'ਭਾਰਤ-ਪਾਕ ਜੰਗ ਵੇਲੇ ਲਾਹੌਰ 'ਚ ਕੋਈ ਚਾਹ ਵਾਲਾ ਹੋਟਲ ਬੰਦ ਨਹੀਂ ਹੋਇਆ, ਇਹ ਕਿਹੜੇ ਸੂਰਮੇ ਨੇ ਜਿਨ੍ਹਾਂ ਅੱਧਾ ਪੰਜਾਬ ਬੰਦ ਕਰਾ ਛੱਡਿਆ'- ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਲਾਹੌਰ ਸ਼ਹਿਰ ਦੀਆਂ ਸੜਕਾਂ ਬੰਦ ਸਨ। ਪਿੰਡੀ ਇਸਲਾਮਾਬਾਦ ਜਾਣ ਵਾਲੇ ਰਸਤਿਆਂ ʼਤੇ ਵੀ ਟੈਂਕਰ ਖੜ੍ਹੇ ਸਨ। ਮੋਟਰ ਵੇਅ ਵੀ ਬੰਦ ਸਨ ਅਤੇ ਸੁਣਿਆ ਹੈ ਕਿ ਕਿਤੇ-ਕਿਤੇ ਸਰਕਾਰ ਨੇ 30-30 ਫੁੱਟ ਦੇ ਟੋਏ ਵੀ ਪੁੱਟ ਦਿੱਤੇ ਹਨ। ਜਿਵੇਂ ਪੁਰਾਣੇ ਜ਼ਮਾਨੇ ਵਿੱਚ ਦੁਸ਼ਮਣ ਫੌਜ ਨੂੰ ਰੋਕਣ ਲਈ ਖੰਦਕਾਂ ਖੋਦੀਆਂ ਜਾਂਦੀਆਂ ਸਨ।
ਪਰ ਜ਼ਮਾਨਾ ਪੁਰਾਣਾ ਨਹੀਂ ਨਵਾਂ ਹੈ, ਇਸ ਲਈ ਕਿਤੇ ਇੰਟਰਨੈੱਟ ਬੰਦ ਤੇ ਕਿਤੇ ਮੋਬਾਈਲ ਸਰਵਿਸ ਬੰਦ ਅਤੇ ਕਿਤੇ-ਕਿਤੇ ਟਾਵਾ ਸਿਗਨਲ ਆ ਰਿਹਾ ਹੈ ਤੇ ਕਿਤੇ ਕੋਈ ਵੀ ਨਹੀਂ।
ਮੌਲਾਨਾ ਖ਼ਾਦਮ ਸੋਆਨਰਜ਼ਦੀ ਮਰਹੂਮ ਨੇ ਗੁਸਤਾਖ਼ਾਂ ਨੂੰ ਖ਼ਤਮ ਕਰਨ ਲਈ ਤਹਿਰੀਕ-ਏ-ਲਬੈਕ ਦੇ ਨਾਮ ਨਾਲ ਇੱਕ ਜਮਾਤ ਬਣਾਈ ਸੀ।
ਹੁਣ ਇਹ ਜਮਾਤ ਹਰ ਸਾਲ-ਦੋ ਸਾਲ ਇਸਲਾਮਾਬਾਦ ʼਤੇ ਹੱਲਾ ਬੋਲਦੀ ਹੈ, ਧਰਨੇ ਦਿੰਦੀ ਹੈ ਅਤੇ ਵਿਚਾਰੇ ਪੁਲਿਸ ਵਾਲਿਆਂ ਨੂੰ ਕੁੱਟ ਪੈਂਦੀ ਹੈ। ਪਹੀਏ ਜਾਮ ਹੋ ਜਾਂਦੇ ਹਨ।
ਫਿਰ ਹਕੂਮਤ ਉਨ੍ਹਾਂ ਦੇ ਨਾਲ ਮਜ਼ਾਕਰਾਤ ਕਰਦੀ ਹੈ। ਇਨ੍ਹਾਂ ਦੀਆਂ ਦਾੜ੍ਹੀਆਂ ਨੂੰ ਹੱਥ ਲਗਾ ਕੇ ਮਿੰਨਤ-ਤਰਲਾ ਕੀਤਾ ਜਾਂਦਾ ਹੈ ਅਤੇ ਵਾਪਸੀ ਦਾ ਕਿਰਾਇਆ ਦੇ ਕੇ ਇਨ੍ਹਾਂ ਨੂੰ ਵਾਪਸ ਘਰ ਭੇਜ ਦਿੰਦੀ ਹੈ।
ਪੈਗ਼ਾਮ ਦਿੱਤਾ ਜਾਂਦਾ ਹੈ ਕਿ ਜੋ ਬਦਮਾਸ਼ੀ ਤੁਸੀਂ ਇਸਲਾਮਾਬਾਦ ਆ ਕੇ ਕਰਨੀ ਸੀ, ਉਹ ਆਪਣੇ ਗਲੀ-ਮੁਹੱਲਿਆਂ ਵਿੱਚ ਹੀ ਕਰ ਲਿਆ ਕਰੋ। ਇਹ ਵਾਪਸ ਤੁਰ ਜਾਂਦੇ ਹਨ ਅਤੇ ਆਪਣੇ-ਆਪਣੇ ਇਲਾਕਿਆਂ ਵਿੱਚ ਗੁਸਤਾਖ਼ ਲੱਭਣ ਲੱਗ ਪੈਂਦੇ ਹਨ।

ਤਸਵੀਰ ਸਰੋਤ, Getty Images
'ਅਮਰੀਕਾ ਨੂੰ ਸੁਨੇਹਾ ਦੇਣ ਨਿਕਲੇ'
ਇਸ ਵਾਰ ਉਹ ਨਿਕਲੇ ਸੀ ਕਿ ਇਸਲਾਮਾਬਾਦ ਪਹੁੰਚ ਕੇ ਅਮਰੀਕਾ ਨੂੰ ਦੱਸੀਏ ਕਿ ਉਹ ਫ਼ਲਸਤੀਨੀਆਂ ਦੇ ਨਾਲ ਖੜ੍ਹੇ ਹਨ।
ਦੋ ਸਾਲ ਤੱਕ ਗਾਜ਼ਾ ʼਤੇ ਬੰਬ ਡਿੱਗਦੇ ਰਹੇ, ਬੱਚੇ ਸੜ੍ਹਦੇ ਰਹੇ, ਪੂਰੀ ਦੁਨੀਆਂ ਦੇਖਦੀ ਰਹੀ, ਟੱਬਰ ਦੇ ਟੱਬਰ ਮਾਰੇ ਗਏ ਅਤੇ ਇਹ ਭਰਾ ਜਾਂ ਤਾਂ ਸੁੱਤੇ ਰਹੇ ਜਾਂ ਆਪਣੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਗੁਸਤਾਖ਼ਾਂ ਨੂੰ ਲੱਭਦੇ ਰਹੇ।
ਹੁਣ ਜਦੋਂ ਗਾਜ਼ਾ ਵਾਲਿਆਂ ਦੇ ਸਾਹ ਵਿੱਚ ਕੁਝ ਸਾਹ ਆਉਣ ਲੱਗਾ ਹੈ। ਇਹ ਜਾਗੇ ਹਨ ਅਤੇ ਆਪਣਾ ਕਬੀਲਾ ਨੰਬਰ ਵਨ ਬਚਾਉਣ ਨਿਕਲੇ ਹਨ ਅਤੇ ਇਨ੍ਹਾਂ ਦੀ ਦਹਿਸ਼ਤ ਨਾਲ ਸ਼ਹਿਰਾਂ ਦੇ ਸ਼ਹਿਰ ਬੰਦ ਹੋ ਗਏ।
ਅਜੇ ਛੇ ਮਹੀਨੇ ਪਹਿਲਾਂ ਇੰਡੀਆ-ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਸੀ। ਮਿਜ਼ਾਇਲ ਡਿੱਗ ਰਹੇ ਸਨ। ਡਰੋਨ ਉੱਡ ਰਹੇ ਸਨ। ਉਸ ਜ਼ਮਾਨੇ ਵਿੱਚ ਵੀ ਲਾਹੌਰ-ਪਿੰਡੀ ਵਿੱਚ ਕੋਈ ਚਾਹ ਵਾਲਾ ਹੋਟਲ ਵੀ ਬੰਦ ਨਹੀਂ ਹੋਇਆ ਅਤੇ ਇਹ ਕਿਹੜੇ ਸੂਰਮੇ ਹਨ, ਜਿਨ੍ਹਾਂ ਨੇ ਅੱਧਾ ਪੰਜਾਬ ਬੰਦ ਕਰਵਾ ਛੱਡਿਆ ਹੈ।
ਲੱਗਦਾ ਹੈ ਕਿ ਰਿਆਸਤ ਇਨ੍ਹਾਂ ਦੇ ਜਜ਼ਬੇ ਤੋਂ ਜਾਂ ਇਨ੍ਹਾਂ ਦੀ ਸਟ੍ਰੀਟ ਪਾਵਰ ਤੋਂ ਜ਼ਰਕਦੀ ਹੈ। ਪਰ ਸੱਚੀ ਗੱਲ ਇਹ ਹੈ ਕਿ ਇਨ੍ਹਾਂ ਵੀ ਨਹੀਂ ਜ਼ਰਕਦੀ।
ਕੁਝ ਸਾਲ ਪਹਿਲਾਂ ਹੀ ਤਹਿਰੀਕ ਦੇ ਇੱਕ ਆਗੂ ਨੇ ਉਦੋਂ ਦੇ ਆਰਮੀ ਚੀਫ ਨੂੰ ਧਮਕੀ ਦਿੱਤੀ ਸੀ ਅਤੇ ਫਿਰ ਉਨ੍ਹਾਂ ਨੂੰ ਇੰਨੇ ਛਿੱਤਰ ਪਏ ਸਨ ਕਿ ਉਸੇ ਆਗੂ ਨੇ ਕੰਬਦੇ ਹੱਥਾਂ ਨਾਲ ਇੱਕ ਬਿਆਨ ਪੜ੍ਹਿਆ ਅਤੇ ਫਰਮਾਇਆ ਕਿ ਮੇਰੇ ਕੋਲੋਂ ਗ਼ਲਤੀ ਹੋ ਗਈ ਹੈ, ਮੈਨੂੰ ਮੁਆਫ਼ ਕਰੋ। ਮੈਂ ਸਿਆਸਤ ਤੋਂ ਹੁਣ ਰਿਟਾਇਰ ਹਾਂ ਤਾਂ ਬਾਕੀ ਉਮਰ ਅੱਲ੍ਹਾ-ਅੱਲ੍ਹਾ ਕਰ ਕੇ ਗੁਜ਼ਾਰਾਂਗਾ।

ਤਸਵੀਰ ਸਰੋਤ, Getty Images
ਸਿਆਣੇ ਇਹ ਵੀ ਦੱਸਦੇ ਹਨ ਕਿ ਇਨ੍ਹਾਂ ਭਰਾਵਾਂ ਦੇ ਨਾਲ ਥੋੜ੍ਹਾ-ਜਿਹਾ ਹੱਥ ਖੁੱਲ੍ਹਾ ਇਸ ਲਈ ਕੀਤਾ ਜਾਂਦਾ ਹੈ ਕਿ ਇਹ ਕੰਮ ਵਾਲੇ ਲੋਕ ਹਨ। ਕਦੇ ਚੋਣਾਂ ਉੱਤੇ-ਥੱਲੇ ਕਰਵਾਉਣੀਆਂ ਹੋਣ ਤਾਂ ਇਹ ਕੰਮ ਆਉਂਦੇ ਹਨ।
ਕਦੇ ਇਸਲਾਮਾਬਾਦ ਬੈਠੀ ਸਿਆਸੀ ਹਕੂਮਤ ਨੂੰ ਉਸ ਦੀ ਔਕਾਤ ਯਾਦ ਕਰਵਾਉਣੀ ਹੋਵੇ ਤਾਂ ਇਹ ਹਾਜ਼ਰ ਹੋ ਜਾਂਦੇ ਹਨ। ਉੱਤੋਂ ਨਾਮ ਅੱਲ੍ਹਾ-ਰਸੂਲ ਦਾ ਲੈਂਦੇ ਹਨ ਅਤੇ ਗਲ਼ੇ ਕੱਟਣ ਕਟਾਉਣ ਦੀਆਂ ਗੱਲਾਂ ਕਰਦੇ ਹਨ। ਜਿਹੜਾ ਅਦਬ ਨਾਲ ਵੀ ਇਤਰਾਫ਼ ਕਰੇ, ਉਹ ਵੀ ਗੁਸਤਾ਼ਖ਼। ਉਨ੍ਹਾਂ ਦਾ ਇਲਾਜ ਇਨ੍ਹਾਂ ਨੇ ਦੱਸਿਆ ਹੈ ਕਿ ʼਏਕ ਸਜ਼ਾ ਤਨ ਸਿਰ ਸੇ ਜੁਦਾ।ʼ
ਜੇਕਰ ਰਿਆਸਤ ਨੇ ਅੰਦਰੋਂ-ਅੰਦਰੀ ਇਨ੍ਹਾਂ ਦੇ ਨਾਲ ਕੋਈ ਭਰਾਬੰਦੀ ਕੀਤੀ ਹੈ ਤਾਂ ਰਿਆਸਤ ਨੂੰ ਤਾਂ ਨਹੀਂ ਸਮਝਾਇਆ ਜਾ ਸਕਦਾ। ਇਹ ਯਾਦ ਕਰਵਾਇਆ ਜਾ ਸਕਦਾ ਹੈ ਕਿ ਤੁਹਾਡੀ ਤਾਲਿਬਾਨ ਦੇ ਨਾਲ ਕਿੰਨੀ ਗੂੜ੍ਹੀ ਭਰਾਬੰਦੀ ਸੀ। ਹੁਣ ਉਹੀ ਤਾਲਿਬਾਨ ਦਿੱਲੀ ਵਿੱਚ ਤੁਹਾਡੇ ਅਸਲੀ ਦੁਸ਼ਮਣਾਂ ਦੇ ਨਾਲ ਬੈਠ ਕੇ ਤੁਹਾਨੂੰ ਧਮਕੀਆਂ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੁਹਾਡਾ ਉਹੀ ਹਸ਼ਰ ਕਰਾਂਗੇ, ਜਿਹੜਾ ਅਸੀਂ ਅਮਰੀਕਾ ਨਾਲ ਕੀਤਾ ਸੀ।
ਯਾਰੀਆਂ ਲਾਈ ਜਾਓ, ਭਰਾ ਬਣਾਈ ਜਾਓ। ਇਨ੍ਹਾਂ ਵੀ ਸੋਚ ਲਿਆ ਕਰੋ ਕਿ ਇਹ ਤੁਹਾਡੇ ਨਵੇਂ ਭਰਾ ਤੁਹਾਡੇ ਹੀ ਘਰ ਸਾੜ੍ਹ ਕੇ ਸਵਾ ਨਾ ਕਰ ਦੇਣ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













