ਐੱਨਸੀਈਆਰਟੀ ਦੀਆਂ ਕਿਤਾਬਾਂ ਵਿੱਚ ਬਦਲਾਅ: ਇਤਿਹਾਸ ਵਿੱਚ ਕਿੰਨੇ ਮੁਗ਼ਲ ਬਚੇ ਹਨ

ਇਤਿਹਾਸ ਦੀਆਂ ਕਿਤਾਬਾਂ

ਤਸਵੀਰ ਸਰੋਤ, NCERT

ਤਸਵੀਰ ਕੈਪਸ਼ਨ, ਇਤਿਹਾਸ ਦੀ ਇਸ ਕਿਤਾਬ ਵਿੱਚ ਹੁਣ ਮੁਗ਼ਲਾਂ ਨਾਲ ਸਬੰਧਿਤ ਪਾਠ ਨੂੰ ਹਟਾ ਦਿੱਤਾ ਗਿਆ ਹੈ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਨੈਸ਼ਨਲ ਕਾਉਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਨੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਮੁਗਲ ਸਾਮਰਾਜ ਸਬੰਧੀ ਲਿਖੇ ਹੋਏ ਪਾਠ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ।

ਐੱਨਸੀਈਆਰਟੀ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ 'ਥੀਮਸ ਆਫ਼ ਇੰਡੀਅਨ ਹਿਸਟਰੀ' ਸਿਰਲੇਖ ਹੇਠ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ ਕੀਤੀ ਹੈ। ਇਸ ਦੇ ਦੂਜੇ ਭਾਗ ਰਾਜਾ ਦੇ 9ਵੇਂ ਪਾਠ ਰਾਜਾ ਅਤੇ ਇਤਿਹਾਸ, ਮੁਗ਼ਲ ਦਰਬਾਰ ਨੂੰ ਹੁਣ ਕਿਤਾਬ ਵਿੱਚੋਂ ਕੱਢ ਦਿੱਤਾ ਗਿਆ ਹੈ।

ਮੁਗਲ ਸ਼ਾਸਕਾਂ ਬਾਰੇ ਇਹ 28 ਪੰਨਿਆਂ ਦਾ ਅਧਿਆਏ ਹੁਣ ਐੱਨਸੀਈਆਰਟੀ ਦੀ ਵੈੱਬਸਾਈਟ 'ਤੇ ਡਾਊਨਲੋਡ ਕਰਨ ਲਈ ਉਪਲਬਧ ਨਵੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੌਜੂਦ ਨਹੀਂ ਹੈ।

ਭਾਰਤ ਦੇ ਸਾਬਕਾ ਮੁਸਲਿਮ ਸ਼ਾਸਕਾਂ ਨਾਲ ਸਬੰਧਿਤ ਪਾਠਕ੍ਰਮ ਨੂੰ ਸਿਲੇਬਸ ਤੋਂ ਹਟਾਉਣ ਦੇ ਐੱਨਸੀਈਆਰਟੀ ਦੇ ਇਸ ਕਦਮ ਨੂੰ ਭਾਰਤੀ ਇਤਿਹਾਸ ਤੋਂ ਮੁਗਲਾਂ ਨੂੰ ਹਟਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਐੱਨਸੀਈਆਰਟੀ ਦਾ ਤਰਕ ਹੈ ਕਿ ਅਜਿਹਾ ਵਿਦਿਆਰਥੀਆਂ 'ਤੇ ਸਿਲੇਬਸ ਦਾ ਬੋਝ ਘੱਟ ਕਰਨ ਲਈ ਕੀਤਾ ਗਿਆ ਹੈ।

ਹਾਲਾਂਕਿ ਇਤਿਹਾਸ ਦੀ ਪੁਸਤਕ ਵਿੱਚ ਅਜੇ ਵੀ ਅਜਿਹੇ ਅਧਿਆਏ ਹਨ ਜਿਨ੍ਹਾਂ ਵਿੱਚ ਮੁਗ਼ਲਾਂ ਦਾ ਜ਼ਿਕਰ ਮਿਲਦਾ ਹੈ।

ਪੰਜਵੇਂ ਪਾਠ ਵਿੱਚ ਭਾਰਤ ਨੂੰ ਯਾਤਰੀਆਂ ਦੇ ਨਜ਼ਰੀਏ ਤੋਂ ਦਿਖਾਇਆ ਗਿਆ ਹੈ, ਜਿਸ ਵਿੱਚ ਦਸਵੀਂ ਤੋਂ ਸਤਾਰ੍ਹਵੀਂ ਸਦੀ ਤੱਕ ਦੇ ਭਾਰਤ ਦਾ ਜ਼ਿਕਰ ਹੈ।

ਛੇਵਾਂ ਪਾਠ ਭਗਤੀ ਅਤੇ ਸੂਫ਼ੀ ਪਰੰਪਰਾਵਾਂ 'ਤੇ ਕੇਂਦਰਿਤ ਹੈ। ਇਸ ਵਿੱਚ ਮੁਗ਼ਲ ਕਾਲ ਦੀ ਵੀ ਝਲਕ ਮਿਲਦੀ ਹੈ। ਅੱਠਵੇਂ ਅਧਿਆਏ ਦਾ ਸਿਰਲੇਖ ਹੈ ਕਿਸਾਨ, ਜ਼ਿਮੀਂਦਾਰ ਅਤੇ ਰਾਜ, ਖੇਤੀ ਸਮਾਜ ਅਤੇ ਮੁਗ਼ਲ ਸਾਮਰਾਜ। ਇਸ ਵਿੱਚ ਵੀ ਮੁਗ਼ਲ ਕਾਲ ਦਾ ਜ਼ਿਕਰ ਆਉਂਦਾ ਹੈ।

ਇਤਿਹਾਸ ਦੀਆਂ ਕਿਤਾਬਾਂ

ਤਸਵੀਰ ਸਰੋਤ, NCERT

ਤਬਦੀਲੀਆਂ ਕਿਉਂ ਕੀਤੀਆਂ ਗਈਆਂ?

ਇਤਿਹਾਸ ਦੀ ਕਿਤਾਬ ਵਿੱਚ ਕੀਤੇ ਗਏ ਬਦਲਾਅ ਬਾਰੇ ਮੀਡੀਆ ਨਾਲ ਗੱਲ ਕਰਦਿਆ ਹੋਏ ਐੱਨਸੀਈਆਰਟੀ ਦੇ ਮੁਖੀ ਦਿਨੇਸ਼ ਸਕਲਾਨੀ ਨੇ ਕਿਹਾ, "ਮੁਗਲਾਂ ਦੇ ਇਤਿਹਾਸ ਨੂੰ ਹਟਾਇਆ ਨਹੀਂ ਗਿਆ ਹੈ ਪਰ ਸਿਲੇਬਸ ਨਾਲ ਵਿਦਿਆਰਥੀਆਂ 'ਤੇ ਬੋਝ ਪਾ ਰਹੇ ਕੁਝ ਹਿੱਸਿਆਂ ਨੂੰ ਘਟਾ ਦਿੱਤਾ ਗਿਆ ਹੈ।"

ਸਕਲਾਨੀ ਨੇ ਕਿਹਾ, “ਇਹ ਸਿਲੇਬਸ ਦੀ ਰੈਸ਼ਨੇਲਾਈਜ਼ੇਸ਼ਨ (ਤਰਕਸੰਗਤ ਕਟੌਤੀ) ਨਹੀਂ ਹੈ, ਇਹ ਪਾਠ ਪੁਸਤਕ ਦੀ ਹੈ।”

“ਅਸੀਂ ਪਿਛਲੇ ਸਾਲ ਇਹ ਸਪੱਸ਼ਟੀਕਰਨ ਦਿੱਤਾ ਸੀ ਕਿ ਕੋਵਿਡ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਬਹੁਤ ਨੁਕਸਾਨ ਹੋਇਆ ਸੀ ਅਤੇ ਉਨ੍ਹਾਂ 'ਤੇ ਦਬਾਅ ਸੀ। ਇਹ ਮਹਿਸੂਸ ਕੀਤਾ ਗਿਆ ਕਿ ਵਿਦਿਆਰਥੀਆਂ 'ਤੇ ਸਿਲੇਬਸ ਦਾ ਬੋਝ ਘੱਟ ਕੀਤਾ ਜਾਵੇ। ਇਹ ਬਦਲਾਅ ਮਾਹਿਰਾਂ ਦੀ ਸਲਾਹ ਦੇ ਆਧਾਰ ’ਤੇ ਕੀਤੇ ਗਏ ਹਨ।”

ਪੁਸਤਕਾਂ ਵਿੱਚ ਤਬਦੀਲੀ ਦੀ ਇਸ ਪ੍ਰਕਿਰਿਆ ਦੌਰਾਨ ਇਤਿਹਾਸ ਦੀ ਪੁਸਤਕ ਵਿੱਚੋਂ ਸਿਰਫ਼ ਮੁਗਲਾਂ ਨਾਲ ਸਬੰਧਤ ਪਾਠ ਹੀ ਨਹੀਂ ਹਟਾਏ ਗਏ ਹਨ।

ਬਲਕਿ ਜਿਨ੍ਹਾਂ ਵਾਕਾਂ ਵਿੱਚ ਮਹਾਤਮਾ ਗਾਂਧੀ ਦੀ ਹਿੰਦੂਵਾਦੀਆਂ ਪ੍ਰਤੀ ਨਾਪਸੰਦਗੀ ਅਤੇ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਆਰਐੱਸਐੱਸ ਉੱਤੇ ਪਾਬੰਦੀ ਦਾ ਜ਼ਿਕਰ ਕੀਤਾ ਗਿਆ ਸੀ, ਉਹ ਹਿੱਸੇ ਵੀ ਰਾਜਨੀਤੀ ਵਿਗਿਆਨ ਦੀ ਕਿਤਾਬ ਵਿੱਚੋਂ ਹਟਾ ਦਿੱਤੇ ਗਏ ਹਨ।

ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨੱਥੂਰਾਮ ਗੋਡਸੇ ਬਾਰੇ ਲਿਖਿਆ ਵਾਕ ‘ਕਿ ਉਹ ਪੁਣੇ ਦਾ ਬ੍ਰਾਹਮਣ ਸੀ’ ਵੀ ਕਿਤਾਬ ਵਿੱਚੋਂ ਕੱਢ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ 11ਵੀਂ ਜਮਾਤ ਦੀ ਸਮਾਜ ਸ਼ਾਸਤਰ ਦੀ ਕਿਤਾਬ ਵਿੱਚੋਂ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਤੀਜਾ ਅਤੇ ਆਖ਼ਰੀ ਹਵਾਲਾ ਵੀ ਹਟਾ ਦਿੱਤਾ ਗਿਆ ਹੈ।

ਐੱਨਸੀਈਆਰਟੀ ਦੀਆਂ ਕਿਤਾਬਾਂ ਵਿੱਚ ਇਨ੍ਹਾਂ ਤਬਦੀਲੀਆਂ ਦੀ ਗ਼ੈਰ-ਭਾਜਪਾ ਸ਼ਾਸਤ ਸੂਬਿਆਂ ਅਤੇ ਵਿਰੋਧੀ ਪਾਰਟੀਆਂ ਨੇ ਆਲੋਚਨਾ ਕੀਤੀ ਹੈ।

ਇਤਿਹਾਸ ਦੀਆਂ ਕਿਤਾਬਾਂ

ਤਸਵੀਰ ਸਰੋਤ, NCERT

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਦਿਨੇਸ਼ ਸਕਲਾਨੀ

ਕਿਉਂ ਹੋ ਰਿਹਾ ਹੈ ਵਿਰੋਧ?

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਰਾਜਸਥਾਨ, ਕੇਰਲ ਅਤੇ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀਆਂ ਨੇ ਇਨ੍ਹਾਂ ਬਦਲਾਵਾਂ ਦਾ ਸਖ਼ਤ ਵਿਰੋਧ ਕੀਤਾ ਹੈ।

ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ ਅਤੇ ਤਾਮਿਲਨਾਡੂ ਦੇ ਸਿੱਖਿਆ ਮੰਤਰੀਆਂ ਨੇ ਕਿਹਾ ਹੈ ਕਿ ਰਾਜ ਵਿੱਚ ਇਨ੍ਹਾਂ ਤਬਦੀਲੀਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਪੂਰੀ ਸਮੀਖਿਆ ਕੀਤੀ ਜਾਵੇਗੀ।

ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਇਨ੍ਹਾਂ ਤਬਦੀਲੀਆਂ ਦਾ ਸਮਰਥਨ ਕੀਤਾ ਹੈ।

ਉੱਤਰ ਪ੍ਰਦੇਸ਼ ਦੀ ਸਿੱਖਿਆ ਮੰਤਰੀ ਗੁਲਾਬ ਦੇਵੀ ਨੇ ਕਿਹਾ, "ਇਹ ਕੰਮ ਨਵੀਂ ਸਿੱਖਿਆ ਨੀਤੀ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ, ਐੱਨਸੀਈਆਰਟੀ ਦਾ ਸਿਲੇਬਸ ਪਹਿਲਾਂ ਵਾਂਗ ਹੀ ਰਹੇਗਾ, ਸਾਡੇ ਵਲੋਂ ਕੋਈ ਬਦਲਾਅ ਨਹੀਂ ਹੈ।"

ਐੱਨਸੀਈਆਰਟੀ ਦੀ ਕਿਤਾਬ ਦਾ ਅੱਠਵਾਂ ਪਾਠ ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਸਤੰਬਰ ਵਿੱਚ ਪੜ੍ਹਾਇਆ ਜਾਵੇਗਾ।

ਇਸ ਵਿੱਚ ਮੁਗ਼ਲ ਸਾਮਰਾਜ ਦੇ ਸਮੇਂ ਭਾਰਤ ਦੇ ਖੇਤੀ ਪ੍ਰਧਾਨ ਸਮਾਜ ਦਾ ਜ਼ਿਕਰ ਹੈ। ਹਾਲਾਂਕਿ, 9ਵੇਂ ਪਾਠ ਵਿੱਚ ਜੋ ਪੂਰੀ ਤਰ੍ਹਾਂ ਮੁਗਲਾਂ ਬਾਰੇ ਹੀ ਸੀ ਹੁਣ ਮਹੀਨਾਵਾਰ ਸਮਾਂ-ਸਾਰਣੀ ਦਾ ਹਿੱਸਾ ਨਹੀਂ ਰਿਹਾ ਹੈ।

ਯਾਨੀ ਇਸ ਵਿੱਦਿਅਕ ਵਰ੍ਹੇ ਵਿੱਚ ਸਕੂਲਾਂ ਵਿੱਚ ਨਵੀਂ ਕਿਤਾਬ ਤੋਂ ਹੀ ਪੜ੍ਹਾਇਆ ਜਾਵੇਗਾ।

ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਫ਼ਿਰਕੂ ਲੀਹਾਂ 'ਤੇ ਇਤਿਹਾਸ ਲਿਖਣ ਦਾ ਕੰਮ ਤੇਜ਼ ਹੋ ਗਿਆ ਹੈ। ਦੂਜੇ ਪਾਸੇ ਸੀਪੀਆਈ ਆਗੂ ਡੀ ਰਾਜਾ ਨੇ ਐੱਨਸੀਈਆਰਟੀ ਨੂੰ ਤਰਕਸ਼ੀਲਤਾ ਅਤੇ ਸੱਚਾਈ ਦੇ ਖ਼ਾਤਮੇ ਲਈ ਕੰਮ ਕਰਦੀ ਕੌਮੀ ਕੌਂਸਲ ਦੱਸਿਆ ਹੈ।

ਡੀ ਰਾਜਾ ਨੇ ਕਿਹਾ, "ਇਹ ਬਦਲਾਅ ਆਰਐੱਸਐੱਸ ਵੱਲੋਂ ਇਤਿਹਾਸ ਨਾਲ ਛੇੜਛਾੜ ਕਰਨ ਅਤੇ ਇਤਿਹਾਸ ਨੂੰ ਬਦਲਣ ਦੀ ਇੱਕ ਹੋਰ ਕੋਸ਼ਿਸ਼ ਹੈ। ਸਰਦਾਰ ਪਟੇਲ ਨੇ ਨਫ਼ਰਤ ਅਤੇ ਹਿੰਸਾ ਦੀਆਂ ਤਾਕਤਾਂ ਨੂੰ ਜੜ੍ਹੋਂ ਪੁੱਟਣ ਲਈ ਗਾਂਧੀ ਦੀ ਹੱਤਿਆ ਤੋਂ ਬਾਅਦ ਆਰਐੱਸਐੱਸ 'ਤੇ ਪਾਬੰਦੀ ਲਗਾ ਦਿੱਤੀ ਸੀ। ਕੋਈ ਵੀ ਝੂਠ ਇਸ ਤੱਥ ਨੂੰ ਛੁਪਾ ਨਹੀਂ ਸਕਦਾ।"

ਇਤਿਹਾਸ ਦੀਆਂ ਕਿਤਾਬਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਤਿਹਾਸ ਦੀ ਕਿਤਾਬ ਵਿੱਚੋਂ ਗੁਜਰਾਤ ਦੰਗਿਆਂ ਨਾਲ ਜੁੜੇ ਹਵਾਲਿਆਂ ਨੂੰ ਹਟਾ ਦਿੱਤਾ ਗਿਆ ਹੈ

ਬਦਲਾਅ ਪਿੱਛੇ ਤਰਕ

ਜਦੋਂ ਐੱਨਸੀਈਆਰਟੀ ਦੀਆਂ ਨਵੀਆਂ ਕਿਤਾਬਾਂ ਤਿਆਰ ਕਰਕੇ ਸਕੂਲਾਂ ਨੂੰ ਭੇਜੀਆਂ ਜਾਂਦੀਆਂ ਹਨ, ਤਾਂ ਬਹੁਤ ਸਾਰੇ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਵੱਲੋਂ ਸੁਝਾਅ ਆਉਂਦੇ ਹਨ।

ਉਹ ਗ਼ਲਤੀਆਂ ਵੱਲ ਦੱਸਦੇ ਹਨ ਅਤੇ ਨਵੇਂ ਸੁਝਾਅ ਦਿੰਦੇ ਹਨ। ਆਮ ਤੌਰ ’ਤੇ ਇਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਠ ਪੁਸਤਕਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ।

ਵਿਗਿਆਨ ਦੇ ਵਿਸ਼ਿਆਂ ਦੀਆਂ ਕਿਤਾਬਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ ਕਿਉਂਕਿ ਨਵੀਂ ਜਾਣਕਾਰੀ ਆਉਂਦੀ ਰਹਿੰਦੀ ਹੈ।

ਕਈ ਵਾਰ ਕਿਤਾਬਾਂ ਵਿੱਚ ਕੁਝ ਖੇਤਰਾਂ ਬਾਰੇ ਮੌਜੂਦ ਜਾਣਕਾਰੀ ਪੁਰਾਣੇ ਤੱਥਾਂ ਦੇ ਆਧਾਰ ’ਤੇ ਹੁੰਦੀ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਵਿਕਾਸ ਹੁੰਦੇ ਹਨ, ਅਜਿਹੀ ਸਥਿਤੀ ਵਿੱਚ ਇਹ ਤਬਦੀਲੀਆਂ ਸੁਭਾਵਕ ਹਨ।

ਇਤਿਹਾਸ ਜਾਂ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਵਿੱਚ ਪਿਛਲੇ ਸਮਿਆਂ ਵਿੱਚ ਵੀ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਲਈ, ਐੱਨਸੀਈਆਰਟੀ ਦੇ ਮਾਹਰ ਵਿਚਾਰ ਵਟਾਂਦਰਾ ਕਰਦੇ ਹਨ ਅਤੇ ਫ਼ਿਰ ਕਿਤਾਬਾਂ ਦੇ ਲੇਖਕਾਂ ਨੂੰ ਤਬਦੀਲੀਆਂ ਬਾਰੇ ਸੁਝਾਅ ਦਿੱਤੇ ਜਾਂਦੇ ਹਨ।

ਐੱਨਸੀਈਆਰਟੀ ਦੇ ਸਾਬਕਾ ਚੇਅਰਮੈਨ ਜੇਐਸ ਰਾਜਪੂਤ, ਜੋ ਭਾਜਪਾ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਕਹਿੰਦੇ ਹਨ, "ਐੱਨਸੀਈਆਰਟੀ ਮਾਹਰਾਂ ਵਾਲੀ ਇੱਕ ਵੱਡੀ ਸੰਸਥਾ ਹੈ। ਐੱਨਸੀਈਆਰਟੀ ਜੋ ਵੀ ਬਦਲਾਅ ਕਰਦਾ ਹੈ ਉਹ ਆਮ ਤੌਰ 'ਤੇ ਅਕਾਦਮਿਕ ਆਧਾਰਾਂ 'ਤੇ ਹੁੰਦਾ ਹੈ।”

“ਜੇਕਰ ਕਿਸੇ ਨੇ ਆਪਣੀ ਵਿਚਾਰਧਾਰਾ ਨੂੰ ਇਤਿਹਾਸ ਵਿੱਚ ਪਾਇਆ ਹੈ, ਤਾਂ ਉਸ ਨੂੰ ਹਟਾ ਦੇਣਾ ਚਾਹੀਦਾ ਹੈ, ਪਰ ਮੁਗ਼ਲ ਇਤਿਹਾਸ ਗਲੋਬਲ ਇਤਿਹਾਸ ਹੈ, ਇਸ ਨੂੰ ਪੂਰੀ ਤਰ੍ਹਾਂ ਹਟਾਇਆ ਨਹੀਂ ਜਾ ਸਕਦਾ। ਇਹ ਤਰਕਸੰਗਤ ਹੋਣਾ ਚਾਹੀਦਾ ਹੈ।”

ਰਾਜਪੂਤ ਕਹਿੰਦੇ ਹਨ, "ਕਿਤਾਬਾਂ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਇਤਿਹਾਸ ਦੇ ਕਿਸੇ ਵੀ ਦੌਰ ਵਿੱਚ ਕੁਝ ਹਿੱਸੇ ਛੱਡ ਦਿੱਤੇ ਗਏ ਹਨ। ਮੈਨੂੰ ਇਹ ਵੀ ਲੱਗਾ ਕਿ ਮੁਗ਼ਲ ਕਾਲ ਦਾ ਇਤਿਹਾਸ ਬਹੁਤ ਜ਼ਿਆਦਾ ਪੜ੍ਹਾਇਆ ਗਿਆ ਹੈ।

ਪੜ੍ਹ ਕੇ ਲੱਗਦਾ ਹੈ ਕਿ ਹਿੰਦੁਸਤਾਨ ਦੀ ਹੋਂਦ ਮੁਗਲਾਂ ਦੇ ਸਮੇਂ ਹੀ ਹੋਈ ਸੀ ਤੇ ਇਸ ਤੋਂ ਪਹਿਲਾਂ ਕਦੇ ਕੁਝ ਹੈ ਹੀ ਨਹੀਂ ਸੀ।”

“ਹੁਣ ਨਵੀਂ ਸਿੱਖਿਆ ਨੀਤੀ ਦੇ ਆਧਾਰ 'ਤੇ ਤਿਆਰ ਕੀਤੀਆਂ ਜਾ ਰਹੀਆਂ ਕਿਤਾਬਾਂ 'ਚ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।”

ਜੇਐੱਸ ਰਾਜਪੂਤ ਦਾ ਮੰਨਣਾ ਹੈ ਕਿ ਮੁਗ਼ਲ ਭਾਰਤੀ ਇਤਿਹਾਸ ਦਾ ਅਹਿਮ ਹਿੱਸਾ ਹਨ, ਉਨ੍ਹਾਂ ਨੂੰ ਕਿਤਾਬਾਂ ਵਿੱਚੋਂ ਨਹੀਂ ਹਟਾਇਆ ਜਾ ਸਕਦਾ, ਥੋੜ੍ਹਾ ਬਹੁਤ ਘਟਾਇਆ ਜ਼ਰੂਰ ਜਾ ਸਕਦਾ ਹੈ।

BBC

ਐੱਨਸੀਈਆਰਟੀ ਦੀ ਕਿਤਾਬ ਵਿੱਚੋਂ ਕੀ ਕੁਝ ਹਟਾਇਆ ਗਿਆ

ਮਹਾਤਮਾ ਗਾਂਧੀ- ਇਤਿਹਾਸ ਦੀ ਕਿਤਾਬ ਦੇ ਉਹ ਹਿੱਸੇ ਜਿਸ ਵਿੱਚ ਗਾਂਧੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੌਡਸੇ ਨੂੰ 'ਪੁਣੇ ਦਾ ਇੱਕ ਬ੍ਰਾਹਮਣ' ਦੱਸਿਆ ਗਿਆ ਸੀ ਅਤੇ ਉਸ ਦੀ ਪਛਾਣ ਇੱਕ ਕੱਟੜਪੰਥੀ ਹਿੰਦੂ ਅਖ਼ਬਾਰ ਦੇ ਸੰਪਾਦਕ ਵਜੋਂ ਦੱਸੀ ਗਈ ਸੀ ਨੂੰ ਹਟਾ ਦਿੱਤਾ ਗਿਆ ਹੈ।

ਗਾਂਧੀ ਦੀ ਮੌਤ ਤੋਂ ਬਾਅਦ ਆਰਐੱਸਐੱਸ ’ਤੇ ਪਾਬੰਦੀ ਲਗਾਏ ਜਾਣ ਵਾਲੇ ਹਿੱਸੇ ਨੂੰ ਵੀ ਕੱਢਿਆ ਗਿਆ

ਗੁਜਰਾਤ ਦੰਗੇ - ਕਿਤਾਬ ਵਿੱਚ ਪਹਿਲਾਂ ਗੁਜਰਾਤ ਦੰਗਿਆਂ ਬਾਰੇ ਇੱਕ ਪੂਰ੍ਹਾ ਪੈਰਾਗ੍ਰਾਫ਼ ਸੀ ਜੋ ਇਸ ਬਾਰੇ ਗੱਲ ਕਰਦਾ ਹੈ ਕਿ ਕਿਵੇਂ ਰਿਹਾਇਸ਼ੀ ਇਲਾਕੇ ਧਰਮ, ਜਾਤ ਅਤੇ ਨਸਲ ਦੇ ਆਧਾਰ 'ਤੇ ਵੰਡੇ ਹੋਏ ਸਨ ਤੇ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਇਸ ਸਥਿਤੀ ਵਿੱਚ ਹੋਏ ਵਾਧੇ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਹਵਾਲਿਆਂ ਨੂੰ ਕਿਤਾਬ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਮੁਗਲ ਸਾਮਰਾਜ - ਦਿੱਲੀ ਸਲਤਨਤ ਦੇ ਸ਼ਾਸਕਾਂ ਤੁਗ਼ਲਕ, ਖਿਲਜੀ, ਲੋਧੀ ਅਤੇ ਮੁਗ਼ਲ ਨਾਲ ਸਬੰਧਤ ਭਾਗਾਂ ਨੂੰ 7ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਹਟਾ ਦਿੱਤਾ ਗਿਆ ਹੈ।

ਦੋ ਪੰਨਿਆਂ ਦੀ ਇੱਕ ਸਾਰਣੀ ਕੱਢੀ ਗਈ ਹੈ ਜਿਸ ਵਿੱਚ ਹਿਮਾਯੂੰ, ਸ਼ਾਹਜਹਾਂ, ਬਾਬਰ, ਅਕਬਰ, ਜਹਾਂਗੀਰ ਅਤੇ ਔਰੰਗਜ਼ੇਬ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। 12ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਅਧਿਆਏ 'ਕਿੰਗਜ਼ ਐਂਡ ਕ੍ਰੋਨਿਕਲਜ਼: ਦਿ ਮੁਗਲ ਕੋਰਟ' ਨੂੰ ਹਟਾ ਦਿੱਤਾ ਗਿਆ ਹੈ।

BBC

1999 ਤੋਂ 2004 ਦਰਮਿਆਨ ਐੱਨਸੀਈਆਰਟੀ ਦੇ ਮੁਖੀ ਰਹੇ ਜੇਐੱਸ ਰਾਜਪੂਤ ਦਾ ਕਹਿਣਾ ਹੈ, "1970 ਤੋਂ ਬਾਅਦ ਸੰਸਥਾਵਾਂ 'ਤੇ ਖੱਬੇ ਪੱਖੀ ਵਿਚਾਰਧਾਰਾ ਦੇ ਲੋਕਾਂ ਦਾ ਪ੍ਰਭਾਵ ਸੀ। ਇਸ ਪ੍ਰਭਾਵ ਨੂੰ ਘਟਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ।"

ਰਾਜਪੂਤ ਕਹਿੰਦੇ ਹਨ, "ਆਪਣੇ ਕਾਰਜਕਾਲ ਦੌਰਾਨ ਮੈਂ ਵੀ ਕਿਤਾਬਾਂ ਨੂੰ ਤਰਕਸੰਗਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਉਸ ਸਮੇਂ ਅਸੀਂ ਅੰਤਿਮ ਫ਼ੈਸਲਾ ਕਿਤਾਬ ਦੇ ਲੇਖਕਾਂ 'ਤੇ ਛੱਡ ਦਿੱਤਾ ਸੀ। ਉਹ ਬਦਲਾਅ ਲਈ ਤਿਆਰ ਨਹੀਂ ਸਨ, ਫ਼ਿਰ ਸਾਨੂੰ ਨਵੇਂ ਲੇਖਕਾਂ ਨੂੰ ਲੱਭਣਾ ਪਿਆ ਸੀ।"

ਕਿਤਾਬਾਂ 'ਚ ਬਦਲਾਅ ਦੇ ਵਿਵਾਦ ਤੋਂ ਬਾਅਦ ਐੱਨਸੀਈਆਰਟੀ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉੱਠ ਰਹੇ ਹਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਐੱਨਸੀਈਆਰਟੀ ਇੱਕ ਵਿਸ਼ੇਸ਼ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਅਜਿਹੇ ਬਦਲਾਅ ਕਰ ਰਿਹਾ ਹੈ।

ਰਾਜਪੂਤ ਕਹਿੰਦੇ ਹਨ, "ਐੱਨਸੀਈਆਰਟੀ ਦੀ ਭਰੋਸੇਯੋਗਤਾ ਇੰਨੀ ਉੱਚੀ ਹੈ ਕਿ ਇਸ 'ਤੇ ਅਜਿਹੇ ਵਿਵਾਦਾਂ ਦਾ ਕੋਈ ਅਸਰ ਨਹੀਂ ਹੋਵੇਗਾ। ਐੱਨਸੀਈਆਰਟੀ ਜੋ ਵੀ ਕਰ ਰਿਹਾ ਹੈ, ਉਹ ਸੋਚ-ਸਮਝ ਕੇ ਕਰ ਰਿਹਾ ਹੈ।”

“ਲੋਕ ਜਾਣਦੇ ਹਨ ਕਿ ਭਾਰਤ 'ਚ ਸੰਸਥਾਵਾਂ ’ਤੇ ਖੱਬੇਪੱਖੀ ਵਿਚਾਰਧਾਰਾ ਦਾ ਪ੍ਰਭਾਵ ਰਿਹਾ ਹੈ। ਹੁਣ ਜੇਕਰ ਇਸ ਨੂੰ ਘਟਾਇਆ ਜਾ ਰਿਹਾ ਹੈ ਤਾਂ ਜ਼ਾਹਰ ਹੈ ਕਿ ਇਨ੍ਹਾਂ ਯਤਨਾਂ ਨੂੰ ਵੀ ਸਮਰਥਨ ਮਿਲੇਗਾ। ਬਹੁਤ ਸਾਰੇ ਲੋਕ ਇਨ੍ਹਾਂ ਤਬਦੀਲੀਆਂ ਦਾ ਸਵਾਗਤ ਵੀ ਕਰ ਰਹੇ ਹਨ।"

ਇਤਿਹਾਸ ਦੀਆਂ ਕਿਤਾਬਾਂ

ਤਸਵੀਰ ਸਰੋਤ, NCERT

'ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ'

ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿਤਾਬਾਂ ਵਿੱਚ ਇਨ੍ਹਾਂ ਤਬਦੀਲੀਆਂ ਨੂੰ ਭਾਰਤ ਵਿੱਚੋਂ ਮੁਗ਼ਲ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।

ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫ਼ੈਸਰ ਸਈਅਦ ਅਲੀ ਨਦੀਮ ਰੇਜ਼ਾਵੀ ਕਹਿੰਦੇ ਹਨ, "ਇਤਿਹਾਸ ਬਦਲਦਾ ਰਹਿੰਦਾ ਹੈ, ਇਸ ਲਈ ਕੁਝ ਸਮੇਂ ਬਾਅਦ ਬੱਚਿਆਂ ਨੂੰ ਜੋ ਪੜ੍ਹਾਇਆ ਜਾ ਰਿਹਾ ਹੈ, ਉਸ ਨੂੰ ਬਦਲਣ ਦੀ ਲੋੜ ਹੁੰਦੀ ਹੈ।”

ਬਦਲਾਅ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਪਰ ਇਹ ਤਬਦੀਲੀਆਂ ਹਮੇਸ਼ਾ ਤੱਥਾਂ ਦੇ ਆਧਾਰ 'ਤੇ, ਨਵੀਂ ਜਾਣਕਾਰੀ ਦੇ ਆਧਾਰ 'ਤੇ ਹੋਣੀਆਂ ਚਾਹੀਦੀਆਂ ਹਨ।

ਪਰ ਬਦਕਿਸਮਤੀ ਨਾਲ ਪਿਛਲੇ ਕਈ ਸਾਲਾਂ ਤੋਂ ਸਾਡੇ ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਲਿਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਕ ਤਰ੍ਹਾਂ ਨਾਲ, ਇਤਿਹਾਸ ਨੂੰ ਹੌਲੀ-ਹੌਲੀ ਹਟਾ ਕੇ ਉਸ ਦੀ ਥਾਂ ਮਿੱਥਾਂ ਨੂੰ ਦਿੱਤੀ ਜਾ ਰਹੀ ਹੈ।"

ਅਲੀ ਨਦੀਮ ਰੇਜਾਵੀ ਕਹਿੰਦੇ ਹਨ, "2014 ਤੋਂ ਇਤਿਹਾਸ ਨੂੰ ਵੱਖਰਾ ਨਜ਼ਰੀਆ ਦੇਣ ਦੀ ਕੋਸ਼ਿਸ਼ ਵਾਰ-ਵਾਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਇਤਿਹਾਸ ਦੀਆਂ ਕਿਤਾਬਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ।

ਪਰ ਉਹ ਬਦਲਾਅ ਤੱਥਾਂ ਦੇ ਆਧਾਰ 'ਤੇ ਕੀਤਾ ਗਿਆ ਸੀ ਅਤੇ ਹੁਣ ਇੱਕ ਤਰ੍ਹਾਂ ਨਾਲ ਕਾਲਪਨਿਕ ਇਤਿਹਾਸ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਪ੍ਰੋਫ਼ੈਸਰ ਰੇਜ਼ਾਵੀ ਨੇ ਐੱਨਸੀਈਆਰਟੀ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਇਤਿਹਾਸ ਦੀ ਕਿਤਾਬ ਵਿੱਚੋਂ ਮੁਗ਼ਲਾਂ ਨੂੰ ਨਹੀਂ ਹਟਾਇਆ ਗਿਆ ਸਗੋਂ ਉਨ੍ਹਾਂ ਨਾਲ ਸਬੰਧਤ ਸਮੱਗਰੀ ਨੂੰ ਘਟਾ ਦਿੱਤਾ ਗਿਆ ਹੈ।

ਉਹ ਕਹਿੰਦੇ ਹਨ, "ਤੁਸੀਂ ਇਤਿਹਾਸ ਵਿੱਚੋਂ ਇੱਕ ਖ਼ਾਸ ਦੌਰ ਨੂੰ ਹਟਾ ਨਹੀਂ ਸਕਦੇ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਬੱਚਿਆਂ ਨੂੰ ਗ਼ਲਤ ਇਤਿਹਾਸ ਪੜ੍ਹਾ ਰਹੇ ਹੋ ਅਤੇ ਗ਼ਲਤ ਜਾਣਕਾਰੀ ਦੇ ਰਹੇ ਹੋ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਦਾ ਸਮਾਜ 'ਤੇ ਵੀ ਡੂੰਘਾ ਪ੍ਰਭਾਵ ਪਵੇਗਾ।"

ਪ੍ਰੋਫ਼ੈਸਰ ਰੇਜ਼ਾਵੀ ਮੁਤਾਬਕ ਮੁਗ਼ਲਾਂ ਨਾਲ ਸਬੰਧਤ ਜੋ ਹਿੱਸਾ ਪੁਸਤਕ ਵਿੱਚ ਮੌਜੂਦ ਹੈ, ਉਸ ਨੂੰ ਇੱਕ ਖ਼ਾਸ ਮਕਸਦ ਲਈ ਰੱਖਿਆ ਗਿਆ ਹੈ।

ਉਹ ਕਹਿੰਦੇ ਹਨ, "ਉਨ੍ਹਾਂ ਨੇ ਚੁਣਵੇਂ ਹੋਏ ਹਿੱਸੇ ਰੱਖੇ ਹਨ ਜਿਨ੍ਹਾਂ ਵਿੱਚ ਇਹ ਦਿਖਾਇਆ ਜਾ ਸਕਦਾ ਹੈ ਕਿ ਮੁਗਲਾਂ ਨੇ ਹਿੰਦੂਆਂ ਨਾਲ ਲੜਾਈ ਕੀਤੀ ਸੀ। ਉਨ੍ਹਾਂ ਨੇ ਉਹ ਹਿੱਸੇ ਰੱਖੇ ਹਨ, ਪਰ ਜਿੱਥੇ ਇਹ ਸਮਝ ਆ ਰਹੀ ਸੀ ਕਿ ਮੁਗ਼ਲਾਂ ਨੇ ਇਸ ਸਮਾਜ ਅਤੇ ਦੇਸ਼ ਨੂੰ ਬਣਾਉਣ ਲਈ ਕੰਮ ਕੀਤਾ ਹੈ, ਉਸ ਨੂੰ ਹਟਾ ਦਿੱਤਾ ਗਿਆ ਹੈ।"

ਪ੍ਰੋਫ਼ੈਸਰ ਅਲੀ ਨਦੀਮ ਰੇਜ਼ਾਵੀ ਕਹਿੰਦੇ ਹਨ, "ਮਹਾਰਾਣਾ ਪ੍ਰਤਾਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮਹਾਰਾਣਾ ਪ੍ਰਤਾਪ ਨੂੰ ਇਕੱਲੇ ਰੱਖ ਕੇ ਹੀਰੋ ਨਹੀਂ ਬਣਾਇਆ ਜਾ ਸਕਦਾ।”

ਉੱਥੇ ਅਕਬਰ ਦੀ ਮੌਜੂਦਗੀ ਜ਼ਰੂਰੀ ਹੈ, ਇਸ ਲਈ ਉਥੇ ਅਕਬਰ ਹੈ। ਪਰ ਅਕਬਰ ਨੇ ਅੱਗੇ ਜਾ ਕੇ ਭਾਈਚਾਰਕ ਸਾਂਝ ਲਈ ਜੋ ਕੰਮ ਕੀਤਾ ਅਤੇ ਇੱਕ ਸਹਿਣਸ਼ੀਲ ਸਮਾਜ ਪੈਦਾ ਕੀਤਾ ਇਹ ਹਿੱਸਾ ਹਟਾ ਦਿੱਤਾ ਗਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)