚੁੰਬਕੀ ਖੇਤਰ ਓਨਾ ਹੀ ਵੱਡਾ ਹੋਵੇਗਾ।

ਡਾਕਟਰ ਸੰਦੀਪ ਮੁਤਾਬਕ ਐੱਮਆਰਆਈ ਕਮਰੇ ਦੇ ਬਾਹਰ ਤੁਹਾਨੂੰ ਇਹ ਲਿਖਿਆ ਮਿਲੇਗਾ ਕਿ ਜੇਕਰ ਦਿਲ ਵਿੱਚ ਪੇਸਮੇਕਰ ਜਾਂ ਸਰੀਰ ਵਿੱਚ ਕਿਤੇ ਵੀ ਨਿਊਰੋ ਸਟਿਮੂਲੇਟਰ ਹੈ, ਤਾਂ ਸਕੈਨ ਨਾ ਕਰਵਾਓ।

ਹਾਲਾਂਕਿ, ਡਾਕਟਰ ਸੰਦੀਪ ਮੁਤਾਬਕ ਸੋਨੇ ਅਤੇ ਚਾਂਦੀ ਦੇ ਗਹਿਣੇ ਪਾਏ ਹੋਣ ਤਾਂ ਐੱਮਆਰਆਈ ਸਕੈਨ ਕੀਤਾ ਜਾ ਸਕਦਾ ਹੈ।

ਸੋਨੇ ਵਿੱਚ ਲੋਹਾ ਨਹੀਂ ਹੁੰਦਾ। ਪਰ ਡਾਕਟਰ ਸੰਦੀਪ ਕਹਿੰਦੇ ਹਨ ਕਿ ਕਈ ਵਾਰ ਮਿਲਾਵਟੀ ਚਾਂਦੀ ਵਿੱਚ ਲੋਹੇ ਦੀ ਮੌਜੂਦਗੀ ਦਾ ਖ਼ਤਰਾ ਹੁੰਦਾ ਹੈ।

ਐੱਮਆਰਆਈ ਸਕੈਨ ਵਿੱਚ ਕੀ ਹੁੰਦਾ ਹੈ?

ਐੱਮਆਰਆਈ ਸਕੈਨਰ ਇੱਕ ਸਿਲੰਡਰਕਾਰੀ ਮਸ਼ੀਨ ਹੈ ਜੋ ਦੋਵੇਂ ਪਾਸੇ ਖੁੱਲ੍ਹੀ ਹੁੰਦੀ ਹੈ। ਟੈਸਟ ਕਰਵਾਉਣ ਵਾਲਾ ਵਿਅਕਤੀ ਮੋਟਰਾਈਜ਼ਡ ਬਿਸਤਰੇ 'ਤੇ ਲੇਟ ਜਾਂਦਾ ਹੈ ਜੋ ਉਸ ਨੂੰ ਮਸ਼ੀਨ ਅੰਦਰ ਲੈ ਕੇ ਜਾਂਦਾ ਹੈ।

ਕੁਝ ਮਾਮਲਿਆਂ ਵਿੱਚ ਇੱਕ ਫਰੇਮ ਸਰੀਰ ਦੇ ਇੱਕ ਖ਼ਾਸ ਹਿੱਸੇ ਜਿਵੇਂ ਕਿ ਸਿਰ ਜਾਂ ਛਾਤੀ 'ਤੇ ਰੱਖਿਆ ਜਾਂਦਾ ਹੈ। ਫਰੇਮ ਵਿੱਚ ਰਿਸੀਵਰ ਹੁੰਦੇ ਹਨ ਜੋ ਸਕੈਨ ਦੌਰਾਨ ਸਰੀਰ ਤੋਂ ਸਿਗਨਲ ਲੈਂਦੇ ਹਨ, ਜਿਸ ਨਾਲ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਸਕੈਨ ਦੌਰਾਨ ਕਈ ਵਾਰ ਉੱਚੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜੋ ਬਿਜਲੀ ਦੇ ਕਰੰਟ ਕਾਰਨ ਹੁੰਦੀਆਂ ਹਨ। ਸ਼ੋਰ ਤੋਂ ਬਚਾਅ ਕਰਨ ਲਈ ਹੈੱਡਫੋਨ ਵੀ ਦਿੱਤੇ ਗਏ ਹਨ।

ਸਰੀਰ ਦੀ ਜਾਂਚ ਲਈ ਬਣਾਈ ਗਈ ਇਹ ਮਸ਼ੀਨ ਕਈ ਵਾਰ ਖ਼ਤਰਨਾਕ ਅਤੇ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਹਾਲਾਂਕਿ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਰੀਜ਼ ਕੋਲ ਕੋਈ ਧਾਤ ਦੀ ਚੀਜ਼ ਨਾ ਹੋਵੇ, ਪਰ ਕਈ ਵਾਰ ਅਣਜਾਣੇ ਵਿੱਚ ਕੋਈ ਗ਼ਲਤੀ ਹੋ ਜਾਂਦੀ ਹੈ।

ਜੇਕਰ ਸਰੀਰ ਦੇ ਅੰਦਰ ਕੋਈ ਪੇਚ, ਸ਼ਰੇਪਨੇਲ ਜਾਂ ਕਾਰਤੂਸ ਦੇ ਹਿੱਸੇ ਹਨ, ਤਾਂ ਉਹ ਖ਼ਤਰਨਾਕ ਸਾਬਤ ਹੋ ਸਕਦੇ ਹਨ। ਧਾਤ ਦੇ ਇਹ ਟੁਕੜੇ ਚੁੰਬਕ ਵੱਲੋਂ ਬਹੁਤ ਤੇਜ਼ ਰਫ਼ਤਾਰ ਨਾਲ ਖਿੱਚੇ ਜਾਣਗੇ ਅਤੇ ਸਰੀਰ ਨੂੰ ਗੰਭੀਰ ਸੱਟ ਪਹੁੰਚਾਉਣਗੇ।

ਇਸ ਤੋਂ ਇਲਾਵਾ ਸਕੈਨ ਰੂਮ ਵਿੱਚ ਦਵਾਈ ਦੇ ਪੈਚ ਖ਼ਾਸ ਕਰਕੇ ਨਿਕੋਟੀਨ ਪੈਚ ਪਹਿਨ ਕੇ ਜਾਣਾ ਠੀਕ ਨਹੀਂ ਹੈ, ਕਿਉਂਕਿ ਇਨ੍ਹਾਂ ਵਿੱਚ ਕੁਝ ਐਲੂਮੀਨੀਅਮ ਹੁੰਦਾ ਹੈ।

ਸਕੈਨਰ ਚੱਲਣ 'ਤੇ ਇਹ ਪੈਚ ਗ਼ਰਮ ਹੋ ਸਕਦੇ ਹਨ, ਜਿਸ ਨਾਲ ਮਰੀਜ਼ ਨੂੰ ਜਲਣ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)