ਭੈਣਾਂ ਦੇ ਵਿਆਹ ਲਈ ਦੋ ਦੋਸਤਾਂ ਨੇ ਲੱਭਿਆ ਇੱਕ ਹੀਰਾ, 20 ਦਿਨਾਂ ਵਿੱਚ ਕਿਸਮਤ ਬਦਲਣ ਦੀ ਕਹਾਣੀ

ਤਸਵੀਰ ਸਰੋਤ, AMIT RATHAUR
- ਲੇਖਕ, ਵਿਸ਼ਨੂੰਕਾਂਤ ਤਿਵਾੜੀ
- ਰੋਲ, ਬੀਬੀਸੀ ਪੱਤਰਕਾਰ
ਕੋਈ ਭਰਾ ਆਪਣੀ ਭੈਣ ਲਈ ਕੀ ਕੁਝ ਕਰ ਸਕਦਾ ਹੈ?
ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਰਹਿਣ ਵਾਲੇ ਦੋ ਦੋਸਤਾਂ ਦੀ ਇਹ ਕਹਾਣੀ ਇਸ ਸਵਾਲ ਨਾਲ ਸ਼ੁਰੂ ਹੁੰਦੀ ਹੈ।
9 ਦਸੰਬਰ ਦੀ ਸਰਦ ਸਵੇਰ ਸੀ। ਪੰਨਾ ਡਾਇਮੰਡ ਦੇ ਦਫ਼ਤਰ ਦੇ ਬਾਹਰ ਬਹੁਤੀ ਗਹਿਮਾ-ਗਹਿਮੀ ਨਹੀਂ ਸੀ।
ਪਰ ਕਾਗਜ਼ ਦੀਆਂ ਕਈ ਪਰਤਾਂ ਵਿੱਚ ਲਪੇਟਿਆ ਇੱਕ ਛੋਟਾ ਜਿਹਾ ਪੈਕੇਟ ਫੜੀ ਖੜ੍ਹੇ ਸਾਜਿਦ ਮੁਹੰਮਦ ਅਤੇ ਸਤੀਸ਼ ਖਟੀਕ ਲਈ ਕੋਈ ਆਮ ਦਿਨ ਨਹੀਂ ਸੀ।
ਉਸ ਪੈਕੇਜ ਦੇ ਅੰਦਰ ਇੱਕ 15.34-ਕੈਰੇਟ ਦਾ ਹੀਰਾ ਸੀ ਅਤੇ ਇਸਦੇ ਨਾਲ ਉਹ ਉਮੀਦ ਵੀ ਸਿਮਟੀ ਹੋਈ ਸੀ ਜੋ ਪੰਨਾ ਦੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ, ਪਰ ਬਹੁਤ ਘੱਟ ਲੋਕਾਂ ਦੀ ਇਹ ਆਸ ਪੂਰੀ ਹੁੰਦੀ ਹੈ।
ਸਾਜਿਦ ਦੀ ਇੱਕ ਛੋਟੀ ਜਿਹੀ ਫ਼ਲਾਂ ਦੀ ਦੁਕਾਨ ਹੈ। ਸਾਜਿਦ ਅਤੇ ਸਤੀਸ਼ ਦੋਵੇਂ ਦੁਕਾਨ 'ਤੇ ਬੈਠੇ ਹਨ।
ਬੀਬੀਸੀ ਨਾਲ ਗੱਲ ਕਰਦੇ ਹੋਏ ਸਾਜਿਦ ਨੇ ਕਿਹਾ, "ਜਦੋਂ ਤੁਹਾਨੂੰ ਕੋਈ ਹੀਰਾ ਮਿਲਦਾ ਹੈ, ਤਾਂ ਤੁਸੀਂ ਇਸਨੂੰ ਆਪਣੇ ਆਪ ਸਮਝ ਜਾਂਦੇ ਹੋ। ਇਹ ਬਿਜਲੀ ਵਾਂਗ ਚਮਕਦਾ ਹੈ। ਤੁਹਾਡਾ ਸਰੀਰ ਇਹ ਸੋਚ ਕੇ ਕੰਬਦਾ ਹੈ, ਹਾਂ, ਇਹ ਹੀਰਾ ਹੈ।"
ਪੰਨਾ ਹੀਰਾ ਦਫ਼ਤਰ ਵਿੱਚ ਤਾਇਨਾਤ ਸਰਕਾਰੀ ਹੀਰਾ ਮਾਹਰ ਅਨੁਪਮ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਸਤੀਸ਼ ਖਟੀਕ ਅਤੇ ਸਾਜਿਦ ਮੁਹੰਮਦ ਵੱਲੋਂ ਲੱਭਿਆ ਗਿਆ ਹੀਰਾ 15.34 ਕੈਰੇਟ ਦਾ ਹੈ। ਇਹ ਖਾਨ ਸਤੀਸ਼ ਦੇ ਨਾਮ 'ਤੇ ਸੀ ਅਤੇ ਦੋਵਾਂ ਨੇ ਮਿਲ ਕੇ ਇਸ ਹੀਰੇ ਦੀ ਖੋਜ ਕੀਤੀ ਹੈ।"
ਹੀਰਾ ਮਿਲਣ ਦੇ ਪਲ ਨੂੰ ਯਾਦ ਕਰਦੇ ਹੋਏ ਸਤੀਸ਼ ਕਹਿੰਦੇ ਹਨ, "ਅਸੀਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਅਸੀਂ ਇੰਨੀ ਜਲਦੀ ਇੰਨੀ ਵੱਡੀ ਰਕਮ ਦੇ ਮਾਲਕ ਹੋਵਾਂਗੇ। ਹੁਣ ਅਸੀਂ ਆਪਣੀਆਂ ਭੈਣਾਂ ਦਾ ਵਿਆਹ ਵਧੀਆ ਢੰਗ ਨਾਲ ਕਰ ਸਕਾਂਗੇ।"
'ਡਾਇਮੰਡ ਸਿਟੀ' ਦੀ ਪਿਛਲੀ ਕਹਾਣੀ

ਤਸਵੀਰ ਸਰੋਤ, SIDDARTH KEJRIWAL
ਬੁੰਦੇਲਖੰਡ ਇਲਾਕੇ ਵਿੱਚ ਸਥਿਤ ਪੰਨਾ ਨੂੰ ਦੇਸ਼ ਵਿੱਚ 'ਡਾਇਮੰਡ ਸਿਟੀ' ਵਜੋਂ ਜਾਣਿਆ ਜਾਂਦਾ ਹੈ।
ਪਰ ਇਸ ਪਛਾਣ ਦੇ ਪਿੱਛੇ ਗਰੀਬੀ, ਪਾਣੀ ਦੀ ਕਮੀ ਅਤੇ ਰੁਜ਼ਗਾਰ ਦੀ ਘਾਟ ਦੀ ਇੱਕ ਲੰਬੀ ਕਹਾਣੀ ਵੀ ਹੈ।
ਇੱਥੇ ਜ਼ਮੀਨ ਪੁੱਟਣਾ ਸਿਰਫ਼ ਇੱਕ ਕੰਮ ਨਹੀਂ ਹੈ, ਸਗੋਂ ਉਮੀਦ ਅਤੇ ਅਨਿਸ਼ਚਿਤਤਾ ਦੇ ਵਿਚਕਾਰ ਲਿਆ ਗਿਆ ਇੱਕ ਫ਼ੈਸਲਾ ਹੈ।
ਸਾਜਿਦ ਅਤੇ ਸਤੀਸ਼ ਨੇ ਵੀ ਹੀਰਾ ਲੱਭਣ ਦੀ ਇੱਛਾ ਵਿੱਚ ਇਹੀ ਰਸਤਾ ਅਪਣਾਇਆ।
ਬਹੁਤ ਸਾਰੇ ਲੋਕ ਆਪਣੀ ਪੂਰੀ ਜ਼ਿੰਦਗੀ ਪੰਨਾ ਵਿੱਚ ਹੀਰਿਆਂ ਦੀ ਭਾਲ ਵਿੱਚ ਬਿਤਾਉਂਦੇ ਹਨ, ਪਰ ਇਨ੍ਹਾਂ ਦੋਵਾਂ ਦੋਸਤਾਂ ਨੇ ਇਹ ਸਫਲਤਾ ਸਿਰਫ਼ 20 ਦਿਨਾਂ ਵਿੱਚ ਹਾਸਲ ਕਰ ਲਈ।
ਸਾਜਿਦ ਅਤੇ ਸਤੀਸ਼ ਬਚਪਨ ਦੇ ਦੋਸਤ ਹਨ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਹੁਤ ਮਿਲਦੀਆਂ-ਜੁਲਦੀਆਂ ਹਨ।
ਦੋਵਾਂ ਦੇ ਘਰ ਪੰਨਾ ਦੇ ਰਾਣੀਗੰਜ ਇਲਾਕੇ ਵਿੱਚ ਹਨ। ਉਨ੍ਹਾਂ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਹੀਰਿਆਂ ਦੀ ਭਾਲ ਵਿੱਚ ਆਪਣੀ ਜ਼ਿੰਦਗੀ ਬਿਤਾਈ ਹੈ।

ਤਸਵੀਰ ਸਰੋਤ, ਹੀਰਾ ਮਾਹਰ
ਸਤੀਸ਼ ਪੰਨਾ ਵਿੱਚ ਇੱਕ ਛੋਟੀ ਜਿਹੀ ਮੀਟ ਦੀ ਦੁਕਾਨ ਚਲਾਉਂਦੇ ਹਨ, ਜਦੋਂ ਕਿ ਸਾਜਿਦ ਦਾ ਪਰਿਵਾਰ ਫਲ ਵੇਚ ਕੇ ਗੁਜ਼ਾਰਾ ਕਰਦਾ ਹੈ।
ਭੈਣਾਂ ਦੇ ਵਿਆਹਾਂ ਦਾ ਖ਼ਰਚਾ ਲੰਬੇ ਸਮੇਂ ਤੋਂ ਦੋਵਾਂ ਪਰਿਵਾਰਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਹ ਜ਼ਿੰਮੇਵਾਰੀ ਅਕਸਰ ਸੀਮਤ ਆਮਦਨ ਵਾਲੇ ਪਰਿਵਾਰਾਂ ਵਿੱਚ ਇੱਕ ਅਹਿਮ ਚੁਣੌਤੀ ਬਣ ਜਾਂਦੀ ਹੈ।
ਸਾਜਿਦ ਕਹਿੰਦੇ ਹਨ, "ਸਾਡੇ ਪਿਤਾ ਅਤੇ ਦਾਦਾ ਜੀ ਨੇ ਵੀ ਸਾਲਾਂ ਤੱਕ ਜ਼ਮੀਨ ਪੁੱਟੀ, ਪਰ ਕਦੇ ਵੀ ਉਨ੍ਹਾਂ ਦੇ ਹੱਥ ਹੀਰਾ ਨਹੀਂ ਲੱਗਿਆ।"
ਸਤੀਸ਼ ਦੇ ਪਰਿਵਾਰ ਦੀ ਕਹਾਣੀ ਵੀ ਇਸ ਤੋਂ ਵੱਖਰੀ ਨਹੀਂ ਹੈ। ਪਰ ਹਰ ਵਾਰ ਜਦੋਂ ਉਹ ਔਜ਼ਾਰ ਚੁੱਕਦੇ ਹਨ, ਤਾਂ ਉਹ ਸੋਚਦੇ ਹਨ ਕਿ ਸ਼ਾਇਦ ਇਸ ਵਾਰ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ।
ਵਧਦੇ ਘਰੇਲੂ ਖਰਚੇ ਅਤੇ ਆਪਣੀਆਂ ਭੈਣਾਂ ਦੇ ਵਿਆਹਾਂ ਦੀਆਂ ਚਿੰਤਾਵਾਂ ਨੇ ਦੋਵਾਂ ਦੋਸਤਾਂ ਨੂੰ ਨਵੰਬਰ ਵਿੱਚ ਇੱਕ ਫ਼ੈਸਲਾ ਲੈਣ ਲਈ ਪ੍ਰੇਰਿਤ ਕੀਤਾ, ਹੀਰਿਆਂ ਦੀ ਭਾਲ ਕਰਨ ਲਈ।
ਪੰਨਾ ਦੇ ਦ੍ਰਿਸ਼ਟੀਕੋਣ ਤੋਂ ਇਹ ਫੈਸਲਾ ਹੈਰਾਨੀਜਨਕ ਨਹੀਂ ਸੀ।
ਇੱਕ ਅਜਿਹੇ ਇਲਾਕੇ ਵਿੱਚ ਜਿੱਥੇ ਸੈਂਕੜੇ ਪਰਿਵਾਰ ਪੀੜ੍ਹੀਆਂ ਤੋਂ ਹੀਰੇ ਲੱਭਣ ਲਈ ਸੰਘਰਸ਼ ਕਰ ਰਹੇ ਹਨ, ਦੋ ਨੌਜਵਾਨ ਦੋਸਤਾਂ ਦਾ ਫ਼ੈਸਲਾ ਬਿਲਕੁਲ ਵੀ ਹੈਰਾਨੀਜਨਕ ਨਹੀਂ ਸੀ, ਪਰ 20 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੀ ਹਰ ਪਾਸੇ ਚਰਚਾ ਹੋਣ ਲੱਗ ਪਈ।
ਪੰਨਾ ਵਿੱਚ ਹੀਰਾ ਕਿਵੇਂ ਲੱਭਣਾ ਹੈ?

ਤਸਵੀਰ ਸਰੋਤ, AMIT RATHAUR
ਪੰਨਾ ਵਿੱਚ ਮਝਗਵਾਂ ਹੀਰਾ ਖਾਨ, ਜੋ ਕਿ ਕੌਮੀ ਖਣਿਜ ਵਿਕਾਸ ਨਿਗਮ (ਐੱਨਐੱਮਡੀਸੀ) ਦੁਆਰਾ ਸੰਚਾਲਿਤ ਹੈ, ਦੇਸ਼ ਦਾ ਇੱਕੋ ਇੱਕ ਸੰਗਠਿਤ ਹੀਰਾ ਉਤਪਾਦਨ ਕੇਂਦਰ ਹੈ।
ਇਸ ਤੋਂ ਇਲਾਵਾ, ਪੰਨਾ ਵਿੱਚ ਕੋਈ ਵੀ ਵਿਅਕਤੀ ਸੂਬਾ ਸਰਕਾਰ ਤੋਂ 8x8 ਮੀਟਰ ਜ਼ਮੀਨ ਕਿਰਾਏ 'ਤੇ ਲੈ ਕੇ ਇੱਕ ਸਾਲ ਲਈ ਕਾਨੂੰਨੀ ਤੌਰ 'ਤੇ ਹੀਰਿਆਂ ਦੀ ਖੁਦਾਈ ਕਰ ਸਕਦਾ ਹੈ। ਇਸ ਦੀ ਸਾਲਾਨਾ ਫੀਸ 200 ਰੁਪਏ ਹੁੰਦੀ ਹੈ।
ਹਾਲਾਂਕਿ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਖੁਦਾਈ ਕਰਨ ਤੋਂ ਬਾਅਦ ਤੁਹਾਨੂੰ ਹੀਰਾ ਜ਼ਰੂਰ ਮਿਲੇਗਾ।
ਸਾਜਿਦ ਅਤੇ ਸਤੀਸ਼ ਨੇ ਵੀ ਇਸੇ ਤਰ੍ਹਾਂ ਦਾ ਠੇਕਾ ਲਿਆ ਅਤੇ ਖੁਦਾਈ ਸ਼ੁਰੂ ਕਰ ਦਿੱਤੀ।
ਤਕਰੀਬਨ ਵੀਹ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ, 8 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਨੂੰ ਉਹ ਪੱਥਰ ਮਿਲਿਆ ਜਿਸ ਵਿੱਚ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲਣ ਦੀ ਆਸ ਲੁਕੀ ਹੋਈ ਸੀ।
ਜਦੋਂ ਇਹ ਹੀਰਾ ਅਗਲੇ ਦਿਨ ਪੰਨਾ ਹੀਰਾ ਦਫ਼ਤਰ ਪਹੁੰਚਿਆ, ਤਾਂ ਇਸਦੀ ਜਾਂਚ ਕੀਤੀ ਗਈ ਅਤੇ ਜਿਸ ਤੋਂ ਪਤਾ ਲੱਗਿਆ ਕਿ ਇਸਦਾ ਭਾਰ 15.34 ਕੈਰੇਟ ਹੈ। ਇਹ ਇੱਕ ਯੇਮ-ਕਵਾਲਿਟੀ ਦਾ ਹੀਰਾ ਹੈ।
ਕੀਮਤ ਦੇ ਸਵਾਲ 'ਤੇ ਅਨੁਪਮ ਸਿੰਘ ਕਹਿੰਦੇ ਹਨ, "ਹੀਰੇ ਦੀ ਸਹੀ ਕੀਮਤ ਦੱਸਣਾ ਹਾਲੇ ਮੁਸ਼ਕਲ ਹੈ ਕਿਉਂਕਿ ਇਹ ਕੌਮਾਂਤਰੀ ਬਾਜ਼ਾਰ ਦੀਆਂ ਦਰਾਂ 'ਤੇ ਨਿਰਭਰ ਕਰਦਾ ਹੈ। ਪਰ ਮੌਜੂਦਾ ਅਨੁਮਾਨਾਂ ਮੁਤਾਬਕ ਇਸਦੀ ਕੀਮਤ 50 ਤੋਂ 60 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।"
ਉਨ੍ਹਾਂ ਮੁਤਾਬਕ ਪੰਨਾ ਵਿੱਚ ਮਿਲਿਆ ਹੁਣ ਤੱਕ ਦਾ ਸਭ ਤੋਂ ਮਹਿੰਗਾ ਹੀਰਾ ਮੋਤੀਲਾਲ ਪ੍ਰਜਾਪਤੀ ਨੂੰ ਸਾਲ 2017-18 ਵਿੱਚ ਮਿਲਿਆ ਸੀ।
ਇਸ ਹੀਰੇ ਦਾ ਵਜ਼ਨ 42.58 ਕੈਰੇਟ ਸੀ ਅਤੇ ਨਿਲਾਮੀ ਵਿੱਚ ਇਸਦੀ ਕੀਮਤ ₹600,000 ਪ੍ਰਤੀ ਕੈਰੇਟ ਹੋਈ, ਜਿਸ ਨਾਲ ਇਸਦੀ ਕੁੱਲ ਕੀਮਤ ₹2.5 ਕਰੋੜ ਤੋਂ ਵੱਧ ਹੋ ਗਈ।

ਤਸਵੀਰ ਸਰੋਤ, SIDDARTH KEJRIWAL
ਜਦੋਂ ਨਿਲਾਮੀ ਵਿੱਚ ਨਾ ਵਿਕਣ ਵਾਲੇ ਹੀਰਿਆਂ ਬਾਰੇ ਪੁੱਛਿਆ ਗਿਆ ਤਾਂ ਅਨੁਪਮ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਹੀਰੇ ਪੰਜ ਨਿਲਾਮੀਆਂ ਦੇ ਅੰਦਰ-ਅੰਦਰ ਵਿਕ ਜਾਂਦੇ ਹਨ।
ਜੇਕਰ ਕੋਈ ਹੀਰਾ ਨਹੀਂ ਵਿਕਦਾ ਤਾਂ ਜਿਸਨੂੰ ਇਹ ਮਿਲਦਾ ਹੈ, ਉਹ ਸਰਕਾਰ ਨੂੰ ਨਿਰਧਾਰਤ ਰਾਇਲਟੀ ਅਦਾ ਕਰਕੇ ਇਸਨੂੰ ਵਾਪਸ ਲੈ ਸਕਦਾ ਹੈ ਅਤੇ ਫਿਰ ਇਸਨੂੰ ਨਿੱਜੀ ਬਾਜ਼ਾਰ ਵਿੱਚ ਵੇਚ ਸਕਦਾ ਹੈ।
ਸਰਕਾਰ ਨਿਲਾਮੀ ਤੋਂ ਪ੍ਰਾਪਤ ਕੁੱਲ ਰਕਮ ਦਾ 12 ਫ਼ੀਸਦ ਆਪਣੇ ਕੋਲ ਰੱਖਦੀ ਹੈ, ਜਦੋਂ ਕਿ ਬਾਕੀ ਰਕਮ ਹੀਰਾ ਲੱਭਣ ਵਾਲਿਆਂ ਨੂੰ ਦਿੱਤੀ ਜਾਂਦੀ ਹੈ।
ਸਾਜਿਦ ਅਤੇ ਸਤੀਸ਼ ਦੀਆਂ ਭੈਣਾਂ ਕਹਿੰਦੀਆਂ ਹਨ ਕਿ ਪਹਿਲੀ ਵਾਰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਜ਼ਿੰਦਗੀ ਬਦਲਣ ਵਾਲੀ ਹੈ।
ਸਾਜਿਦ ਅਤੇ ਸਤੀਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਰਕਮ ਬਾਰੇ ਹਾਲੇ ਤੱਕ ਸੋਚਿਆ ਵੀ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਮਾਸਿਕ ਆਮਦਨ ਕੁਝ ਹਜ਼ਾਰ ਰੁਪਏ ਤੋਂ ਵੱਧ ਨਹੀਂ ਹੈ।
ਸਾਜਿਦ ਦੀ ਭੈਣ ਸਬਾ ਬਾਨੋ ਦਾ ਕਹਿਣਾ ਹੈ ਕਿ ਹੀਰੇ ਦੀ ਖ਼ਬਰ ਨੇ ਪਰਿਵਾਰ ਵਿੱਚ ਪਹਿਲੀ ਵਾਰ ਨਵੀਂ ਉਮੀਦ ਜਗਾਈ ਹੈ।
ਉਹ ਕਹਿੰਦੀ ਹੈ, "ਮੇਰੇ ਪਿਤਾ ਅਤੇ ਦਾਦਾ ਜੀ ਨੂੰ ਕਦੇ ਵੀ ਇੰਨੀ ਸਫਲਤਾ ਨਹੀਂ ਮਿਲੀ। ਮੇਰੇ ਭਰਾ ਅਤੇ ਸਤੀਸ਼ ਨੇ ਕਿਹਾ ਹੈ ਕਿ ਉਹ ਸਾਡੇ ਵਿਆਹਾਂ ਦਾ ਪ੍ਰਬੰਧ ਕਰਨਗੇ। ਸਾਡਾ ਪੂਰਾ ਪਰਿਵਾਰ ਖੁਸ਼ ਹੈ।"
ਸਾਜਿਦ ਅਤੇ ਸਤੀਸ਼ ਕਹਿੰਦੇ ਹਨ, "ਜਿਸ ਰਾਤ ਹੀਰਾ ਮਿਲਿਆ ਸਾਨੂੰ ਨੀਂਦ ਨਹੀਂ ਆਈ। ਪੈਸੇ ਤੋਂ ਵੱਧ ਮੇਰੇ ਸੁਪਨੇ ਇੱਕ ਸੁਰੱਖਿਅਤ ਭਵਿੱਖ, ਮੇਰੀਆਂ ਭੈਣਾਂ ਦੇ ਵਿਆਹ, ਇੱਕ ਘਰ ਅਤੇ ਕੁਝ ਸਥਿਰਤਾ ਦੇ ਵਿਚਾਰ ਸਨ।"
ਸਤੀਸ਼ ਕਹਿੰਦੇ ਹਨ, "ਇੱਥੇ, ਸਿੱਖਿਆ ਤੋਂ ਲੈ ਕੇ ਰੁਜ਼ਗਾਰ ਤੱਕ ਦੇ ਜ਼ਿਆਦਾਤਰ ਰਾਹ ਬੰਦ ਹਨ, ਇਸ ਲਈ ਪੀੜ੍ਹੀਆਂ ਤੋਂ ਇਹ ਹੀ ਜੂਆ ਸਭ ਤੋਂ ਵੱਡਾ ਸਹਾਰਾ ਬਣਿਆ ਹੋਇਆ ਹੈ।"
ਪੰਨਾ ਵਿੱਚ ਹੀਰੇ ਦੀ ਭਾਲ ਉਮੀਦ ਅਤੇ ਨਿਰਾਸ਼ਾ ਦੇ ਵਿਚਕਾਰ ਦਾ ਸਫ਼ਰ ਹੈ।
ਜ਼ਿਆਦਾਤਰ ਲੋਕ ਖਾਲੀ ਹੱਥ ਵਾਪਸ ਆਉਂਦੇ ਹਨ, ਪਰ ਜਦੋਂ ਕਿਸੇ ਨੂੰ ਹੀਰਾ ਮਿਲਦਾ ਹੈ, ਤਾਂ ਇਸਦੀ ਚਮਕ ਸਿਰਫ਼ ਇੱਕ ਪਰਿਵਾਰ ਤੱਕ ਸੀਮਤ ਨਹੀਂ ਹੁੰਦੀ।
ਉਹ ਪੂਰੇ ਇਲਾਕੇ ਵਿੱਚ ਇਹ ਭਾਵਨਾ ਪੈਦਾ ਕਰਦੀ ਹੈ ਕਿ ਸ਼ਾਇਦ ਅਗਲੀ ਵਾਰੀ ਕਿਸੇ ਹੋਰ ਦੀ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












