ਪ੍ਰਧਾਨ ਮੰਤਰੀ ਮੋਦੀ ਨੇ ਜਿਲ ਬਾਇਡਨ ਨੂੰ ਜੋ ਹੀਰਾ ਦਿੱਤਾ, ਉਹ ਕਿਵੇਂ ਬਣਾਇਆ ਗਿਆ

    • ਲੇਖਕ, ਜੈ ਸ਼ੁਕਲ
    • ਰੋਲ, ਬੀਬੀਸੀ ਗੁਜਰਾਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ’ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਈ ਤੋਹਫ਼ੇ ਦਿੱਤੇ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਚਰਚਾ ਗ੍ਰੀਨ ਡਾਇਮੰਡ ਦੀ ਹੋ ਰਹੀ ਹੈ।

ਪੀਐੱਮ ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੂੰ 7.5 ਕੈਰੇਟ ਦਾ ਈਕੋ-ਫਰੈਂਡਲੀ ਹੀਰਾ ਤੋਹਫ਼ੇ ਵਿੱਚ ਦਿੱਤਾ ਹੈ।

ਪੀਐੱਮ ਮੋਦੀ ਨੇ ਜੋ ਹੀਰਾ ਦਿੱਤਾ ਹੈ, ਉਹ ਅਨਮੋਲ ਹੈ ਅਤੇ ਇਸ ਨੂੰ ਆਧੁਨਿਕ ਤਕਨੀਕ ਨਾਲ ਲੈਬ ਵਿੱਚ ਬਣਾਇਆ ਗਿਆ ਹੈ।

ਇਸ ਦੇ ਨਿਰਮਾਣ ਵਿੱਚ ਰੀਨਿਊਏਬਲ ਐਨਰਜੀ ਦਾ ਉਪਯੋਗ ਕੀਤਾ ਗਿਆ ਹੈ।

ਬੇਸ਼ੱਕ ਇਹ ਇੱਕ ਲੈਬ ਵਿੱਚ ਬਣਿਆ ਹੀਰਾ ਹੈ, ਪਰ ਇਸ ਵਿੱਚ ਰਸਾਇਣਿਕ ਅਤੇ ਆਪਟੀਕਲ ਗੁਣ ਧਰਤੀ ਤੋਂ ਕੱਢੇ ਗਏ ਹੀਰੇ ਦੇ ਬਰਾਬਰ ਹੀ ਹਨ।

ਲੈਬ ਵਿੱਚ ਬਣਿਆ ਹੀਰਾ ਕੀ ਹੈ, ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ, ਇਸ ਵਿੱਚ ਕੀ ਖ਼ਾਸ ਹੈ ਅਤੇ ਇਹ ਆਮ ਹੀਰਿਆਂ ਤੋਂ ਕਿਵੇਂ ਅਲੱਗ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਲਈ ਬੀਬੀਸੀ ਨੇ ਹੀਰਾ ਉਦਯੋਗ ਨਾਲ ਜੁੜੇ ਲੋਕਾਂ ਨਾਲ ਗੱਲ ਕੀਤੀ ਹੈ।

ਗ੍ਰੀਨ ਡਾਇਮੰਡ ਨੂੰ ਕਿਸ ਨੇ ਬਣਾਇਆ?

ਪੀਐੱਮ ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੂੰ ਜੋ ਹੀਰਾ ਤੋਹਫ਼ੇ ਵਿੱਚ ਦਿੱਤਾ, ਉਹ ਗੁਜਰਾਤ ਦੇ ਸੂਰਤ ਵਿੱਚ ਬਣਿਆ ਹੈ।

ਸੂਰਤ ਨੂੰ ਭਾਰਤ ਵਿੱਚ ਹੀਰਾ ਉਦਯੋਗ ਦਾ ਕੇਂਦਰ ਕਿਹਾ ਜਾਂਦਾ ਹੈ ਅਤੇ ਦੁਨੀਆ ਦੇ 11 ਹੀਰਿਆਂ ਵਿੱਚੋਂ 9 ਸੂਰਤ ਵਿੱਚ ਕੱਟ-ਪਾਲਿਸ਼ ਕੀਤੇ ਜਾਂਦੇ ਹਨ।

ਗ੍ਰੀਨ ਡਾਇਮੰਡ ਨੂੰ ਸੂਰਤ ਦੀ ‘ਗ੍ਰੀਨਲੈਬ’ ਨਾਂ ਦੀ ਕੰਪਨੀ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਦੇ ਮਾਲਕ ਮੁਕੇਸ਼ ਪਟੇਲ ਹਨ।

ਗ੍ਰੀਨਲੈਬ ਦੀ ਸਥਾਪਨਾ 1960 ਵਿੱਚ ਹੋਈ ਸੀ। ਵਰਤਮਾਨ ਵਿੱਚ ਇਹ ਕੰਪਨੀ ਲੈਬ ਵਿੱਚ ਤਿਆਰ ਕੀਤੇ ਗਏ ਹੀਰਿਆਂ ਦੇ ਮੋਹਰੀ ਉਤਪਾਦਕਾਂ ਵਿੱਚੋਂ ਇੱਕ ਹੈ।

ਕੰਪਨੀ ਨੇ ਆਪਣੀ ਮੈਨੂਫੈਕਚਰਿੰਗ ਯੂਨਿਟ ਵਿੱਚ 25 ਮੈਗਾਵਾਟ ਦਾ ਸੋਲਰ ਪਲਾਂਟ ਵੀ ਲਗਾਇਆ ਹੈ। ਇਹ ਸੋਲਰ ਪਲਾਂਟ 90 ਏਕੜ ਜ਼ਮੀਨ ’ਤੇ ਫੈਲਿਆ ਹੋਇਆ ਹੈ।

ਗ੍ਰੀਨਲੈਬ ਵਿੱਚ ਦੋ ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ। ਇੱਥੇ ਹਰ ਮਹੀਨੇ 1 ਲੱਖ 25 ਹਜ਼ਾਰ ਕੈਰੇਟ ਦੇ ਹੀਰੇ ਤਿਆਰ ਕੀਤੇ ਜਾਂਦੇ ਹਨ।

ਮੁਕੇਸ਼ ਪਟੇਲ ਦੇ ਬੇਟੇ ਸਮਿਤ ਪਟੇਲ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਬਾਇਡਨ ਨੂੰ ਇਹ ਹੀਰਾ ਭਾਰਤ ਦੇ ਸਾਰੇ ਹੀਰਾ ਉਦਯੋਗ ਵੱਲੋਂ ਉਪਹਾਰ ਸਵਰੂਪ ਦਿੱਤਾ ਗਿਆ ਹੈ।

ਸਮਿਤ ਪਟੇਲ ਕਹਿੰਦੇ ਹਨ, ‘‘ਇਹ ਹੀਰਾ ਅਨਮੋਲ ਹੈ ਅਤੇ ਸੂਰਤ ਵਿੱਚ ਉੱਭਰਦੇ ਲੈਬ ਵਿੱਚ ਬਣੇ ਹੀਰਾ ਉਦਯੋਗ ਦਾ ਪ੍ਰਤੀਕ ਹੈ।’’

ਗ੍ਰੀਨਲੈਬ ਦਾ ਟਰਨਓਵਰ ਇੱਕ ਹਜ਼ਾਰ ਕਰੋੜ ਰੁਪਏ ਹੈ।

ਹੀਰੇ ਦੀ ਕੱਟ-ਪਾਲਿਸ਼ਿੰਗ ਦੇ ਇਲਾਵਾ, ਇੱਥੇ ਲੈਬ ਵਿੱਚ ਵਿਕਸਤ ਹੀਰੇ ਦੇ ਨਾਲ-ਨਾਲ ਗਹਿਣੇ ਵੀ ਬਣਾਏ ਜਾਂਦੇ ਹਨ।

ਲੈਬ ਵਿੱਚ ਬਣਿਆ ਗ੍ਰੀਨ ਡਾਇਮੰਡ ਕੀ ਹੈ?

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਪੀਐੱਮ ਮੋਦੀ ਨੇ ਜਿਲ ਬਾਇਡਨ ਨੂੰ ਜੋ ਹੀਰਾ ਉਪਹਾਰ ਵਿੱਚ ਦਿੱਤਾ ਹੈ, ਉਹ ਅਜਿਹੀ ਤਕਨੀਕ ਨਾਲ ਬਣਿਆ ਹੈ ਜੋ ਪ੍ਰਤੀ ਕੈਰੇਟ ਸਿਰਫ਼ 0.028 ਗ੍ਰਾਮ ਕਾਰਬਨ ਨਿਕਾਸੀ ਕਰਦਾ ਹੈ।

ਇਸ ਹੀਰੇ ਨੂੰ ਵਾਤਾਵਰਨ ਦੇ ਅਨੁਕੂਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਨਿਰਮਾਣ ਵਿੱਚ ਸੌਰ ਊਰਜਾ ਅਤੇ ਪਵਨ ਊਰਜਾ ਵਰਗੇ ਸਰੋਤਾਂ ਦਾ ਉਪਯੋਗ ਕੀਤਾ ਗਿਆ ਹੈ।

ਇਸ ਹੀਰੇ ਨੂੰ ਜੈਮੋਲੌਜਿਕਲ ਲੈਬ, ਆਈਜੀਆਈ (ਇੰਟਰਨੈਸ਼ਨਲ ਜੈਮੋਲੌਜਿਕਲ ਇੰਸਟੀਚਿਊਟ) ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।

ਇਹ ਕੱਟ, ਰੰਗ, ਕੈਰੇਟ ਅਤੇ ਸਪੱਸ਼ਟਤਾ ਦੇ ਸਾਰੇ ਮਾਪਦੰਡਾਂ ’ਤੇ ਖਰਾ ਉਤਰਦਾ ਹੈ।

ਇਸ ਦਾ ਉਤਪਾਦਨ ਲੈਬ ਵਿੱਚ ਉੱਚ ਤਾਪਮਾਨ ਅਤੇ ਉੱਚ ਦਬਾਅ ਵਿੱਚ ਕੀਤਾ ਜਾਂਦਾ ਹੈ।

ਇਹ ਭੌਤਿਕ-ਰਸਾਇਣਿਕ ਗੁਣਾਂ ਤੋਂ ਲੈ ਕੇ ਬਣਾਵਟ ਵਿੱਚ ਬਿਲਕੁਲ ਕੁਦਰਤੀ ਹੀਰੇ ਵਰਗਾ ਦਿਖਦਾ ਹੈ।

ਜੇਕਰ ਕੋਈ ਪਹਿਲੀ ਬਾਰ ਇਸ ਨੂੰ ਦੇਖਦਾ ਹੈ ਤਾਂ ਲੈਬ ਵਿੱਚ ਬਣੇ ਹੀਰੇ ਅਤੇ ਕੁਦਰਤੀ ਹੀਰੇ ਵਿੱਚ ਮੁਸ਼ਕਿਲ ਨਾਲ ਫਰਕ ਕਰ ਸਕੇਗਾ।

ਹੀਰਾ ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਦਿੱਤੇ ਗਏ ਉਪਹਾਰ ਦੀ ਕੀਮਤ ਬਾਰੇ ਕੁਝ ਪਤਾ ਨਹੀਂ ਹੈ, ਪਰ ਇਸ ਹੀਰੇ ਦੀ ਕੀਮਤ ਲਗਭਗ 17 ਹਜ਼ਾਰ ਡਾਲਰ ਯਾਨੀ ਲਗਭਗ 15 ਲੱਖ ਰੁਪਏ ਹੈ।

ਜੇਕਰ 7.5 ਕੈਰੇਟ ਦਾ ਕੁਦਰਤੀ ਹੀਰਾ ਖਰੀਦਣਾ ਹੋਵੇ ਤਾਂ ਇਸ ਦੀ ਕੀਮਤ ਲਗਭਗ 5 ਕਰੋੜ ਰੁਪਏ ਹੋਵੇਗੀ।

ਲੈਬ ਵਿੱਚ 7.5 ਕੈਰੇਟ ਦੇ ਹੀਰੇ ਨੂੰ ਬਣਾਉਣ ਵਿੱਚ 40 ਦਿਨ ਲੱਗਦੇ ਹਨ।

ਸੂਰਤ ਦੇ ਹੀਰਾ ਉਦਯੋਗ ਵਪਾਰੀਆਂ ਦੀ ਮੰਨੀਏ ਤਾਂ ਲੈਬ ਵਿੱਚ ਬਣੇ ਹੀਰਿਆਂ ਦੀ ਅੱਜਕੱਲ੍ਹ ਬਾਜ਼ਾਰ ਵਿੱਚ ਖੂਬ ਮੰਗ ਹੈ ਅਤੇ ਉਦਯੋਗ ਵੀ ਤੇਜ਼ੀ ਨਾਲ ਵਧ ਰਿਹਾ ਹੈ।

ਪਹਿਲਾਂ, ਅਮਰੀਕੀ ਹੀਰੇ, ਕਿਊਬਿਕ ਜ਼ਿਰਕੋਨੀਆ, ਮੋਜ਼ੋਨਾਈਟ ਅਤੇ ਸਫੈਦ ਪੁਖਰਾਜ ਸਭ ਤੋਂ ਹਰਮਨਪਿਆਰੇ ਬਣਾਉਟੀ ਹੀਰੇ ਸਨ।

ਪਰ ਉਨ੍ਹਾਂ ਦੀ ਚਮਕ ਅਤੇ ਪਛਾਣ ਕੁਦਰਤੀ ਹੀਰਿਆਂ ਤੋਂ ਅਲੱਗ ਹੁੰਦੀ ਸੀ। ਲੈਬ ਵਿੱਚ ਬਣੇ ਹੀਰਿਆਂ ਨਾਲ ਅਜਿਹਾ ਨਹੀਂ ਹੁੰਦਾ ਹੈ।

ਜਿਲ ਬਾਇਡਨ ਨੂੰ ਦਿੱਤੇ ਹੀਰੇ ਬਾਸੇ ਖਾਸ ਗੱਲਾਂ:

  • ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਦੌਰੇ ’ਤੇ ਹਨ, ਉਹਨਾਂ ਰਾਸ਼ਟਰਪਤੀ ਬਾਇਡਨ ਨਾਲ ਮੁਲਾਕਾਤ ਕੀਤੀ ਹੈ
  • ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੂੰ 7.5 ਕੈਰੇਟ ਦਾ ਈਕੋ-ਫਰੈਂਡਲੀ ਹੀਰਾ ਤੋਹਫ਼ੇ ’ਚ ਦਿੱਤਾ ਹੈ
  • ਲੈਬ ਵਿੱਚ ਬਣੇ ਹੀਰੇ ’ਚ ਰਸਾਇਣਿਕ ਅਤੇ ਆਪਟੀਕਲ ਗੁਣ ਧਰਤੀ ਤੋਂ ਕੱਢੇ ਗਏ ਹੀਰੇ ਦੇ ਬਰਾਬਰ ਹੀ ਹਨ
  • ਮੋਦੀ ਨੇ ਜਿਲ ਬਾਇਡਨ ਨੂੰ ਜੋ ਹੀਰਾ ਤੋਹਫ਼ੇ ਵਿੱਚ ਦਿੱਤਾ, ਉਹ ਗੁਜਰਾਤ ਦੇ ਸੂਰਤ ਵਿੱਚ ਬਣਿਆ ਹੈ

ਲੈਬ ਵਿੱਚ ਹੀਰੇ ਬਣਾਉਣ ਦੇ ਕਈ ਤਰੀਕੇ ਹਨ, ਪਰ ਉਨ੍ਹਾਂ ਨੂੰ ਉੱਚ ਦਬਾਅ ਅਤੇ ਉੱਚ ਤਾਪਮਾਨ ’ਤੇ ਬਣਾਉਣਾ ਇੱਕ ਆਮ ਤਰੀਕਾ ਹੈ। ਇਸ ਨੂੰ ਐੱਚਪੀਐੱਚਟੀ (ਹਾਈ ਪ੍ਰੈੱਸ਼ਰ, ਹਾਈ ਟੈਂਪਰੇਚਰ) ਵਿਧੀ ਕਿਹਾ ਜਾਂਦਾ ਹੈ।

ਇਸ ਪ੍ਰਕਿਰਿਆ ਵਿੱਚ ਦਬਾਅ ਸੱਤ ਲੱਖ ਤੀਹ ਹਜ਼ਾਰ ਵਰਗ ਇੰਚ ਅਤੇ ਤਾਪਮਾਨ ਲਗਭਗ 1500 ਡਿਗਰੀ ਸੈਲਸੀਅਸ ਰੱਖਿਆ ਜਾਂਦਾ ਹੈ।

ਆਮਤੌਰ ’ਤੇ ਗ੍ਰੇਫਾਈਟ ਦਾ ਉਪਯੋਗ ਹੀਰੇ ਦੇ ਬੀਜ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਨੂੰ 1500 ਡਿਗਰੀ ਸੈਲਸੀਅਸ ਦੇ ਤਾਪਮਾਨ ’ਤੇ ਪਹੁੰਚਦੇ ਹੀ ਵਿਸ਼ੇਸ਼ ਵਿਧੀ ਜ਼ਰੀਏ ਹੀਰੇ ਵਿੱਚ ਬਦਲ ਦਿੱਤਾ ਜਾਂਦਾ ਹੈ।

ਬਣਾਉਟੀ ਹੀਰੇ ਬਣਾਉਣ ਦੇ ਇੱਕ ਹੋਰ ਤਰੀਕੇ ਨੂੰ ਕੈਮੀਕਲ ਵੈਪਰ ਡਿਪੋਜ਼ਿਸ਼ਨ ਜਾਂ ਸੀਵੀਡੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।

ਇਸ ਵਿੱਚ ਮੀਥੇਨ ਅਤੇ ਹਾਈਡਰੋਜਨ ਨੂੰ 800 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ ਦਬਾਅ ’ਤੇ ਚੈਂਬਰ ਵਿੱਚ ਪਾਇਆ ਜਾਂਦਾ ਹੈ।

ਫਿਰ ਚੈਂਬਰ ਵਿੱਚ ਮਾਈਕਰੋਵੇਵ, ਲੇਜ਼ਰ ਜਾਂ ਇਲੈੱਕਟ੍ਰਾਨ ਬੀਮ ਆਦਿ ਰਾਹੀਂ ਰਸਾਇਣਿਕ ਕਿਰਿਆ ਕਰਾਈ ਜਾਂਦੀ ਹੈ।

ਇੱਥੇ ਹਾਈਡਰੋਜਨ ਗੈਸ ਅਤੇ ਮੀਥੇਨ ਵਿੱਚ ਮੌਜੂਦ ਕਾਰਬਨ ਹੀਰੇ ਵਿੱਚ ਬਦਲ ਜਾਂਦੀ ਹੈ।

ਲੈਬ ਵਿੱਚ ਬਣੇ ਹੀਰੇ ਦਾ ਭਵਿੱਖ ਕੀ ਹੈ?

ਜਾਣਕਾਰਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਕੁਦਰਤੀ ਹੀਰਾ ਉਦਯੋਗ ਨੂੰ ਇਹ ਲੈਬ ਨਿਰਮਤ ਹੀਰਾ ਉਦਯੋਗ ਪਿੱਛੇ ਛੱਡ ਸਕਦਾ ਹੈ।

ਸੂਰਤ ਡਾਇਮੰਡ ਐਸੋਸੀਏਸ਼ਨ ਦੇ ਸਕੱਤਰ ਦਾਮਜੀਭਾਈ ਮਾਵਾਣੀ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ, ‘‘ਜੇਕਰ ਭਾਰਤ ਵਿੱਚ ਲੈਬ ਹੀਰਾ ਉਦਯੋਗ ਫਲਦਾ-ਫੁੱਲਦਾ ਹੈ ਤਾਂ ਸੂਰਤ ਦੇ ਹੀਰਾ ਉਦਯੋਗ ਨੂੰ ਫਾਇਦਾ ਹੋਣਾ ਤੈਅ ਹੈ। ਕਿਉਂਕਿ ਲੈਬ ਵਿੱਚ ਬਣੇ ਹੀਰੇ ਕੁਦਰਤੀ ਹੀਰਿਆਂ ਦੀ ਤੁਲਨਾ ਵਿੱਚ ਇੱਕ ਤਿਹਾਈ ਕੀਮਤ ’ਤੇ ਉਪਲੱਬਧ ਹੁੰਦੇ ਹਨ।’’

‘‘ਇਸ ਲਈ ਜੋ ਵਰਗ ਕੁਦਰਤੀ ਹੀਰੇ ਨਹੀਂ ਖਰੀਦ ਸਕਦਾ, ਉਹ ਲੈਬ ਵਾਲੇ ਹੀਰੇ ਖਰੀਦੇਗਾ ਅਤੇ ਕੁੱਲ ਮਿਲਾ ਕੇ ਭਾਰਤ ਦੇ ਹੀਰਾ ਉਦਯੋਗ ਨੂੰ ਫਾਇਦਾ ਹੋਵੇਗਾ।’’

ਕੀ ਲੈਬ ਵਿੱਚ ਵਿਕਸਤ ਹੀਰੇ ਕੁਦਰਤੀ ਹੀਰੇ ਤੋਂ ਸਸਤੇ ਹੁੰਦੇ ਹਨ? ਜਵਾਬ ਹੈ ਹਾਂ, ਬਣਾਉਟੀ ਹੀਰੇ ਕੁਦਰਤੀ ਹੀਰੇ ਦੀ ਤੁਲਨਾ ਵਿੱਚ 30 ਪ੍ਰਤੀਸ਼ਤ ਤੱਕ ਸਸਤੇ ਹੁੰਦੇ ਹਨ, ਪਰ ਉਨ੍ਹਾਂ ਦੀ ਕੋਈ ਰੀਸੇਲ ਕੀਮਤ ਨਹੀਂ ਹੁੰਦੀ।

ਹਾਲਾਂਕਿ, ਸੂਤਰਾਂ ਦੇ ਮੁਤਾਬਿਕ ਬਜਟ ਵਿੱਚ ਹੋਏ ਐਲਾਨ ਦੇ ਬਾਅਦ ਜੇਕਰ ਲੈਬ ਵਿੱਚ ਤਿਆਰ ਹੀਰੇ ਦਾ ਉਤਪਾਦਨ ਭਾਰਤ ਵਿੱਚ ਹੋਣ ਲੱਗੇਗਾ ਤਾਂ ਇਨ੍ਹਾਂ ਦੀ ਕੀਮਤ ਵਿੱਚ ਹੋਰ ਵੀ ਕਮੀ ਆ ਸਕਦੀ ਹੈ।

ਹਾਲਾਂਕਿ, ਕੁਝ ਲੋਕ ਇਸ ਨਾਲ ਸਹਿਮਤ ਨਹੀਂ ਹਨ।

ਕੁਝ ਹੀਰਾ ਵਪਾਰੀਆਂ ਦਾ ਮੰਨਣਾ ਹੈ ਕਿ ਕੇਵਲ ਲੈਬ ਵਾਲੇ ਹੀਰੇ ਨੂੰ ਪ੍ਰੋਤਸਾਹਨ ਦੇਣ ਨਾਲ ਕੁਦਰਤੀ ਹੀਰਾ ਉਦਯੋਗ ਨੂੰ ਨੁਕਸਾਨ ਹੋ ਸਕਦਾ ਹੈ।

ਹੀਰਾ ਉਦਯੋਗ ਦੇ ਨਿਰਯਾਤਕ ਕੀਰਤੀ ਸ਼ਾਹ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਲੈਬ ਦੇ ਹੀਰੇ ਦੀ ਕੋਈ ਰੀਸੇਲ ਕੀਮਤ ਨਹੀਂ ਹੁੰਦੀ। ਇਸ ਲਈ ਬੇਸ਼ੱਕ ਉਹ ਸਸਤੇ ਹੋਣ, ਫਿਰ ਵੀ ਉਨ੍ਹਾਂ ਦੀ ਤੁਲਨਾ ਕੁਦਰਤੀ ਹੀਰਿਆਂ ਨਾਲ ਨਹੀਂ ਕੀਤੀ ਜਾ ਸਕਦੀ।

ਸੂਰਤ ਦੇ ਹੀਰਾ ਉਦਯੋਗ ਦਾ ਕੀ ਕਹਿਣਾ ਹੈ?

ਬੀਬੀਸੀ ਨਾਲ ਗੱਲ ਕਰਦੇ ਹੋਏ ਸੂਰਤ ਸਥਿਤ ਹੀਰਾ ਨਿਰਮਾਣ ਅਤੇ ਨਿਰਯਾਤ ਕੰਪਨੀ ਹਰੀਕ੍ਰਿਸ਼ਨ ਐਕਸਪੋਰਟਸ ਦੇ ਸੰਸਥਾਪਕ ਅਤੇ ਚੇਅਰਮੈਨ ਸਵਜੀਭਾਈ ਧੋਲਕੀਆ ਕਹਿੰਦੇ ਹਨ ਕਿ ਪੀਐੱਮ ਮੋਦੀ ਨੇ ਜਿਲ ਬਾਇਡਨ ਨੂੰ ਗ੍ਰੀਨ ਡਾਇਮੰਗ ਦੇ ਕੇ ਸੂਰਤ ਦੇ ਹੀਰਾ ਉਦਯੋਗ ਦਾ ਮਾਣ ਵਧਾਇਆ ਹੈ।

ਸਵਜੀਭਾਈ ਧੋਲਕੀਆ ਕਹਿੰਦੇ ਹਨ, ‘‘ਲੈਬ ਵਿੱਚ ਵਿਕਸਤ ਹੀਰੇ ਹੀ ਹੀਰਾ ਉਦਯੋਗ ਦਾ ਭਵਿੱਖ ਹਨ। ਪਹਿਲਾਂ ਕੱਚੇ ਹੀਰੇ ਦੀ ਸਮੱਗਰੀ ਨੂੰ ਆਯਾਤ ਕਰਨਾ ਪੈਂਦਾ ਸੀ, ਪਰ ਲੈਬ ਵਿੱਚ ਵਿਕਸਤ ਹੀਰੇ ਹੁਣ ਭਾਰਤ ਵਿੱਚ ਉਤਪਾਦਿਤ ਕੀਤੇ ਜਾਣਗੇ ਅਤੇ ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਲਾਭ ਹੋਵੇਗਾ।’’

ਸਵਜੀਭਾਈ ਧੋਲਕੀਆ ਕਹਿੰਦੇ ਹਨ, ‘‘ਸੂਰਤ ਦੇ ਕਈ ਉਦਯੋਗਪਤੀ ਹੁਣ ਲੈਬ ਵਿੱਚ ਤਿਆਰ ਹੀਰਿਆਂ ਵੱਲ ਰੁਖ਼ ਕਰ ਰਹੇ ਹਨ ਅਤੇ ਮੰਗ ਵੀ ਵਧ ਰਹੀ ਹੈ।’’

ਸੂਰਤ ਡਾਇਮੰਡ ਐਸੋਸੀਏਸ਼ਨ ਦੇ ਸਕੱਤਰ ਦਾਮਜੀਭਾਈ ਮਾਵਾਣੀ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, ‘‘ਜੇਕਰ ਸੂਰਤ ਦਾ ਹੀਰਾ ਉਦਯੋਗ ਆਪਣੀ ਪ੍ਰੋਸੈਸਿੰਗ ਯੂਨਿਟ ਵਿੱਚ ਸੌਰ ਊਰਜਾ ਦਾ ਉਪਯੋਗ ਕਰਦਾ ਹੈ ਤਾਂ ਸੂਰਤ ਦੇ ਹੀਰੇ ਚੰਗੀ ਖੁਸ਼ਬੂ ਦੇਣਗੇ।’’

‘‘ਸੂਰਤ ਦਾ ਹੀਰਾ ਉਦਯੋਗ ਇਸ ਪ੍ਰਕਾਰ ਦੇ ਗ੍ਰੀਨ ਡਾਇਮੰਡ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਸਮਰੱਥ ਹੈ।’’

ਇੰਡੀਅਨ ਡਾਇਮੰਡ ਇੰਸਟੀਚਿਊਟ ਦੇ ਕਾਰਜਕਾਰੀ ਮੈਂਬਰ ਦਿਨੇਸ਼ਭਾਈ ਨਵਾਡੀਆ ਨੇ ਬੀਬੀਸੀ ਨੂੰ ਦੱਸਿਆ, ‘‘ਸੂਰਤ ਵਿੱਚ ਕੁਝ ਲੋਕਾਂ ਨੇ ਸੀਵੀਡੀ ਤਕਨੀਕ ਨਾਲ ਲੈਬ ਵਿੱਚ ਵਿਕਸਤ ਹੀਰੇ ਦਾ ਉਤਪਾਦਨ ਕਰਨ ਲਈ ਸੌਰ ਅਤੇ ਪਵਨ ਊਰਜਾ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।’’

‘‘ਜਿਸ ਨਾਲ ਵਾਤਾਵਰਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਨਾਲ ਉਤਪਾਦਿਤ ਹੀਰੇ ਵਾਤਾਵਰਨ ਦੇ ਅਨੁਕੂਲ ਹੁੰਦੇ ਹਨ।’’

ਉਨ੍ਹਾਂ ਨੇ ਅੱਗੇ ਪੀਐੱਮ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ, ‘‘ਆਜ਼ਾਦੀ ਦਾ ਅੰਮ੍ਰਿਤਕਾਲ ਚੱਲ ਰਿਹਾ ਹੈ, ਯਾਨੀ ਆਜ਼ਾਦੀ ਦੇ 75 ਸਾਲ ਦੇ ਪ੍ਰਤੀਕ ਦੇ ਰੂਪ ਵਿੱਚ ਪੀਐੱਮ ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਨੂੰ ਸੂਰਤ ਵਿੱਚ ਬਣਿਆ 7.5 ਕੈਰੇਟ ਦਾ ਈਕੋ-ਫਰੈਂਡਲੀ ਹੀਰਾ ਦੇ ਕੇ ‘ਮੇਕ ਇਨ ਇੰਡੀਆ’ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ।’’

ਹੀਰਾ ਉਦਯੋਗ ਦੇ ਅੰਦਰੂਨੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੀਮਤੀ ਬਾਇਡਨ ਨੂੰ ਸੂਰਤ ਦਾ ਹੀਰਾ ਉਪਹਾਰ ਵਿੱਚ ਦੇ ਕੇ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਲੈਬ ਵਿੱਚ ਤਿਆਰ ਹੀਰਿਆਂ ਨੂੰ ਅਮਰੀਕਾ ਵਿੱਚ ਹੋਰ ਜ਼ਿਆਦਾ ਹਰਮਨਪਿਆਰਾ ਬਣਾ ਦਿੱਤਾ ਹੈ।

ਸ਼੍ਰੀ ਰਾਮਕ੍ਰਿਸ਼ਨ ਐਕਸਪੋਰਟਸ ਦੇ ਨਿਰਦੇਸ਼ਕ ਜਯੰਤੀਭਾਈ ਨਰੋਲਾ ਨੇ ਬੀਬੀਸੀ ਨੂੰ ਦੱਸਿਆ, ‘‘ਕੁਦਰਤੀ ਹੀਰੇ ਨੂੰ ਨਾਨ ਬਲੱਡ ਹੀਰੇ ਦੇ ਰੂਪ ਵਿੱਚ ਪ੍ਰਮਾਣਿਤ ਕਰਾਉਣਾ ਪੈਂਦਾ ਹੈ ਜਦੋਂ ਕਿ ਲੈਬ ਵਿੱਚ ਵਿਕਸਤ ਹੀਰੇ ਨੂੰ ਨਹੀਂ।’’

‘‘ਨਾਲ ਹੀ ਇਸ ਦਾ ਉਤਪਾਦਨ ਅਸੀਮਤ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਜੇਕਰ ਇਸ ਦੀ ਮੰਗ ਵਧਦੀ ਹੈ ਤਾਂ ਇਸ ਦੀ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ।’’

ਭਾਰਤ ਵਿੱਚ ਲੈਬ ਵਿੱਚ ਤਿਆਰ ਹੀਰਿਆਂ ਦੀ ਮੰਗ ਕਿੰਨੀ ਹੈ?

ਇੰਡੀਅਨ ਡਾਇਮੰਡ ਇੰਸਟੀਚਿਊਟ ਦੇ ਕਾਰਜਕਾਰੀ ਮੈਂਬਰ ਦਿਨੇਸ਼ਭਾਈ ਨਵਾਡੀਆ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ‘‘ਭਾਰਤ ਵਿੱਚ ਲੈਬ ਵਿੱਚ ਵਿਕਸਤ ਹੀਰਿਆਂ ਨੂੰ ਪ੍ਰੋਤਸਾਹਨ ਦੇਣ ਨਾਲ ਸੂਰਤ ਦੇ ਹੀਰਾ ਉਦਯੋਗ ਦਾ ਮੁੱਲ ਵਧੇਗਾ।’’

ਦਿਨੇਸ਼ਭਾਈ ਅੱਗੇ ਕਹਿੰਦੇ ਹਨ, ‘‘ਪਹਿਲਾਂ ਅਸੀਂ ਹੀਰੇ ਦੀ ਕੱਟ-ਪਾਲਿਸ਼ ਅਤੇ ਉਸ ਦੇ ਗਹਿਣੇ ਵੀ ਬਣਾਉਂਦੇ ਸੀ, ਹੁਣ ਅਸੀਂ ਲੈਬ ਹੀਰੇ, ਕੱਟ-ਪਾਲਿਸ਼ ਅਤੇ ਗਹਿਣੇ ਵੀ ਬਣਾਵਾਂਗੇ।’’

‘‘ਅਸੀਂ ਸਾਲਾਨਾ 24 ਅਰਬ ਡਾਲਰ ਦੇ ਕੁਦਰਤੀ ਹੀਰੇ ਨਿਰਯਾਤ ਕਰਦੇ ਹਾਂ, ਜਦੋਂ ਕਿ ਲੈਬ ਵਿੱਚ ਬਣੇ ਹੀਰਿਆਂ ਦਾ ਨਿਰਯਾਤ ਸਿਰਫ਼ 1.25 ਅਰਬ ਡਾਲਰ ਹੈ। ਜੇਕਰ ਭਾਰਤ ਵਿੱਚ ਇਸੀ ਤਰ੍ਹਾਂ ਲੈਬ ਵਿੱਚ ਹੀਰੇ ਦਾ ਉਤਪਾਦਨ ਕੀਤਾ ਜਾਵੇ ਤਾਂ ਇਸ ਦਾ ਨਿਰਯਾਤ ਚਾਰ ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।’’

ਦਿਨੇਸ਼ਭਾਈ ਨੇ ਇਸ ਸਾਲ ਦੇ ਬਜਟ ਵਿੱਚ ਸਿੰਥੈਟਿਕ ਹੀਰੇ ਦੇ ਬੀਜ ’ਤੇ ਸੀਮਾ ਕਸਟਮ ਡਿਊਟੀ ਲਗਾਉਣ ਦੇ ਸਰਕਾਰ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘‘ਇਸ ਨਾਲ ਭਾਰਤ ਵਿੱਚ ਸਿੰਥੈਟਿਕ ਹੀਰਾ ਨਿਰਮਾਤਾਵਾਂ ਨੂੰ ਕਾਫੀ ਫਾਇਦਾ ਹੋਵੇਗਾ।’’

ਸੂਰਤ ਦੇ ਹੀਰਾ ਉਦਯੋਗ ਦਾ ਇਹ ਵੀ ਕਹਿਣਾ ਹੈ ਕਿ ਸਿੰਥੈਟਿਕ ਹੀਰੇ ਦੀ ਵਧਦੀ ਆਲਮੀ ਮੰਗ ਨੂੰ ਦੇਖਦੇ ਹੋਏ, ਭਾਰਤ ਦੇ ਹੀਰਾ ਉਦਯੋਗ ਦੇ ਦਬਦਬੇ ਨੂੰ ਬਣਾਏ ਰੱਖਣ ਲਈ ਲੈਬ ਵਿੱਚ ਵਿਕਸਤ ਹੀਰੇ ਦੇ ਬੁਨਿਆਦੀ ਢਾਂਚੇ ਲਈ ਸਹਾਇਤਾ ਪ੍ਰਦਾਨ ਕਰਨ ਦੀ ਤੁਰੰਤ ਜ਼ਰੂਰਤ ਹੈ।

ਲੈਬ ਵਿੱਚ ਵਿਕਸਤ ਹੀਰੇ ਦੇ ਨਿਰਯਾਤ ਬਾਰੇ ਜਾਣਕਾਰੀ ਦਿੰਦੇ ਹੋਏ, ਦਿਨੇਸ਼ਭਾਈ ਕਹਿੰਦੇ ਹਨ, ‘‘ਵਰਤਮਾਨ ਵਿੱਚ ਭਾਰਤ 15,000 ਕਰੋੜ ਰੁਪਏ ਦੇ ਲੈਬ ਵਿੱਚ ਵਿਕਸਤ ਹੀਰਿਆਂ ਜਾਂ ਗਹਿਣਿਆਂ ਦਾ ਨਿਰਯਾਤ ਕਰਦਾ ਹੈ। ਘਰੇਲੂ ਬਾਜ਼ਾਰ ਛੋਟਾ ਹੈ, ਪਰ ਜਿਸ ਤਰ੍ਹਾਂ ਨਾਲ ਭਾਰਤ ਵਿੱਚ ਉਤਪਾਦਨ ਜ਼ੋਰ-ਸ਼ੋਰ ਨਾਲ ਸ਼ੁਰੂ ਹੋਇਆ ਹੈ, ਆਉਣ ਵਾਲੇ ਦਿਨਾਂ ਵਿੱਚ ਘਰੇਲੂ ਮੰਗ ਵਧੇਗੀ ਅਤੇ ਨਿਰਯਾਤ ਵੀ ਵਧੇਗਾ।’’

ਸੂਰਤ ਡਾਇਮੰਡ ਐਸੋਸੀਏਸ਼ਨ ਦੇ ਸਕੱਤਰ ਦਾਮਜੀਭਾਈ ਮਾਵਾਣੀ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ, ‘‘ਲੈਬ ਵਿੱਚ ਵਿਕਸਤ ਹੀਰੇ ਬਣਾਉਣ ਲਈ ਸਾਨੂੰ ਬੀਜਾਂ ਦੀ ਜ਼ਰੂਰਤ ਹੁੰਦੀ ਹੈ। ਇਹ ਬੀਜ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ।’’

‘‘ਇਸ ਲਈ ਜੇਕਰ ਇਹ ਬੀਜ ਭਾਰਤ ਵਿੱਚ ਬਣਾਏ ਜਾਣ ਤਾਂ ਸਸਤੀ ਕੀਮਤ ’ਤੇ ਭਾਰਤ ਲਈ ਲੈਬ ਹੀਰੇ ਤਿਆਰ ਕੀਤੇ ਜਾ ਸਕਦੇ ਹਨ।’’

ਦਾਮਜੀਭਾਈ ਅੱਗੇ ਕਹਿੰਦੇ ਹਨ, ‘‘ਲੈਬ ਡਾਇਮੰਡ ਦੋ ਤਰੀਕਿਆਂ ਨਾਲ ਬਣਦੇ ਹਨ। ਇੱਕ ਐੱਚਪੀਐੱਚਟੀ ਅਤੇ ਦੂਜਾ ਸੀਵੀਡੀ। ਜਿਸ ਵਿੱਚ ਚੀਨ ਤੋਂ ਐੱਚਪੀਐੱਚਟੀ ਟਾਈਪ ਸਿੰਥੈਟਿਕ ਡਾਇਮੰਡ ਸੀਡਜ਼ ਦਾ ਆਯਾਤ ਕੀਤਾ ਜਾਂਦਾ ਹੈ। ਸੀਵੀਡੀ ਭਾਰਤ ਵਿੱਚ ਨਿਰਮਤ ਹੈ।’’

‘‘ਇਸ ਲਈ ਜੇਕਰ ਐੱਚਪੀਐੱਚਟੀ ਪ੍ਰਕਾਰ ਦੇ ਸਿੰਥੈਟਿਕ ਹੀਰੇ ਵੀ ਭਾਰਤ ਵਿੱਚ ਬਣਾਏ ਜਾਣ ਤਾਂ ਸਾਨੂੰ ਚੀਨ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ ਅਤੇ ਹੀਰਾ ਉਦਯੋਗ ਨੂੰ ਵੀ ਫਾਇਦਾ ਹੋਵੇਗਾ ਅਤੇ ਭਾਰਤ ਦੀ ਵਿਦੇਸ਼ੀ ਮੁਦਰਾ ਵੀ ਬਚੇਗੀ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)