ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਅਤੇ ਮਨਜਿੰਦਰ ਸਿੰਘ ਸਿਰਸਾ ਬਾਰੇ ਵਿਵਾਦਿਤ ਵਾਇਰਲ ਵੀਡੀਓਜ਼ ਦਾ ਕੀ ਹੈ ਪੂਰਾ ਮਾਮਲਾ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਦਵਿੰਦਰ ਪ੍ਰਤਾਪ ਸਿੰਘ ਤੋਮਰ ਦੀਆਂ ਦੋ ਕਥਿਤ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਚਰਚਾ ਛਿੜ ਗਈ ਹੈ।

ਇਸ ਤੋਂ ਬਾਅਦ ਇੱਕ ਤੀਜਾ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਇੱਕ ਵਿਅਕਤੀ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੀਆਂ ਦੋ ਵੀਡੀਓਜ਼ ਉਸ ਦੇ ਘਰ ਦੀਆਂ ਹਨ ਅਤੇ ਮਾਮਲੇ ਦੀਆਂ ਕੁਝ ਹੋਰ ਪਰਤਾਂ ਖੋਲ੍ਹਣ ਦੀ ਗੱਲ ਵੀ ਆਖੀ ਗਈ ਹੈ।

ਤੀਜੀ ਵੀਡੀਓ ਜਾਰੀ ਕਰਨ ਵਾਲੇ ਵਿਅਕਤੀ ਨੇ ਆਪਣੇ-ਆਪ ਨੂੰ ਕੈਨੇਡਾ ਵਾਸੀ ਜਗਮਨਦੀਪ ਸਿੰਘ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਪਹਿਲੀਆਂ ਦੋ ਵੀਡੀਓਜ਼ ਵਿੱਚ ਸੁਣਾਈ ਦੇਣ ਵਾਲੀ ਆਵਾਜ਼ ਉਸੇ ਦੀ ਹੈ।

ਜਗਮਨਦੀਪ ਸਿੰਘ ਦਾ ਦਾਅਵਾ ਹੈ ਕਿ ਦਵਿੰਦਰ ਪ੍ਰਤਾਪ ਸਿੰਘ ਤੋਮਰ ਕੈਨੇਡਾ ’ਚ ਗਾਂਜਾ ਤੇ ਭੰਗ ਦੀ ਖੇਤੀ ’ਚ ਨਿਵੇਸ਼ ਕਰਨਾ ਚਾਹੁੰਦੇ ਸਨ ਅਤੇ ਇਸ ਮਾਮਲੇ ਵਿੱਚ ਹੋਏ ਪੈਸੇ ਦੇ ਲੈਣ-ਦੇਣ ਵਿੱਚ ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਵੀ ਸ਼ਮੂਲੀਅਤ ਸੀ।

ਜ਼ਿਕਰਯੋਗ ਹੈ ਕਿ ਨਰਿੰਦਰ ਸਿੰਘ ਤੋਮਰ ਨੇ ਐਕਸ ’ਤੇ ਇਸ ਮਾਮਲੇ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਇਸ ਘਟਨਾਕ੍ਰਮ ਨੂੰ ਉਨ੍ਹਾਂ ਖ਼ਿਲਾਫ਼ ਸਾਜਿਸ਼ ਦੱਸਿਆ ਹੈ ਅਤੇ ਜਗਮਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਗੱਲ ਆਖੀ ਹੈ ਅਤੇ ਲੱਗੇ ਇਲਜ਼ਾਮਾਂ ਨੂੰ ਮੁੱਢੋ ਨਕਾਰਿਆ ਹੈ।

ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਜਗਮਨਦੀਪ ਸਿੰਘ ਵਲੋਂ ਲਾਏ ਗਏ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਹੈ। ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਵਾਇਰਲ ਵੀਡੀਓਜ਼ ਦਾ ਮਾਮਲਾ ਕੀ ਹੈ

ਤੋਮਰ ਦੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਦੀਆਂ ਦੋ ਕਥਿਤ ਵੀਡੀਓਜ਼ ਬੀਤੇ ਇੱਕ ਹਫ਼ਤੇ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਵੀਡੀਓਜ਼ ਵਿੱਚ 500 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਹੁੰਦੀ ਸੁਣੀ ਜਾ ਸਕਦੀ ਹੈ।

ਪਰ ਤੀਜੀ ਵੀਡੀਓ ਜਿਸ ਵਿੱਚ ਜਗਮਨਦੀਪ ਸਿੰਘ ਖ਼ੁਦ ਸੰਬੋਧਨ ਕਰ ਰਹੇ ਹਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਮਾਮਲਾ 500 ਨਹੀਂ ਬਲਕਿ 10 ਹਜ਼ਾਰ ਕਰੋੜ ਰੁਪਏ ਦਾ ਹੈ।

ਵਾਇਰਲ ਵੀਡੀਓ ਵਿੱਚ ਜਗਮਨਦੀਪ ਸਿੰਘ ਦਾ ਦਾਅਵਾ

ਇਸ ਵੀਡੀਓ ਵਿੱਚ ਜਗਮਨਦੀਪ ਸਿੰਘ ਦਾਅਵਾ ਕਰ ਰਹੇ ਹਨ ਕਿ ਉਹ ਇਸ ਸਾਰੇ ਮਾਮਲੇ ਦੇ ਕੇਂਦਰ ਵਿੱਚ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸਾਰੇ ਸਬੂਤ ਮੌਜੂਦ ਹਨ।

ਉਨ੍ਹਾਂ ਕਿਹਾ, “ਮੇਰਾ ਨਾਂ ਜਗਮਨਦੀਪ ਸਿੰਘ ਹੈ, ਮੈਂ ਕੈਨੇਡਾ ਦੇ ਐਬਟਸਫ਼ੋਰਡ ’ਚ ਰਹਿੰਦਾ ਹਾਂ। ਕਈ ਦਿਨਾਂ ਤੋਂ ਫੇਸਬੁੱਕ ’ਤੇ ਮੇਰੀ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਮਾਈਨਿੰਗ ਕੰਪਨੀ ਨਾਲ ਪੈਸੇ ਦਾ ਲੈਣ-ਦੇਣ ਹੋਇਆ ਹੈ।”

“ਮੇਰੀ ਪ੍ਰਤਾਪ ਤੋਮਰ ਨਾਲ ਦੋਸਤੀ ਸਾਲ 2018 ’ਚ ਹੋਈ ਸੀ। ਸਾਲ 2020 ’ਚ ਮੈਂ ਉਨ੍ਹਾਂ ਨੂੰ ਮਿਲਣ ਗਿਆ ਸੀ। ਲਾਕਡਾਊਨ ਸਮੇਂ ਮੈਂ ਭਾਰਤ ’ਚ ਸੀ ਅਤੇ ਹਾਊਸ ਨੰਬਰ-3 ਕ੍ਰਿਸ਼ਨਾ ਮੇਨਨ ਮਾਰਗ (ਤੋਮਰ ਦਾ ਦਿੱਲੀ ਨਿਵਾਸ) ਵਿੱਚ ਸੀ।”

ਉਨ੍ਹਾਂ ਦਾਅਵਾ ਕੀਤਾ, “ਮੈਂ ਕੈਨੇਡਾ ਵਿੱਚ ਬਲੂਬੇਰੀ ਤੇ ਗਾਂਜਾ-ਭੰਗ ਦੀ ਖੇਤੀ ਕਰਦਾ ਹਾਂ। ਤੋਮਰ ਵੀ ਇਸ ਖੇਤੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ।”

ਜਗਮਨਦੀਪ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਸਭ ਦੇ ਸਬੂਤ ਮੌਜੂਦ ਹਨ ਪਰ ਉਨ੍ਹਾਂ ਇਸ ਵੀਡੀਓ ਦੇ ਵਾਇਰਲ ਹੋਣ ’ਤੇ ਹੈਰਾਨੀ ਦਿਖਾਈ।

ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਤੋਮਰ ਨਾਲ ਹੁੰਦੇ ਉਨ੍ਹਾਂ ਦੇ ਪੈਸੇ ਦੇ ਲੈਣ ਦੇਣ ਵਿੱਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਸ਼ਾਮੂਲੀਅਤ ਸੀ ਜੋ ਕਿ ਗੁਰਦੁਆਰਾ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਸਨ।

ਉਨ੍ਹਾਂ ਦਾਅਵਾ ਕੀਤਾ ਕਿ ਕਿਉਂਕਿ ਗੁਰਦੁਆਰੇ ਦੇ ਪੈਸੇ ਦਾ ਕੋਈ ਰਿਕਾਰਡ ਨਹੀਂ ਹੁੰਦਾ। ਸਿਰਸਾ ਨਕਦ ਲੈ ਕੇ ਵਾਇਰ ਜ਼ਰੀਏ ਪੈਸੇ ਘੁੰਮਾਉਂਦੇ ਸਨ, ਜੋ ਤੋਮਰ ਦੇ ਪੁੱਤ ਨੂੰ ਦੇ ਦਿੱਤੇ ਜਾਂਦੇ ਸਨ।

ਉਨ੍ਹਾਂ ਮੁਤਾਬਕ ਤੋਮਰ ਪਰਿਵਾਰ ਵਲੋਂ 100 ਏਕੜ ਜ਼ਮੀਨ ਕੈਨੇਡਾ ’ਚ ਖ਼ਰੀਦੀ ਗਈ ਪਰ ਇਹ ਬੇਨਾਮੀ ਕੰਪਨੀ ਤੋਂ ਖ਼ਰੀਦੀ ਗਈ।

ਤੋਮਰ ਨੇ ਜਾਂਚ ਦੀ ਕੀਤੀ ਮੰਗ

ਤੋਮਰ ਨੇ ਇਸ ਘਟਨਾਕ੍ਰਮ ਨੂੰ ਇੱਕ ਸਾਜਿਸ਼ ਦਾ ਹਿੱਸਾ ਦੱਸਿਆ ਹੈ। ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ਉੱਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, “ਅੱਜ ਸੋਸ਼ਲ ਮੀਡੀਆ ’ਤੇ ਮੇਰੇ ਪੁੱਤ ਨਾਲ ਸਬੰਧਿਤ ਇੱਕ ਫ਼ਰਜ਼ੀ ਵੀਡੀਓ ਵਾਇਰਲ ਕੀਤੀ ਗਈ ਹੈ। ਇਹ ਇੱਕ ਗਿਣੀ-ਮਿੱਥੀ ਸਾਜ਼ਿਸ ਦਾ ਹਿੱਸਾ ਹੈ ਜੋ ਚੋਣਾਂ ਦੇ ਸਮੇਂ ਵਿਰੋਧੀ ਧਿਰ ਵੱਲੋਂ ਜਨਤਾ ਨੂੰ ਭਰਮਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ।”

“ਪਹਿਲਾਂ ਵੀ ਇਸ ਤਰ੍ਹਾਂ ਦੀ ਝੂਠੀ ਵੀਡੀਓ ਬਾਰੇ ਮੇਰੇ ਪੁੱਤਰ ਨੇ ਪੁਲਿਸ ਜਾਂਚ ਲਈ ਅਪਲਾਈ ਵੀ ਕੀਤਾ ਸੀ। ਮੈਂ ਅੱਜ ਦੁਬਾਰਾ ਇਸ ਵੀਡੀਓ ਦੀ ਐੱਫਐੱਸਐੱਲ ਜਾਂਚ ਲਈ ਏਜੰਸੀਆਂ ਨੂੰ ਮੰਗ ਕਰਦਾ ਹਾਂ ਤਾਂ ਕਿ ਸੱਚ ਬਾਹਰ ਆ ਸਕੇ ਤੇ ਸਾਜ਼ਿਸ਼ ਸਾਹਮਣੇ ਆ ਸਕੇ।”

ਸਿਰਸਾ ਨੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਐਕਸ ਉੱਤੇ ਇੱਕ ਵੀਡੀਓ ਸਾਂਝੀ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ।

ਉਨ੍ਹਾਂ ਕਿਹਾ,“ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਕਈ ਕਰੋੜ ਰੁਪਏ ਪਹਿਲਾਂ ਨਕਦ ਲੈਂਦੇ ਸਨ ਤੇ ਫ਼ਿਰ ਵਿਦੇਸ਼ਾਂ ਵਿੱਚ ਉਹ ਪੈਸਾ ਪਹੁੰਚਾਇਆ ਜਾਂਦਾ ਸੀ। ਇਹ ਬਿਲਕੁਲ ਬੇਬੁਨਿਆਦ ਹੈ।”

“ਗੁਰਦੁਆਰਾ ਕਮੇਟੀ ਕੋਲ ਹੁਣ ਤੱਕ ਵੀ ਕੁੱਲ 16 ਕਰੋੜ ਰੁਪਏ ਹਨ। ਤੇ ਇਹ ਪੈਸੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਹੀ ਹਨ। ਨਾ ਕਿ ਜਿਸ ਤਰ੍ਹਾਂ ਦਾਅਵਾ ਕੀਤਾ ਜਾ ਰਿਹਾ ਕਿ ਪੈਸੇ ਕਿਸੇ ਹੋਰ ਬੈਂਕ ਦੇ ਖਾਤੇ ਵਿੱਚ ਪਾਏ ਗਏ ਸਨ।”

ਉਨ੍ਹਾਂ ਦਾਅਵਾ ਕੀਤਾ ਕਿ ਗੁਰਦੁਆਰਾ ਕਮੇਟੀ ਵਲੋਂ ਸਾਰੇ ਪੈਸਿਆਂ ਦਾ ਲੈਣ-ਦੇਣ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਂਦਾ ਹੈ। ਸਿਰਸਾ ਨੇ ਵੀਡੀਓ ਐਕਸ ਤੋਂ ਨਾ ਹਟਾਏ ਜਾਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ।

ਉੱਧਰ ਪਰਮਜੀਤ ਸਿੰਘ ਸਰਨਾ ਵਲੋਂ ਇਸ ਮਾਮਲੇ ਦੀ ਈਡੀ ਵਲੋਂ ਜਾਂਚੀ ਦੀ ਮੰਗ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)