ਜਗਦੀਪ ਧਨਖੜ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੂੰ ਭੇਜੀ ਚਿੱਠੀ ਵਿੱਚ ਕੀ ਲਿਖਿਆ

ਤਸਵੀਰ ਸਰੋਤ, Getty Images
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਸੰਵਿਧਾਨ ਦੀ ਧਾਰਾ 67 (ਏ) ਦੇ ਤਹਿਤ ਅਸਤੀਫ਼ਾ ਦੇ ਦਿੱਤਾ ਹੈ।
ਰਾਸ਼ਟਰਪਤੀ ਦੇ ਨਾਮ ਆਪਣਾ ਅਸਤੀਫ਼ਾ ਲਿਖਦੇ ਹੋਏ ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਹੈ, "ਸਿਹਤ ਸੰਭਾਲ ਨੂੰ ਤਰਜੀਹ ਦਿੰਦਿਆਂ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਦਿਆਂ ਮੈਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦਿੰਦਾ ਹਾਂ।"
"ਮੈਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਮੇਰੇ ਕਾਰਜਕਾਲ ਦੌਰਾਨ ਬਣਾਈ ਰੱਖੇ ਗਏ ਸੁਖ਼ਦ ਅਤੇ ਸ਼ਾਨਦਾਰ ਕੰਮਕਾਜੀ ਸਬੰਧਾਂ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"
"ਮੈਂ ਸਾਡੇ ਮਹਾਨ ਲੋਕਤੰਤਰ ਵਿੱਚ ਉਪ ਰਾਸ਼ਟਰਪਤੀ ਵਜੋਂ ਪ੍ਰਾਪਤ ਕੀਤੇ ਅਨਮੋਲ ਤਜਰਬਿਆਂ ਲਈ ਤਹਿ ਦਿਲੋਂ ਧੰਨਵਾਦੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹਿਯੋਗ ਅਤੇ ਸਮਰਥਨ ਅਨਮੋਲ ਰਿਹਾ ਹੈ। ਮੈਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ।"
"ਸਾਰੇ ਸਤਿਕਾਰਯੋਗ ਸੰਸਦ ਮੈਂਬਰਾਂ ਤੋਂ ਮੈਨੂੰ ਜੋ ਪਿਆਰ, ਵਿਸ਼ਵਾਸ ਅਤੇ ਸਤਿਕਾਰ ਮਿਲਿਆ ਹੈ, ਉਹ ਜ਼ਿੰਦਗੀ ਭਰ ਮੇਰੇ ਦਿਲ ਵਿੱਚ ਰਹੇਗਾ।''
''ਇਸ ਮਹੱਤਵਪੂਰਨ ਸਮੇਂ ਦੌਰਾਨ ਭਾਰਤ ਦੀ ਆਰਥਿਕ ਤਰੱਕੀ ਅਤੇ ਬੇਮਿਸਾਲ ਵਿਕਾਸ ਨੂੰ ਦੇਖਣਾ ਅਤੇ ਇਸ ਵਿੱਚ ਹਿੱਸਾ ਲੈਣਾ ਮੇਰੇ ਲਈ ਬਹੁਤ ਕਿਸਮਤ ਅਤੇ ਸੰਤੁਸ਼ਟੀ ਦੀ ਗੱਲ ਰਹੀ ਹੈ।"
ਕੌਣ ਹਨ ਜਗਦੀਪ ਧਨਖੜ?

ਤਸਵੀਰ ਸਰੋਤ, Getty Images
18 ਮਈ 1951 ਨੂੰ ਰਾਜਸਥਾਨ ਦੇ ਝੂੰਝੁਨੂ ਜ਼ਿਲ੍ਹੇ ਦੇ ਪਿੰਡ ਕਿਠਾਣਾ ਵਿੱਚ ਜਨਮੇ ਜਗਦੀਪ ਧਨਖੜ ਨੇ ਜੁਲਾਈ 2022 ਵਿੱਚ ਉਪ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ।
ਉਹ ਭਾਰਤ ਦੇ 14ਵੇਂ ਉਪ-ਰਾਸ਼ਟਰਪਤੀ ਚੁਣੇ ਗਏ ਸਨ।
ਉਨ੍ਹਾਂ ਦੀ ਮੁੱਢਲੀ ਸਿੱਖਿਆ ਕਿਠਾਣਾ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਹੋਈ। ਜਿਸ ਤੋਂ ਬਾਅਦ, ਉਨ੍ਹਾਂ ਨੇ ਇੱਕ ਸਕਾਲਰਸ਼ਿਪ ਪ੍ਰਾਪਤ ਕੀਤੀ ਅਤੇ ਚਿਤੌੜਗੜ੍ਹ ਦੇ ਸੈਨਿਕ ਸਕੂਲ ਵਿੱਚ ਦਾਖ਼ਲਾ ਲੈ ਲਿਆ।
ਧਨਖੜ ਨੇ ਜਾਣੇ-ਮਾਣੇ ਮਹਾਰਾਜਾ ਕਾਲਜ, ਜੈਪੁਰ ਤੋਂ ਬੀਐੱਸਸੀ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਹੀ ਕਾਨੂੰਨ (ਐੱਲਐੱਲਬੀ) ਦੀ ਪੜ੍ਹਾਈ ਕੀਤੀ। ਪੜ੍ਹਾਈ ਵਿੱਚ ਉਹ ਹਮੇਸ਼ਾ ਅੱਵਲ ਰਹੇ।
ਧਨਖੜ, 1979 ਵਿੱਚ ਰਾਜਸਥਾਨ ਬਾਰ ਕੌਂਸਲ ਦੇ ਮੈਂਬਰ ਬਣੇ। 27 ਮਾਰਚ 1990 ਨੂੰ ਉਹ ਸੀਨੀਅਰ ਵਕੀਲ ਬਣੇ।
ਉਸ ਸਮੇਂ ਤੋਂ ਹੀ ਧਨਖੜ ਸੁਪਰੀਮ ਕੋਰਟ 'ਚ ਵੀ ਪ੍ਰੈਕਟਿਸ ਕਰਦੇ ਰਹੇ। ਸਾਲ 1987 ਵਿੱਚ ਉਹ ਰਾਜਸਥਾਨ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਚੁਣੇ ਗਏ ਸਨ।
ਧਨਖੜ ਦਾ ਸਿਆਸੀ ਕਰੀਅਰ ਸਾਲ 1989 ਤੋਂ ਸ਼ੁਰੂ ਹੋਇਆ। ਉਸ ਸਾਲ ਉਹ ਭਾਜਪਾ ਦੇ ਸਮਰਥਨ ਨਾਲ ਜਨਤਾ ਦਲ ਦੀ ਟਿਕਟ 'ਤੇ ਝੁੰਝਨੂ ਤੋਂ ਲੋਕ ਸਭਾ ਚੋਣ ਲੜੇ ਅਤੇ ਜਿੱਤ ਕੇ ਪਹਿਲੀ ਵਾਰ ਸੰਸਦ ਪਹੁੰਚੇ। ਉਹ ਕੇਂਦਰ ਵਿੱਚ ਮੰਤਰੀ ਵੀ ਰਹੇ।

ਤਸਵੀਰ ਸਰੋਤ, SANJAY DAS
ਜਨਤਾ ਦਲ ਦੇ ਵਿਭਾਜਿਤ ਹੋਣ ਤੋਂ ਬਾਅਦ, ਧਨਖੜ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਵਾਲੇ ਪਾਸੇ ਚਲੇ ਗਏ। ਪਰ ਜਨਤਾ ਦਲ ਤੋਂ ਟਿਕਟ ਨਾ ਮਿਲਣ ਕਾਰਨ ਉਹ ਬਾਅਦ ਵਿੱਚ ਕਾਂਗਰਸ ਵਿੱਚ ਚਲੇ ਗਏ।
ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਅਜਮੇਰ ਤੋਂ ਲੋਕ ਸਭਾ ਚੋਣ ਵੀ ਲੜੀ, ਪਰ ਹਾਰ ਗਏ।
ਉਸ ਤੋਂ ਬਾਅਦ, ਸਾਲ 2003 'ਚ ਉਹ ਭਾਜਪਾ 'ਚ ਸ਼ਾਮਲ ਹੋਏ। 1993 ਤੋਂ 1998 ਦਰਮਿਆਨ ਉਹ ਅਜਮੇਰ ਦੀ ਕਿਸ਼ਨਗੜ੍ਹ ਵਿਧਾਨ ਸਭਾ ਤੋਂ ਵਿਧਾਨ ਸਭਾ ਦੇ ਮੈਂਬਰ ਰਹੇ।
ਸਾਲ 2019 ਵਿੱਚ ਉਨ੍ਹਾਂ ਨੇ 30 ਜੁਲਾਈ 2019 ਨੂੰ ਬੰਗਾਲ ਦੇ ਰਾਜਪਾਲ ਵਜੋਂ ਅਹੁਦਾ ਵੀ ਸੰਭਾਲਿਆ ਸੀ।
ਲੋਕ ਸਭਾ ਅਤੇ ਵਿਧਾਨ ਸਭਾ ਦੇ ਆਪਣੇ ਕਾਰਜਕਾਲ ਦੌਰਾਨ ਉਹ ਕਈ ਅਹਿਮ ਕਮੇਟੀਆਂ ਦੇ ਮੈਂਬਰ ਵੀ ਰਹੇ।
ਉਨ੍ਹਾਂ ਦੀ ਧੀ ਕਾਮਨਾ ਨੇ ਜੈਪੁਰ ਦੇ ਐੱਮਜੀਡੀ ਸਕੂਲ ਅਤੇ ਅਜਮੇਰ ਦੇ ਮੇਓ ਕਾਲਜ ਤੋਂ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












