ਅਮਰਿੰਦਰ ਗਿੱਲ ਦੀ ਫ਼ਿਲਮ ਚੱਲ ਮੇਰਾ ਪੁੱਤ-4 ਕੀ ਭਾਰਤ ਵਿੱਚ ਰਿਲੀਜ਼ ਹੋਵੇਗੀ, ਦੋਵਾਂ ਪੰਜਾਬਾਂ ਦੇ ਕਲਾਕਾਰ ਕੀ ਕਹਿੰਦੇ

ਚੱਲ ਮੇਰਾ ਪੁੱਤ-4

ਤਸਵੀਰ ਸਰੋਤ, akramudas/instagram

    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ

ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ -3 ਤੋਂ ਬਾਅਦ ਹੁਣ ਅਮਰਿੰਦਰ ਗਿੱਲ ਦੀ ਫ਼ਿਲਮ ਚੱਲ ਮੇਰਾ ਪੁੱਤ-4 ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫ਼ਿਲਮ ਦੀ ਰਿਲੀਜ਼ ਡੇਟ ਤੈਅ ਹੋ ਚੁੱਕੀ ਹੈ ਤੇ ਭਾਰਤ ਵਿੱਚ ਅਜੇ ਤੱਕ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ। ਫ਼ਿਲਮ ਦੇ ਪ੍ਰੋਡਿਊਸਰਜ਼ ਹਾਲੇ ਤੱਕ ਸੈਂਸਰ ਬੋਰਡ ਦੀ ਹਰੀ ਝੰਡੀ ਦੀ ਉਡੀਕ ਵਿੱਚ ਹਨ।

ਸਰਦਾਰ ਜੀ-3 ਵਾਂਗ ਚੱਲ ਮੇਰਾ ਪੁੱਤ-4 ਵਿੱਚ ਵੀ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ।

ਸਿਮੀ ਚਾਹਲ ਤੇ ਅਮਰਿੰਦਰ ਗਿੱਲ

ਤਸਵੀਰ ਸਰੋਤ, simi chahal/fb

ਤਸਵੀਰ ਕੈਪਸ਼ਨ, ਫ਼ਿਲਮ ਚੱਲ ਮੇਰਾ ਪੁੱਤ-4 1 ਅਗਸਤ ਨੂੰ ਰਿਲੀਜ਼ ਹੋਣੀ ਹੈ

ਫ਼ਿਲਮ ਦੇ ਮੁੱਖ ਅਦਾਕਾਰਾਂ ਵਿੱਚੋਂ ਇੱਕ ਗੁਰਸ਼ਬਦ ਸਿੰਘ ਨੇ ਦੱਸਿਆ ਕਿ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਗੁਰਸ਼ਬਦ ਸਿੰਘ ਦਾ ਕਹਿਣਾ ਹੈ,''ਫ਼ਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਮੁਕੰਮਲ ਹੋ ਗਈ ਸੀ। ਭਾਰਤ ਵਿੱਚ ਪੰਜਾਬੀ ਫ਼ਿਲਮਾਂ ਦੀ ਇੱਕ ਵੱਡੀ ਔਡੀਅੰਸ ਹੈ ਤੇ ਜੇਕਰ ਇਹ ਫ਼ਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੁੰਦੀ ਤਾਂ ਪ੍ਰੋਡਿਊਸਰਜ਼ ਨੂੰ 50 ਫ਼ੀਸਦ ਨੁਕਸਾਨ ਹੋਵੇਗਾ।''

ਪਹਿਲਗਾਮ ਹਮਲੇ ਤੋਂ ਬਾਅਦ ਲਏ ਗਏ ਫ਼ੈਸਲੇ

ਚੱਲ ਮੇਰਾ ਪੁੱਤ-4 ਫਿਲਮ

ਤਸਵੀਰ ਸਰੋਤ, simi chahal/fb

ਤਸਵੀਰ ਕੈਪਸ਼ਨ, ਗੁਰਸ਼ਬਦ ਸਿੰਘ ਚੱਲ ਮੇਰਾ ਪੁੱਤ-4 ਫਿਲਮ ਵਿੱਚ ਅਮਰਿੰਦਰ ਸਿੰਘ ਦੇ ਮਿੱਤਰ ਦੀ ਭੂਮਿਕਾ ਵਿੱਚ ਹਨ

22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਸੀ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਓਂ ਕਈ ਪਾਬੰਦੀਆਂ ਦੇ ਐਲਾਨ ਕੀਤੇ ਗਏ ਸਨ।

ਇਸ ਸਭ ਵਿਚਾਲੇ ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਵੀ ਬੈਨ ਕਰ ਦਿੱਤੇ ਗਏ ਸਨ। ਕਈ ਪਾਕਿਸਤਾਨੀ ਡਰਾਮਾ ਚੈਨਲ ਤੇ ਯੂਟਿਊਬ ਚੈਨਲ ਵੀ ਬੰਦ ਕੀਤੇ ਗਏ ਸਨ।

ਦਿਲਜੀਤ ਦੀ ਸਰਦਾਰ ਜੀ-3 ਤੇ ਫਵਾਦ ਦੀ ਗੁਲਾਲ ਅਬੀਰ

ਦਿਲਜੀਤ ਦੋਸਾਂਝ

ਤਸਵੀਰ ਸਰੋਤ, Diljit dosanjh/fb

ਤਸਵੀਰ ਕੈਪਸ਼ਨ, ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ-3 ਵੀ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ ਹੈ

ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ-3 ਵਿੱਚ ਵੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਹੋਣ ਕਾਰਨ ਇਹ ਫ਼ਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ ਸੀ। ਜੂਨ ਮਹੀਨੇ ਵਿੱਚ ਇਸ ਫ਼ਿਲਮ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਸੀ।

ਭਾਰਤ ਵਿੱਚ ਇਸ ਫ਼ਿਲਮ ਤੇ ਦਿਲਜੀਤ ਦੋਸਾਂਝ ਦਾ ਵੱਡੇ ਪੱਧਰ ਉੱਤੇ ਵਿਰੋਧ ਹੋਇਆ ਸੀ। ਹਾਲਾਂਕਿ ਕਈ ਸਿਆਸੀ ਆਗੂ ਦਿਲਜੀਤ ਦੋਸਾਂਝ ਦੇ ਪੱਖ ਵਿੱਚ ਵੀ ਆਏ ਸਨ।

ਇਸ ਤੋਂ ਪਹਿਲਾਂ ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਤੇ ਭਾਰਤੀ ਅਦਾਕਾਰਾ ਵਾਨੀ ਕਪੂਰ ਦੀ ਅਬੀਰ ਗੁਲਾਲ ਵੀ ਰਿਲੀਜ਼ ਨਹੀਂ ਹੋ ਸਕੀ ਸੀ।

ਆਰਤੀ ਬਗੜੀ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 9 ਮਈ ਨੂੰ ਰਿਲੀਜ਼ ਹੋਣ ਸੀ ਪਰ ਭਾਰਤ-ਪਾਕਿਸਤਾਨ ਤਣਾਅ ਦੇ ਚਲਦਿਆਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ।

ਫ਼ਿਲਮ ਚੱਲ ਮੇਰਾ ਪੁੱਤ ਵਿੱਚ ਪਾਕਿਸਤਾਨੀ ਕਲਾਕਾਰ

ਚੱਲ ਮੇਰਾ ਪੁੱਤ-4

ਤਸਵੀਰ ਸਰੋਤ, Simi chahal/fb

ਤਸਵੀਰ ਕੈਪਸ਼ਨ, ਚੱਲ ਮੇਰਾ ਪੁੱਤ-4 ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਹੋਣ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ

ਫ਼ਿਲਮ ਚੱਲ ਮੇਰਾ ਪੁੱਤ ਦਾ ਇਹ ਚੌਥਾ ਪਾਰਟ ਹੈ। ਇਸ ਤੋਂ ਪਹਿਲਾਂ ਇਸ ਦੇ 3 ਪਾਰਟ ਆ ਚੁੱਕੇ ਹਨ। ਸਾਲ 2019 ਵਿੱਚ ਪਹਿਲੀ ਵਾਰ ਆਈ ਫ਼ਿਲਮ ਚੱਲ ਮੇਰਾ ਪੁੱਤ ਨੇ ਵਰਲਡ ਲੈਵਲ ਉੱਤੇ ਲਾਈਮਲਾਈਟ ਖੱਟੀ ਸੀ। ਇਸ ਤੋਂ ਬਾਅਦ ਆਈਆਂ ਫਿਲਮਾਂ ਚੱਲ ਮੇਰਾ ਪੁੱਤ-2 ਤੇ ਚੱਲ ਮੇਰਾ ਪੁੱਤ-3 ਵੀ ਹਿੱਟ ਰਹੀਆਂ ਸਨ।

ਫ਼ਿਲਮ ਚੱਲ ਮੇਰਾ ਪੁੱਤ-4 ਵਿੱਚ ਵਿਦੇਸ਼ਾਂ ਵਿੱਚ ਕਮਾਉਣ ਗਏ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਾ ਸੰਘਰਸ਼ ਦਿਖਾਇਆ ਗਿਆ ਹੈ।

ਫ਼ਿਲਮ ਵਿੱਚ ਭਾਰਤ ਵੱਲੋਂ ਮੁੱਖ ਕਲਾਕਾਰ ਅਮਰਿੰਦਰ ਗਿੱਲ, ਗੁਰਸ਼ਬਦ ਸਿੰਘ, ਸਿੰਮੀ ਚਹਿਲ ਤੇ ਹਰਦੀਪ ਗਿੱਲ ਹਨ।

ਪਾਕਿਸਤਾਨ ਪਾਸਿਓਂ ਇਫਤਕਾਰ ਠਾਕੁਰ, ਨਾਸਿਰ ਚਿਨਯੋਤੀ ਤੇ ਅਕਰਮ ਉਦਾਸ ਨੇ ਮੁੱਖ ਭੂਮਿਕਾ ਨਿਭਾਈ ਹੈ।

ਭਾਰਤ ਵਿੱਚ ਕਦੋਂ-ਕਦੋਂ ਪਾਕਿਸਤਾਨੀ ਕਲਾਕਾਰਾਂ ਉੱਤੇ ਲੱਗੀ ਪਾਬੰਦੀ

ਅਕਰਮ ਉਦਾਸ

ਪੀਟੀਆਈ ਦੀ ਰਿਪੋਰਟ ਮੁਤਾਬਕ ਸਾਲ 2016 ਵਿੱਚ ਉਰੀ ਵਿੱਚ ਹੋਏ ਹਮਲੇ ਤੋਂ ਬਾਅਦ ਇੰਡੀਅਨ ਮੋਸ਼ਨ ਪਿੱਚਰਜ਼ ਐਸੋਸੀਏਸ਼ਨ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਆਪਣੀਆਂ ਫ਼ਿਲਮਾਂ ਵਿੱਚੋਂ ਬੈਨ ਕਰਨ ਦਾ ਮਤਾ ਪਾਸ ਕੀਤਾ ਸੀ।

ਇਹ ਫੈਸਲਾ ਕੀਤਾ ਗਿਆ ਸੀ ਕਿ ਪ੍ਰੋਡਿਊਸਰਜ਼ ਵੱਲੋਂ ਕਿਸੇ ਵੀ ਪਾਕਿਸਤਾਨੀ ਨੂੰ ਫ਼ਿਲਮ ਲਈ ਸਾਈਨ ਨਹੀਂ ਕੀਤਾ ਜਾਵੇਗਾ।

ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ ਸਾਲ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਾ ਕਰਨ ਦਾ ਫੈਸਲਾ ਲਿਆ ਸੀ।

ਹਾਲ ਹੀ ਵਿੱਚ ਵੀ ਭਾਰਤ-ਪਾਕਿਸਤਾਨ ਤਣਾਅ ਮਗਰੋਂ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਸੀ ਕਿ ਭਾਰਤ ਵਿੱਚ ਪਾਕਿਸਤਾਨੀ ਨਾਗਰਿਕਾਂ ਤੇ ਐਂਟਰਟੇਨਮੈਂਟ ਨਾਲ ਜੁੜੇ ਲੋਕਾਂ ਦੀ ਡਿਜੀਟਲ ਤੇ ਮੀਡੀਆ ਪ੍ਰੈਜ਼ੇਂਸ ਉੱਤੇ ਮੁਕੰਮਲ ਬੈਨ ਲਗਾਇਆ ਜਾਵੇ।

ਭਾਰਤ-ਪਾਕਿਸਤਾਨ ਇੰਡਸਟਰੀ ਤੇ ਸਬੰਧਾਂ ਉੱਤੇ ਕਿਹੋ ਜਿਹਾ ਅਸਰ

ਅਕਰਮ ਉਦਾਸ

ਤਸਵੀਰ ਸਰੋਤ, akram udas/fb

ਤਸਵੀਰ ਕੈਪਸ਼ਨ, ਅਕਰਮ ਉਦਾਸ ਕਹਿੰਦੇ ਹਨ ਕਿ ਦੋਵੇਂ ਮੁਲਕਾਂ ਦੇ ਕਲਾਕਾਰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਫਿਲਹਾਲ ਕੰਮ ਬਿਲਕੁਲ ਬੰਦ ਹੈ

ਪਾਕਿਸਤਾਨ ਪਾਸਿਓਂ ਇਸ ਫ਼ਿਲਮ ਦੇ ਮੁੱਖ ਕਲਾਕਾਰ ਅਕਰਮ ਉਦਾਸ ਮੁਤਾਬਕ ਭਾਰਤ ਵਿੱਚ ਇਸ ਫ਼ਿਲਮ ਨੂੰ ਮਨਜ਼ੂਰੀ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਨੁਕਸਾਨ ਪ੍ਰੋਡਿਊਸਰਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਫ਼ਿਲਮ ਉੱਤੇ ਪੈਸਾ ਲਗਾਇਆ ਹੁੰਦਾ ਹੈ।

ਅਕਰਮ ਉਦਾਸ ਮੁਤਾਬਕ, ''ਚੱਲ ਮੇਰਾ ਪੁੱਤ-4 ਦੀ ਸ਼ੂਟਿੰਗ ਪਹਿਲਾਂ ਹੀ ਮੁਕੰਮਲ ਹੋ ਗਈ ਸੀ ਪਰ ਬੈਨ ਲੱਗਣ ਤੋਂ ਬਾਅਦ ਉਨ੍ਹਾਂ ਦਾ ਭਾਰਤੀ ਫ਼ਿਲਮਾਂ ਲਈ ਕਰਨ ਵਾਲਾ ਕੰਮ ਰੁਕ ਗਿਆ ਹੈ।''

ਅਕਰਮ ਉਦਾਸ ਕਹਿੰਦੇ ਹਨ ਜਿਵੇਂ ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ-3 ਨੇ ਪਾਕਿਸਤਾਨ ਵਿੱਚ ਚੰਗੀ ਕਮਾਈ ਕੀਤੀ ਹੈ, ਉਹ ਭਾਰਤ ਵਿੱਚ ਵੀ ਰਿਲੀਜ਼ ਹੋਣੀ ਚਾਹੀਦੀ ਸੀ।

ਅਕਰਮ ਉਦਾਸ ਮੁਤਾਬਕ ਉਹ ਜਿਨ੍ਹਾਂ ਭਾਰਤੀ ਫ਼ਿਲਮਾਂ ਵਿੱਚ ਕੰਮ ਕਰ ਰਹੇ ਸਨ, ਉਹ ਫਿਲਹਾਲ ਮੁਕੰਮਲ ਹੋ ਚੁੱਕਿਆ ਹੈ।

ਅਕਰਮ ਉਦਾਸ ਕਹਿੰਦੇ ਹਨ ਕਿ ਦੋਵੇਂ ਮੁਲਕਾਂ ਦੇ ਕਲਾਕਾਰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਫਿਲਹਾਲ ਕੰਮ ਬਿਲਕੁਲ ਬੰਦ ਹੈ।

ਭਾਰਤ-ਪਾਕਿਸਤਾਨ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਾਹਰ ਹੈ ਕਿ ਸਰਕਾਰਾਂ ਦੇ ਅਜਿਹੇ ਫੈਸਲਿਆਂ ਦਾ ਦੋਵਾਂ ਦੇਸ਼ਾਂ ਦੇ ਕਲਾਕਾਰਾਂ ਦੇ ਸਬੰਧਾਂ ਉੱਤੇ ਅਸਰ ਪਿਆ ਹੈ ਪਰ ਫਨਕਾਰਾਂ ਨੂੰ ਸਿਆਸੀ ਮਸਲਿਆਂ ਵਿੱਚ ਨਹੀਂ ਪੈਣਾ ਚਾਹੀਦਾ।

ਅਕਰਮ ਉਦਾਸ ਕਹਿੰਦੇ ਹਨ,''ਇਸ ਵਿੱਚ ਫਨਕਾਰਾਂ ਦੀ ਵੀ ਗਲਤੀ ਹੈ, ਉਨ੍ਹਾਂ ਨੂੰ ਕਲਾਕਾਰੀ ਤੱਕ ਹੀ ਰਹਿਣਾ ਚਾਹੀਦਾ ਹੈ, ਸਿਆਸਤ ਵਿੱਚ ਨਹੀਂ ਪੈਣਾ ਚਾਹੀਦਾ।''

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅਦਾਕਾਰ ਇਫਤਕਾਰ ਠਾਕੁਰ ਨੇ ਵੀ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਬੈਨ ਉੱਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸਦੀ ਕਾਫ਼ੀ ਆਲੋਚਨਾ ਹੋਈ ਸੀ।

'ਪਹਿਲਾਂ ਬਣੀਆਂ ਫ਼ਿਲਮਾਂ ਜ਼ਰੂਰ ਰਿਲੀਜ਼ ਹੋਣ'

ਗੱਬਰ ਸੰਗਰੂਰ

ਤਸਵੀਰ ਸਰੋਤ, Gabbar Sangrur/fb

ਤਸਵੀਰ ਕੈਪਸ਼ਨ, ਗੱਬਰ ਸੰਗਰੂਰ ਮੁਤਾਬਕ ਜੇਕਰ ਫਿਲਮਾਂ ਰੇਸ ਵਿੱਚੋਂ ਹੀ ਬਾਹਰ ਹੋ ਜਾਣਗੀਆਂ ਤਾਂ ਇੰਸਡਸਟਰੀ ਲਈ ਔਖੀ ਘੜੀ ਪੈਦਾ ਹੋ ਜਾਵੇਗੀ

ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰ ਗੱਬਰ ਸੰਗਰੂਰ ਕਹਿੰਦੇ ਹਨ ਕਿ ਜੋ ਫ਼ਿਲਮਾਂ ਪਹਿਲਾਂ ਬਣ ਚੁੱਕੀਆਂ ਹਨ ਉਨ੍ਹਾਂ ਨੂੰ ਜ਼ਰੂਰ ਰਿਲੀਜ਼ ਕਰਨਾ ਚਾਹੀਦਾ ਹੈ।

ਗੱਬਰ ਸੰਗਰੂਰ ਦਾ ਕਹਿਣਾ ਹੈ,''ਸੈਂਸਰ ਬੋਰਡ ਨੂੰ ਇਹ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਕਿ ਫ਼ਿਲਮਾਂ ਦੀ ਤਰੀਕ ਕੀ ਸੀ, ਜਿਹੜੀਆਂ ਫ਼ਿਲਮਾਂ ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀਆਂ ਉਨ੍ਹਾਂ ਨੂੰ ਰਿਲੀਜ਼ ਦੀ ਮਨਜ਼ੂਰੀ ਜ਼ਰੂਰ ਮਿਲਣੀ ਚਾਹੀਦੀ ਹੈ।''

ਗੱਬਰ ਸੰਗਰੂਰ ਮੁਤਾਬਕ ਜਦੋਂ ਵੀ ਅਜਿਹਾ ਕੁਝ ਹੁੰਦਾ ਹੈ ਤੇ ਸਿਨੇਮਾ ਨੂੰ ਤੇ ਇਸ ਨਾਲ ਜੁੜੇ ਕਲਾਕਾਰਾਂ ਨੂੰ ਹੀ ਸਭ ਤੋਂ ਵੱਧ ਨੁਕਸਾਨ ਝੱਲਣਾ ਪੈਂਦਾ ਹੈ। ਜਦਕਿ ਵਾਹਘਾ ਬਾਰਡਰ ਉੱਤੇ ਪਰੇਡ ਤੋਂ ਲੈ ਕੇ ਹੋਰ ਜ਼ਰੂਰੀ ਕੰਮ ਵੀ ਚੱਲ ਰਹੇ ਹਨ।

ਉਹ ਕਹਿੰਦੇ ਹਨ,''ਫ਼ਿਲਮ ਲਾਈਨ ਇਸ ਵੇਲੇ ਔਖੇ ਸਮੇਂ ਵਿੱਚੋਂ ਲੰਘ ਰਹੀ ਹੈ, ਕਈ ਉਤਰਾਅ-ਚੜਾਅ ਹਨ। ਫ਼ਿਲਮਾਂ ਘੱਟ ਬਣ ਰਹੀਆਂ ਹਨ, ਕਲੈਕਸ਼ਨ ਵੀ ਘੱਟ ਹੋ ਰਹੀ ਹੈ। ਇਸ ਲਈ ਇਸ ਵੇਲੇ ਪੰਜਾਬੀ ਫ਼ਿਲਮਾਂ ਨੂੰ ਸਾਥ ਦੀ ਲੋੜ ਹੈ।''

ਗੱਬਰ ਸੰਗਰੂਰ ਮੁਤਾਬਕ ਫ਼ਿਲਮਾਂ ਰਿਲੀਜ਼ ਹੋਣ ਤੋਂ ਬਾਅਦ ਨਾ ਚੱਲਣ, ਉਹ ਬਾਅਦ ਦੀ ਗੱਲ ਹੈ ਪਰ ਜੇਕਰ ਉਹ ਰੇਸ ਵਿੱਚੋਂ ਹੀ ਬਾਹਰ ਹੋ ਜਾਣਗੀਆਂ ਤਾਂ ਇੰਸਡਸਟਰੀ ਲਈ ਔਖੀ ਘੜੀ ਪੈਦਾ ਹੋ ਜਾਵੇਗੀ।

ਸੈਂਸਰ ਬੋਰਡ ਫ਼ਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ

ਗੁਰਸ਼ਬਦ ਸਿੰਘ

ਇਸ ਸਭ ਵਿਚਾਲੇ ਇੱਕ ਸਵਾਲ ਇਹ ਵੀ ਹੈ ਕਿ ਫ਼ਿਲਮਾਂ ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਮਿਲਦੀ ਕਿਵੇਂ ਹੈ।

ਸਭ ਤੋਂ ਪਹਿਲਾਂ ਤਾਂ ਫਿਲਮ ਡਾਇਰੈਕਟਰ ਨੂੰ ਦੱਸਣਾ ਹੁੰਦਾ ਹੈ ਕਿ ਉਹ ਇਹ ਫ਼ਿਲਮ ਕਿਸ ਉਮਰ ਦੇ ਲੋਕਾਂ ਲਈ ਬਣਾ ਰਿਹਾ ਹੁੰਦਾ ਹੈ।

ਅਰਜ਼ੀ ਦੀ ਜਾਂਚ ਤੋਂ ਬਾਅਦ ਫ਼ਿਲਮ ਜਾਂਚ ਸਮਿਤੀ ਨੂੰ ਭੇਜੀ ਜਾਂਦੀ ਹੈ। ਜਾਂਚ ਸਮਿਤੀ ਦੀ ਰਿਪੋਰਟ ਦੇ ਅਧਾਰ ਉੱਤੇ ਫ਼ਿਲਮ ਨੂੰ ਸੈਂਸਰ ਬੋਰਡ ਦੇ ਮੁਖੀ ਕੋਲ ਭੇਜਿਆ ਜਾਂਦਾ ਹੈ।

ਉਹ ਫ਼ਿਲਮ ਵੇਖਦੇ ਹਨ ਤੇ ਜੇਕਰ ਕੋਈ ਇਤਰਾਜ਼ਯੋਗ ਦ੍ਰਿਸ਼ ਜਾਂ ਸੰਵਾਦ ਹੋਵੇ, ਤਾਂ ਫਿਲਮ ਡਾਇਰੈਕਟਰ ਨੂੰ ਉਸ ਨੂੰ ਬਦਲਣ ਜਾਂ ਹਟਾਉਣ ਲਈ ਕਿਹਾ ਜਾਂਦਾ ਹੈ।

ਬਦਲਾਅ ਕਰਨ ਤੋਂ ਬਾਅਦ ਫ਼ਿਲਮ ਨੂੰ ਮੁੜ ਜਾਂਚ ਲਈ ਰਿਵਾਈਜ਼ਿੰਗ ਕਮੇਟੀ ਕੋਲ ਭੇਜਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਫ਼ਿਲਮ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)