You’re viewing a text-only version of this website that uses less data. View the main version of the website including all images and videos.
ਲੋਕ ਸਿਹਤਮੰਦ ਰਹਿਣ ਲਈ ਜਨਵਰੀ ਦਾ ਹੀ ਕਿਉਂ ਇੰਤਜ਼ਾਰ ਕਰਦੇ ਹਨ? ਇਹ ਟੀਚਾ ਕਿਵੇਂ ਹਾਸਿਲ ਕੀਤਾ ਜਾ ਸਕਦਾ ਹੈ
- ਲੇਖਕ, ਐਨਾਬੈੱਲ ਰੈਖਮ
- ਰੋਲ, ਸਿਹਤ ਰਿਪੋਰਟ
ਜਨਵਰੀ ਦੀ ਸ਼ੁਰੂਆਤ ਜੀਵਨਸ਼ੈਲੀ ਵਿੱਚ ਤਬਦੀਲੀਆਂ ਦਾ ਸਮਾਨਾਰਥੀ ਬਣ ਗਈ ਹੈ ਕਿਉਂਕਿ ਨਵੇਂ ਸਾਲ ਦੇ ਕਈ ਸੰਕਲਪਾਂ ਵਿੱਚ ਫਿੱਟ ਹੋਣਾ, ਭਾਰ ਘਟਾਉਣਾ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣਾ ਲਾਜ਼ਮੀ ਤੌਰ ʼਤੇ ਸ਼ਾਮਲ ਹੁੰਦਾ ਹੈ।
ਇਹ ਸਭ ਕੁਝ ਤਾਜ਼ਾ ਸ਼ੁਰੂਆਤ ਦੇ ਪ੍ਰਭਾਵ ਕਾਰਨ ਹੁੰਦਾ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਨਵੇਂ ਸਾਲ ਮੌਕੇ ਕਿਸੇ ਤੈਅ ਟੀਚੇ ਨੂੰ ਮਿਥਣਾ, ਉਸ ਟੀਚੇ ਤੱਕ ਪਹੁੰਚਣ ਲਈ ਪ੍ਰੇਰਿਤ ਕਰਦਾ ਹੈ।
ਪਰ ਖੋਜ ਸੁਝਾਅ ਦਿੰਦੀ ਹੈ ਕਿ ਇਹ ਹਮੇਸ਼ਾ ਕੰਮ ਨਹੀਂ ਕਰਦਾ, ਖ਼ਾਸ ਕਰਕੇ ਤੰਦਰੁਸਤੀ ਦੇ ਮਾਮਲੇ ਵਿੱਚ ਅਤੇ ਇੱਥੇ ਅਸੀਂ ਕੁਝ ਅਜਿਹੇ ਕਾਰਨਾਂ ਬਾਰੇ ਗੱਲ ਕਰਾਂਗੇ ਜੋ ਸੁਝਾਣ ਦਿੰਦੇ ਹਨ ਕਿ ਜੋ ਲੋਕ ਕਸਰਤ ਕਰਨ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਸਾਲ 2024 ਦੇ ਕੁਝ ਹਫ਼ਤੇ ਪਹਿਲਾਂ ਹੀ ਸ਼ੁਰੂ ਕਰਨਾ ਚਾਹੀਦਾ ਸੀ।
ਲੋਕ ਜਨਵਰੀ ਤੱਕ ਇੰਤਜ਼ਾਰ ਕਿਉਂ ਕਰਦੇ ਹਨ?
ਨਵੇਂ ਸਾਲ ਦਾ ਪਹਿਲਾ ਮਹੀਨਾ ਤਬਦੀਲੀ ਵਾਲਾ ਬਿੰਦੂ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਇੱਕ ਅਜਿਹੇ ਸਮੇਂ ਵਜੋਂ ਅਪਨਾਇਆ ਗਿਆ ਹੈ ਕਿ ਜੋ ਕਿ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ।
ਮਨੋਵਿਗਿਆਨ ਦੇ ਪ੍ਰੋਫੈਸਰ ਡਾ. ਜੋਨ ਨੋਰਕਰੋਸ 40 ਤੋਂ ਵੱਧ ਸਾਲਾਂ ਤੋਂ ਨਵੇਂ ਸਾਲ ਦੇ ਸੰਕਲਪਾਂ ʼਤੇ ਖੋਜ ਕਰ ਰਹੇ ਹਨ।
ਉਨ੍ਹਾਂ ਦੀ ਖੋਜ ਸੁਝਾਉਂਦੀ ਹੈ ਕਿ ਸਭ ਤੋਂ ਵੱਧ ਮਸ਼ਹੂਰ ਚਿੰਤਾ ਦਾ ਵਿਸ਼ਾ ਸਰੀਰਕ ਸਿਹਤ ਹੈ, ਜਿਨ੍ਹਾਂ ਹਜ਼ਾਰਾਂ ਲੋਕਾਂ ʼਤੇ ਉਨ੍ਹਾਂ ਨੇ ਖੋਜ ਕੀਤੀ, ਉਨ੍ਹਾਂ ਵਿੱਚੋਂ ਇੱਕ ਤਿਹਾਈ ਨੇ ਕਿਹਾ ਕਿ ਉਹ ਇਸ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ।
ਦੂਜੀ ਸਭ ਤੋਂ ਮਨਪਸੰਦ ਸ਼੍ਰੇਣੀ ਭਾਰ ਘਟਾਉਣ ਦੀ ਹੈ। 20 ਫੀਸਦ ਲੋਕਾਂ ਦਾ ਕਹਿਣਾ ਸੀ ਕਿ ਉਹ ਪਤਲੇ ਹੋਣਾ ਚਾਹੁੰਦੇ ਹਨ ਅਤੇ 13 ਫੀਸਦ ਦਾ ਕਹਿਣਾ ਸੀ ਕਿ ਉਹ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣਾ ਚਾਹੁੰਦੇ ਹਨ।
ਡਾ. ਜੋਨ ਨੋਰਕਰੋਸ ਨੇ ਇਨ੍ਹਾਂ ਸੰਕਲਪਾਂ ਨੂੰ ਬਣਾਉਣ ਵਾਲਿਆਂ ਦਾ ਧਿਆਨ ਰੱਖਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਤਿਹਾਈ ਲੋਕਾਂ ਨੇ ਇੱਕ ਮਹੀਨੇ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਅਤੇ ਛੇ ਮਹੀਨਿਆਂ ਬਾਅਦ ਜ਼ਿਆਦਾਤਰ ਲੋਕਾਂ ਨੇ ਆਪਣਾ ਸੰਕਲਪ ਛੱਡ ਦਿੱਤਾ।
ਸਿਹਤ ਅਤੇ ਖੁਰਾਕ ਮਾਹਿਰ ਡਾਕਟਰ ਡੁਏਨ ਮੇਲੋਰ ਬੀਬੀਸੀ ਨਿਊਜ਼ ਨੂੰ ਦੱਸਦੇ ਹਨ, "ਸਰਦੀਆਂ ਵਿੱਚ ਕਸਰਤ ਸ਼ੁਰੂ ਕਰਨਾ ਔਖਾ ਲੱਗ ਸਕਦਾ ਹੈ ਅਤੇ ਅਸੀਂ ਨਵੇਂ ਸਾਲ ਦੇ ਸੰਕਲਪਾਂ ਨੂੰ ਆਰਟੀਫੀਸ਼ੀਅਲ ਲਾਗੂ ਕਰ ਦਿੰਦੇ ਹਾਂ ਜੋ ਸਭ ਤੋਂ ਚੰਗੇ ਇਰਾਦਿਆਂ ਨਾਲ ਤੈਅ ਕੀਤੇ ਜਾਂਦੇ ਹਨ, ਉਹ ਵੀ ਸਾਲ ਦੇ ਉਸ ਸਮੇਂ ਜਦੋਂ ਲੱਗਦਾ ਹੈ ਕਿ ਸ਼ੁਰੂਆਤ ਕਰਨਾ ਬਿਹਤਰੀਨ ਰਹੇਗਾ।"
ਇਸ ਦਾ ਇੱਕ ਵੱਡਾ ਹਿੱਸਾ ਕ੍ਰਿਸਮਸ ਮੌਕੇ ਖਾਧੇ ਗਏ "ਵਧੇਰੇ ਭੋਜਨ ਅਤੇ ਸ਼ਰਾਬ ਦੇ ਸੇਵਨ" ਤੋਂ ਉਭਰਨ ਦੀ ਕੋਸ਼ਿਸ਼ ਵਜੋਂ ਲਿਆ ਗਿਆ ਹੁੰਦਾ ਹੈ, ਜੋ ਠੰਢ ਦੇ ਦਿਨਾਂ ਵਿੱਚ ਕੁਝ ਲੋਕਾਂ ਨੂੰ ਘੱਟ ਗਤੀਵਿਧੀਆਂ ਕਾਰਨ ਸੁਸਤ ਬਣਾ ਦਿੰਦਾ ਹੈ ਅਤੇ ਉਹ ਬਦਲਾਅ ਦੀ ਜ਼ਰੂਰਤ ਮਹਿਸੂਸ ਕਰਦੇ ਹਨ।
ਦਸੰਬਰ ਵਿੱਚ ਸ਼ੁਰੂ ਕਰਨਾ ਬਿਹਤਰ ਕਿਉਂ ਹੋ ਸਕਦਾ ਹੈ?
ਡਾ. ਮੇਲੋਰ ਦਾ ਕਹਿਣਾ ਹੈ, "ਵਿਹਾਰਕ ਨਜ਼ਰੀਏ ਨਾਲ ਸਰਦੀਆਂ ਤੋਂ ਪਹਿਲਾਂ ਅਤੇ ਪਤਝੜ ਤੋਂ ਬਾਅਦ ਕਸਰਤ ਕਰਨੀ ਸ਼ੁਰੂ ਕਰਨਾ ਸਮਝਦਾਰੀ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਸਾਡੇ ਕੁਦਰਤੀ ਆਵਾਸ, ਸਾਡਾ ਵਾਤਾਵਰਨ ਅਤੇ ਸਾਡੀ ਜੀਵਨਸ਼ੈਲੀ, ਸਾਲ ਦੇ ਇਸ ਸਮੇਂ ਦੌਰਾਨ ਗਤੀ ਨੂੰ ਹੌਲੀ ਕਰ ਦਿੱਤੀ ਹੈ।"
"ਲੰਬੀਆਂ ਤੇ ਕਾਲੀਆਂ ਰਾਤਾਂ ਵਿੱਚ ਸਾਡਾ ਦਿਮਾਗ਼ ਸਰਗਰਮ ਹੋਣ ਤੋਂ ਉਲਟ ਦੂਰ ਭੱਜਦਾ ਹੈ। ਇਸ ਲਈ ਇਸ ਦੇ ਖ਼ਿਲਾਫ਼ ਜਾਣਾ ਇੱਕ ਅਸਲ ਮਜ਼ਬੂਤ ਸਕਾਰਾਤਮਕ ਕਦਮ ਹੋ ਸਕਦਾ ਹੈ।"
ਡਾ. ਮੇਲੋਰ ਸੁਝਾਉਂਦੇ ਹਨ ਕਿ ਇੱਕ ਅਜਿਹੀ ਰੂਟੀਨ ਦਾ ਰਾਹ ਲੱਭੋ ਜੋ ਪਤਝੜ ਤੋਂ ਬਾਅਦ ਅਤੇ ਠੰਢ ਸ਼ੁਰੂ ਹੋਣ ਤੋਂ ਪਹਿਲਾਂ ਕਾਰਗਰ ਸਾਬਿਤ ਹੋਵੇ।
ਇਸ ਦੇ ਨਾਲ ਹੀ "ਖਾਣ ਦਾ ਵੀ ਸਿਹਤਮੰਦ ਤਰੀਕਾ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਰਹੋ" ਤਾਂ ਜਦੋਂ ਨਵਾਂ ਸਾਲ ਲਾਗੇ ਹੋਵੇ ਅਤੇ ਸਿਹਤਮੰਦ ਆਦਤਾਂ ਪਹਿਲਾਂ ਹੀ ਲਾਗੂ ਹੋ ਜਾਣ।
ਬਹੁਤ ਸਾਰੇ ਲੋਕ ਸਿਹਤਮੰਦ ਯਾਤਰਾ ਦੀ ਸ਼ੁਰੂਆਤ ਕਰਨ ਲਈ ਦੌੜਨਾ, ਜਿਮ ਜਾਂ ਗਰੁੱਪ ਕਸਰਤ ਦੀਆਂ ਕਲਾਸਾਂ ਚੁਣਦੇ ਹਨ।
ਸਪੋਰਟਸ ਇੰਗਲੈਂਡ ਮੁਤਾਬਕ, ਪਿਛਲੇ ਸਾਲ ਇੱਕ ਕਰੋੜ 25 ਲੱਖ ਲੋਕਾਂ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਸੀ।
ਪਰ ਆਮ ਤੌਰ ʼਤੇ ਵਰਕ ਸਪੇਸ (ਕਸਰਤ ਵਾਲੀਆਂ ਥਾਵਾਂ) ਦਸੰਬਰ ਦੀ ਤੁਲਨਾ ਵਿੱਚ ਜ਼ਿਆਦਾ ਮਸਰੂਫ਼ ਹੁੰਦੀਆਂ ਹਨ ਅਤੇ ਇਸ ਦਾ ਸਿਹਰ ਸੰਕਲਪਾਂ ਨੂੰ ਜਾਂਦਾ ਹੈ।
ਯੂਕੇ ਦੀ ਪਿਉਰ ਜਿਮ ਦੀਆਂ 327 ਬ੍ਰਾਂਚਾਂ ਅਤੇ 10 ਲੱਖ ਦੇ ਕਰੀਬ ਮੈਂਬਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਨਵਰੀ ਉਨ੍ਹਾਂ ਦਾ ਬੇਹੱਦ ਮਸਰੂਫ਼ ਮਹੀਨਾ ਹੁੰਦਾ ਹੈ ਜਦਕਿ ਨਵੰਬਰ ਅਤੇ ਦਸੰਬਰ ਠੰਢੇ ਜਾਂਦੇ ਹਨ।
ਮੁਫ਼ਤ ਆਊਟਡੋਰ ਰੰਨਿਗ ਇਵੈਂਟ ਦਾ ਪ੍ਰਬੰਧ ਕਰਨ ਵਾਲੇ ਪਾਰਕਰਨ ਨੇ ਬੀਬੀਸੀ ਨੂੰ ਦੱਸਿਆ, "ਆਮ ਤੌਰ ʼਤੇ ਜਨਵਰੀ ਵਿੱਚ ਕਾਫੀ ਉਛਾਲ ਹੁੰਦਾ ਹੈ, ਖ਼ਾਸ ਤੌਰ ʼਤੇ ਨਵੇਂ ਸਾਲ ਦੇ ਪਹਿਲੇ ਸ਼ਨੀਵਾਰ ਨੂੰ।"
ਜਨਵਰੀ 2023 ਵਿੱਚ, ਯੂਕੇ ਵਿੱਚ 50 ਹਜ਼ਾਰ ਰਜਿਟ੍ਰੇਸ਼ਨਾਂ ਸਨ ਜਦਕਿ ਦਸੰਬਰ 2022 ਵਿੱਚ 26 ਹਜ਼ਾਰ ਲੋਕਾਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ।
ਨਿੱਜੀ ਟ੍ਰੇਨਰ ਅਤੇ ਫਿਟਨੈੱਸ ਕੋਚ ਮੋਰਗਨ ਬਰਾਜ਼ੀਅਰ ਨੇ ਬੀਬੀਸੀ ਨੂੰ ਦੱਸਿਆ ਕਿ ਜਨਵਰੀ ਦੇ ਫਿਟਨੈੱਟ ਟੀਚਿਆਂ ਨੂੰ ਹਾਸਿਲ ਕਰਨ ਲਈ ਲੋਕਾਂ ʼਤੇ ਬੇਹੱਦ ਦਬਾਅ ਰਹਿੰਦਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਜੇਕਰ ਕੋਈ ਕਹਿੰਦਾ ਹੈ ਕਿ ਉਹ ਜਨਵਰੀ ਵਿੱਚ ਸ਼ੁਰੂਆਤ ਕਰਨ ਜਾ ਰਿਹਾ ਹੈ ਅਤੇ ਇਹ ਇੱਕ ਵੱਡਾ ਬਦਲਾਅ ਲਿਆਵੇਗਾ, ਅਜਿਹੇ ʼਚ ਜੇਕਰ ਇਹ ਕੰਮ ਨਹੀਂ ਕਰਦਾ ਤਾਂ ਉਹ ਆਪਣੇ-ਆਪ ਨੂੰ ਦੋਸ਼ੀ ਵਾਂਗ ਸਮਝਣ ਲੱਗ ਸਕਦੇ ਹਨ ਅਤੇ ਸੋਚਦੇ ਹਨ ਕਿ ਸਾਲ ਦੀ ਸ਼ੁਰੂਆਤ ਹੀ ਖ਼ਰਾਬ ਹੋਈ ਹੈ।"
ਨਵੀਂ ਸ਼ੁਰੂਆਤ ਕਰਨ ਵਾਲਿਆਂ ਨੂੰ ਨਿਯਮਤ ਜਾਂ ਤਜਰਬੇਕਾਰ ਲੋਕਾਂ ਦੇ ਮੁਕਾਬਲੇ ਨਿਰਾਸ਼ਾ ਹੋ ਸਕਦੀ ਹੈ ਪਰ ਕ੍ਰਿਸਮਸ ਦੇ ਆਲੇ ਦੁਆਲੇ ਜਿਮ ਸ਼ਾਂਤ ਹੋਣ ਨਾਲ ਉਹ ਮਸ਼ੀਨਾਂ ਦੀ ਵਰਤੋਂ ਕਰਨ ਲਈ "ਵਧੇਰੇ ਸਹਿਜ ਮਹਿਸੂਸ" ਕਰ ਸਕਦੇ ਹਨ।
ਅਜਿਹੇ ਵਿੱਚ ਉਨ੍ਹਾਂ ਕੋਲ ਮਸ਼ੀਨਾਂ ਦੀ ਵਰਤੋਂ ਕਰਨਾ ਜਾਂ ਤਕਨੀਕ ਦੀ ਵਰਤੋਂ ਕਰਨਾ ਸਿੱਖਣ ਲਈ ਸਮਾਂ ਅਤੇ ਸਥਾਨ ਹੁੰਦਾ ਹੈ।
ਬਰਾਜ਼ੀਅਰ ਦੇ ਹੋਰ ਸੁਝਾਅ-
- ਜਿਮ ਦੀ ਸ਼ੁਰੂਆਤ ਵੇਲੇ ਇੰਡਕਸ਼ਨ ਲਓ, ਜ਼ਿਆਦਾਤਰ ਜਿਮ ਵਿੱਚ ਇਹ ਸੁਵਿਧਾ ਹੁੰਦੀ ਹੈ ਅਤੇ ਇਹ ਕੰਮ ਕਰਨ ਵਿੱਚ ਮਦਦ ਕਰਦਾ ਹੈ
- ਯੋਜਨਾ ਦੇ ਨਾਲ ਜਾਓ, ਕਸਰਤ ਬਾਰੇ ਯੋਜਨਾ ਬਣਾਉਣ ਲਈ ਔਨਲਾਈਨ ਕਈ ਸਰੋਤ ਮੌਜੂਦ ਹਨ
- ਕਸਰਤ ਲਈ ਆਪਣੇ ਨਾਲ ਕਿਸੇ ਦੋਸਤ ਨੂੰ ਲੈ ਕੇ ਜਾਓ, ਇਸ ਨਾਲ ਆਤਮ-ਵਿਸ਼ਵਾਸ਼ ਵਧਦਾ ਹੈ, ਖ਼ਾਸ ਤੌਰ ʼਤੇ ਜੇਕਰ ਉਹ ਜ਼ਿਆਦਾ ਹੈ ਤਜਰਬੇਕਾਰ ਹੋਵੇ
- ਕਲਾਸ ਵਿੱਚ ਜਾਣ ਦੀ ਕੋਸ਼ਿਸ਼ ਕਰੋ ਅਤੇ ਟ੍ਰੇਨਰ ਨਾਲ ਗੱਲ ਕਰਨ ਲਈ ਜਲਦੀ ਪਹੁੰਚੋ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ