You’re viewing a text-only version of this website that uses less data. View the main version of the website including all images and videos.
ਪਰਮਾਣੂ ਪਣਡੁੱਬੀ ਵਿੱਚ ਕੀ ਖਾਸ ਹੁੰਦਾ ਹੈ ਤੇ ਭਾਰਤ ਲਈ ਕਿਉਂ ਜ਼ਰੂਰੀ ਹੈ ਜਿਸ ਬਾਰੇ ਮੋਦੀ ਤੇ ਬਾਇਡਨ ਗੱਲ ਕਰਨ ਤੋਂ ਬਚਣਗੇ
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ 'ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਪਹੁੰਚਣ 'ਤੇ ਪੀਐਮ ਮੋਦੀ ਦਾ ਸਵਾਗਤ ਕੀਤਾ।
ਪਹਿਲੀ ਵਾਰ ਸਟੇਟ ਦੌਰੇ 'ਤੇ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਗੱਲਬਾਤ ਕਰਨਗੇ।
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਕਈ ਵੱਡੇ ਅਤੇ ਮਹੱਤਵਪੂਰਨ ਫੈਸਲੇ ਲਏ ਗਏ ਹਨ। ਇਹ ਵੀ ਦੱਸਿਆ ਗਿਆ ਕਿ ਭਵਿੱਖ ਵਿੱਚ ਅਜਿਹੇ ਹੋਰ ਫੈਸਲੇ ਹੋਣਗੇ।
ਪਰ ਅੱਜ ਅਸੀਂ ਇੱਥੇ ਉਸ ਇੱਕ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਜਿਸ 'ਤੇ ਦੋਵੇਂ ਦੇਸ਼ ਗੱਲ ਨਹੀਂ ਕਰਨਗੇ। ਘੱਟੋ-ਘੱਟ ਮਾਹਰ ਦੀ ਤਾਂ ਇਹੀ ਰਾਇ ਹੈ।
ਇਹ ਮੁੱਦਾ ਮਿਲ ਕੇ ਪਰਮਾਣੂ ਪਣਡੁੱਬੀ ਬਣਾਉਣ ਦੀ ਗੱਲ।
ਆਖਿਰ ਅਜਿਹਾ ਕਿਉਂ ਹੈ? ਆਓ ਪਹਿਲਾਂ ਜਾਣਦੇ ਹਾਂ ਕਿ ਪਰਮਾਣੂ ਪਣਡੁੱਬੀ ਕੀ ਹੁੰਦੀ ਹੈ?
ਪਰਮਾਣੂ ਪਣਡੁੱਬੀ ਦੀ ਅਹਿਮੀਅਤ?
ਪਰਮਾਣੂ ਪਣਡੁੱਬੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਪਰਮਾਣੂ ਰਿਐਕਟਰ ਹੁੰਦਾ ਹੈ ਅਤੇ ਜੋ ਬਾਲਣ ਵਜੋਂ ਕੰਮ ਕਰਦਾ ਹੈ।
ਇਹ ਪਣਡੁੱਬੀ ਪਾਣੀ ਦੇ ਹੇਠਾਂ ਤਾਂ ਰਹਿੰਦੀ ਹੈ ਪਰ ਇਸ ਦੀ ਸਭ ਤੋਂ ਵੱਡੀ ਖਾਸੀਅਤ ਰਾਡਾਰ ਤੋਂ ਲੁਕਿਆ ਰਹਿਣਾ ਹੈ। ਇਹ ਜਿੰਨਾ ਚਿਰ ਚਾਹੇ ਰਡਾਰ ਦੀ ਪਕੜ ਤੋਂ ਦੂਰ ਪਾਣੀ ਦੇ ਹੇਠਾਂ ਰਹਿ ਸਕਦੀ ਹੈ। ਅਜਿਹਾ ਕਰਨ ਵਿੱਚ ਕੋਈ ਦੂਜੀ ਚੀਜ਼ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਹੈ।
ਅਜਿਹੀਆਂ ਪਣਡੁੱਬੀਆਂ ਨੂੰ ਉਨ੍ਹਾਂ ਦੇ ਕੰਮ ਅਤੇ ਹਥਿਆਰਾਂ ਦੇ ਦ੍ਰਿਸ਼ਟੀਕੋਣ ਤੋਂ ਵੀ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਪਰ ਅਸੀਂ ਇਸ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਅਮਰੀਕੀ ਜਲ ਸੈਨਾ ਦੁਆਰਾ ਵਰਤੀਆਂ ਜਾਣ ਵਾਲੀਆਂ ਪਣਡੁੱਬੀਆਂ ਦੀ ਜਾਣਕਾਰੀ ਉਨ੍ਹਾਂ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਭਾਰਤ ਵਿੱਚ ਪਰਮਾਣੂ ਪਣਡੁੱਬੀਆਂ ਬਾਰੇ ਜ਼ਿਆਦਾ ਜਾਣਕਾਰੀ ਜਨਤਕ ਤੌਰ 'ਤੇ ਉਪਲੱਬਧ ਨਹੀਂ ਹੈ।
ਪਰਮਾਣੂ ਪਣਡੁੱਬੀਆਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਕੌਣ?
ਸਾਲ 2017 'ਚ ਭਾਰਤੀ ਜਲ ਸੈਨਾ ਮੁਖੀ ਨੇ ਕਿਹਾ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ ਪਰਮਾਣੂ ਹਮਲੇ ਨਾਲ ਲੈਸ ਛੇ ਪਣਡੁੱਬੀਆਂ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ।
2018 ਵਿੱਚ, ਭਾਰਤ 'ਚ ਤਿਆਰ ਕੀਤੀ ਗਈ ਆਈਐਨਐਸ ਅਰਿਹੰਤ (ਇੱਕ ਪਰਮਾਣੂ ਪਣਡੁੱਬੀ) ਨੇ ਹਥਿਆਰਾਂ ਨਾਲ ਪਾਣੀ ਦੇ ਅੰਦਰ ਆਪਣਾ ਮਿਸ਼ਨ ਪੂਰਾ ਕੀਤਾ।
ਕਈ ਦਹਾਕਿਆਂ ਤੋਂ ਕੰਮ ਕਰਨ ਦੇ ਬਾਵਜੂਦ ਭਾਰਤ ਕੋਲ ਬਹੁਤ ਘੱਟ ਪਰਮਾਣੂ ਪਣਡੁੱਬੀਆਂ ਹਨ।
ਦੁਨੀਆਂ ਦੇ ਦੋ ਸ਼ਕਤੀਸ਼ਾਲੀ ਦੇਸ਼ਾਂ ਨਾਲ ਇਸ ਦੀ ਤੁਲਨਾ ਕਰੀਏ ਤਾਂ ਅਮਰੀਕਾ ਕੋਲ ਅਜਿਹੀਆਂ 90 ਪਰਮਾਣੂ ਪਣਡੁੱਬੀਆਂ ਹਨ, ਜਦਕਿ ਵੱਖ-ਵੱਖ ਸੰਸਥਾਵਾਂ ਅਨੁਸਾਰ ਚੀਨ ਕੋਲ ਅਜਿਹੀਆਂ 12 ਪਣਡੁੱਬੀਆਂ ਹਨ।
ਐਡਮਿਰਲ ਰਾਜਾ ਮੈਨਨ (ਸੇਵਾਮੁਕਤ) ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟੇਟ ਦੌਰੇ ਦੇ ਏਜੰਡੇ ਵਿੱਚ ਅਮਰੀਕਾ ਨਾਲ ਪਰਮਾਣੂ ਪਣਡੁੱਬੀ ਸਹਿਯੋਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ।
ਪਰ ਕੀ ਭਾਰਤ ਅਤੇ ਅਮਰੀਕਾ ਨੇ ਇਸ ਵਿਸ਼ੇ 'ਤੇ ਪਹਿਲਾਂ ਕਦੇ ਗੱਲ ਕੀਤੀ ਹੈ? ਐਡਮਿਰਲ ਮੈਨਨ ਦਾ ਕਹਿਣਾ ਹੈ ਕਿ ਭਾਰਤ ਨੇ ਜ਼ਰੂਰ ਪੁੱਛਿਆ ਸੀ ਪਰ ਅਮਰੀਕਾ ਇਸ 'ਤੇ ਸਹਿਮਤ ਨਹੀਂ ਸੀ।
ਆਖਿਰ ਅਮਰੀਕਾ ਹੀ ਕਿਉਂ?
ਅਮਰੀਕਾ ਨੂੰ ਇਹ ਪੁੱਛਣਾ ਇੰਨਾ ਮਹੱਤਵਪੂਰਨ ਕਿਉਂ ਹੈ? ਭਾਰਤ ਰੂਸ ਜਾਂ ਫਰਾਂਸ ਤੋਂ ਕਿਉਂ ਨਹੀਂ ਪੁੱਛਦਾ ਜਾਂ ਅਜਿਹੀਆਂ ਪਣਡੁੱਬੀਆਂ ਆਪਣੇ ਆਪ ਕਿਉਂ ਨਹੀਂ ਬਣਾ ਲੈਂਦਾ?
ਐਡਮਿਰਲ ਮੈਨਨ ਅਨੁਸਾਰ, ਭਾਰਤ ਕੋਲ ਇਹ ਸਾਰੇ ਰਸਤੇ ਹਨ ਪਰ ਪਰਮਾਣੂ ਪਣਡੁੱਬੀਆਂ ਦੀ ਤਕਨੀਕ ਦੇ ਮਾਮਲੇ ਵਿੱਚ ਅਮਰੀਕਾ ਕਿਸੇ ਵੀ ਹੋਰ ਦੇਸ਼ ਤੋਂ ਬਹੁਤ ਅੱਗੇ ਹੈ।
ਇਕ ਹੋਰ ਭਾਰਤੀ ਡਿਪਲੋਮੈਟ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪਰਮਾਣੂ ਪਣਡੁੱਬੀਆਂ ਅਜਿਹੀ ਚੀਜ਼ ਹੈ, ਜਿਸ ਬਾਰੇ ਦੋਵੇਂ ਦੇਸ਼ ਗੱਲ ਨਹੀਂ ਕਰਦੇ।
ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਆਪਣੇ ਸਭ ਤੋਂ ਨਜ਼ਦੀਕੀ ਮਿੱਤਰ ਦੇਸ਼ ਨਾਲ ਵੀ ਇਸ ਤਕਨੀਕ ਨੂੰ ਆਸਾਨੀ ਨਾਲ ਸਾਂਝਾ ਨਹੀਂ ਕਰਦਾ। ਇਸ ਲਈ ਅੱਗੇ ਕੀ ਹੋ ਸਕਦਾ ਹੈ?
ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਬਾਰੇ ਕੁਝ ਖਾਸ ਗੱਲਾਂ
- ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨ ਦਿਨਾ ਅਮਰੀਕਾ ਦੌਰਾ, ਦੇਸ਼ 'ਚ ਪਹਿਲਾ ਸਟੇਟ ਦੌਰਾ ਹੈ
- ਇਸ ਦੌਰਾਨ, ਪੀਐਮ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਵਿਖੇ ਆਯੋਜਿਤ ਇੱਕ ਇਤਿਹਾਸਿਕ ਸਮਾਗਮ ਦੀ ਅਗਵਾਈ ਕੀਤੀ
- ਦੌਰੇ ਦੇ ਦੂਜੇ ਪੜਾਅ ਵਿੱਚ,ਵਾਸ਼ਿੰਗਟਨ ਪਹੁੰਚਣ 'ਤੇ ਪੀਐਮ ਮੋਦੀ ਦੇ ਸਨਮਾਨ ਵਿੱਚ ਗਾਰਡ ਆਫ਼ ਆਨਰ ਦਿੱਤਾ ਗਿਆ
- ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਦੋ-ਪੱਖੀ ਬੈਠਕ ਕਰਨਗੇ
- ਇਸ ਦੌਰਾਨ ਮੋਦੀ ਅਮਰੀਕੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਵੀ ਸੰਬੋਧਿਤ ਕਰਨਗੇ
- ਮੋਦੀ, ਅਮਰੀਕੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਦੂਜੀ ਵਾਰ ਸੰਬੋਧਿਤ ਕਰਨ ਵਾਲੇ ਪਹਿਲੇ ਭਾਰਤੀ ਪੀਐਮ ਬਣ ਜਾਣਗੇ
ਭਾਰਤ ਲਈ ਕੀ ਰਾਹ ਹੈ?
ਪਰਮਾਣੂ ਪਣਡੁੱਬੀਆਂ ਵੀ ਵੱਖ-ਵੱਖ ਸ਼੍ਰੇਣੀਆਂ ਦੀਆਂ ਹੁੰਦੀਆਂ ਹਨ। ਇੱਕ ਅਜਿਹੀ ਪਣਡੁੱਬੀ ਉਹ ਹੁੰਦੀ ਹੈ, ਜੋ ਪਰਮਾਣੂ ਹਥਿਆਰ ਨਾਲ ਲੈ ਕੇ ਜਾ ਸਕਦੀ ਹੈ - ਜਿਵੇਂ ਕਿ ਆਈਐਨਐਸ ਅਰਿਹੰਤ।
ਦੂਜੀ ਸ਼੍ਰੇਣੀ ਉਹ ਹੈ, ਜਿਨ੍ਹਾਂ ਨੂੰ ਨਿਊਕਲੀਅਰ ਪਾਵਰ ਅਟੈਕ ਪਣਡੁੱਬੀ ਕਿਹਾ ਜਾਂਦਾ ਹੈ। ਉਹ ਪਰਮਾਣੂ ਨਹੀਂ ਬਲਕਿ ਸਧਾਰਨ ਹਥਿਆਰਾਂ ਨਾਲ ਲੈਸ ਹੁੰਦੀ ਹੈ ਅਤੇ ਦੂਜੇ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਭਾਰਤ ਨੇ ਅਜੇ ਤੱਕ ਅਜਿਹੀ ਪਣਡੁੱਬੀ ਵਿਕਸਤ ਨਹੀਂ ਕੀਤੀ ਹੈ।
ਮਾਹਿਰਾਂ ਦਾ ਵਿਚਾਰ ਹੈ ਕਿ ਭਾਰਤ ਅਤੇ ਅਮਰੀਕਾ ਨੂੰ ਇਸ ਸ਼੍ਰੇਣੀ ਬਾਰੇ ਗੱਲ ਕਰਨੀ ਚਾਹੀਦੀ ਹੈ।
ਡਾਕਟਰ ਯੋਗੇਸ਼ ਜੋਸ਼ੀ ਪਰਮਾਣੂ ਪਣਡੁੱਬੀਆਂ ਦੇ ਵਿਸ਼ੇ 'ਤੇ ਚੰਗੀ ਪਕੜ ਰੱਖਦੇ ਹਨ।
ਉਨ੍ਹਾਂ ਮੁਤਾਬਕ, ਭਾਰਤ ਪਰਮਾਣੂ ਪਣਡੁੱਬੀਆਂ ਦੇ ਮੁੱਦੇ 'ਤੇ ਅਮਰੀਕਾ ਨਾਲ ਗੱਲਬਾਤ ਦੀ ਉਮੀਦ ਨਹੀਂ ਕਰ ਸਕਦਾ ਕਿਉਂਕਿ ਭਾਰਤ ਅਤੇ ਅਮਰੀਕਾ ਦੇ ਉਸ ਤਰ੍ਹਾਂ ਦੇ ਰਿਸ਼ਤੇ ਨਹੀਂ ਹਨ, ਜਿਹੋ-ਜਿਹੇ ਅਮਰੀਕਾ ਦੇ ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਹਨ।
ਅਮਰੀਕਾ ਨੇ ਹਾਲ ਹੀ ਵਿੱਚ ਓਕਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਸੰਚਾਲਿਤ ਪਣਡੁੱਬੀਆਂ ਵੇਚਣ ਲਈ ਸਹਿਮਤੀ ਦਿੱਤੀ ਹੈ ਅਤੇ ਜਦੋਂ ਅਜਿਹੀ ਸੰਵੇਦਨਸ਼ੀਲ ਤਕਨਾਲੋਜੀ ਨੂੰ ਸਾਂਝਾ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਗੱਲ ਮਾਅਨੇ ਰੱਖਦੀ ਹੈ।
ਡਾਕਟਰ ਯੋਗੇਸ਼ ਜੋਸ਼ੀ ਦਾ ਕਹਿਣਾ ਹੈ ਕਿ ਸਹਿਯੋਗੀ ਨਾ ਹੋਣ ਦੇ ਬਾਵਜੂਦ, ਅਮਰੀਕਾ ਨੇ ਭਾਰਤ ਨੂੰ ਆਪਣਾ ਆਧੁਨਿਕ ਫੌਜੀ ਹਾਰਡਵੇਅਰ ਵੇਚਿਆ ਹੈ, ਜਿਸ ਵਿੱਚ ਪਣਡੁੱਬੀ ਨੂੰ ਨਿਸ਼ਾਨਾ ਬਣਾਉਣ ਵਾਲੇ ਹਥਿਆਰ ਵੀ ਹਨ।
ਉਹ ਕਹਿੰਦੇ ਹਨ, “ਪਹਿਲਾਂ ਅਮਰੀਕਾ ਰੂਸ ਨੂੰ ਭਾਰਤ ਨੂੰ ਪਰਮਾਣੂ ਪਣਡੁੱਬੀ ਦੇਣ ਤੋਂ ਰੋਕਦਾ ਸੀ, ਪਰ ਹੁਣ ਅਜਿਹਾ ਨਹੀਂ ਕਰਦਾ।''
''ਅਜਿਹੇ 'ਚ ਭਾਰਤ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਸ਼ਿਆਂ 'ਤੇ ਅਮਰੀਕਾ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਹ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੋਵੇਂ ਦੇਸ਼ ਮਿਲ ਕੇ ਇਸ ਮੁੱਦੇ 'ਤੇ ਕੀ ਕਰ ਸਕਦੇ ਹਨ।''
ਜਿੱਥੋਂ ਤੱਕ ਪਰਮਾਣੂ ਸ਼ਕਤੀ ਨਾਲ ਲੈਸ ਪਣਡੁੱਬੀ ਦੀ ਗੱਲ ਹੈ, ਤਾਂ ਡਾਕਟਰ ਜੋਸ਼ੀ ਕਹਿੰਦੇ ਹਨ, "ਭਾਰਤ ਖੁਦ ਇਹ ਫੈਸਲਾ ਕਰਨ ਲਈ ਆਜ਼ਾਦ ਹੈ ਕਿ ਉਸ ਨੇ ਕੀ ਕਰਨਾ ਹੈ। ਇਸ 'ਤੇ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਹਨ ਅਤੇ ਇਹੀ ਤਾਂ ਭਾਰਤ ਹਮੇਸ਼ਾ ਤੋਂ ਚਾਹੁੰਦਾ ਰਿਹਾ ਹੈ।