ਭਾਰਤ ’ਚ ਸੱਚੀਆਂ ਘਟਨਾਵਾਂ 'ਤੇ ਬਣ ਰਹੇ ਕ੍ਰਾਈਮ ਸ਼ੋਅ ਕਿਉਂ ਡਰਾਉਂਦੇ ਵੀ ਹਨ ਤੇ ਆਪਣੇ ਵੱਲ ਖਿੱਚਦੇ ਵੀ ਹਨ ?

    • ਲੇਖਕ, ਚੈਰੀਲਨ ਮੋਲਨ
    • ਰੋਲ, ਬੀਬੀਸੀ ਨਿਊਜ਼

'ਜਦੋਂ ਮੈਂ ਰਾਤ ਨੂੰ ਕਿਸੇ ਸੁੰਨਸਾਨ ਗਲ਼ੀ 'ਚੋਂ ਲੰਘਦੀ ਹਾਂ ਤਾਂ ਇੱਕ ਅਜੀਬ ਜਿਹਾ ਡਰ ਲੱਗਦਾ ਹੈ, ਲੱਗਦਾ ਹੈ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ।'

ਇਹ ਕਹਿਣਾ ਹੈ 22 ਸਾਲਾ ਰਾਖੀ ਦਾ, ਜੋ ਕਿ ਮਨੋਵਿਗਿਆਨ ਦੀ ਵਿਦਿਆਰਥਣ ਹਨ ਅਤੇ ਮਹਾਨਗਰ ਮੁੰਬਈ 'ਚ ਰਹਿੰਦੇ ਹਨ।

ਰਾਖੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਕ੍ਰਾਈਮ ਸ਼ੋਅ ਭਾਵ ਅਪਰਾਧਿਕ ਮਾਮਲਿਆਂ 'ਤੇ ਬਣੇ ਪ੍ਰੋਗਰਾਮ ਬਹੁਤ ਪਸੰਦ ਹਨ ਕਿਉਂਕਿ ਉਨ੍ਹਾਂ ਨੂੰ 'ਇਹ ਦੇਖਣ 'ਚ ਮਜ਼ਾ ਆਉਂਦਾ ਹੈ ਕਿ ਕਿਸੇ ਅਪਰਾਧੀ ਦਾ ਦਿਮਾਗ਼ ਕਿਵੇਂ ਕੰਮ ਕਰਦਾ ਹੈ'।

ਪਰ ਨਾਲ ਹੀ ਰਾਖੀ ਇਹ ਵੀ ਕਬੂਲਦੇ ਹਨ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਆਪ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਹੋਣ ਲੱਗਦੀ ਹੈ।

ਉਹ ਉਨ੍ਹਾਂ ਹਜ਼ਾਰਾਂ ਭਾਰਤੀਆਂ ਵਿੱਚੋਂ ਇੱਕ ਹਨ ਜੋ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ ਅਤੇ (ਕਦੇ ਕਦਾਈਂ) ਸਨਸਨੀਖੇਜ਼ ਕ੍ਰਾਈਮ ਸ਼ੋਅ ਅਤੇ ਪੋਡਕਾਸਟ ਨੂੰ ਦੇਖਦੇ-ਸੁਣਦੇ ਹਨ।

ਇਹ ਪ੍ਰੋਗਰਾਮ ਅਪਰਾਧ ਦੀਆਂ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੁੰਦੇ ਹਨ ਅਤੇ ਵੱਖ-ਵੱਖ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਮੌਜੂਦ ਹਨ।

ਸੁਚੱਜੇ ਢੰਗ ਨਾਲ ਤਿਆਰ ਕੀਤੇ ਗਏ ਇਹ ਸ਼ੋਅ ਭਾਰਤੀ ਮੂਲ ਦੇ ਅਪਰਾਧੀਆਂ ਅਤੇ ਉਨ੍ਹਾਂ ਦੇ ਮਾੜੇ ਕੰਮਾਂ 'ਤੇ ਕੇਂਦ੍ਰਤ ਹੁੰਦੇ ਹਨ, ਜੋ ਦੇਸ਼ 'ਚ ਅਪਰਾਧ ਦੇ ਇਤਿਹਾਸ 'ਤੇ ਰੌਸ਼ਨੀ ਪਾਉਂਦੇ ਹਨ।

‘ਦਿ ਇੰਡੀਅਨ ਪ੍ਰੀਡੇਟਰ’ ਵਰਗੀਆਂ ਦਸਤਾਵੇਜ਼ੀ ਫਿਲਮਾਂ ਸੀਰੀਅਲ ਕਿਲਰ ਦੇ ਅਪਰਾਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀਆਂ ਹਨ।

ਹਾਊਸ ਆਫ਼ ਸੀਕਰੇਟਸ: ਦਿ ਬੁਰਾੜੀ ਡੈਥਸ ਰਾਜਧਾਨੀ ਦਿੱਲੀ ਵਿੱਚ ਇੱਕ ਪਰਿਵਾਰ ਦੇ 11 ਮੈਂਬਰਾਂ ਦੀਆਂ ਮੌਤਾਂ ਬਾਰੇ ਹੈ।

ਇਸ ਦਸਤਾਵੇਜ਼ੀ ਫ਼ਿਲਮ ਵਿੱਚ ਇਨ੍ਹਾਂ ਮੌਤਾਂ ਦੇ ਆਲੇ ਦੁਆਲੇ ਦੇ ਵਿਵਾਦਪੂਰਨ ਸਿਧਾਂਤਾਂ ਦੀ ਜਾਂਚ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ, ਐਮੀ ਪੁਰਸਕਾਰ ਜੇਤੂ ਡਰਾਮਾ ਸੀਰੀਜ਼, ਦਿੱਲੀ ਕ੍ਰਾਈਮ ਹੈ ਜੋ ਸਾਲ 2012 ਵਿੱਚ ਦਿੱਲੀ ਵਿੱਚ ਇੱਕ ਕੁੜੀ ਨਾਲ ਹੋਏ ਭਿਆਨਕ ਸਮੂਹਿਕ ਬਲਾਤਕਾਰ 'ਤੇ ਅਧਾਰਤ ਹੈ।

ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਸ਼ੋਅ ਭਾਰਤੀ ਅਪਰਾਧੀਆਂ ਅਤੇ ਅਪਰਾਧਾਂ ਦਾ ਇੱਕ ਅਜਿਹਾ ਕੋਸ਼ ਤਿਆਰ ਕਰ ਰਹੇ ਹਨ ਜੋ ਕਿ ਪਹਿਲਾਂ ਮੌਜੂਦ ਨਹੀਂ ਸੀ।

ਰਾਖੀ, ਜੋ ਜੈਫਰੀ ਡਾਹਮਰ ਜਾਂ ਟੇਡ ਬੰਡੀ ਵਰਗੇ ਅਮਰੀਕੀ ਸੀਰੀਅਲ ਕਿੱਲਰਾਂ ਬਾਰੇ ਪੜ੍ਹਦੇ ਹੋਏ ਵੱਡੇ ਹੋਏ ਹਨ, ਕਹਿੰਦੇ ਹਨ ਕਿ ਉਹ "ਹੁਣ ਚਾਰਲਸ ਸੋਭਰਾਜ ਅਤੇ ਜੌਲੀ ਜੋਸਫ਼ ਬਾਰੇ ਗੱਲ ਕਰਦੇ ਹਨ।"

ਅਸਲ ਅਪਰਾਧ ਦੀ ਜਾਣਕਾਰੀ

ਅਸਲ ਅਪਰਾਧ 'ਤੇ ਗੱਲ ਕਰਨਾ ਭਾਰਤ ਲਈ ਕੋਈ ਨਵੀਂ ਗੱਲ ਨਹੀਂ ਹੈ।

ਸਾਲ 2000 ਦੇ ਦਹਾਕੇ ਦੀਆਂ ਪਲਪੀ ਡਿਟੈਕਟਿਵ ਮੈਗਜ਼ੀਨਾਂ ਵਿੱਚ ਅਕਸਰ ਆਪਣੀਆਂ ਕਹਾਣੀਆਂ ਲਈ ਅਸਲ-ਜੀਵਨ 'ਚ ਹੋਣ ਵਾਲੇ ਅਪਰਾਧਾਂ ਤੋਂ ਪ੍ਰੇਰਨਾ ਲਈ ਜਾਂਦੀ ਸੀ।

ਇਸ ਤਰ੍ਹਾਂ ਕ੍ਰਾਈਮ ਪੈਟਰੋਲ ਅਤੇ ਸੀਆਈਡੀ ਵਰਗੇ ਟੀਵੀ ਸ਼ੋਅ ਵੀ ਅਜਿਹਾ ਕਰਦੇ ਹਨ ਅਤੇ ਕਰਦੇ ਰਹੇ ਹਨ, ਪਰ ਇਨ੍ਹਾਂ ਪ੍ਰੋਗਰਾਮਾਂ 'ਚ ਇਸਤੇਮਾਲ ਕੀਤੇ ਜਾਂਦੇ ਗ੍ਰਾਫਿਕ ਤੇ ਡਾਇਲਾਗ ਇਨ੍ਹਾਂ ਨੂੰ ਕੁਝ ਹੱਦ ਤੱਕ ਮਜ਼ਾਕੀਆ ਵੀ ਬਣਾ ਦਿੰਦੇ ਸਨ।

ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅੱਜ ਦੀਆਂ ਵੈੱਬ ਸੀਰੀਜ਼ ਵਧੇਰੇ ਰੋਮਾਂਚਕ ਅਤੇ ਜਾਣਕਾਰੀ ਭਰਪੂਰ ਹਨ: ਉਹ ਅਪਰਾਧੀ ਦੇ ਪਿਛੋਕੜ, ਮਾਨਸਿਕਤਾ ਦੀ ਪੜਚੋਲ ਕਰਦੇ ਹਨ ਅਤੇ ਕੇਸ ਦੇ ਕਈ ਪਹਿਲੂਆਂ ਨੂੰ ਪੇਸ਼ ਕਰਦੇ ਹਨ।

ਸੀਮਾ ਹਿੰਗੋਰੈਨੀ ਇੱਕ ਥੈਰੇਪਿਸਟ ਹਨ। ਉਹ ਕਹਿੰਦੇ ਹਨ ਕਿ ਅਸਲ ਅਪਰਾਧ 'ਤੇ ਅਧਾਰਿਤ ਸ਼ੋਅ ਦੀ ਲਤ ਲੱਗ ਜਾਂਦੀ ਹੈ ਕਿਉਂਕਿ ਇਨ੍ਹਾਂ ਨੂੰ ਦੇਖਣ ਨਾਲ ਦਿਮਾਗ ਵਿੱਚ ਇੱਕ ਕਿਸਮ ਦੇ ਰਸਾਇਣ ਪੈਦਾ ਹੁੰਦੇ ਹਨ ਜੋ ਚੰਗਾ ਮਹਿਸੂਸ ਕਰਾਉਂਦੇ ਹਨ।

ਉਹ ਅੱਗੇ ਕਹਿੰਦੇ ਹਨ ਕਿ "ਇਹ ਤੁਹਾਨੂੰ, ਬਿਨਾਂ ਆਪਣੇ ਆਪ ਨੂੰ ਕਿਸੇ ਜੋਖਮ ਵਿੱਚ ਪਾਏ, ਬਹੁਤ ਹੀ ਰੋਮਾਂਚਕ ਸਥਿਤੀਆਂ ਦਾ ਅਨੁਭਵ ਕਰਾਉਂਦੇ ਹਨ।''

ਸੱਚੀਆਂ ਘਟਨਾਵਾਂ 'ਤੇ ਬਣ ਰਹੇ ਕ੍ਰਾਈਮ ਸ਼ੋਅ

  • ਇਹ ਸ਼ੋਅ ਅਕਸਰ ਧਿਆਨ ਖਿੱਚਣ ਵਾਲੇ ਦ੍ਰਿਸ਼ਾਂ ਦੀ ਵਰਤੋਂ ਕਰਦੇ ਹਨ।
  • ਦਿ ਬੁਰਾੜੀ ਡੈਥਸ ਰਾਜਧਾਨੀ ਦਿੱਲੀ ਵਿੱਚ ਇੱਕ ਪਰਿਵਾਰ ਦੇ 11 ਮੈਂਬਰਾਂ ਦੀਆਂ ਮੌਤਾਂ ਬਾਰੇ ਹੈ।
  • ਦਿੱਲੀ ਕ੍ਰਾਈਮ ਸਾਲ 2012 ਵਿੱਚ ਇੱਕ ਕੁੜੀ ਨਾਲ ਹੋਏ ਭਿਆਨਕ ਸਮੂਹਿਕ ਬਲਾਤਕਾਰ 'ਤੇ ਅਧਾਰਤ ਹੈ।
  • ਭਾਰਤੀ ਸ਼ੋਅ ਅਪਰਾਧ ਉਪਰ ਮਹੱਤਵਪੂਰਨ ਵਿਚਾਰਾਂ ਲਈ ਇੱਕ ਥਾਂ ਪੈਦਾ ਕਰਦੇ ਹਨ।
  • ਕੁਝ ਅਧਿਐਨਾਂ ਕਹਿੰਦੇ ਹਨ ਕਿ ਔਰਤਾਂ ਅਸਲ ਅਪਰਾਧਾਂ ਉਪਰ ਬਣੇ ਸੀਰੀਅਲ ਜ਼ਿਆਦਾ ਦੇਖਦੀਆਂ ਹਨ

ਧਿਆਨ ਖਿੱਚਣ ਦੀ ਕਲਾ ਤੇ ਵਿਅੰਗ

ਇਹ ਸ਼ੋਅ ਅਕਸਰ ਧਿਆਨ ਖਿੱਚਣ ਵਾਲੇ ਦ੍ਰਿਸ਼ਾਂ ਦੀ ਵਰਤੋਂ ਕਰਦੇ ਹਨ।

'ਦਿ ਬੁਚਰ ਆਫ਼ ਦਿੱਲੀ' ਡਾਕਿਊਸਰੀਜ਼ ਵਿੱਚ, ਕਾਤਲ ਵੱਲੋਂ ਸਰੀਰ ਦੇ ਟੁਕੜੇ ਕਰਨ ਦਾ ਦ੍ਰਿਸ਼ ਵਾਰ-ਵਾਰ ਦਿਖਾਇਆ ਜਾਂਦਾ ਹੈ, ਹਾਲਾਂਕਿ ਇਸ ਨੂੰ ਸਿਧੇ ਤੌਰ 'ਤੇ ਨਹੀਂ ਦਿਖਾਇਆ ਜਾਂਦਾ ਪਰ ਫਿਰ ਵੀ ਫਰੇਮ ਤੋਂ ਬਾਹਰ ਰੱਖ ਕੇ ਪੇਸ਼ ਕੀਤਾ ਜਾਂਦਾ ਹੈ।

ਇਸ ਦੌਰਾਨ ਕੱਟੀਆਂ ਹੋਈਆਂ ਲਾਸ਼ਾਂ, ਬੰਨ੍ਹੇ ਹੋਏ ਪੀੜਤਾਂ ਅਤੇ ਖੂਨ ਦੇ ਛਿੱਟਿਆਂ ਆਦਿ ਦੀਆਂ ਧੁੰਦਲੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਹਨ।

ਇਹ ਸ਼ੋਅ ਚੰਦਰਕਾਂਤ ਝਾਅ, ਇੱਕ ਪ੍ਰਵਾਸੀ ਮਜ਼ਦੂਰ ਦੀ ਕਹਾਣੀ ਦੱਸਦਾ ਹੈ, ਜਿਸ ਨੇ 1990 ਅਤੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕਈ ਲੋਕਾਂ ਨੂੰ ਆਪਣਾ ਸ਼ਿਖ਼ਰ ਬਣਾਇਆ, ਉਨ੍ਹਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦਿੱਤੇ।

ਇਸ ਮਾਮਲੇ 'ਚ ਸਾਰੇ ਪੀੜਿਤ ਗਰੀਬ ਪ੍ਰਵਾਸੀ ਸਨ। ਅਪਰਾਧੀ ਲਾਸ਼ ਦੇ ਟੁਕੜੇ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਅੱਗੇ ਸੁੱਟ ਦਿੰਦਾ ਸੀ ਅਤੇ ਪੁਲਿਸ ਨੂੰ ਤਾਅਨੇ ਮਾਰਨ ਵਾਲੇ ਨੋਟ ਵੀ ਛੱਡ ਦਿੰਦਾ ਸੀ।

ਸੀਰੀਜ਼ ਦੇ ਨਿਰਦੇਸ਼ਕ ਆਇਸ਼ਾ ਸੂਦ ਦਾ ਕਹਿਣਾ ਹੈ ਕਿ ਹਿੰਸਾ ਨੂੰ ਅਜਿਹੇ ਵਿਅੰਗਮਈ ਢੰਗ ਨਾਲ ਦਰਸਾਉਣਾ ਇੱਕ ਸੋਚਿਆ ਸਮਝਿਆ ਫੈਸਲਾ ਸੀ, ਪਰ ਚੁਣੌਤੀ ਇਹ ਸੀ ਕਿ ਹਿੰਸਾ ਨੂੰ ਅਸਲ ਵਿੱਚ ਦਿਖਾਉਣ ਦੀ ਬਜਾਏ ਉਸ ਦੇ ਸੰਕੇਤ ਦਿੱਤੇ ਜਾਣ।

ਸੂਦ ਕਹਿੰਦੇ ਹਨ, “ਅਸਲ ਵਿੱਚ ਇਹ ਅਪਰਾਧ ਬੇਰਹਿਮੀ ਵਾਲੇ ਸਨ ਅਤੇ ਕੇਸ ਨੂੰ ਮੀਡੀਆ, ਪੁਲਿਸ ਅਤੇ ਲੋਕਾਂ ਨੇ ਸਾਲਾਂ ਤੱਕ ਅਣਦੇਖਿਆ ਕੀਤਾ।”

ਉਹ ਕਹਿੰਦੇ ਹਨ, “ਕਈ ਵਾਰ ਅਸੀਂ ਆਪਣੇ ਵਰਗੇ ਲੋਕਾਂ ਬਾਰੇ ਹੀ ਸੁਨਣਾ ਪੰਸਦ ਕਰਦੇ ਹਾਂ। ਇਹ ਖ਼ਬਰਾਂ ਤੋਂ ਝੱਲਕਦਾ ਹੈ। ਪਰ ਇਹ ਸਮਝਣ ਦੀ ਲੋੜ ਹੈ ਕਿ ਕਰੂਰਤਾ ਸਾਰੇ ਵਰਗਾ ਵਿੱਚ ਵਾਪਰਦੀ ਹੈ। ਸਾਨੂੰ ਇਸ ਉਪਰ ਧਿਆਨ ਦੇਣ ਦੀ ਲੋੜ ਹੈ, ਭਾਵੇਂ ਇਹ ਕਿਤੇ ਵੀ ਵਾਪਰੇ।”

ਅਪਰਾਧ ’ਤੇ ਵਿਚਾਰ ਕਰਨ ਲਈ ਥਾਂ

ਸੂਦ ਮੁਤਾਬਕ, ਅਪਰਾਧ ਬਾਰੇ ਬਣੇ ਭਾਰਤੀ ਸ਼ੋਅ ਅਪਰਾਧ ਉਪਰ ਮਹੱਤਵਪੂਰਨ ਵਿਚਾਰਾਂ ਲਈ ਇੱਕ ਥਾਂ ਪੈਦਾ ਕਰਦੇ ਹਨ। ਜਿੱਥੇ ਇਹ ਬਹਿਸ ਹੋਵੇ ਕਿ ਇਹ ਦੇਸ਼ ਵਿੱਚ ਕਿਵੇਂ ਪੈਦਾ ਹੋਇਆ, ਅਪਰਾਧਿਕ ਵਿਵਹਾਰ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਅਤੇ ਹਰੇਕ ਲਈ ਸੁਰੱਖਿਅਤ ਥਾਂ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ।

ਸੁਕੂਨ ਤਿਆਗੀ ‘ਦਿ ਦੇਸੀ ਕ੍ਰਾਈਮ ਪੋਡਕਾਸਟ’ ਦੀ ਬਹੁਤ ਵੱਡੀ ਪ੍ਰਸੰਸਕ ਹੈ। ਇਹ ਪੋਡਕਾਸਟ ਭਾਰਤ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਅਪਰਾਧਾਂ ਨੂੰ ਉਜਾਗਰ ਕਰਦਾ ਹੈ।

ਸੁਕੂਨ ਤਿਆਗੀ ਦਾ ਕਹਿਣਾ ਹੈ ਕਿ ਪੋਡਕਾਸਟ ਨੇ ਉਸਨੂੰ ਆਪਣੀ ਸੁਰੱਖਿਆ ਬਾਰੇ ਵਧੇਰੇ ਚੌਕਸ ਬਣਾਇਆ ਹੈ ਅਤੇ ਉਹ ਇਸ ਗੱਲ 'ਤੇ ਧਿਆਨ ਦਿੰਦੀ ਹੈ ਕਿ ਕਿਵੇਂ ਇੱਕ ਪੀੜਤ ਖ਼ਤਰਨਾਕ ਸਥਿਤੀ ਤੋਂ ਬਚ ਗਈ ਹੈ।

ਤਿਆਗੀ ਕਹਿੰਦੀ ਹੈ ਕਿ ਪੋਡਕਾਸਟ ਅਸਲੀਅਤ ਨੂੰ ਦਰਸਾਉਂਦਾ ਹੈ ਜੋ ਉਹ ਪਹਿਲਾਂ ਤੋਂ ਜਾਣਦੀ ਹੈ।

ਉਹ ਦਿੱਲੀ ਵਿੱਚ ਰਹਿੰਦੀ ਹੈ ਅਤੇ ਦਿੱਲੀ ਉੱਚ ਅਪਰਾਧ ਦਰ ਲਈ ਜਾਣੀ ਜਾਂਦੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, 2021 ਵਿੱਚ ਦਿੱਲੀ ਵਿੱਚ ਹਰ ਰੋਜ਼ ਦੋ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਹੁੰਦਾ ਸੀ

ਉਹ ਕਹਿੰਦੀ ਹੈ, “ਜਿਨ੍ਹਾਂ ਅਪਰਾਧਾਂ ਬਾਰੇ ਗੱਲ ਕੀਤੀ ਜਾਂਦੀ ਹੈ, ਉਹ ਉਹਨਾਂ ਥਾਵਾਂ 'ਤੇ ਕੀਤੇ ਗਏ ਜਿੰਨਾਂ ਨੂੰ ਅਸੀਂ ਜਾਣਦੇ ਹਾ ਜਾਂ ਅਕਸਰ ਜਾਂਦੇ ਹਾ। ਇਸ ਲਈ ਤੁਸੀਂ ਆਪਣੇ ਆਪ ਨੂੰ ਡਰ ਤੋਂ ਦੂਰ ਨਹੀਂ ਕਰ ਸਕਦੇ।"

ਅਪਰਾਧ ਅਧਾਰਿਤ ਸ਼ੋਅ ਤੇ ਔਰਤਾਂ

ਕੁਝ ਅਧਿਐਨ ਕਹਿੰਦੇ ਹਨ ਕਿ ਔਰਤਾਂ ਸਮਾਜ ਵਿੱਚ ਹੋਏ ਅਸਲ ਅਪਰਾਧਾਂ ਉਪਰ ਬਣੇ ਸੀਰੀਅਲ ਜ਼ਿਆਦਾ ਦੇਖਦੀਆਂ ਹਨ ਕਿਉਂਕਿ ਉਹ ਪੀੜਤ ਧਿਰ ਨਾਲ ਸੰਬੰਧ ਰੱਖ ਸਕਦੀਆਂ ਹਨ - ਜੋ ਅਕਸਰ ਔਰਤ ਹੁੰਦੀ ਹੈ।

ਇਹ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਅਪਰਾਧ ਕਿਉਂ ਅਤੇ ਕਿਵੇਂ ਕੀਤਾ ਗਿਆ ਸੀ।

ਉਹ ਆਪਣੇ ਆਪ ਨੂੰ ਬਚਾਉਣ ਲਈ ਕੀ ਕਰ ਸਕਦੀਆਂ ਹਨ ਜੇਕਰ ਉਹ ਪੀੜਤ ਦੇ ਰੂਪ ਵਿੱਚ ਉਸੇ ਸਥਿਤੀ ਦਾ ਸਾਹਮਣਾ ਕਰ ਰਹੀਆਂ ਹੁੰਦੀਆਂ।

ਹਾਲਾਂਕਿ, ਆਲੋਚਕ ਕਹਿੰਦੇ ਹਨ ਕਿ ਅਜਿਹੇ ਸ਼ੋਅ ਅਤੇ ਪੋਡਕਾਸਟ ਕਈ ਵਾਰ ਗਲਤ ਅਤੇ ਮਾੜੀ ਖੋਜ ਨਾਲ ਬਣਾਏ ਹੁੰਦੇ ਹਨ।

ਮੁੰਬਈ ਵਿੱਚ ਅਪਰਾਧ ਬਾਰੇ ਰਿਪੋਰਟਿੰਗ ਕਰਦੇ ਸ਼੍ਰੀਨਾਥ ਰਾਓ ਕਹਿੰਦੇ ਹਨ, “ਇਹ ਸ਼ੋਅ ਨੈਤਿਕ ਮੁੱਦਿਆਂ ਨਾਲ ਵੀ ਭਰੇ ਹੋਏ ਹਨ।"

ਉਨ੍ਹਾਂ ਦਾ ਕਹਿਣਾ ਹੈ, "ਇਸ ਬਾਰੇ ਬਹੁਤ ਘੱਟ ਸੋਚਿਆ ਜਾਂਦਾ ਹੈ ਕਿ ਇਹ ਸ਼ੋਅ ਪੀੜਤ ਜਾਂ ਅਪਰਾਧੀ ਦੇ ਪਰਿਵਾਰ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ"।

ਸਾਲ 2021 ਵਿੱਚ ਰਿਲੀਜ਼ ਹੋਈ ਬੁਰਾੜੀ ਦੀਆਂ ਮੌਤਾਂ 'ਤੇ ਬਣੀ ਦਸਤਾਵੇਜ਼ੀ ਫਿਲਮ ਤੋਂ ਬਾਅਦ, ਇਸ ਦੁਖਦਾਈ ਘਟਨਾ ਬਾਰੇ ਕਈ ਆਨਲਾਈਨ ਮੀਮ ਸਾਹਮਣੇ ਆਏ।

ਡਾਕੂਮੈਂਟਰੀ ਦਾ ਅਸਲ ਸੰਦੇਸ਼ ਜੋ ਦੇਸ਼ ਵਿੱਚ ਮਾਨਸਿਕ ਸਿਹਤ ਦੀ ਮਾੜੀ ਸਥਿਤੀ ਨੂੰ ਉਜਾਗਰ ਕਰਨਾ ਸੀ, ਉਹ ਗੁਆਚ ਗਿਆ ਕਿਉਂਕਿ ਇਹ ਚੁਟਕਲਿਆਂ ਦੀ ਪੰਚ ਲਾਈਨ ਬਣ ਗਿਆ ਸੀ।

ਉਸੇ ਸਾਲ, ਸੀਰੀਅਲ ਕਿਲਰ ਜੈਫਰੀ ਡਾਹਮਰ 'ਤੇ ਇੱਕ ਨੈੱਟਫਲਿਕਸ ਦੀ ਸੀਰੀਜ਼ ਨੇ ਵਿਵਾਦ ਪੈਦਾ ਕਰ ਦਿੱਤਾ।

ਇੱਕ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇਹ ਸ਼ੋਅ "ਝਟਕਾ" ਦੇਣ ਵਾਲਾ ਲੱਗਿਆ।

ਸੀਰੀਅਲ ਕਿਲਰ ਅਤੇ ਬਲਾਤਕਾਰੀ ਟੇਡ ਬੰਡੀ 'ਤੇ 2019 ਦੀ ਬਾਇਓਪਿਕ ਅਤੇ ਅਭਿਨੇਤਾ ਜ਼ੈਕ ਐਫਰੋਨ ਵੱਲੋਂ "ਬੰਡੀ ਦੇ ਕਰਿਸ਼ਮੇ ਨੂੰ ਗਲੈਮਰਾਈਜ਼ ਕਰਨ" ਅਤੇ “ਰੌਕਸਟਾਰ ਵਰਗਾ ਦਿਖਣ" ਲਈ ਆਲੋਚਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਹਿੰਗੋਰਾਨੀ ਦਾ ਕਹਿਣਾ ਹੈ ਕਿ ਅਪਰਾਧ ਵਾਲੇ ਸ਼ੋਅ ਵੀ ਕਿਸੇ ਵਿਅਕਤੀ ਨੂੰ ਚਿੰਤਿਤ ਜਾਂ ਅਸੰਵੇਦਨਸ਼ੀਲ ਬਣਾ ਸਕਦੇ ਹਨ।

ਉਹ ਕਹਿੰਦੀ ਹੈ, "ਅਪਰਾਧੀਆਂ ਵਿੱਚ ਅਕਸਰ ਟਕਰਾਅ ਨੂੰ ਹੱਲ ਕਰਨ ਦੇ ਮਾੜੇ ਹੁਨਰ ਹੁੰਦੇ ਹਨ। ਉਹ ਹਿੰਸਾ ਅਤੇ ਅਪਰਾਧਿਕ ਗਤੀਵਿਧੀ ਦਾ ਸਹਾਰਾ ਲੈਂਦੇ ਹਨ। ਇਹ ਸ਼ੋਅ ਦੇਖਣ ਵਾਲਾ ਵਿਅਕਤੀ ਅਣਜਾਣੇ ਵਿੱਚ ਅਜਿਹੇ ਵਿਵਹਾਰਾਂ ਨੂੰ ਅਪਣਾ ਸਕਦਾ ਹੈ।"

ਸੂਦ ਦਾ ਕਹਿਣਾ ਹੈ ਕਿ ਇਹ ਸ਼ੋਅ ਜਦੋਂ ਚੰਗੇ ਬਣਾਏ ਜਾਂਦੇ ਹਨ ਤਾਂ "ਸਾਨੂੰ ਆਪਣੇ ਅੰਦਰ ਅਤੇ ਸਾਡੇ ਆਲੇ ਦੁਆਲੇ ਜੋ ਹੋ ਰਿਹਾ, ਉਹ ਵੇਖਣ ਲਈ ਧੱਕ ਸਕਦੇ ਹਨ।"

ਉਹ ਕਹਿੰਦੀ ਹੈ, "ਡਰ ਇੱਕ ਸ਼ਕਤੀਸ਼ਾਲੀ ਭਾਵਨਾ ਹੈ। ਇਹ ਤੁਹਾਨੂੰ ਸੁਰੱਖਿਅਤ ਰੱਖ ਸਕਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)