ਅਮਰੀਕਾ ਨੇ ਈਰਾਨ ਵਿਰੁੱਧ ਆਪਣੀ ਫੌਜੀ ਮੁਹਿੰਮ ਦੌਰਾਨ ਕਿਹੜੇ ਹਥਿਆਰ ਵਰਤੇ, ਕੀ ਅਮਰੀਕਾ ਦਾ ਆਪਰੇਸ਼ਨ 'ਸਫਲ' ਰਿਹਾ

ਤਸਵੀਰ ਸਰੋਤ, Maxar Technologies/Handout via Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫੌਜ ਨੇ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ - ਫੋਰਦੋ, ਨਤਾਂਜ਼ ਅਤੇ ਇਸਫਾਹਨ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲੇ "ਸਫਲ" ਰਹੇ ਅਤੇ ਇਨ੍ਹਾਂ ਟਿਕਾਣਿਆਂ ਨੂੰ "ਨਸ਼ਟ" ਕਰ ਦਿੱਤਾ ਗਿਆ।
ਇਜ਼ਰਾਈਲ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਉਸਦੇ ਅਤੇ ਅਮਰੀਕਾ ਵਿਚਕਾਰ "ਪੂਰਾ ਤਾਲਮੇਲ" ਸੀ।
ਦੂਜੇ ਪਾਸੇ, ਈਰਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ ਕਿ ਇਸ ਨਾਲ ਕੋਈ ਵੱਡਾ ਨੁਕਸਾਨ ਹੋਇਆ ਹੈ।
ਐਤਵਾਰ ਸ਼ਾਮ ਨੂੰ, ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਅਤੇ ਜੁਆਇੰਟ ਚੀਫ਼ਸ ਆਫ਼ ਸਟਾਫ ਜਨਰਲ ਡੈਨ ਕੇਨ ਨੇ ਈਰਾਨ ਵਿਰੁੱਧ ਇਸ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਪੀਟ ਹੇਗਸੇਥ ਅਤੇ ਜਨਰਲ ਡੈਨ ਕੇਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ 'ਆਪ੍ਰੇਸ਼ਨ ਮਿਡਨਾਈਟ ਹੈਮਰ' ਨਾਮ ਦੀ ਇਸ ਫੌਜੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਹਮਲਾ ਕਿਵੇਂ ਕੀਤਾ ਗਿਆ ਅਤੇ ਇਸ ਵਿੱਚ ਕਿੰਨੇ ਜਹਾਜ਼ ਸ਼ਾਮਲ ਸਨ। ਉਨ੍ਹਾਂ ਇਸ ਮੁਹਿੰਮ ਦੇ ਉਦੇਸ਼ ਬਾਰੇ ਵੀ ਜਾਣਕਾਰੀ ਦਿੱਤੀ।
ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਿਵੇਂ ਕੀਤਾ ਗਿਆ?

ਤਸਵੀਰ ਸਰੋਤ, Maxar Technologies/Handout via Reuters
ਐਤਵਾਰ ਨੂੰ ਹੋਈ ਇਸ ਪ੍ਰੈਸ ਬ੍ਰੀਫਿੰਗ ਵਿੱਚ, ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਕਿ ਈਰਾਨ 'ਤੇ ਕੀਤੇ ਗਏ ਇਸ ਹਮਲੇ ਵਿੱਚ ਬੀ2 ਬੰਬਾਰ ਅਤੇ ਮੈਸਿਵ ਆਰਡਨੈਂਸ ਪੈਨੇਟਰੇਟਰ (ਐਮਓਪੀ, ਜਿਸਨੂੰ ਬੰਕਰ ਬਸਟਰ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕੀਤੀ ਗਈ ਸੀ।
ਉਨ੍ਹਾਂ ਕਿਹਾ, "ਅਮਰੀਕਾ ਦੇ ਬੀ2 ਸਟੇਲਥ ਬੰਬਾਰ ਈਰਾਨ ਵਿੱਚ ਦਾਖਲ ਹੋਏ, ਪਰਮਾਣੂ ਟਿਕਾਣਿਆਂ 'ਤੇ ਹਮਲਾ ਕੀਤਾ ਅਤੇ ਵਾਪਸ ਆ ਗਏ। ਅਤੇ ਦੁਨੀਆਂ ਨੂੰ ਇਸਦੀ ਸੂਹ ਤੱਕ ਨਹੀਂ ਲੱਗੀ।''
ਹੇਗਸੇਥ ਨੇ ਅੱਗੇ ਕਿਹਾ, "ਇਸ ਹਮਲੇ ਵਿੱਚ 2001 ਤੋਂ ਬਾਅਦ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਬੀ2 ਸਪਿਰਿਟ ਬੰਬਾਰ ਉਡਾਣ ਸ਼ਾਮਲ ਸੀ ਅਤੇ ਪਹਿਲੀ ਵਾਰ ਐਮਓਪੀ ਭਾਵ ਮੈਸਿਵ ਆਰਡਨੈਂਸ ਪੈਨੇਟਰੇਟਰ ਦੀ ਵਰਤੋਂ ਕੀਤੀ ਗਈ।"
ਇਸ ਦੇ ਨਾਲ ਹੀ, ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ, ਜਨਰਲ ਡੈਨ ਕੇਨ ਨੇ ਕਿਹਾ ਕਿ 'ਆਪ੍ਰੇਸ਼ਨ ਮਿਡਨਾਈਟ ਹੈਮਰ' ਵਿੱਚ 125 ਅਮਰੀਕੀ ਜਹਾਜ਼ ਸ਼ਾਮਲ ਸਨ, ਜਿਨ੍ਹਾਂ ਵਿੱਚ ਸੱਤ ਬੀ2 ਸਟੇਲਥ ਬੰਬਾਰ ਸ਼ਾਮਲ ਸਨ।
ਕੇਨ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਲਗਭਗ 75 'ਸਟੀਕ ਨਿਸ਼ਾਨਾ ਲਗਾਉਣ ਵਾਲੇ ਹਥਿਆਰਾਂ' ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਵਿੱਚ 14 ਮੈਸਿਵ ਆਰਡਨੈਂਸ ਪੈਨੇਟਰੇਟਰ ਸ਼ਾਮਲ ਸਨ।

ਤਸਵੀਰ ਸਰੋਤ, US Air Force
ਅਮਰੀਕਾ ਦੇ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਕਿਹਾ ਕਿ ਕੁਝ ਜਹਾਜ਼ ਅਮਰੀਕਾ ਤੋਂ ਉਡਾਣ ਭਰ ਕੇ 18 ਘੰਟੇ ਦੀ ਯਾਤਰਾ ਤੋਂ ਬਾਅਦ ਆਪਣੇ ਨਿਸ਼ਾਨੇ 'ਤੇ ਪਹੁੰਚੇ, ਜਦਕਿ ਕੁਝ ਨੂੰ "ਧਿਆਨ ਭਟਕਾਉਣ" ਲਈ ਪ੍ਰਸ਼ਾਂਤ ਮਹਾਸਾਗਰ ਵੱਲ ਭੇਜ ਦਿੱਤਾ ਗਿਆ ਸੀ।
ਕੇਨ ਨੇ ਦੱਸਿਆ ਕਿ ਤਿੰਨਾਂ ਟਿਕਾਣਿਆਂ ਨੂੰ ਪੂਰਬੀ ਸਮੇਂ ਅਨੁਸਾਰ ਸਵੇਰੇ 6 ਵੱਜ ਕੇ 40 ਮਿੰਟ 'ਤੇ (ਭਾਰਤੀ ਸਮੇਂ ਅਨੁਸਾਰ ਸਵੇਰੇ 4 ਵੱਜ ਕੇ 10 ਮਿੰਟ 'ਤੇ) ਤੋਂ ਪੂਰਬੀ ਸਮੇਂ ਅਨੁਸਾਰ ਸਵੇਰੇ 7 ਵੱਜ ਕੇ 5 ਮਿੰਟ (ਭਾਰਤੀ ਸਮੇਂ ਅਨੁਸਾਰ ਸਵੇਰੇ 4 ਵੱਜ ਕੇ 35 ਮਿੰਟ) ਦੇ ਵਿਚਕਾਰ ਨਿਸ਼ਾਨਾ ਬਣਾਇਆ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ, "ਅਜਿਹਾ ਲੱਗਦਾ ਹੈ ਕਿ ਈਰਾਨ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਸਾਨੂੰ ਨਹੀਂ ਦੇਖ ਸਕੀ।"
ਜਨਰਲ ਡੈਨ ਕੇਨ ਨੇ ਕਿਹਾ ਕਿ ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆਂ 'ਤੇ ਹਮਲਾ ਕਰਨ ਲਈ ਸੱਤ ਬੀ-2 ਬੰਬਾਰ ਅੱਗੇ ਵਧੇ। ਉਨ੍ਹਾਂ ਦੇ ਈਰਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਮਰੀਕੀ ਪਣਡੁੱਬੀ ਵੱਲੋਂ ਇਸਫਾਹਾਨ 'ਤੇ ਦੋ ਦਰਜਨ ਟੋਮਾਹਾਕ ਮਿਜ਼ਾਈਲਾਂ ਦਾਗੀਆਂ ਗਈਆਂ।
ਬੀ-2 ਬੰਬਾਰਾਂ ਨੇ ਫੋਰਦੋ 'ਤੇ ਦੋ ਵੱਡੇ ਜੀਬੀਯੂ-57 ਐਮਓਪੀ ਬੰਬ ਸੁੱਟੇ। ਕੇਨ ਨੇ ਕਿਹਾ ਕਿ ਦੋ ਟਿਕਾਣਿਆਂ 'ਤੇ ਕੁੱਲ 14 ਐਮਓਪੀ ਸੁੱਟੇ ਗਏ।
ਉਨ੍ਹਾਂ ਦੱਸਿਆ, "ਇਸ ਮਿਸ਼ਨ ਦੌਰਾਨ, ਜਦੋਂ ਅਮਰੀਕੀ ਫੌਜੀ ਜਹਾਜ਼ ਉੱਥੋਂ ਨਿੱਕਲ ਰਹੇ ਸਨ, ਉਦੋਂ ਤੱਕ ਉਨ੍ਹਾਂ 'ਤੇ ਕੋਈ ਗੋਲੀਬਾਰੀ ਹੋਣ ਦੀ ਜਾਣਕਾਰੀ ਨਹੀਂ ਸੀ।"
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ "ਇਸ ਯੋਜਨਾ ਦੀ ਜਾਣਕਾਰੀ ਸਿਰਫ ਕੁਝ ਯੋਜਨਾ ਤਿਆਰ ਕਰਨ ਵਾਲਿਆਂ ਅਤੇ ਮੁੱਖ ਅਧਿਕਾਰੀਆਂ ਨੂੰ ਹੀ ਦਿੱਤੀ ਗਈ ਸੀ।"
ਸੱਤਾ ਪਰਿਵਰਤਨ ਉਦੇਸ਼ ਨਹੀਂ: ਅਮਰੀਕੀ ਰੱਖਿਆ ਮੰਤਰੀ

ਤਸਵੀਰ ਸਰੋਤ, Getty Images
ਐਤਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਜਦੋਂ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਤੋਂ ਈਰਾਨ ਨੂੰ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਸਦਾ ਮੁਲਾਂਕਣ ਅਜੇ ਜਾਰੀ ਹੈ।
ਉਨ੍ਹਾਂ ਕਿਹਾ, "ਸਾਡੇ ਸਾਰੇ ਸਟੀਕ ਹਥਿਆਰ ਆਪਣੇ ਨਿਸ਼ਾਨਿਆਂ 'ਤੇ ਲੱਗੇ ਹਨ ਅਤੇ ਉਨ੍ਹਾਂ ਨੇ ਓਨਾ ਅਸਰ ਕੀਤਾ ਹੈ ਜਿਸਦਾ ਮੁਲਾਂਕਣ ਕੀਤਾ ਗਿਆ ਸੀ।"
ਹੇਗਸੇਥ ਨੇ ਇਹ ਵੀ ਕਿਹਾ, "ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਇਸ ਕਾਰਵਾਈ ਵਿੱਚ ਨਾ ਤਾਂ ਈਰਾਨੀ ਫੌਜੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਨਾ ਹੀ ਆਮ ਨਾਗਰਿਕਾਂ ਨੂੰ।"

ਜਦੋਂ ਹੇਗਸੇਥ ਤੋਂ ਪੁੱਛਿਆ ਗਿਆ ਕਿ ਕੀ ਇਸ ਮਿਸ਼ਨ ਦਾ ਉਦੇਸ਼ ਈਰਾਨ ਦੀ ਸੱਤਾ ਵਿੱਚ ਤਬਦੀਲੀ ਸੀ, ਤਾਂ ਉਨ੍ਹਾਂ ਜ਼ੋਰ ਦੇ ਕੇ ਕਿਹਾ, "ਇਹ ਮਿਸ਼ਨ ਸੱਤਾ ਤਬਦੀਲੀ ਲਈ ਨਹੀਂ ਸੀ ਅਤੇ ਨਾ ਹੀ ਹੁਣ ਅਜਿਹਾ ਕੋਈ ਉਦੇਸ਼ ਹੈ।"
ਉਨ੍ਹਾਂ ਕਿਹਾ, "ਰਾਸ਼ਟਰਪਤੀ ਨੇ ਇਹ ਸਟੀਕ ਕਾਰਵਾਈ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੁਆਰਾ ਸਾਡੇ ਰਾਸ਼ਟਰੀ ਹਿੱਤਾਂ ਲਈ ਪੈਦਾ ਹੋਏ ਖਤਰਿਆਂ ਨੂੰ ਬੇਅਸਰ ਕਰਨ ਅਤੇ ਸਾਡੇ ਫੌਜੀਆਂ ਅਤੇ ਸਾਡੇ ਸਹਿਯੋਗੀ ਇਜ਼ਰਾਈਲ ਦੀ ਸਮੂਹਿਕ ਸਵੈ-ਰੱਖਿਆ ਲਈ ਅਧਿਕਾਰਤ ਕੀਤਾ ਹੈ।"
ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਬਾਰੇ ਕੀ ਹੋ ਰਿਹਾ ਹੈ, ਅਤੇ ਕੀ ਅਜੇ ਵੀ ਕੂਟਨੀਤਕ ਹੱਲ ਦੀ ਗੁੰਜਾਇਸ਼ ਬਚੀ ਹੈ।
ਇਸ ਸਵਾਲ ਦੇ ਜਵਾਬ ਵਿੱਚ ਹੇਗਸੇਥ ਨੇ ਕਿਹਾ ਕਿ ਅਮਰੀਕਾ ਨੇ ਕਈ ਵਾਰ ਤਹਿਰਾਨ ਨੂੰ ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣ ਲਈ ਸੱਦਾ ਦਿੱਤਾ ਹੈ।
ਈਰਾਨ ਨੇ ਹਮਲਿਆਂ ਬਾਰੇ ਕੀ ਕਿਹਾ?

ਤਸਵੀਰ ਸਰੋਤ, ERDEM SAHIN/EPA-EFE/Shutterstock
ਅਮਰੀਕਾ ਦੇ ਹਮਲੇ ਤੋਂ ਕੁਝ ਘੰਟਿਆਂ ਦੇ ਅੰਦਰ, ਈਰਾਨ ਨੇ ਇਜ਼ਰਾਈਲ 'ਤੇ ਕਈ ਮਿਜ਼ਾਈਲਾਂ ਦਾਗੀਆਂ, ਜੋ ਤੇਲ ਅਵੀਵ ਅਤੇ ਹਾਈਫਾ ਦੇ ਕੁਝ ਹਿੱਸਿਆਂ 'ਤੇ ਡਿੱਗੀਆਂ।
ਈਰਾਨ ਨੇ ਅਮਰੀਕੀ ਹਮਲਿਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸਨੂੰ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕਿਹਾ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ, "ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਅਮਰੀਕਾ ਨੇ ਈਰਾਨ ਦੇ ਸ਼ਾਂਤੀਪੂਰਨ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਕੇ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਐਨਪੀਟੀ ਦੀ ਗੰਭੀਰ ਉਲੰਘਣਾ ਕੀਤੀ ਹੈ।"
ਇਸ ਤੋਂ ਕੁਝ ਘੰਟਿਆਂ ਬਾਅਦ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਕੂਟਨੀਤੀ ਦਾ ਰਸਤਾ ਪਹਿਲਾਂ ਇਜ਼ਰਾਈਲ ਨੇ ਬੰਦ ਕੀਤਾ ਅਤੇ ਫਿਰ ਅਮਰੀਕਾ ਨੇ ਇਸਨੂੰ ਖਤਮ ਕਰ ਦਿੱਤਾ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਬੀਤੇ ਹਫ਼ਤੇ ਅਸੀਂ ਅਮਰੀਕਾ ਨਾਲ ਗੱਲ ਕਰ ਰਹੇ ਸੀ ਜਦੋਂ ਇਜ਼ਰਾਈਲ ਨੇ ਹਮਲਾ ਕਰਕੇ ਕੂਟਨੀਤੀ ਦਾ ਰਸਤਾ ਬੰਦ ਕਰਨ ਦਾ ਫੈਸਲਾ ਕੀਤਾ।"

ਇਸ ਤੋਂ ਬਾਅਦ ਅਰਾਗਚੀ ਨੇ ਲਿਖਿਆ, "ਇਸ ਹਫ਼ਤੇ ਯੂਰਪੀਅਨ ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਇਸ ਦੌਰਾਨ ਅਮਰੀਕਾ ਨੇ ਕੂਟਨੀਤੀ ਦਾ ਰਸਤਾ ਬੰਦ ਕਰਨ ਦਾ ਫੈਸਲਾ ਕੀਤਾ।"
ਬੀਤੇ ਹਫ਼ਤੇ ਅਮਰੀਕਾ ਅਤੇ ਈਰਾਨ ਵਿਚਕਾਰ ਪ੍ਰਮਾਣੂ ਸਮਝੌਤੇ ਬਾਰੇ ਛੇਵੇਂ ਦੌਰ ਦੀ ਗੱਲਬਾਤ ਹੋਣੀ ਸੀ, ਪਰ ਇਜ਼ਰਾਈਲ ਦੇ ਹਮਲੇ ਕਾਰਨ ਗੱਲਬਾਤ ਅੱਗੇ ਨਹੀਂ ਵਧ ਸਕੀ।
ਅੱਬਾਸ ਅਰਾਗਚੀ ਨੇ ਪੁੱਛਿਆ, "ਇਸ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ?"
ਉਨ੍ਹਾਂ ਲਿਖਿਆ, "ਅਸੀਂ ਬ੍ਰਿਟੇਨ ਅਤੇ ਯੂਰਪੀਅਨ ਪ੍ਰਤੀਨਿਧੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਈਰਾਨ ਨੂੰ ਗੱਲਬਾਤ ਦੀ ਮੇਜ਼ 'ਤੇ ਆਉਣਾ ਚਾਹੀਦਾ ਹੈ, ਪਰ ਈਰਾਨ ਉਸ ਜਗ੍ਹਾ ਵਾਪਸ ਕਿਵੇਂ ਆ ਸਕਦਾ ਹੈ ਜਿੱਥੋਂ ਇਹ ਕਦੇ ਬਾਹਰ ਆਇਆ ਹੀ ਨਹੀਂ।"
ਈਰਾਨ ਹੁਣ ਕੀ ਕਰ ਸਕਦਾ ਹੈ?

ਤਸਵੀਰ ਸਰੋਤ, Getty Images
ਬੀਬੀਸੀ ਦੇ ਰੱਖਿਆ ਪੱਤਰਕਾਰ ਫ੍ਰੈਂਕ ਗਾਰਡਨਰ ਦੇ ਮੁਤਾਬਕ, ਅਮਰੀਕੀ ਹਮਲੇ ਦੇ ਜਵਾਬ ਵਿੱਚ ਈਰਾਨ ਦੇ ਸਾਹਮਣੇ ਹੁਣ ਤਿੰਨ ਰਣਨੀਤਕ ਰਸਤੇ ਹਨ।
ਪਹਿਲਾ - ਕੁਝ ਨਾ ਕਰੋ: ਅਜਿਹਾ ਕਰਨ ਨਾਲ ਉਹ ਹੋਰ ਅਮਰੀਕੀ ਹਮਲਿਆਂ ਤੋਂ ਬਚ ਸਕਦਾ ਹੈ। ਇਹ ਕੂਟਨੀਤਕ ਰਸਤਾ ਅਪਣਾ ਕੇ ਉਹ ਅਮਰੀਕਾ ਨਾਲ ਗੱਲਬਾਤ ਵਿੱਚ ਦੁਬਾਰਾ ਸ਼ਾਮਲ ਹੋ ਸਕਦਾ ਹੈ। ਪਰ ਕੋਈ ਕਾਰਵਾਈ ਨਾ ਕਰਨ ਨਾਲ ਈਰਾਨੀ ਸ਼ਾਸਨ ਕਮਜ਼ੋਰ ਦਿਖਾਈ ਦੇਵੇਗਾ, ਖਾਸ ਕਰਕੇ ਉਦੋਂ ਜਦੋਂ ਇਸਨੇ ਪਹਿਲਾਂ ਹੀ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ।
ਸਰਕਾਰ ਇਹ ਵੀ ਸੋਚ ਸਕਦੀ ਹੈ ਕਿ ਇਸ ਨਾਲ ਜਨਤਾ 'ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੋਣ ਦਾ ਜੋਖਮ, ਅੱਗੇ ਦੇ ਅਮਰੀਕੀ ਹਮਲਿਆਂ ਦੇ ਖਰਚ ਨਾਲੋਂ ਵੱਡਾ ਹੈ।
ਦੂਜਾ - ਤੇਜ਼ ਅਤੇ ਜ਼ਬਰਦਸਤ ਜਵਾਬੀ ਹਮਲਾ: ਈਰਾਨ ਕੋਲ ਅਜੇ ਵੀ ਵੱਡੀ ਗਿਣਤੀ ਵਿੱਚ ਬੈਲਿਸਟਿਕ ਮਿਜ਼ਾਈਲਾਂ ਹਨ, ਜੋ ਉਸਨੇ ਸਾਲਾਂ ਤੋਂ ਬਣਾ ਕੇ ਲੁਕਾਈਆਂ ਹੋਈਆਂ ਹਨ। ਇਸਦੇ ਕੋਲ ਮੱਧ ਪੂਰਬ ਵਿੱਚ ਲਗਭਗ 20 ਅਮਰੀਕੀ ਟਿਕਾਣਿਆਂ ਦੀ ਸੂਚੀ ਹੈ, ਜਿਨ੍ਹਾਂ 'ਤੇ ਇਹ ਹਮਲਾ ਕਰ ਸਕਦਾ ਹੈ। ਉਹ, ਅਮਰੀਕੀ ਜਲ ਸੈਨਾ 'ਤੇ ਡਰੋਨ ਅਤੇ ਟਾਰਪੀਡੋ ਕਿਸ਼ਤੀਆਂ ਨਾਲ ਵੀ ਹਮਲਾ ਕਰ ਸਕਦਾ ਹੈ।
ਤੀਜਾ - ਆਪਣੇ ਸਮੇਂ 'ਤੇ ਜਵਾਬ ਦੇਣਾ: ਇਸਦਾ ਮਤਲਬ ਹੋਵੇਗਾ ਕਿ ਈਰਾਨ ਇਸ ਵੇਲੇ ਤਣਾਅ ਦੇ ਸ਼ਾਂਤ ਹੋਣ ਦਾ ਇੰਤਜ਼ਾਰ ਕਰੇ ਅਤੇ ਫਿਰ ਉਦੋਂ ਹਮਲਾ ਕਰੇ ਜਦੋਂ ਅਮਰੀਕੀ ਟਿਕਾਣੇ ਬਹੁਤੇ ਚੁਕੰਨੇ ਨਾ ਹੋਣ। ਅਜਿਹਾ ਹਮਲਾ ਅਚਾਨਕ ਅਤੇ ਹੈਰਾਨੀਜਨਕ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












