ਤੇਜ਼ਾਬੀ ਹਮਲੇ ਦੇ ਪੀੜਤ ਮਲਕੀਤ ਸਿੰਘ ਨੇ ਆਖਿਰ ਕਿਵੇਂ ਜਿੱਤੀ ਪੈਨਸ਼ਨ ਦੀ ਲੜਾਈ, ਇਨਸਾਫ ਦੀ ਹਾਲੇ ਵੀ ਉਡੀਕ...

    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

“ਤੇਜ਼ਾਬ ਦਾ ਹਮਲਾ ਮੇਰਾ ਪਿੱਛਾ ਨਹੀਂ ਛੱਡਦਾ। ਮੇਰੀ ਪਤਨੀ ਨੇ ਉਸ ਦੌਰ ਵਿੱਚ ਬਹੁਤ ਦੁੱਖ ਝੱਲੇ, ਉਹ ਮੈਨੂੰ ਹਸਪਤਾਲ ਚੁੱਕੀ ਫਿਰਦੀ ਸੀ ਤੇ ਬੱਚੇ ਛੋਟੇ ਸਨ। ਮੇਰੇ ਇਲਾਜ ਲਈ ਪਰਿਵਾਰ ਨੇ ਘਰ ਤੱਕ ਵੇਚ ਦਿੱਤਾ ਪਰ ਮੈਨੂੰ ਅਜੇ ਵੀ ਇਨਸਾਫ਼ ਨਹੀਂ ਮਿਲਿਆ”

ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਤਰੋਂ ਦੇ ਮਲਕੀਤ ਸਿੰਘ ’ਤੇ 2011 ਵਿੱਚ ਉਨ੍ਹਾਂ ਦੇ ਟਰੱਕ ਮਾਲਿਕ ਨੇ ਕਥਿਤ ਤੌਰ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਮਲਕੀਤ ਦੀਆਂ ਦੋਵਾਂ ਅੱਖਾਂ ਸਣੇ ਕਾਫੀ ਸਰੀਰ ਝੁਲਸਿਆ ਗਿਆ ਸੀ।

ਉਸ ਨੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਲੜਾਈ ਲੜੀ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰੀ ਚੰਦ ਅਰੋੜਾ ਦੀ ਮਦਦ ਨਾਲ ਤੇਜ਼ਾਬ ਪੀੜਤ ਪੈਨਸ਼ਨ ਵੀ ਹਾਸਲ ਕੀਤੀ।

ਹਰੀ ਚੰਦ ਮੁਤਾਬਕ ਇਹ ਭਾਰਤ ਵਿੱਚ ਅਜਿਹਾ ਪਹਿਲ ਕੇਸ ਹੈ, ਜਿਸ ’ਚ ਤੇਜ਼ਾਬ ਹਮਲੇ ਦੇ ਕਿਸੇ ਮਰਦ ਪੀੜਤ ਨੂੰ ਪੈਨਸ਼ਨ ਦੀ ਸਹਾਇਤਾ ਮਿਲੀ ਹੋਵੇ।

ਸਾਲਾਂ ਦੀ ਲੜਾਈ ਮਗਰੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 2024 ਵਿੱਚ ਪ੍ਰਤੀ ਮਹੀਨਾ 8000 ਰੁਪਏ ਪੈਨਸ਼ਨ ਮਿਲਣੀ ਸ਼ੁਰੂ ਹੋਈ।

“ਮੇਰੇ ਪਤੀ ਦੀਆਂ ਅੱਖਾਂ ਮੱਚ ਗਈਆਂ ਤੇ ਉਹ ਦਰਦ ’ਚ ਤੜਫ ਰਿਹਾ ਸੀ”

ਪੀੜਤ ਮਲਕੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਉਸ ਦਿਨ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ।

ਉਨ੍ਹਾਂ ਦੱਸਿਆ,“ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ। ਸ਼ਾਮ ਨੂੰ ਇੱਕ ਆਦਮੀ ਮੇਰੇ ਪਤੀ ਨੂੰ ਫੜ ਕੇ ਘਰ ਅੰਦਰ ਲੈ ਕੇ ਆਇਆ। ਜਦੋਂ ਮੈਂ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਦਾ ਸਾਰਾ ਸਰੀਰ ਕਾਲਾ ਹੋਇਆ ਪਿਆ ਸੀ, ਤੇਜ਼ਾਬ ਦੇ ਨਾਲ ਅੱਖਾਂ ਮੱਚ ਚੁੱਕੀਆਂ ਸਨ ਤੇ ਪਿੱਠ ਕਾਲੀ ਹੋ ਚੁੱਕੀ ਸੀ।”

ਕੁਲਵਿੰਦਰ ਕੌਰ ਕਹਿੰਦੇ ਹਨ, “ਹਾਲਾਤ ਇਹ ਸਨ ਕਿ ਮਲਕੀਤ ਦਰਦ ਨਾਲ ਤੜਫ ਰਹੇ ਸਨ। ਪਿੰਡ ਦੇ ਪੰਤਾਇਤ ਮੈਂਬਰ ਨੇ ਮੌਕੇ ’ਤੇ ਐਂਬੂਲੈਂਸ ਕਰਵਾਈ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਧੂਰੀ ਦੇ ਹਸਪਤਾਲ ਲਿਜਾਇਆ ਗਿਆ। ਉਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਅਤੇ ਪਟਿਆਲਾ ਵਿੱਚ ਮੇਰੇ ਪਤੀ ਦਾ ਲੰਬਾ ਸਮਾਂ ਇਲਾਜ ਚੱਲਿਆ।”

ਕੁਲਵਿੰਦਰ ਕੌਰ ਨੇ ਦੱਸਿਆ,“ਇਲਾਜ ਦੌਰਾਨ ਡਾਕਟਰ ਅਣਗਹਿਲੀ ਕਰਦੇ ਸਨ ਅਤੇ ਇੱਕ ਵਾਰ ਹਾਲਾਤ ਇਹੋ ਜਿਹੇ ਹੋ ਗਏ ਕਿ ਮੇਰੇ ਪਤੀ ਦੀ ਪਿੱਠ ਉੱਪਰ ਡਾਕਟਰਾਂ ਵੱਲੋਂ ਜ਼ਖ਼ਮਾਂ ਦੀ ਸਫ਼ਾਈ ਨਾ ਕਰਨ ਕਾਰਨ ਕੀੜੇ ਪੈਣੇ ਸ਼ੁਰੂ ਹੋ ਗਏ। ਫਿਰ ਪਟਿਆਲਾ ਦੇ ਹਸਪਤਾਲ ਨੂੰ ਛੱਡ ਸਾਨੂੰ ਬਨੂੜ ਦੇ ਹਸਪਤਾਲ ਗਿਆਨ ਸਾਗਰ ਵਿੱਚ ਗਏ ਅਤੇ ਉੱਥੇ ਮਲਕੀਤ ਸਿੰਘ ਦਾ ਇਲਾਜ ਕੀਤਾ ਗਿਆ।”

ਵਕੀਲ ਨੇ ਬਿਨਾਂ ਫੀਸ ਦੇ ਲੜਿਆ ਕੇਸ

ਮਲਕੀਤ ਸਿੰਘ ਨੇ ਦੱਸਿਆ ਕਿ ਲੰਬਾ ਸਮਾਂ ਕਾਨੂੰਨੀ ਕਾਰਵਾਈ ਵਿੱਚ ਹਤਾਸ਼ ਹੋਣ ਮਗਰੋਂ ਉਨ੍ਹਾਂ ਨੇ ਅਖਬਾਰ ਵਿੱਚ ਇੱਕ ਹੋਰ ਤੇਜ਼ਾਬ ਹਮਲੇ ਦੀ ਪੀੜਤ ਲੜਕੀ ਦੀ ਖਬਰ ਪੜ੍ਹੀ।

ਉਨ੍ਹਾਂ ਦੱਸਿਆ,“ਇਸ ਖਬਰ ਜ਼ਰੀਏ ਮੈਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਸ ਪਰਿਵਾਰ ਨੇ ਮੈਨੂੰ ਐਡਵੋਕੇਟ ਹਰੀ ਚੰਦ ਅਰੋੜਾ ਬਾਰੇ ਜਾਣਕਾਰੀ ਦਿੱਤੀ ਕਿ ਤੇਜ਼ਾਬ ਮਾਮਲੇ ਵਿੱਚ ਵਕੀਲ ਹਰੀ ਚੰਦ ਅਰੋੜਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ।”

ਮਲਕੀਤ ਸਿੰਘ ਨੇ ਦੱਸਿਆ, “ਮੈਂ ਵਕੀਲ ਹਰੀ ਚੰਦ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਚੰਡੀਗੜ੍ਹ ਬੁਲਾਇਆ। ਮੇਰੇ ਕੋਲ ਚੰਡੀਗੜ੍ਹ ਜਾਣ ਵਾਸਤੇ ਕਿਰਾਏ ਦੇ ਪੈਸੇ ਵੀ ਨਹੀਂ ਸਨ। ਮੈਂ ਜਿੰਨੀ ਵਾਰ ਚੰਡੀਗੜ੍ਹ ਗਿਆ, ਮੈਨੂੰ ਵਕੀਲ ਹਰੀ ਚੰਦ ਨੇ ਹੀ ਕਿਰਾਇਆ ਦਿੱਤਾ।”

ਉਨ੍ਹਾਂ ਦੱਸਿਆ,“ਵਕੀਲ ਹਰੀ ਚੰਦ ਨੇ ਮੇਰਾ ਕੇਸ ਲੜਨ ਲਈ ਮੇਰੇ ਤੋਂ ਕੋਈ ਫੀਸ ਨਹੀਂ ਲਈ ਤੇ ਸਿਰਫ ਉਨ੍ਹਾਂ ਦੀ ਮਦਦ ਨਾਲ ਹੀ ਮੈਨੂੰ ਇਹ 8000 ਹਜ਼ਾਰ ਰੁਪਏ ਦੀ ਪੈਨਸ਼ਨ ਸਹਾਇਤੀ ਮਿਲਣੀ ਸ਼ੁਰੂ ਹੋਈ ਹੈ।”

ਤੇਜ਼ਾਬ ਦਾ ਹਮਲਾ ਕਿਸ ਨੇ ਤੇ ਕਿਉਂ ਕੀਤਾ

ਮਲਕੀਤ ਸਿੰਘ ਦੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਹਰੀ ਚੰਦ ਨੇ ਦੱਸਿਆ ਕਿ ਇਸ ਕੇਸ ਵਿੱਚ ਕਾਨੂੰਨੀ ਲੜਾਈ ਥੋੜ੍ਹੀ ਮੁਸ਼ਕਿਲ ਸੀ।

ਉਨ੍ਹਾਂ ਦੱਸਿਆ,“ ਸਾਲ 2011 ਵਿੱਚ ਮਲਕੀਤ ਸਿੰਘ ਦੇ ਟਰੱਕ ਮਾਲਕ ਬਲਦੇਵ ਸਿੰਘ ਨੇ ਉਸ ਨੂੰ ਤਨਖ਼ਾਹ ਦੇਣ ਲਈ ਆਪਣੇ ਘਰ ਬੁਲਾਇਆ ਸੀ। ਜਦੋਂ ਮਲਕੀਤ ਸਿੰਘ ਉਨ੍ਹਾਂ ਦੇ ਘਰ ਆਇਆ ਤਾਂ ਉਨ੍ਹਾਂ ਨੇ ਉਸ ਉਪਰ ਤੇਜ਼ਾਬ ਦੀ ਭਰੀ ਹੋਈ ਪੂਰੀ ਬਾਲਟੀ ਪਾ ਦਿੱਤੀ।”

ਹਰੀ ਚੰਦ ਨੇ ਦੱਸਿਆ,“ਪਹਿਲਾਂ ਤਾਂ ਮਲਕੀਤ ਸਿੰਘ 3 ਲੱਖ ਰੁਪਏ ਮੁਆਵਜ਼ੇ ਲਈ ਆਪਣੀ ਕਾਨੂੰਨੀ ਲੜਾਈ ਲੜਦਾ ਰਿਹਾ ਕਿਉਂਕਿ ਕੁਝ ਲੋਕਾਂ ਨੇ ਵਿੱਚ ਪੈ ਕੇ ਮਲਕੀਤ ਸਿੰਘ ਅਤੇ ਬਲਦੇਵ ਸਿੰਘ ਵਿਚਾਲੇ 2 ਲੱਖ ਰੁਪਏ ਵਿੱਚ ਸਮਝੌਤਾ ਕਰਵਾ ਦਿੱਤਾ ਸੀ।”

“ਇਸ ਲਿਖਤੀ ਸਮਝੌਤੇ ਵਿੱਚ ਇਹ ਲਿਖਿਆ ਗਿਆ ਸੀ ਕਿ ਬਲਦੇਵ ਸਿੰਘ ਨੇ ਉਸ ’ਤੇ ਤੇਜ਼ਾਬ ਨਹੀਂ ਪਾਇਆ। ਉਸ ਤੋਂ ਗ਼ਲਤ ਫਹਿਮੀ ਹੋ ਗਈ ਸੀ ਅਤੇ ਫ਼ਿਰ 3 ਲੱਖ ਮੁਆਵਜ਼ੇ ਲਈ ਵੱਡੀ ਕਾਨੂੰਨੀ ਲੜਾਈ ਲੜਨੀ ਪਈ ਅਤੇ ਬੜੀ ਮੁਸ਼ਕਿਲ ਨਾਲ ਮਲਕੀਤ ਸਿੰਘ ਨੂੰ 3 ਲੱਖ ਰੁਪਏ ਮੁਆਵਜ਼ਾ ਮਿਲਿਆ।”

ਪਤਨੀ ਤੇ ਪਰਿਵਾਰ ਦਾ ਸੰਘਰਸ਼

ਮਲਕੀਤ ਸਿੰਘ ਦੱਸਦੇ ਨੇ ਕਿ ਤੇਜ਼ਾਬ ਦੇ ਹਮਲੇ ਤੋਂ ਬਾਅਦ ਜਿੱਥੇ ਉਨ੍ਹਾਂ ਨੂੰ ਸਰੀਰਕ ਦਰਦ ਝਲਣੇ ਪਏ ਉਥੇ ਹੀ ਮਾਨਸਿਕ ਦਰਦ ਹਾਲੇ ਤੱਕ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ।

ਉਨ੍ਹਾਂ ਦੱਸਿਆ,“ਹਮਲੇ ਤੋਂ ਬਾਅਦ ਮੇਰੀ ਪਤਨੀ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਾਡੇ ਦੋਵੇਂ ਬੱਚੇ ਉਸ ਸਮੇਂ ਬਹੁਤ ਛੋਟੇ ਸਨ। ਇਕ ਪਾਸੇ ਉਨ੍ਹਾਂ ਦਾ ਪਾਲਣ ਪੋਸ਼ਣਾ ਕਰਨਾ ਮੇਰੀ ਪਤਨੀ ਦੀ ਜ਼ਿੰਮੇਵਾਰੀ ਸੀ ਤੇ ਦੂਜੇ ਪਾਸੇ ਉਹ ਇਲਾਜ ਕਰਵਾਉਣ ਲਈ ਮੈਨੂੰ ਹਸਪਤਾਲਾਂ ਵਿੱਚ ਚੁੱਕੀ ਫਿਰਦੀ ਸੀ।”

“ਹਾਲਾਤ ਅਜਿਹੇ ਬਣ ਗਏ ਸਨ ਕਿ ਇਲਾਜ ਕਰਵਾਉਣ ਲਈ ਸਾਡੇ ਕੋਲ ਪੈਸੇ ਨਹੀਂ ਸਨ ਤੇ ਫਿਰ ਮਜਬੂਰਨ ਮੇਰੇ ਪਰਿਵਾਰ ਨੂੰ ਘਰ ਤੇ ਗੱਡੀ ਵੇਚਣੇ ਪਏ।”

ਮਲਕੀਤ ਸਿੰਘ ਨੇ ਦੱਸਿਆ, “ਮੇਰੇ ਸਹੁਰਿਆਂ ਨੇ ਵੀ ਆਪਣੀ ਜ਼ਮੀਨ ਵੇਚ ਕੇ ਸਾਨੂੰ ਇਲਾਜ ਲਈ ਪੈਸੇ ਦਿੱਤੇ ਤਾਂ ਮੇਰਾ ਇਲਾਜ ਹੋ ਸਕਿਆ।”

ਇਨਸਾਫ ਦੀ ਉਡੀਕ

ਮਲਕੀਤ ਸਿੰਘ ਦੇ ਤੇਜ਼ਾਬ ਹਮਲੇ ਕੇਸ ਦੇ ਵਕੀਲ ਮਨਦੀਪ ਸ਼ਰਮਾ ਮੁਤਾਬਕ ਇਸ ਮਾਮਲੇ ਵਿੱਚ ਬਲਦੇਵ ਸਿੰਘ ਅੰਦਾਜ਼ਨ ਡੇਢ ਸਾਲ ਜੇਲ੍ਹ ਵਿੱਚ ਰਿਹਾ। ਇਸ ਤੋਂ ਬਾਅਦ ਧੂਰੀ ਅਦਾਲਤ ਨੇ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ।

ਮਨਦੀਪ ਸ਼ਰਮਾ ਨੇ ਦੱਸਿਆ,“ਇਸ ਤੋਂ ਬਾਅਦ ਮਲਕੀਤ ਸਿੰਘ ਨੇ ਧੂਰੀ ਅਦਾਲਤ ਦੇ ਇਸ ਫ਼ੈਸਲੇ ਨੂੰ ਚੈਲੇਂਜ ਕਰਦੇ ਹੋਏ ਸੰਗਰੂਰ ਕੋਰਟ ਵਿੱਚ ਪਟੀਸ਼ਨ ਪਾਈ।”

ਉਨ੍ਹਾਂ ਦੱਸਿਆ ਕਿ ਇਹ ਮਾਮਲੇ ਅਜੇ ਅਦਾਲਤ ਅਧੀਨ ਹੈ।

ਕੇਸ ਵਿੱਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ

ਮਲਕੀਤ ਸਿੰਘ ਦੀ ਮਦਦ ਕਰਨ ਵਾਲੇ ਤੇ ਕੇਸ ਲੜਨ ਵਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹਰੀ ਚੰਦ ਅਰੋੜਾ ਨੇ ਬੀਬੀਸੀ ਸਹਿਯੋਗੀ ਮਯੰਕ ਮੌਂਗੀਆਂ ਨਾਲ ਗੱਲਬਾਤ ਕਰਦਿਆਂ ਕਿਹਾ,“ਮੇਰੇ ਮੁਤਾਬਕ ਇਹ ਭਾਰਤ ਦਾ ਪਹਿਲਾ ਕੇਸ ਹੈ, ਜਿਸ ਵਿੱਚ ਤੇਜ਼ਾਬੀ ਹਮਲੇ ਦੇ ਪੀੜਤ ਮਰਦ ਨੂੰ ਪੈਨਸ਼ਨ ਸਹਾਇਤੀ ਮਿਲੀ ਹੋਵੇ।”

ਉਨ੍ਹਾਂ ਦੱਸਿਆ,“ਆਮ ਕਰ ਕੇ ਪੂਰੇ ਭਾਰਤ ਵਿੱਚ ਇੱਕ ਹੀ ਕਾਨੂੰਨ ਹੈ ਕਿ ਤੇਜ਼ਾਬੀ ਪੀੜਤ ਕਿਸੇ ਵੀ ਲਿੰਗ ਦੇ ਵਿਅਕਤੀ ਨੂੰ ਸਰਕਾਰ ਵੱਲੋਂ ਇੱਕ ਵਾਰ 3 ਲੱਖ ਰੁਪਏ ਸਹਾਇਤਾ ਮਿਲਦੀ ਹੈ। ਪਰ ਸਾਲ 2017 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤੇਜ਼ਾਬੀ ਹਮਲੇ ਦੀ ਪੀੜਤ ਮਹਿਲਾ ਨੂੰ ਸਰਕਾਰ ਵੱਲੋਂ 8000 ਰੁਪਏ ਪੈਨਸ਼ਨ ਲਾਗੂ ਕਰਨ ਦਾ ਕਾਨੂੰਨ ਪਾਸ ਕੀਤਾ ਸੀ।”

ਵਕੀਲ ਅਰੋੜਾ ਨੇ ਦੱਸਿਆ,“8000 ਮਹੀਨਾ ਪੈਨਸ਼ਨ ਸਕੀਮ ਲਈ ਜਦੋਂ ਮੇਰੇ ਵੱਲੋਂ ਮਲਕੀਤ ਸਿੰਘ ਲਈ ਪਟੀਸ਼ਨ ਪਾਈ ਗਈ ਤਾਂ ਸਰਕਾਰ ਨੇ ਮਲਕੀਤ ਸਿੰਘ ਨੂੰ ਪੈਨਸ਼ਨ ਸਹਾਇਤਾ ਦੇਣ ਤੋਂ ਨਾ ਕਰ ਦਿੱਤੀ। ਜਵਾਬ ਆਇਆ ਕਿ ਇਹ ਸਕੀਮ ਸਿਰਫ਼ ਔਰਤਾਂ ਲਈ ਹੈ। ਫਿਰ ਮੇਰੇ ਵੱਲੋਂ ਇੱਕ ਹੋਰ ਪਟੀਸ਼ਨ ਪਾਈ ਗਈ ਕਿ ਕੋਰਟ ਲਿੰਗ ਦੇ ਆਧਾਰ ’ਤੇ ਤੁਸੀਂ ਤੇਜ਼ਾਬੀ ਪੀੜਤ ਵਿਅਕਤੀ ਨਾਲ ਵਿਤਕਰਾ ਨਹੀਂ ਕਰ ਸਕਦੇ।”

“ਫਿਰ ਲੰਬੀ ਕਾਨੂਨੀ ਲੜਾਈ ਤੋਂ ਬਾਅਦ ਸਾਲ 2024 ਵਿੱਚ ਮਲਕੀਤ ਸਿੰਘ ਨੂੰ 8000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਮਿਲਣੀ ਸ਼ੁਰੂ ਹੋਈ ਅਤੇ ਸਾਲ 2022 ਤੋਂ ਜਿੰਨਾ ਵੀ ਬਕਾਇਆ ਸੀ ਉਹ ਵੀ ਮਲਕੀਤ ਸਿੰਘ ਨੂੰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਲਕੀਤ ਸਿੰਘ ਨੂੰ ਸਿਰਫ਼ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਸੀ, ਜੋ ਕਿ ਇੱਕ ਅੰਗਹੀਣ ਵਿਅਕਤੀ ਨੂੰ ਮਿਲਦੀ ਹੈ।

ਕੀ ਹੈ ਪੰਜਾਬ ਸਰਕਾਰ ਦੀ ਸਹਾਇਤਾ ਸਕੀਮ

ਪੰਜਾਬ ਸਰਕਾਰ ਵੱਲੋਂ ਤੇਜ਼ਬੀ ਹਮਲੇ ਦੇ ਪੀੜਤਾਂ ਦੀ ਭਲਾਈ ਲਈ ਵਿੱਤੀ ਸਹਾਇਤਾ ਦੀ ਸਕੀਮ ਚਲਾਈ ਜਾਂਦੀ ਹੈ। ਸੂਬੇ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਇਹ ਸਾਲ 2017 ਵਿੱਚ ਸ਼ੁਰੂ ਕੀਤੀ ਗਈ ਸੀ।

ਇਸ ਸਕੀਮ ਤਹਿਤ ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਹੋਣ ਵਾਲੀਆਂ ਔਰਤਾਂ ਵਿੱਤੀ ਸਹਾਇਤਾ ਲਈ ਯੋਗ ਹਨ।

ਇਸ ਸਕੀਮ ਲਈ ਸਾਰਾ ਪੈਸਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।

ਇਸ ਸਕੀਮ ਤਹਿਤ ਪੀੜਤਾਂ ਨੂੰ ਮੁੜ ਵਸੇਬੇ ਲਈ ਹਰ ਮਹੀਨੇ ਅੱਠ ਹਜ਼ਾਰ ਰੁਪਏ ਦੀ ਆਰਥਿਕ ਰਾਸ਼ੀ ਦਿੱਤੀ ਜਾਂਦੀ ਹੈ। ਇਹ ਰਾਸ਼ੀ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਦਿੱਤੀ ਜਾਂਦੀ ਹੈ।

ਯੋਗਤਾ ਸ਼ਰਤਾਂ—

ਪੀੜਤ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਹੈ।

ਹਾਦਸੇ ਦੇ ਨਤੀਜੇ ਵਜੋਂ 40 ਫੀਸਦੀ ਤੋਂ ਜ਼ਿਆਦਾ ਡਿਸੇਬਲਡ ਹੋ ਗਿਆ ਹੋਵੇ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਆਂਕੜਿਆਂ ਮੁਤਾਬਕ ਇਸ ਸਕੀਮ ਅਧੀਨ ਕੁੱਲ 26 ਤੇਜਾਬ ਪੀੜਤਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇਹਨਾਂ ਲਾਭਪਾਤਰੀਆਂ ਵਿੱਚ 24 ਔਰਤਾਂ ਹਨ ਅਤੇ 2 ਮਰਦ ਹਨ। ਹਲਾਂਕਿ ਮਲਕੀਤ ਸਿੰਘ ਇਸ ਸਕੀਮ ਅਧੀਨ ਪੈਨਸ਼ਨ ਲੈਣ ਵਾਲੇ ਪਹਿਲੇ ਮਰਦ ਹਨ।

ਭਾਰਤ ਸਰਕਾਰ ਵੀ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਮੁਆਵਜ਼ਾ ਅਤੇ ਇਲਾਜ ਵਿੱਚ ਮਦਦ ਕਰਦੀ ਹੈ।

ਸਾਲ 2013 ਦੇ ਅਪਰਾਧਿਕ ਕਨੂੰਨ ਵਿੱਚ ਤੇਜ਼ਾਬੀ ਹਮਲੇ ਨੂੰ ਇੱਕ ਅਪਰਾਧ ਮੰਨਿਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)