ਹਾਕੀ ਵਿਸ਼ਵ ਕੱਪ: ਕਦੋਂ-ਕਦੋਂ ਤੇ ਕਿੱਥੇ ਹੋਣਗੇ ਭਾਰਤ ਦੇ ਮੈਚ ਤੇ ਜਾਣੋ ਹਾਕੀ ਵਿਸ਼ਵ ਕੱਪ ਨਾਲ ਜੁੜੇ 7 ਨੁਕਤੇ

ਤਸਵੀਰ ਸਰੋਤ, Getty Images
- ਲੇਖਕ, ਮਨੋਜ ਚਤੁਰਵੇਦੀ
- ਰੋਲ, ਪੱਤਰਕਾਰ, ਬੀਬੀਸੀ ਹਿੰਦੀ
15ਵਾਂ ਹਾਕੀ ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਉੜੀਸਾ ਦੇ ਰਾਉਰਕੇਲਾ ਅਤੇ ਭੁਵਨੇਸ਼ਵਰ ਵਿੱਚ ਹੋਣ ਜਾ ਰਿਹਾ ਹੈ।
ਇਸ ਵਿਸ਼ਵ ਕੱਪ ਲਈ ਰਾਉਰਕੇਲਾ 'ਚ ਆਦਿਵਾਸੀ ਕ੍ਰਾਂਤੀਕਾਰੀ ਬਿਰਸਾ ਮੁੰਡਾ ਦੇ ਨਾਂ 'ਤੇ ਵਿਸ਼ੇਸ਼ ਸਟੇਡੀਅਮ ਬਣਾਇਆ ਗਿਆ ਹੈ।
ਵਿਸ਼ਵ ਕੱਪ ਮੈਚਾਂ ਦੀ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ 11 ਜਨਵਰੀ ਨੂੰ ਉਦਘਾਟਨੀ ਸਮਾਗਮ, ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਹੋਵੇਗਾ।
ਇਸ ਵਿੱਚ ਬਾਲੀਵੁੱਡ ਸਿਤਾਰੇ ਰਣਬੀਰ ਸਿੰਘ, ਦਿਸ਼ਾ ਪਟਨੀ, ਸੰਗੀਤਕਾਰ ਪ੍ਰੀਤਮ, ਗਾਇਕਾ ਨੀਤੀ ਮੋਹਨ, ਗਾਇਕ ਬੈਨੀ ਦਿਆਲ ਅਤੇ ਬਲੈਕਸਨ ਡਾਂਸ ਗਰੁੱਪ ਪਰਫਾਰਮ ਕਰਦੇ ਨਜ਼ਰ ਆਉਣਗੇ।
ਭਾਰਤ ਨੇ ਇਸ ਤੋਂ ਪਹਿਲਾਂ ਮੁੰਬਈ, ਨਵੀਂ ਦਿੱਲੀ ਅਤੇ ਭੁਵਨੇਸ਼ਵਰ ਵਿੱਚ ਵਿਸ਼ਵ ਕੱਪ ਦਾ ਪ੍ਰਬੰਧ ਕੀਤਾ ਹੋਇਆ ਹੈ। ਪਰ ਕੋਈ ਵੀ ਮੇਜ਼ਬਾਨੀ ਉਸ ਨੂੰ ਪੋਡੀਅਮ 'ਤੇ ਚੜਾਉਣ ਲਈ ਕਾਮਯਾਬ ਨਹੀਂ ਹੋ ਸਕੀ।
ਪਰ ਇਸ ਵਾਰ ਭਾਰਤ 47 ਸਾਲਾਂ ਤੋਂ ਚੱਲਿਆ ਆ ਰਿਹਾ ਮੈਡਲ ਦਾ ਸੋਕਾ ਖ਼ਤਮ ਕਰਨ ਦਾ ਭਰੋਸਾ ਹੈ।
ਭਾਰਤ ਨੂੰ ਆਖ਼ਰੀ ਸਫਲਤਾ 1975 ਵਿੱਚ ਮਿਲੀ ਸੀ
ਭਾਰਤ ਨੇ ਆਖ਼ਰੀ ਵਾਰ 1975 ਵਿੱਚ ਅਜੀਤਪਾਲ ਸਿੰਘ ਦੀ ਅਗਵਾਈ ਵਿੱਚ ਸੋਨ ਤਮਗਾ ਜਿੱਤਿਆ ਸੀ। ਉਸ ਤੋਂ ਭਾਰਤੀ ਟੀਮ ਕਦੇ ਵੀ ਪੋਡੀਅਮ 'ਤੇ ਨਹੀਂ ਚੜ੍ਹ ਸਕੀ।
ਇਸ ਤੋਂ ਪਹਿਲਾਂ 1971 ਵਿੱਚ ਪਹਿਲੇ ਵਿਸ਼ਵ ਕੱਪ ਵਿੱਚ ਭਾਰਤ ਨੇ ਕਾਂਸੀ ਦਾ ਤੇ 1973 ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਇਸ ਤਰ੍ਹਾਂ ਭਾਰਤ ਦੇ ਕੋਲ ਵਿਸ਼ਵ ਕੱਪ ਦੇ ਸਿਰਫ਼ ਤਿੰਨ ਹੀ ਮੈਡਲ ਹਨ। ਪਰ ਇਸ ਵਾਰ ਇਸ ਵਿੱਚ ਇੱਕ ਹੋਰ ਤਮਗਾ ਜੁੜਨ ਦੀ ਉਮੀਦ ਹੈ।
ਭਾਗ ਲੈਣ ਵਾਲੀਆਂ ਟੀਮਾਂ ਨੂੰ ਚਾਰ-ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ ਨੂੰ ਸਪੇਨ, ਵੇਲਜ਼ ਅਤੇ ਇੰਗਲੈਂਡ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਆਸਟਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਨੂੰ ਗਰੁੱਪ ਏ ਵਿੱਚ ਹਨ।
ਪਿਛਲੇ ਚੈਂਪੀਅਨ ਬੈਲਜੀਅਮ, ਜਰਮਨੀ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਗਰੁੱਪ ਬੀ ਵਿੱਚ, ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿਲੀ ਨੂੰ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ।

ਤਸਵੀਰ ਸਰੋਤ, Getty Images
ਕਦੋਂ-ਕਦੋਂ ਹੋਣਗੇ ਭਾਰਤੀ ਦੇ ਮੈਚ

- 13/01/2023 - ਭਾਰਤ ਬਨਾਮ ਸਪੇਨ - ਗਰੁੱਪ ਡੀ - ਰਾਉਰਕੇਲਾ - ਸ਼ਾਮ 7 ਵਜੇ
- 15/01/2023 - ਇੰਗਲੈਂਡ ਬਨਾਮ ਭਾਰਤ - ਗਰੁੱਪ ਡੀ - ਰਾਊਰਕੇਲਾ - ਸ਼ਾਮ 7 ਵਜੇ
- 19/01/2023 - ਭਾਰਤ ਬਨਾਮ ਵੇਲਜ਼ - ਗਰੁੱਪ ਡੀ - ਭੁਵਨੇਸ਼ਵਰ - ਸ਼ਾਮ 7 ਵਜੇ
ਸੈਮੀਫਾਈਨਲ:
- 27/01/2023 - ਪਹਿਲਾ ਸੈਮੀਫਾਈਨਲ - ਭੁਵਨੇਸ਼ਵਰ - ਸ਼ਾਮ 4:30 ਵਜੇ
- 27/01/2023 - ਦੂਜਾ ਸੈਮੀਫਾਈਨਲ - ਭੁਵਨੇਸ਼ਵਰ - ਸ਼ਾਮ 7 ਵਜੇ
- 28/01/2023 - ਪਲੇਸਮੈਂਟ ਮੈਚ (13ਵੇਂ-16ਵੇਂ ਅਤੇ 9ਵੇਂ-12ਵੇਂ)
ਫਾਈਨਲ:
- 29/01/2023 - ਕਾਂਸੀ ਦਾ ਤਗਮਾ ਮੈਚ - ਸ਼ਾਮ 4:30 ਵਜੇ
- 29/01/2023 - ਗੋਲਡ-ਮੈਡਲ ਮੈਚ - ਸ਼ਾਮ 7 ਵਜੇ

ਭਾਰਤ ਦਾ ਰਾਹ ਔਖਾ ਹੈ
ਭਾਰਤ ਦੇ ਸਾਰੇ ਗਰੁੱਪ ਮੈਚ ਰਾਉਰਕੇਲ ਵਿੱਚ ਖੇਡੇ ਜਾਣੇ ਹਨ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 13 ਜਨਵਰੀ ਨੂੰ ਸਪੇਨ ਖ਼ਿਲਾਫ਼ ਖੇਡ ਕੇ ਕਰੇਗਾ। ਇਸ ਤੋਂ ਬਾਅਦ 15 ਜਨਵਰੀ ਨੂੰ ਇੰਗਲੈਂਡ ਅਤੇ 19 ਜਨਵਰੀ ਨੂੰ ਵੇਲਜ਼ ਨਾਲ ਖੇਡੇਗਾ।
ਇਸ ਵਿਸ਼ਵ ਕੱਪ ਦੇ ਫਾਰਮੈਟ ਮੁਤਾਬਕ ਗਰੁੱਪ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਮਿਲੇਗੀ।
ਗਰੁੱਪ ਵਿੱਚ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਕਰਾਸਓਵਰ ਮੈਚ ਖੇਡਣਗੀਆਂ।
ਭਾਰਤ ਦੇ ਗਰੁੱਪ ਵਿੱਚ ਇੰਗਲੈਂਡ ਅਤੇ ਸਪੇਨ ਵਰਗੀਆਂ ਮਜ਼ਬੂਤ ਟੀਮਾਂ ਦੀ ਮੌਜੂਦਗੀ ਕਾਰਨ ਗਰੁੱਪ ਵਿੱਚ ਪਹਿਲਾ ਸਥਾਨ ਬਣਾਉਣਾ ਆਸਾਨ ਨਹੀਂ ਹੈ। ਇਸ ਦੇ ਲਈ ਸਾਰੀਆਂ ਟੀਮਾਂ ਨੂੰ ਫਤਹਿ ਕਰਨਾ ਹੋਵੇਗਾ।

ਤਸਵੀਰ ਸਰੋਤ, ANI
ਭਾਰਤ ਇਕਲੌਤਾ ਅਜਿਹਾ ਗਰੁੱਪ ਹੈ ਜਿਸ ਨੂੰ ਮੋਹਰੀ ਤਿੰਨ ਟੀਮਾਂ ਦੀ ਦਰਜਾਬੰਦੀ ਵਿੱਚ ਸਿਰਫ਼ ਚਾਰ ਸਥਾਨਾਂ ਦਾ ਫ਼ਰਕ ਹੈ। ਕੁਝ ਸਮਾਂ ਪਹਿਲਾਂ ਤੱਕ ਭਾਰਤ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਸੀ।
ਪਰ ਹੁਣ ਇਸ ਦੀ ਥਾਂ ਇੰਗਲੈਂਡ ਨੇ ਲੈ ਲਈ ਹੈ ਅਤੇ ਭਾਰਤ ਛੇਵੇਂ ਸਥਾਨ 'ਤੇ ਖਿਸਕ ਗਿਆ ਹੈ। ਸਪੇਨ ਅੱਠਵੇਂ ਅਤੇ ਵੇਲਜ਼ 15ਵੇਂ ਸਥਾਨ 'ਤੇ ਹੈ।
ਭਾਰਤ ਨੂੰ ਘਰ ਵਿੱਚ ਖੇਡਣ 'ਤੇ ਚਹੇਤੇ ਦਰਸ਼ਕਾਂ ਦਾ ਸਮਰਥਨ ਦਾ ਲਾਭ ਮਿਲਣਾ ਤੈਅ ਹੈ। ਅਸਲ ਵਿੱਚ ਹਾਕੀ ਵਿੱਚ ਕਾਫੀ ਸਮੇਂ ਬਾਅਦ ਮੈਚ ਦਰਸ਼ਕਾਂ ਵਿਚਾਲੇ ਖੇਡੇ ਜਾਣੇ ਹਨ।
ਦਰਸ਼ਕ ਭਾਰਤੀ ਟੀਮ ਦਾ ਸਮਰਥਨ ਕਰਨ ਲਈ ਕਿਸ ਤਰ੍ਹਾਂ ਪਹੁੰਚਣ ਵਾਲੇ ਹਨ, ਇਸ ਦਾ ਅੰਦਾਜ਼ਾ ਸਪੇਨ ਦੇ ਨਾਲ ਹੋਣ ਵਾਲੇ ਪਹਿਲੇ ਮੈਚ ਦੀਆਂ ਸਾਰੀਆਂ ਟਿਕਟਾਂ ਵਿਕਣ ਨਾਲ ਲਗਾਇਆ ਜਾ ਸਕਦਾ ਹੈ।
ਸਪੇਨ ਦੇ ਕਪਤਾਨ ਅਲਵਾਰੋ ਇਗਲੇਸੀਆਸ ਮੈਚ ਦੌਰਾਨ ਪੈਦਾ ਹੋਣ ਵਾਲੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ।

ਮੁੱਖ ਤੱਥ
- ਚਾਰ ਵੇਲੇ ਚੈਂਪੀਅਨ ਰਹੀ ਪਾਕਿਸਤਾਨ, ਸਾਲ 2023 ਦੇ ਵਿਸ਼ਵ ਕੱਪ ਮੁਕਾਬਲੇ ਵਿਚ ਕੁਆਲੀਫਾਈ ਵੀ ਨਹੀਂ ਕਰ ਸਕੀ। ਅਜਿਹਾ ਦੂਜੀ ਵਾਰ ਹੋਇਆ ਹੈ, ਇਸ ਤੋਂ ਪਹਿਲਾਂ ਸਾਲ 2014 ਵਿੱਚ ਹੀ ਉਹ ਕੁਆਲੀਫਾਈ ਕਰਨ ਤੋਂ ਵਾਂਝਾ ਰਹਿ ਗਿਆ ਸੀ।
- 2023 ਪੁਰਸ਼ ਹਾਕੀ ਵਿਸ਼ਵ ਕੱਪ ਚੌਥਾ ਮੌਕਾ ਹੋਵੇਗਾ ਜਦੋਂ ਭਾਰਤ ਪ੍ਰੀਮੀਅਰ ਐੱਫਆਈਐੱਚ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਮੁੰਬਈ 1982, ਦਿੱਲੀ 2010 ਅਤੇ ਓਡੀਸ਼ਾ 2018, ਵਿੱਚ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ, ਭਾਰਤ ਨੇ ਮੇਜ਼ਬਾਨੀ ਕੀਤੀ ਹੈ।
- ਇਹ ਪਹਿਲੀ ਵਾਰ ਹੈ ਕਿ ਪੁਰਸ਼ ਹਾਕੀ ਵਿਸ਼ਵ ਕੱਪ ਦੋ ਸ਼ਹਿਰਾਂ, ਓਡੀਸ਼ਾ ਦੇ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
- 2023 ਦਾ ਐਡੀਸ਼ਨ ਕਿਸੇ ਏਸ਼ਿਆਈ ਦੇਸ਼ ਵਿੱਚ ਸੱਤਵਾਂ ਮੁਕਾਬਲਾ ਹੋਵੇਗਾ, ਪਰ ਤਿੰਨ ਮੇਜ਼ਬਾਨ ਭਾਰਤ, ਪਾਕਿਸਤਾਨ ਅਤੇ ਮਲੇਸ਼ੀਆ, ਵਿੱਚੋਂ ਕੋਈ ਵੀ ਟਰਾਫੀ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
- ਭਾਰਤ ਨੇ ਸਿਰਫ਼ ਇੱਕ ਵਾਰ ਹਾਕੀ ਵਿਸ਼ਵ ਕੱਪ ਜਿੱਤਿਆ ਹੈ, 1975 ਵਿੱਚ ਭਾਰਤੀ ਟੀਮ ਨੇ ਵਿੱਚ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਫਾਈਨਲ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਟਰਾਫੀ ਜਿੱਤੀ ਸੀ।
- ਰਜਿੰਦਰ ਸਿੰਘ ਨੇ ਸਾਲ 1982 ਵਿੱਚ ਮੁੰਬਈ ਵਿੱਚ ਹੋਏ ਵਿਸ਼ਵ ਕੱਪ ਵਿੱਚ 12 ਦੋਲ ਕੀਤੇ ਸਨ, ਜੋ ਹੁਣ ਤੱਕ ਦੇ ਵਿਸ਼ਵ ਕੱਪਾਂ ਵਿੱਚ ਕਿਸੇ ਵੀ ਖਿਡਾਰੀ ਵੱਲੋਂ ਕੀਤੇ ਗਏ ਸਭ ਤੋਂ ਵੱਧ ਗੋਲ ਹਨ।
- ਬੈਲਜੀਅਮ ਦਾ ਜੌਹਨ-ਜੌਹਨ ਡੋਹਮੈਨ 2023 ਵਿਸ਼ਵ ਕੱਪ ਵਿੱਚ 436 ਅੰਤਰਰਾਸ਼ਟਰੀ ਮੈਚਾਂ ਦੇ ਨਾਲ ਸਭ ਤੋਂ ਵੱਧ ਕੈਚ ਕਰਨ ਵਾਲੇ ਖਿਡਾਰੀ ਰਹੇ ਹਨ।

ਰਾਉਰਕੇਲਾ ਪਹੁੰਚਣ 'ਤੇ ਉਨ੍ਹਾਂ ਨੇ ਕਿਹਾ, "ਸਾਨੂੰ ਪਤਾ ਹੈ ਕਿ ਰਾਉਰਕੇਲਾ ਸਟੇਡੀਅਮ ਵੱਡਾ ਹੈ ਅਤੇ ਇੱਥੇ ਦਰਸ਼ਕਾਂ ਦੀ ਕਾਫੀ ਭੀੜ ਹੋਵੇਗੀ। ਮੈਚ ਦੌਰਾਨ ਇੰਨਾ ਰੌਲਾ-ਰੱਪਾ ਹੋ ਹੋਵੇਗਾ ਕਿ ਸਾਡੇ ਖਿਡਾਰੀਆਂ ਨੂੰ ਮੈਚ ਦੌਰਾਨ ਗੱਲ ਕਰਨ 'ਚ ਵੀ ਮੁਸ਼ਕਲ ਹੋਵੇਗੀ। ਇਸ ਨਾਲ ਰੈਫਰੀ ਦੀਆਂ ਹਦਾਇਤਾਂ ਨੂੰ ਸੁਣਨਾ ਵੀ ਔਖਾ ਹੋ ਜਾਵੇਗਾ।"
“ਅਸਲ ਵਿੱਚ ਸਮੱਸਿਆ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਟੀਮਾਂ ਨੇ ਦਰਸ਼ਕਾਂ ਦੇ ਸਾਹਮਣੇ ਖੇਡਣ ਦੀ ਆਦਤ ਗੁਆ ਦਿੱਤੀ ਹੈ। ਇਸ ਮਾਹੌਲ ਵਿਚ ਖੇਡਣ ਆਦਤ ਜਿਸ ਟੀਮ ਨੂੰ ਪੈ ਜਾਵੇਗੀ, ਉਸ ਨੂੰ ਜਲਦੀ ਹੀ ਲਾਭ ਮਿਲੇਗਾ।"
ਸਪੇਨ ਤੋਂ ਇਲਾਵਾ ਇੰਗਲੈਂਡ ਵੀ ਅਜਿਹੀ ਟੀਮ ਹੈ, ਜਿਸ ਨੂੰ ਹਰਾਉਣਾ ਆਸਾਨ ਨਹੀਂ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਇਨ੍ਹਾਂ ਦੋਵਾਂ ਵਿਚਾਲੇ ਖੇਡੇ ਗਏ ਮੈਚਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ।
ਦੋਵਾਂ ਦੇਸ਼ਾਂ ਵਿਚਾਲੇ ਖੇਡੇ ਗਏ ਮੈਚ 'ਚ ਇਕ ਸਮੇਂ ਭਾਰਤੀ ਟੀਮ ਨੇ 4-1 ਦੀ ਬੜ੍ਹਤ ਬਣਾ ਲਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹ ਮੈਚ ਆਸਾਨੀ ਨਾਲ ਜਿੱਤ ਲਿਆ ਜਾਵੇਗਾ। ਪਰ ਇੰਗਲੈਂਡ ਦੀ ਟੀਮ 4-4 ਨਾਲ ਬਰਾਬਰੀ ਕਰਨ ਵਿੱਚ ਸਫ਼ਲ ਰਹੀ।
ਜਿੱਥੋਂ ਤੱਕ ਸਪੇਨ ਦੇ ਖ਼ਿਲਾਫ਼ ਪ੍ਰਦਰਸ਼ਨ ਦਾ ਸਵਾਲ ਹੈ, ਇਸ ਸਾਲ ਐੱਫਆਈਐੱਚ ਪ੍ਰੋ ਲੀਗ ਵਿੱਚ, ਭਾਰਤ ਨੇ ਉਸ ਦੇ ਖ਼ਿਲਾਫ਼ ਇੱਕ ਮੈਚ ਹਾਰਿਆ ਅਤੇ ਦੂਜਾ ਪੈਨਲਟੀ ਸ਼ੂਟ ਆਊਟ ਵਿੱਚ ਜਿੱਤਿਆ।
ਅਸਲ ਵਿੱਚ ਦੋਵੇਂ ਟੀਮਾਂ ਬਰਾਬਰ ਹਨ, ਕਿਸੇ ਖ਼ਾਸ ਦਿਨ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਟੀਮ ਮੈਚ ਨੂੰ ਆਪਣੇ ਹੱਕ ਵਿੱਚ ਕਰ ਸਕਦੀ ਹੈ। ਭਾਰਤ ਦੇ ਗਰੁੱਪ ਵਿੱਚ ਚੌਥੀ ਟੀਮ ਵੇਲਜ਼ ਵੱਲੋਂ ਵੀ ਅਣਕਿਆਸੇ ਨਤੀਜੇ ਦੇਣ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ-

ਭਾਰਤ ਦੀ ਸ਼ਾਨਦਾਰ ਤਿਆਰੀ
ਪੈਨਲਟੀ ਕਾਰਨਰ ਮਾਹਿਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਸ ਦੀ ਤਿਆਰੀ ਲਈ ਪਿਛਲੇ ਸਾਲ ਦੇ ਅੰਤ 'ਚ ਦੁਨੀਆ ਦੀ ਨੰਬਰ ਇਕ ਟੀਮ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ।
ਇਸ ਦੌਰੇ 'ਤੇ ਭਾਰਤੀ ਟੀਮ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਇਕ ਜਿੱਤ ਹਾਸਲ ਕਰਨ 'ਚ ਸਫ਼ਲ ਰਹੀ। ਭਾਰਤ ਨੇ ਛੇ ਸਾਲ ਬਾਅਦ ਆਸਟ੍ਰੇਲੀਆ 'ਤੇ ਇਹ ਜਿੱਤ ਹਾਸਲ ਕੀਤੀ, ਜੋ ਕਿ ਮਾਇਨੇ ਰੱਖਦਾ ਹੈ।
ਇਸ ਦੌਰੇ ਨੇ ਟੀਮ ਨੂੰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ 7-0 ਦੀ ਹਾਰ ਤੋਂ ਬਾਅਦ ਆਪਣਾ ਮਨੋਬਲ ਮੁੜ ਬਣਾਉਣ ਵਿੱਚ ਮਦਦ ਕੀਤੀ।
ਇੰਨਾ ਹੀ ਨਹੀਂ ਪੰਜ ਮੈਚਾਂ ਵਿੱਚ 17 ਗੋਲ ਕਰਕੇ ਭਾਰਤੀ ਖਿਡਾਰੀਆਂ ਨੇ ਦਿਖਾਇਆ ਕਿ ਉਹ ਵੀ ਗੋਲ ਕਰਨ ਦੀ ਕਾਬਲੀਅਤ ਰੱਖਦੇ ਹਨ।
ਭਾਰਤ ਕੋਲ ਹਰਮਨਪ੍ਰੀਤ ਦੇ ਰੂਪ ਵਿੱਚ ਇੱਕ ਵਧੀਆ ਡਰੈਗ ਫਲਿੱਕਰ ਹੈ ਪਰ ਕੋਈ ਹੋਰ ਉਸ ਦਾ ਸਮਰਥਨ ਕਰਨ ਵਾਲਾ ਨਹੀਂ ਹੈ।
ਹਾਲਾਂਕਿ ਟੀਮ 'ਚ ਅਮਿਤ ਰੋਹੀਦਾਸ ਅਤੇ ਵਰੁਣ ਕੁਮਾਰ ਹਨ। ਪਰ ਇਨ੍ਹਾਂ ਦੋਵਾਂ ਕੋਲ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਮੁਹਾਰਤ ਨਹੀਂ ਹੈ।

ਤਸਵੀਰ ਸਰੋਤ, Getty Images
ਅਜੋਕੇ ਦੌਰ ਵਿੱਚ ਖਿਡਾਰੀਆਂ ਦੀ ਫਿਟਨੈਸ ਨੂੰ ਬਰਕਰਾਰ ਰੱਖਣ ਲਈ ਅਕਸਰ ਹੀ ਖਿਡਾਰੀਆਂ ਨੂੰ ਅੰਦਰ-ਬਾਹਰ ਕੀਤਾ ਜਾਂਦਾ ਹੈ, ਜਿਸ ਕਾਰਨ ਮੈਦਾਨ ਵਿੱਚ ਹਰ ਸਮੇਂ ਡਰੈਗ ਫਲਿੱਕਰ ਹੋਣਾ ਜ਼ਰੂਰੀ ਹੋ ਜਾਂਦਾ ਹੈ।
ਇਸ ਕਮੀ ਨੂੰ ਦੂਰ ਕਰਨ ਲਈ ਕੋਚ ਗ੍ਰਾਮ ਰੀਡ ਨੇ 1990 ਦੇ ਦਹਾਕੇ ਵਿੱਚ ਨੀਦਰਲੈਂਡ ਦੇ ਪੈਨਲਟੀ ਕਾਰਨਰ ਮਾਹਿਰ ਬ੍ਰਾਮ ਲੋਮਨਜ਼ ਨੂੰ ਦਸੰਬਰ ਵਿੱਚ ਬੈਂਗਲੁਰੂ ਦੇ ਸਾਈ ਸੈਂਟਰ ਵਿੱਚ ਆਯੋਜਿਤ ਸਿਖਲਾਈ ਕੈਂਪ ਵਿੱਚ ਬਾਰੀਕੀਆਂ ਸਿਖਾਉਣ ਲਈ ਬੁਲਾਇਆ। ਇਸ ਦੇ ਫਾਇਦੇ ਜ਼ਰੂਰ ਦੇਖਣ ਨੂੰ ਮਿਲਣਗੇ।
ਇਸੇ ਤਰ੍ਹਾਂ ਭਾਰਤੀ ਗੋਲਕੀਪਿੰਗ ਵਿੱਚ ਸ੍ਰੀਜੇਸ਼ ਦਾ ਕੋਈ ਬਦਲ ਨਹੀਂ ਮਿਲਿਆ ਹੈ।
ਹਾਲਾਂਕਿ, ਕ੍ਰਿਸ਼ਨ ਬਹਾਦੁਰ ਪਾਠਕ ਕੋਲ ਵੀ ਲੰਬਾ ਤਜਰਬਾ ਹੈ ਪਰ ਉਹ ਡਿਫੈਂਸ ਵਿੱਚ ਕਈ ਵਾਰ ਗ਼ਲਤੀਆਂ ਕਰਦੇ ਨਜ਼ਰ ਆਏ ਹਨ। ਇਸ ਦੇ ਲਈ ਡੇਨਿਸ ਵੈਨ ਡੀ ਪਾਲ ਤੋਂ ਬਾਰੀਕੀਆਂ ਸਿਖਾਈਆਂ ਗਈਆਂ ਹਨ।
ਬੈਲਜੀਅਮ ਤੋਂ ਸਖ਼ਤ ਚੁਣੌਤੀ
ਜੇਕਰ ਪਿਛਲੇ ਪੰਜ ਸਾਲਾਂ ਦੀ ਗੱਲ ਕਰੀਏ ਤਾਂ ਬੈਲਜੀਅਮ ਤੋਂ ਬਿਹਤਰ ਪ੍ਰਦਰਸ਼ਨ ਕਿਸੇ ਹੋਰ ਟੀਮ ਨੇ ਨਹੀਂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਟੋਕੀਓ ਓਲੰਪਿਕ ਅਤੇ 2018 ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗਾ ਹੀ ਨਹੀਂ ਜਿੱਤਿਆ, ਸਗੋਂ 2019 ਯੂਰਪੀਅਨ ਚੈਂਪੀਅਨਸ਼ਿਪ ਦਾ ਖਿਤਾਬ ਵੀ ਉਨ੍ਹਾਂ ਕੋਲ ਹੈ।
ਇਸ ਲਈ ਉਹ ਇਕ ਵਾਰ ਫਿਰ ਤੋਂ ਖਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਅਸਲ ਵਿੱਚ, ਉਹ ਇੱਕ ਬਹੁਤ ਹੀ ਸੰਤੁਲਿਤ ਟੀਮ ਹੈ ਅਤੇ ਆਪਣੀ ਹਮਲਾਵਰ ਖੇਡ ਨਾਲ ਕਿਸੇ ਵੀ ਟੀਮ ਨੂੰ ਖਿੰਡਾਉਣ ਦੀ ਸਮਰੱਥਾ ਰੱਖਦੀ ਹੈ।
ਇਸ ਗਰੁੱਪ ਦੀਆਂ ਹੋਰ ਟੀਮਾਂ ਜਰਮਨੀ, ਦੱਖਣੀ ਕੋਰੀਆ ਅਤੇ ਜਾਪਾਨ ਹਨ। ਗਰੁੱਪ ਵਿੱਚ ਪਹਿਲੇ ਸਥਾਨ ਲਈ ਜੇਕਰ ਬੈਲਜੀਅਮ ਨੂੰ ਕਿਸੇ ਵੀ ਟੀਮ ਤੋਂ ਸਖ਼ਤ ਚੁਣੌਤੀ ਮਿਲਣ ਦੀ ਉਮੀਦ ਹੈ ਤਾਂ ਉਹ ਹੈ ਜਰਮਨੀ।
ਇਹ ਸੱਚ ਹੈ ਕਿ 2016 ਰੀਓ ਓਲੰਪਿਕ ਦੇ ਫਾਈਨਲ 'ਚ ਅਰਜਨਟੀਨਾ ਤੋਂ ਹਾਰਨ ਤੋਂ ਇਲਾਵਾ ਉਹ ਪਿਛਲੇ ਸਮੇਂ 'ਚ ਕੋਈ ਦਮਦਾਰ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਵੈਸੇ, ਕੋਰੀਆ ਅਤੇ ਜਾਪਾਨ ਵਿੱਚ ਵੀ ਉਲਟਫੇਰ ਦੀ ਸਮਰੱਥਾ ਹੈ।

ਤਸਵੀਰ ਸਰੋਤ, Getty Images
ਆਸਟ੍ਰੇਲੀਆ ਵੀ ਕਿਸੇ ਤੋਂ ਘੱਟ ਨਹੀਂ ਹੈ
ਜੇਕਰ ਪਿਛਲੇ ਦੋ ਦਹਾਕਿਆਂ 'ਚ ਸਭ ਤੋਂ ਤਾਕਤਵਰ ਪ੍ਰਦਰਸ਼ਨ ਕਰਨ ਵਾਲੀ ਟੀਮ ਦੀ ਗੱਲ ਕਰੀਏ ਤਾਂ ਉਹ ਹੈ ਆਸਟ੍ਰੇਲੀਆ।
ਇਹ ਪਿਛਲੇ ਦੋ ਦਹਾਕਿਆਂ ਵਿੱਚ ਵਿਸ਼ਵ ਕੱਪ ਵਿੱਚ ਹਮੇਸ਼ਾ ਮੋਹਰੀ ਚਾਰ ਟੀਮਾਂ ਵਿੱਚ ਸ਼ਾਮਲ ਰਿਹਾ ਹੈ। ਇਸ ਦੌਰਾਨ ਉਸ ਨੇ ਓਲੰਪਿਕ, ਵਿਸ਼ਵ ਕੱਪ, ਐੱਫਆਈਐੱਚ ਪ੍ਰੋ ਲੀਗ, ਰਾਸ਼ਟਰਮੰਡਲ ਖੇਡਾਂ ਵਰਗੇ ਸਾਰੇ ਵੱਡੇ ਖ਼ਿਤਾਬਾਂ ’ਤੇ ਕਬਜ਼ਾ ਕੀਤਾ ਹੈ।
ਟੋਕੀਓ ਓਲੰਪਿਕ ਦੇ ਫਾਈਨਲ ਵਿਚ ਉਸ ਨੂੰ ਬੈਲਜੀਅਮ ਤੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ।
ਆਸਟਰੇਲੀਆ ਦੇ ਗਰੁੱਪ ਏ ਵਿੱਚ 2016 ਦੇ ਓਲੰਪਿਕ ਚੈਂਪੀਅਨ ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਤਸਵੀਰ ਸਰੋਤ, Getty Images
ਆਸਟ੍ਰੇਲੀਆ ਅੱਜਕੱਲ੍ਹ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਸ ਤੋਂ ਲੱਗਦਾ ਨਹੀਂ ਕਿ ਇਨ੍ਹਾਂ 'ਚੋਂ ਕੋਈ ਵੀ ਟੀਮ ਉਨ੍ਹਾਂ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ।
ਪਰ ਫਿਰ ਵੀ ਤਿੰਨੋਂ ਟੀਮਾਂ ਤੇਜ਼ ਹਾਕੀ ਖੇਡਣ ਵਿੱਚ ਵਿਸ਼ਵਾਸ ਰੱਖਦੀਆਂ ਹਨ, ਇਸ ਲਈ ਉਹ ਅਚਾਨਕ ਕੁਝ ਕਰ ਸਕਦੀਆਂ ਹਨ। ਪਰ ਆਸਟ੍ਰੇਲੀਆਈ ਕਪਤਾਨ ਓਕੇਨਡੇਨ ਇਸ ਵਾਰ ਖਿਤਾਬ ਜਿੱਤਣ ਦਾ ਭਰੋਸਾ ਜਤਾਉਂਦਾ ਹੈ।
ਨੀਦਰਲੈਂਡ ਦੀ ਟੀਮ ਪਿਛਲੇ ਦੋ ਵਿਸ਼ਵ ਕੱਪਾਂ 'ਚ ਫਾਈਨਲ ਤੱਕ ਚੁਣੌਤੀਪੂਰਨ ਰਹੀ ਹੈ ਪਰ ਖਿਤਾਬ 'ਤੇ ਕਬਜ਼ਾ ਨਹੀਂ ਕਰ ਸਕੀ।
ਉਹ ਪਿਛਲੀ ਵਾਰ ਫਾਈਨਲ ਵਿੱਚ ਬੈਲਜੀਅਮ ਤੋਂ ਪੈਨਲਟੀ ਸ਼ੂਟਆਊਟ ਵਿੱਚ ਹਾਰ ਗਏ ਸਨ। ਪਰ ਉਸ ਨੂੰ ਇਸ ਵਾਰ ਚੌਥਾ ਖਿਤਾਬ ਜਿੱਤਣ ਦਾ ਭਰੋਸਾ ਹੈ।
ਪਿਛਲੇ ਕੁਝ ਸਾਲਾਂ ਵਿੱਚ, ਨੀਦਰਲੈਂਡ ਨੇ ਇੱਕ ਯੂਥ ਬ੍ਰਿਗੇਡ ਦੇ ਨਾਲ ਇੱਕ ਟੀਮ ਤਿਆਰ ਕੀਤੀ ਹੈ। ਪਰ ਉਸ ਨੂੰ ਆਖ਼ਰੀ ਵਾਰ ਵਿਸ਼ਵ ਕੱਪ ਜਿੱਤੇ 25 ਸਾਲ ਹੋ ਗਏ ਹਨ।
ਇਹ ਇੱਕ ਸਮਰੱਥ ਟੀਮ ਹੈ ਪਰ ਕੀ ਇਹ ਸੋਨੇ ਤੋਂ ਦੂਰੀ, ਖ਼ਤਮ ਕਰ ਸਕੇਗੀ, ਇਹ ਕਹਿਣਾ ਥੋੜ੍ਹਾ ਮੁਸ਼ਕਲ ਹੈ।












