ਭਾਰਤੀ ਹਾਕੀ ਦੀ ਇਸ ਤਾਕਤ ਨੇ ਲਗਾਤਾਰ ਦੂਜਾ ਓਲੰਪਿਕ ਮੈਡਲ ਜਿੱਤਣ ਦੀ ਉਮੀਦ ਵਧਾਈ ਹੈ

    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਲਈ

ਐੱਫਆਈਐੱਚ ਪ੍ਰੋ ਲੀਗ ਦੇ ਪਹਿਲੇ ਗੇੜ ਦੇ ਅੱਠ ਮੈਚਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੀ ਖੇਡ ਨੂੰ ਦੇਖਦੇ ਹੋਏ ਅਜਿਹਾ ਲਗਦਾ ਹੈ ਕਿ ਇਸ ਵਿੱਚ ਪੈਰਿਸ ਓਲੰਪਿਕ ਵਿੱਚ ਤਗਮਾ ਜਿੱਤਣ ਵਾਲੀ ਕਲਾਸ ਆ ਗਈ ਹੈੈ।

ਇਸ ਲਈ ਇਸ ਟੀਮ ਤੋਂ ਟੋਕੀਓ ਓਲੰਪਿਕ ਵਰਗੀਆਂ ਉਮੀਦਾਂ ਲਗਾਈਆਂ ਜਾ ਸਕਦੀਆਂ ਹਨ। ਭਾਰਤ ਨੇ 41 ਸਾਲਾਂ ਬਾਅਦ ਟੋਕੀਓ ਵਿੱਚ ਦਾ ਹਾਕੀ ਓਲੰਪਿਕ ਮੈਡਲ ਜਿੱਤਿਆ ਸੀ।

ਪ੍ਰੋ ਲੀਗ ਦੇ ਪਹਿਲੇ ਪੜਾਅ ਵਿੱਚ ਖੇਡੇ ਗਏ ਅੱਠ ਮੈਚਾਂ ਵਿੱਚੋਂ, ਭਾਰਤ ਨੇ ਤਿੰਨ ਜਿੱਤੇ, ਚਾਰ ਡਰਾਅ ਰਹੇ ਅਤੇ ਇੱਕ ਵਿੱਚ ਹਾਰ ਗਈ।

ਡਰਾਅ ਹੋਏ ਚਾਰ ਵਿੱਚੋਂ ਦੋ ਮੈਚਾਂ ਵਿੱਚ ਪੈਨਲਟੀ ਸ਼ੂਟਆਊਟ ਨੂੰ ਆਪਣੇ ਹੱਕ ਵਿੱਚ ਕੀਤਾ। ਇਸ ਤਰ੍ਹਾਂ ਭਾਰਤੀ ਟੀਮ 15 ਅੰਕਾਂ ਨਾਲ ਵਿਸ਼ਵ ਦੀ ਨੰਬਰ ਇਕ ਟੀਮ ਨੀਦਰਲੈਂਡ (26 ਅੰਕ) ਅਤੇ ਆਸਟਰੇਲੀਆ (20 ਅੰਕ) ਤੋਂ ਬਾਅਦ ਤੀਜੇ ਸਥਾਨ ਉੱਤੇ ਹੈ।

ਬਰਾਬਰ ਖੇਡਣ ਦਾ ਜਨੂੰਨ

ਦੁਨੀਆ ਦੀਆਂ ਮਹਾਨ ਟੀਮਾਂ, ਖਾਸ ਕਰਕੇ ਆਸਟ੍ਰੇਲੀਆ ਦੇ ਖਿਲਾਫ ਖੇਡਦੇ ਹੋਏ, ਭਾਰਤੀ ਟੀਮ ਕਦੇ ਵੀ ਆਪਣੀ ਸਭ ਤੋਂ ਵਧੀਆ ਖੇਡ ਖੇਡਦੀ ਨਜ਼ਰ ਨਹੀਂ ਆ ਸਕੀ।

ਇਹੀ ਕਾਰਨ ਹੈ ਕਿ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਵਰਗੇ ਫਾਈਨਲ ਮੈਚਾਂ ਵਿੱਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਜਦਕਿ ਪ੍ਰੋ ਲੀਗ ਮੈਚਾਂ ਦੌਰਾਨ ਭਾਰਤੀ ਟੀਮ ਨਾ ਸਿਰਫ਼ ਆਸਟਰੇਲੀਆ ਨੂੰ ਸਗੋਂ ਨੀਦਰਲੈਂਡ ਵਰਗੀਆਂ ਟੀਮਾਂ ਨੂੰ ਵੀ ਬਰਾਬਰੀ ਦਾ ਮੁਕਾਬਲਾ ਦਿੰਦੀ ਨਜ਼ਰ ਆਈ।

ਪਹਿਲਾਂ ਵੀ ਕਈ ਵਾਰ ਭਾਰਤੀ ਟੀਮ ਅਜਿਹੀਆਂ ਟੀਮਾਂ ਵਿਰੁੱਧ ਰੱਖਿਆਤਮਕ ਢੰਗ ਨਾਲ ਖੇਡ ਕੇ ਜਾਂ ਤਾਂ ਆਪਣੇ ਉੱਤੇ ਦਬਾਅ ਬਣਾ ਲੈਂਦੀ ਹੈ ਜਾਂ ਹਮਲਾਵਰ ਰੁਖ਼ ਅਪਣਾਉਂਦੇ ਹੋਏ ਡਿਫੈਂਸ ਕਮਜ਼ੋਰ ਕਰਕੇੇ ਇੱਕ-ਦੋ ਗੋਲ ਕਰਕੇ ਮਨੋਵਿਗਿਆਨਕ ਤੌਰ ਉੱਤੇ ਕਮਜ਼ੋਰ ਹੋ ਜਾਂਦੀ ਹੈ। ਪਰ ਕੋਚ ਕ੍ਰੇਗ ਫੁਲਟੋਨ ਦੀ ਚੰਡੀ ਹੋਈ ਟੀਮ ਲੜਨ ਦੀ ਸਮਰੱਥਾ ਦਿਖਾਉਣ ਲੱਗੀ ਹੈ।

ਨੀਦਰਲੈਂਡ ਖਿਲਾਫ ਪਹਿਲੇ ਮੈਚ ਵਿੱਚ ਭਾਰਤੀ ਟੀਮ ਖੇਡ ਖਤਮ ਹੋਣ ਤੋਂ ਦੋ ਮਿੰਟ ਪਹਿਲਾਂ ਤੱਕ 1-2 ਨਾਲ ਪਿੱਛੇ ਸੀ।

ਭਾਰਤੀ ਟੀਮ ਆਖਰੀ ਪਲਾਂ ਵਿੱਚ ਹਮਲਾਵਰ ਹੋਈ ਅਤੇ ਪੈਨਲਟੀ ਕਾਰਨਰ ਜਿੱਤ ਕੇ ਹਰਮਨਪ੍ਰੀਤ ਦੇ ਗੋਲ ਨਾਲ ਬਰਾਬਰੀ ਕਰਦੇ ਹੋਏ ਮੈਚ ਨੂੰ ਪੈਨਲਟੀ ਸ਼ੂਟਆਊਟ ਵਿੱਚ ਖਿੱਚ ਲਿਆ ਅਤੇ ਫਿਰ 4-2 ਨਾਲ ਮੈਚ ਆਪਣੇ ਹੱਕ ਵਿੱਚ ਕਰ ਲਿਆ।

ਮਨਪ੍ਰੀਤ ਨੇ ਟੀਮ ਵਿੱਚ ਸੰਤੁਲਨ ਬਣਾਇਆ

ਮਨਪ੍ਰੀਤ ਸਿੰਘ ਨੂੰ ਭਾਰਤੀ ਟੀਮ ਵਿੱਚ ਕਈ ਭੂਮਿਕਾਵਾਂ ਨਿਭਾਉਣ ਵਾਲਾ ਖਿਡਾਰੀ ਮੰਨਿਆ ਜਾ ਸਕਦਾ ਹੈ।

ਉਹ ਨਿਸ਼ਚਿਤ ਹੁਨਰਾਂ ਦੇ ਧਨੀ ਹਨ। ਤਜ਼ਰਬੇ ਦੇ ਨਾਲ-ਨਾਲ ਦਿਮਾਗ ਦੀ ਬਿਹਤਰ ਵਰਤੋਂ ਨੇ ਉਨ੍ਹਾਂ ਨੂੰ ਬੇਮਿਸਾਲ ਖਿਡਾਰੀ ਬਣਾ ਦਿੱਤਾ ਹੈ। ਉਨ੍ਹਾਂ ਨੂੰ ਕਿਸੇ ਵੀ ਭੂਮਿਕਾ, ਬਚਾਅ ਜਾਂ ਹਮਲੇ ਵਿੱਚ ਵਰਤਿਆ ਜਾ ਸਕਦਾ ਹੈ।

ਫੁਲਟੋਨ ਨੇ ਸ਼ੁਰੂਆਤ ਵਿੱਚ ਭਾਰਤੀ ਡਿਫੈਂਸ ਨੂੰ ਮਜ਼ਬੂਤ ​​ਕਰਨ ਲਈ ਡਿਫੈਂਸ ਵਿੱਚ ਉਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪਰ ਇਨ੍ਹਾਂ ਮੈਚਾਂ ਦੌਰਾਨ ਉਹ ਸੈਂਟਰਲ ਅਟੈਕਿੰਗ ਹਾਫ ਵਜੋਂ ਖੇਡਦੇ ਦੇਖੇ ਗਏ ਹਨ।

ਉਨ੍ਹਾਂ ਦੇ ਇਸ ਰੋਲ ਵਿੱਚ ਆਉਣ ਨਾਲ ਭਾਰਤੀ ਹਮਲਿਆਂ ਵਿਚ ਇੱਕ ਵੱਖਰਾ ਤਿੱਖਾਪਣ ਦਿਖਾਈ ਦੇਣ ਲੱਗਿਆ ਹੈ।

ਭਾਰਤ ਨੇ ਆਪਣਾ ਆਖਰੀ ਮੈਚ ਆਇਰਲੈਂਡ ਖਿਲਾਫ ਖੇਡਿਆ ਸੀ। ਇਹ ਆਪਣੇ ਹਮਲਾਵਰ ਰੂਪ ਰਾਹੀਂ ਭਾਰਤ ਉੱਤੇ ਦਬਾਅ ਬਣਾਉਣ ਵਿੱਚ ਕਾਮਯਾਬ ਵੀ ਰਿਹਾ।

ਇਸ ਸਥਿਤੀ ਵਿੱਚ ਮਨਪ੍ਰੀਤ ਨੇ ਖੇਡ ਦੀ ਲੈਅ ਦੇ ਖਿਲਾਫ ਸ਼ਾਨਦਾਰ ਕੋਸ਼ਿਸ਼ ਕੀਤੀ ਅਤੇ ਪੈਨਲਟੀ ਕਾਰਨਰ ਹਾਸਲ ਕਰਕੇ ਭਾਰਤ ਨੂੰ ਲੀਡ ਦਿਵਾਈ ਅਤੇ ਖੇਡ ਦਾ ਪਾਸਾ ਪਲਟ ਦਿੱਤਾ।

ਖਿਡਾਰੀਆਂ ਦੀ ਦੂਹਰੀ ਭੂਮਿਕਾ ਤੋਂ ਲਾਭ

ਫੁਲਟਨ ਨੇ ਕੋਸ਼ਿਸ਼ ਕੀਤੀ ਹੈ ਕਿ ਖਿਡਾਰੀ ਘੱਟੋ-ਘੱਟ ਦੋ ਪੁਜ਼ੀਸ਼ਨਾਂ ਉੱਪਰ ਖੇਡਣ ਦੇ ਯੋਗ ਹੋਣ। ਟੀਮ ਨੂੰ ਇਹ ਲਾਭ ਮਿਲਦਾ ਹੈ ਕਿ ਜੇਕਰ ਇੱਕ ਯੋਜਨਾ ਕੰਮ ਨਹੀਂ ਕਰਦੀ ਹੈ, ਤਾਂ ਦੂਜੀ ਨੂੰ ਅਪਣਾਉਣਾ ਆਸਾਨ ਹੋ ਜਾਂਦਾ ਹੈ।

ਸਾਨੂੰ ਯਾਦ ਹੈ ਕਿ 2012 ਲੰਡਨ ਓਲੰਪਿਕ ਦੇ ਦੌਰਾਨ, ਜਦੋਂ ਇੱਕ ਫਾਰਵਰਡ ਨੂੰ ਹਾਫ ਲਾਈਨ ਵਿੱਚ ਖੇਡਣ ਲਈ ਕਿਹਾ ਗਿਆ ਸੀ, ਤਾਂ ਉਸਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਉਹ ਇਸ ਭੂਮਿਕਾ ਵਿਚ ਆਪਣੇ ਆਪ ਨੂੰ ਸਮਰੱਥ ਨਹੀਂ ਸਮਝਦੇ।

ਇਨ੍ਹਾਂ ਮੈਚਾਂ ਦੌਰਾਨ ਖਿਡਾਰੀਆਂ ਦੀ ਕਾਬਲੀਅਤ ਨੂੰ ਦੂਹਰੀ ਭੂਮਿਕਾ ਵਿੱਚ ਅਜ਼ਮਾਉਂਦੇ ਹੋਏ ਨਵਾਂ ਰੂਪ ਦਿੱਤਾ ਗਿਆ ਹੈ।

ਗੁਰਜੰਟ ਸਿੰਘ ਆਮ ਤੌਰ ਉੱਤੇ ਫਾਰਵਰਡ ਵਜੋਂ ਖੇਡਦੇ ਹਨ। ਹਾਲਾਂਕਿ ਕੁਝ ਲੀਗ ਮੈਚਾਂ ਵਿੱਚ ਉਹ ਸੱਜੇ ਹਾਫ ਬੈਕ ਦੇ ਰੂਪ ਵਿੱਚ ਖੇਡਦੇ ਦੇਖੇ ਗਏ। ਗੁਰਜੰਟ ਦਾ ਕਹਿਣਾ ਹੈ ਕਿ ਕੋਚ ਨੇ ਸਾਰੇ ਖਿਡਾਰੀਆਂ ਨੂੰ ਘੱਟੋ-ਘੱਟ ਦੋ ਭੂਮਿਕਾਵਾਂ ਲਈ ਤਿਆਰ ਕੀਤਾ ਹੈ।

ਅਸਲ ਵਿੱਚ ਫੁਲਟੋਨ ਦਾ ਮੰਨਣਾ ਹੈ ਕਿ ਕਈ ਵਾਰ ਜੇ ਕੋਈ ਖਿਡਾਰੀ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਖਾਸ ਦਿਨ ਉੱਤੇ ਕਲਿੱਕ ਨਹੀਂ ਕਰ ਪਾਉਂਦਾ ਹੈ ਤਾਂ ਟੀਮ ਵਿੱਚ ਉਸ ਭੂਮਿਕਾ ਲਈ ਕਿਸੇ ਹੋਰ ਖਿਡਾਰੀ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਇਹੀ ਕਾਰਨ ਹੈ ਕਿ ਮਨਪ੍ਰੀਤ ਅਤੇ ਹਾਰਦਿਕ ਸਿੰਘ ਵਰਗੇ ਖਿਡਾਰੀ ਨਾ ਸਿਰਫ਼ ਹਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਸਗੋਂ ਲੋੜ ਪੈਣ ਉੱਤੇ ਡਿਫੈਂਸ ਵਿੱਚ ਵੀ ਤਿਆਰ ਦਿਖਾਈ ਦਿੰਦੇ ਹਨ।

ਭਾਰਤ ਨੂੰ ਇੱਕ ਹੋਰ ਸ਼੍ਰੀਜੇਸ਼ ਦੀ ਲੋੜ ਹੈ

ਭਾਰਤੀ ਗੋਲਚੀ ਪੀਆਰ ਸ਼੍ਰੀਜੇਸ਼ ਸ਼ਾਇਦ ਉਸ ਉਮਰ ਵਿੱਚ ਹੋਣ ਜਿੱਥੇ ਖਿਡਾਰੀ ਆਮ ਤੌਰ 'ਤੇ ਸੰਨਿਆਸ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਆਪਣੀ ਹਿੰਮਤ ਕਾਰਨ ਉਹ ਅਜੇ ਵੀ ਭਾਰਤ ਦਾ ਨੰਬਰ ਇਕ ਗੋਲਚੀ ਬਣੇ ਹੋਏ ਹਨ।

ਪ੍ਰੋ ਲੀਗ ਮੈਚਾਂ ਦੌਰਾਨ ਨੀਦਰਲੈਂਡ ਉੱਤੇ ਭਾਰਤ ਦੀ ਜਿੱਤ ਵਿੱਚ ਸ਼ੂਟਆਊਟ ਵਿੱਚ ਦਿਖਾਈ ਗਈ ਹਿੰਮਤ ਹੈਰਾਨੀਜਨਕ ਹੈ।

ਇਹ ਠੀਕ ਹੈ ਕਿ ਭਾਰਤ ਦਾ ਦੂਜਾ ਗੋਲਕੀਪਰ ਕ੍ਰਿਸ਼ਨਾ ਪਾਠਕ ਵੀ ਚੰਗੇ ਹਨ ਪਰ ਉਨ੍ਹਾਂ ਵਿੱਚ ਸ੍ਰੀਜੇਸ਼ ਵਾਲੀ ਕਾਬਲੀਅਤ ਨਹੀਂ ਹੈ। ਇਸ ਲਈ ਭਾਰਤ ਨੂੰ ਇੱਕ ਹੋਰ ਸ੍ਰੀਜੇਸ਼ ਦੀ ਲੋੜ ਹੈ।

ਭਾਰਤ ਦੀ ਬਿਹਤਰ ਕਾਰਗੁਜ਼ਾਰੀ ਵਿੱਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਕੁਸ਼ਲਤਾ ਦਿਖਾਈ।

ਅਮਿਤ ਰੋਹੀਦਾਸ ਵੀ ਲੋੜ ਪੈਣ ਉੱਤੇ ਗੋਲ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਅਮਿਤ ਵਿੱਚ ਹਰਮਨਪ੍ਰੀਤ ਵਾਲੀ ਕਾਬਲੀਅਤ ਨਹੀਂ ਹੈ। ਭਾਰਤ ਨੂੰ ਓਲੰਪਿਕ ਵਿੱਚ ਪੋਡੀਅਮ ਉੱਤੇ ਚੜ੍ਹਨ ਲਈ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਸਖਤ ਮਿਹਨਤ ਕਰਨ ਦੀ ਲੋੜ ਹੈ।

ਸਬਕ ਸਿੱਖਣ ਦੀ ਲੋੜ ਹੈ

ਆਸਟਰੇਲੀਆ ਖਿਲਾਫ ਪਹਿਲੇ ਮੈਚ ਵਿਚ ਬਲੈਕ ਗੋਵਰਸ ਨੇ ਪਹਿਲੇ ਦੋ ਮਿੰਟਾਂ ਵਿੱਚ ਦੋ ਗੋਲ ਕਰਕੇ ਭਾਰਤ ਉੱਤੇ ਦਬਾਅ ਬਣਾ ਦਿੱਤਾ। ਭਾਰਤੀ ਟੀਮ ਨੇ ਇਸ ਦਬਾਅ ਹੇਠ ਟੁੱਟਣ ਦੀ ਥਾਂ ਇਕਜੁਟਤਾ ਦਿਖਾਈ ਅਤੇ ਅੱਧੇ ਸਮੇਂ ਤੱਕ ਚਾਰ ਗੋਲ ਕਰਕੇ ਮੈਚ ਵਿੱਚ 4-2 ਦਾ ਵਾਧਾ ਬਣਾ ਕੇ ਜਿੱਤ ਵੱਲ ਵਧਾ ਦਿੱਤਾ।

ਇਸ ਮੈਚ ਦੇ ਤੀਜੇ ਕੁਆਰਟਰ ਵਿੱਚ ਵੀ ਭਾਰਤੀ ਟੀਮ ਦਾ ਦਬਦਬਾ ਦੇਖਣ ਨੂੰ ਮਿਲਿਆ। ਭਾਰਤੀ ਟੀਮ ਡਿਫੈਂਸ ਵਿਚ ਰੁੱਝ ਗਈ ਜਦੋਂ ਆਸਟਰੇਲੀਆ ਪੂਰੀ ਤਰ੍ਹਾਂ ਹਮਲਾਵਰ ਸੀ। ਇਸ ਕਾਰਨ ਆਸਟਰੇਲੀਆ ਨੇ ਭਾਰਤ ਦੇ ਹਮਲਿਆਂ ਵਿੱਚ ਅਚਾਨਕ ਆਈ ਕਮੀ ਦਾ ਫਾਇਦਾ ਚੁੱਕਦੇੇ ਹੋਏ ਖੇਡ ਦੇ ਆਖਰੀ ਅੱਠ ਮਿੰਟਾਂ ਵਿੱਚ ਤਿੰਨ ਗੋਲ ਕਰਕੇ ਆਪਣੀ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ।

ਕਿਹਾ ਜਾਂਦਾ ਹੈ ਕਿ ਹਮਲਾ ਸਭ ਤੋਂ ਵਧੀਆ ਬਚਾਅ ਹੈ। ਜੇਕਰ ਭਾਰਤੀ ਟੀਮ ਨੇ ਇਸ ਮੈਚ ਵਿੱਚ ਹਮਲਿਆਂ ਦਾ ਸਿਲਸਿਲਾ ਕਾਇਮ ਰੱਖਿਆ ਹੁੰਦਾ ਤਾਂ ਆਸਟ੍ਰੇਲੀਆ ਨੂੰ ਹਮਲਿਆਂ ਉੱਤੇ ਪੂਰਾ ਜ਼ੋਰ ਲਾਉਣ ਦਾ ਮੌਕਾ ਨਹੀਂ ਮਿਲਦਾ, ਕਿਉਂਕਿ ਉਸ ਨੂੰ ਡਿਫੈਂਸ 'ਤੇ ਵੀ ਧਿਆਨ ਦੇਣਾ ਪੈਣਾ ਸੀ।

ਓਲੰਪਿਕ ਲਈ ਬਿਹਤਰ ਸੰਭਾਵਨਾਵਾਂ

ਪੈਰਿਸ ਓਲੰਪਿਕ 'ਚ ਭਾਰਤ ਨੂੰ ਆਸਟਰੇਲੀਆ, ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ।

ਹਰੇਕ ਗਰੁੱਪ ਦੀਆਂ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣਗੀਆਂ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਸ਼ਾਇਦ ਹੀ ਕੋਈ ਦਿੱਕਤ ਆਵੇਗੀ। ਅਸਲ ਪ੍ਰੀਖਿਆ ਤਾਂ ਕੁਆਰਟਰ ਫਾਈਨਲ ਵਿੱਚ ਹੀ ਹੋਵੇਗੀ।

ਆਪਣੇ ਗਰੁੱਪ ਵਿੱਚ ਸ਼ਾਮਲ ਟੀਮਾਂ ਵਿੱਚੋਂ ਭਾਰਤ ਨੇ ਦੋਵੇਂ ਮੈਚਾਂ ਵਿੱਚ ਆਇਰਲੈਂਡ ਨੂੰ ਹਰਾਇਆ ਹੈ ਅਤੇ ਆਸਟਰੇਲੀਆ ਨਾਲ ਇੱਕ ਮੈਚ ਡਰਾਅ ਕੀਤਾ ਹੈ।

ਭਾਰਤ ਨੇ ਓਲੰਪਿਕ ਤੋਂ ਪਹਿਲਾਂ ਆਪਣੇ ਗਰੁੱਪ ਦੇ ਬੈਲਜੀਅਮ ਅਤੇ ਅਰਜਨਟੀਨਾ ਨਾਲ ਵੀ ਖੇਡਣਾ ਸੀ। ਹਾਲਾਂਕਿ ਇਹ ਤੈਅ ਹੈ ਕਿ ਜੇਕਰ ਭਾਰਤੀ ਟੀਮ ਇਸ ਸਮੇਂ ਜਿਸ ਦਬਦਬੇ ਨਾਲ ਖੇਡ ਰਹੀ ਹੈ, ਉਸੇ ਤਰ੍ਹਾਂ ਖੇਡਦੀ ਰਹੀ ਤਾਂ ਯਕੀਨੀ ਹੀ ਲਗਾਤਾਰ ਦੂਜੇ ਓਲੰਪਿਕ ਵਿੱਚ ਤਮਗਾ ਲੈ ਕੇ ਭਾਰਤ ਦੀ ਵਾਪਸੀ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)