You’re viewing a text-only version of this website that uses less data. View the main version of the website including all images and videos.
ਰਾਜਸਥਾਨ ਤੋਂ ਅਗਵਾ ਹੋਏ ਦੋ ਨੌਜਵਾਨਾਂ ਦੇ ਸੜੇ ਹੋਏ ਪਿੰਜਰ ਹਰਿਆਣਾ ’ਚ ਮਿਲੇ, ਮੁਲਜ਼ਮਾਂ ਨੇ ਵੀਡੀਓ ਜਾਰੀ ਕਰ ਇਹ ਕਿਹਾ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ਵਿੱਚ ਵੀਰਵਾਰ ਸਵੇਰੇ ਇੱਕ ਸੜੀ ਹੋਈ ਬਲੈਰੋ ਗੱਡੀ ਮਿਲੀ ਜਿਸ ਵਿੱਚ ਦੋ ਸੜੇ ਹੋਏ ਮਨੁੱਖੀ ਪਿੰਜਰ ਵੀ ਮਿਲੇ ਸਨ। ਇਨ੍ਹਾਂ ਮ੍ਰਿਤਕਾਂ ਦੀ ਹੁਣ ਪਛਾਣ ਹੋ ਗਈ ਹੈ।
ਹਰਿਆਣਾ ਦੇ ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ ਉਸ ਇਲਾਕੇ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਜਗਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ''ਲੋਹਾਰੂ ਇਲਾਕੇ ਵਿੱਚ ਇੱਕ ਸੜੀ ਹੋਈ ਬਲੈਰੋ ਗੱਡੀ ਮਿਲੀ ਹੈ। ਇਸ ਵਿੱਚ ਮੌਜੂਦ ਪਿੰਜਰਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ।''
ਇਸ ਮਾਮਲੇ ਦੀਆਂ ਤਾਰਾਂ ਰਾਜਸਥਾਨ ਨਾਲ ਜੁੜੀਆਂ ਹੋਈਆਂ ਹਨ ਜਿਥੋਂ ਦੇ ਦੋ ਨੌਜਵਾਨ ਘਟਨਾ ਤੋਂ ਇੱਕ ਦਿਨ ਪਹਿਲਾਂ ਲਾਪਤਾ ਹੋ ਗਏ ਸਨ।
ਜੁਨੈਦ ਤੇ ਨਾਸਿਰ ਦੀ ਗੁੰਮਸ਼ੁਦਗੀ ਸਬੰਧੀ ਉਨ੍ਹਾਂ ਦੇ ਪਰਿਵਾਰ ਵਲੋਂ ਰਾਜਸਥਾਨ ਦੇ ਭਰਤਪੁਰ ਦੇ ਗੋਪਾਲਗੜ੍ਹ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਇਸ ਮਾਮਲੇ ਵਿੱਚ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਿਨ੍ਹਾਂ ਵਿੱਚ ਇੱਕ ਵਿਅਕਤੀ ਮੋਨੂੰ ਮਾਨੇਸਰ ਨੇ ਇਲਜ਼ਾਮਾਂ ਤੋਂ ਮੁੱਢੋ ਰੱਦ ਕੀਤਾ ਹੈ।
ਗੱਡੀ ਤੋਂ ਹੋਈ ਮ੍ਰਿਤਕਾਂ ਦੀ ਪਛਾਣ
ਬੋਲੈਰੋ ਦੇ ਨੰਬਰ ਤੋਂ ਨੌਜਵਾਨਾਂ ਦੀ ਪਛਾਣ ਕੀਤੀ ਜਾ ਸਕੀ।
ਡਿਪਟੀ ਸੁਪਰਡੈਂਟ ਆਫ਼ ਪੁਲਿਸ ਜਗਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਦੀ ਟੀਮ ਅਤੇ ਐੱਫ਼ਐੱਸਐੱਲ ਦੇ ਡਾਕਟਰਾਂ ਵੀ ਘਟਨਾ ਵਾਲੀ ਥਾਂ ਪਹੁੰਚੇ ਸਨ।
ਉਨ੍ਹਾਂ ਦੱਸਿਆ, ''ਗੱਡੀ ਦੇ ਨੰਬਰ ਨੂੰ ਧਿਆਨ ਵਿੱਚ ਰੱਖ ਕੇ ਰਾਜਸਥਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਭਰਤਪੁਰ ਦੇ ਗੋਪਾਲਗੜ੍ਹ ਥਾਣੇ ਦੀ ਪੁਲਿਸ ਅਤੇ ਮਰਨ ਵਾਲਿਆਂ ਦੇ ਵਾਰਸ ਭਿਵਾਨੀ ਆਏ ਜਿਨ੍ਹਾਂ ਨੇ ਦੋਵਾਂ ਦੀ ਸ਼ਨਾਖ਼ਤ ਕੀਤੀ ਹੈ।''
ਜੁਨੈਦ ਛੇ ਬੱਚਿਆਂ ਦਾ ਪਿਤਾ ਸੀ
ਰਿਸ਼ਤੇਦਾਰਾਂ ਨੇ ਬੀਬੀਸੀ ਨੂੰ ਦੱਸਿਆ, "ਜੁਨੈਦ ਦੀ ਉਮਰ ਪੈਂਤੀ ਸਾਲ ਅਤੇ ਨਾਸਿਰ ਤੀਹ ਸਾਲ ਦਾ ਸੀ। ਜੁਨੈਦ ਦੇ ਛੇ ਬੱਚੇ ਹਨ ਅਤੇ ਨਾਸਿਰ ਕੋਈ ਬੱਚਾ ਨਹੀਂ ਹੈ।"
ਚਚੇਰੇ ਭਰਾ ਇਸਮਾਈਲ ਨੇ ਦੱਸਿਆ, "ਜੁਨੈਦ ਅਤੇ ਨਾਸਿਰ ਖੇਤ ਵਿੱਚ ਵੀ ਕੰਮ ਕਰਦੇ ਸਨ ਅਤੇ ਵੱਡੀ ਗੱਡੀ (ਟਰੱਕ) ਵੀ ਚਲਾਉਂਦੇ ਸਨ।"
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਪੁਲਿਸ ਮ੍ਰਿਤਕ ਦੇਹਾਂ ਲੈ ਆਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਸਾਡੇ ਹਵਾਲੇ ਕਰ ਦਿੱਤੀਆਂ ਹਨ। ਪਹਿਲਾਂ ਤਾਂ ਪਰਿਵਾਰ ਨੇ ਬਿਨਾਂ ਕਿਸੇ ਭਰੋਸੇ ਦੇ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ ਸੀ।"
ਹਾਲਾਂਕਿ ਬਾਅਦ 'ਚ ਗੋਪਾਲਗੜ੍ਹ ਥਾਣਾ ਇੰਚਾਰਜ ਰਾਮ ਨਰੇਸ਼ ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ, "ਮ੍ਰਿਤਕ ਦੇਹਾਂ ਨੂੰ ਦਫ਼ਨਾਉਣ 'ਤੇ ਸਹਿਮਤੀ ਬਣ ਗਈ ਹੈ। ਇਹ ਫ਼ੈਸਲਾ ਸਮਾਜ ਦੀ ਪੰਚਾਇਤ 'ਚ ਲਿਆ ਗਿਆ ਹੈ।''
''ਰਾਜਸਥਾਨ ਦੀ ਮੰਤਰੀ ਜ਼ਾਹਿਦਾ ਖ਼ਾਨ ਵੀ ਪਹੁੰਚੀ ਸੀ। ਮੰਤਰੀ ਨੇ ਕਿਹਾ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰ ਨੂੰ ਇੱਕ-ਇੱਕ ਸਰਕਾਰੀ ਨੌਕਰੀ ਅਤੇ ਮ੍ਰਿਤਕ ਦੇ ਵਾਰਸਾਂ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ।''
ਸਟੇਸ਼ਨ ਇੰਚਾਰਜ ਨੇ ਦੱਸਿਆ, "ਮੰਤਰੀ ਜ਼ਾਹਿਦਾ ਖਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਸਹਿਮਤੀ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਦੁਪਹਿਰ 2 ਵਜੇ ਦੀ ਨਮਾਜ਼ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਦਫਨਾਇਆ ਜਾਵੇਗਾ।" "
ਮ੍ਰਿਤਕਾਂ ਖਿਲਾਫ ਪੁਲਿਸ ਮਾਮਲਾ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ, ਬੀਬੀਸੀ ਦੇ ਇਸ ਸਵਾਲ 'ਤੇ ਇਸਮਾਈਲ ਨੇ ਕਿਹਾ, "ਉਹ ਬੋਲੇਰੋ ਕਾਰ ਵਿੱਚ ਸਨ। ਉਨ੍ਹਾਂ ਕੋਲੋਂ ਕੁਝ ਵੀ ਨਹੀਂ ਮਿਲਿਆ ਹੈ। ਜੇਕਰ ਕੁਝ ਹੁੰਦਾ ਤਾਂ ਪੁਲਿਸ ਨੂੰ ਤਾਂ ਮਿਲਦਾ। ਇਹ ਸਭ ਝੂਠੇ ਇਲਜ਼ਾਮ ਹਨ। ਇਨ੍ਹਾਂ ਖਿਲਾਫ ਕੋਈ ਕੇਸ ਦਰਜ ਨਹੀਂ ਸੀ।
ਮਰਨ ਵਾਲੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਘਾਟਮਿਕਾ ਦੇ ਰਹਿਣ ਵਾਲੇ ਸਨ।
ਜੁਨੈਦ ਤੇ ਨਾਸਿਰ ਇਕੱਠਿਆਂ ਬਲੈਰੋ ਗੱਡੀ ਵਿੱਚ ਪਿੰਡ ਤੋਂ ਨਿਕਲੇ ਸਨ, ਜਿਸ ਤੋਂ ਕੁਝ ਘੰਟੇ ਬਾਅਦ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਖ਼ਬਰ ਹਰ ਪਾਸੇ ਫ਼ੈਲ ਗਈ ਸੀ।
ਡੀਐੱਸਪੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਪੁਰਦ ਕਰ ਦਿੱਤੀਆਂ ਗਈਆਂ ਹਨ ਅਤੇ ਸੜੀ ਹੋਈ ਬਲੈਰੋ ਗੱਡੀ ਰਾਜਸਥਾਨ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ।
ਹਾਦਸਾ ਜਾਂ ਕਤਲ ਦਾ ਮਾਮਲਾ
ਇਸ ਮਾਮਲੇ ਵਿੱਚ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਦੋਵਾਂ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ।
ਦੂਜੇ ਪਾਸੇ ਪੁਲਿਸ ਜਾਂਚ ਜਾਰੀ ਹੈ ।
ਡੀਐੱਸਪੀ ਜਗਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੀ ਟੀਮ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਗੱਡੀ ਨੂੰ ਅੱਗ ਲੱਗੀ ਹੈ ਜਾਂ ਕਿਸੇ ਨੇ ਲਗਾਈ ਹੈ।
ਹੁਣ ਇਸ ਮਾਮਲੇ ਦੀ ਜਾਂਚ ਰਾਜਸਥਾਨ ਪੁਲਿਸ ਵਲੋਂ ਕੀਤੀ ਜਾ ਰਹੀ ਹੈ।
ਬਲੈਰੋ ਵਿੱਚ ਸੜ ਕੇ ਮਰਨ ਵਾਲੇ ਜੁਨੈਦ ਤੇ ਨਾਸਿਰ ਰਾਜਸਥਾਨ ਦੇ ਭਰਤਪੁਰ ਨਾਲ ਸਬੰਧਿਤ ਸਨ।
ਦੋਵੇਂ ਪੇਸ਼ੇ ਵਜੋਂ ਡਰਾਈਵਿੰਗ ਦਾ ਕੰਮ ਕਰਦੇ ਸਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਨੂੰ ਗਊ ਰੱਖਿਅਕਾਂ ਵਲੋਂ ਅਗਵਾ ਕੀਤਾ ਗਿਆ ਸੀ।
ਹਾਲਾਂਕਿ, ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਗਊ ਰੱਖਿਅਕਾਂ ਦਾ ਮਾਮਲਾ ਹੈ ਜਾਂ ਨਹੀਂ।
ਐੱਫ਼ਆਈਆਰ ਵਿੱਚ ਕੀ ਕਿਹਾ ਗਿਆ
ਐੱਫ਼ਆਈਆਰ ਪੀੜਤਾਂ ਦੇ ਚਚੇਰੇ ਭਰਾ ਇਸਮਾਈਲ ਨੇ ਭਰਤਪੁਰ ਥਾਣੇ ਵਿੱਚ ਦਰਜ ਕਰਵਾਈ ਸੀ।
ਇਸ ਵਿੱਚ ਕਿਹਾ ਗਿਆ ਸੀ, “ਅੱਜ (ਬੁੱਧਵਾਰ) ਸਵੇਰੇ 5 ਵਜੇ ਸ਼ਿਕਾਇਤਕਰਤਾ ਦੇ ਚਚੇਰੇ ਭਰਾ, ਜ਼ਨੈਦ ਅਤੇ ਨਾਸਿਰ, ਕਿਸੇ ਨਿੱਜੀ ਕੰਮ ਲਈ ਆਪਣੀ ਬੋਲੇਰੋ ਕਾਰ ਵਿੱਚ ਗਏ ਸਨ।”
ਸ਼ਿਕਾਇਤਕਰਤਾ ਨੂੰ ਸਵੇਰੇ 9 ਵਜੇ ਇੱਕ ਅਜਨਬੀ ਵਿਅਕਤੀ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਗੋਪਾਲਗੜ੍ਹ ਦੇ ਜੰਗਲ ਵੱਲ ਜਾ ਰਹੇ ਦੋ ਵਿਅਕਤੀਆਂ ਨੂੰ 8-9 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਅਗਵਾ ਕਰ ਲਿਆ।
ਦੋਹਾਂ ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ, ‘‘ਦੋਵੇਂ ਗੋਪਾਲਗੜ੍ਹ ਤੋਂ ਇੱਕ ਜਾਣਕਾਰ ਦੀ ਬੋਲੈਰੋ ਲੈ ਕੇ ਕਿਤੇ ਜਾ ਰਹੇ ਸਨ, ਰਾਹ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਿਆ। ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।’’
ਪਿੰਡ ਦਾ ਮਾਹੌਲ
ਪਿੰਡ ਦਾ ਮਹੌਲ ਗਮਗ਼ੀਨ ਹੈ। ਪਿੰਡ ਵਿੱਚ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਹਨ।
ਲਗਾਤਾਰ ਸਥਾਨਕ ਆਗੂਆਂ ਅਤੇ ਪੁਲਿਸ ਆਫ਼ਸਰਾਂ ਦਾ ਆਉਣਾ ਜਾਣਾ ਜਾਰੀ ਹੈ।
ਪੁਲਿਸ ਦੀ ਸਖ਼ਤ ਪਹਿਰੇਦਾਰੀ ਹੈ। ਪਰਿਵਾਰ ਨੇ ਰਾਜਸਥਾਨ ਤੇ ਹਰਿਆਣਾ ਸਰਕਾਰ ਅੱਗੇ ਇਨਸਾਫ਼ ਦੀ ਅਪੀਲ ਕੀਤੀ ਹੈ।
ਨੌਜਵਾਨਾਂ ਦੇ ਫ਼ੋਨ ਬੰਦ ਸਨ
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਰਤਪੁਰ ਦੇ ਆਈਜੀ ਗੌਰਵ ਸ੍ਰੀਵਾਸਤਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਕੱਲ੍ਹ (ਬੁੱਧਵਾਰ) ਰਾਤ ਨੂੰ, ਦੋਵਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਗੋਪਾਲਗੜ੍ਹ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ।”
“ਇਸ ਮਾਮਲੇ ਵਿੱਚ ਐੱਫ਼ਆਈਆਰ ਵੀ ਦਰਜ ਕੀਤੀ ਗਈ ਹੈ। ਅਸੀਂ ਉਨ੍ਹਾਂ ਦੇ ਫੋਨ ਟਰੇਸ ਕੀਤੇ, ਜੋ ਬੰਦ ਸਨ। ਇਨ੍ਹਾਂ ਨੂੰ ਲੱਭਿਆ ਵੀ ਗਿਆ, ਕੁਝ ਸ਼ੱਕੀ ਵਿਅਕਤੀਆਂ ਦੇ ਨਾਂ ਵੀ ਸਾਹਮਣੇ ਆਏ ਹਨ।”
“ਜਾਣਕਾਰੀ ਮੁਤਾਬਕ ਉਹ ਇੱਕ ਬੋਲੈਰੋ ਕਾਰ ਵਿੱਚ ਸਵਾਰ ਸਨ ਅਤੇ ਉਨ੍ਹਾਂ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਅਗਵਾ ਕਰ ਲਿਆ ਗਿਆ ਸੀ। ਅੱਜ ਸਵੇਰੇ, ਉਸੇ ਇੰਜਣ ਅਤੇ ਚੈਸੀ ਨੰਬਰ ਵਾਲੀ ਬੋਲੈਰੋ ਕਾਰ ਭਿਵਾਨੀ ਜ਼ਿਲੇ ਦੇ ਲੋਹਾਰੂ ਖੇਤਰ ਵਿੱਚ ਮਿਲੀ।”
ਇਸ ਕਾਰ ਵਿੱਚੋਂ ਹੀ ਜ਼ੁਨੈਦ ਅਤੇ ਨਸੀਰ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਸ੍ਰੀਵਾਸਤਵ ਨੇ ਦੱਸਿਆ,“ਪਰਿਵਾਰਕ ਮੈਂਬਰਾਂ ਨੇ ਕੁਝ ਸ਼ੱਕੀ ਵਿਅਕਤੀਆਂ ਦੇ ਨਾਂ ਲਏ ਹਨ ਅਤੇ ਅਸੀਂ ਉਨ੍ਹਾਂ ਦੀ ਭਾਲ ਵਿੱਚ ਵਿਸ਼ੇਸ਼ ਟੀਮਾਂ ਭੇਜੀਆਂ ਹਨ। ਸਾਰੇ ਸ਼ੱਕੀ ਹਰਿਆਣਾ ਦੇ ਰਹਿਣ ਵਾਲੇ ਹਨ।''
ਮੁਲਜ਼ਮਾਂ ਨੇ ਜਾਰੀ ਕੀਤੇ ਵੀਡੀਓ
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਐਫਆਈਆਰ ਵਿੱਚ ਨਾਮਜ਼ਦ ਪੰਜ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਐਫਆਈਆਰ ਮੁਤਾਬਕ, 'ਅਨਿਲ, ਸ਼੍ਰੀ ਕਾਂਤ, ਰਿੰਕੂ ਸੈਣੀ, ਲੋਕੇਸ਼ ਸਿੰਘਲਾ ਅਤੇ ਮੋਨੂੰ ਵਿਰੁੱਧ ਆਈਪੀਸੀ ਦੀ ਧਾਰਾ 143 (ਗੈਰਕਾਨੂੰਨੀ ਸਭਾ ਦਾ ਮੈਂਬਰ ਹੋਣਾ) 365 (ਅਗਵਾ) 367 (ਅਗਵਾ ਕਰਕੇ ਸੱਟ ਪਹੁੰਚਾਉਣਾ) 368 (ਅਗਵਾ ਵਿਅਕਤੀ ਨੂੰ ਕੈਦ 'ਚ ਰੱਖਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ, ਹਰਿਆਣਾ 'ਚ ਸੜੀ ਹੋਈ ਗੱਡੀ 'ਚ ਦੋ ਲਾਸ਼ਾਂ ਮਿਲਣ ਤੋਂ ਬਾਅਦ ਹੁਣ ਧਾਰਾਵਾਂ ਬਦਲੀਆਂ ਵੀ ਜਾ ਸਕਦੀਆਂ ਹਨ।
ਇਹ ਧਾਰਾਵਾਂ ਅਗਵਾ ਕਰਨ ਦੇ ਮਾਮਲੇ ਵਿੱਚ ਦਰਜ ਐਫਆਈਆਰ ਦੇ ਆਧਾਰ ’ਤੇ ਲਗਾਈਆਂ ਗਈਆਂ ਸਨ।
ਜਾਂਚ ਦੇ ਨਾਲ-ਨਾਲ ਤੱਥ ਸਾਹਮਣੇ ਆਉਣ 'ਤੇ ਧਾਰਾਵਾਂ 'ਚ ਕਾਨੂੰਨੀ ਵਿਵਸਥਾਵਾਂ ਤਹਿਤ ਬਦਲਾਅ ਕੀਤਾ ਜਾ ਸਕਦਾ ਹੈ।
ਰਾਜਸਥਾਨ ਵਿੱਚ ਦਰਜ ਐਫਆਈਆਰ ਵਿੱਚ ਮ੍ਰਿਤਕਾਂ ਦੇ ਚਚੇਰੇ ਭਰਾ ਇਸਮਾਈਲ ਨੇ ਸਾਰੇ ਮੁਲਜ਼ਮਾਂ ’ਤੇ ਬਜਰੰਗ ਦਲ ਨਾਲ ਸਬੰਧਤ ਹੋਣ ਦਾ ਇਲਜ਼ਾਮ ਲਗਾਇਆ ਹੈ।
ਇਨ੍ਹਾਂ ਇਲਜ਼ਾਮਾਂ 'ਤੇ ਬਜਰੰਗ ਦਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬਜਰੰਗ ਦਲ ਦੇ ਕਿਸੇ ਆਗੂ ਨਾਲ ਗੱਲ ਨਹੀਂ ਹੋ ਸਕੀ ਹੈ।
ਐਫਆਈਆਰ ਵਿੱਚ ਦਰਜ ਮੁਲਜ਼ਮ ਮੋਨੂੰ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਬਜਰੰਗ ਦਲ ਦੀ ਕੋਈ ਟੀਮ ਉਥੇ ਨਹੀਂ ਗਈ।
ਕੌਣ ਹੈ ਮੋਨੂੰ
ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮ ਮੋਨੂੰ ਹਰਿਆਣਾ ਦੇ ਮਾਨੇਸਰ ਦਾ ਰਹਿਣ ਵਾਲਾ ਹੈ। ਉਹ ਸੋਸ਼ਲ ਮੀਡੀਆ 'ਤੇ ਮੋਨੂੰ ਮਾਨੇਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਬਜਰੰਗ ਦਲ ਨਾਲ ਜੁੜਿਆ ਦੱਸਦਾ ਹੈ।
ਇਸ ਘਟਨਾ ਵਿੱਚ ਜਦੋਂ ਮੋਨੂੰ ਦਾ ਨਾਂ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਜਾਰੀ ਵੀਡੀਓ 'ਚ ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਅਤੇ ਮੇਰੀ ਟੀਮ 'ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ।
ਉਨ੍ਹਾਂ ਨੇ ਹਰਿਆਣਾ ਪੁਲਿਸ ਨੂੰ ਟੈਗ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਸੀਸੀਟੀਵੀ ਫੁਟੇਜ ਜਾਰੀ ਕੀਤੀ ਅਤੇ ਲਿਖਿਆ, “ਗੋਪਾਲਗੜ੍ਹ ਥਾਣਾ ਖੇਤਰ ਵਿੱਚ ਜੋ ਘਟਨਾ ਵਾਪਰੀ ਹੈ, ਮੈਂ ਅਤੇ ਮੇਰੇ ਸਾਥੀ 14 ਤੋਂ 15 ਤਾਰੀਖ ਦੀ ਦੁਪਹਿਰ ਤੱਕ ਗੁਰੂਗ੍ਰਾਮ ਦੇ ਇੱਕ ਨਿੱਜੀ ਹੋਟਲ ਵਿੱਚ ਰੁਕੇ ਸਨ । ਸਾਡਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ।”
ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਦੇ ਹੋਏ ਮੁਲਜ਼ਮ ਮੋਨੂੰ ਨੇ ਕਿਹਾ, "ਜੋ ਇਲਜ਼ਾਮ ਸਾਡੇ ਉੱਤੇ ਲਗਾਏ ਜਾ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ। ਬਜਰੰਗ ਦਲ ਦੀ ਕੋਈ ਟੀਮ ਉੱਥੇ ਨਹੀਂ ਸੀ।"
"ਸੋਸ਼ਲ ਮੀਡੀਆ ਤੋਂ ਪਤਾ ਲੱਗਾ ਹੈ। ਉਹ ਘਟਨਾ ਬਹੁਤ ਮੰਦਭਾਗੀ ਹੈ। ਜੋ ਕੋਈ ਵੀ ਇਸ ਘਟਨਾ ਵਿੱਚ ਸ਼ਾਮਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਮਾਮਲੇ 'ਚ ਮੈਂ ਅਤੇ ਮੇਰੀ ਟੀਮ ਨਹੀਂ ਹਾਂ।”
“ਅਸੀਂ ਇਸ ਮਾਮਲੇ ਵਿੱਚ ਪੁਲਿਸ ਨੂੰ ਸਹਿਯੋਗ ਕਰਨ ਲਈ ਤਿਆਰ ਹਾਂ। ਪਰ, ਇਸ ਵਿੱਚ ਜੋ ਵੀ ਨਾਮ ਦਿੱਤੇ ਗਏ ਹਨ, ਉਹ ਬਿਲਕੁਲ ਬੇਬੁਨਿਆਦ ਹਨ।"
ਹਰਿਆਣਾ ਅਤੇ ਰਾਜਸਥਾਨ ਨਾਲ ਜੁੜੀ ਇਸ ਘਟਨਾ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਘਟਨਾ ਨੂੰ ਮੰਦਭਾਗਾ ਦੱਸਿਆ ਹੈ।
ਆਪਣੇ ਟਵੀਟ 'ਚ ਉਨ੍ਹਾਂ ਲਿਖਿਆ, "ਭਰਤਪੁਰ ਦੇ ਘਾਟਮਿਕਾ ਦੇ ਵਸਨੀਕ ਦੋ ਵਿਅਕਤੀਆਂ ਦੀ ਹਰਿਆਣਾ ਵਿੱਚ ਹੱਤਿਆ ਨਿੰਦਣਯੋਗ ਹੈ। ਰਾਜਸਥਾਨ ਅਤੇ ਹਰਿਆਣਾ ਪੁਲਿਸ ਮਿਲ ਕੇ ਕਾਰਵਾਈ ਕਰ ਰਹੀ ਹੈ।”
“ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ਼ ਜਾਰੀ ਹੈ। ਰਾਜਸਥਾਨ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।"