ਲੁਧਿਆਣਾ: ਕੈਨੇਡਾ ਜਾਣ ਦਾ ਸੁਪਨਾ ਦਿਖਾ ਇੱਕ ਕੁੜੀ ਨੇ ਕਥਿਤ ਤੌਰ 'ਤੇ 12 ਨੌਜਵਾਨਾਂ ਕੋਲੋਂ ਕਰੀਬ ਡੇਢ ਕਰੋੜ ਠੱਗਿਆ, ਜਾਣੋ ਸਾਰਾ ਭੇਦ ਕਿਵੇਂ ਖੁੱਲ੍ਹਿਆ

ਹਰਪ੍ਰੀਤ ਕੌਰ

ਤਸਵੀਰ ਸਰੋਤ, Rajwinder Singh/BBC

ਤਸਵੀਰ ਕੈਪਸ਼ਨ, ਹਰਪ੍ਰੀਤ ਕੌਰ ਨੇ ਵਿਆਹ ਅਤੇ ਕੈਨੇਡਾ ਲੈ ਕੇ ਜਾਣ ਕੇ ਵਾਅਦੇ ਉੱਤੇ 12 ਮੁੰਡਿਆਂ ਨੂੰ ਕਥਿਤ ਤੌਰ ਉੱਤੇ ਠੱਗਿਆ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪਿਆਰ ਅਤੇ ਧੋਖਾ ਇਹ ਦੋ ਸ਼ਬਦ ਅਜਿਹੇ ਹਨ ਜੋ ਅਕਸਰ ਸਾਨੂੰ ਸੁਣਨ ਨੂੰ ਮਿਲਦੇ ਹਨ।

ਪਰ ਇਹ ਕਹਾਣੀ ਦਿਲ ਟੁੱਟਣ ਦੀ ਨਹੀਂ ਬਲਕਿ ਸੁਪਨੇ ਦੀ ਕਹਾਣੀ ਹੈ, ਜੋ ਕੈਨੇਡਾ ਭੇਜਣ ਦੇ ਨਾਮ ʼਤੇ ਦਿਖਾਇਆ ਗਿਆ ਸੀ।

ਇਸ ਕਹਾਣੀ ਦੀ ਮੁੱਖ ਕਿਰਦਾਰ ਹੈ ਹਰਪ੍ਰੀਤ ਕੌਰ ਜਿਨ੍ਹਾਂ ਨੇ ਕਥਿਤ ਤੌਰ ਉੱਤੇ ਇੱਕ ਨਹੀਂ ਬਲਕਿ 12 ਮੁੰਡਿਆਂ ਨੂੰ ਕੈਨੇਡਾ ਬੁਲਾਉਣ ਦਾ ਸੁਪਨਾ ਦਿਖਾਇਆ ਅਤੇ ਠੱਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਹਰਪ੍ਰੀਤ ਕੌਰ ਦੀ ਮਾਂ ਸੁਖਦਰਸ਼ਨ ਕੌਰ, ਭਰਾ ਮਨਪ੍ਰੀਤ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਇਸ ਮਾਮਲੇ ਦੀ ਮੁੱਖ ਮੁਲਜ਼ਮ ਹਰਪ੍ਰੀਤ ਕੌਰ ਅਜੇ ਕੈਨੇਡਾ ਵਿੱਚ ਹੈ।

ਪੁਲਿਸ ਦਾ ਦਾਅਵਾ ਹੈ ਕਿ ਧੋਖਾਧੜੀ ਦੇ ਸ਼ਿਕਾਰ 12 ਨੌਜਵਾਨ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਪੀੜਤ ਮੁੰਡਿਆਂ ਕੋਲੋਂ ਕਥਿਤ 1.60 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਠੱਗੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਕੈਨੇਡਾ ਵਿੱਚ ਵਸਣ ਦੀ ਚਾਹਤ ਰੱਖਣ ਵਾਲੇ ਇੱਕ ਨੌਜਵਾਨ ਨੇ ਹਰਪ੍ਰੀਤ ʼਤੇ ਠੱਗੀ ਦਾ ਇਲਜ਼ਾਮ ਲਗਾਇਆ। ਇਸ ਨੌਜਵਾਨ ਦਾ ਨਾਮ ਜ਼ਾਹਿਰ ਨਹੀਂ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਮੁਤਾਬਕ ਉਨ੍ਹਾਂ ਨੇ ਪੁੱਛਗਿੱਛ ਕੀਤੀ ਅਤੇ ਜਾਂਚ ਅੱਗੇ ਵਧੀ ਦੇਖਿਆ ਕਿ ਹਰਪ੍ਰੀਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਜਿਹੇ ਮੁੰਡਿਆਂ ਕੋਲੋਂ 1.60 ਕਰੋੜ ਰੁਪਏ ਦੀ ਰਕਮ ਠੱਗੀ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਕੌਰ ਦੀ ਮਾਂ ਦੀ ਬਿਮਾਰੀ, ਕੁੜੀ ਦੀ ਫੀਸ ਅਤੇ ਮੁੰਡੇ ਨੂੰ ਬਾਹਰ ਘੁਮਾਉਣ ਦੇ ਬਹਾਨੇ ਨਾਲ ਮੁੰਡਿਆਂ ਕੋਲੋਂ ਪੈਸੇ ਲੈਂਦੇ ਸਨ।

ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਪੁਲਿਸ ਨੇ ਹੁਣ ਤੱਕ ਕੀ ਦੱਸਿਆ

ਪੰਜਾਬ ਪੁਲਿਸ ਅਨੁਸਾਰ, ਲੁਧਿਆਣਾ ਅਤੇ ਨੇੜਲੇ ਇਲਾਕਿਆਂ ਦੇ ਘੱਟੋ-ਘੱਟ 12 ਨੌਜਵਾਨ ਇਸ ਠੱਗੀ ਦਾ ਸ਼ਿਕਾਰ ਹੋਏ ਹਨ। ਹਰਪ੍ਰੀਤ ਕੌਰ ਦੀ ਮਾਂ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਕਹਿੰਦੀ ਸੀ ਕਿ ਉਸ ਦੀ ਧੀ ਹਰਪ੍ਰੀਤ ਕੌਰ ਕੈਨੇਡਾ 'ਚ ਵਸਦੀ ਹੈ।

ਹਰਪ੍ਰੀਤ ਕੌਰ ਦੀ ਮਾਂ ਇਨ੍ਹਾਂ ਮੁੰਡਿਆਂ ਨੂੰ ਵਾਅਦਾ ਕਰਦੀ ਸੀ ਕਿ ਉਨ੍ਹਾਂ ਦੀ ਧੀ ਪੀੜਤ ਮੁੰਡਿਆਂ ਨਾਲ ਵਿਆਹ ਕਰੇਗੀ ਅਤੇ ਫਿਰ ਉਨ੍ਹਾਂ ਨੂੰ ਕੈਨੇਡਾ ਲੈ ਜਾਵੇਗੀ। ਪਰ ਇਸ ਦੇ ਬਦਲੇ ਪੀੜਤ ਮੁੰਡੇ ਦੇ ਮਾਪਿਆਂ ਨੂੰ ਪੈਸੇ ਦੇਣੇ ਪੈਣਗੇ।

ਸਹਾਇਕ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੈਟਰੀਮੋਨੀਅਲ ਮਸ਼ਹੂਰੀਆਂ ਰਾਹੀਂ ਆਪਣੇ ਸ਼ਿਕਾਰ ਲੱਭਦੇ ਸੀ। ਅਸ਼ੋਕ ਕੁਮਾਰ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਸੀ।

ਮੈਟਰੀਮੋਨੀਅਲ ਇਸ਼ਤਿਹਾਰਾਂ ਤੋਂ ਬਿਨਾਂ ਵੀ ਮੁਲਜ਼ਮ ਕੈਨੇਡਾ ਜਾਣ ਦੇ ਚਾਹਵਾਨ ਨੌਜਵਾਨਾਂ ਦੀ ਭਾਲ ਵਿੱਚ ਰਹਿੰਦੇ ਸਨ।

ਉਨ੍ਹਾਂ ਦੱਸਿਆ ਰਿਸ਼ਤੇ ਦੀ ਗੱਲ ਅੱਗੇ ਵਧਣ ਮਗਰੋਂ ਹਰਪ੍ਰੀਤ ਕੌਰ ਦੀ ਫੋਟੋ ਨੂੰ ਸ਼ਗਨ ਲਾ ਕੇ ਮੰਗਣੀ ਦੀ ਰਸਮ ਅਦਾ ਕੀਤੀ ਜਾਂਦੀ ਸੀ। ਮੰਗਣੀ ਤੋਂ ਬਾਅਦ ਹਰਪ੍ਰੀਤ ਪੀੜਤਾਂ ਨਾਲ ਗੱਲ ਕਰਨਾ ਜਾਰੀ ਰੱਖਦੀ ਸੀ।

ਹਰਪ੍ਰੀਤ ਦੀ ਮਾਂ ਆਪਣੇ ਵਿਧਵਾ ਹੋਣ ਅਤੇ ਕੁੜੀ ਨੂੰ ਪੜਾਉਣ ਉੱਤੇ ਆਏ ਖ਼ਰਚੇ ਅਤੇ ਕਰਜ਼ੇ ਦਾ ਹਵਾਲਾ ਦੇ ਕੇ ਮੁੰਡਿਆਂ ਦੇ ਪਰਿਵਾਰਾਂ ਕੋਲੋਂ ਪੈਸੇ ਮੰਗਦੀ ਸੀ।

ਸਹਾਇਕ ਸਬ ਇੰਸਪੈਕਟਰ ਨੇ ਦੱਸਿਆ, "ਪੈਸੇ ਦੀ ਲੈਣ-ਦੇਣ ਦੀ ਪ੍ਰੀਕਿਰਿਆ ਪੂਰੀ ਕਾਨੂੰਨੀ ਤਰੀਕੇ ਨਾਲ ਹੁੰਦੀ ਸੀ। ਮੁਲਜ਼ਮਾਂ ਵੱਲੋਂ ਮੁੰਡੇ ਨੂੰ ਕੈਨੇਡਾ ਲੈ ਕੇ ਦੇ ਹਲਫ਼ਨਾਮਾ ਦਿੱਤਾ ਜਾਂਦਾ ਸੀ। ਪੈਸੇ ਸਿੱਧੇ ਕੁੜੀ ਦੇ ਭਰਾ ਮਨਪ੍ਰੀਤ ਦੇ ਖਾਤੇ ਵਿੱਚ ਪਵਾਏ ਜਾਂਦੇ ਸਨ। ਮੁਲਜ਼ਮਾਂ ਵੱਲੋਂ ਪੀੜਤਾਂ ਨੂੰ ਖਾਲ੍ਹੀ ਚੈੱਕ ਵੀ ਦਿੱਤੇ ਜਾਂਦੇ ਸਨ। ਜਿਸ ਕਰ ਕੇ ਪੀੜਤ ਜਲਦੀ ਭਰੋਸਾ ਕਰ ਲੈਂਦੇ ਸਨ।"

ਹਰਪ੍ਰੀਤ ਕੌਰ

ਕਿਵੇਂ ਸ਼ੁਰੂ ਹੋਇਆ ਮਾਮਲੇ

ਪੁਲਿਸ ਮੁਤਾਬਕ, ਮੁਲਜ਼ਮ ਨਵੇਂ ਸ਼ਿਕਾਰ ਦੀ ਭਾਲ ਵਿੱਚ ਲੁਧਿਆਣਾ ਦੇ ਦੋਰਾਹਾ ਕਸਬੇ ਵਿੱਚ ਸਨ। ਇੱਥੇ ਉਹ ਨਵੇਂ ਸ਼ਿਕਾਰ ਨਾਲ ਕਥਿਤ ਠੱਗੀ ਮਾਰ ਰਹੇ ਸਨ ਪਰ ਇਹ ਕਥਿਤ ਧੋਖਾਧੜੀ ਤੋਂ ਪਹਿਲਾਂ ਹੀ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।

ਮਾਮਲਾ ਦਰਜ ਹੋਣ ਦਾ ਮੁੱਖ ਕਾਰਨ ਕੁੜੀ ਦੀ ਮਾਂ ਦੀ ਲਾਪਰਵਾਹੀ ਸੀ। ਉਸ ਨੇ ਗ਼ਲਤੀ ਨਾਲ ਬਠਿੰਡਾ ਦੇ ਰਹਿਣ ਵਾਲੇ ਆਪਣੀ ਧੀ ਦੇ ਮੰਗੇਤਰ ਨੂੰ ਮੈਸੇਜ ਭੇਜ ਦਿੱਤਾ, ਜਦਕਿ ਉਹ ਉਸ ਨੇ ਆਪਣੀ ਧੀ ਨੂੰ ਭੇਜਣਾ ਸੀ।

ਦਰਅਸਲ, ਹਰਪ੍ਰੀਤ ਕੌਰ ਦੀ ਲੁਧਿਆਣਾ ਜ਼ਿਲ੍ਹੇ ਦੇ ਫੈਜਗੜ੍ਹ ਪਿੰਡ ਦੇ ਵਸਨੀਕ 27 ਸਾਲਾ ਵਿਅਕਤੀ ਨਾਲ 10 ਜੁਲਾਈ ਨੂੰ ਮੰਗਣੀ ਹੋਣ ਵਾਲੀ ਸੀ। ਪਰ ਇੱਥੇ ਹਰਪ੍ਰੀਤ ਕੌਰ ਦਾ ਬਠਿੰਡਾ ਰਹਿਣ ਵਾਲਾ ਪੁਰਾਣਾ ਮੰਗੇਤਰ ਪਹੁੰਚ ਗਿਆ।

ਪੁਲਿਸ ਮੁਤਾਬਕ ਉਸ ਮੈਸੇਜ ਵਿੱਚ ਫੈਜਗੜ੍ਹ ਪਿੰਡ ਦੇ ਵਸਨੀਕ ਨਾਲ ਮੰਗਣੀ ਅਤੇ ਪੈਸੇ ਲੈਣ ਦੀ ਗੱਲ ਹੋ ਰਹੀ ਸੀ।

ਇਹ ਵੀ ਪੜ੍ਹੋ-

ਮੁਲਜ਼ਮ ਕੌਣ ਹਨ?

ਪੁਲਿਸ ਮੁਤਾਬਕ ਹਰਪ੍ਰੀਤ ਕੌਰ ਲਗਭਗ ਤਿੰਨ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜ਼ੇ ਉੱਤੇ ਗਈ ਸੀ। ਮੌਜੂਦਾ ਸਮੇਂ ਉਹ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਹੀ ਹੈ।

ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਗਈ ਸੀ ਤਾਂ ਉਦੋਂ ਵੀ ਕਿਸੇ ਮੁੰਡੇ ਦੇ ਪਰਿਵਾਰ ਨੇ ਸਾਰਾ ਖ਼ਰਚਾ ਚੁੱਕਿਆ ਸੀ। ਮੁੰਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੁੜੀ ਉਸ ਨਾਲ ਵਿਆਹ ਕਰਵਾਏਗੀ ਅਤੇ ਕੈਨੇਡਾ ਨਾਲ ਲੈ ਕੇ ਜਾਵੇਗੀ।

ਕੁੜੀ ਦੀ ਮਾਂ ਸੁਖਦਰਸ਼ਨ ਕੌਰ ਅਤੇ ਉਸ ਦਾ ਭਰਾ ਲੁਧਿਆਣਾ ਦੇ ਸ਼ਹਿਰ ਜਗਰਾਉਂ ਵਿੱਚ ਰਹਿੰਦੇ ਹਨ। ਮੁਲਜ਼ਮ ਅਸ਼ੋਕ ਕੁਮਾਰ ਲੁਧਿਆਣਾ ਦੇ ਛਪਾਰ ਪਿੰਡ ਦਾ ਰਹਿਣ ਵਾਲਾ ਹੈ।

ਹਰਜੀਤ ਨੇ ਦੱਸਿਆ ਕਿ ਜਦੋਂ ਕਿਸੇ ਮੁੰਡੇ ਨਾਲ ਰਿਸ਼ਤੇ ਦੀ ਗੱਲ ਚੱਲਦੀ ਸੀ ਤਾਂ ਅਸ਼ੋਕ ਕਦੀ ਆਪਣੇ-ਆਪ ਨੂੰ ਕੁੜੀ ਦਾ ਫੁੱਫੜ, ਕਦੀ ਚਾਚਾ ਅਤੇ ਕਦੀ ਮਾਮਾ ਦੱਸਦਾ ਸੀ।

ਹਰਪ੍ਰੀਤ ਕੌਰ ਆਪਣੀ ਮਾਂ ਨਾਲ

ਤਸਵੀਰ ਸਰੋਤ, Rajwinder Singh/BBC

ਤਸਵੀਰ ਕੈਪਸ਼ਨ, ਹਰਪ੍ਰੀਤ ਕੌਰ ਦੀ ਮਾਂ ਮੁੰਡੇ ਵਾਲਿਆਂ ਨਾਲ ਗੱਲਬਾਤ ਕਰਦੀ ਸੀ ਅਤੇ ਪੈਸੇ ਬਾਰੇ ਕਹਿੰਦੀ ਸੀ

ਪੁਲਿਸ ਨੇ ਕੀ ਕਾਰਵਾਈ ਕੀਤੀ

ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਹਰਜੀਤ ਸਿੰਘ ਨੇ ਦੱਸਿਆ ਕਿ ਸੁਖਦਰਸ਼ਨ ਕੌਰ, ਮਨਪ੍ਰੀਤ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਕੁੜੀ ਹਰਪ੍ਰੀਤ ਕੌਰ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਉਹ ਕੈਨੇਡਾ ਵਿੱਚ ਹੈ।

ਏਐੱਸਆਈ ਨੇ ਜਾਣਕਾਰੀ ਦਿੱਤੀ ਕਿ ਦੋਰਾਹਾ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 316(2) (ਭਰੋਸੇ ਤੋੜਨ), 318(4) (ਧੋਖਾਧੜੀ) ਅਤੇ 61(2) (ਸਾਜ਼ਿਸ਼) ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਦੋਰਾਹਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਅਕਾਸ਼ ਦੱਤ ਨੇ ਦੱਸਿਆ, "ਹੁਣ ਤੱਕ 12 ਪੀੜਤ ਸਾਹਮਣੇ ਆ ਚੁੱਕੇ ਹਨ। ਅਸੀਂ ਸਾਰਿਆਂ ਦੇ ਬਿਆਨ ਦਰਜ ਕਰ ਲਏ ਹਨ।"

ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਾਲ 2022 ਵਿੱਚ ਕੈਨੇਡਾ ਗਈ ਸੀ ਅਤੇ ਅਜੇ ਵੀ ਉੱਥੇ ਸਟੱਡੀ ਕਰ ਰਹੀ ਹੈ।

ਮੰਗਣੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਪੀੜਤ ਮੁੰਡਿਆਂ ਨਾਲ ਹਰਪ੍ਰੀਤ ਕੌਰ ਨੇ ਆਨਲਾਈਨ ਮੰਗਣੀ ਕੀਤੀ ਸੀ

'ਜ਼ਮੀਨਾਂ ਵੇਚਣੀਆਂ ਪਈਆਂ'

ਕਥਿਤ ਧੋਖਾਧੜੀ ਨੂੰ ਸਾਹਮਣੇ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ ਸੀ।

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਹਰਪ੍ਰੀਤ ਕੌਰ ਦੇ ਵਿਆਹ ਦਾ ਅਖ਼ਬਾਰ ਵਿੱਚ ਇਸ਼ਤਿਹਾਰ ਦੇਖਿਆ ਸੀ। ਜਿਸ ਮਗਰੋਂ 11 ਜੁਲਾਈ 2024 ਨੂੰ ਉਨ੍ਹਾਂ ਦੀ ਹਰਪ੍ਰੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਮੋਗੇ ਦੇ ਇੱਕ ਢਾਬੇ ਉੱਤੇ ਮੰਗਣੀ ਹੋਈ ਸੀ।

ਉਹ ਦੱਸਦੇ ਹਨ ਕਿ ਮੰਗਣੀ ਤੋਂ ਪਹਿਲਾਂ ਮੁਲਜ਼ਮਾਂ ਨੇ ਉਨ੍ਹਾਂ ਤੋਂ 2 ਲੱਖ ਰੁਪਏ ਲਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਹ ਮੰਗਣੀ ਤੋਂ ਪਹਿਲਾਂ ਦੋ ਲੱਖ ਰੁਪਏ ਨਹੀਂ ਦੇਣਗੇ ਤਾਂ ਮੰਗਣੀ ਨਹੀਂ ਹੋਵੇਗੀ।

"ਮੰਗਣੀ ਤੋਂ ਬਾਅਦ ਉਹ ਮੈਨੂੰ ਕੈਨੇਡਾ ਲੈ ਕੇ ਜਾਣ ਵਾਸਤੇ 25 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਪਰ ਮਗਰੋਂ ਡੀਲ 23 ਲੱਖ ਰੁਪਏ ਉੱਤੇ ਫਾਈਨਲ ਹੋਈ ਸੀ। ਮੈਂ ਹਰਪ੍ਰੀਤ ਦੀ 6.50 ਲੱਖ ਰੁਪਏ ਫ਼ੀਸ ਵੀ ਭਰੀ ਸੀ। ਮੈਂ ਹੁਣ ਤੱਕ 18 ਲੱਖ ਰੁਪਏ ਮੁਲਜ਼ਮਾਂ ਨੂੰ ਦੇ ਚੁੱਕਾ ਹਾਂ।"

"ਮੈਂ ਛੋਟੇ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ। ਮੇਰੇ ਕੋਲ ਲਗਭਗ ਪੰਜ ਏਕੜ ਜ਼ਮੀਨ ਸੀ। ਜਿਸ ਵਿੱਚੋਂ ਮੈਨੂੰ ਦੋ ਏਕੜ ਜ਼ਮੀਨ ਮੁਲਜ਼ਮਾਂ ਨੂੰ ਪੈਸੇ ਦੇਣ ਵਾਸਤੇ ਵੇਚਣੀ ਪਈ।"

ਲੁਧਿਆਣਾ

ਆਖ਼ਰੀ ਨਿਸ਼ਾਨਾ

ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਕੈਨੇਡਾ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਸੀ। ਉਹ ਖ਼ੁਦ ਇਟਲੀ ਤੋਂ ਪੰਜਾਬ ਆਏ ਸਨ ਅਤੇ ਕੈਨੇਡਾ ਜਾਣ ਦੇ ਚਾਹਵਾਨ ਸੀ।

ਉਹ ਕਹਿੰਦੇ ਹਨ, "ਅਸੀਂ ਸਾਰਾ ਪਰਿਵਾਰ ਕੈਨੇਡਾ ਜਾਣਾ ਚਾਹੁੰਦੇ ਸੀ। ਇਸ ਲਈ ਕੈਨੇਡਾ ਦਾ ਰਿਸ਼ਤਾ ਲੱਭ ਰਹੇ ਸੀ। ਇਸ ਦੌਰਾਨ ਸਾਡੀ ਰਿਸ਼ਤੇਦਾਰਾਂ ਦੇ ਕਿਸੇ ਜਾਣਕਾਰ ਨੇ ਹਰਪ੍ਰੀਤ ਦੀ ਦੱਸ ਪਾਈ। ਜਦੋਂ ਰਿਸ਼ਤੇ ਦੀ ਗੱਲ ਅੱਗੇ ਤੁਰੀ ਤਾਂ ਕੁੜੀ ਵਾਲਿਆਂ ਨੇ 18 ਲੱਖ ਰੁਪਏ ਮੰਗੇ ਸੀ।"

"ਅਸੀਂ ਇੱਕ ਲੱਖ ਰੁਪਏ ਦੇ ਚੁੱਕੇ ਸੀ। ਚਾਰ ਲੱਖ ਮੰਗਣੀ ਤੋਂ ਬਾਅਦ ਦੇਣਾ ਸੀ ਅਤੇ ਬਾਕੀ ਪੈਸੇ ਮੁੰਡੇ ਦੇ ਕੈਨੇਡਾ ਪਹੁੰਚਣ ਮਗਰੋਂ ਦੇਣੇ ਸੀ। 10 ਜੁਲਾਈ ਨੂੰ ਜਦੋਂ ਮੰਗਣੀ ਦੀ ਤਿਆਰੀ ਚੱਲ ਰਹੀ ਸੀ ਤਾਂ ਸਾਰਾ ਭੇਦ ਖੁੱਲ੍ਹ ਗਿਆ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)