ਤਿੰਨ ਲੋਕਾਂ ਦੇ ਡੀਐੱਨਏ ਨਾਲ ਪੈਦਾ ਕੀਤੇ ਗਏ ਬੱਚੇ ਕਿਵੇਂ ਖ਼ਾਨਦਾਨੀ ਬਿਮਾਰੀ ਤੋਂ ਮੁਕਤ ਹੋ ਗਏ

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਗੈਲੇਹਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਡਾਕਟਰਾਂ ਦਾ ਕਹਿਣਾ ਹੈ ਕਿ ਯੂਕੇ ਵਿੱਚ ਵਿਨਾਸ਼ਕਾਰੀ ਅਤੇ ਅਕਸਰ ਘਾਤਕ ਸਥਿਤੀਆਂ ਨੂੰ ਰੋਕਣ ਲਈ ਤਿੰਨ ਲੋਕਾਂ ਦੀ ਜੈਨੇਟਿਕ ਸਮੱਗਰੀ ਵਰਤੋਂ ਨਾਲ ਅੱਠ ਬੱਚੇ ਪੈਦਾ ਹੋਏ ਹਨ।
ਯੂਕੇ ਦੇ ਵਿਗਿਆਨੀਆਂ ਵੱਲੋਂ ਸ਼ੁਰੂ ਕੀਤੀ ਗਈ ਇਸ ਵਿਧੀ ਵਿੱਚ ਇੱਕ ਮਾਂ-ਪਿਤਾ ਦੇ ਅੰਡੇ ਤੇ ਸ਼ੁਕਰਾਣੂ ਨੂੰ ਇੱਕ ਦਾਨੀ ਔਰਤ ਦੇ ਦੂਜੇ ਅੰਡੇ ਨਾਲ ਜੋੜਿਆ ਜਾਂਦਾ ਹੈ।
ਇਹ ਤਕਨੀਕ ਇੱਥੇ ਇੱਕ ਦਹਾਕੇ ਤੋਂ ਕਾਨੂੰਨੀ ਹੈ ਪਰ ਹੁਣ ਸਾਡੇ ਕੋਲ ਪਹਿਲਾ ਸਬੂਤ ਹੈ ਕਿ ਇਹ ਲਾਇਲਾਜ ਮਾਈਟੋਕੌਂਡਰੀਅਲ ਬਿਮਾਰੀ ਤੋਂ ਮੁਕਤ ਬੱਚਿਆਂ ਨੂੰ ਜਨਮ ਦੇ ਰਹੀ ਹੈ।
ਇਹ ਸਥਿਤੀਆਂ ਆਮ ਤੌਰ 'ਤੇ ਮਾਂ ਤੋਂ ਬੱਚੇ ਨੂੰ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਸਰੀਰ ਦੀ ਊਰਜਾ ਖਤਮ ਹੋ ਜਾਂਦੀ ਹੈ।
ਇਹ ਸਥਿਤੀਆਂ ਆਮ ਤੌਰ 'ਤੇ ਮਾਂ ਤੋਂ ਬੱਚੇ ਤੱਕ ਜਾਂਦੀ ਹੈ, ਜਿਸ ਨਾਲ ਉਹ ਸਰੀਰ ਦੀ ਊਰਜਾ ਤੋਂ ਵਾਂਝਾ ਹੋ ਜਾਂਦਾ ਹੈ।
ਇਸ ਨਾਲ ਗੰਭੀਰ ਅਪੰਗਤਾ ਹੋ ਸਕਦੀ ਹੈ ਅਤੇ ਕੁਝ ਬੱਚੇ ਜਨਮ ਲੈਣ ਤੋਂ ਬਾਅਦ ਦਿਨਾਂ ਦੇ ਅੰਦਰ ਹੀ ਮਰ ਜਾਂਦੇ ਹਨ। ਜੋੜੇ ਜਾਣਦੇ ਹਨ ਕਿ ਜੇਕਰ ਪਿਛਲੇ ਬੱਚੇ, ਪਰਿਵਾਰਕ ਮੈਂਬਰ ਜਾਂ ਮਾਂ ਪ੍ਰਭਾਵਿਤ ਹੋਈ ਹੈ ਤਾਂ ਉਨ੍ਹਾਂ ਨੂੰ ਖ਼ਤਰਾ ਹੈ।
ਤਿੰਨ-ਵਿਅਕਤੀਆਂ ਦੀ ਤਕਨੀਕ ਰਾਹੀਂ ਪੈਦਾ ਹੋਏ ਬੱਚੇ ਆਪਣੇ ਜ਼ਿਆਦਾਤਰ ਡੀਐੱਨਏ, ਆਪਣੇ ਜੈਨੇਟਿਕ ਬਲੂਪ੍ਰਿੰਟ, ਆਪਣੇ ਮਾਪਿਆਂ ਤੋਂ ਵਿਰਾਸਤ ਵਿੱਚ ਹਾਸਲ ਕਰਦੇ ਹਨ, ਪਰ ਦੂਜੀ ਔਰਤ ਤੋਂ ਥੋੜ੍ਹੀ ਜਿਹੀ ਮਾਤਰਾ, ਲਗਭਗ 0.1 ਫੀਸਦ ਵੀ ਪ੍ਰਾਪਤ ਕਰਦੇ ਹਨ। ਇਹ ਇੱਕ ਤਬਦੀਲੀ ਹੈ ਜੋ ਪੀੜ੍ਹੀਆਂ ਤੱਕ ਚਲੀ ਜਾਂਦੀ ਹੈ।
ਇਸ ਪ੍ਰਕਿਰਿਆ ਵਿੱਚੋਂ ਲੰਘੇ ਪਰਿਵਾਰਾਂ ਵਿੱਚੋਂ ਕੋਈ ਵੀ ਆਪਣੀ ਨਿੱਜਤਾ ਦੀ ਰੱਖਿਆ ਲਈ ਜਨਤਕ ਤੌਰ 'ਤੇ ਗੱਲ ਨਹੀਂ ਕਰ ਰਿਹਾ ਹੈ, ਪਰ ਨਿਊਕੈਸਲ ਫਰਟੀਲਿਟੀ ਸੈਂਟਰ ਰਾਹੀਂ ਗੁਮਨਾਮ ਬਿਆਨ ਜਾਰੀ ਕੀਤੇ ਹਨ ਜਿੱਥੇ ਪ੍ਰਕਿਰਿਆਵਾਂ ਹੁੰਦੀਆਂ ਹਨ।

ਤਸਵੀਰ ਸਰੋਤ, Getty Images
'ਸ਼ੁਕਰਗੁਜ਼ਾਰੀ ਨਾਲ ਭਰੇ ਹੋਣਾ'
ਇੱਕ ਬੱਚੀ ਦੀ ਮਾਂ ਨੇ ਕਿਹਾ, "ਸਾਲਾਂ ਦੀ ਅਨਿਸ਼ਚਿਤਤਾ ਤੋਂ ਬਾਅਦ ਇਸ ਇਲਾਜ ਨੇ ਸਾਨੂੰ ਉਮੀਦ ਦਿੱਤੀ ਅਤੇ ਫਿਰ ਇਸ ਨੇ ਸਾਨੂੰ ਸਾਡਾ ਬੱਚਾ ਦਿੱਤਾ।"
"ਜ਼ਿੰਦਗੀ ਅਤੇ ਸੰਭਾਵਨਾਵਾਂ ਨਾਲ ਭਰੇ ਹੋਏ ਅਸੀਂ ਹੁਣ ਉਨ੍ਹਾਂ ਨੂੰ ਦੇਖਦੇ ਹਾਂ ਅਤੇ ਅਸੀਂ ਸ਼ੁਕਰਾਨੇ ਨਾਲ ਭਰ ਜਾਂਦੇ ਹਾਂ।"
ਇੱਕ ਬੱਚੇ ਦੀ ਮਾਂ ਨੇ ਅੱਗੇ ਕਿਹਾ, "ਇਸ ਸ਼ਾਨਦਾਰ ਤਰੱਕੀ ਅਤੇ ਸਾਨੂੰ ਮਿਲੇ ਸਮਰਥਨ ਲਈ ਧੰਨਵਾਦੀ ਹਾਂ, ਹੁਣ ਸਾਡਾ ਛੋਟਾ ਜਿਹਾ ਪਰਿਵਾਰ ਪੂਰਾ ਹੋ ਗਿਆ ਹੈ।"
"ਮਾਈਟੋਕੌਂਡਰੀਆ ਬਿਮਾਰੀ ਦਾ ਭਾਵਨਾਤਮਕ ਬੋਝ ਖ਼ਤਮ ਗਿਆ ਹੈ ਅਤੇ ਇਸ ਦੀ ਜਗ੍ਹਾ ਉਮੀਦ, ਖੁਸ਼ੀ ਅਤੇ ਡੂੰਘੀ ਸ਼ੁਕਰਾਨੇ ਨੇ ਲੈ ਲਈ ਹੈ।"
ਮਾਈਟੋਕੌਂਡਰੀਆ ਸਾਡੇ ਲਗਭਗ ਹਰ ਸੈੱਲ ਦੇ ਅੰਦਰ ਛੋਟੀਆਂ-ਛੋਟੀਆਂ ਬਣਤਰਾਂ ਹਨ। ਇਹੀ ਕਾਰਨ ਹਨ ਕਿ ਅਸੀਂ ਸਾਹ ਲੈਂਦੇ ਹਾਂ ਕਿਉਂਕਿ ਉਹ ਭੋਜਨ ਨੂੰ ਊਰਜਾ ਦੇ ਰੂਪ ਵਿੱਚ ਬਦਲਣ ਲਈ ਆਕਸੀਜਨ ਦੀ ਵਰਤੋਂ ਕਰਦੇ ਹਨ ਜਿਸ ਨੂੰ ਸਾਡੇ ਸਰੀਰ ਬਾਲਣ ਵਜੋਂ ਵਰਤਦੇ ਹਨ।
ਨੁਕਸਦੇਹ ਮਾਈਟੋਕੌਂਡਰੀਆ ਸਰੀਰ ਨੂੰ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਲਈ ਲੋੜੀਂਦੀ ਊਰਜਾ ਨਹੀਂ ਦੇ ਸਕਦਾ ਹੈ ਅਤੇ ਨਾਲ ਹੀ ਦਿਮਾਗ਼ ਨੂੰ ਨੁਕਸਾਨ, ਦੌਰੇ, ਅੰਨ੍ਹਾਪਣ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਅੰਗਾਂ ਦੀ ਅਸਫ਼ਲਤਾ ਦਾ ਕਾਰਨ ਬਣ ਸਕਦਾ ਹੈ।
5,000 ਵਿੱਚੋਂ ਲਗਭਗ ਇੱਕ ਬੱਚਾ ਮਾਈਟੋਕੌਂਡਰੀਅਲ ਬਿਮਾਰੀ ਨਾਲ ਪੈਦਾ ਹੁੰਦਾ ਹੈ। ਨਿਊਕੈਸਲ ਦੀ ਟੀਮ ਦਾ ਅਨੁਮਾਨ ਹੈ ਕਿ ਹਰ ਸਾਲ ਤਿੰਨ-ਵਿਅਕਤੀ ਵਿਧੀ ਰਾਹੀਂ 20 ਤੋਂ 30 ਬੱਚਿਆਂ ਦੇ ਜਨਮ ਦੀ ਮੰਗ ਹੁੰਦੀ ਹੈ।
ਕੁਝ ਮਾਪਿਆਂ ਨੇ ਇਨ੍ਹਾਂ ਬਿਮਾਰੀਆਂ ਨਾਲ ਕਈ ਬੱਚਿਆਂ ਦੇ ਮਰਨ ਦੀ ਪੀੜਾ ਦਾ ਸਾਹਮਣਾ ਕੀਤਾ ਹੈ।
ਮਾਈਟੋਕੌਂਡਰੀਆ ਸਿਰਫ਼ ਮਾਂ ਤੋਂ ਹੀ ਬੱਚੇ ਨੂੰ ਸੰਚਾਰਿਤ ਹੁੰਦਾ ਹੈ। ਇਸ ਲਈ ਇਹ ਮੋਹਰੀ ਉਪਜਾਊ ਸ਼ਕਤੀ ਤਕਨੀਕ ਮਾਪਿਆਂ ਅਤੇ ਇੱਕ ਔਰਤ ਦੋਵਾਂ ਦੀ ਵਰਤੋਂ ਕਰਦੀ ਹੈ ਜੋ ਆਪਣਾ ਸਿਹਤਮੰਦ ਮਾਈਟੋਕੌਂਡਰੀਆ ਦਾਨ ਕਰਦੀ ਹੈ।

ਇਹ ਵਿਗਿਆਨ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਨਿਊਕੈਸਲ ਯੂਨੀਵਰਸਿਟੀ ਅਤੇ ਨਿਊਕੈਸਲ ਅਪੌਨ ਟਾਇਨ ਹਸਪਤਾਲ ਐੱਨਐੱਚਐੱਸ ਫਾਊਂਡੇਸ਼ਨ ਟਰੱਸਟ ਅਤੇ 2017 ਵਿੱਚ ਐੱਨਐੱਚਐੱਸ ਦੇ ਅੰਦਰ ਖੋਲ੍ਹੀ ਗਈ ਇੱਕ ਮਾਹਰ ਸੇਵਾ ਵਿੱਚ ਵਿਕਸਤ ਕੀਤਾ ਗਿਆ ਸੀ।
ਮਾਂ ਅਤੇ ਦਾਨੀ ਦੋਵਾਂ ਦੇ ਅੰਡੇ ਲੈਬ ਵਿੱਚ ਪਿਤਾ ਦੇ ਸ਼ੁਕਰਾਣੂ ਨਾਲ ਉਪਜਾਊ ਹੁੰਦੇ ਹਨ।
ਭਰੂਣ ਉਦੋਂ ਤੱਕ ਵਿਕਸਤ ਹੁੰਦੇ ਹਨ ਜਦੋਂ ਤੱਕ ਸ਼ੁਕਰਾਣੂ ਅਤੇ ਅੰਡੇ ਤੋਂ ਡੀਐੱਨਏ ਪ੍ਰੋ-ਨਿਊਕਲੀ ਨਾਮ ਦੀ ਬਣਤਰਾਂ ਦਾ ਇੱਕ ਜੋੜਾ ਨਹੀਂ ਬਣਾਉਂਦੇ। ਇਨ੍ਹਾਂ ਵਿੱਚ ਮਨੁੱਖੀ ਸਰੀਰ ਦੇ ਨਿਰਮਾਣ ਲਈ ਬਲੂਪ੍ਰਿੰਟ ਹੁੰਦੇ ਹਨ, ਜਿਵੇਂ ਕਿ ਵਾਲਾਂ ਦਾ ਰੰਗ ਅਤੇ ਉਚਾਈ।
ਦੋਵਾਂ ਭਰੂਣਾਂ ਵਿੱਚੋਂ ਪ੍ਰੋ-ਨਿਊਕਲੀ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਮਾਪਿਆਂ ਦਾ ਡੀਐਨੱਏ ਤੰਦਰੁਸਤ ਮਾਈਟੋਕੌਂਡਰੀਆ ਨਾਲ ਭਰੇ ਭਰੂਣ ਦੇ ਅੰਦਰ ਪਾਇਆ ਜਾਂਦਾ ਹੈ।
ਨਤੀਜੇ ਵਜੋਂ ਪੈਦਾ ਹੋਣ ਵਾਲਾ ਬੱਚਾ ਜੈਨੇਟਿਕ ਤੌਰ 'ਤੇ ਆਪਣੇ ਮਾਪਿਆਂ ਨਾਲ ਸੰਬੰਧਿਤ ਹੁੰਦਾ ਹੈ, ਪਰ ਨਾਲ ਹੀ ਉਹ ਮਾਈਟੋਕੌਂਡਰੀਅਲ ਬਿਮਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ।
ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਕੁਝ ਰਿਪੋਰਟਾਂ ਨੇ ਦਿਖਾਇਆ ਕਿ 22 ਪਰਿਵਾਰ ਨਿਊਕੈਸਲ ਫਰਟੀਲਿਟੀ ਸੈਂਟਰ ਵਿੱਚ ਇਸ ਪ੍ਰਕਿਰਿਆ ਵਿੱਚੋਂ ਲੰਘੇ ਹਨ।
ਇਸ ਨਾਲ ਚਾਰ ਮੁੰਡੇ ਅਤੇ ਚਾਰ ਕੁੜੀਆਂ ਹੋਈਆਂ, ਜਿਨ੍ਹਾਂ ਵਿੱਚ ਜੌੜੇ ਬੱਚਿਆਂ ਦਾ ਇੱਕ ਜੋੜਾ ਸ਼ਾਮਲ ਹੈ ਅਤੇ ਇੱਕ ਗਰਭ ਅਵਸਥਾ ਅਜੇ ਚੱਲ ਰਹੀ ਹੈ।
ਐੱਨਐੱਚਐੱਸ ਹਾਈ ਸਪੈਸ਼ਲਾਈਜ਼ਡ ਸਰਵਿਸ ਫਾਰ ਰੇਅਰ ਮਾਈਟੋਕੌਂਡਰੀਅਲ ਡਿਸਆਰਡਰਜ਼ ਦੇ ਡਾਇਰੈਕਟਰ ਪ੍ਰੋਫੈਸਰ ਬੌਬੀ ਮੈਕਫਾਰਲੈਂਡ ਨੇ ਬੀਬੀਸੀ ਨੂੰ ਦੱਸਿਆ, "ਇੰਨੀ ਲੰਬੀ ਉਡੀਕ ਅਤੇ ਨਤੀਜਿਆਂ ਦੇ ਡਰ ਤੋਂ ਬਾਅਦ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੇ ਚਿਹਰਿਆਂ 'ਤੇ ਰਾਹਤ ਅਤੇ ਖੁਸ਼ੀ ਦੇਖਣ ਲਈ, ਇਨ੍ਹਾਂ ਬੱਚਿਆਂ ਨੂੰ ਜ਼ਿੰਦਾ, ਵਧਦੇ-ਫੁੱਲਦੇ ਅਤੇ ਆਮ ਤੌਰ 'ਤੇ ਵਿਕਾਸ ਕਰਦੇ ਦੇਖਣ ਦੇ ਯੋਗ ਹੋਣਾ ਸ਼ਾਨਦਾਰ ਹੈ।"

ਤਸਵੀਰ ਸਰੋਤ, Getty Images
ਸਾਰੇ ਬੱਚੇ ਮਾਈਟੋਕੌਂਡਰੀਅਲ ਬਿਮਾਰੀ ਤੋਂ ਮੁਕਤ ਪੈਦਾ ਹੋਏ ਸਨ ਅਤੇ ਉਹ ਅਨੁਮਾਨਿਤ ਵਿਕਾਸ ਦੇ ਮੀਲ ਪੱਥਰ ʼਤੇ ਖਰੇ ਉਤਰੇ ਹਨ।
ਇਸ ਵਿੱਚ ਇੱਕ ਮਿਰਗੀ ਦਾ ਮਾਮਲਾ ਸੀ, ਜੋ ਆਪਣੇ ਆਪ ਹੀ ਠੀਕ ਹੋ ਗਿਆ ਅਤੇ ਇੱਕ ਬੱਚੇ ਦਾ ਦਿਲ ਦੀ ਅਸਧਾਰਨ ਤਾਲ ਹੈ ਜਿਸ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾ ਰਿਹਾ ਹੈ।
ਇਨ੍ਹਾਂ ਨੂੰ ਨੁਕਸਦੇਹ ਮਾਈਟੋਕੌਂਡਰੀਆ ਨਾਲ ਜੋੜਿਆ ਨਹੀਂ ਮੰਨਿਆ ਜਾਂਦਾ ਹੈ। ਇਹ ਪਤਾ ਨਹੀਂ ਹੈ ਕਿ ਇਹ ਆਈਵੀਐੱਫ ਦੇ ਜਾਣੇ-ਪਛਾਣੇ ਜੋਖਮਾਂ ਦਾ ਹਿੱਸਾ ਹੈ, ਤਿੰਨ-ਵਿਅਕਤੀ ਵਿਧੀ ਲਈ ਖ਼ਾਸ ਹੈ ਜਾਂ ਕੁਝ ਅਜਿਹਾ ਹੈ ਜਿਸ ਦਾ ਪਤਾ ਸਿਰਫ਼ ਇਸ ਲਈ ਲੱਗਾ ਹੈ ਕਿ ਕਿਉਂਕਿ ਇਸ ਤਕਨੀਕ ਰਾਹੀਂ ਪੈਦਾ ਹੋਏ ਸਾਰੇ ਬੱਚਿਆਂ ਦੀ ਸਿਹਤ ਦੀ ਡੂੰਘਾਈ ਨਾਲ ਨਿਗਰਾਨੀ ਕੀਤੀ ਜਾਂਦੀ ਹੈ।
ਇਸ ਪਹੁੰਚ 'ਤੇ ਇੱਕ ਹੋਰ ਮੁੱਖ ਸਵਾਲ ਜੋ ਖੜ੍ਹਾ ਹੋ ਰਿਹਾ ਹੈ ਉਹ ਇਹ ਹੈ ਕਿ ਕੀ ਨੁਕਸਦੇਹ ਮਾਈਟੋਕੌਂਡਰੀਆ ਨੂੰ ਸਿਹਤਮੰਦ ਭਰੂਣ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਕੀ ਹੋ ਸਕਦੇ ਹਨ।
ਨਤੀਜੇ ਦਰਸਾਉਂਦੇ ਹਨ ਕਿ ਪੰਜ ਮਾਮਲਿਆਂ ਵਿੱਚ ਬਿਮਾਰ ਮਾਈਟੋਕੌਂਡਰੀਆ ਦਾ ਪਤਾ ਨਹੀਂ ਲੱਗ ਸਕਿਆ। ਬਾਕੀ ਤਿੰਨਾਂ ਵਿੱਚ ਖ਼ੂਨ ਅਤੇ ਪਿਸ਼ਾਬ ਦੇ ਨਮੂਨਿਆਂ ਵਿੱਚ 5 ਫੀਸਦ ਤੋਂ 20 ਫੀਸਦ ਦੇ ਵਿਚਕਾਰ ਮਾਈਟੋਕੌਂਡਰੀਆ ਨੁਕਸਦੇਹ ਸੀ।
ਇਹ 80 ਫੀਸਦ ਦੇ ਪੱਧਰ ਤੋਂ ਹੇਠਾਂ ਹੈ ਜੋ ਬਿਮਾਰੀ ਦਾ ਕਾਰਨ ਬਣਦਾ ਹੈ। ਇਹ ਸਮਝਣ ਲਈ ਹੋਰ ਕੰਮ ਕਰਨਾ ਪਵੇਗਾ ਕਿ ਅਜਿਹਾ ਕਿਉਂ ਹੋਇਆ ਅਤੇ ਕੀ ਇਸ ਨੂੰ ਰੋਕਿਆ ਜਾ ਸਕਦਾ ਹੈ।
ਨਿਊਕੈਸਲ ਯੂਨੀਵਰਸਿਟੀ ਅਤੇ ਮੋਨਾਸ਼ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੈਰੀ ਹਰਬਰਟ ਕਹਿੰਦੇ ਹਨ, "ਖੋਜਾਂ ਆਸ਼ਾਵਾਦ ਲਈ ਆਧਾਰ ਦਿੰਦੀਆਂ ਹਨ। ਹਾਲਾਂਕਿ, ਮਾਈਟੋਕੌਂਡਰੀਅਲ ਦਾਨ ਤਕਨਾਲੋਜੀਆਂ ਦੀਆਂ ਸੀਮਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਖੋਜ, ਇਲਾਜ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਜ਼ਰੂਰੀ ਹੋਵੇਗੀ।"

ਤਸਵੀਰ ਸਰੋਤ, BBC/Josh Elgin
ਸਫ਼ਲਤਾ ਨੇ ਕਿੱਟੋ ਪਰਿਵਾਰ ਨੂੰ ਉਮੀਦ ਦਿੱਤੀ
ਕੈਟ ਦੀ ਸਭ ਤੋਂ ਛੋਟੀ ਧੀ 14 ਸਾਲਾ ਪੋਪੀ ਨੂੰ ਇਹ ਬਿਮਾਰੀ ਹੈ। ਉਸ ਦੀ ਸਭ ਤੋਂ ਵੱਡੀ ਧੀ 16 ਸਾਲਾ ਲਿਲੀ ਇਸਨੂੰ ਆਪਣੇ ਬੱਚਿਆਂ ਵਿੱਚ ਫੈਲਾ ਸਕਦੀ ਹੈ।
ਪੋਪੀ ਵ੍ਹੀਲਚੇਅਰ ʼਤੇ ਹੈ, ਉਹ ਬੋਲ ਨਹੀਂ ਸਕਦੀ ਹੈ ਅਤੇ ਇੱਕ ਟਿਊਬ ਰਾਹੀਂ ਖਾਣਾ ਖਾਂਦੀ ਹੈ।
ਕੈਟ ਕਹਿੰਦੇ ਹਨ, "ਇਸਨੇ ਉਸ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਪ੍ਰਭਾਵਿਤ ਕੀਤਾ ਹੈ। ਉਸ ਦੇ ਸਾਡੀ ਜ਼ਿੰਦਗੀ ਵਿੱਚ ਹੋਣ ਨਾਲ ਸਾਡੇ ਕੋਲ ਇੱਕ ਪਿਆਰਾ ਸਮਾਂ ਹੈ ਪਰ ਅਜਿਹੇ ਪਲ਼ ਵੀ ਹਨ ਜਿੱਥੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਮਾਈਟੋਕੌਂਡਰੀਅਲ ਬਿਮਾਰੀ ਕਿੰਨੀ ਵਿਨਾਸ਼ਕਾਰੀ ਹੈ।"
ਦਹਾਕਿਆਂ ਦੇ ਕੰਮ ਦੇ ਬਾਵਜੂਦ ਅਜੇ ਵੀ ਮਾਈਟੋਕੌਂਡਰੀਅਲ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਇਸ ਨੂੰ ਅੱਗੇ ਵਧਣ ਤੋਂ ਰੋਕਣ ਦਾ ਮੌਕਾ ਲਿਲੀ ਨੂੰ ਉਮੀਦ ਦਿੰਦਾ ਹੈ।
ਉਹ ਕਹਿੰਦੇ ਹਨ, "ਇਹ ਮੇਰੇ ਜਾਂ ਮੇਰੇ ਬੱਚਿਆਂ ਜਾਂ ਮੇਰੇ ਭਰਾਵਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਹਨ ਜੋ ਇੱਕ ਆਮ ਜੀਵਨ ਦਾ ਦ੍ਰਿਸ਼ਟੀਕੋਣ ਰੱਖ ਸਕਦੀਆਂ ਹਨ।"

ਤਸਵੀਰ ਸਰੋਤ, Getty Images
'ਸਿਰਫ਼ ਯੂਕੇ ਹੀ ਅਜਿਹਾ ਕਰ ਸਕਦਾ ਸੀ'
ਯੂਕੇ ਨੇ ਨਾ ਸਿਰਫ਼ ਤਿੰਨ-ਵਿਅਕਤੀਆਂ ਵਾਲੇ ਬੱਚਿਆਂ ਦੇ ਵਿਗਿਆਨ ਨੂੰ ਵਿਕਸਤ ਕੀਤਾ, ਸਗੋਂ ਸਾਲ 2015 ਵਿੱਚ ਸੰਸਦ ਵਿੱਚ ਵੋਟ ਪਾਉਣ ਮਗਰੋਂ ਉਨ੍ਹਾਂ ਦੇ ਨਿਰਮਾਣ ਦੀ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਵੀ ਬਣ ਗਿਆ।
ਇਸ ਗੱਲ 'ਤੇ ਵਿਵਾਦ ਹੋਇਆ ਕਿਉਂਕਿ ਮਾਈਟੋਕੌਂਡਰੀਆ ਦਾ ਆਪਣਾ ਡੀਐੱਨਏ ਹੁੰਦਾ ਹੈ, ਜੋ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਕੰਟ੍ਰੋਲ ਕਰਦਾ ਹੈ।
ਇਸ ਦਾ ਮਤਲਬ ਹੈ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਅਤੇ ਲਗਭਗ 0.1 ਫੀਸਦ ਦਾਨੀ ਔਰਤ ਤੋਂ ਡੀਐੱਨਏ ਵਿਰਾਸਤ ਵਿੱਚ ਮਿਲਿਆ ਹੈ।
ਇਸ ਤਕਨੀਕ ਰਾਹੀਂ ਪੈਦਾ ਹੋਣ ਵਾਲੀਆਂ ਕੁੜੀਆਂ ਇਸ ਨੂੰ ਅੱਗੇ ਆਪਣੇ ਬੱਚਿਆਂ ਨੂੰ ਦੇ ਦੇਣਗੀਆਂ, ਇਸ ਲਈ ਇਹ ਮਨੁੱਖੀ ਜੈਨੇਟਿਕ ਵਿਰਾਸਤ ਵਿੱਚ ਇੱਕ ਸਥਾਈ ਤਬਦੀਲੀ ਹੈ।
ਜਦੋਂ ਤਕਨਾਲੋਜੀ 'ਤੇ ਬਹਿਸ ਹੋਈ ਸੀ ਤਾਂ ਇਹ ਕੁਝ ਲੋਕਾਂ ਲਈ ਬਹੁਤ ਦੂਰ ਸੀ, ਜਿਸ ਨਾਲ ਡਰ ਪੈਦਾ ਹੋਇਆ ਕਿ ਇਹ ਜੈਨੇਟਿਕ ਤੌਰ 'ਤੇ ਸੋਧੇ ਹੋਏ "ਡਿਜ਼ਾਈਨਰ" ਬੱਚਿਆਂ ਲਈ ਦਰਵਾਜ਼ੇ ਖੋਲ੍ਹ ਦੇਵੇਗਾ।
ਨਿਊਕੈਸਲ ਯੂਨੀਵਰਸਿਟੀ ਦੇ ਪ੍ਰੋਫੈਸਰ ਸਰ ਡੱਗ ਟਰਨਬੁੱਲ ਨੇ ਮੈਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਇਹ ਦੁਨੀਆ ਵਿੱਚ ਇੱਕੋ-ਇੱਕ ਜਗ੍ਹਾ ਹੈ ਜਿੱਥੇ ਇਹ ਹੋ ਸਕਦਾ ਸੀ।"
"ਅਸੀਂ ਜਿੱਥੇ ਪਹੁੰਚੇ ਹਾਂ ਉੱਥੇ ਪਹਿਲੇ ਦਰਜੇ ਦਾ ਵਿਗਿਆਨ ਮੌਜੂਦ ਹੈ। ਇਸ ਨੂੰ ਕਲੀਨਿਕਲ ਇਲਾਜ ਵਿੱਚ ਸ਼ਾਮਲ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ, ਐੱਨਐੱਚਐੱਸ ਨੇ ਇਸ ਵਿੱਚ ਸਹਾਇਤਾ ਕੀਤੀ ਹੈ ਅਤੇ ਹੁਣ ਸਾਡੇ ਕੋਲ ਅੱਠ ਬੱਚੇ ਹਨ ਜੋ ਮਾਈਟੋਕੌਂਡਰੀਅਲ ਬਿਮਾਰੀ ਤੋਂ ਮੁਕਤ ਜਾਪਦੇ ਹਨ, ਇਹ ਕਿੰਨਾ ਸ਼ਾਨਦਾਰ ਨਤੀਜਾ ਹੈ।"
ਲਿਲੀ ਫਾਊਂਡੇਸ਼ਨ ਚੈਰਿਟੀ ਦੇ ਸੰਸਥਾਪਕ, ਲਿਜ਼ ਕਰਟਿਸ ਦਾ ਕਹਿਣਾ ਹੈ, "ਸਾਲਾਂ ਦੀ ਉਡੀਕ ਤੋਂ ਬਾਅਦ, ਅਸੀਂ ਹੁਣ ਜਾਣਦੇ ਹਾਂ ਕਿ ਇਸ ਤਕਨੀਕ ਦੀ ਵਰਤੋਂ ਕਰ ਕੇ ਅੱਠ ਬੱਚੇ ਪੈਦਾ ਹੋਏ ਹਨ, ਜਿਨ੍ਹਾਂ ਸਾਰਿਆਂ ਵਿੱਚ ਮਾਈਟੋ ਦੇ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ ਹਨ।
"ਕਈ ਪ੍ਰਭਾਵਿਤ ਪਰਿਵਾਰਾਂ ਲਈ ਇਹ ਇਸ ਵਿਰਾਸਤੀ ਸਥਿਤੀ ਦੇ ਚੱਕਰ ਨੂੰ ਤੋੜਨ ਦੀ ਪਹਿਲੀ ਅਸਲ ਉਮੀਦ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












